ਬੇਰੁਜ਼ਗਾਰੀ-ਧਨੀ ਰਾਮ ਚਾਤ੍ਰਿਕ
ਰਹੁ ਵੇ ਇਸ਼ਕਾ !ਬੱਸ ਕਰੀਂ,ਹੁਣ ਛੱਡ ਦੇ ਮੁੰਨਣੇ ਚੇਲੇ,ਕੰਨਾਂ ਨੂੰ ਨਾ ਚੰਗਾ ਲੱਗੇ, ਤੇਰਾ ਰਾਗ ਕੁਵੇਲੇ ।ਨਾ ਉਹ ਹੀਰਾਂ, ਨਾ ਉਹ ਰਾਂਝੇ, ਨਾ ਮੰਗੂ ਨਾ ਬਾਰਾਂ,ਸੁਤੜੇ ਸ਼ੇਰ ਉਲਾਂਘਣ ਵਾਲੇ, ਨਾ ਉਹ ਸੁੰਞੇ ਬੇਲੇ ।ਨਾ ਮੱਖਣ ਨਾ ਮੱਖਣ ਪਾਲੇ, ਕੁੰਢੀਆਂ ਮੁੱਛਾਂ ਵਾਲੇ,ਸੋਹਣਿਆਂ ਦੇ ਗਲ ਕੁੰਡਲ ਪਾ ਪਾ ਨਾਗਣ ਜ਼ੁਲਫ ਨ ਪੇਲੇ ।ਨਾ ਚਿਹਰਿਆ ਤੇ ਲਾਲੀ ਭਖਦੀ, ਨਾ ਨੈਣਾਂ ਵਿਚ ਡੋਰੇ,ਪਿੱਲੇ ਪਿੰਡੇ ਮੂੰਹ ਵਸਾਰੀ, ਬੱਗੇ ਬੱਗੇ ਡੇਲੇ ।ਨਾ ਓਹ ਹਰਨਾਂ ਵਾਂਗ ਛੜੱਪੇ, ਨਾ ਉਹ ਖਾਧ ਖੁਰਾਕਾਂ,ਨਾ ਆਜ਼ਾਦੀ, ਨਾ ਖੁਸ਼ਹਾਲੀ, ਨਾ ਜੋਬਨ ਅਲਬੇਲੇ ।ਰੀਝਾਂ ਕੌਣ ਕਰੇ ਹੁਣ ਤੇਰੀਆਂ, ਦਿਲ ਫ਼ਿਕਰਾਂ ਨੇ ਘੇਰੇ,ਢਿੱਡੋਂ ਭੁੱਖੇ ਮਾਹੀਆਂ ਦੇ ਗਲ, ਪੈ ਗਏ ਹੋਰ ਝਮੇਲੇ ।ਉੱਜੜ ਜਾਣ ਪੜ੍ਹਾਂਦੇ ਮਾਪੇ, ਅੱਗੋਂ ਕਾਰ ਨ ਲੱਭੇ,ਜਾਨ ਪਈ ਹਟਕੋਰੇ ਖਾਂਦੀ, ਐਸ਼ ਕਰਨ ਕਿਸ ਵੇਲੇ ?ਇਸ਼ਕੋਂ ਰੂਪ ਵਟਾ ਕੇ ਜੇ ਰੁਜ਼ਗਾਰ ਕਦੇ ਬਣ ਜਾਵੇਂ,ਹੋਣ ਮੁਰੀਦ ਹਜ਼ਾਰਾਂ ਤੇਰੇ, ਬਾਬੂ ਨਵੇਂ ਨਵੇਲੇ ।“ਨੋ ਵੈਕੈਨਸੀ” ਪੌਲਾ ਵੱਜੇ, ਜਿਸ ਦਫਤਰ ਵਿਚ ਤੱਕੇ,ਬੂਟ ਗੰਢਾਈ ਦੇਂਦਿਆਂ ਮੁੱਕੇ ਕੰਨੀਓਂ ਪੈਸੇ ਧੇਲੇ ।ਵਹੁਟੀ ਆਖੇ, ਬਾਬੂ ਜੀ ! ਆਟਾ ਲੈ ਆਓ ਬਜ਼ਾਰੋਂ,ਖਿਝ ਕੇ ਕਹੇ, ਦਫ਼ਾ ਹੋ ਜਾ, ਕਿਉਂ ਖਾਧੀ ਊ ਜਾਨ ਚੁੜੇਲੇ ।ਬੇਰੁਜ਼ਗਾਰੀ ਸ਼ੇਰਾਂ ਵਰਗੇ ਗਭਰੂ ਚਾਕੂ ਕੀਤੇ,ਇਕ ਇਕ ਟੁਕੜੇ ਖ਼ਾਤਰ “ਚਾਤ੍ਰਿਕ” ਸੌ ਸੌ ਪਾਪੜ ਵੇਲੇ ।
ਬੇਰੁਜ਼ਗਾਰੀ-ਧਨੀ ਰਾਮ ਚਾਤ੍ਰਿਕ Read More »