ਮੇਰੀ ਜ਼ਿੰਦਗੀ ਵਿਚ ਇਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ ਕੁਝ ਸਿਖਾ ਗਈ। ਉਸ ਨੇ ਮੈਨੂੰ ਚੰਗੇ-ਮਾੜੇ ਦੀ ਪਛਾਣ ਕਰਵਾ ਦਿੱਤੀ ਜਾਂ ਇਹ ਕਹਿ ਲਓ ਕਿ ਮੈਨੂੰ ਆਪਣੇ-ਪਰਾਏ ਦੀ ਪਛਾਣ ਹੋ ਗਈ। ਜੇ ਇਸ ਤੋਂ ਵੀ ਅੱਗੇ ਆਖਾਂ ਤਾਂ ਮੇਰੇ ਚੰਗੇ ਵਕਤ ਨੇ ਦੁਨੀਆ ਨੂੰ ਦੱਸਿਆ ਕਿ ਮੈਂ ਕਿਹੋ ਜਿਹਾ ਹਾਂ ਤੇ ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆ ਕਿਹੋ ਜਿਹੀ ਹੈ। ਗੱਲ 2022 ਦੀ ਹੈ ਜਦੋਂ ਝੂਠ ਨੂੰ ਸੱਚ ਸਾਬਿਤ ਕਰ ਕੇ ਕੁਝ ਲੋਕਾਂ ਵੱਲੋਂ ਮੇਰੇ ’ਤੇ ਪਰਚਾ ਕਰਵਾ ਦਿੱਤਾ ਗਿਆ ਤੇ ਮੈਨੂੰ ਜੇਲ੍ਹ ਜਾਣਾ ਪਿਆ। ਉਨ੍ਹਾਂ ਲੋਕਾਂ ਵੱਲੋਂ ਮੇਰੇ ਖ਼ਿਲਾਫ਼ ਸਾਜ਼ਿਸ਼ ਰਚ ਕੇ ਇਕ ਵੱਡਾ ਹੰਗਾਮਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਿਚ ਉਹ ਕਾਫ਼ੀ ਹੱਦ ਤੱਕ ਸਫਲ ਵੀ ਰਹੇ। ਗੁਰਬਾਣੀ ’ਚ ਲਿਖਿਆ ਹੈ ਕਿ ਸੱਚ ਨੇ ਓੜਕ ਸੱਚ ਰਹਿਣਾ ਹੈ ਤੇ ਝੂਠ ਨੇ ਝੂਠ। ਏਸੇ ਲਈ ਆਖਿਆ ਜਾਂਦਾ ਹੈ ਕਿ ਝੂਠ ਦੇ ਪੈਰ ਨਹੀਂ ਹੁੰਦੇ।
ਰੱਬ ਜੋ ਕਰਦਾ ਹੈ, ਚੰਗੇ ਲਈ ਕਰਦਾ ਹੈ ਬੇਸ਼ੱਕ ਇਨਸਾਨ ਨੂੰ ਉਸ ਵਕਤ ਉਹ ਚੰਗਾ ਨਹੀਂ ਲੱਗਦਾ। ਮਾੜਾ ਵਕਤ ਮੇਰੇ ਲਈ ਵੀ ਸ਼ਾਇਦ ਚੰਗੇ ਲਈ ਹੀ ਆਇਆ ਹੋਵੇਗਾ ਜਿਸ ਨੇ ਮੈਨੂੰ ਜ਼ਿੰਦਗੀ ਦੀ ਕੌੜੀ ਸੱਚਾਈ ਤੋਂ ਵਾਕਫ਼ ਕਰਵਾ ਦਿੱਤਾ। ਭਾਵੇਂ ਇਸ ਮਾੜੇ ਦੌਰ ’ਚ ਮੈਂ ਬਹੁਤ ਕੁਝ ਗੁਆ ਬੈਠਾ ਪਰ ਪਾਇਆ ਵੀ ਬਹੁਤ ਕੁਝ। ਜੋ ਪਾਇਆ, ਉਸ ਵਿਚ ਸਭ ਤੋਂ ਚੰਗਾ ਇਹ ਪਾਇਆ ਕਿ ਮੈਂ ਪਰਮਾਤਮਾ ਨਾਲ ਜੁੜ ਕੇ ਪੰਜ ਬਾਣੀਆਂ ਸਣੇ ਬਾਕੀ ਪਾਠ ਕਰਨੇ ਸਿੱਖ ਲਏ ਜੋ ਯੂਨੀਵਰਸਿਟੀ ’ਚ ਪੜ੍ਹਦੇ ਹੋਣ ਤੋਂ ਬਾਅਦ ਸ਼ਾਇਦ ਮੈਂ ਕਦੇ ਨਾ ਕੀਤੇ ਹੋਣ।
ਸੁਣਿਆ ਹੈ ਕਿ ਮਾੜੇ ਸਮੇਂ ’ਚ ਬੰਦਾ ਰੱਬ ਦੇ ਜ਼ਿਆਦਾ ਨੇੜੇ ਚਲਾ ਜਾਂਦਾ ਕਿਉਕਿ ਉਸ ਸਮੇਂ ਉਸ ਨੂੰ ਹੌਸਲੇ ਦੀ ਲੋੜ ਹੁੰਦੀ ਹੈ ਜੋ ਗੁਰਬਾਣੀ ਤੋਂ ਇਲਾਵਾ ਹੋਰ ਕਿਤੋਂ ਨਹੀਂ ਮਿਲਦਾ। ਮਾੜੇ ਵਕਤ ’ਚ ਸਭ ਪਰਾਏ ਹੋ ਜਾਂਦੇ ਹਨ, ਇੱਥੋਂ ਤੱਕ ਕਿ ਰਿਸ਼ਤੇਦਾਰ, ਸੱਜਣ-ਮਿੱਤਰ ਤੇ ਯਾਰ-ਦੋਸਤ ਸਭ ਪਾਸਾ ਵੱਟ ਜਾਂਦੇ ਹਨ। ਉਸ ਵਕਤ ਸਿਰਫ਼ ਤੇ ਸਿਰਫ਼ ਤੁਹਾਡਾ ਪਰਿਵਾਰ ਜਾਂ ਫਿਰ ਵਾਹਿਗੁਰੂ ਤੁਹਾਡੇ ਨਾਲ ਖੜ੍ਹਦਾ ਹੈ। ਹਾਲਾਂਕਿ ਇਹ ਸੱਚ ਹੈ ਕਿ ਵਕਤ ਚੰਗਾ ਹੋਵੇ ਚਾਹੇ ਮਾੜਾ, ਉਹ ਗੁਜ਼ਰ ਹੀ ਜਾਣਾ ਹੁੰਦਾ ਹੈ। ਪਰ ਪਤਾ ਨਹੀਂ ਕਿਉਂ ਮਨੁੱਖੀ ਸੁਭਾਅ ਔਖੇ ਵੇਲੇ ਸਾਥ ਛੱਡਣ ਦਾ ਆਦੀ ਹੈ। ਏਸੇ ਲਈ ਬਹੁਤੇ ਲੋਕਾਂ ਦੀ ਫ਼ਿਤਰਤ ਔਖੇ ਵੇਲੇ ਸਾਥ ਛੱਡਣਾ ਹੈ ਪਰ ਜਦੋਂ ਕਿਸੇ ਇਨਸਾਨ ’ਤੇ ਆਇਆ ਮਾੜਾ ਵਕਤ ਗੁਜ਼ਰ ਜਾਂਦਾ ਹੈ ਤਾਂ ਉਸ ਨੂੰ ਮਾੜੇ ਵਕਤ ’ਚ ਸਾਥ ਨਾ ਦੇਣ ਵਾਲਿਆਂ ’ਚੋਂ ਸਭ ਤੋਂ ਵੱਧ ਹਿਰਖ ਆਪਣਿਆਂ ’ਤੇ ਹੁੰਦਾ ਹੈ ਜੋ ਹੋਣਾ ਲਾਜ਼ਮੀ ਵੀ ਹੈ। ਜੇ ਮਾੜੇ ਵਕਤ ’ਚ ਤੁਸੀਂ ਕਿਸੇ ਨੂੰ ਹੌਸਲੇ ਦੇ ਦੋ ਸ਼ਬਦ ਇਹ ਆਖ ਦਿਉ ਕਿ ਘਬਰਾਉਣਾ ਨਹੀਂ, ਮੈਂ ਤੇਰੇ ਨਾਲ ਹਾਂ ਤਾਂ ਇਹ ਲਫ਼ਜ਼ ਉਸ ਲਈ ਰੱਬ ’ਤੇ ਕੀਤੇ ਵਿਸ਼ਵਾਸ ਵਾਂਗ ਹੁੰਦੇ ਹਨ।
ਹਾਂ, ਗੱਲ ਕਰ ਰਿਹਾ ਸੀ ਕਿ ਮਾੜੇ ਸਮੇਂ ’ਚ ਬਹੁਤੇ ਲੋਕਾਂ ਨੇ ਮੇਰਾ ਸਾਥ ਛੱਡ ਦਿੱਤਾ। ਮੇਰੇ ਤੇ ਮੇਰੇ ਪਰਿਵਾਰ ਤੋਂ ਪਾਸਾ ਵੱਟ ਲਿਆ ਸਿਰਫ਼ ਇਸ ਕਰਕੇ ਕਿ ਸ਼ਾਇਦ ਸਾਡਾ ਵੀ ਕੋਈ ਨੁਕਸਾਨ ਨਾ ਹੋ ਜਾਵੇ ਜਾਂ ਸਾਨੂੰ ਕੋਈ ਵਗਾਰ ਨਾ ਪਾ ਦੇਵੇ ਪਰ ਕੁਝ ਕੁ ਲੋਕਾਂ ਨੇ ਮੇਰਾ ਡਟ ਕੇ ਸਾਥ ਵੀ ਦਿੱਤਾ। ਮੈਨੂੰ ਹੌਸਲਾ ਦਿੰਦੇ ਰਹਿਣ ਦੇ ਨਾਲ-ਨਾਲ ਉਨ੍ਹਾਂ ਮੇਰੀ ਮਾੜੇ ਵਕਤ ’ਚ ਹਰ ਸੰਭਵ ਮਦਦ ਵੀ ਕੀਤੀ। ਇਹ ਦੋਵੇਂ ਪੱਖ ਮੈਨੂੰ ਸ਼ਾਇਦ ਕਦੇ ਭੁੱਲ ਨਾ ਸਕਣ। ਇਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਕੇ ਮੇਰੇ ਜ਼ਿਹਨ ’ਚ ਰਹਿਣਗੇ। ਕਹਿੰਦੇ ਹਨ ਕਿ ਇਕ ਵਾਰ ਮੁਗ਼ਲ ਬਾਦਸ਼ਾਹ ਅਕਬਰ ਦੀ ਉਂਗਲ ਵੱਢੀ ਗਈ। ਉਸ ਦਾ ਵਜ਼ੀਰ ਬੀਰਬਲ ਕਹਿਣ ਲੱਗਾ ਕਿ ਵਧੀਆ ਹੋਇਆ।
ਬਾਦਸ਼ਾਹ ਅਕਬਰ ਨੂੰ ਬੀਰਬਲ ’ਤੇ ਬੜਾ ਗੁੱਸਾ ਆਇਆ ਤੇ ਉਸ ਨੇ ਉਸ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ ਪਰ ਨਾਲ ਹੀ ਕਹਿ ਦਿੱਤਾ ਕਿ ਫਾਂਸੀ ਮੇਰੀ ਹਾਜ਼ਰੀ ’ਚ ਦਿੱਤੀ ਜਾਵੇ। ਇਸੇ ਦੌਰਾਨ ਇਕ ਦਿਨ ਅਕਬਰ ਸ਼ਿਕਾਰ ਕਰਦਾ ਹੋਇਆ ਜੰਗਲ ’ਚ ਦੂਰ ਨਿਕਲ ਗਿਆ ਜਿੱਥੇ ਕੁਝ ਜੰਗਲੀ ਲੋਕਾਂ ਨੇ ਉਸ ਨੂੰ ਫੜ ਲਿਆ। ਜਦੋਂ ਉਹ ਬਲੀ ਦੇਣ ਲੱਗੇ ਤਾਂ ਉਨ੍ਹਾਂ ਵੇਖਿਆ ਕਿ ਬਾਦਸ਼ਾਹ ਦੀ ਤਾਂ ਇਕ ਉਂਗਲ ਵੱਢੀ ਹੋਈ ਹੈ। ਬਲੀ ਤਾਂ ਸੰਪੂਰਨ ਬੰਦੇ ਦੀ ਚਾਹੀਦੀ ਹੈ। ਇਸ ਲਈ ਉਨ੍ਹਾਂ ਬਾਦਸ਼ਾਹ ਨੂੰ ਛੱਡ ਦਿੱਤਾ। ਬਾਦਸ਼ਾਹ ਨੇ ਸੋਚਿਆ ਕਿ ਬੀਰਬਲ ਸਹੀ ਗੱਲ ਕਹਿੰਦਾ ਸੀ ਕਿ ਵਧੀਆ ਹੋਇਆ। ਜੰਗਲ ਤੋਂ ਵਾਪਸ ਆ ਕੇ ਉਸ ਨੇ ਬੀਰਬਲ ਨੂੰ ਕਿਹਾ ਕਿ ਮੈਂ ਤੇਰੀ ਫਾਂਸੀ ਦੀ ਸਜ਼ਾ ਮਾਫ਼ ਕਰ ਦਿੱਤੀ ਹੈ। ਬੀਰਬਲ ਨੇ ਕਿਹਾ, ‘‘ਵਧੀਆ ਹੋਇਆ।’’ ਅਕਬਰ ਨੇ ਪੁੱਛਿਆ ਕਿ ਉਹ ਕਿਵੇਂ? ਬੀਰਬਲ ਨੇ ਕਿਹਾ, ‘‘ਬਾਦਸ਼ਾਹ ਸਲਾਮਤ, ਜੇ ਤੁਸੀਂ ਉਸ ਦਿਨ ਮੈਨੂੰ ਫਾਂਸੀ ਦੀ ਸਜ਼ਾ ਨਾ ਸੁਣਾਈ ਹੁੰਦੀ ਤਾਂ ਮੈਂ ਤੁਹਾਡੇ ਨਾਲ ਹੋਣਾ ਸੀ ਤੇ ਉਨ੍ਹਾਂ ਲੋਕਾਂ ਨੇ ਮੇਰੀ ਬਲੀ ਲੈ ਲੈਣੀ ਸੀ। ਇਸ ਲਈ ਜੋ ਹੁੰਦਾ ਹੈ, ਵਧੀਆ ਹੀ ਹੁੰਦਾ ਹੈ। ਇਨਸਾਨ ਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਰੱਬ ਜੋ ਕਰਦੈ, ਵਧੀਆ ਹੀ ਕਰਦੈ। ਮੈ ਪਾਠਕਾਂ ਨਾਲ ਉੱਪਰ ਗੱਲ ਸਾਂਝੀ ਕਰ ਰਿਹਾ ਸੀ ਕਿ ਕੁਝ ਸਮਾਂ ਪਹਿਲਾਂ ਕਿਸੇ ਕਾਰਨ ਮੈਨੂੰ ਜੇਲ੍ਹ ਜਾਣਾ ਪੈ ਗਿਆ। ਹਰਿਆਣਾ ਦੀ ਉਸ ਜੇਲ੍ਹ ਅੰਦਰ 2300 ਦੇ ਲਗਪਗ ਹਵਾਲਾਤੀ ਤੇ ਕੈਦੀ ਸਨ ਜਿਨ੍ਹਾਂ ਵਿਚ ਸਰਦਾਰਾਂ ਦੀ ਗਿਣਤੀ ਮਸਾਂ 40-50 ਹੋਵੇਗੀ ਪਰ ਉਨ੍ਹਾਂ ਦੀ ਸਰਦਾਰੀ ਪੂਰੀ ਸੀ।
ਹਰ ਪਾਸੇ ਉਨ੍ਹਾਂ ਦਾ ਦਬਦਬਾ ਸੀ। ਬੈਰਕਾਂ ’ਚ ਜ਼ਿਆਦਤਰ ਪੰਜਾਬੀ ਗਾਣੇ ਵੱਜਦੇ ਸੁਣਾਈ ਦਿੰਦੇ ਸਨ। ਜੇਲ੍ਹ ’ਚ ਰੇਡੀਓ ਤੋਂ ਵੀ ਪੰਜਾਬੀ ਗਾਣੇ ਸੁਣਨ ਨੂੰ ਮਿਲਦੇ ਸਨ। ਖ਼ੈਰ, ਅਗਲੀ ਵਿਸ਼ੇਸ਼ ਗੱਲ ਜੋ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਉਹ ਇਹ ਹੈ ਕਿ ਜੇਲ੍ਹ ਅੰਦਰ ਬਣੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰਾ ਕਰ ਕੇ ਅਸੀਂ ਸਾਰਿਆਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਆਗਿਆ ਲੈ ਲਈ ਤੇ ਬਾਬਾ ਨਾਨਕ ਜੀ ਦੇ ਪ੍ਕਾਸ਼ ਦਿਹਾੜੇ ’ਤੇ ਪ੍ਰਭਾਤ ਫੇਰੀ ਕੱਢਣ ਦਾ ਪ੍ਰੋਗਰਾਮ ਉਲੀਕ ਲਿਆ। ਗੁਰਪੁਰਬ ਵਾਲੇ ਦਿਨ ਤੜਕੇ ਅਸੀਂ ਸਾਰੇ ਗੁਰੂਘਰ ਵਿਚ ਇਕੱਠੇ ਹੋ ਗਏ।
ਪ੍ਰਭਾਤ ਫੇਰੀ ਕੱਢੇ ਜਾਣ ਨੂੰ ਲੈ ਕੇ ਸਭ ਅੰਦਰ ਪੂਰਾ ਉਤਸ਼ਾਹ ਸੀ। ਸਭ ਨੇ ਗੁਰੂਘਰ ਵਿਖੇ ਮੱਥਾ ਟੇਕਿਆ, ਅਰਦਾਸ ਕੀਤੀ। ਇਸ ਉਪਰੰਤ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਤੇ ਢੋਲਕੀ-ਛੈਣੇ ਲੈ ਕੇ ਪ੍ਰਭਾਤ ਫੇਰੀ ਦੀ ਸ਼ੁਰੂਆਤ ਕੀਤੀ ਗਈ। ਬੇਸ਼ੱਕ ਸਾਡੇ ਵਿੱਚੋਂ ਕਿਸੇ ਨੂੰ ਪੂਰੇ ਸ਼ਬਦ ਬੋਲਣੇ ਨਹੀਂ ਆਉਂਦੇ ਸਨ। ਸੰਗਤ ਵਿੱਚੋਂ ਕੁਝ ਕੁ ਨੇ ਸ਼ਬਦਾਂ ਦਾ ਉਚਾਰਨ ਕੀਤਾ ਤੇ ਬਾਕੀ ਸੰਗਤ ਵੱਲੋਂ ਮਗਰ-ਮਗਰ ਸ਼ਬਦਾਂ ਨੂੰ ਬੋਲਿਆ ਗਿਆ। ਸਾਰੀਆਂ ਬੈਰਕਾਂ ਦੇ ਬਾਹਰੋਂ-ਬਾਹਰ ਕੱਢੀ ਗਈ ਪ੍ਰਭਾਤ ਫੇਰੀ ਦੌਰਾਨ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਵੀ ਛੱਡੇ ਜਾਂਦੇ ਰਹੇ। ਜੇਲ੍ਹ ਅੰਦਰ ਗੂੰਜਦੇ ਜੈਕਾਰਿਆਂ ਦੀ ਗੂੰਜ ਨਾਲ ਇੰਜ ਜਾਪ ਰਿਹਾ ਸੀ ਜਿਵੇਂ ਅਸੀਂ ਜੇਲ੍ਹ ’ਚ ਨਾ ਹੋ ਕੇ ਕਿਸੇ ਗੁਰੂਘਰ ’ਚ ਹੋਈਏ। ਪ੍ਰਭਾਤ ਫੇਰੀ ਦੌਰਾਨ ਬੈਰਕਾਂ ਦੇ ਬਾਹਰ ਹਵਾਲਾਤੀਆਂ ਤੇ ਕੈਦੀਆਂ ਵੱਲੋ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਤੇ ਸੰਗਤ ਵਾਸਤੇ ਬਿਸਕੁਟਾਂ ਤੇ ਲੱਡੂਆਂ ਦੇ ਲੰਗਰ ਦੀ ਸੇਵਾ ਕੀਤੀ ਗਈ।
ਸੱਚ ਜਾਣਿਓ, ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਅਸੀਂ ਜੇਲ੍ਹ ਦੇ ਅੰਦਰ ਪ੍ਰਭਾਤ ਫੇਰੀ ਕੱਢ ਰਹੇ ਹਾਂ। ਜੇਲ੍ਹ ਸੁਪਰਡੈਂਟ ਅਮਿਤ ਭਾਦੂ, ਉਪ ਜੇਲ੍ਹ ਸੁਪਰਡੈਂਟ ਮੈਡਮ ਤੇ ਚੱਕਰ ਹੌਲਦਾਰ ਰਾਮ ਸਰੂਪ ਸਮੇਤ ਸਾਰੇ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਦਿੱਤਾ ਗਿਆ। ਜਦਕਿ ਇਸ ਤੋਂ ਪਹਿਲਾਂ ਸਿਵਾਏ ਬਚਪਨ ਨੂੰ ਛੱਡ ਕੇ ਮੈਂ ਆਪਣੇ ਸ਼ਹਿਰ ਅੰਦਰ ਕੱਢੀ ਜਾਣ ਵਾਲੀ ਪ੍ਰਭਾਤ ਫੇਰੀ ’ਚ ਕਦੇ ਸ਼ਾਮਲ ਨਹੀਂ ਹੋਇਆ ਸਾਂ। ਪਰ ਉਸ ਦਿਨ ਲੱਗਾ ਕਿ ਜੇਲ੍ਹ ਅੰਦਰ ਆਉਣਾ ਵੀ ਸ਼ਾਇਦ ਵਧੀਆ ਹੀ ਹੋਇਆ ਹੈ। ਜੇਲ੍ਹ ਅੰਦਰ ਗੁਰੂ ਕਾ ਲੰਗਰ ਲਾਉਣਾ ਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਕਰਨੀ ਵੀ ਸਦਾ ਯਾਦ ਰਹੇਗੀ।