ਨਵੀਂ ਦਿੱਲੀ, 26 ਨਵੰਬਰ – ਕੇਂਦਰ ਸਰਕਾਰ ਨੇ ਆਮਦਨ ਕਰ ਵਿਭਾਗ ਦੇ ਪੈਨ 2.0 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਲੋਕਾਂ ਨੂੰ ਜਲਦੀ ਹੀ QR ਕੋਡ ਦੀ ਸਹੂਲਤ ਵਾਲਾ ਨਵਾਂ ਪੈਨ ਕਾਰਡ ਮਿਲੇਗਾ, ਜੋ ਕਿ ਮੁਹਿੰਮ ਡਿਜੀਟਲ ਇੰਡੀਆ ਦੇ ਅਨੁਸਾਰ ਹੋਵੇਗਾ। ਅਜਿਹੇ ‘ਚ ਲੋਕਾਂ ਦੇ ਮਨਾਂ ‘ਚ ਕਈ ਸਵਾਲ ਉੱਠ ਰਹੇ ਹਨ। ਜਿਵੇਂ ਕਿ ਪੈਨ ਕਾਰਡ ਕੀ ਹੁੰਦਾ ਹੈ, ਪੈਨ ਕਾਰਡ ਕਿਵੇਂ ਬਣਦਾ ਹੈ, ਹੁਣ ਪੁਰਾਣੇ ਪੈਨ ਕਾਰਡ ਦਾ ਕੀ ਹੋਵੇਗਾ, ਨਵਾਂ ਪੈਨ ਕਾਰਡ ਕਿਉਂ ਬਣਾਇਆ ਜਾ ਰਿਹਾ ਹੈ, ਕੀ ਇਸ ਲਈ ਕੋਈ ਫੀਸ ਅਦਾ ਕਰਨੀ ਪਵੇਗੀ।
ਪੈਨ ਕਾਰਡ ਕੀ ਹੁੰਦੈ
ਪਰਮਾਨੈੱਟ ਅਕਾਊਂਟ ਨੰਬਰ (PAN) ਆਮਦਨ ਕਰ ਵਿਭਾਗ ਦੁਆਰਾ ਜਾਰੀ ਕੀਤਾ ਜਾਂਦਾ ਹੈ। ਇਹ ਜ਼ਿਆਦਾਤਰ ਵਿੱਤੀ ਕੰਮ ਲਈ ਵਰਤਿਆ ਜਾਂਦਾ ਹੈ। ਜਿਵੇਂ ਕਿ ਇਨਕਮ ਟੈਕਸ ਦਾ ਭੁਗਤਾਨ ਕਰਨਾ, ਬੈਂਕ ਖਾਤਾ ਖੋਲ੍ਹਣਾ ਜਾਂ ਜਾਇਦਾਦ ਖਰੀਦਣਾ। ਪੈਨ ਕਾਰਡ ਇੱਕ 10 ਅੰਕਾਂ ਦਾ ਨੰਬਰ ਹੁੰਦਾ ਹੈ, ਜਿਸ ਵਿੱਚ ਤੁਹਾਡੇ ਵਿੱਤੀ ਲੈਣ-ਦੇਣ ਨਾਲ ਸਬੰਧਤ ਸਾਰੀ ਜਾਣਕਾਰੀ ਦਰਜ ਹੁੰਦੀ ਹੈ। ਜਿਵੇਂ ਕਿ ਤੁਸੀਂ ਕਿੰਨਾ ਟੈਕਸ ਅਦਾ ਕਰਦੇ ਹੋ ਆਦਿ। ਇਸ ਵਿੱਚ ਤੁਹਾਡੇ ਨਿਵੇਸ਼ ਨਾਲ ਜੁੜੀ ਪੂਰੀ ਜਾਣਕਾਰੀ ਵੀ ਹੁੰਦੀ ਹੈ।
ਨਵਾਂ ਪੈਨ ਕਾਰਡ ਕਿਉਂ ਲਿਆ ਰਹੀ ਹੈ ਸਰਕਾਰ
ਕੇਂਦਰ ਸਰਕਾਰ ਨੇ ਪੈਨ ਅਪਗ੍ਰੇਡ ਲਈ ਪੈਨ 2.0 ਲਾਂਚ ਕਰਨ ਦੀ ਗੱਲ ਕੀਤੀ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦੇ ਅਨੁਸਾਰ ਪੈਨ 2.0 ਪ੍ਰੋਜੈਕਟ ਇੱਕ ਈ-ਗਵਰਨੈਂਸ ਪਹਿਲਕਦਮੀ ਹੈ ਜਿਸਦਾ ਉਦੇਸ਼ ਪੈਨ ਪ੍ਰਮਾਣਿਕਤਾ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੈਨ ਕਾਰਡ ਨੂੰ ਚਲਾਉਣ ਵਾਲਾ ਸਾਫਟਵੇਅਰ 15-20 ਸਾਲ ਪੁਰਾਣਾ ਹੈ ਅਤੇ ਇਸ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ। ਪੈਨ 2.0 ਦੇ ਜ਼ਰੀਏ ਸਰਕਾਰ ਟੈਕਸਦਾਤਾਵਾਂ ਨੂੰ ਬਿਹਤਰ ਡਿਜੀਟਲ ਅਨੁਭਵ ਪ੍ਰਦਾਨ ਕਰਨਾ ਚਾਹੁੰਦੀ ਹੈ।
ਨਵਾਂ ਪੈਨ ਕਾਰਡ ਕਿਵੇਂ ਮਿਲੇਗਾ
ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਪੈਨ ਕਾਰਡ ਹੈ ਤਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਨਵਾਂ ਪੈਨ ਕਾਰਡ ਮਿਲੇਗਾ। ਇਸ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ। ਇਹ ਤੁਹਾਡੇ ਪਤੇ ‘ਤੇ ਪਹੁੰਚਾਇਆ ਜਾਵੇਗਾ। ਹਾਲਾਂਕਿ ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ, ਤਾਂ ਤੁਹਾਨੂੰ ਡਿਜੀਟਲ ਜਾਂ ਫਿਜ਼ੀਕਲ ਪੈਨ ਕਾਰਡ ਲਈ ਅਰਜ਼ੀ ਦੇਣੀ ਪਵੇਗੀ।
ਨਵੇਂ ਪੈਨ ਕਾਰਡ ‘ਚ ਕੀ ਹੋਵੇਗਾ ਨਵਾਂ?
ਨਵੇਂ ਪੈਨ ਕਾਰਡ ਵਿੱਚ QR ਕੋਡ (QR code PAN card) ਵਰਗੀਆਂ ਵਿਸ਼ੇਸ਼ਤਾਵਾਂ ਹੋਣਗੀਆਂ, ਜੋ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣਗੀਆਂ। ਸਰਕਾਰ ਦਾ ਉਦੇਸ਼ ਡਿਜੀਟਲ ਇੰਡੀਆ ਦੇ ਤਹਿਤ ਪੈਨ 2.0 ਪ੍ਰੋਜੈਕਟ ਨੂੰ ਹੋਰ ਉਪਯੋਗੀ ਬਣਾਉਣਾ ਹੈ। ਇਹ ਸਰਕਾਰੀ ਸਕੀਮਾਂ ਦਾ ਲਾਭ ਲੈਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਹੀ ਕਾਰਨ ਹੈ ਕਿ ਸਰਕਾਰ ਪੈਨ ਅਤੇ ਆਧਾਰ ਨੂੰ ਲਿੰਕ ਕਰਨ ‘ਤੇ ਬਹੁਤ ਜ਼ੋਰ ਦੇ ਰਹੀ ਹੈ।
ਪੈਨ ਕਾਰਡ ਕਿਵੇਂ ਬਣਾਇਆ ਜਾਵੇ?
ਪੈਨ ਕਾਰਡ ਦੀ ਗੱਲ ਕਰੀਏ ਤਾਂ ਇਹ ਆਧਾਰ ਕਾਰਡ ਜਿੰਨਾ ਹੀ ਮਹੱਤਵਪੂਰਨ ਦਸਤਾਵੇਜ਼ ਹੈ। ਖਾਸ ਤੌਰ ‘ਤੇ ਵਿੱਤੀ ਮਾਮਲਿਆਂ ‘ਚ ਇਸ ਦਾ ਮਹੱਤਵ ਆਧਾਰ ਕਾਰਡ ਤੋਂ ਜ਼ਿਆਦਾ ਹੋ ਜਾਂਦਾ ਹੈ। ਤੁਸੀਂ ਇਸਨੂੰ ਫਿਜ਼ੀਕਲ ਤੇ ਡਿਜੀਟਲ ਦੋਵਾਂ ਤਰੀਕਿਆਂ ਨਾਲ ਬਣਾ ਸਕਦੇ ਹੋ। ਇਨਕਮ ਟੈਕਸ ਵਿਭਾਗ ਨੇ ਪੈਨ ਕਾਰਡ ਬਣਵਾਉਣ ਲਈ ਕਈ PayNearby ਅਤੇ ਰਿਟੇਲ ਸਟੋਰਾਂ ਨੂੰ PAN ਸਰਵਿਸ ਏਜੰਸੀ (PSA) ਬਣਾਇਆ ਹੈ। ਇਸ ਵਿੱਚ ਕਰਿਆਨੇ ਦੀ ਦੁਕਾਨ, ਮੋਬਾਈਲ ਰੀਚਾਰਜ ਆਊਟਲੇਟ, ਟਰੈਵਲ ਏਜੰਸੀਆਂ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਪੈਨ ਕਾਰਡ ਆਨਲਾਈਨ ਪ੍ਰਾਪਤ ਕਰਨ ਲਈ, ਤੁਸੀਂ ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ ਰਾਹੀਂ ਤੁਰੰਤ ਈ-ਪੈਨ ਲਈ ਅਰਜ਼ੀ ਦੇ ਸਕਦੇ ਹੋ। ਜੇਕਰ ਨਵਾਂ ਪੈਨ ਕਾਰਡ ਪੁਰਾਣੇ ਦੇ ਗੁੰਮ ਜਾਂ ਖਰਾਬ ਹੋਣ ਤੋਂ ਬਾਅਦ ਬਣਾਉਂਦੇ ਹੋ ਤਾਂ ਤੁਹਾਨੂੰ ਲਗਪਗ 100 ਰੁਪਏ ਦੀ ਫੀਸ ਅਦਾ ਕਰਨੀ ਪੈ ਸਕਦੀ ਹੈ।
ਪੈਨ ਕਾਰਡ ਬਣਾਉਣ ਦੀ ਪ੍ਰਕਿਰਿਆ…
ਆਪਣੀ ਨਜ਼ਦੀਕੀ ਪੈਨ ਸੇਵਾ ਏਜੰਸੀ ‘ਤੇ ਜਾਓ। ਨਵਾਂ ਕਾਰਡ ਬਣਾਉਣ ਲਈ ਉੱਥੇ ਅਪਲਾਈ ਕਰੋ। OTP ਲਈ ਮੋਬਾਈਲ ਨੰਬਰ ਦਿਓ। ਨਾਂ, ਆਧਾਰ ਨੰਬਰ ਤੇ ਨਿੱਜੀ ਜਾਣਕਾਰੀ ਦਿਓ। eKYC ਜਾਂ ਸਕੈਨ-ਆਧਾਰਿਤ ਵਿਚਕਾਰ ਆਪਸ਼ਨ ਚੁਣੋ। ਫਿਜ਼ੀਕਲ ਪੈਨ ਕਾਰਡ ਲਈ 107 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਈਪੈਨ ਕਾਰਡ ਲਈ 72 ਰੁਪਏ ਦਾ ਚਾਰਜ ਹੋਵੇਗਾ। eKYC ਪ੍ਰਮਾਣਿਕਤਾ ਪੈਨ ਕਾਰਡ ਦੇ ਭੁਗਤਾਨ ਤੋਂ ਬਾਅਦ ਹੋਵੇਗੀ। eKYC ਪ੍ਰਮਾਣਿਕਤਾ ਤੋਂ ਬਾਅਦ ਦਸਤਾਵੇਜ਼ ਅਪਲੋਡ ਕਰੋ। ਮੋਬਾਈਲ ‘ਤੇ ਪ੍ਰਾਪਤ ਹੋਇਆ OTP ਦਰਜ ਕਰੋ ਅਤੇ ਸਬਮਿਟ ਕਰੋ। ਇਸ ਤੋਂ ਬਾਅਦ ਤੁਹਾਨੂੰ ਰਸੀਦ ਨੰਬਰ ਮਿਲੇਗਾ। ਇਸ ਰਾਹੀਂ ਤੁਸੀਂ ਆਪਣੇ ਪੈਨ ਕਾਰਡ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ।