ਦਾਖਲੇ ਵਧਾਉਣ ‘ਚ ਸਰਕਾਰੀ ਸਮਾਰਟ ਸਕੂਲ ਰਡਿਆਲਾ ਦੀ ਝੰਡੀ

ਖਰੜ, 20 ਜੁਲਾਈ (ਏ.ਡੀ.ਪੀ. ਨਿਊਜ਼)-  ਸਿੱਖਿਆ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਵਿਭਾਗ, ਸਅਸ ਨਗਰ ਨੇ ਸਕੂਲਾਂ ਨੂੰ ਦਾਖਲੇ ਵਧਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਹੈ ਤਾਂ ਜੋ ਹਰ ਆਮ-ਖਾਸ ਨਾਗਰਿਕ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਸਰਕਾਰੀ ਸਹੂਲਤਾਂ ਦੇ ਹੱਕਦਾਰ ਬਣ ਸਕਣ। ਇਸ ਦੇ ਵਧੀਆ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਮੋਹਾਲੀ ਜ਼ਿਲ੍ਹੇ ਦੇ ਸਕੂਲਾਂ ਵਿੱਚ ਦਾਖਲੇ ਆਮ ਪੰਜਾਬ ਵਾਂਗ ਵਧੇ ਹਨ ਓਥੇ ਖਰੜ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਦਾਖਲੇ ਅਤਿ ਸ਼ਲਾਘਾਯੋਗ ਤਰੀਕੇ ਨਾਲ ਵਧੇ। ਇਸ ਪ੍ਰਾਪਤੀ ਦੇ ਚੱਲਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ, ਸਅਸ ਨਗਰ ਸ੍ਰੀ ਮਤੀ ਰਵਿੰਦਰ ਕੌਰ ਨੇ ਅੱਜ ਆਪਣੀ ਟੀਮ ਸਣੇ ਸਕੂਲ ਪੁੱਜ ਕੇ ਸਕੂਲ ਦੇ ਹੈਡਮਾਸਟਰ ਅਤੇ ਸਟਾਫ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ। ਉਨ੍ਹਾਂ ਇਸ ਗੱਲ ‘ਤੇ ਵਿਸ਼ੇਸ਼ ਤਸੱਲੀ ਪ੍ਰਗਟ ਕੀਤੀ ਕਿ ਇਸ ਸਕੂਲ ਦੇ ਹੈਡਮਾਸਟਰ ਜਿਸ ਸਕੂਲ ਵਿੱਚ ਵੀ ਪੋਸਟਡ ਰਹੇ ਹਨ ਉੱਥੇ ਹੀ ਵਿਦਿਆਰਥੀਆਂ ਦੇ ਦਾਖਲੇ ਬਹੁਤ ਥੋੜ੍ਹੇ ਸਮੇਂ ਵਿੱਚ ਇਨ੍ਹਾਂ ਨੇ ਰਿਕਾਰਡ ਤੋੜ ਵਧਾਏ ਹਨ। ਐਨਾ ਹੀ ਨਹੀਂ ਇਹਨਾਂ ਦੁਆਰਾ ਕੀਤਾ ਜਾਣ ਵਾਲਾ ਇਹ ਵਾਧਾ ਵਿਭਾਗ ਦੁਆਰਾ ਮਿੱਥੇ ਗਏ ਟੀਚਿਆਂ ਨਾਲੋਂ ਕਈ ਗੁਣਾਂ ਵੱਧ ਵੀ ਹੁੰਦਾ ਹੈ। ਸਕੂਲ ਦੇ ਹੈਡਮਾਸਟਰ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਸਮਾਰਟ ਸਕੂਲ, ਰਡਿਆਲਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 25 ਫੀਸਦੀ ਤੋਂ ਵੀ ਵੱਧ ਦਾ ਵਾਧਾ ਦਰਜ ਹੋਇਆ ਹੈ। ਵਰਣਨਯੋਗ ਹੈ ਕਿ ਇਸ ਸਾਲ ਲਈ ਪੂਰੇ ਜ਼ਿਲੇ੍ਹ ਲਈ ਇਹ ਵਾਧਾ 12.92 ਫੀਸਦੀ ਜਦ ਕਿ ਸਿੱਖਿਆ ਬਲਾਕ ਖਰੜ ਲਈ ਇਹ ਵਾਧਾ 11.92 ਫੀਸਦੀ ਰਿਹਾ ਹੈ। ਇਸ ਸਮੇਂ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਵਿਸ਼ਾ ਮਾਹਿਰ ਸੁਸ਼ੀਲ ਕੁਮਾਰ ਅਤੇ ਸੰਜੀਵ ਭਨੋਟ ਵੀ ਹਾਜ਼ਰ ਸਨ। ਅੰਤ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫਸਰ, ਰਵਿੰਦਰ ਕੌਰ ਨੇ ਸਮੂਹ ਸਟਾਫ ਨੂੰ ਸਿੱਖਣ-ਸਿਖਾਉਣ ਦੀਆਂ ਵਿਧੀਆਂ ਸਬੰਧੀ ਵਿਸਤਾਰਿਤ ਅਗਵਾਈ ਦਿੱਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਇਹ ਸਫਰ ਹੁਣ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਪੂਰੇ ਪੰਜਾਬ ਨੂੰ ਇਸ ਸਕੂਲ ਤੋਂ ਬਹੁਤ ਉਮੀਦਾਂ ਹਨ।

 

ਸਾਂਝਾ ਕਰੋ

ਪੜ੍ਹੋ