ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ, ਉਦੋਂ ਤੱਕ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀ। ਇਕੋ ਪਰਿਵਾਰ ਵਲੋਂ ਸਾਂਭੀ ਕਾਂਗਰਸ, ਕਿਸੇ ਵੀ ਹੋਰ ਨੇਤਾ ਜਾਂ ਖੇਤਰੀ ਨੇਤਾ ਨੂੰ ਆਪਣੇ ਤੋਂ ਵੱਡਾ ਨਹੀਂ ਹੋਣ ਦਿੰਦੀ ਤਾਂ ਕਿ ਗਾਂਧੀ ਪਰਿਵਾਰ ਦਾ ਦਬਦਬਾ, ਜਿੰਨਾ ਕੁ ਵੀ ਬਚਿਆ ਹੈ, ਬਣਿਆ ਰਹੇ। ਉਂਜ ਗਾਂਧੀ ਪਰਿਵਾਰ ਦੇ ਤਿੰਨੋਂ ਜੀਅ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤ ਪ੍ਰਿਯੰਕਾ ਗਾਂਧੀ ਆਪਣੇ ਕੁਝ ਵਫ਼ਾਦਾਰਾਂ ਨਾਲ ਕਾਂਗਰਸ ਦਾ “ਕਾਰੋਬਾਰ” ਚਲਾ ਰਹੇ ਹਨ, ਜਿਹੜਾ ਕੁਝ ਵਰ੍ਹਿਆਂ ‘ਚ ਪੂਰੇ ਰਾਸ਼ਟਰ ਤੋਂ ਸਿਮਟਕੇ ਕੁਝ ਰਾਜਾਂ ਤੱਕ ਸੀਮਤ ਰਹਿ ਗਿਆ ਹੈ ਅਤੇ ਜਿਸਨੂੰ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਵਿੱਚ ਵੱਡੀਆਂ ਤੋਂ ਵੱਡੀਆਂ ਹਾਰਾਂ ਦਾ ਮੂੰਹ ਵੇਖਣਾ ਪਿਆ ਹੈ। ਪੱਛਮੀ ਬੰਗਾਲ ‘ਚ ਕਾਂਗਰਸ ਦਾ ਨਾਮ-ਥੇਹ ਨਹੀਂ ਰਿਹਾ। ਯੂ.ਪੀ. ਚੋਣਾਂ ਸਿਰ ਉਤੇ ਹਨ, ਕਾਂਗਰਸ ਦਾ ਉਥੇ ਵੱਡਾ ਕਾਡਰ ਨਹੀਂ ਅਤੇ ਪੰਜਾਬ ਵਰਗੇ ਸੂਬੇ ਵਿੱਚ ਕਾਂਗਰਸ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਰਾਹ ਤੁਰੀ ਹੋਈ ਹੈ। ਬਿਨ੍ਹਾਂ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਚਾਰ ਸਾਲ ਦੇ ਅਰਸੇ ਵਿੱਚ ਪੰਜਾਬ ਦਾ ਕੁਝ ਵੀ ਨਹੀਂ ਸੁਆਰਿਆ। ਜਿਹੜੇ ਵਾਇਦੇ ਉਸ ਵਲੋਂ ਕੀਤੇ ਗਏ ਸਨ, ਕਹਿਣ ਨੂੰ ਤਾਂ ਭਾਵੇਂ ਸਾਰੇ ਪੂਰੇ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦੇ ਹਨ, ਪਰ ਹਕੀਕੀ ਤੌਰ ‘ਤੇ ਇਹ ਸਚਾਈ ਨਹੀਂ ਹੈ। ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਸਬੰਧੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉਤੇ ਕੈਪਟਨ ਤੋਂ ਪੰਜਾਬੀਆਂ ਨੂੰ ਵੱਡੀਆਂ ਆਸਾਂ ਸਨ। ਰੇਤ ਮਾਫੀਆ ਦਾ ਲੱਕ ਤੋੜਨ ਦੀ ਵੀ ਪੰਜਾਬੀਆਂ ਨੂੰ ਕੈਪਟਨ ਤੋਂ ਤਵੱਕੋ ਸੀ ਅਤੇ ਇਹ ਵੀ ਕਿ ਉਹ ਆਪਣੇ ਜ਼ਿੰਮੀਦਾਰ ਹੁੰਦੇ ਹੋਏ, ਕਿਸਾਨ ਸਮੱਸਿਆਵਾਂ ਸਮਝਕੇ ਉਹਨਾ ਦੇ ਕਰਜ਼ੇ ਮੁਆਫ਼ ਕਰ ਦੇਣਗੇ। ਫੌਜੀ ਹੋਣ ਦੇ ਨਾਤੇ ਲੋਕ ਇਹ ਵੀ ਚਾਹੁੰਦੇ ਸਨ ਕਿ ਉਸ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ, ਪਰ ਕੈਪਟਨ ਦੇ ਗੱਦੀ ਸਾਂਭਣ ਦੇ ਦੋ ਸਾਲਾਂ ਬਾਅਦ ਹੀ ਦਿਸਣ ਲੱਗ ਪਿਆ ਸੀ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਦਾ ਸਾਸ਼ਨ ਉਵੇਂ ਹੀ ਕੰਮ ਕਰ ਰਿਹਾ ਹੈ, ਕੁਝ ਵੀ ਨਹੀਂ ਬਦਲਿਆ। ਹਾਂ, ਇੰਨਾ ਕੁ ਜ਼ਰੂਰ ਹੋਇਆ ਹੈ ਕਿ ਪੰਜਾਬ ਹਿਤੈਸ਼ੀ ਫ਼ੈਸਲੇ ਲੈਣ ਦਾ ਸਮਾਂ ਜਦੋਂ ਆਇਆ ਕੈਪਟਨ ਅਮਰਿੰਦਰ ਸਿੰਘ ਨੇ ਦ੍ਰਿੜਤਾ ਨਾਲ ਪੰਜਾਬ ਦੇ ਪਾਣੀਆਂ ਸਬੰਧੀ ਆਵਾਜ਼ ਬੁਲੰਦ ਕੀਤੀ, ਕਿਸਾਨਾਂ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦਾ ਮਤਾ ਅਸੰਬਲੀ ਵਿੱਚ ਪਾਸ ਕੀਤਾ ਅਤੇ ਕਿਸਾਨਾਂ ਦੇ ਹੱਕ ‘ਚ ਖੜੇ ਹੋਏ। ਪਰ ਪੰਜਾਬੀਆਂ ਦੇ ਮਸਲੇ ਤਾਂ ਬਹੁਤ ਵੱਡੇ ਸਨ। ਇਨ੍ਹਾਂ ਮੁੱਦਿਆਂ, ਮਸਲਿਆਂ ਨੂੰ ਹੱਲ ਕਰਨ ਲਈ ਤਾਂ ਕੈਪਟਨ ਨੂੰ ਪੰਜਾਬੀਆਂ ਨੇ ਪੰਜਾਬ ਸੰਭਾਲਿਆ ਸੀ, ਪਰ ਕੈਪਟਨ ਮਹੱਲਾਂ ‘ਚ ਵੜ ਗਏ, ਰਾਜ-ਸਾਸ਼ਨ ਲੋਕ ਨੁਮਾਇੰਦਿਆਂ ਦੀ ਮਰਜ਼ੀ ਨਾਲ ਨਹੀਂ, ਸਗੋਂ ਅਫ਼ਸਰਸ਼ਾਹੀ ਹੱਥ ਫੜਾ ਦਿੱਤਾ, ਸਲਾਹਕਾਰਾਂ ਆਪਣੇ ਢੰਗ ਨਾਲ ਪਿਛਲੇ ਚਾਰ ਸਾਲ ਪੰਜਾਬ ਚਲਾਇਆ। ਪਰ ਕਿਉਂਕਿ ਪੰਜਾਬ ਵਿੱਚ ਵਿਰੋਧੀ ਧਿਰ ਤਾਕਤਵਰ ਨਹੀਂ ਸੀ, ਵੰਡੀ ਹੋਈ ਸੀ, ਪੰਜਾਬ ਦੇ ਹਾਕਮਾਂ ਚੰਮ ਦੀਆਂ ਚਲਾਈਆਂ, ਕੁਝ ਵੱਡੇ ਸਿਆਸਦਾਨ ਮਾਫੀਆ ਨਾਲ ਰਲ ਗਏ, ਆਪਣੇ ਸਵਾਰਥਾਂ ਕਾਰਨ ਉਹਨਾ ਚੁੱਪ ਵੱਟ ਲਈ ਤੇ ਪੰਜਾਬ ਲੁੱਟਿਆ ਜਾਂਦਾ ਰਿਹਾ। ਪੰਜਾਬ ਦੇ ਮਸਲਿਆਂ ਸਬੰਧੀ ਵੱਟੀ ਚੁੱਪ ਨੇ ਲੋਕਾਂ ‘ਚ ਅਸੰਤੋਸ਼ ਪੈਦਾ ਕੀਤਾ। ਅੱਜ ਜਦੋਂ ਪੰਜਾਬ ਚੋਣਾਂ ਦੀਆਂ ਬਰੂਹਾਂ ਉਤੇ ਹੈ, ਪੰਜਾਬ ਦੇ ਹਰ ਵਰਗ ਦੇ ਲੋਕਾਂ ‘ਚ ਹਾਹਾਕਾਰ ਹੈ। ਬਿਜਲੀ, ਪੈਟਰੋਲ ਨੇ ਲੋਕਾਂ ਨੂੰ ਰੁਆ ਦਿੱਤਾ । ਬੇਰੁਜ਼ਗਾਰ ਸੜਕਾਂ ਤੇ ਬੈਠੇ ਹਨ। ਕਾਂਗਰਸ ਅੰਦਰ ਆਏ ਕਾਟੋ-ਕਲੇਸ਼ ਕਾਰਨ ਲੋਕਾਂ ਦੀ ਸੁਨਣ ਵਾਲਾ ਹਾਕਮ ਹੀ ਕੋਈ ਨਹੀਂ। ਅਫ਼ਸਰ ਦਫ਼ਤਰੀਂ ਬੈਠੇ ਹਨ, ਮੁਲਾਜ਼ਮ ਹੜਤਾਲਾਂ ‘ਤੇ ਹਨ। ਪਿਛਲੇ ਇੱਕ ਮਹੀਨੇ ਤੋਂ ਸੂਬਾ ਸਰਕਾਰ ਦਾ ਕੰਮ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪੰਜਾਬ ਸਿਵਲ ਸਕੱਤਰੇਤ ‘ਚ ਸੁੰਨਸਾਨ ਛਾਈ ਹੋਈ ਹੈ। ਕਾਟੋ-ਕਲੇਸ਼ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫੀ ਵਧਿਆ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਜੋ ਗਾਂਧੀ ਪਰਿਵਾਰ ਦਾ ਚਹੇਤਾ ਹੈ, ਸੂਬਾ ਕਾਂਗਰਸ ਪ੍ਰਧਾਨ ਮੰਨਣ ਲਈ ਤਿਆਰ ਨਹੀਂ, ਜਦਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹਣ ਦੇ ਯਤਨ ਵਿੱਚ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਨੂੰ ਸਾਧੀ ਰੱਖਣ ਲਈ ਸਾਫ਼ ਕਰ ਦਿੱਤਾ ਹੋਇਆ ਹੈ ਕਿ ਅਗਲੀਆਂ 2022 ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜੀਆਂ ਜਾਣਗੀਆਂ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਹੋਣਗੇ। ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਿੱਧੂ ਦੇ ਨਾਲ ਚਾਰ ਕਾਰਜ਼ਕਾਰੀ ਪ੍ਰਧਾਨ ਬਣਾ ਦਿੱਤੇ ਗਏ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਉਤੇ ਕਾਂਗਰਸ ਹਾਈ ਕਮਾਨ ਯਕੀਨ ਨਹੀਂ ਕਰਦੀ ਜੋ ਉਸਦੇ ਪੈਰਾਂ ‘ਚ ਬੇੜੀਆਂ ਪਹਿਲਾਂ ਹੀ ਜੜ੍ਹ ਦਿੱਤੀਆਂ ਗਈਆਂ ਹਨ? ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਬੁਰੀ ਤਰ੍ਹਾਂ ਦੋ-ਫਾੜ ਹੋਈ ਦਿਖਦੀ ਹੈ। ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਵਜੋਂ ਜੀਅ ਆਇਆਂ ਆਖਣ ਲਈ ਦੌੜ ਲੱਗੀ ਹੋਈ ਹੈ, ਉਹਨਾ ਨੂੰ ਥਾਂ-ਥਾਂ ਵਿਧਾਇਕੀ ਟਿਕਟਾਂ ਪ੍ਰਾਪਤ ਕਰਨ ਦੇ ਚਾਹਵਾਨਾਂ ਵਲੋਂ ਹਾਰਾਂ ਨਾਲ ਲੱਦਿਆ ਜਾ ਰਿਹਾ ਹੈ। ਕਈ ਥਾਵੀਂ ਸਾਬਕਾ ਵਿਧਾਇਕ ਇਸ ਚਾਹਤ ਵਿੱਚ ਕਿ ਅਗਲੀ ਟਿਕਟ ਉਹਨਾ ਨੂੰ ਮਿਲੇਗੀ, ਆਪਣੀ ਤਾਕਤ ਵਿਖਾ ਰਹੇ ਹਨ, ਇੱਕ-ਦੂਜੇ ਵਿਰੁੱਧ ਨਾਹਰੇਬਾਜੀ ਕਰ ਰਹੇ ਹਨ। ਇਸ ਕਿਸਮ ਦੀ ਘਟਨਾ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਖਟਕੜ ਕਲਾਂ ਵਿਖੇ ਵੇਖਣ ਨੂੰ ਮਿਲੀ ਜਿਥੇ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਤੋਂ ਪਹਿਲਾਂ ਹੀ ਦੋ ਗਰੁੱਪ ਆਪਸ ‘ਚ ਖਹਿਬੜ ਪਏ। ਅਸਲ ਵਿੱਚ ਤਾਂ ਟਿਕਟਾਂ ਦੇ ਚਾਹਵਾਨ ਦੋਹਾਂ ਖੇਮਿਆਂ ‘ਚ ਹਾਜ਼ਰੀ ਲੁਆ ਰਹੇ ਹਨ। ਨਵਜੋਤ ਸਿੰਘ ਸਿੱਧੂ ਜਿਥੇ ਵਿਧਾਇਕਾਂ, ਮੰਤਰੀਆਂ ਕੋਲ ਜਾਕੇ ਆਪਣੇ ਹਾਜ਼ਰੀ ਲੁਆ ਰਹੇ ਹਨ, ਸਮਰੱਥਨ ਇਕੱਠਾ ਕਰ ਰਹੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਜਿਹਨਾ ਨੇ ਹੁਣ ਤੱਕ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਹੀਂ ਕਬੂਲਿਆ, ਇਹ ਸੁਨੇਹਾ ਦੇ ਰਹੇ ਹਨ ਕਿ ਪੰਜਾਬ ਵਿੱਚ ਕਾਂਗਰਸ ਦਾ ਅਸਲ ਨੇਤਾ “ਕੈਪਟਨ ਅਮਰਿੰਦਰ ਸਿੰਘ” ਹੈ। ਕਾਂਗਰਸ ਦੇ ਇਸ ਕਾਟੋ-ਕਲੇਸ਼ ਅਤੇ ਕਾਂਗਰਸ ਹਾਈ ਕਮਾਨ ਵਲੋਂ ਗਲਤ ਢੰਗ ਨਾਲ ਮਸਲੇ ਦੇ ਹੱਲ ਨਾਲ ਨਿਪਟਣ ਨੇ ਪੰਜਾਬ ਕਾਂਗਰਸ ਦਾ ਵੱਡਾ ਨੁਕਸਾਨ ਕੀਤਾ ਹੈ। ਕਾਂਗਰਸ ਦੋ ਧੜਿਆਂ ‘ਚ ਵੰਡੀ ਗਈ ਹੈ ਅਤੇ ਇਸਦਾ ਲਾਭ ਵਿਰੋਧੀ ਪਾਰਟੀਆਂ ਨੂੰ ਹੋਏਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ‘ਚ ਅਗਲੀਆਂ ਚੋਣਾਂ ‘ਚ ਇਸ ਸਥਿਤੀ ਵਿੱਚ ਕੋਈ ਵੀ ਸਿਆਸੀ ਪਾਰਟੀ ਬਹੁਮਤ ਪ੍ਰਾਪਤ ਨਹੀਂ ਕਰ ਸਕੇਗੀ। ਭਾਜਪਾ ਦਾ ਭਵਿੱਖ ਤਾਂ ਕਿਸਾਨੀ ਕਾਨੂੰਨਾਂ ਕਾਰਨ ਪਹਿਲਾਂ ਹੀ ਦਾਅ ਤੇ ਲੱਗਿਆ ਹੋਇਆ ਹੈ। ਬਾਦਲ ਅਕਾਲੀ-ਬਸਪਾ ਗੱਠਜੋੜ ਨੂੰ ਲੋਕਾਂ ਖ਼ਾਸ ਕਰਕੇ ਪਿੰਡਾਂ ਦੇ ਕਿਸਾਨਾਂ ਤੇ ਪੇਂਡੂਆਂ ਪ੍ਰਵਾਨ ਨਹੀਂ ਕੀਤਾ ਅਤੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਤੇ ਰੇਤ ਖਨਣ, ਨਸ਼ਿਆਂ ਦੇ ਰਾਜ ਨੂੰ ਭੁੱਲ ਨਹੀਂ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨੀ ਕਾਨੂੰਨਾਂ ‘ਚ ਅਪਨਾਈ ਦੋਹਰੀ ਪਹੁੰਚ ਵੀ ਉਹਨਾ ਦੇ ਪਿੰਡਾਂ ‘ਚ ਪੈਰ ਨਹੀਂ ਲੱਗਣ ਦੇ ਰਹੀ। ਆਮ ਆਦਮੀ ਪਾਰਟੀ ਦਾ ਕਾਡਰ ਪੰਜਾਬ ਦੇ ਧੁਰ ਅੰਦਰ ਸਥਾਪਤ ਨਹੀਂ ਹੋ ਸਕਿਆ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਨੇਤਾਵਾਂ ਦੀ ਪੰਜਾਬ ਮਸਲਿਆਂ ਪ੍ਰਤੀ ਦੂਹਰੀ ਪਹੁੰਚ ਵੀ “ਆਪ” ਨੂੰ ਲੋਕਾਂ ‘ਚ ਜੜ੍ਹਾਂ ਨਹੀਂ ਦੇ ਰਹੀ। ਖੱਬੀਆਂ ਧਿਰਾਂ ਆਪਣੀ ਸਾਰਥਿਕ ਭੂਮਿਕਾ ਨਿਭਾਉਣ ‘ਚ ਪਿੱਛੇ ਰਹੀਆਂ ਹਨ ਅਤੇ ਲੋਕ ਅਧਾਰ ਨਹੀਂ ਬਣਾ ਰਹੀਆਂ।