ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਕੀਤਾ ਗਿਆ ਝੰਡਾ ਮਾਰਚ

ਬਰਨਾਲਾ, 11 ਨਵੰਬਰ – ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਹੇਠ ਸੂਬੇ ਭਰ ਤੋਂ ਆਏ ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣਭੱਤਾ ਵਰਕਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਖ਼ਿਲਾਫ਼ ਜ਼ਿਮਨੀ ਚੋਣ ਵਾਲੇ ਬਰਨਾਲਾ ਵਿਧਾਨ ਸਭਾ ਹਲਕੇ ’ਚ ਝੰਡਾ ਮਾਰਚ ਕੀਤਾ। ਇਸ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲ੍ਹੀ। ਪ੍ਰਾਪਤ ਜਾਣਕਾਰੀ ਅਨੁਸਾਰ ਝੰਡਾ ਮਾਰਚ ਦੀਪਕ ਢਾਬਾ ਧਨੌਲਾ ਤੋਂ ਸ਼ੁਰੂ ਹੋ ਕੇ ਧਨੌਲਾ ਸ਼ਹਿਰ, ਹੰਡਿਆਇਆ, ਪਿੰਡ ਖੁੱਡੀ ਕਲਾਂ, ਵਾਲਮੀਕਿ ਚੌਕ ਅਤੇ ਨਹਿਰੂ ਚੌਕ ਤੋਂ ਹੁੰਦਾ ਹੋਇਆ ਪੱਕਾ ਕਾਲਜ ਰੋਡ ਰਾਹੀਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਸਮਾਪਤ ਹੋਇਆ।

ਇਸ ਦੌਰਾਨ ਸਾਂਝੇ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਰਣਜੀਤ ਸਿੰਘ, ਗਗਨਦੀਪ ਭੁੱਲਰ, ਭਜਨ ਸਿੰਘ ਗਿੱਲ, ਬਾਜ ਸਿੰਘ ਖਹਿਰਾ, ਧਨਵੰਤ ਸਿੰਘ ਭੱਠਲ, ਬਖਸ਼ੀਸ਼ ਸਿੰਘ, ਹਰਦੀਪ ਟੋਡਰਪੁਰ, ਜਗਦੀਸ਼ ਸਿੰਘ ਅਤੇ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਮਾਣ-ਭੱਤਾ ਵਰਕਰਾਂ ’ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਏਰੀਆ ਸਮੇਤ ਸਮੁੱਚੇ ਭੱਤਿਆਂ ’ਤੇ ਏਸੀਪੀ ਬਹਾਲ ਕਰਨ ਅਤੇ ਰੋਕੇ ਗਏ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ’ਚ ਲਗਾਤਾਰ ਟਾਲ-ਮਟੋਲ ਕਰ ਰਹੀ ਹੈ। ਆਗੂਆਂ ਨੇ ਆਖਿਆ ਕਿ ਇਹ ਸਾਰੀਆਂ ਉਹ ਮੰਗਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ‘ਆਪ’ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ। ਫਰੰਟ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਮਹਿਮਾ ਸਿੰਘ ਧਨੌਲਾ, ਜਗਦੀਸ਼ ਸ਼ਰਮਾ ਤੇ ਮੋਹਨ ਸਿੰਘ ਬਾਵਾ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਤੋਂ ਮੰਗ ਮੰਨਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਦੌਰਾਨ ਆਗੂਆਂ ਨੇ ਐਲਾਨ ਕੀਤਾ ਕਿ ਅਗਲਾ ਝੰਡਾ ਮਾਰਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ’ਚ ਕੀਤਾ ਜਾਵੇਗਾ। ਇਸ ਮੌਕੇ ਸਿਕੰਦਰ ਸਿੰਘ ਸਮਰਾਲਾ, ਮੇਘ ਰਾਜ ਸੰਗਰੂਰ, ਸਤਵਿੰਦਰ ਸਿੰਘ, ਹਰਜੰਟ ਸਿੰਘ ਬੌਡੇ, ਦਰਸ਼ਨ ਚੀਮਾ, ਸੰਤੋਖ ਸਿੰਘ ਪਟਿਆਲਾ ਤੇ ਗੁਰਪ੍ਰੀਤ ਸਿੰਘ ਮੰਗਵਾਲ ਆਦਿ ਹਾਜ਼ਰ ਸਨ।

ਸਾਂਝਾ ਕਰੋ

ਪੜ੍ਹੋ

ਝਾਰਖੰਡ ’ਚ 65 ਫੀਸਦੀ ਤੱਕ ਪਈਆਂ ਵੋਟਾਂ

ਨਵੀ ਦਿੱਲੀ, 14 ਨਵੰਬਰ – ਝਾਰਖੰਡ ਦੀਆਂ 43 ਅਸੰਬਲੀ ਸੀਟਾਂ...