admin

ਪੰਜਾਬ ਭਰ ‘ਚ ਕਿਸਾਨ ਜਥੇਬੰਦੀਆਂ ਵਲੋਂ ਫੂਕੇ ਗਏ ਬਿੱਟੂ ਦੇ ਪੁਤਲੇ

ਚੰਡੀਗੜ੍ਹ, 11 ਨਵੰਬਰ – ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕਰਨ ’ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ’ਚ ਭਾਜਪਾ ਖ਼ਿਲਾਫ਼ ਰੋਹ ਹੋਰ ਵਧ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬੇ ’ਚ ਡੇਢ ਦਰਜਨ ਥਾਵਾਂ ’ਤੇ ਕੇਂਦਰ ਸਰਕਾਰ ਅਤੇ ਰਵਨੀਤ ਬਿੱਟੂ ਦੇ ਪੁਤਲੇ ਫੂਕੇ ਤੇ ਬਿਆਨ ਦੀ ਨਿਖੇਧੀ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀ ਨੇ ਭਲਕੇ 11 ਨਵੰਬਰ ਨੂੰ ਪੰਜਾਬ ਭਰ ’ਚ ਰਵਨੀਤ ਬਿੱਟੂ ਤੇ ਕੇਂਦਰ ਵਿਰੁੱਧ ਰੋਸ ਮੁਜ਼ਾਹਰੇ ਕਰ ਕੇ ਪੁਤਲੇ ਸਾੜਨ ਦਾ ਐਲਾਨ ਵੀ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਭਾਜਪਾ ਤੇ ਆਰਐੱਸਐੱਸ ਦੇ ਇਸ਼ਾਰੇ ’ਤੇ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਗਈ ਹੈ ਤੇ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਥਾਂ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸੇਵਾਮੁਕਤ ਅਫ਼ਸਰਾਂ ਦੀ ਸੰਪਤੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਜੱਜ ਅਧੀਨ ਕਮੇਟੀ ਬਣਾ ਕੇ ਕਰਵਾਈ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਸਲਾਹ ਕਰ ਕੇ ਦੇਸ਼ ’ਚ ਹਰ ਰੋਜ਼ ਖ਼ੁਦਕੁਸ਼ੀ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ, 2000 ਤੋਂ ਲੈ ਕੇ 2015 ਤੱਕ ਫਸਲਾਂ ਦੇ ਭਾਅ ’ਚ 45 ਲੱਖ ਕਰੋੜ ਦੇ ਪਏ ਘਾਟੇ ਅਤੇ ਨਸ਼ੇ ਕਾਰਨ ਮੌਤਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ’ਚ ਰਵਨੀਤ ਬਿੱਟੂ ਤੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ਼ੰਭੂ ਬਾਰਡਰ ਪੰਜਾਬ ਤੇ ਹਰਿਆਣਾ ਦੀ ਹੱਦ ਸ਼ੰਭੂ ਬਾਰਡਰ ’ਤੇ ਪੱਕਾ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੇ ਅੱਜ ਰਵਨੀਤ ਬਿੱਟੂ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਮਨਜੀਤ ਸਿੰਘ ਨਿਆਲ, ਮਨਜੀਤ ਸਿੰਘ ਘੁਮਾਣਾ, ਮਨਜੀਤ ਸਿੰਘ ਰਾਏ, ਜੰਗ ਸਿੰਘ ਭਟੇੜੀ ਅਤੇ ਗੁਰਧਿਆਨ ਸਿੰਘ ਸਿਉਣਾ ਨੇ ਕਿਹਾ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਬਿੱਟੂ ਕਿਸਾਨ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰੰਘ ਡੱਲੇਵਾਲ ਅਤੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖਿਲਾਫ਼ ਅਜਿਹੀ ਬਿਆਨਬਾਜ਼ੀ ਸਿਰਫ਼ ਕੁਰਸੀ ਖਾਤਰ ਕੀਤੀ ਗਈ ਹੈ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਬਿੱਟੂ ਅਜਿਹੇ ਬਿਆਨ ਦੇ ਕੇ ਭਾਜਪਾ ਨੂੰ ਖੁਸ਼ ਕਰ ਰਹੇ ਹਨ। ਕਿਸਾਨ ਆਗੂਆਂ ਨੇ ਬਿੱਟੂ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣ ਲਈ ਵੀ ਆਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿੱਟੂ ਇਸੇ ਤਰ੍ਹਾਂ ਬਿਆਨਬਾਜ਼ੀ ਕਰਦੇ ਰਹੇ ਤਾਂ ਉਸ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ। ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼: ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖ਼ਿਲਾਫ਼ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਉਹ ਸਿਆਸਤਦਾਨਾਂ ਵੱਲੋਂ ਇੱਕ-ਦੂਜੇ ’ਤੇ ਕੀਤੀ ਜਾਣ ਵਾਲੀ ਦੂਸ਼ਣਬਾਜ਼ੀ ਵਾਲਾ ਤਰੀਕਾ ਕਿਸਾਨ ਆਗੂਆਂ ’ਤੇ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਰਵਨੀਤ ਬਿੱਟੂ ਕਿਸਾਨ ਸੰਘਰਸ਼ ਰਾਹੀਂ ਜ਼ਮੀਨਾਂ ਜਾਇਦਾਦਾਂ ਬਣਾਉਣ ਦੇ ਬੇਤੁਕੇ ਦੋਸ਼ਾਂ ਵਾਲੀ ਬਿਆਨਬਾਜ਼ੀ ਰਾਹੀਂ ਸੈਂਕੜੇ ਕੁਰਬਾਨੀਆਂ ਵਾਲੇ ਇਤਿਹਾਸਕ ਕਿਸਾਨ ਸੰਘਰਸ਼ ਦਾ ਨਿਰਾਦਰ ਬੰਦ ਕਰਨ। ਉਨ੍ਹਾਂ ਕਿਹਾ ਕਿ ਅਜਿਹੀਆਂ ਜ਼ਮੀਨਾਂ ਜਾਇਦਾਦਾਂ ਰਵਨੀਤ ਬਿੱਟੂ ਵਰਗੇ ਮੌਕਾਪ੍ਰਸਤ ਸਿਆਸਤਦਾਨਾਂ ਵੱਲੋਂ ਸੱਤਾ ’ਤੇ ਬੈਠ ਕੇ ਬਣਾਈਆਂ ਗਈਆਂ ਹਨ ਅਤੇ ਹੁਣ ਵੀ ਈਮਾਨ ਨੂੰ ਛਿੱਕੇ ਟੰਗਦੇ ਹੋਏ ਦਲਬਦਲੀ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਝੋਨੇ ਦੀ ਖਰੀਦ ਤੋਂ ਭੱਜਣ ਦੀ ਨੀਤੀ ਅਖਤਿਆਰ ਕਰਦਿਆਂ ਖੇਤੀ ਕਾਨੂੰਨਾਂ ਨੂੰ ਹੀ ਬਦਲਵੇਂ ਢੰਗਾਂ ਨਾਲ ਲਾਗੂ ਕਰਨ ’ਚ ਜੁਟੀ ਹੋਈ ਹੈ। ਬਿੱਟੂ ਦੇ ਬਿਆਨ ਬਾਰੇ ਸਥਿਤੀ ਸਪੱਸ਼ਟ ਕਰੇ ਭਾਜਪਾ: ਮਜੀਠੀਆ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕਰਨ ’ਤੇ ਭਾਜਪਾ ਦਾ ਘਿਰਾਓ ਕੀਤਾ ਹੈ। ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਵਨੀਤ ਬਿੱਟੂ ਕਿਸਾਨਾਂ ਦੀ ਤਾਲਿਬਾਨ ਨਾਲ ਤੁਲਨਾ ਕਰ ਕੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ ਪਰ ਭਾਜਪਾ ਇਸ ਮਾਮਲੇ ’ਤੇ ਚੁੱਪ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਰਵਨੀਤ ਬਿੱਟੂ ਵੱਲੋਂ ਦਿੱਤੇ ਬਿਆਨਾਂ ਬਾਰੇ ਆਪਣੀ ਸਥਿਤੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਅਜਿਹੀਆਂ ਵੰਡਪਾਊ ਰਾਜਨੀਤੀ ’ਚ ਸ਼ਾਮਲ ਹੋਣ ਵਾਲੇ ਬਿਆਨਾਂ ਦੇਣ ਦੀ ਥਾਂ ਕਿਸਾਨਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਕਰੇ।

ਪੰਜਾਬ ਭਰ ‘ਚ ਕਿਸਾਨ ਜਥੇਬੰਦੀਆਂ ਵਲੋਂ ਫੂਕੇ ਗਏ ਬਿੱਟੂ ਦੇ ਪੁਤਲੇ Read More »

ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਕੀਤਾ ਗਿਆ ਝੰਡਾ ਮਾਰਚ

ਬਰਨਾਲਾ, 11 ਨਵੰਬਰ – ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਹੇਠ ਸੂਬੇ ਭਰ ਤੋਂ ਆਏ ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਖ਼ਿਲਾਫ਼ ਜ਼ਿਮਨੀ ਚੋਣ ਵਾਲੇ ਬਰਨਾਲਾ ਵਿਧਾਨ ਸਭਾ ਹਲਕੇ ’ਚ ਝੰਡਾ ਮਾਰਚ ਕੀਤਾ। ਇਸ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲ੍ਹੀ। ਪ੍ਰਾਪਤ ਜਾਣਕਾਰੀ ਅਨੁਸਾਰ ਝੰਡਾ ਮਾਰਚ ਦੀਪਕ ਢਾਬਾ ਧਨੌਲਾ ਤੋਂ ਸ਼ੁਰੂ ਹੋ ਕੇ ਧਨੌਲਾ ਸ਼ਹਿਰ, ਹੰਡਿਆਇਆ, ਪਿੰਡ ਖੁੱਡੀ ਕਲਾਂ, ਵਾਲਮੀਕਿ ਚੌਕ ਅਤੇ ਨਹਿਰੂ ਚੌਕ ਤੋਂ ਹੁੰਦਾ ਹੋਇਆ ਪੱਕਾ ਕਾਲਜ ਰੋਡ ਰਾਹੀਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਸਮਾਪਤ ਹੋਇਆ। ਇਸ ਦੌਰਾਨ ਸਾਂਝੇ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਰਣਜੀਤ ਸਿੰਘ, ਗਗਨਦੀਪ ਭੁੱਲਰ, ਭਜਨ ਸਿੰਘ ਗਿੱਲ, ਬਾਜ ਸਿੰਘ ਖਹਿਰਾ, ਧਨਵੰਤ ਸਿੰਘ ਭੱਠਲ, ਬਖਸ਼ੀਸ਼ ਸਿੰਘ, ਹਰਦੀਪ ਟੋਡਰਪੁਰ, ਜਗਦੀਸ਼ ਸਿੰਘ ਅਤੇ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਣ-ਭੱਤਾ ਵਰਕਰਾਂ ’ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ ਭੱਤਿਆਂ ’ਤੇ ਏਸੀਪੀ ਬਹਾਲ ਕਰਨ ਅਤੇ ਰੋਕੇ ਗਏ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ’ਚ ਲਗਾਤਾਰ ਟਾਲ-ਮਟੋਲ ਕਰ ਰਹੀ ਹੈ। ਆਗੂਆਂ ਨੇ ਆਖਿਆ ਕਿ ਇਹ ਸਾਰੀਆਂ ਉਹ ਮੰਗਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ‘ਆਪ’ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ। ਫਰੰਟ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਮਹਿਮਾ ਸਿੰਘ ਧਨੌਲਾ, ਜਗਦੀਸ਼ ਸ਼ਰਮਾ ਤੇ ਮੋਹਨ ਸਿੰਘ ਬਾਵਾ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਤੋਂ ਮੰਗ ਮੰਨਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ ਅਗਲਾ ਝੰਡਾ ਮਾਰਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਚ ਕੀਤਾ ਜਾਵੇਗਾ। ਇਸ ਮੌਕੇ ਸਿਕੰਦਰ ਸਿੰਘ ਸਮਰਾਲਾ, ਮੇਘ ਰਾਜ ਸੰਗਰੂਰ, ਸਤਵਿੰਦਰ ਸਿੰਘ, ਹਰਜੰਟ ਸਿੰਘ ਬੌਡੇ, ਦਰਸ਼ਨ ਚੀਮਾ, ਸੰਤੋਖ ਸਿੰਘ ਪਟਿਆਲਾ ਤੇ ਗੁਰਪ੍ਰੀਤ ਸਿੰਘ ਮੰਗਵਾਲ ਆਦਿ ਹਾਜ਼ਰ ਸਨ।

ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਕੀਤਾ ਗਿਆ ਝੰਡਾ ਮਾਰਚ Read More »

ਕੈਨੇਡਾ ਵਿਚ ਪੰਜਾਬੀ ਨੌਜਵਾਨ ਨੂੰ ਮਾਰੀਆਂ 8 ਗੋਲੀਆਂ

ਅੰਮ੍ਰਿਤਸਰ, 11 ਨਵੰਬਰ – ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਪੰਜਾਬੀ ਨੂੰ ਗੋਲੀਆਂ ਮਾਰੀਆਂ ਗਈਆਂ। ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਨੌਜਵਾਨ ਪਰਮਵੀਰ ਸਿੰਘ ਨੂੰ ਕਰੀਬ 8 ਗੋਲੀਆਂ ਮਾਰੀਆਂ ਗਈਆਂ। ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਨੌਜਵਾਨ ਤਰਨਤਾਰਨ ਦੇ ਪਿੰਡ ਭੱਗੂਪੁਰ ਦਾ ਰਹਿਣ ਵਾਲਾ ਸੀ।

ਕੈਨੇਡਾ ਵਿਚ ਪੰਜਾਬੀ ਨੌਜਵਾਨ ਨੂੰ ਮਾਰੀਆਂ 8 ਗੋਲੀਆਂ Read More »

ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਪ੍ਰਕੀਸ਼ਿਤ ਸਿੰਘ ਬਰਾੜ ਨੇ ਜਿੱਤਿਆ ਸੋਨ ਤਗ਼ਮਾ

ਪਟਿਆਲਾ, 11 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਪ੍ਰਕੀਸ਼ਿਤ ਸਿੰਘ ਬਰਾੜ ਨੇ ਨਵੀਂ ਦਿੱਲੀ ਵਿਖੇ ਚੱਲ ਰਹੀ ‘2024 ਵਰਲਡ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ’ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਪੰਜਾਬੀ ਯੂਨੀਵਰਸਿਟੀ ਦੀ ਨਿਸ਼ਾਨੇਬਾਜ਼ ਅਰਸ਼ਦੀਪ ਕੌਰ ਨੇ ਸੋਨੇ ਅਤੇ ਕਾਂਸੀ ਦੇ ਦੋ ਤਗ਼ਮੇ ਜਿੱਤੇ ਸਨ। ਯੂਨੀਵਰਸਿਟੀ ਅਥਾਰਿਟੀ ਵੱਲੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਪ੍ਰੋ. ਅਜੀਤਾ ਨੇ ਖਿਡਾਰੀ ਪ੍ਰਕੀਸ਼ਿਤ ਸਿੰਘ ਬਰਾੜ ਅਤੇ ਉਸ ਦੀ ਕੋਚ ਸੁਰਿੰਦਰ ਕੌਰ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਤਗ਼ਮੇ ਜਿੱਤਣ ਦੀ ਇਸ ਲੜੀ ਨਾਲ਼ ਯੂਨੀਵਰਸਿਟੀ ਦੇ ਖੇਡ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਮੋਹਰ ਹੈ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਹੋ ਰਹੀਆਂ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਦੇ ਮਾਣ ਵਿੱਚ ਵਾਧਾ ਕਰ ਰਹੀਆਂ ਹਨ ਜੋ ਕਿ ਸਾਡੀ ਸੰਸਥਾ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਕੌਰ ਅਤੇ ਪ੍ਰਕੀਸ਼ਿਤ ਸਿੰਘ ਬਰਾੜ ਜਿਹੇ ਹੋਣਹਾਰ ਖਿਡਾਰੀ ਯੂਨੀਵਰਸਿਟੀ ਦਾ ਮਾਣ ਹਨ।

ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਪ੍ਰਕੀਸ਼ਿਤ ਸਿੰਘ ਬਰਾੜ ਨੇ ਜਿੱਤਿਆ ਸੋਨ ਤਗ਼ਮਾ Read More »

ਸਾਡੇ ਸਮਿਆਂ ਦੇ ਸ਼ਹੀਦ ਤੇ ਗਦਾਰ/ਬੁੱਧ ਸਿੰਘ ਨੀਲੋਂ

ਸਾਡੇ ਸਮਿਆਂ ਦੀ ਇਹ ਕੇਹੀ ਤਰਾਸਦੀ ਹੈ ਕਿ ਅੱਜ ਦਾ ਬੱਚਾ ਆਪਣੇ ਬਾਪ ਨੂੰ ਇਹ ਆਖਦਾ ਕਿ ਮੈਂ ‘ਤੇਰਾ ਪੁੱਤ ਨਹੀਂ ‘ ਤੇ ਮੇਰਾ ਬਾਪ ਤਾਂ ‘ਰੁਪਈਆ ‘ ਹੈ। ਇਹ ਗੱਲ ਕਿਸੇ ਹੱਦ ਤੱਕ ਸੱਚ ਵੀ ਹੈ ਕਿ ” ਕਿ ਜਿਸਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ !” ਹੁਣ ਸਿਆਣੇ ਹੋਣ ਦੇ ਲਈ ਗਿਆਨ ਤੇ ਤਜਰਬੇ ਦੀ ਜਰੂਰਤ ਨਹੀਂ । ਸਿਆਣੇ ਬਨਣ ਦੇ ਲਈ ਰੁਪਈਆ ਬਹੁਤ ਜਰੂਰੀ ਹੈ । ਰੁਪਈਆ ਬਨਾਉਣ ਤੇ ਕਮਾਉਣ ਦੇ ਲਈ ਜ਼ਮੀਰ ਦਾ ਹੋਣਾ ਜਰੂਰੀ ਨਹੀਂ ਹੁੰਦਾ । ਜਿਸਦੇ ਕੋਲ ਇਹ ਦੋਵੇਂ ਹੁੰਦੀਆਂ ਹਨ, ਉਹ ਅਜੋਕੀ ਦੁਨੀਆਂ ਦੇ ਵਿੱਚ ਸਭ ਤੋਂ ਮੂਰਖ ਤੇ ਗਿਆਨਹੀਨ ਮੰਨਿਆ ਜਾਂਦਾ ਹੈ । ਕਿਸੇ ਨੂੰ ਮਨਾਉਣ ਜਾਂ ਨਾ ਮਨਾਉਣ ਦੇ ਨਾਲ ਕੋਈ ਫਰਕ ਨਹੀਂ ਪੈਦਾ। ਫਰਕ ਤਾਂ ਉਸ ਵੇਲੇ ਪੈਦਾ ਹੈ ਜਦੋਂ ਗਿਆਨਵਾਨ ਮਨੁੱਖ ਦੀ ਰੀੜ੍ਹ ਦੀ ਹੱਡੀ ਸੱਪ ਵਾਂਗੂੰ ਲਚਕਦਾਰ ਜਾਂ ਲੋਹਾ ਬਣਦੀ ਹੈ । ਬਗ਼ੈਰ ਰੀੜ੍ਹ ਵਾਲਾ ਜੀਵ ਹਰ ਭੀੜ ਵਿੱਚ ਦੀ ਗੁਜਰ ਜਾਂਦਾ ਹੈ ਪਰ ਲੋਹੇ ਦੀ ਰੀੜ੍ਹ ਵਾਲਾ ਤਾਂ ਬਗੈਰ ਭੀੜ ਦੇ ਮੂਹਰੇ ਪਹਾੜ ਬਣ ਜਾਂਦਾ ਹੈ । ਤਣਿਆ ਵਾਲੇ ਰੁੱਖ ਲੰਮਾ ਸਮਾਂ ਜਿਉਦੇ ਤਾਂ ਰਹਿ ਸਕਦੇ ਹਨ ਪਰ ਉਹ ਕਿਸੇ ਦੇ ਲਈ ਫਲ ਤੇ ਫੁੱਲ ਨਹੀਂ ਦੇਦੇ ਸਗੋਂ ਅੰਤ ਨੂੰ ਉਹ ਬਾਲਣ ਦੇ ਕੰਮ ਕੰਮ ਆਉਦੇ ਹਨ । ਉਹ ਕਿਸੇ ਨੂੰ ਜਾਲ ਕੇ ਰਾਖ ਬਣਾ ਸਕਦੇ ਹਨ ਪਰ ਸਖਤ ਤੇ ਮਜ਼ਬੂਤ ਤਣੇ ਤੇ ਟਾਹਣੇ ਵਾਲੇ ਰੁੱਖ ਵਗਦੀ ਹਵਾ ਦਾ ਰੁਖ ਬਦਲ ਸਕਦੇ ਹਨ ਤੇ ਕਿਸੇ ਲਈ ਛਾਂ ਬਣ ਸਕਦੇ ਤੇ ਰਾਹ ਦਸੇਰਾ ਬਣ ਸਕਦੇ ਹਨ । ਉਹ ਰੁੱਖ ਸਦੀਆਂ ਤੇ ਯੁੱਗਾਂ ਤੱਕ ਜਿਉਦੇ ਹਨ ਤੇ ਮਾਰਗ ਦਰਸ਼ਨ ਬਣਦੇ ਹਨ । ਦੁੱਖ ਇਹ ਕਿ ਸਾਡੇ ਸਮਾਜ ਅੰਦਰ ਝਾੜੀਆਂ ਵਰਗਿਆਂ ਦੀ ਅਬਾਦੀ ਦਿਨੋਂ ਦਿਨ ਵੱਧ ਰਹੀ ਹੈ ਤੇ ਉਹ ਹਰ ਥਾਂ ਜੱਫਾ ਮਾਰ ਕੇ ਬਹਿ ਜਾਂਦੇ ਹਨ । ਰੁਪਈਆਂ ਦੇ ਨਾਲ ਡਿਗਰੀਆਂ ਤੁਸੀਂ ਖਰੀਦ ਸਕਦੇ ਹੋ ਪਰ ਗਿਆਨ ਨਹੀਂ । ਗਿਆਨ ਹਾਸਲ ਲਈ ਤਪੱਸਿਆ ਕਰਨੀ ਪੈਂਦੀ ਹੈ । ਪੜ੍ਹਨਾ ਤੇ ਵਿਚਾਰਨਾ ਪੈਦਾ ਹੈ । ਚਿੰਤਨ ਦੇ ਨਾਲ ਚੇਤਨਾ ਪੈਦਾ ਹੁੰਦੀ ਹੈ । ਚੇਤਨਾ ਦਾ ਨਾਲ ਵਿਚਾਰ ਪੈਦਾ ਹੁੰਦੇ ਹਨ । ਵਿਚਾਰਾਂ ਨਾਲ ਲਹਿਰ ਪੈਦਾ ਹੁੰਦੀ ਹੈ । ਲਹਿਰਾਂ ਨਾਲ ਰੁਖ ਬਦਲਿਆ ਜਾਂਦਾ ਹੈ। ਪਰ ਏਨੀ ਤਪੱਸਿਆ ਕੌਣ ਕਰੇ ? ਰੁਪਈਆ ਨਾਲ ਕੋਠੀ ਖਰੀਦ ਸਕਦੇ ਹੋ ਪਰ ਘਰ ਨਹੀਂ । ਘਰ ਬਣਾਉਣ ਦੇ ਲਈ ਰਿਸ਼ਤਿਆਂ ਦੀ ਵਿਆਕਰਨ ਦੀਆਂ ਧੁਨੀਆਂ ਦਾ ਹੋਣਾ ਤੇ ਉਨ੍ਹਾਂ ਨੂੰ ਸੁਰਬੱਧ ਦਾ ਗਿਆਨ ਹੀ ਕੋਠੀ ਨੂੰ ਘਰ ਬਣਾ ਸਕਦਾ ਹੈ । ਰਿਸ਼ਤਿਆਂ ਦੀ ਵਰਣਮਾਲਾ ਦੇ ਵਿੱਚ ਬਚਪਨ, ਜਵਾਨੀ ਤੇ ਬੁਢਾਪਾ ਇਕੋ ਫੇਰੇ ਜਾਂਦੀ ਉਹ ਮਾਲਾ ਹੁੰਦੀ ਹੈ ਜਿਸ ਦੇ ਵਿੱਚ ਲੋਰੀਆਂ, ਸੁਹਾਗ ਤੇ ਆਲੁਹਣੀਆ ਸ਼ਾਮਲ ਹੁੰਦੀਆਂ ਹਨ । ਜਿਹਨਾਂ ਇਮਾਰਤਾਂ ਦੇ ਵਿੱਚ ਇਹ ਤਿੰਨ ਹੀ ਰਿਸ਼ਤਿਆਂ ਦੀ ਮਾਲਾ ਨਹੀਂ ਹੁੰਦੀ ਉਹ ਘਰ ਨਹੀਂ ਹੁੰਦੇ ਭੂਤਵਾੜੇ ਹੁੰਦੇ ਹਨ । ਜਿਥੇ ਭੂਤ ਤਾ ਨੱਚਦੇ ਹਨ ਪਰ ਕਿਸੇ ਬੱਚੇ ਦੀ ਕਿਲਕਾਰੀ, ਕਿਸੇ ਕੁੜੀ ਦੀ ਫੁਲਕਾਰੀ ਤੇ ਬਾਪ ਦੀ ਟਿਚਕਾਰੀ ਨਹੀਂ ਹੁੰਦੀ । ਸਾਡੇ ਸਮਿਆਂ ਦੇ ਵਿੱਚ ਹੁਣ ਘਰ ਨਹੀਂ ਵੱਡੇ ਮਕਾਨ ਬਣਦੇ ਹਨ । ਇਹਨਾਂ ਮਕਾਨਾਂ ਦੇ ਵਿੱਚ ਦੂਜਿਆਂ ਨੂੰ ਖੁਸ਼ ਕਰਨ ਲਈ ਨਹੀਂ ਸਗੋਂ ਦੁਖੀ ਕਰਨ ਲਈ ਸ਼ੋਅਰੂਮਾਂ ਵਾਂਗੂੰ ਵਸਤੂਆਂ ਨੂੰ ਸਜਾਇਆ ਜਾਂਦਾ ਹੈ। ਅਸੀਂ ਆਪਣੇ ਲਈ ਨਹੀਂ ਸਗੋਂ ਦੂਜਿਆਂ ਨੂੰ ਚੰਗਾ ਦਿਖਣ ਦੇ ਲਈ ਜਿਉਦੇ ਹਾਂ। ਸਾਡੇ ਅੰਦਰ ਸਦੀਆਂ ਤੇ ਯੁੱਗਾਂ ਤੋਂ ਇਹ ਡਰ ਬਣਿਆ ਹੋਇਆ ਹੈ ਕਿ “ਲੋਕ ਕੀ ਕਹਿਣਗੇ ?” ਲੋਕਾਂ ਦੇ ਕੋਲ ਕਹਿਣ ਦੇ ਕੁੱਝ ਨਹੀਂ ਹੁੰਦਾ ਸਗੋਂ ਇਹ ਮਨ ਦਾ ਵਹਿਮ ਹੁੰਦਾ ਹੈ । ਇਸੇ ਕਰਕੇ ਅਸੀਂ ਜਿਉਦੇ ਨਹੀਂ ਸਗੋਂ ਸੱਪ ਵਾਂਗੂੰ ਰੀਂਘਦੇ ਹਾਂ ਤੇ ਚੀਕਦੇ ਹਾਂ ਬਗੈਰ ਗਰੀਸ ਲੱਗੇ ਗੱਡੇ ਦੇ ਪਹੀਏ ਵਾਂਗੂੰ । ਅਸੀਂ ਬਹੁਗਿਣਤੀ ਲੋਕ ਬਗੈਰ ਗਰੀਸ ਦੇ ਉਹ ਗੱਡੇ ਹੀ ਹਾਂ ਜੋ ਹਰ ਵੇਲੇ ਚੀਕਦੇ ਹਾਂ। ਸਾਡੇ ਸਮਿਆਂ ਦੇ ਵਿੱਚ ਸ਼ਬਦਾਂ ਦੇ ਅਰਥ ਤੇ ਅਰਥਾਂ ਦੇ ਸ਼ਬਦ ਬਦਲਦੇ ਜਾ ਰਹੇ ਹਨ । ਜ਼ਿੰਦਗੀ ਦੀ ਵਰਣਮਾਲਾ ਦੀ ਵਿਆਕਰਨ ਬਦਲ ਗਈ ਜਾਂ ਬਦਲ ਦਿੱਤੀ ? ਅਸੀਂ ਇਸ ਸਵਾਲ ਦੇ ਜਵਾਬ ਦੀ ਤਲਾਸ਼ ਲਈ ਕਿਸੇ ਛਾਂਦਾਰ ਰੁੱਖ ਥੱਲੇ ਨਹੀਂ ਬੈਠ ਦੇ ਸਗੋਂ ਧੁੱਪ ਵਿੱਚ ਬਹਿ ਕੇ ਮੁੜਕੋ ਮੁੜਕੀ ਹੁੰਦੇ ਹਾਂ ਤੇ ਉਦਾਸ ਨਹੀਂ ਸਗੋਂ ਨਿਰਾਸ਼ ਹੁੰਦੇ ਹਾਂ। ਵਕਤ ਦੀ ਧੁੱਪ ਤੁਹਾਨੂੰ ਕੁੱਝ ਪਲ ਦੇ ਸਕੂਨ ਦੇ ਸਕਦੀ ਹੈ ਪਰ ਛਾਂਦਾਰ ਰੁੱਖ ਵਰਗੀ ਸਾਦਗੀ ਤੇ ਸਬਰ ਨਹੀਂ ਦੇ ਸਕਦੀ। ਨਸ਼ਾ ਬੋਤਲ ਵਿੱਚ ਮਨ ਵਿੱਚ ਹੁੰਦਾ ਹੈ । ਮਨ ਜੇ ਤਨ ਵਿੱਚ ਨਾ ਹੋਵੇ ਤਾਂ ਤਨ ਦਿਸ਼ਾਹੀਣ ਹੋ ਜਾਂਦਾ ਹੈ । ਨਸ਼ਾ ਸਰੀਰ ਨਹੀਂ ਮਨ ਨੂੰ ਚੜ੍ਹਦਾ ਹੈ । ਦਿਨ ਤੇ ਰਾਤ ਦਾ ਸਫਰ ਇੱਕ ਦੂਜੇ ਦੇ ਮਿਲਾਪ ਲਈ ਦੌੜ ਦਾ ਹੈ । ਜਦ ਦਿਨ ਹੁੰਦਾ ਤੇ ਮਨ ਅੰਦਰ ਰਾਤ ਹੁੰਦੀ ਹੈ ਜਦ ਰਾਤ ਹੁੰਦੀ ਤੇ ਤਨ ਅੰਦਰ ਦਿਨ ਹੁੰਦਾ ਹੈ । ਇਹਨਾਂ ਦੋਹਾਂ ਦੀ ਦੂਰੀ ਅਕਸਰ ਉਮਰ ਦਾ ਪੰਧ ਬਣ ਜਾਂਦੀ ਹੈ । ਉਮਰ ਦਾ ਪੰਧ ਪਲਾਂ ਦਾ ਨਹੀਂ ਹੁੰਦਾ ਯੁਗਾਂ ਦਾ ਹੁੰਦਾ ਹੈ । ਅਸੀਂ ਉਮਰ ਦੇ ਪੰਧ ਨੂੰ ਜੀਵਨ ਨਾਲ ਸਗੋਂ ਕੀਤੇ ਕੰਮਾਂ ਨਾਲ ਉਸਦਾ ਵਰ ਮੇਚਦੇ ਹਾਂ। ਕਿਸੇ ਵਰ ਮੇਚਣ ਲਈ ਗਜ਼ ਜਾਂ ਪੈਮਾਨਿਆਂ ਦੀ ਲੋੜ ਨਹੀਂ ਹੁੰਦੀ। ਉਥੇ ਦੇ ਗੀਤ ਤੇ ਸੰਗੀਤ ਦੇ ਨਾਲ ਵੀ ਮਿਣਿਆ ਜਾ ਸਕਦਾ ਹੈ । ਸਾਡੇ ਸਮਿਆਂ ਦੇ ਸ਼ਹੀਦਾਂ ਤੇ ਗਦਾਰ ਨੂੰ ਜਦ ਇੱਕੋ ਤੱਕੜੀ ਵਿੱਚ ਤੋਲਿਆ ਜਾਂਦਾ ਹੈ । ਸ਼ਹੀਦਾਂ ਦੇ ਬਰਾਬਰ ਗਦਾਰ ਸਦਾ ਹੌਲੇ ਹੁੰਦੇ ਹਨ । ਉਨ੍ਹਾਂ ਦੇ ਹਵਾ ਵਿੱਚ ਲਟਕਦੇ ਸਰੀਰ ਸਦਾ ਹੀ ਜ਼ਿੰਦਗੀ ਦੇ ਮੱਥੇ ਵਿੱਚ ਜ਼ਖ਼ਮ ਕਰਦੇ ਹਨ। ਇਹਨਾਂ ਦੇ ਵਿੱਚ ਲੱਗੇ ਕਿੱਲ ਸਦਾ ਹੀ ਤੁਰੀ ਜਾਂਦੀ ਜ਼ਿੰਦਗੀ ਨੂੰ ਦਰਦ ਦੇਂਦੇ ਹਨ । ਗਦਾਰ ਸਦਾ ਹੀ ਸੂਲੀ ਚੜ੍ਹਦੇ ਹਨ ਤੇ ਮਰ ਜਾਂਦੇ ਹਨ । ਸ਼ਹੀਦ ਲੋਕ ਮਨਾ ਵਿੱਚ ਵਸਦੇ ਹਨ ਤੇ ਸਦਾ ਲਈ ਅਮਰ ਹੁੰਦੇ ਹਨ । ਮਰ ਗਿਆ ਨੂੰ ਲੋਕ ਰੋੰਦੇ ਹਨ । ਉਨ੍ਹਾਂ ਦੀਆਂ ਤਲਵਾਰਾਂ ਤੇ ਵਿਚਾਰਾਂ ਨੂੰ ਅੱਗ ਵਿੱਚ ਸਾੜ ਕੇ ਰਾਖ ਬਣਾਉਂਦੇ ਹਨ । ਸ਼ਹੀਦਾਂ ਨੂੰ ਲੋਕ ਸਦਾ ਮਨ ਵਿੱਚ ਵਸਾਈ ਰੱਖਦੇ ਹਨ । ਮਰ ਚੁਕਿਆਂ ਨਾਲ ਸਰਤੰਜ਼ ਖੇਡਣ ਵਾਲੇ ਬਹੁਗਿਣਤੀ ਤਨ ਫਜ਼ੂਲ ਦੀ ਜੰਗ ਲੜਦੇ ਹਨ । ਜੰਗ ਤੇ ਯੁੱਧ ਤਲਵਾਰਾਂ ਤੇ ਹਥਿਆਰਾਂ ਨਾਲ ਨਹੀਂ ਵਿਚਾਰਾਂ ਨਾਲ ਸੂਝ ਤੇ ਸਮਝ ਨਾਲ ਲੜੀ ਜਾਂਦੀ ਹੈ । ਵਿਚਾਰਾਂ ਨੂੰ ਤਲਵਾਰਾਂ ਦੀ ਨਹੀਂ ਹੁੰਦੀ । ਤਲਵਾਰਾਂ ਤੇ ਹਥਿਆਰ ਕੰਮ ਇੱਕ ਬਾਰ ਸੂਝ ਤੇ ਸਿਆਣਪ ਨਾਲ ਵਰਤੇ ਜਾਂਦੀਆਂ ਹਨ ਤੇ ਸਾਰੀ ਉਮਰ ਸੰਭਾਲ ਕੇ ਰੱਖੇ ਜਾਂਦੇ ਹਨ । ਜੰਗ ਦੋ ਧਿਰਾਂ ਵਿੱਚ ਹੁੰਦੀ ਹੈ।ਲੜਦੇ ਤੇ ਮਰਦੇ ਬਗੈਰ ਸਿਰਾਂ ਵਾਲੇ ਹੁੰਦੇ ਹਨ । ਯਤੀਮ ਪਰਵਾਰ ਹੁੰਦੇ ਹਨ ਤੇ ਰਾਜ ਸ਼ੈਤਾਨ ਕਰਦੇ ਹਨ । ਸ਼ੈਤਾਨ ਹੀ ਅੱਜ ਸਾਡੇ ਅੰਦਰ ਤੇ ਬਾਹਰ ਬੈਠਾ ਹੈ। ਇਹ ਵਰਤਾਰਾ ਸਦੀਆਂ ਤੋਂ ਜਾਰੀ ਹੈ । ਭਾਵਨਾਵਾਂ ਦੇ ਵਿੱਚ ਵਹਿੰਦੇ ਲੋਕ ਕੌਮ ਜਾਂ ਦੇਸ਼ ਲਈ ਕੁਰਬਾਨੀਆਂ ਦੇਦੇ ਹਨ ਤੇ ਸਮੇਂ ਦੀ ਸ਼ਹਾਦਤ ਦੇ ਹਨ । ਸ਼ਹੀਦ ਸਦਾ ਜਿਉਂਦੇ ਰਹਿੰਦੇ ਹਨ । ਬਾਕੀ ਸਭ ਕੁੱਝ ਨਾਸ਼ਵਾਨ ਹੈ ਪਰ ਦੂਜਿਆਂ ਦੇ ਜਗਦੇ ਦੀਵਿਆਂ ਵਿੱਚ ਤੇਲ

ਸਾਡੇ ਸਮਿਆਂ ਦੇ ਸ਼ਹੀਦ ਤੇ ਗਦਾਰ/ਬੁੱਧ ਸਿੰਘ ਨੀਲੋਂ Read More »

ਆਪਣੇ ਕਰਮਚਾਰੀਆਂ ਦੇ ਬਲਬੂਤੇ ਪ੍ਰੀਖਿਆਵਾਂ ਦਾ ਪ੍ਰਬੰਧ ਕਰੇ

ਮੈਡੀਕਲ, ਇੰਜੀਨੀਅਰਿੰਗ ਸਣੇ ਹੋਰ ਸਰਬ ਭਾਰਤੀ ਪ੍ਰੀਖਿਆਵਾਂ ਕਰਵਾਉਣ ਵਾਲੀ ਸੰਸਥਾ ਨੈਸ਼ਨਲ ਟੈਸਟਿੰਗ ਏਜੰਸੀ ਭਾਵ ਕਿ ਐੱਨਟੀਏ ’ਚ ਸੁਧਾਰ ਨੂੰ ਲੈ ਕੇ ਜੋ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਮਨਜ਼ੂਰੀ ਮਿਲਣ ਦੀ ਪੂਰੀ ਸੰਭਾਵਨਾ ਹੈ। ਇਹ ਵੀ ਨਜ਼ਰ ਆ ਰਿਹਾ ਹੈ ਕਿ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਐੱਨਟੀਏ ਦੀ ਕਾਰਜਪ੍ਰਣਾਲੀ ’ਚ ਸੁਧਾਰ ਹੋਵੇਗਾ ਤੇ ਪਿਛਲੇ ਸਾਲ ਨੀਟ ’ਚ ਕਮੀਆਂ ਦੇ ਕਾਰਨ ਇਸ ਸੰਸਥਾ ਦੀ ਭਰੋਸੇਯੋਗਤਾ ਨੂੰ ਜੋ ਸੱਟ ਵੱਜੀ ਹੈ, ਉਸ ’ਚ ਵੀ ਸੁਧਾਰ ਹੋ ਸਕੇਗਾ ਪਰ ਇਹ ਸਾਰਾ ਕੁਝ ਇਸ ’ਤੇ ਨਿਰਭਰ ਕਰੇਗਾ ਕਿ ਐੱਨਟੀਏ ’ਚ ਸੁਧਾਰ ਲਈ ਬਣਾਈ ਗਈ ਰਾਧਾਕ੍ਰਿਸ਼ਣਨ ਕਮੇਟੀ ਦੀਆਂ ਸਿਫ਼ਾਰਿਸ਼ਾਂ ’ਤੇ ਵੀ ਸਹੀ ਤਰੀਕੇ ਨਾਲ ਅਮਲ ਕੀਤਾ ਜਾਂਦਾ ਹੈ ਕਿ ਨਹੀਂ। ਯਕੀਨੀ ਤੌਰ ’ਤੇ ਇਹ ਸਮੇਂ ਦੀ ਮੰਗ ਹੈ ਕਿ ਐੱਨਟੀਏ ਜਿੱਥੋਂ ਤੱਕ ਸੰਭਵ ਹੋ ਸਕੇ, ਆਨਲਾਈਨ ਪੱਧਰ ਦੀਆਂ ਪ੍ਰੀਖਿਆਵਾਂ ਕਰਵਾਏ। ਜੇਕਰ ਵਿਦਿਆਰਥੀਆਂ ਦੀ ਜ਼ਿਆਦਾ ਗਿਣਤੀ ਦੇ ਕਾਰਨ ਆਫਲਾਈਨ ਪ੍ਰੀਖਿਆਵਾਂ ਕਰਵਾਉਣ ਦੇ ਅੜਿੱਕੇ ਹੋਣ ਤਾਂ ਅਜਿਹਾ ਕੀਤਾ ਜਾਣਾ ਚਾਹੀਦਾ ਪਰ ਇਸ ਤਰੀਕੇ ’ਚ ਵੀ ਇਹ ਤੈਅ ਕੀਤਾ ਜਾਣਾ ਜ਼ਰੂਰੀ ਹੈ ਕਿ ਪ੍ਰਸ਼ਨ ਪੱਤਰ ਡਿਜੀਟਲ ਰੂਪ ’ਚ ਹੀ ਪ੍ਰੀਖਿਆ ਕੇਂਦਰ ਤੱਕ ਪੁੱਜਦੇ ਹੋਣ। ਇਸ ਤੋਂ ਇਲਾਵਾ ਇਹ ਵੀ ਹੋਣਾ ਚਾਹੀਦਾ ਹੈ ਕਿ ਪ੍ਰਸ਼ਨ ਪੱਤਰਾਂ ਦੇ ਕਈ ਸੈੱਟ ਤਿਆਰ ਕੀਤੇ ਜਾਣ ਤਾਂ ਕਿ ਜੇਕਰ ਕਿਤੇ ਕੋਈ ਭੁੱਲ ਚੁੱਕ ਹੋ ਵੀ ਜਾਵੇ ਤਾਂ ਕੌਮੀ ਪੱਧਰ ’ਤੇ ਪ੍ਰੀਖਿਆ ਨੂੰ ਰੱਦ ਕਰਨ ਦੀ ਨੌਬਤ ਨਾ ਆਵੇ। ਇਸ ਦੀ ਕੋਈ ਲੋੜ ਨਹੀਂ ਕਿ ਤਕਨੀਕ ਦੇ ਇਸ ਯੁੱਗ ’ਚ ਪ੍ਰਸ਼ਨ ਪੱਤਰ ਤਿਆਰ ਕਰ ਕੇ ਉਨ੍ਹਾਂ ਦਾ ਪ੍ਰਕਾਸ਼ਨ ਕਰਵਾਇਆ ਜਾਵੇ ਤੇ ਫਿਰ ਉਨ੍ਹਾਂ ਨੂੰ ਦੇਸ਼ ਭਰ ’ਚ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਾਇਆ ਜਾਵੇ। ਇਸ ਪ੍ਰੀਕਿਰਿਆ ਨੂੰ ਜ਼ਰੂਰੀ ਰੂਪ ਨਾਲ ਬੰਦ ਕਰਨਾ ਪਵੇਗਾ, ਕਿਉਂਕਿ ਪ੍ਰਸ਼ਨ ਪੱਤਰਾਂ ਨੂੰ ਭੇਜਣ ਦੀ ਪ੍ਰਕਿਰਿਆ ’ਚ ਉਨ੍ਹਾਂ ਦੀ ਖੁਫ਼ੀਆਗਿਰੀ ’ਚ ਕਿਤੇ ਵੀ ਸੰਨ੍ਹ ਲਾਈ ਜਾ ਸਕਦੀ ਹੈ। ਆਮ ਤੌਰ ’ਤੇ ਪ੍ਰੀਖਿਆਵਾਂ ’ਚ ਸੰਨ੍ਹ ਉਦੋਂ ਹੀ ਲੱਗਦੀ ਹੈ ਜਦੋਂ ਕਿਸੇ ਨਾ ਕਿਸੇ ਪੱਧਰ ’ਤੇ ਪ੍ਰਸ਼ਨ ਪੱਤਰ ਲੀਕ ਹੋ ਜਾਂਦੇ ਹਨ। ਅਸਲ ’ਚ ਪ੍ਰਸ਼ਨ ਪੱਤਰਾਂ ਨੂੰ ਡਿਜੀਟਲ ਮੋਡ ’ਚ ਪ੍ਰੀਖਿਆ ਕੇਂਦਰਾਂ ’ਚ ਭੇਜਣ ਦਾ ਪ੍ਰਬੰਧ ਐੱਨਟੀਏ ਦੇ ਨਾਲ-ਨਾਲ ਹੋਰ ਪ੍ਰੀਖਿਆਵਾਂ ਵਿਸ਼ੇਸ਼ ਰੂਪ ਵਿਚ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਕਰਨਾ ਚਾਹੀਦਾ ਹੈ। ਰਾਧਾਕ੍ਰਿਸ਼ਣਨ ਕਮੇਟੀ ਨੇ ਜੋ ਇਕ ਹੋਰ ਮਹੱਤਵਪੂਰਨ ਸਿਫ਼ਾਰਿਸ਼ ਕੀਤੀ ਹੈ, ਉਹ ਇਹ ਹੈ ਕਿ ਪ੍ਰੀਖਿਆਵਾਂ ਵਿਚ ਆਊਟਸੋਰਸਿੰਗ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕੀਤਾ ਜਾਵੇ। ਇਕ ਅਜਿਹੇ ਸਮੇਂ ਜਦੋਂ ਪ੍ਰੀਖਿਆਵਾਂ ਦੀ ਗੁਪਤਤਾ ਵਾਰ-ਵਾਰ ਭੰਗ ਹੋ ਰਹੀ ਹੈ, ਉਦੋਂ ਐੱਨਟੀਏ ਵਰਗੀ ਏਜੰਸੀ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੈ ਕਿ ਉਹ ਠੇਕੇ ’ਤੇ ਪ੍ਰੀਖਿਆਵਾਂ ਕਰਵਾਏ ਤੇ ਉਸ ਨੂੰ ਇਨ੍ਹਾਂ ਨੂੰ ਕਰਵਾਉਣ ਲਈ ਬਾਹਰਲੇ ਲੋਕਾਂ ਦੀ ਮਦਦ ਲੈਣੀ ਪਵੇ। ਇਸ ਦਾ ਪੂਰਾ ਖ਼ਦਸ਼ਾ ਹੈ ਕਿ ਪ੍ਰੀਖਿਆਵਾਂ ’ਚ ਗੜਬੜ ਲਈ ਇਹ ਬਾਹਰੀ ਲੋਕ ਜਵਾਬਦੇਹ ਹੁੰਦੇ ਹਨ। ਰਾਧਾਕ੍ਰਿਸ਼ਣਨ ਕਮੇਟੀ ਦੀ ਇਹ ਸਿਫ਼ਾਰਿਸ਼ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਬਣਾ ਕੇ ਰੱਖਣ ’ਚ ਸਹਾਇਕ ਹੋਣ ਵਾਲੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਨਿੱਜੀ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਬਣਾਉਣ ਤੋਂ ਬਚਿਆ ਜਾਵੇ। ਕਿਉਂਕਿ ਦੇਸ਼ ਦੇ ਹਰ ਹਿੱਸੇ ’ਚ ਕੇਂਦਰੀ ਵਿਦਿਆਲਿਆ ਤੇ ਨਵੋਦਿਆ ਵਿਦਿਆਲਿਆ ਹਨ, ਇਸ ਲਈ ਉਨ੍ਹਾਂ ਨੂੰ ਹੀ ਪ੍ਰੀਖਿਆ ਕੇਂਦਰ ਬਣਾਇਆ ਜਾਵੇ। ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਨਿੱਜੀ ਸਕੂਲਾਂ ’ਚ ਨਕਲ ਮਾਫ਼ੀਆ ਕਿਸੇ ਨਾ ਕਿਸੇ ਤਰ੍ਹਾਂ ਸੰਨ੍ਹ ਲਗਾਉਣ ’ਚ ਸਮਰੱਥ ਰਹਿੰਦਾ ਹੈ। ਰਾਧਾਕ੍ਰਿਸ਼੍ਣਨ ਕਮੇਟੀ ਦੇ ਇਸ ਸੁਝਾਅ ਨੂੰ ਜ਼ਰੂਰੀ ਰੂਪ ’ਚ ਮਨਜ਼ੂਰ ਕੀਤਾ ਜਾਣਾ ਚਾਹੀਦਾ ਹੈ ਕਿ ਐੱਨਟੀਏ ਆਪਣੇ ਕਰਮਚਾਰੀਆਂ ਦੇ ਬਲਬੂਤੇ ਪ੍ਰੀਖਿਆਵਾਂ ਦਾ ਪ੍ਰਬੰਧ ਕਰੇ।

ਆਪਣੇ ਕਰਮਚਾਰੀਆਂ ਦੇ ਬਲਬੂਤੇ ਪ੍ਰੀਖਿਆਵਾਂ ਦਾ ਪ੍ਰਬੰਧ ਕਰੇ Read More »

ਟਰੂਡੋ ਦਾ ਇਕਬਾਲ

ਅਹਿਮ ਮੋੜ ਕੱਟਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਧਰਤੀ ’ਤੇ ਖਾਲਿਸਤਾਨੀ ਹਮਾਇਤੀਆਂ ਦੀ ਮੌਜੂਦਗੀ ਨੂੰ ਸਵੀਕਾਰਿਆ ਹੈ; ਨਾਲ ਹੀ ਜ਼ੋਰ ਦਿੱਤਾ ਹੈ ਕਿ ਉਹ ਉੱਥੇ ਵਿਆਪਕ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਨਹੀਂ ਕਰਦੇ। ਭਾਰਤ ਨਾਲ ਚੱਲ ਰਹੇ ਕੂਟਨੀਤਕ ਤਣਾਅ ਵਿਚਾਲੇ ਟਰੂਡੋ ਦੀਆਂ ਇਨ੍ਹਾਂ ਟਿੱਪਣੀਆਂ ’ਚੋਂ ਸੰਤੁਲਿਤ ਕਾਰਵਾਈ ਦੀ ਝਲਕ ਪੈਂਦੀ ਹੈ। ਖਾਲਿਸਤਾਨੀ ਕੱਟੜਵਾਦ ਬਾਰੇ ਚਿੰਤਾਵਾਂ ਨੂੰ ਮਾਨਤਾ ਦਿੰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਹਾਲਾਂਕਿ ਇਸ ਛੋਟੇ ਧੜੇ ਨੂੰ ਬਹੁਗਿਣਤੀ ਸਿੱਖ ਭਾਈਚਾਰੇ ਨਾਲੋਂ ਵੱਖਰਾ ਦੱਸਿਆ ਹੈ ਜਿਹੜੇ ਵੱਡੇ ਪੱਧਰ ’ਤੇ ਕੈਨੇਡੀਅਨ ਸਮਾਜ ’ਚ ਸ਼ਾਂਤੀਪੂਰਨ ਢੰਗ ਨਾਲ ਵਸ ਚੁੱਕੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਇਹ ਇਕਬਾਲ ਬਰੈਂਪਟਨ (ਓਂਟਾਰੀਓ) ਦੇ ਹਿੰਦੂ ਮੰਦਿਰ ’ਚ ਹਾਲ ਹੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਕੀਤਾ ਹੈ ਜਿੱਥੇ ਖਾਲਿਸਤਾਨ ਹਮਾਇਤੀਆਂ ਨੇ ਹੰਗਾਮਾ ਕਰ ਕੇ ਸ਼ਰਧਾਲੂਆਂ ਨਾਲ ਹਿੰਸਾ ਕੀਤੀ ਸੀ। ਇਸ ਦੀ ਵਿਆਪਕ ਨਿਖੇਧੀ ਹੋਈ ਹੈ। ਕੈਨੇਡਾ ਦੀ ਸਰਕਾਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ ਜਿਸ ਨਾਲ ਧਾਰਮਿਕ ਆਜ਼ਾਦੀ ਤੇ ਹਰੇਕ ਕੈਨੇਡੀਅਨ ਦੀ ਸੁਰੱਖਿਆ ਯਕੀਨੀ ਕਰਨ ਬਾਰੇ ਟਰੂਡੋ ਸਰਕਾਰ ਦਾ ਰੁਖ਼ ਹੋਰ ਪੱਕਾ ਹੋਇਆ ਹੈ। ਇਸ ਤੋਂ ਬਾਅਦ ਭਾਰਤ ਨੇ ਜ਼ੋਰਦਾਰ ਢੰਗ ਨਾਲ ਆਪਣੀ ਮੰਗ ਰੱਖਦਿਆਂ ਕਿਹਾ ਸੀ ਕਿ ਕੈਨੇਡਾ ਕੱਟੜਵਾਦੀ ਤੱਤਾਂ ’ਤੇ ਸ਼ਿਕੰਜਾ ਕੱਸੇ। ਟਰੂਡੋ ਦੀ ਘਰੇਲੂ ਪਹੁੰਚ ਕੈਨੇਡਾ ਅੰਦਰਲੇ ਕੱਟੜਵਾਦ ਨੂੰ ਨੱਥ ਪਾਉਣ ਵੱਲ ਸੇਧਿਤ ਜਾਪਦੀ ਹੈ ਪਰ ਨਾਲ ਹੀ ਉਹ ਕੈਨੇਡਾ ਦੀ ਰਸੂਖ਼ਵਾਨ ਸਿੱਖ ਆਬਾਦੀ ਨੂੰ ਆਪਣੇ ਤੋਂ ਦੂਰ ਕਰਨ ਤੋਂ ਵੀ ਬਚਣਾ ਚਾਹੁਣਗੇ। ਇਹ ਨੀਤੀ ਉਨ੍ਹਾਂ ਦੀ ਵੋਟ ਬੈਂਕ ਸਿਆਸਤ ਅਤੇ ਪਰਵਾਸੀ ਤਬਕੇ ਨਾਲ ਸਬੰਧ ਸੁਖਾਵੇਂ ਰੱਖਣ ਦੇ ਮੁਤਾਬਿਕ ਹੈ। ਸਥਿਤੀ ਨੂੰ ਹੋਰ ਗੁੰਝਲਦਾਰ ਕਰਦਿਆਂ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ’ਤੇ ਵੀਜ਼ਾ ਪਾਬੰਦੀਆਂ ਲਾ ਦਿੱਤੀਆਂ ਹਨ ਜਿਨ੍ਹਾਂ ’ਚ ਵੱਡੀ ਗਿਣਤੀ ਭਾਰਤ ਤੋਂ ਆਉਣ ਵਾਲਿਆਂ ਦੀ ਹੈ। ਇਸ ਲਈ ਮਕਾਨਾਂ ਤੇ ਸਰੋਤਾਂ ਦੀ ਘਾਟ ਦਾ ਹਵਾਲਾ ਦਿੱਤਾ ਗਿਆ ਹੈ। ਇਹ ਨਵੀਆਂ ਰੋਕਾਂ ਤਣਾਅ ਵਿੱਚ ਹੋਰ ਵਾਧਾ ਵੀ ਕਰ ਸਕਦੀਆਂ ਹਨ ਕਿਉਂਕਿ ਭਾਰਤ ਨਾਲ ਕੈਨੇਡਾ ਦੇ ਵਿਦਿਅਕ ਰਿਸ਼ਤੇ ਖ਼ਾਸ ਤੌਰ ’ਤੇ ਇਸ ਦੇ (ਕੈਨੇਡਾ) ਅਰਥਚਾਰੇ ਲਈ ਬਹੁਤ ਅਹਿਮੀਅਤ ਰੱਖਦੇ ਹਨ। ਅਗਲੀ ਕਾਰਵਾਈ ਕਰਦਿਆਂ ਕੈਨੇਡੀਅਨ ਆਗੂਆਂ ਨੂੰ ਹੁਣ ਕੱਟੜਵਾਦ ਵਿਰੁੱਧ ਸਖ਼ਤ ਰੁਖ ਅਖ਼ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਸੁਰੱਖਿਆ ਤੇ ਕੂਟਨੀਤਕ ਸਦਭਾਵ ਬਣਿਆ ਰਹੇ। ਟਰੂਡੋ ਦਾ ਬਿਆਨ ਭਾਵੇਂ ਪਾਰਦਰਸ਼ਤਾ ਖ਼ਾਤਿਰ ਚੁੱਕਿਆ ਗਿਆ ਕਦਮ ਜਾਪਦਾ ਹੈ ਪਰ ਕੱਟੜਵਾਦੀ ਧਡਿ਼ਆਂ ’ਤੇ ਵੱਧ ਤਾਕਤ ਨਾਲ ਸ਼ਿਕੰਜਾ ਕੱਸਣ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਦਿਖਾਈ ਜਾਂਦੀ ਝਿਜਕ ਉਨ੍ਹਾਂ ਤੱਤਾਂ ਨੂੰ ਹੱਲਾਸ਼ੇਰੀ ਦਿੰਦੀ ਹੈ ਜਿਨ੍ਹਾਂ ਦੀਆਂ ਕਾਰਵਾਈਆਂ ਨਾਲ ਕੌਮਾਂਤਰੀ ਰਿਸ਼ਤੇ ਖ਼ਰਾਬ ਹੋ ਰਹੇ ਹਨ। ਟਰੂਡੋ ਦੇ ਰੁਖ਼ ’ਚ ਇਸ ਤਬਦੀਲੀ ਨਾਲ ਹਰਦੀਪ ਸਿੰਘ ਨਿੱਝਰ ਮਾਮਲੇ ਕਾਰਨ ਦੋਵਾਂ ਦੇਸ਼ਾਂ ਦੇ ਤਿੜਕੇ ਕੂਟਨੀਤਕ ਰਿਸ਼ਤੇ ਸੁਧਰਨ ਦੀ ਆਸ ਬਹੁਤ ਮੱਧਮ ਹੈ। ਪ੍ਰਧਾਨ ਮੰਤਰੀ ਨੇ ਆਪਣੇ ਖੁਲਾਸਿਆਂ ’ਚ ‘ਬਿਨਾਂ ਠੋਸ ਸਬੂਤ’ ਇੰਟੈਲੀਜੈਂਸ ਦੇ ਆਧਾਰ ਉੱਤੇ ਦੋਸ਼ ਲਾਇਆ ਸੀ ਕਿ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਹੈ। ਇਸ ਤੋਂ ਬਾਅਦ ਨਿਰੰਤਰ ਦੋਵਾਂ ਦੇਸ਼ਾਂ ਦੇ ਕੂਟਨੀਤਕ ਰਿਸ਼ਤੇ ਨਿੱਘਰਦੇ ਗਏ ਹਨ ਅਤੇ ਡਿਪਲੋਮੈਟਾਂ ਨੂੰ ਵੀ ਵਾਪਸ ਭੇਜਿਆ ਗਿਆ ਹੈ।

ਟਰੂਡੋ ਦਾ ਇਕਬਾਲ Read More »

ਪੈਪਸੀਕੋ, ਯੂਨੀਲੀਵਰ ਤੇ ਡੈਨੋਨ ‘ਤੇ ਲੱਗਾ ਭਾਰਤ ‘ਚ ਘੱਟ ਹੈਲਦੀ ਪ੍ਰੋਡਕਟਸ ਵੇਚਣ ਦਾ ਦੋਸ਼

11 ਨਵੰਬਰ – ਗਲੋਬਲ ਪੈਕਡ ਫੂਡ ਕੰਪਨੀਆਂ ਜਿਵੇਂ ਕਿ ਪੈਪਸੀਕੋ , ਯੂਨੀਲੀਵਰ ਤੇ ਡੈਨੋਨ ਭਾਰਤ ਸਮੇਤ ਦੂਸਰੇ ਹੋਰ ਲੋਅ-ਇਨਕਮ ਵਾਲੇ ਦੇਸ਼ਾਂ ਵਿਚ ਘੱਟ ਹੈਲਦੀ ਪ੍ਰੋਡਕਟ ਵੇਚ ਰਹੀਆਂ ਹਨ। ਇਹ ਦੋਸ਼ ਗਲੋਬਲ ਪਬਲਿਕ ਗੈਰ-ਲਾਭਕਾਰੀ ਫਾਊਂਡੇਸ਼ਨ ਐਕਸੈਸ ਟੂ ਨਿਊਟ੍ਰੀਸ਼ਨ ਇਨੀਸ਼ੀਏਟਿਵ (ATNI) ਦੀ ਇਕ ਨਵੀਂ ਸੂਚਕਾਂਕ ਰਿਪੋਰਟ ਵਿਚ ਲਗਾਇਆ ਗਿਆ ਹੈ। ATNI ਗਲੋਬਲ ਇੰਡੈਕਸ ਦੀ ਰਿਪੋਰਟ ਦੇ ਅਨੁਸਾਰ, ਇਹ ਕੰਪਨੀਆਂ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਉਤਪਾਦ ਵੇਚ ਰਹੀਆਂ ਹਨ ਜਿਨ੍ਹਾਂ ਦੀ ਸਿਹਤ ਸਟਾਰ ਰੇਟਿੰਗ ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਵੇਚੇ ਜਾ ਰਹੇ ਉਤਪਾਦਾਂ ਨਾਲੋਂ ਕਾਫ਼ੀ ਘੱਟ ਹੈ। ਰਿਪੋਰਟ ‘ਚ ਘੱਟ ਤੇ ਘੱਟ-ਮੱਧਮ ਆਦਮਨ ਵਾਲੇ ਦੇਸ਼ਾਂ ਦੇ ਰੂਪ ‘ਚ ਇਥੋਪੀਆ, ਘਾਨਾ, ਭਾਰਤ, ਕੀਨੀਆ, ਨਾਈਜੀਰੀਆ, ਪਾਕਿਸਤਾਨ, ਫਿਲੀਪੀਨਜ਼, ਤਨਜ਼ਾਨੀਆ ਅਤੇ ਵੀਅਤਨਾਮ ਨੂੰ ਸ਼ਾਮਲ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਉਦਾਹਰਨ ਲਈ ਲੇਅਜ਼ ਚਿਪਸ ਤੇ ਟ੍ਰੋਪਿਕਨਾ ਜੂਸ ਵੇਚਣ ਵਾਲੀ ਪੈਪਸੀਕੋ ਨੇ ਆਪਣੇ “ਨਿਊਟਰੀ-ਸਕੋਰ ਏ/ਬੀ” ਵਾਲੇ ਉਤਪਾਦਾਂ ਦੀ ਵਿਕਰੀ ਵਧਾਉਣ ਦਾ ਟੀਚਾ ਰੱਖਿਆ ਹੈ, ਪਰ ਇਹ ਟੀਚਾ ਸਿਰਫ ਯੂਰਪੀਅਨ ਯੂਨੀਅਨ ਦੇ ਸਨੈਕਸ ਪੋਰਟਫੋਲੀਓ ਤਕ ਸੀਮਤ ਹੈ। ਯੂਨੀਲੀਵਰ ਦੇ ਭੋਜਨ ਉਤਪਾਦਾਂ ‘ਚ ਕਵਾਲਿਟੀ ਵਾਲਜ਼, ਮੈਗਨਮ ਆਈਸ ਕਰੀਮ, ਨੌਰ ਸੂਪ ਤੇ ਰੈਡੀ ਟੂ ਈਟ ਕੁਕ ਮਿਕਸ ਸ਼ਾਮਲ ਹਨ ਜਦਕਿ ਡੈਨੋਨ ਭਾਰਤ ‘ਚ ਪ੍ਰੋਟਿਨੈਕਸ ਸਪਲੀਮੈਂਟਸ ਤੇ ਐਪਟਾਮਿਲ ਇਨਫੈਂਟ ਫਾਰਮੂਲਾ ਵੇਚਦਾ ਹੈ। ਇਸ ਐਨਜੀਓ ਨੇ 30 ਅਜਿਹੀਆਂ ਕੰਪਨੀਆਂ ਦੀ ਰੈਂਕਿੰਗ ਕੀਤੀ ਹੈ ਜਿਨ੍ਹਾਂ ਦੇ ਸਿਹਤ ਸਕੋਰ ਡਿਵੈਲਪਡ ਤੇ ਘੱਟ ਆਮਦਨੀ ਵਾਲੇ ਦੇਸ਼ਾਂ ਵਿਚਕਾਰ ਬਹੁਤ ਵੱਡਾ ਪਾੜਾ ਹੈ। ਇਹ ਸਟਾਰ ਰੇਟਿੰਗ ਸਿਸਟਮ ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਡਿਵੈੱਲਪ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ATNI ਸੂਚਕ ਅੰਕ ਨੇ ਘੱਟ ਅਤੇ ਉੱਚ ਆਮਦਨੀ ਵਾਲੇ ਦੇਸ਼ਾਂ ਵਿੱਚ ਸਕੋਰ ਨੂੰ ਵੰਡਿਆ ਹੈ। ਭਾਰਤ ਵਿੱਚ ਕੰਮ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ‘ਚ ਪੈਪਸੀਕੋ, ਡੈਨੋਨ ਤੇ ਯੂਨੀਲੀਵਰ ਸ਼ਾਮਲ ਹਨ। ਯੂਐੱਸ-ਅਧਾਰਿਤ ATNI ਇੰਡੈਕਸ ਅਨੁਸਾਰ, ਹੈਲਥ ਸਟਾਰ ਰੇਟਿੰਗ ਸਿਸਟਮ ਤਹਿਤ ਉਤਪਾਦਾਂ ਨੂੰ 5 ਵਿੱਚੋਂ ਉਨ੍ਹਾਂ ਦੇ ਸਿਹਤ ਸਕੋਰ ਦੇ ਆਧਾਰ ‘ਤੇ ਰੇਟ ਕੀਤਾ ਜਾਂਦਾ ਹੈ। ਜਿਸ ਵਿਚ 5 ਸਭ ਤੋਂ ਵਧੀਆ ਸਕੋਰ ਹੈ ਅਤੇ 3.5 ਤੋਂ ਉੱਪਰ ਦਾ ਸਕੋਰ ਸਿਹਤਮੰਦ ਮੰਨਿਆ ਜਾਂਦਾ ਹੈ। ਘੱਟ ਆਮਦਨੀ ਵਾਲੇ ਦੇਸ਼ਾਂ ‘ਚ ਭੋਜਨ ਕੰਪਨੀਆਂ ਦੇ ਪੋਰਟਫੋਲੀਓ ਦੀ ਜਾਂਚ ਕੀਤੀ ਗਈ ਤੇ 1.8 ਦੇ ਸਕੋਰ ‘ਤੇ ਦਰਜਾਬੰਦੀ ਕੀਤੀ ਗਈ ਜਦੋਂਕਿ ਉੱਚ ਆਮਦਨੀ ਵਾਲੇ ਦੇਸ਼ਾਂ ਵਿੱਚ ਅਜਿਹੇ ਉਤਪਾਦਾਂ ਨੂੰ ਔਸਤਨ 2.3 ਦਾ ਸਕੋਰ ਮਿਲਿਆ ਹੈ।

ਪੈਪਸੀਕੋ, ਯੂਨੀਲੀਵਰ ਤੇ ਡੈਨੋਨ ‘ਤੇ ਲੱਗਾ ਭਾਰਤ ‘ਚ ਘੱਟ ਹੈਲਦੀ ਪ੍ਰੋਡਕਟਸ ਵੇਚਣ ਦਾ ਦੋਸ਼ Read More »

ਅਮਰੀਕਾ ਦੀ ਟਸਕੇਗੀ ਯੂਨੀਵਰਸਿਟੀ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ

ਟਸਕੇਗੀ, 11 ਨਵੰਬਰ – ਅਮਰੀਕਾ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਗੋਲ਼ੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਐਤਵਾਰ ਤੜਕੇ ਅਲਾਬਾਮਾ ਵਿੱਚ ਟਸਕੇਗੀ ਯੂਨੀਵਰਸਿਟੀ ਵਿੱਚ ਇੱਕ ਵਿਸ਼ਾਲ ਗੋਲ਼ੀਬਾਰੀ ਹੋਈ। ਇਸ ਘਟਨਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ। ਕਈ ਵਿਦਿਆਰਥੀ ਜ਼ਖ਼ਮੀ, ਸ਼ੂਟਰ ਗ੍ਰਿਫ਼ਤਾਰ ਪੁਲਿਸ ਨੇ ਦੱਸਿਆ ਕਿ ਗੋਲ਼ੀਬਾਰੀ ਦਾ ਸ਼ਿਕਾਰ 18 ਸਾਲਾ ਵਿਦਿਆਰਥੀ ਯੂਨੀਵਰਸਿਟੀ ਦਾ ਵਿਦਿਆਰਥੀ ਨਹੀਂ ਸੀ ਪਰ ਜ਼ਖ਼ਮੀਆਂ ਵਿੱਚੋਂ ਕੁਝ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਪੁਲਿਸ ਨੇ ਹੁਣ ਇੱਕ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਲਾਬਾਮਾ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਐਤਵਾਰ ਦੁਪਹਿਰ ਦੇ ਅਪਡੇਟ ਵਿੱਚ ਕਿਹਾ ਕਿ ਗੋਲ਼ੀਬਾਰੀ ਵਿੱਚ 12 ਲੋਕ ਜ਼ਖ਼ਮੀ ਹੋਏ ਅਤੇ ਚਾਰ ਹੋਰਾਂ ਨੂੰ ਸੱਟਾਂ ਲੱਗੀਆਂ। ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਲ਼ੀਬਾਰੀ ਵਿੱਚ ਮਰਨ ਵਾਲੇ ਵਿਅਕਤੀ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਟਸਕੇਗੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਮੇਤ ਕਈ ਹੋਰ ਜ਼ਖ਼ਮੀ ਹੋ ਗਏ ਅਤੇ ਓਪੇਲਿਕਾ ਦੇ ਈਸਟ ਅਲਾਬਾਮਾ ਮੈਡੀਕਲ ਸੈਂਟਰ ਅਤੇ ਮੋਂਟਗੋਮਰੀ ਦੇ ਬੈਪਟਿਸਟ ਸਾਊਥ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਵਿਦਿਆਰਥੀ ਦੇ ਪੇਟ ਵਿੱਚ ਗੋਲੀ ਮੈਕਨ ਕਾਉਂਟੀ ਦੇ ਕੋਰੋਨਰ ਹਾਲ ਬੈਂਟਲੇ ਨੇ ਐਤਵਾਰ ਨੂੰ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਮੋਂਟਗੋਮਰੀ ਵਿੱਚ ਸਟੇਟ ਫੋਰੈਂਸਿਕ ਕੇਂਦਰ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਸਿਟੀ ਪੁਲਿਸ ਦੇ ਮੁਖੀ ਪੈਟਰਿਕ ਮਾਰਡਿਸ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਇੱਕ ਵਿਦਿਆਰਥਣ ਸ਼ਾਮਲ ਹੈ ਜਿਸ ਦੇ ਪੇਟ ਵਿੱਚ ਗੋਲੀ ਲੱਗੀ ਸੀ ਅਤੇ ਇੱਕ ਵਿਦਿਆਰਥੀ ਜਿਸ ਨੂੰ ਬਾਂਹ ਵਿੱਚ ਗੋਲੀ ਲੱਗੀ ਸੀ। ਸਿਟੀ ਪੁਲਿਸ ਕੈਂਪਸ ਦੇ ਬਾਹਰ ਇੱਕ ਗੈਰ-ਸੰਬੰਧਿਤ ਦੋਹਰੀ ਗੋਲ਼ੀਬਾਰੀ ਦਾ ਜਵਾਬ ਦੇ ਰਹੀ ਸੀ ਜਦੋਂ ਅਧਿਕਾਰੀਆਂ ਨੂੰ ਯੂਨੀਵਰਸਿਟੀ ਦੇ ਵੈਸਟ ਕਾਮਨਜ਼ ਅਪਾਰਟਮੈਂਟਸ ਵਿੱਚ ਗੋਲੀਬਾਰੀ ਬਾਰੇ ਇੱਕ ਕਾਲ ਪ੍ਰਾਪਤ ਹੋਈ। ਇਹ ਗੋਲ਼ੀਬਾਰੀ ਉਦੋਂ ਹੋਈ ਜਦੋਂ ਇਤਿਹਾਸਕ ਤੌਰ ‘ਤੇ ਬਲੈਕ ਯੂਨੀਵਰਸਿਟੀ ਦਾ 100ਵਾਂ ਹੋਮਕਮਿੰਗ ਵੀਕ ਸਮਾਪਤ ਹੋ ਰਿਹਾ ਸੀ। ਸਕੂਲ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਮਾਪਿਆਂ ਨੂੰ ਦੱਸ ਰਹੀ ਹੈ। ਗੋਲ਼ੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਟਸਕੇਗੀ ਪੁਲਿਸ ਮੁਖੀ ਦੇ ਦਫ਼ਤਰ ਵਿੱਚ ਫ਼ੋਨ ਦਾ ਜਵਾਬ ਦੇਣ ਵਾਲੇ ਇੱਕ ਵਿਅਕਤੀ ਨੇ ਕਿਹਾ ਕਿ ਤੁਰੰਤ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ। ਅਲਾਬਾਮਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਵਿਸ਼ੇਸ਼ ਏਜੰਟ ਅਜੇ ਵੀ ਘਟਨਾ ਦੀ ਲੜੀ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਅਤੇ ਜਾਂਚ ਕਰਨ ਦੀ ਪ੍ਰਕਿਰਿਆ ਵਿੱਚ ਹਨ ਜੋ ਆਖਿਰਕਾਰ ਗੋਲੀਬਾਰੀ ਦਾ ਕਾਰਨ ਬਣੀਆਂ। ਫਲੋਰੀਡਾ ਦੇ ਟਾਲਾਹਾਸੀ ਦੇ ਇੱਕ ਵਿਦਿਆਰਥੀ, ਅਮਰੇ ਹਾਰਡੀ ਨੇ ਕਿਹਾ ਕਿ ਗੋਲ਼ੀਬਾਰੀ ਨੇ ਯੂਨੀਵਰਸਿਟੀ ਦੇ ਸਾਰੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਗੋਲ਼ੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਅਮਰੀਕਾ ਦੀ ਟਸਕੇਗੀ ਯੂਨੀਵਰਸਿਟੀ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ Read More »

ਕੱਲ੍ਹ ਰਹੇਗੀ ਅੱਧੇ ਦਿਨ ਦੀ ਛੁੱਟੀ, ਸਕੂਲ-ਕਾਲਜ ਰਹਿਣਗੇ ਬੰਦ

ਜਲੰਧਰ, 11 ਨਵੰਬਰ – ਜਲੰਧਰ ਜ਼ਿਲ੍ਹੇ ‘ਚ 12 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡੀ.ਸੀ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ 12 ਨਵੰਬਰ ਨੂੰ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਦੇ ਮੱਦੇਨਜ਼ਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਨਗਰ ਨਿਗਮ ਦੀ ਹੱਦ ਅੰਦਰ ਆਉਂਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਕਾਲਜਾਂ ‘ਚ 12 ਨਵੰਬਰ ਨੂੰ ਬਾਅਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੰਬਰ ਮਹੀਨੇ ਛੁੱਟੀਆਂ ਦੀ ਭਰਮਾਰ ਰਹੇਗੀ। ਇਸ ਮਹੀਨੇ ਵਿਚ ਕੁੱਲ 13 ਛੁੱਟੀਆਂ ਹੋਣਗੀਆਂ, ਜਿਸ ਵਿਚ ਐਤਵਾਰ ਦੀਆਂ 4 ਛੁੱਟੀਆਂ ਵੀ ਸ਼ਾਮਲ ਹਨ। ਇਸ ਦੌਰਾਨ ਪੰਜਾਬ ਵਿਚ 15, 16 ਅਤੇ 17 ਨਵੰਬਰ ਨੂੰ ਛੁੱਟੀਆਂ ਰਹਿਣਗੀਆਂ। ਛੁੱਟੀਆਂ ਦੀ ਸੂਚੀ ਅਨੁਸਾਰ 15 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਜਿਸ ਦਿਨ ਛੁੱਟੀ ਹੋਵੇਗੀ। ਇਸ ਤੋਂ ਬਾਅਦ 16 ਨਵੰਬਰ (ਸ਼ਨੀਵਾਰ) ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਕੱਲ੍ਹ ਰਹੇਗੀ ਅੱਧੇ ਦਿਨ ਦੀ ਛੁੱਟੀ, ਸਕੂਲ-ਕਾਲਜ ਰਹਿਣਗੇ ਬੰਦ Read More »