admin

ਪੰਜਾਬ ਤੇ ਪੰਜਾਬੀ ਦੀ ਗੱਲ ਹੋ ਗਈ – ਲਾਹੌਰ ਵਿਖੇ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ

-ਗਵਰਨਰ ਆਫ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਵੱਲੋਂ ਸਰਾਹਨਾ ਲਾਹੌਰ, 22 ਨਵੰਬਰ 2024 – (ਹਰਜਿੰਦਰ ਸਿੰਘ ਬਸਿਆਲਾ) – ‘ਦੂਸਰੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ’ ਜਿਸ ਨੇ ਪੂਰੇ ਤਿੰਨ ਦਿਨ ਇਥੇ ਦਾ ਮਾਹੌਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝੀਵਾਲਤਾ ਵਰਗਾ ਬਣਾਈ ਰੱਖਿਆ, ਅੱਜ ਸਮਾਪਤ ਹੋ ਗਈ। ਇਨ੍ਹਾਂ ਦਿਨ ਦਿਨਾਂ ਦੇ ਵਿਚ ਦਰਜਨਾਂ ਵਿਸ਼ਿਆ ਉਤੇ ਗੱਲਬਾਤ ਹੋਈ, ਉਨ੍ਹਾਂ ਪ੍ਰਤੀ ਰਹਿੰਦੇ ਕਾਰਜਾਂ ਦੀ ਗੱਲ ਹੋਈ। ਸਭਿਆਚਾਰ ਅਤੇ ਗੀਤਾਂ ਦਾ ਦੌਰ ਚੱਲਿਆ। ਆਏ ਮਹਿਮਾਨਾਂ ਦਾ ਮਾਨ ਸਨਮਾਨ ਹੋਇਆ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਬੀਰ ਸਿੰਘ ਨੇ ਲਗਾਤਾਰ ਕਈ ਗੀਤ ਗਾ ਕੇ ਕੀਤੀ। ਫਿਰ ਸਥਾਨਿਕ ਕੁੜੀਆਂ ਨੇ ਸੂਫੀ ਗੀਤ ਗਾ ਕੇ ਕੀਤੀ। ਚਮਕੌਰ ਸਾਹਿਬ ਤੋਂ ਪਹੁੰਚੇ ਸਵਰਨ ਸਿੰਘ ਭੰਗੂ ਨੇ ਇਸ ਪੰਜਾਬੀ ਕਾਨਫਰੰਸ ਨੂੰ ਦੂਜਿਆਂ ਨਾਲ ਮਿਲਾਉਣ ਦਾ ਇਕ ਸਬੱਬ ਵੀ ਦੱਸਿਆ। ਬਠਿੰਡਾ ਤੋਂ ਪਹੁੰਚੇ ਚਿੱਤਰਕਾਰ ਗੁਰਪ੍ਰੀਤ ਨੇ ਪੰਜਾਬੀ ਪ੍ਰਚਾਰ ਦੇ ਅਹਿਮਦ ਰਜਾ ਦਾ ਚਿੱਤਰ, ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦਾ ਚਿੱਤਰ, ਨਾਸਿਰ ਢਿੱਲੋਂ ਦਾ ਚਿੱਤਰ, ਅੰਜੁਮਨ ਗਿੱਲ ਦਾ ਚਿੱਤਰ ਅਤੇ ਇਕ ਪੱਤਰਕਾਰ ਦਾ ਚਿੱਤਰ ਬਣਾ ਕੇ ਲਿਆਂਦਾ ਸੀ ਅਤੇ ਸੌਗਾਤਾਂ ਪੇਸ਼ ਕੀਤੀਆਂ। ਇੰਡੀਆ ਤੋਂ ਆਏ ਹਾਟਸ਼ਾਟ ਦੇ ਰਮਨ ਕੁਮਾਰ ਵੱਲੋਂ ਨਾਸਿਰ ਢਿੱਲੋਂ ਦੇ ਲਈ ਕੈਂਠਾਂ ਲਿਆਂਦਾ ਗਿਆ ਸੀ। ਜੈਬੀ ਹੰਜਰਾ ਨੂੰ ਸਨਮਾਨਿਤ ਕੀਤਾ ਗਿਆ। ਗੁਰਪ੍ਰੇਮ ਲਹਿਰੀ ਦਾ (ਬੁਲਟਨਾਮਾ) ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਮਲਕੀਤ ਰੌਣੀ ਨੇ ਆਪਣੀ ਸੰਸਥਾ ‘ਪੰਜਾਬੀ ਫਿਲਮ ਐਂਡ ਟੀ.ਵੀ. ਐਕਟਰ ਐਸੋਸੀਏਸ਼ਨ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਸਿਨਮੇ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਕਰਮਜੀਤ ਅਨਮੋਲ, ਮੈਡਮ ਗੁਰਪ੍ਰੀਤ ਕੌਰ ਭੰਗੂ ਦਾ ਸਨਮਾਨ ਕੀਤਾ ਗਿਆ। ਪੱਤਰਕਾਰੀ ਵਿਚਾਰ ਚਰਚਾ ਦੇ ਵਿਚ ਸ. ਸੁਖਦੇਵ ਸਿੰਘ ਗਿੱਲ, ਸਵਰਨ ਸਿੰਘ ਟਹਿਣਾ, ਮੈਡਮ ਹਰਮਨ ਥਿੰਦ ਅਤੇ ਡਾ. ਸੁਕੀਰਤ ਨੇ ਸ਼ਿਰਕਤ ਕੀਤੀ। ਕਿਸਾਨੀ ਮੁੱਦਿਆਂ ਦੀ ਵੀ ਗੱਲ ਹੋਈ। ਸ੍ਰੀ ਅਹਿਮਦ ਰਜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਿਚ ਅਸ਼ੌਕ ਭੌਰਾ ਪੱਤਰਕਾਰੀ ਐਵਾਰਡ, ਸ. ਤਰਸੇਮ ਸਿੰਘ ਭਿੰਡਰ, ਸ. ਹਰਦੇਵ ਸਿੰਘ ਕਾਹਮਾ ਹੋਰਾਂ ਦਾ ਵੀ ਸਨਮਾਨ ਹੋਇਆ। ਹਾਸਰਸ ਜੋੜੀ ਗੋਗਾ ਅਤੇ ਅਲਬੇਲਾ ਨੇ ਖੂਬ ਰੰਗ ਬੰਨਿ੍ਹਆ। ਡਾ. ਜਸਵੰਤ ਸਿੰਘ ਜ਼ਫਰ, ਡਾ. ਗੁਰਪ੍ਰੀਤ ਕੌਰ ਭੰਗੂ, ਕਰਮਜੀਤ ਅਨਮੋਲ, ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਦਾ ਵੀ ਐਵਾਰਡ ਦੇ ਕੇ ਸਨਮਾਨ ਕੀਤਾ ਗਿਆ। ਪੰਜਾਬੀ ਗਾਇਕਾ ਦਾ ਐਵਾਰਡ ਬੀਰ ਸਿੰਘ ਹੋਰਾਂ ਨੂੰ ਦਿੱਤਾ ਗਿਆ। ਗਾਇਕਾ ਫਲਕ ਇਜਾਜ ਨੇ ਇਕ ਗੀਤ ਪੇਸ਼ ਕਰਕੇ ਤਾੜੀਆਂ ਬਟੋਰੀਆਂ। ਸ਼ਾਮ ਨੂੰ ਆਡੀਟੋਰੀਅਮ ਹਾਲ ਦੇ ਬਾਹਰ ਵਿਹੜੇ ਵਿਚ ਸਜੀ ਸਟੇਜ ਉਤੇ ਗਵਰਨਰ ਪੰਜਾਬ ਸਰਦਾਰ ਸਲੀਮ ਹੈਦਰ ਖਾਨ ਨੇ ਪੰਜਾਬੀ ਕਾਨਫਰੰਸ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਗਲੇ ਸਾਲ ਇਸਨੂੰ ਗਵਰਨਰ ਹਾਊਸ ਦੇ ਵਿਚ ਕਰਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਫਿਰ ਚਿਰਾਂ ਤੋਂ ਉਡੀਕ ਰਹੇ ਆਰਫਿ ਲੁਹਾਰ ਨੇ ਸਟੇਜ ਉਤੇ ਆ ਕੇ ਧਮਾਲ ਪਾਈ। ਅੰਤ ਇਹ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਕਈ ਆਸਾਂ ਦੇ ਨਾਲ ਸਮਾਪਤ ਹੋ ਗਈ।

ਪੰਜਾਬ ਤੇ ਪੰਜਾਬੀ ਦੀ ਗੱਲ ਹੋ ਗਈ – ਲਾਹੌਰ ਵਿਖੇ ਤਿੰਨ ਦਿਨਾਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਸਮਾਪਤ Read More »

ਲੋਕਲ ਹੀਰੋ…ਅਸਲ ਜ਼ਿੰਦਗੀ ਦੇ – ਸਿੱਖ ਬਣੀ ਬੀਬੀ ਜਸਨੂਰ ਕੌਰ ਖਾਲਸਾ ਨੂੰ ਗਿਸਬੋਰਨ ‘ਲੋਕਲ ਹੀਰੋ ਐਵਾਰਡ’

-8 ਸਾਲ ਸਿੱਖ ਧਰਮ ਬਾਰੇ ਜਾਨਣ ਬਾਅਦ 2020 ਵਿਚ ਛਕਿਆ ਸੀ ਅੰਮ੍ਰਿਤ ਔਕਲੈਂਡ, 22 ਨਵੰਬਰ 2024 (ਹਰਜਿੰਦਰ ਸਿੰਘ ਬਸਿਆਲਾ) – ਇਥੋਂ ਲਗਪਗ 475 ਕਿਲੋਮੀਟਰ ਦੂਰ ਵਸੇ ਸ਼ਹਿਰ ਗਿਸਬੋਰਨ ਵਿਖੇ ਸਾਲ 2020 ਦੇ ਵਿਚ ਅੰਮ੍ਰਿਤ ਛਕ ਕੇ ਪੂਰਨ ਤੌਰ ’ਤੇ ਕ੍ਰਿਸਚੀਅਨ ਤੋਂ ਸਿੱਖ ਧਰਮ ਧਾਰਨ ਕਰ ਗਈ ਮਹਿਲਾ ਮੈਰੀਡੀਥ ਸਟੀਵਰਟ ਜੋ ਕਿ ਹੁਣ ਜਸਨੂਰ ਕੌਰ ਖਾਲਸਾ ਕਰਕੇ ਜਾਣੀ ਜਾਂਦੀ ਹੈ, ਨੂੰ ਇਸ ਸਾਲ ਕੀਵੀ ਬੈਂਕ ਵੱਲੋਂ ਐਲਾਨੇ ਗਏ ‘ਕੀਵੀਬੈਂਕ ਲੋਕਲ ਹੀਰੋ’ ਦੇ ਐਵਾਰਡ ਨਾਲ ਸਨਮਾਨਿਆ ਗਿਆ ਹੈ। ਜਸਨੂਰ ਕੌਰ ਖਾਲਸਾ ਨੇ ਕੋਵਿਡ ਮਹਾਂਮਾਰੀ ਦੌਰਾਨ, ਗੈਬਰੀਅਲ ਨਾਂਅ ਦੇ ਆਏ ਚੱਕਰਵਾਤ ਦੌਰਾਨ ਅਤੇ ਹੋਰ ਕੁਦਰਤੀ ਦਰਪੇਸ਼ ਮੁਸ਼ਕਲਾਂ ਸਮੇਂ ਆਈਆਂ ਚੁਣੌਤੀਆਂ ਦੇ ਵਿਚ ਲੋਕਾਂ ਦੀ ਵੱਡੀ ਸਹਾਇਤਾ ਕੀਤੀ ਸੀ। ਉਹ ਏਥਨਿਕ ਕਮਿਊਟਿਨੀ ਦੀ ਕੜੀ ਵਜੋਂ ਕੰਮ ਕਰਦੀ ਹੈ ਅਤੇ ਸਭਿਆਚਾਰਕ ਵਖਰੇਵਿਆਂ ਵਾਲੇ ਲੋਕਾਂ ਨੂੰ ਇਕ ਵਧੀਆ ਮਾਹੌਲ ਸਿਰਜਣ ਵਿਚ ਯੋਗਦਾਨ ਪਾ ਰਹੀ ਹੈ। ਉਸਨੇ ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਵਧਣ-ਫੁੱਲਣ ਅਤੇ ਸਫਲ ਹੋਣ ਲਈ ਸਮਰਥਨ ਦਿੱਤਾ ਅਤੇ ਸ਼ਕਤੀਕਰਨ ਲਈ ਅਣਗਿਣਤ ਸਮਾਂ  ਸਮਰਪਿਤ ਕੀਤੇ ਹਨ। ਮੈਰੀਡੀਥ ਸੱਭਿਆਚਾਰਕ ਵਿਭਿੰਨਤਾ ’ਤੇ ਸ਼ੁਰੂਆਤੀ ਬਚਪਨ ਦੇ ਸਿੱਖਿਅਕਾਂ ਨੂੰ ਹੁਨਰਮੰਦ ਕਰਨ, ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਹਾਇਕ ਵਾਤਾਵਰਣ ਬਣਾਉਣ ਲਈ ਵੀ ਭਾਵੁਕ ਹੈ। ਸੋ ਅਸਲ ਜ਼ਿੰਦਗੀ ਦੇ ਵਿਚ ਕੰਮ ਕਰਨ ਵਾਲੇ ਲੋਕ ਅਸਲ ਵਿਚ ਸਥਾਨਿਕ (ਲੋਕਲ) ਹੀਰੋ ਹੋ ਨਿਬੜਦੇ ਹਨ ਅਤੇ ਬੀਬਾ ਜਸਨੂਰ ਖਾਲਸਾ ਉਨ੍ਹਾਂ ਵਿਚੋਂ ਇਕ ਹੈ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ। ਵਰਣਯੋਗ ਹੈ ਕਿ ਜਸਨੂਰ ਕੌਰ ਖਾਲਸਾ ਦਾ ਸਿੱਖੀ ਪ੍ਰਤੀ ਲਗਾਅ ਇਕ ਅਸਚਰਜ ਘਟਨਾ ਬਾਅਦ 2012 ਦੇ ਵਿਚ ਸ਼ੁਰੂ ਹੁੰਦਾ ਹੈ ਅਤੇ ਉਹ ਕਈ ਵਾਰ ਇੰਡੀਆ ਜਾ ਕੇ ਗੁਰਦੁਆਰਾ ਸਾਹਿਬਾਨਾਂ ਅਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਦੀ ਹੈ। ਨਿਹੰਗ ਸਿੰਘਾਂ ਦਾ ਜੀਵਨ ਵੇਖਦੀ ਹੈ, ਫਤਹਿਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਅਸਥਾਨ ਨੂੰ ਵੇਖਦੀ ਹੈ ਅਤੇ ਇਕ ਦਿਨ ਮਨ ਐਸਾ ਪਸੀਚਦਾ ਹੈ ਕਿ ਇਹ ਜਨਵਰੀ 2020 ਦੇ ਵਿਚ ਅੰਮ੍ਰਿਤਸਰ ਸਾਹਿਬ ਜਾ ਕੇ ਅੰਮ੍ਰਿਤ ਛਕ ਪੂਰਨ ਸਿੱਖ ਬਣ ਜਾਂਦੀ ਹੈ। ਪੂਰਾ ਆਰਟੀਕਲ ਪੰਜਾਬੀ ਹੈਰਲਡ ਦੇ ਲੇਖ ਪਿਟਾਰੀ ਸੈਕਸ਼ਨ ਵਿਚ ਪੜਿ੍ਹਆ ਜਾ ਸਕਦਾ ਹੈ।

ਲੋਕਲ ਹੀਰੋ…ਅਸਲ ਜ਼ਿੰਦਗੀ ਦੇ – ਸਿੱਖ ਬਣੀ ਬੀਬੀ ਜਸਨੂਰ ਕੌਰ ਖਾਲਸਾ ਨੂੰ ਗਿਸਬੋਰਨ ‘ਲੋਕਲ ਹੀਰੋ ਐਵਾਰਡ’ Read More »

ਜ਼ਮਾਨਤ ਮਿਲਣ ਦੇ ਬਾਵਜੂਦ ਮੁੜ ਹੋਈ ਗਿ੍ਰਫਤਾਰੀ

ਇਸਲਾਮਾਬਾਦ, 22 ਨਵੰਬਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ਤੋਂ ਰਿਹਾਈ ਦੀ ਆਸ ਉਸ ਸਮੇਂ ਖਤਮ ਹੋ ਗਈ, ਜਦੋਂ ਭਿ੍ਰਸ਼ਟਾਚਾਰ ਦੇ ਇਕ ਮਾਮਲੇ ’ਚ ਜ਼ਮਾਨਤ ਮਿਲਣ ਦੇ ਕੁਝ ਦੇਰ ਬਾਅਦ ਹੀ ਉਨ੍ਹਾ ਨੂੰ ਇਕ ਨਵੇਂ ਕੇਸ ਵਿਚ ਗਿ੍ਰਫਤਾਰ ਕਰ ਲਿਆ ਗਿਆ। ਇਸਲਾਮਾਬਾਦ ਹਾਈ ਕੋਰਟ ਨੇ ਬੀਤੇ ਦਿਨੀਂ ਤੋਸ਼ਾਖਾਨਾ ਮਾਮਲੇ ’ਚ ਇਮਰਾਨ ਖਾਨ ਨੂੰ ਜ਼ਮਾਨਤ ਦਿੱਤੀ ਸੀ, ਜਿਸ ’ਚ ਉਨ੍ਹਾ ’ਤੇ ਮਹਿੰਗੇ ਤੋਹਫੇ ਬਹੁਤ ਘੱਟ ਕੀਮਤ ’ਤੇ ਖਰੀਦਣ ਦੇ ਦੋਸ਼ ਲੱਗੇ ਸਨ। ਜ਼ਮਾਨਤ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੀ ਰਿਹਾਈ ਦੀ ਆਸ ਦਿਖਾਈ ਦਿੱਤੀ ਸੀ, ਪਰ ਉਨ੍ਹਾ ਨੂੰ 28 ਸਤੰਬਰ ਨੂੰ ਰਾਵਲਪਿੰਡੀ ’ਚ ਦਹਿਸ਼ਤੀ ਕਾਰਵਾਈਆਂ ਲਈ ਮਦਦ ਕਰਨ ਦੇ ਦੋਸ਼ ਤਹਿਤ ਦਰਜ ਕੇਸ ’ਚ ਗਿ੍ਰਫਤਾਰ ਕਰ ਲਿਆ ਗਿਆ। ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਨਜ਼ਰਬੰਦ ਹਨ।

ਜ਼ਮਾਨਤ ਮਿਲਣ ਦੇ ਬਾਵਜੂਦ ਮੁੜ ਹੋਈ ਗਿ੍ਰਫਤਾਰੀ Read More »

ਸੰਪਾਦਕੀ/ਸੂਰਜੀ ਲਾਈਟਾਂ ਦਾ ਭਵਿੱਖ/ਗੁਰਮੀਤ ਸਿੰਘ ਪਲਾਹੀ

ਪੰਜਾਬ ਦੇ ਹਰ ਪਿੰਡ ਵਿੱਚ ਸੂਰਜੀ ਲਾਈਟਾਂ ਲਗਾਉਣ ਲਈ ਪਿਛਲੇ 10 ਸਾਲ ਵਿੱਚ 80 ਕਰੋੜ ਰੁਪਏ ਖਰਚੇ ਗਏ ਹਨ, ਪਰ ਹੈਰਾਨੀ- ਪ੍ਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਵਿਚੋਂ 60 ਫ਼ੀਸਦੀ ਸੋਲਰ ਲਾਈਟਾਂ ਬੰਦ ਪਈਆਂ ਹਨ।  ਪੰਜਾਬ ਦੇ ਇਕ ਪਿੰਡ ਲਈ 2 ਲੱਖ ਤੋਂ 10 ਲੱਖ ਰੁਪਏ ਖਰਚ ਕਰਕੇ ਇਹ ਸੋਲਰ ਲਾਈਟਾਂ, ਪਿੰਡਾਂ ‘ਚ ਸਟਰੀਟ ਲਾਈਟ ਲਗਾਉਣ ਜਾਂ ਸਾਂਝੀਆਂ ਥਾਵਾਂ ਉਤੇ ਸੋਲਰ ਰੋਸ਼ਨੀ ਨਾਲ ਇਮਾਰਤਾਂ ਜਗਮਾਉਣ ਲਈ ਲਗਾਈਆਂ ਜਾਂਦੀਆਂ ਹਨ। ਇਕ ਲਾਈਟ ਦੀ ਕੀਮਤ 13,500 ਰੁਪਏ ਹੈ ਅਤੇ ਪੰਜਾਬ ਇਨਰਜੀ ਡਿਵੈਲਪਮੈਂਟ ਏਜੰਸੀ ਵਲੋਂ ਇਹ ਲਾਈਟਾਂ ਲਗਾਈਆਂ ਜਾਂਦੀਆਂ ਹਨ। ਪਿੰਡਾਂ ਵਿੱਚ ਸੋਲਰ ਲਾਈਟਾਂ ਲਗਾਉਣ ਦੀ ਇਸ ਯੋਜਨਾ ਅਧੀਨ ਇਕ ਸਕੀਮ ਅਧੀਨ 70 ਫੀਸਦੀ ਕੇਂਦਰ ਸਰਕਾਰ ਵਲੋਂ ਅਤੇ ਬਾਕੀ ਰਕਮ ਸੂਬਾ ਸਰਕਾਰ ਇਸ ਸਕੀਮ ‘ਚ ਰਕਮ ਦਿੰਦੀ ਹੈ। ਸੋਲਰ ਲਾਈਟਾਂ, ਜੋ ਖਰਾਬ ਹੋ ਚੁੱਕੀਆਂ ਹਨ, ਉਹਨਾ ਦੀ ਮੁਰੰਮਤ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਹੈ। ਜਿਸ ਕਾਰਨ ਲਾਈਟਾਂ ਕੰਮ ਨਹੀਂ ਕਰ ਰਹੀਆਂ। ਸੋਲਰ ਲਾਈਟਾਂ ਜੋ ਚਾਰਜ ਹੋਈਆਂ ਬੈਟਰੀਆਂ ‘ਤੇ ਕੰਮ ਕਰਦੀਆਂ ਹਨ, ਉਹ ਬੈਟਰੀਆਂ ਚੋਰੀ ਹੋ ਜਾਂਦੀਆਂ ਹਨ। ਪਿੰਡ ਪੰਚਾਇਤਾਂ ਕਿਉਂਕਿ ਪਿਛਲੇ ਲਗਭਗ ਇਕ ਸਾਲ ਦੇ ਸਮੇਂ ਤੋਂ “ਨਾ ਹੋਣ ਦੇ ਬਰਾਬਰ” ਹੀ ਹਨ, ਇਸ ਕਰਕੇ ਇਹਨਾਂ ਲਾਈਟਾਂ ਦੀ ਦੇਖਭਾਲ ਹੋ ਹੀ ਨਹੀਂ ਸਕੀ। ਸਾਲ 2022-23 ਵਿੱਚ ਇਸ ਯੋਜਨਾ ਉਤੇ 10 ਕਰੋੜ ਰੁਪਏ ਖਰਚੇ ਗਏ। 346 ਪੰਚਾਇਤਾਂ ਵਿੱਚ 6587 ਲਾਈਟਾਂ ਲਗਾਈਆਂ ਗਈਆਂ। 15 ਕਰੋੜ ਰੁਪਏ ਹੋਰ ਇਹਨਾਂ ਲਾਈਟਾਂ ਲਈ ਰੱਖੇ ਗਏ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਕੰਪਨੀ ਵਲੋਂ ਲਾਈਟਾਂ ਲਗਾਈਆਂ ਗਈਆਂ ਹਨ, ਉਹਨਾਂ ਵਲੋਂ ਮੁਰੰਮਤ ਵੱਲ ਕੋਈ ਧਿਆਨ ਨਹੀਂ ਹੈ। ਉਂਜ ਵੀ ਜਦੋਂ ਲਾਈਟਾਂ ਲਗਾਉਣ ਦਾ ਕੰਮ ਮਹਿਕਮੇ ਵਲੋਂ ਮਨਜ਼ੂਰ ਹੋ ਜਾਂਦਾ ਹੈ, ਉਹ ਲੰਮਾ ਸਮਾਂ ਲਗਾਈਆਂ ਹੀ ਨਹੀਂ ਜਾਂਦੀਆਂ। ਵੈਸੇ ਵੀ ਪੰਜਾਬ ‘ਚ ਪੰਚਾਇਤਾਂ ਦਾ ਕੰਮ ਸਾਰਥਿਕਤਾ ਨਾਲ ਨਹੀਂ ਚੱਲ ਰਿਹਾ। ਇਸੇ ਕਰਕੇ ਸਕੀਮਾਂ ਫੇਲ੍ਹ ਹੋ ਰਹੀਆਂ ਹਨ ਅਤੇ ਫੰਡਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ।

ਸੰਪਾਦਕੀ/ਸੂਰਜੀ ਲਾਈਟਾਂ ਦਾ ਭਵਿੱਖ/ਗੁਰਮੀਤ ਸਿੰਘ ਪਲਾਹੀ Read More »

ਹਾਕੀ ਵਾਲੀਆਂ ਕੁੜੀਆਂ

ਭਾਰਤੀ ਮਹਿਲਾ ਹਾਕੀ ਟੀਮ ਨੇ ਬਿਹਾਰ ਦੇ ਰਾਜਗੀਰ ’ਚ ਬੁੱਧਵਾਰ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਲਈ। ਇਹ ਜਿੱਤ ਇਸ ਪੱਖੋਂ ਅਹਿਮ ਹੈ ਕਿ ਚੀਨ ਨੇ ਪੈਰਿਸ ਉਲੰਪਿਕ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ, ਜਦਕਿ ਭਾਰਤ ਦਾ ਦਰਜਾ ਕਾਫੀ ਹੇਠਾਂ ਹੈ। ਹਾਲਾਂਕਿ ਭਾਰਤ ਪਿਛਲੀ ਵਾਰ ਵੀ ਚੈਂਪੀਅਨ ਬਣਿਆ ਸੀ, ਪਰ ਵਿਦੇਸ਼ੀ ਕੋਚ ਜੈਨੇਕੇ ਸ਼ੌਪਮੈਨ ਦੇ ਛੱਡ ਜਾਣ ਤੋਂ ਬਾਅਦ ਟੀਮ ਦੀ ਪੁਜ਼ੀਸ਼ਨ ਬੜੀ ਅਜੀਬੋ-ਗਰੀਬ ਬਣ ਗਈ ਸੀ। ਵੱਖ-ਵੱਖ ਮੁਕਾਬਲਿਆਂ ਵਿੱਚ ਲਗਾਤਾਰ ਅੱਠ ਹਾਰਾਂ ਨਾਲ ਖਿਡਾਰਨਾਂ ਦਾ ਮਨੋਬਲ ਡਿੱਗਿਆ ਹੋਇਆ ਸੀ। ਟੀਮ ਨੂੰ ਮੁੜ ਕੋਚ ਹਰਿੰਦਰ ਸਿੰਘ ਹਵਾਲੇ ਕੀਤਾ ਗਿਆ। ਪਹਿਲਾਂ ਕੁੜੀਆਂ ਸ਼ੌਪਮੈਨ ਦੇ ਸਟਾਈਲ ਨਾਲ ਖੇਡਦੀਆਂ ਸਨ ਤੇ ਹਰਿੰਦਰ ਸਿੰਘ ਨੂੰ ਥੋੜ੍ਹੇ ਸਮੇਂ ਵਿੱਚ ਟੀਮ ਨੂੰ ਨਵੇਂ ਸਟਾਈਲ ’ਚ ਢਾਲਣਾ ਪਿਆ। ਚੀਨ ਤੇ ਜਾਪਾਨ ਦੀਆਂ ਟੀਮਾਂ ਪੈਰਿਸ ਉਲੰਪਿਕ ਖੇਡ ਚੁੱਕੀਆਂ ਸਨ। 2026 ਦੇ ਵਿਸ਼ਵ ਕੱਪ ਤੇ 2028 ਦੀ ਲਾਸ ਏਂਜਲਜ਼ ਉਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਚੰਗਾ ਪ੍ਰਦਰਸ਼ਨ ਕਰਨਾ ਕੋਚ ਤੇ ਟੀਮ ਲਈ ਜ਼ਰੂਰੀ ਸੀ। ਹਰਿੰਦਰ ਸਿੰਘ ਨੇ ਕੁੜੀਆਂ ਨੂੰ ਸਮਝਾਇਆ ਕਿ ਇਹ ਨਾ ਸੋਚੋ ਕਿ ਹੋਰ ਟੀਮਾਂ ਕਿੰਨੀਆਂ ਤਕੜੀਆਂ ਹਨ, ਤੁਸੀਂ ਆਪਣੀ ਖੇਡ ’ਤੇ ਕੇਂਦਰਤ ਰਹੋ ਤੇ ਆਪਣੇ ਟੀਚੇ ਤੈਅ ਕਰੋ। ਹਰਿੰਦਰ ਨੂੰ ਟੀਮ ਤਿਆਰ ਕਰਨ ਲਈ ਕੁਝ ਹਫਤੇ ਹੀ ਮਿਲੇ ਸਨ। ਭਾਰਤ ਨੇ ਟੂਰਨਾਮੈਂਟ ਦੀ ਸ਼ੁਰੂਆਤ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਕੀਤੀ। ਟੂਰਨਾਮੈਂਟ ਦੇ ਵਧਣ ਦੇ ਨਾਲ-ਨਾਲ ਟੀਮ ਖੇਡ ਵਿੱਚ ਨਿਖਾਰ ਲਿਆਉਦੀ ਗਈ, ਖਿਡਾਰਨਾਂ ਵਿਚਾਲੇ ਆਪਸੀ ਸਮਝ ਵਧਦੀ ਗਈ। ਟੀਮ ਨੇ ਥਾਈਲੈਂਡ ਨੂੰ 15-0 ਨਾਲ ਹਰਾਇਆ। ਹੰਢੀ ਹੋਈ ਵੰਦਨਾ ਕਟਾਰੀਆ ਟੀਮ ਵਿੱਚ ਨਹੀਂ ਸੀ। ਘੱਟ ਤਜਰਬੇਕਾਰ ਕੁੜੀਆਂ ’ਤੇ ਹੀ ਸਾਰਾ ਦਾਰੋਮਦਾਰ ਸੀ। ਟੀਮ ਦੀ ਔਸਤ ਉਮਰ ਸਾਢੇ ਇੱਕੀ ਸਾਲ ਸੀ। ਹਮਲਾਵਰ ਪੰਕਤੀ ਵਿੱਚ ਸੰਗੀਤਾ ਕੁਮਾਰੀ, ਦੀਪਿਕਾ ਤੇ ਬਿਊਟੀ ਡੰਗ ਡੰਗ ਵਰਗੀਆਂ ਨੌਜਵਾਨ ਕੁੜੀਆਂ ਹੀ ਸਨ। ਇਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੀਨ ਖਿਲਾਫ ਜੇਤੂ ਗੋਲ ਕਰਨ ਵਾਲੀ ਦੀਪਿਕਾ ਨੇ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 11 ਗੋਲ ਦਾਗੇ। ਮਿਡ ਫੀਲਡਰਾਂ ਤੇ ਡਿਫੈਂਡਰਾਂ ਨੇ ਵੀ ਜੋਸ਼ੀਲੀ ਖੇਡ ਖੇਡੀ ਤੇ ਟੀਮ ਨੇ ਲੀਗ ਸਟੇਜ ਵਿੱਚ ਸਿਰਫ ਦੋ ਗੋਲ ਹੀ ਖਾਧੇ। ਟੀਮ ਦੀ ਕਾਮਯਾਬੀ ਵਿੱਚ ਕੋਚ ਵੱਲੋਂ ਬਣਾਏ ਗਏ ਵਧੀਆ ਮਾਹੌਲ ਨੇ ਬਹੁਤ ਰੋਲ ਨਿਭਾਇਆ। ਖਿਡਾਰਨਾਂ ਨੇ ਖੁਦ ਕਿਹਾ ਕਿ ਉਨ੍ਹਾਂ ਦੀ ਦਿਮਾਗੀ ਤੇ ਸਰੀਰਕ ਫਿਟਨੈੱਸ ’ਚ ਕਾਫੀ ਸੁਧਾਰ ਹੋਇਆ। 22 ਸਾਲ ਦੀ ਉਮਰ ਵਿੱਚ ਕਪਤਾਨੀ ਕਰਨ ਵਾਲੀ ਸਲੀਮਾ ਟੇਟੇ ਨੇ ਕਿਹਾਮੈਚ ਤੋਂ ਪਹਿਲਾਂ ਡਰੈਸਿੰਗ ਰੂਮ ’ਚ ਹਾਂ-ਪੱਖੀ ਮਾਹੌਲ ਹੁੰਦਾ ਸੀ। ਟੀਮ ਦੇ ਪ੍ਰਦਰਸ਼ਨ ਵਿੱਚ ਇਸ ਮਾਹੌਲ ਨੇ ਬਹੁਤ ਮਦਦ ਕੀਤੀ। ਸੰਗੀਤਾ ਨੇ ਕਿਹਾ ਕਿ ਮੈਦਾਨ ਵਿੱਚ ਉੱਤਰਦਿਆਂ ‘ਗੋਲ ਦੀ ਭੁੱਖ’ ਲੱਗ ਜਾਂਦੀ ਸੀ। ਅੱਗੇ ਹਾਕੀ ਇੰਡੀਆ ਲੀਗ ਸ਼ੁਰੂ ਹੋਣ ਵਾਲੀ ਹੈ। ਉਸ ਤੋਂ ਬਾਅਦ ਪੋ੍ਰ ਲੀਗ ਹੋਵੇਗੀ। ਫਿਰ 2026 ਦਾ ਵਿਸ਼ਵ ਕੱਪ ਆਉਣਾ ਹੈ। ਖਿਡਾਰਨਾਂ ਦੀ ਉਮਰ ਬਹੁਤੀ ਨਹੀਂ ਤੇ ਜੇ ਕੋਚ ਹਰਿੰਦਰ ਦੀ ਸੋਚ ਮੁਤਾਬਕ ਚਲਦੀਆਂ ਰਹੀਆਂ ਤਾਂ ਵੱਡੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੀਆਂ ਹਨ, ਜਿਸ ਦੀਆਂ ਕਿ ਹਾਕੀ ਪ੍ਰੇਮੀ ਬਹੁਤ ਸਾਲਾਂ ਤੋਂ ਆਸਾਂ ਲਾਈ ਬੈਠੇ ਹਨ।

ਹਾਕੀ ਵਾਲੀਆਂ ਕੁੜੀਆਂ Read More »

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ ਲਈ* ……………………… *ਨਾ ਰੋ ਬੱਚੇ!* *ਰੋ ਰੋ ਕੇ* *ਤੇਰੀ ਅੰਮੀ ਨੇ* *ਅਜੇ ਹੁਣੇ ਹੀ* *ਅੱਖ ਲਾਈ ਹੈ* *ਨਾ ਰੋ ਬੱਚੇ!* *ਕੁਸ਼ ਚਿਰ ਪਹਿਲਾਂ ਹੀ* *ਤੇਰੇ ਅੱਬਾ ਨੇ* *ਆਪਣੇ ਗ਼ਮ ਤੋਂ* *ਖ਼ਲਾਸੀ ਪਾਈ ਹੈ* *ਨਾ ਰੋ ਬੱਚੇ!* *ਤੇਰਾ ਵੀਰਾ* *ਆਪਣੇ ਖ਼ੁਆਬ ਦੀ* *ਤਿਤਲੀ ਪਿੱਛੇ* *ਗਿਆ ਹੈ* *ਦੂਰ ਕਿਤੇ ਪ੍ਰਦੇਸ* *ਨਾ ਰੋ ਬੱਚੇ!* *ਤੇਰੀ ਦੀਦੀ ਦਾ* *ਡੋਲ਼ਾ ਗਿਆ ਹੈ* *ਪਰਾਏ ਦੇਸ* *ਨਾ ਰੋ ਬੱਚੇ!* *ਤੇਰੇ ਵਿਹੜੇ ‘ਚ* *ਮੁਰਦਾ ਸੂਰਜ* *ਨੁਹਾ ਕੇ ਗਏ ਨੇ* *ਚੰਦਰਮਾ* *ਦਫ਼ਨਾ ਕੇ ਗਏ ਨੇ* *ਨਾ ਰੋ ਬੱਚੇ!* *ਜੇ ਤੂੰ ਰੋਏਂਗਾ* *ਅੰਮੀ,ਅੱਬਾ* *ਦੀਦੀ,ਵੀਰਾ* *ਚੰਦ ਤੇ ਸੂਰਜ* *ਇਹ ਸਾਰੇ* *ਤੈਨੂੰ ਹੋਰ ਵੀ* *ਰੁਆਉਣਗੇ* *ਜੇ* *ਤੂੰ ਮੁਸਕਰਾਏਂਗਾ* *ਤਾਂ ਸ਼ਾਇਦ* *ਸਾਰੇ ਇੱਕ ਦਿਨ* *ਭੇਸ ਬਦਲ ਕੇ* *ਤੇਰੇ ਨਾਲ ਖੇਡ੍ਹਣ ਲਈ* *ਵਾਪਸ ਮੁੜ ਆਉਣਗੇ* ………….. ਹਿੰਦੀ ਤੋਂ ਪੰਜਾਬੀ ਰੂਪ: *ਯਸ਼ ਪਾਲ ਵਰਗ ਚੇਤਨਾ* (9814535005)

ਲੋਰੀ/ਫ਼ੈਜ਼ ਅਹਿਮਦ ਫ਼ੈਜ਼ Read More »

ਮੱਥੇ ਦੀਆਂ ਝੁਰੜੀਆਂ/ ਪ੍ਰਿੰ.ਗੁਰਮੀਤ ਸਿੰਘ ਪਲਾਹੀ

ਮੱਥੇ ਦੀਆਂ ਝੁਰੜੀਆਂ/ ਗੁਰਮੀਤ ਸਿੰਘ ਪਲਾਹੀ ਹੱਥਾਂ ਦੀਆਂ ਲਕੀਰਾਂ ਵਾਂਗਰ, ਮੱਥਾ ਤਿਊੜੀਆਂ ਨਾਲ਼ ਭਰ ਗਿਆ। ਮਨ ਡਰ ਗਿਆ, ਅਗਲੇ ਸਫਰ ‘ਤੇ ਜਾਣ ਲਈ। ਭਿਅੰਕਰ ਹਨ ਲਕੀਰਾਂ!! ਤਿਊੜੀਆਂ ਨਿੱਤ ਡੂੰਘੀਆਂ ਹੋ, ਫ਼ਿਕਰਾਂ ਦੀ ਤਾਣੀ ਕੱਤਦੀਆਂ, ਦਿਲ ਦੇ ਜ਼ਖ਼ਮ ਡੂੰਘੇ ਕਰਦੀਆਂ! ਕਿੰਨੀਆਂ ਭਿਅੰਕਰ ਦਿਸਦੀਆਂ, ਇਹ ਤਿਊੜੀਆਂ!! ਅਣਜਾਨ ਹਨ ਲਕੀਰਾਂ, ਬੇਪਛਾਣ ਹਨ ਲਕੀਰਾਂ। ਜ਼ਿੰਦਗੀ ਦਾ ਘਮਸਾਣ ਹਨ ਲਕੀਰਾਂ, ਹੱਥਾਂ ਦੀਆਂ ਬੇਜਾਨ ਲਕੀਰਾਂ, ਜਿੱਧਰ ਵੀ ਤੁਰੀਆਂ, ਪਰੇਸ਼ਾਨ ਹਨ ਲਕੀਰਾਂ! ਇਹ ਬੇਈਮਾਨ ਲਕੀਰਾਂ!! ਕਦੇ ਝੁਰਦੀਆਂ ਝੁਰੜੀਆਂ ਕਦੇ ਕੁੜਦੀਆਂ ਝੁਰੜੀਆਂ ਕਦੇ ਥੁੜਦੀਆਂ ਝੁਰੜੀਆਂ! ਕਦੇ-ਕਦੇ ਤੁਰਦੀਆਂ ਝੁਰੜੀਆਂ!! ਫਿਰ ਹੱਸਦੀਆਂ ਝੁਰੜੀਆਂ, ਹਨ੍ਹੇਰਾ ਦੂਰ ਕਰ, ਮੱਚਦੀਆਂ ਝੁਰੜੀਆਂ! ਨੱਚਦੀਆਂ ਝੁਰੜੀਆਂ!! ਨਾ ਕੁਝ ਦੱਸਦੀਆਂ ਝੁਰੜੀਆਂ। ਜਦੋਂ ਲਕੀਰਾਂ ਸਾਥ ਨਾ ਦੇਵਣ, ਝੁਰੜੀਆਂ ਨਾਲ਼ ਖੜਦੀਆਂ ਨੇ, ਅਣਜਾਣ ਰਾਹਾਂ ਦੇ ਰਾਹੀਆਂ ਨੂੰ, ਜੀਵਣ ਦਾ ਵਲ ਦੱਸਦੀਆਂ ਨੇ, ਇਹ ਬੇਜਾਨ ਝੁਰੜੀਆਂ! ਜਦੋਂ ਮੁਸਕਾਨ ਝੁਰੜੀਆਂ!! ਖ਼ੁਸ਼ੀਆਂ ਖੇੜਿਆਂ ਦੇ ਨਾਲ਼, ਝੋਲੀਆਂ ਭਰਦੀਆਂ ਝੁਰੜੀਆਂ। ਇਹ ਗੁੰਝਲਦਾਰ ਲਕੀਰਾਂ, ਇਹ ਪੱਥਰਾਂ ਦੇ ਸੀਨੇ ਉੱਕਰੀਆਂ ਝੁਰੜੀਆਂ ਮਨ-ਮਸਤਕ ‘ਤੇ, ਜਦੋਂ ਤੱਕ ਨਾ ਝਪਟਣ, ਸਮੁੰਦਰ ਦੀਆਂ ਛੱਲਾਂ, ਦਰਿਆ ਦੀਆਂ ਲਹਿਰਾਂ, ਝੀਲ ਦੇ ਨਿਰਛਲ ਨੀਰ ਵਾਂਗਰ, ਸੀਨੇ ‘ਚ ਠੰਡਕ ਭਰਦੀਆਂ ਨੇ! ਇਹ ਹੱਥ ਦੀਆਂ ਲਕੀਰਾਂ! ਮੱਥੇ ਦੀਆਂ ਝੁਰੜੀਆਂ!! ਇਹ ਮੱਥੇ ਦੀਆਂ ਤਿਊੜੀਆਂ!!

ਮੱਥੇ ਦੀਆਂ ਝੁਰੜੀਆਂ/ ਪ੍ਰਿੰ.ਗੁਰਮੀਤ ਸਿੰਘ ਪਲਾਹੀ Read More »

ਗੁਆਚਣ ਜਾਂ ਖ਼ਰਾਬ ਹੋਣ ‘ਤੇ ਕਿਵੇਂ ਬਣੇਗਾ ਨਵਾਂ ਆਧਾਰ ਕਾਰਡ

ਨਵੀਂ ਦਿੱਲੀ, 20 ਨਵੰਬਰ – ਆਧਾਰ ਕਾਰਡ ਹੁਣ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਦਸਤਾਵੇਜ਼ ਬਣ ਗਿਆ ਹੈ। ਪਛਾਣ ਪੱਤਰ ਤੋਂ ਲੈ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਅਜਿਹੇ ‘ਚ ਜੇ ਆਧਾਰ ਕਾਰਡ ਗੁਆਚ ਜਾਂਦਾ ਹੈ ਜਾਂ ਖ਼ਰਾਬ ਹੋ ਜਾਂਦਾ ਹੈ ਤਾਂ ਕਈ ਜ਼ਰੂਰੀ ਕੰਮ ਰੁਕ ਸਕਦੇ ਹਨ।ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਰਾਹੀਂ PVC ਆਧਾਰ ਨੂੰ ਆਨਲਾਈਨ ਆਰਡਰ ਕਰ ਸਕਦੇ ਹੋ। ਕੀ ਹੈ PVC ਆਧਾਰ ਕਾਰਡ ਪੌਲੀਵਿਨਾਇਲ ਕਲੋਰਾਈਡ ਕਾਰਡ (PVC) ਪਲਾਸਟਿਕ ਕਾਰਡ ਸਮਾਨ ਹੈ। ਤੁਸੀਂ ਇਸ ਨੂੰ ਪੈਨ ਕਾਰਡ ਦੀ ਤਰ੍ਹਾਂ ਦੇਖ ਸਕਦੇ ਹੋ। ਇਸ ‘ਤੇ ਵਿਅਕਤੀ ਦੀ ਜਾਣਕਾਰੀ ਛਾਪੀ ਜਾਂਦੀ ਹੈ। ਇਹ ਪੈਨ ਜਾਂ ਡੈਬਿਟ ਕਾਰਡ ਵਾਂਗ ਤੁਹਾਡੇ ਪਰਸ ਵਿੱਚ ਆਸਾਨੀ ਨਾਲ ਫਿੱਟ ਹੋ ਜਾਵੇਗਾ। ਇਸ ਦਾ ਜੀਵਨ ਚੱਕਰ ਵੀ ਕਾਫ਼ੀ ਲੰਮਾ ਹੈ। PVC ਆਧਾਰ ਕਾਰਡ ਕਿਵੇਂ ਬਣਾਈਏ ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ ‘ਤੇ ਜਾਓ ਤੇ ਆਨਲਾਈਨ ਅਪਲਾਈ ਕਰੋ। ਸਾਈਟ ‘ਤੇ ਆਧਾਰ ਨੰਬਰ ਤੇ ਕੈਪਚਾ ਕੋਡ ਭਰੋ, Send OTP ‘ਤੇ ਕਲਿੱਕ ਕਰੋ। ਤੁਹਾਡੇ ਰਜਿਸਟਰਡ ਮੋਬਾਈਲ ‘ਤੇ OTP ਆਵੇਗਾ, ਇਸ ਨੂੰ ਭਰੋ ਤੇ ਸਬਮਿਟ ਕਰੋ। ਫਿਰ ਤੁਹਾਨੂੰ ‘ਆਰਡਰ ਆਧਾਰ ਪੀਵੀਸੀ ਕਾਰਡ’ ‘ਤੇ ਕਲਿੱਕ ਕਰਨਾ ਹੋਵੇਗਾ। ਤੁਸੀਂ ਆਪਣੀ ਜਾਣਕਾਰੀ ਵੇਖੋਗੇ, ਇੱਥੇ Next ਵਿਕਲਪ ‘ਤੇ ਕਲਿੱਕ ਕਰੋ। ਹੁਣ ਤੁਹਾਨੂੰ ਕ੍ਰੈਡਿਟ/ਡੈਬਿਟ ਕਾਰਡ, ਨੈੱਟ ਬੈਂਕਿੰਗ ਤੇ UPI ਭੁਗਤਾਨ ਵਿਕਲਪ ਮਿਲਣਗੇ। ਤੁਹਾਨੂੰ ਭੁਗਤਾਨ ਵਿਕਲਪ ਦੀ ਚੋਣ ਕਰਨੀ ਪਵੇਗੀ ਤੇ 50 ਰੁਪਏ ਦੀ ਫੀਸ ਜਮ੍ਹਾ ਕਰਨੀ ਪਵੇਗੀ। ਭੁਗਤਾਨ ਤੋਂ ਬਾਅਦ ਆਧਾਰ ਪੀਵੀਸੀ ਕਾਰਡ ਦੀ ਆਰਡਰ ਪ੍ਰਕਿਰਿਆ ਪੂਰੀ ਹੋ ਜਾਵੇਗੀ। ਫਿਰ ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਪਵੇਗੀ। ਤੁਹਾਡੀ ਜਾਣਕਾਰੀ ਦੀ ਜਾਂਚ ਕਰਨ ਤੋਂ ਬਾਅਦ UIDAI 5 ਦਿਨਾਂ ਦੇ ਅੰਦਰ ਆਧਾਰ ਨੂੰ ਛਾਪੇਗਾ ਤੇ ਇਸ ਨੂੰ ਇੰਡੀਆ ਪੋਸਟ ਨੂੰ ਸੌਂਪ ਦੇਵੇਗਾ। ਡਾਕ ਵਿਭਾਗ ਇਸ ਨੂੰ ਸਪੀਡ ਪੋਸਟ ਰਾਹੀਂ ਤੁਹਾਡੇ ਘਰ ਪਹੁੰਚਾਏਗਾ। ਆਧਾਰ ਕਾਰਡ ਦੇ 3 ਫਾਰਮੈਟ ਆਧਾਰ ਕਾਰਡ ਵਰਤਮਾਨ ਵਿੱਚ 3 ਫਾਰਮੈਟਾਂ ਵਿੱਚ ਉਪਲੱਬਧ ਹੈ। ਆਧਾਰ ਪੱਤਰ, ਈ-ਆਧਾਰ ਤੇ ਪੀਵੀਸੀ ਕਾਰਡ। ਯੂਆਈਡੀਏਆਈ ਮੁਤਾਬਕ ਬਾਜ਼ਾਰ ਵਿੱਚ ਬਣ ਰਹੇ ਪੀਵੀਸੀ ਕਾਰਡ ਜਾਇਜ਼ ਨਹੀਂ ਹਨ। UIDAI ਨੇ ਅਕਤੂਬਰ 2024 ਵਿੱਚ ਪੋਲੀਵਿਨਾਇਲ ਕਲੋਰਾਈਡ ਕਾਰਡ (PVC) ‘ਤੇ ਆਧਾਰ ਕਾਰਡ ਨੂੰ ਮੁੜ ਪ੍ਰਿੰਟ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਤੁਸੀਂ ਆਫਲਾਈਨ ਸਾਧਨਾਂ ਰਾਹੀਂ ਨਵਾਂ ਆਧਾਰ ਕਾਰਡ ਵੀ ਪ੍ਰਾਪਤ ਕਰ ਸਕਦੇ ਹੋ। ਇਸ ਲਈ ਤੁਹਾਨੂੰ ਨਜ਼ਦੀਕੀ ਆਧਾਰ ਕੇਂਦਰ ‘ਤੇ ਜਾਣਾ ਹੋਵੇਗਾ ਤੇ ਉੱਥੇ ਜ਼ਰੂਰੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਕਿਹੜੇ ਕੰਮਾਂ ਲਈ ਜ਼ਰੂਰੀ ਹੈ ਆਧਾਰ ਪੈਨ ਕਾਰਡ ਐਪਲੀਕੇਸ਼ਨ , ਵੋਟਰ ਆਈਡੀ ਕਾਰਡ ਦੀ ਅਰਜ਼ੀ, ਪਾਸਪੋਰਟ ਅਰਜ਼ੀ, ਰਾਸ਼ਨ ਕਾਰਡ ਦੀ ਅਰਜ਼ੀ, ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ, ਇੱਕ ਬੈਂਕ ਖਾਤਾ ਖੋਲ੍ਹਣਾ, ਕਰਜ਼ਾ ਅਰਜ਼ੀ, ਕ੍ਰੈਡਿਟ ਕਾਰਡ ਐਪਲੀਕੇਸ਼ਨ, ਡੈਬਿਟ ਕਾਰਡ ਐਪਲੀਕੇਸ਼ਨ।

ਗੁਆਚਣ ਜਾਂ ਖ਼ਰਾਬ ਹੋਣ ‘ਤੇ ਕਿਵੇਂ ਬਣੇਗਾ ਨਵਾਂ ਆਧਾਰ ਕਾਰਡ Read More »

ਸ਼ੇਅਰ ਮਾਰਕੀਟ ‘ਚ ਅੱਜ ਨਹੀਂ ਹੋਵੇਗੀ ਟ੍ਰੇਡਿੰਗ

ਨਵੀਂ ਦਿੱਲੀ, 20 ਨਵੰਬਰ – ਭਾਰਤੀ ਸ਼ੇਅਰ ਬਾਜ਼ਾਰ ਅੱਜ ਬੰਦ ਰਹੇਗਾ। ਸ਼ਨਿਚਰਵਾਰ-ਐਤਵਾਰ ਦੀ ਹਫ਼ਤਾਵਾਰੀ ਛੁੱਟੀ ਤੋਂ ਇਲਾਵਾ ਤਿਉਹਾਰਾਂ ਜਾਂ ਕੁਝ ਹੋਰ ਖ਼ਾਸ ਮੌਕਿਆਂ ‘ਤੇ ਹੀ ਸ਼ੇਅਰ ਬਾਜ਼ਾਰ ਬੰਦ ਰਹਿੰਦਾ ਹੈ। ਬੁੱਧਵਾਰ ਨੂੰ ਛੁੱਟੀ ਹੋਣ ਦੀ ਗੱਲ ਕਰੀਏ ਤਾਂ ਅੱਜ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੈ। ਸ਼ੇਅਰ ਬਾਜ਼ਾਰ ਨਾਲ ਜੁੜੇ ਜ਼ਿਆਦਾਤਰ ਕੰਮ ਮੁੰਬਈ ਤੋਂ ਹੀ ਹੁੰਦੇ ਹਨ। ਇਸ ਲਈ ਅੱਜ ਬੀਐਸਈ ਤੇ ਐਨਐਸਈ ਦੋਵਾਂ ਵਿੱਚ ਕੋਈ ਵਪਾਰ ਨਹੀਂ ਹੋਵੇਗਾ।ਦੋਵੇਂ ਐਕਸਚੇਂਜਾਂ – ਬੀਐਸਈ ਤੇ ਐਨਐਸਈ ਨੇ ਇਸ ਬਾਰੇ ਪਹਿਲਾਂ ਹੀ ਅਧਿਕਾਰਤ ਜਾਣਕਾਰੀ ਦੇ ਦਿੱਤੀ ਸੀ। ਮੁਦਰਾ ਬਾਜ਼ਾਰ ਤੇ ਕਮੋਡਿਟੀ ਐਕਸਚੇਂਜ ‘ਤੇ ਕੋਈ ਵਪਾਰ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਮੁਦਰਾ ਤੇ ਸੋਨੇ, ਚਾਂਦੀ ਦੀਆਂ ਕੀਮਤਾਂ ਨੂੰ ਵੀ ਅਪਡੇਟ ਨਹੀਂ ਕੀਤਾ ਜਾਵੇਗਾ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੇ ਨਤੀਜੇ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਅੱਜ ਯਾਨੀ 20 ਨਵੰਬਰ ਨੂੰ ਵੋਟਿੰਗ ਹੋ ਰਹੀ ਹੈ। ਸੂਬੇ ‘ਚ 288 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਲਈ ਸੋਮਵਾਰ (18 ਨਵੰਬਰ 2024) ਨੂੰ ਦੇਰ ਸ਼ਾਮ ਚੋਣ ਪ੍ਰਚਾਰ ਦਾ ਦੌਰ ਸਮਾਪਤ ਹੋ ਗਿਆ। ਅੱਜ ਮਹਾਰਾਸ਼ਟਰ ਵਿੱਚ ਬੈਂਕ ਤੇ ਸਕੂਲ ਵੀ ਬੰਦ ਹਨ। ਸ਼ਰਾਬ ਦੀਆਂ ਦੁਕਾਨਾਂ ਵੀ ਨਹੀਂ ਖੁੱਲ੍ਹਣਗੀਆਂ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ ਤੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ। NSE ਨੇ ਜਾਰੀ ਕੀਤਾ ਨੋਟੀਫਿਕੇਸ਼ਨ NSE ਨੇ 8 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਮੌਕੇ ‘ਤੇ ਸ਼ੇਅਰ ਬਾਜ਼ਾਰ ਬੰਦ ਹੋਣ ਦੀ ਜਾਣਕਾਰੀ ਦਿੱਤੀ ਸੀ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਕਾਰਨ ਐਕਸਚੇਂਜ ਬੁੱਧਵਾਰ 20 ਨਵੰਬਰ 2024 ਨੂੰ ਬੰਦ ਰਹੇਗਾ। ਇਸ ਦਿਨ ਕੋਈ ਕਾਰੋਬਾਰ ਨਹੀਂ ਹੋਵੇਗਾ। BSE ਤੇ NSE ‘ਤੇ ਇਕੁਇਟੀ ਡੈਰੀਵੇਟਿਵਜ਼ ਤੇ SLB ਸੇਗਮੈਂਟ ਵਿੱਚ ਕੋਈ ਵਪਾਰ ਨਹੀਂ ਹੋਵੇਗਾ। ਕਰੰਸੀ ਡੈਰੀਵੇਟਿਵਜ਼ ਹਿੱਸੇ ਵਿੱਚ ਵਪਾਰ ਵੀ ਬੰਦ ਰਹੇਗਾ। ਮਲਟੀ ਕਮੋਡਿਟੀ ਐਕਸਚੇਂਜ (MCX) ਤੇ ਨੈਸ਼ਨਲ ਕਮੋਡਿਟੀ ਐਕਸਚੇਂਜ (NCDEX) ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਨਵੰਬਰ ‘ਚ ਕਿੰਨੇ ਦਿਨ ਬੰਦ ਰਿਹਾ ਬਾਜ਼ਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਛੁੱਟੀਆਂ ਤੋਂ ਬਾਅਦ ਨਵੰਬਰ ਦੌਰਾਨ ਸ਼ੇਅਰ ਬਾਜ਼ਾਰ ਵਿੱਚ ਕੋਈ ਹੋਰ ਛੁੱਟੀ ਨਹੀਂ ਹੋਵੇਗੀ। ਨਵੰਬਰ ‘ਚ ਸ਼ੇਅਰ ਬਾਜ਼ਾਰ ਹੁਣ ਸ਼ਨੀਵਾਰ-ਐਤਵਾਰ ਦੀਆਂ ਹਫ਼ਤਾਵਾਰੀ ਛੁੱਟੀਆਂ ‘ਤੇ ਹੀ ਬੰਦ ਰਹੇਗਾ। ਨਵੰਬਰ ‘ਚ ਸ਼ੇਅਰ ਬਾਜ਼ਾਰ ‘ਚ ਕੁੱਲ 3 ਦਿਨਾਂ ਦੀਆਂ ਛੁੱਟੀਆਂ ਸਨ। 1 ਨਵੰਬਰ ਨੂੰ ਦੀਵਾਲੀ ਦੀ ਛੁੱਟੀ ਸੀ। ਸ਼ਾਮ ਨੂੰ ਮੁਹੂਰਤ ਵਪਾਰ ਲਈ ਸ਼ੇਅਰ ਬਾਜ਼ਾਰ ਖੁੱਲ੍ਹਿਆ ਸੀ। ਇਸ ਸਮੇਂ ਦੌਰਾਨ ਮੁਹੱਰਤੇ ਦਾ ਵਪਾਰ ਸਿਰਫ਼ 1 ਘੰਟੇ ਲਈ ਹੁੰਦਾ ਸੀ। ਗੁਰੂ ਨਾਨਕ ਜਯੰਤੀ ਮੌਕੇ 15 ਨਵੰਬਰ ਨੂੰ ਸ਼ੇਅਰ ਬਾਜ਼ਾਰ ਦੀ ਛੁੱਟੀ ਸੀ। ਹੁਣ ਸ਼ੇਅਰ ਬਾਜ਼ਾਰ ਅੱਜ ਬੰਦ ਹੈ।

ਸ਼ੇਅਰ ਮਾਰਕੀਟ ‘ਚ ਅੱਜ ਨਹੀਂ ਹੋਵੇਗੀ ਟ੍ਰੇਡਿੰਗ Read More »

UGC NET ਦਸੰਬਰ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ, 20 ਨਵੰਬਰ – UGC NET ਦਸੰਬਰ ਦੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਜਾਣਕਾਰੀ ਅਨੁਸਾਰ ਪ੍ਰੀਖਿਆ ਲਈ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪ੍ਰੀਖਿਆ ਲਈ ਬਿਨੈ ਪੱਤਰ 10 ਦਸੰਬਰ, 2024 ਤੱਕ ਸਵੀਕਾਰ ਕੀਤੇ ਜਾਣਗੇ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://ugcnet.nta.ac.in ‘ਤੇ ਜਾ ਕੇ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਾਰੀ ਕੀਤੇ ਗਏ ਅਨੁਸੂਚੀ ਅਨੁਸਾਰ, ਯੂਜੀਸੀ ਰਾਸ਼ਟਰੀ ਯੋਗਤਾ ਟੈਸਟ ਦਸੰਬਰ 2024 1 ਜਨਵਰੀ ਤੋਂ 19, 2025 ਤੱਕ ਕਰਵਾਈ ਜਾਵੇਗੀ। ਪ੍ਰੀਖਿਆ ਦੇ ਸਫਲਤਾਪੂਰਵਕ ਸਮਾਪਤ ਹੋਣ ਤੋਂ ਬਾਅਦ ਆਰਜ਼ੀ ਆਂਸਰ ਕੀ ਜਾਰੀ ਕੀਤੀ ਜਾਵੇਗੀ। ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਬਾਅਦ, ਉਮੀਦਵਾਰ ਪੋਰਟਲ ‘ਤੇ ਆਂਸਰ ਕੀ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜਵਾਬ ਕੁੰਜੀ ਨੂੰ ਚੁਣੌਤੀ ਦੇਣ ਦਾ ਮੌਕਾ ਵੀ ਦਿੱਤਾ ਜਾਵੇਗਾ। ਇਨ੍ਹਾਂ ਇਤਰਾਜ਼ਾਂ ਦੀ ਸਮੀਖਿਆ ਕਰਨ ਤੋਂ ਬਾਅਦ ਅੰਤਮ ਆਂਸਰ ਕੀ ਅਤੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। UGC NET ਦਸੰਬਰ ਪ੍ਰੀਖਿਆ ਲਈ ਔਨਲਾਈਨ ਅਰਜ਼ੀ ਦੀ ਸ਼ੁਰੂਆਤ – 19 ਨਵੰਬਰ 2024 UGC NET ਦਸੰਬਰ ਇਮਤਿਹਾਨ ਲਈ ਔਨਲਾਈਨ ਅਰਜ਼ੀ ਦੀ ਆਖਰੀ ਮਿਤੀ – 10 ਦਸੰਬਰ 2024 (11:50 pm) UGC NET ਦਸੰਬਰ ਦੀ ਪ੍ਰੀਖਿਆ ਲਈ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ – 11 ਦਸੰਬਰ 2024 (ਰਾਤ 11:50 ਵਜੇ ਤੱਕ) UGC NET ਦਸੰਬਰ ਪ੍ਰੀਖਿਆ ਫਾਰਮ ਵਿੱਚ ਸੁਧਾਰ ਕਰਨ ਦੀ ਸ਼ੁਰੂਆਤੀ ਮਿਤੀ – 12 ਦਸੰਬਰ 2024 UGC NET ਦਸੰਬਰ ਪ੍ਰੀਖਿਆ ਫਾਰਮ ਵਿੱਚ ਸੁਧਾਰ ਕਰਨ ਦੀ ਆਖਰੀ ਮਿਤੀ – 13 ਦਸੰਬਰ 2024 (ਰਾਤ 11:50 ਵਜੇ ਤੱਕ) UGC NET ਦਸੰਬਰ ਦੀ ਪ੍ਰੀਖਿਆ ਲਈ ਸੈਂਟਰ ਸਿਟੀ ਦਾ ਐਲਾਨ – ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ UGC NET ਦਸੰਬਰ ਇਮਤਿਹਾਨ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਜਾਣਕਾਰੀ – ਬਾਅਦ ਵਿੱਚ ਐਲਾਨ ਕੀਤਾ ਜਾਵੇਗਾ UGC NET ਦਸੰਬਰ ਪ੍ਰੀਖਿਆ ਦੀ ਮਿਤੀ – 01 ਜਨਵਰੀ 2025 ਤੋਂ 19 ਜਨਵਰੀ 2025 UGC NET December Exam Fee 2024: UGC NET ਦਸੰਬਰ ਦੀ ਪ੍ਰੀਖਿਆ ਲਈ ਇਹ ਫੀਸ ਅਦਾ ਕਰਨੀ ਪਵੇਗੀ UGC NET ਦਸੰਬਰ ਦੀ ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 1150 ਰੁਪਏ, EWS ਅਤੇ OBC ਸ਼੍ਰੇਣੀਆਂ ਲਈ 600 ਰੁਪਏ ਅਤੇ ਹੋਰ ਸ਼੍ਰੇਣੀ ਦੇ ਉਮੀਦਵਾਰਾਂ ਲਈ 325 ਰੁਪਏ ਅਦਾ ਕਰਨੇ ਪੈਣਗੇ। ਤੁਹਾਨੂੰ ਦੱਸ ਦੇਈਏ ਕਿ NTA ਕੰਪਿਊਟਰ ਬੇਸਡ ਟੈਸਟਿੰਗ (CBT) ਮੋਡ ਵਿੱਚ UGC NET ਪ੍ਰੀਖਿਆ ਕਰਵਾਏਗਾ। ਇਹ ਪ੍ਰੀਖਿਆ 85 ਵਿਸ਼ਿਆਂ ਲਈ ਕਰਵਾਈ ਜਾਵੇਗੀ।

UGC NET ਦਸੰਬਰ ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ Read More »