admin

‘ਆਪ’ ਸਰਕਾਰ ਦੀ ਅਜ਼ਮਾਇਸ਼/ਅਸ਼ਵਨੀ ਕੁਮਾਰ

ਲੋਕਰਾਜ ਦੇ ਕਦੇ ਨਾ ਖ਼ਤਮ ਹੋਣ ਵਾਲੇ ਉਤਸਵ ਵਿੱਚ ਚੋਣਾਂ ਦੇ ਇੱਕ ਹੋਰ ਗੇੜ ਦਾ ਐਲਾਨ ਹੋ ਗਿਆ ਹੈ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚਾਰ ਜ਼ਿਮਨੀ ਚੋਣਾਂ ਵੀ ਸ਼ਾਮਿਲ ਹਨ। ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਗਵੰਤ ਮਾਨ ਸਰਕਾਰ ਦਾ ਕਾਫ਼ੀ ਕੁਝ ਦਾਅ ’ਤੇ ਲੱਗਿਆ ਹੈ। ਪਿਛਲੇ ਮਹੀਨੇ ਹੋਈਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾੜੀ ਕਾਰਕਰਦਗੀ ਤੋਂ ਬਾਅਦ ਜੇ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਝਟਕਾ ਲਗਦਾ ਹੈ ਤਾਂ ਇਸ ਨਾਲ ਇਸ ਦੇ ਕੇਡਰ ਦੇ ਮਨਾਂ ਵਿੱਚ ਭਵਿੱਖ ਨੂੰ ਲੈ ਕੇ ਸ਼ੰਕੇ ਖੜ੍ਹੇ ਹੋ ਸਕਦੇ ਹਨ। ਲਿਹਾਜ਼ਾ, ਸਰਕਾਰ ਲਈ ਫੌਰੀ ਚੁਣੌਤੀ ਚਾਰ ਜ਼ਿਮਨੀ ਸੀਟਾਂ ਦੀ ਚੋਣ ਜਿੱਤ ਕੇ ਸੂਬੇ ਅੰਦਰ ਆਪਣੀ ਸਿਆਸੀ ਧਾਂਕ ਦਰਸਾਉਣ ਦੀ ਹੈ। ਆਪ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਅੱਧਾ ਸਮਾਂ ਪੂਰਾ ਹੋ ਚੁੱਕਿਆ ਹੈ ਅਤੇ ਇਸ ਦੀ ਅਸਲ ਅਜ਼ਮਾਇਸ਼ ਸਰਕਾਰ ਦਾ ਕਾਰਜਕਾਲ ਖਤਮ ਹੋਣ ’ਤੇ ਹੋਵੇਗੀ ਜਦੋਂ ਇਸ ਦੀ ਕਾਰਗੁਜ਼ਾਰੀ ਇਸ ਕਸਵੱਟੀ ’ਤੇ ਪਰਖੀ ਜਾਵੇਗੀ ਕਿ ਇਸ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਲੋਕਾਂ ਦੀ ਪਸੰਦ ਬਣ ਸਕੀਆਂ ਹਨ ਜਾਂ ਨਹੀਂ। ਪੁਲੀਸ ਦੀ ਨਾਕਾਫ਼ੀ ਨਫ਼ਰੀ ਨੂੰ ਕੱਟੜਵਾਦ, ਸਿਆਸੀ ਹਿੰਸਾ, ਗੈਂਗਸਟਰਵਾਦ ਦੀਆਂ ਚੁਣੌਤੀਆਂ ਨਾਲ ਸਿੱਝਣ ਦਾ ਜ਼ਿੰਮਾ ਸੌਂਪਿਆ ਗਿਆ ਹੈ, ਸਰਕਾਰ ਅਤੇ ਕਿਸਾਨੀ ਵਿਚਕਾਰ ਬਣਿਆ ਟਕਰਾਅ ਅਤੇ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਵੱਡੇ ਪੱਧਰ ’ਤੇ ਵਿਦੇਸ਼ਾਂ ’ਚ ਕੀਤਾ ਜਾ ਰਿਹਾ ਪਰਵਾਸ- ਇਹ ਸਭ ਕੁਝ ਸੂਬੇ ਦੇ ਨਿਘਾਰ ਦੀ ਕਹਾਣੀ ਬਿਆਨ ਕਰਦਾ ਹੈ। ਵਿਕਾਸ ਦੇ ਬਹੁਤ ਸਾਰੇ ਪੈਮਾਨਿਆਂ ’ਤੇ ਪੰਜਾਬ ਦਾ ਪਛੜ ਜਾਣਾ ਕੌੜੀ ਪਰ ਨਾ ਝੁਠਲਾਈ ਜਾਣ ਵਾਲੀ ਹਕੀਕਤ ਹੈ। ਸਾਲ 2023-24 ਲਈ ਨੀਤੀ ਆਯੋਗ ਦੇ ਹੰਢਣਸਾਰ ਵਿਕਾਸ ਟੀਚਿਆਂ ਵਿੱਚ ਪੰਜਾਬ ਦੀ ਦਰਜਾਬੰਦੀ ਆਪਣੇ ਆਪ ਬਹੁਤ ਕੁਝ ਦੱਸਦੀ ਹੈ। ਮਿਸਾਲ ਦੇ ਤੌਰ ’ਤੇ ਵਿਕਾਸ ਦਾ ਅੱਠਵਾਂ ਟੀਚਾ ਸੁਚੱਜਾ ਕੰਮ ਅਤੇ ਆਰਥਿਕ ਵਿਕਾਸ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਇੱਕ ਸਮੇਂ ਤੱਕ ਪੰਜਾਬ ਤਿੰਨ ਚੋਟੀ ਦੇ ਸੂਬਿਆਂ ਵਿੱਚ ਸ਼ੁਮਾਰ ਰਿਹਾ ਹੈ ਪਰ ਹੁਣ ਇਹ 18ਵੇਂ ਨੰਬਰ ’ਤੇ ਖਿਸਕ ਗਿਆ ਹੈ। ਇਸੇ ਤਰ੍ਹਾਂ ਲਿੰਗਕ ਸਮਾਨਤਾ (ਐੱਸਡੀਜੀ-5) ਵਿਚ ਇਹ 19ਵੇਂ ਅਤੇ ਚੰਗੀ ਸਿਹਤ ਅਤੇ ਭਲਾਈ (ਐੱਸਡੀਜੀ 3) ਦੇ ਮਾਮਲੇ ਵਿੱਚ ਅੱਠਵੇਂ ਨੰਬਰ ’ਤੇ ਹੈ। ਪਿਛਲੇ ਕਈ ਸਾਲਾਂ ਦੌਰਾਨ ਆਈਆਂ ਸਰਕਾਰਾਂ ਦੀ ਵਿੱਤੀ ਸ਼ਾਹਖਰਚੀ ਕਰ ਕੇ ਮਾਰਚ 2024 ਵਿੱਚ ਸੂਬੇ ਸਿਰ ਕਰਜ਼ੇ ਦਾ ਭਾਰ ਵਧ ਕੇ 3.51 ਲੱਖ ਕਰੋੜ ਰੁਪਏ ਹੋ ਗਿਆ ਸੀ। 2023 ਲਈ ਨੀਤੀ ਆਯੋਗ ਦੇ ਬਹੁ ਦਿਸ਼ਾਵੀ ਗ਼ਰੀਬੀ ਸੂਚਕ ਅੰਕ ਮੁਤਾਬਿਕ ਪੰਜਾਬ ਦੀ ਆਬਾਦੀ ਦਾ 4.75 ਫ਼ੀਸਦੀ ਹਿੱਸਾ ਅੱਤ ਦੀ ਗ਼ਰੀਬੀ ਵਿੱਚ ਰਹਿ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਸਥਿਤੀ ਲਈ ਜ਼ਿੰਮੇਵਾਰੀ ਲੈਣ ਦੀ ਲੋੜ ਹੈ। ਸਮੇਂ-ਸਮੇਂ ’ਤੇ ਬਣੀਆਂ ਸਰਕਾਰਾਂ ਵੱਲੋਂ ਆਪਣੇ ਆਪ ਨੂੰ ਵਿਕਾਸ ਦੇ ਦਿੱਤੇ ਗਏ ਪ੍ਰਮਾਣ ਪੱਤਰ ਸਾਡੀ ਸਿਆਸਤ ਦੇ ਦੰਭ ਦੀ ਸ਼ਾਹਦੀ ਭਰਦੇ ਹਨ। ਪੰਜਾਬ ਦੇ ਨਵੀਨੀਕਰਨ ਲਈ ਇੱਕ ਸਹਿਕਾਰੀ ਉੱਦਮ ਦੀ ਲੋੜ ਹੈ ਜਿਸ ਦੀ ਰੂਪ-ਰੇਖਾ ਅਗਲੇਰੇ ਰਾਹ ਬਾਰੇ ਵਡੇਰੀ ਜਮਹੂਰੀ ਆਮ ਸਹਿਮਤੀ ’ਤੇ ਟਿਕੀ ਹੋਵੇ। ਇਸ ਵਾਸਤੇ ਪਹਿਲੀ ਸ਼ਰਤ ਇਹ ਹੈ ਕਿ ਸਿਆਸੀ ਵਿਰੋਧੀਆਂ ਖ਼ਿਲਾਫ਼ ਬਦਲਾਖੋਰੀ ਦੀ ਸਿਆਸਤ ਨੂੰ ਰੱਦ ਕੀਤਾ ਜਾਵੇ। ਪੰਜਾਬ ਨੂੰ ਆਰਥਿਕ ਖੜੋਤ ਦੇ ਕੁਚੱਕਰ ਤੋਂ ਬਚਾਉਣ ਅਤੇ ਇਸ ਦਾ ਭਵਿੱਖ ਸੁਰੱਖਿਅਤ ਬਣਾਉਣ ਲਈ ਮੌਜੂਦਾ ਸਰਕਾਰ ਜਿਸ ਕੋਲ ਲਾਮਿਸਾਲ ਵਿਧਾਨਕ ਬਹੁਮਤ ਹੈ, ਨੂੰ ਠੋਸ ਨੀਤੀਗਤ ਫ਼ੈਸਲੇ ਲੈਣ ਦੀ ਜ਼ਿੰਮੇਵਾਰੀ ਲੈਣ ਦੀ ਲੋੜ ਹੈ। ਇਸ ਦੀ ਸ਼ੁਰੂਆਤ ਖੇਤੀਬਾੜੀ ਨੀਤੀ ਤੋਂ ਕੀਤੀ ਜਾ ਸਕਦੀ ਹੈ ਜਿਸ ਵਿੱਚ ਰਾਜ ਦੇ ਜ਼ਮੀਨ ਹੇਠਲੇ ਪਾਣੀ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਫ਼ਸਲੀ ਵੰਨ-ਸਵੰਨਤਾ ਅਤੇ ਪਾਣੀ ਦੀ ਤਰਕਸੰਗਤ ਖ਼ਪਤ ਨੂੰ ਤਰਜੀਹ ਦਿੱਤੀ ਜਾਵੇ। ਪਾਣੀ ਦੇ ਅਰਥਚਾਰੇ ਬਾਰੇ ਆਲਮੀ ਕਮਿਸ਼ਨ ਦੀ ਰਿਪੋਰਟ ਜੋ ਅਕਤੂਬਰ 2024 ਵਿੱਚ ਜਾਰੀ ਕੀਤੀ ਗਈ ਹੈ, ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਖੇਤੀਬਾੜੀ ਲਈ ਗ਼ੈਰ-ਹੰਢਣਸਾਰ ਸਬਸਿਡੀਆਂ ਅਤੇ ਪਾਣੀ ਦੀ ਬੇਤਹਾਸ਼ਾ ਵਰਤੋਂ ਵਿਚਕਾਰ ਜੋੜ ਬਣਦਾ ਹੈ। ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਘਟ ਰਹੀ ਹੈ; ਇਸ ਬਾਰੇ ਆ ਰਹੀਆਂ ਡਰਾਉਣੀਆਂ ਪੇਸ਼ੀਨਗੋਈਆਂ ਇਸ ਲਈ ਹੋਂਦ ਦੇ ਸੰਕਟ ਦੀ ਤਸਵੀਰ ਪੇਸ਼ ਕਰ ਰਹੀਆਂ ਹਨ। ਪੰਜਾਬ ਦੇ ਸਿੱਖਿਆ ਅਤੇ ਸਿਹਤ ਖੇਤਰਾਂ ਦੀ ਪਰਿਵਰਤਨਕਾਰੀ ਨਜ਼ਰਸਾਨੀ ਕਰਨ ਦੀ ਲੋੜ ਹੈ ਜਿਨ੍ਹਾਂ ਦੇ ਕਾਰਨ ਕਈ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਸਮਾਂ ਆ ਗਿਆ ਹੈ ਕਿ ਇਸ ਚੀਜ਼ ਨੂੰ ਸਵੀਕਾਰਿਆ ਜਾਵੇ ਕਿ ਕੋਈ ਵੀ ਸਰਕਾਰ ਨਿਰੋਲ ਗ਼ੈਰ-ਟਿਕਾਊ ਚੁਣਾਵੀ ਸੌਗਾਤਾਂ ਤੇ ਦਾਨਸ਼ੀਲਤਾ ਦੇ ਆਧਾਰ ’ਤੇ ਹੀ ਸੌਖਿਆਂ ਜਿੱਤਣ ਦਾ ਦਾਅਵਾ ਨਹੀਂ ਕਰ ਸਕਦੀ ਕਿਉਂਕਿ ਕੋਈ ਵੀ ਨੇਤਾ ਜਾਂ ਸਿਆਸੀ ਧਿਰ ਕਿਸੇ ਵਿੱਤੀ ਅਣਹੋਣੀ ਨੂੰ ਸੰਭਾਲ ਨਹੀਂ ਸਕਦੇ। ਘਟਦੇ ਜਾਂਦੇ ਰਾਜਸੀ ਲਾਹੇ ਦੇ ਤਰਕ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੇ ਇਹੀ ਹੁਣ ਸਾਡੀ ਰਾਜਨੀਤੀ ਵਿੱਚ ਮਿਆਰੀ ਤਬਦੀਲੀ ਵੀ ਲਿਆ ਰਿਹਾ ਹੈ। ਸਿਆਸੀ ਪਾਰਟੀਆਂ ਸੱਤਾ ਦੀ ਖਿੱਚ ਦੀਆਂ ਗ਼ੁਲਾਮ ਨਹੀਂ ਬਣੀਆਂ ਰਹਿ ਸਕਦੀਆਂ ਭਾਵੇਂ ਇਹ ਖਿੱਚ ਕਿਸੇ ਵੀ ਸਿਰੇ ਤੋਂ ਹੋਵੇ ਤੇ ਨਾ ਹੀ ਮੁਕਾਬਲੇ ਦੀ ਸਿਆਸਤ ਇਸ ਪੱਧਰ ਤੱਕ ਡਿੱਗ ਸਕਦੀ ਹੈ, ਜਿੱਥੇ ਲੋਕ ਸੰਵਾਦ ਲਗਾਤਾਰ ਲਾਪ੍ਰਵਾਹ ਨਿੱਜੀ ਦੂਸ਼ਣਬਾਜ਼ੀ ਨਾਲ ਭ੍ਰਿਸ਼ਟ ਹੁੰਦਾ ਰਹੇ ਜਿਸ ਵਿੱਚ ਸਾਡੀਆਂ ਸਾਂਝੀਆਂ ਚੁਣੌਤੀਆਂ ’ਤੇ ਅਰਥਪੂਰਨ ਚਰਚਾ ਲਈ ਕੋਈ ਥਾਂ ਹੀ ਨਾ ਬਚੇ। ਭਗਵੰਤ ਮਾਨ ਸਰਕਾਰ ਕੋਲ ਅਜੇ ਵੀ ਆਪਣੇ ਵਾਅਦਿਆਂ ਉੱਤੇ ਖ਼ਰਾ ਉਤਰਨ ਦਾ ਸਮਾਂ ਤੇ ਮੌਕਾ ਹੈ ਅਤੇ ਵੱਖਰੀ ਤਰ੍ਹਾਂ ਦੀ ਸਰਕਾਰ ਹੋਣ ਦੇ ਆਪਣੇ ਦਾਅਵੇ ਨੂੰ ਸਿੱਧ ਕਰਨ ਲਈ ਇਹ ਜ਼ੋਰ ਲਾ ਸਕਦੀ ਹੈ। ਰਾਜ ਨੂੰ ਉਸ ਦਲਦਲ ਵਿੱਚੋਂ ਕੱਢਣ ਦੇ ਆਪਣੇ ਯਤਨਾਂ ਜਿਸ ਵਿੱਚ ਸੂਬਾ ਫਸਿਆ ਹੋਇਆ ਹੈ, ’ਚ ਸਹਿਕਾਰੀ ਸੰਘਵਾਦ (ਫੈਡਰਲਿਜ਼ਮ) ਦੀ ਭਾਵਨਾ ’ਚ ਇਹ ਕੇਂਦਰ ਸਰਕਾਰ ਤੋਂ ਲੋੜੀਂਦੀ ਮਦਦ ਲੈਣ ਦਾ ਹੱਕ ਰੱਖਦੀ ਹੈ। ਉਂਝ, ਇਹ ਵੀ ਜ਼ਰੂਰੀ ਹੈ ਕਿ ਇਹ ਜ਼ਮੀਨੀ ਹਕੀਕਤਾਂ ਮੁਤਾਬਿਕ ਵੋਟਰਾਂ ’ਤੇ ਭਰੋਸਾ ਕਰੇ ਅਤੇ ਸਥਿਤੀ ਦੇ ਹੱਲ ਲਈ ਮੁਸ਼ਕਿਲ ਪਰ ਜ਼ਰੂਰੀ ਕਦਮ ਚੁੱਕਣ ਲਈ ਵਿਰੋਧੀ ਧਿਰ ਨਾਲ ਉਸਾਰੂ ਤਾਲਮੇਲ ਰੱਖੇ। ਇਸ ਤਾਲਮੇਲ ਦੇ ਰਾਹ ’ਚ ਇਹ ਵਿਚਾਰਧਾਰਕ ਵਖਰੇਵਿਆਂ ਅਤੇ ਸਿਆਸੀ ਉਦੇਸ਼ਾਂ ਨੂੰ ਅੜਿੱਕਾ ਨਾ ਬਣਨ ਦੇਵੇ। ਵੋਟਰਾਂ ਨੂੰ ਵੀ ਆਪਣੇ ਪੱਧਰ ’ਤੇ ਇਨ੍ਹਾਂ ਚੋਣਾਂ ’ਚ ਜਾਗਰੂਕ ਰਾਜਨੀਤਕ ਵਚਨਬੱਧਤਾ ਪ੍ਰਗਟ ਕਰਨੀ ਚਾਹੀਦੀ ਹੈ ਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਚੋਣ ਆਤਮ ਚਿੰਤਨ ਦਾ ਮੌਕਾ ਬਣੇ। ਇਸ ਮੌਕੇ ਨੂੰ ਸੂਬੇ ਅੱਗੇ ਖੜ੍ਹੇ ਬੁਨਿਆਦੀ ਸਵਾਲਾਂ ਦੁਆਲੇ ਕੇਂਦਰਿਤ ਅਗਾਂਹਵਧੂ ਜਮਹੂਰੀ ਰਾਜਨੀਤੀ ਨੂੰ ਅੱਗੇ ਵਧਾਉਣ ਲਈ ਵੀ ਵਰਤਿਆ ਜਾਣਾ ਚਾਹੀਦਾ ਹੈ; ਤੇ ਕਾਂਗਰਸ ਸਣੇ ਸਾਰੀਆਂ ਪਾਰਟੀਆਂ ਜੋ ਰਾਜ ’ਚ ਬਦਲਾ ਲੈਣ ਦੇ ਰੌਂਅ ’ਚ ਵਿਚਰ ਰਹੀਆਂ ਹਨ, ਤੇ ਉੱਭਰ ਰਹੀ ਭਾਜਪਾ ਨੂੰ ਵੀ ਗੁਆਂਢੀ ਰਾਜਾਂ ਦੀਆਂ ਚੋਣਾਂ ਵਿੱਚ ਮਿਲੇ ਸਪੱਸ਼ਟ ਸੁਨੇਹੇ ਨੂੰ ਚੰਗੀ ਤਰ੍ਹਾਂ ਚੇਤੇ ਰੱਖਣਾ ਚਾਹੀਦਾ ਹੈ ਕਿ ਲੋਕਾਂ ਦਾ ਸਾਂਝਾ ਬਿਬੇਕ ਜੋ ਉਨ੍ਹਾਂ ਦੇ ਤਜਰਬਿਆਂ ’ਚੋਂ ਵਿਕਸਤ ਹੁੰਦਾ ਹੈ, ਆਖ਼ਿਰ ’ਚ ਜ਼ਾਹਿਰ ਹੋ ਜਾਂਦਾ ਹੈ ਅਤੇ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ-ਮਿਣਤੀਆਂ ਵੀ ਗ਼ਲਤ ਸਾਬਿਤ ਕਰ ਦਿੰਦਾ ਹੈ। ਲੋਕਤੰਤਰ ਦੀ ਮਜ਼ਬੂਤੀ ’ਚ ਚੋਣਾਂ ਦੀ ਇੱਕੋ-ਇੱਕ ਪਰਖ ਇਹੀ ਹੈ ਕਿ, ਕੀ ਇਹ ਉਹ ਨੇਤਾ ਤੇ ਨੀਤੀਆਂ ਪੈਦਾ ਕਰਦੀਆਂ ਹਨ ਜੋ ਲੋਕਾਂ ਨੂੰ ਭਰੋਸੇ ਬੰਨ੍ਹਾਉਂਦੇ ਹੋਣ? ਕੀ ਇਹ ਇੱਜ਼ਤ ਦੀ ਜ਼ਿੰਦਗੀ ਤਲਾਸ਼ ਰਹੇ ਸਤਾਏ ਹੋਇਆਂ ਦੇ ਦੱਬੇ ਸੁਰਾਂ ਨੂੰ ਲਫ਼ਜ਼ ਦਿੰਦੀਆਂ ਹਨ? ਪੰਜਾਬ ਦੀਆਂ ਜ਼ਿਮਨੀ ਚੋਣਾਂ

‘ਆਪ’ ਸਰਕਾਰ ਦੀ ਅਜ਼ਮਾਇਸ਼/ਅਸ਼ਵਨੀ ਕੁਮਾਰ Read More »

ਪੰਜਾਬ ਭਾਜਪਾ ਨੇ ਰਾਜਾ ਵੜਿੰਗ ’ਤੇ ਲਗਾਏ ਚੋਣ ਨਿਯਮਾਂ ਦੀ ਉਲੰਘਣਾ ਦਾ ਦੋਸ਼

ਚੰਡੀਗੜ੍ਹ, 12 ਨਵੰਬਰ – ਭਾਜਪਾ ਪੰਜਾਬ  ਬੁਲਾਰਾ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਚੋਣ ਕਮਿਸ਼ਨ ਆਫ ਇੰਡੀਆ (ਈ.ਸੀ.ਆਈ.) ਅਤੇ ਪੰਜਾਬ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਕਾਂਗਰਸ ਦੀ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਪਤੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੁਧ  ਚੋਣ ਜ਼ਾਬਤੇ ਦੀ ਉਲੰਘਣਾ ਲਈ ਤੁਰਤ  ਕਾਰਵਾਈ ਕੀਤੀ ਜਾਵੇ। ਇਹ ਸਪੱਸ਼ਟ ਹੈ ਕਿ ਰਾਜਾ ਵੜਿੰਗ ਨੇ ਅਪਣੇ  ਚੋਣ ਪ੍ਰਚਾਰ ਲਈ ਧਾਰਮਕ  ਸਥਾਨਾਂ ਦੀ ਵਰਤੋਂ ਕਰ ਕੇ  1988 ਦੇ ਧਾਰਮਕ  ਸਥਾਨਾਂ ਦੀ (ਸਿਆਸੀ ਵਰਤੋਂ ਰੋਕਥਾਮ) ਐਕਟ ਦੀ ਉਲੰਘਣਾ ਕੀਤੀ ਹੈ। ਰਾਜਾ ਵੜਿੰਗ ਨੇ ਅਪਣੇ  ਫੇਸਬੁੱਕ ਪੇਜ ’ਤੇ  ਪੋਸਟ ਕੀਤਾ ‘‘ਗਿੱਦੜਬਾਹਾ ਮਸਜਿਦ ਵਿਖੇ ਸ਼ਿਰਕਤ ਕਰ ਕੇ ਸੰਗਤਾਂ ਨੂੰ ਸੰਬੋਧਨ ਕੀਤਾ ਇਸ ਮੌਕੇ ਉਨ੍ਹਾਂ ਆਉਣ ਵਾਲੀ 20 ਤਰੀਕ ਨੂੰ ਹੱਥ ਪੰਜੇ ਵਾਲਾ ਬਟਨ ਦਬਾਉਣ ਦਾ ਅਹਿਦ ਲਿਆ।‘‘ ਇਹ ਐਕਟ ਧਾਰਮਕ  ਸਥਾਨਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਅਤੇ ਉਨ੍ਹਾਂ ਦੀ ਵਰਤੋਂ ਸਿਆਸੀ ਮਕਸਦਾਂ ਲਈ ਰੋਕਣ ਲਈ ਬਣਾਇਆ ਗਿਆ ਸੀ। ਇਸ ਐਕਟ ਉਲੰਘਣਾ ਕਰਨ ’ਤੇ  5 ਸਾਲ ਤਕ  ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਭਾਜਪਾ ਪੰਜਾਬ ਦਾ ਮੰਨਣਾ ਹੈ ਕਿ ਅਜਿਹੀ ਕਾਰਵਾਈ ਨਾਂ ਹੀ ਸਿਰਫ਼ ਕਾਨੂੰਨੀ ਨਿਯਮਾਂ ਦੀ ਉਲੰਘਣਾ ਹੈ, ਸਗੋਂ ਪੰਜਾਬ ਦੀ ਧਰਮ ਨਿਰਪਖਤਾ ਅਤੇ ਲੋਕਤੰਤਰਿਕ ਪ੍ਰਕਿਰਿਆ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ  ਅਪਣੇ  ਚੋਣ ਫਾਇਦੇ ਲਈ ਮੁਸਲਿਮ ਭਾਈਚਾਰੇ ਨੂੰ ਧੁਰਵੀਕਰਨ ਕਰਨਾ ਬਹੁਤ ਗਲਤ ਗੱਲ ਹੈ। ਭਾਜਪਾ ਪੰਜਾਬ ਮੰਗ ਕਰਦੀ ਹੈ ਕਿ ਚੋਣ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਰਾਜਾ ਵੜਿੰਗ ਨੂੰ ਤੁਰਤ  ਚੋਣ ਪ੍ਰਚਾਰ ਤੋਂ ਰੋਕਿਆ ਜਾਵੇ। ਇਸ ਲਈ, ਚੋਣ ਕਮਿਸ਼ਨ ਤੋਂ ਅਪੀਲ ਹੈ ਕਿ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓ.s) ਅਤੇ ਰਿਟਰਨਿੰਗ ਅਧਿਕਾਰੀਆਂ (ਆਰ.ਓ.s) ਨੂੰ ਇਨ੍ਹਾਂ ਨਿਯਮਾਂ ਦੀ ਕੜੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਤੇ ਸਖਤ ਕਾਰਵਾਈ ਕੀਤੀ ਜਾਵੇ। ਧਾਰਮਕ  ਸੰਸਥਾਵਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ’ਚ ਰਾਜਾ ਵੜਿੰਗ ਵਿਰੁਧ ਸ਼ਿਕਾਇਤ ਦਰਜ  ਭਾਜਪਾ ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਨੇਤਾਵਾਂ ਵਿਰੁਧ  ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਪੰਜਾਬ ’ਚ ਚੱਲ ਰਹੀ ਜ਼ਿਮਨੀ ਚੋਣ ਮੁਹਿੰਮ ਦੌਰਾਨ ਸਿਆਸੀ ਫਾਇਦੇ ਲਈ ਮਸਜਿਦ ਦੀ ਦੁਰਵਰਤੋਂ ਕੀਤੀ। ਭਾਜਪਾ ਪੰਜਾਬ ਦੇ ਦਫ਼ਤਰ ਸਕੱਤਰ ਸੁਨੀਲ ਦੱਤ ਭਾਰਦਵਾਜ ਵਲੋਂ  ਦਾਇਰ ਕੀਤੀ ਗਈ ਸ਼ਿਕਾਇਤ ’ਚ ਦਾਅਵਾ ਕੀਤਾ ਗਿਆ ਹੈ ਕਿ 10 ਨਵੰਬਰ, 2024 ਨੂੰ ਵੜਿੰਗ ਅਤੇ ਉਸ ਦੇ ਸਾਥੀਆਂ ਨੇ ਗਿੱਦੜਬਾਹਾ ਮਸਜਿਦ ਦੇ ਅੰਦਰ ਇਕ  ਸਿਆਸੀ ਮੀਟਿੰਗ ਕੀਤੀ ਅਤੇ ਹਾਜ਼ਰ ਲੋਕਾਂ ਨੂੰ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਹ ਐਕਟ ਆਦਰਸ਼ ਚੋਣ ਜ਼ਾਬਤੇ ਅਤੇ ਧਾਰਮਕ  ਸੰਸਥਾਵਾਂ (ਦੁਰਵਰਤੋਂ ਰੋਕੂ) ਐਕਟ, 1988 ਦੀ ਉਲੰਘਣਾ ਕਰਦਾ ਹੈ, ਜੋ ਸਿਆਸੀ ਗਤੀਵਿਧੀਆਂ ਲਈ ਧਾਰਮਕ  ਸਥਾਨਾਂ ਦੀ ਵਰਤੋਂ ’ਤੇ  ਪਾਬੰਦੀ ਲਗਾਉਂਦਾ ਹੈ। ਸ਼ਿਕਾਇਤ ਵਿਚ ਵੜਿੰਗ ਅਤੇ ਹੋਰ ਸ਼ਾਮਲ ਨੇਤਾਵਾਂ ਵਿਰੁੱਧ FIR ਦਰਜ ਕਰਨ ਸਮੇਤ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜਿਸ ਵਿਚ ਕਥਿਤ ਉਲੰਘਣਾ ਲਈ ਪੰਜ ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਸੰਭਾਵਿਤ ਸਜ਼ਾ ਦਾ ਹਵਾਲਾ ਦਿਤਾ ਗਿਆ ਹੈ।

ਪੰਜਾਬ ਭਾਜਪਾ ਨੇ ਰਾਜਾ ਵੜਿੰਗ ’ਤੇ ਲਗਾਏ ਚੋਣ ਨਿਯਮਾਂ ਦੀ ਉਲੰਘਣਾ ਦਾ ਦੋਸ਼ Read More »

ਗੋਇਲ ਪਰਿਵਾਰ ਨੇ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਦੇ 36 ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ਫ਼ਰੀਦਕੋਟ, 12 ਨਵੰਬਰ – ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕਾਰਜ ਕਰਨ ਵਾਲੇ ਫ਼ਰੀਦਕੋਟ ਦੇ ਸਮਾਜ ਸੇਵੀ ਰਮੇਸ਼ ਗੋਇਲ, ਉਨ੍ਹਾਂ ਦੀ ਸੁਪਤਨੀ ਸਰੋਜ ਗੋਇਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਵਿਖੇ ਨੰਨੇ-ਮੁੰਨੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡਣ ਵਾਸਤੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸ਼੍ਰੀ ਉਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ, ਰਾਜ ਸਿੰਘ ਸੰਧੂ ਮੀਤ ਪ੍ਰਧਾਨ ਦੀ ਗੁਰੂ ਨਾਨਕ ਕਾਲੋਨੀ ਫ਼ਰੀਦਕੋਟ, ਬਲਬੀਰ ਸਿੰਘ ਚਾਵਲਾ ਸਾਦਿਕ, ਰਮੇਸ਼ ਕੁਮਾਰ ਗੋਇਲ, ਸ਼੍ਰੀਮਤੀ ਸਰੋਜ ਦੇਵੀ ਗੋਇਲ ਉਚੇਚੇ ਤੌਰ ਤੇ ਸਮਾਗਮ ’ਚ ਸ਼ਾਮਲ ਹੋਏ। ਇਸ ਮੌਕੇ ਰਮੇਸ਼ ਗੋਇਲ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਆਪਣੇ ਮਾਤਾ-ਪਿਤਾ ਦੀ ਯਾਦ ’ਚ 36 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਤੇ ਸਕੂਲ ਦੇ ਲੋੜਵੰਦ-ਹੁਸ਼ਿਆਰ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਨੂੰ ਵਿੱਦਿਆ ਦੇ ਖੇਤਰ ’ਚ ਆਪਣੀ ਸਮਰੱਰਥਾ ਅਨੁਸਾਰ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਹੀ ਸਾਡਾ ਸਮਾਜ ਅਸਲ ’ਚ ਤਰੱਕੀ ਕਰ ਸਕਦਾ ਹੈ। ਇਸ ਮੌਕੇ ਸ਼੍ਰੀ ਉਪੇਂਦਰ ਸ਼ਰਮਾ ਸਾਬਕਾ ਜ਼ੇਲ ਤੇ ਨਿਆਂ ਮੰਤਰੀ ਪੰਜਾਬ ਨੇ ਆਪਣੇ ਵੱਲੋਂ 8 ਮਿਡ-ਡੇ-ਮੀਲ ਵਰਕਰਾਂ ਨੂੰ ਸੂਟ ਅਤੇ ਸਕੂਲ ਦੇ 125 ਦੇ ਕਰੀਬ ਬੱਚਿਆਂ ਨੂੰ ਭੂਜੀਆਂ-ਬਦਾਨਾ ਵੰਡਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਸਫ਼ਲ ਇਨਸਾਨ ਬਣਨ ਵਾਸਤੇ ਸਖ਼ਤ ਮਿਹਨਤ ਕਰਨ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਵੱਧ ਤੋਂ ਸਤਿਕਾਰ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਅਧਿਆਪਕ ਆਗੂ ਸੁਖਵਿੰਦਰ ਸਿੰਘ ਸੁੱਖੀ ਨੇ ਗੋਇਲ ਪ੍ਰੀਵਾਰ ਅਤੇ ਸ਼੍ਰੀ ਉਪੇਂਦਰ ਸ਼ਰਮਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਭ ਨੂੰ ਸਕੂਲ ਪਹੁੰਚਣ ਤੇ ਜੀ ਆਇਆਂ ਨੂੰ ਆਖਿਆ। ਸਕੂਲ ਮੁਖੀ ਮਨਜੀਤ ਰਾਣੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮਹਿੰਦਰਪਾਲ, ਪਰਮਿੰਦਰ ਸਿੰਘ, ਵੀਰਪਾਲ ਕੌਰ, ਸੋਨੀਆ ਨਰੂਲਾ, ਪਿੰਦਰ ਕੌਰ, ਸੁਰਜੀਤ ਕੌਰ, ਸਰਕਾਰੀ ਮਿਡਲ ਸਕੂਲ ਮਾਨੀ ਸਿੰਘ ਵਾਲਾ ਦੇ ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਰਮਨਪ੍ਰੀਤ ਕੌਰ, ਮਨਵਿੰਦਰ ਸਿੰਘ, ਪਿੰਕੀ ਰਾਣੀ ਹਾਜ਼ਰ ਸਨ।

ਗੋਇਲ ਪਰਿਵਾਰ ਨੇ ਪ੍ਰਾਇਮਰੀ ਸਕੂਲ ਮਾਨੀ ਸਿੰਘ ਵਾਲਾ ਦੇ 36 ਖਿਡਾਰੀਆਂ ਨੂੰ ਵੰਡੀਆਂ ਸਪੋਰਟਸ ਕਿੱਟਾਂ Read More »

ਡਾ. ਗੁਰਵਿੰਦਰ ਸਿੰਘ ਜੰਮੂ (ਜੰਮੂ ਹਸਪਤਾਲ) ਜਲੰਧਰ ਵਾਲਿਆਂ ਨੇ ਖੋਜ ਪੱਤਰ ਪੜਿ੍ਹਆ

*ਕਾਬਲੀਅਤ: ਇੰਡੀਅਨ ਡਾਕਟਰ-ਜਰਮਨੀ ’ਚ ਲੈਕਚਰ *14ਵੀਂ ਫਰੈਂਕਫਰਟਰ ਮੀਟਿੰਗ ਵਿਚ ਕੀਤਾ ਗਿਆ ਸਨਮਾਨਿਤ ਔਕਲੈਂਡ, 11 ਨਵੰਬਰ 2024, (ਹਰਜਿੰਦਰ ਸਿੰਘ ਬਸਿਆਲਾ) – ‘ਫਰੈਂਕਫਰਟਰ ਬੈਰਿਆਟ੍ਰਿਕ ਸਰਜਰੀ ਕਾਂਗਰਸ: ਗਿਆਨ ਅਤੇ ਸਬੰਧ’ ਦੇ ਵਿਚ ਇਕ ਅੰਤਰਰਾਸ਼ਟਰੀ ਮੀਟਿੰਗ ਬੀਤੇ ਦਿਨੀਂ ਜਰਮਨੀ ਵਿਖੇ ਹੋਈ। ਇਹ ਬੈਰਿਆਟ੍ਰਿਕ ਸਰਜਰੀ ਕਾਂਗਰਸ ਦੇ ਰੂਪ ਵਿੱਚ ਮਸ਼ਹੂਰ ਹੈ। ਇਹ ਸਮਾਗਮ ਡਾ. ਰੁਡੋਲਫ ਵੀਨਰ ਅਤੇ ਡਾ. ਸਿਲਵੀਆ ਵੀਨਰ ਵੱਲੋਂ ਆਯੋਜਿਤ ਕੀਤਾ ਗਿਆ ਸੀ, ਅਤੇ ਇਸ ਵਿੱਚ ਦੁਨੀਆ ਭਰ ਦੇ 500 ਤੋਂ ਵੱਧ ਪ੍ਰਤਿਨਿਧੀਆਂ ਨੇ ਹਿੱਸਾ ਲਿਆ। ਇੰਡੀਆ ਖਾਸ ਕਰ ਜਲੰਧਰ ਵਾਲਿਆਂ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ‘ਜੰਮੂ ਹਸਪਤਾਲ’ ਕਪੂਰਥਲਾ ਰੋਡ, ਜਲੰਧਰ ਦੇ ਮੁਖੀ ਡਾ. ਗੁਰਵਿੰਦਰ ਸਿੰਘ ਜੰਮੂ (ਐਮ. ਐਸ.) ਇਸ ਤਿੰਨ ਦਿਨਾਂ ਮੀਟਿੰਗ ਦਾ ਹਿੱਸਾ ਬਣੇ। ਡਾ. ਗੁਰਵਿੰਦਰ ਸਿੰਘ ਜੰਮੂ, ਜੋ ਕਿ ਫੈਕਲਟੀ ਮੈਂਬਰ ਵਜੋਂ ਸਨਮਾਨਿਤ ਸਨ, ਨੂੰ ਇਸ ਕਾਂਗਰਸ ਵਿੱਚ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਡਾ. ਗੁਰਵਿੰਦਰ ਸਿੰਘ ਜੰਮੂ ਨੇ ਦੋ ਮਹੱਤਵਪੂਰਣ ਖੋਜ ਲੈਕਚਰ ਪੇਸ਼ ਕੀਤੇ। ਪਹਿਲੇ ਲੈਕਚਰ ਵਿੱਚ, ਉਹਨਾਂ ਨੇ ਬੈਰਿਆਟ੍ਰਿਕ ਸਰਜਰੀ ਵਿੱਚ ਢੁਕਵੇਂ ਪ੍ਰਬੰਧਨ ਦੀਅੰ ਰਣਨੀਤੀਆਂ ਦੇ ਮੱਦੇਨਜ਼ਰ ਤਤਕਾਲ ਪੈਰੀ-ਆਪਰੇਟਿਵ ਮੈਮੋਰੀ ਅਤੇ ਪੋਸਟ-ਓਪਰੇਟਿਵ ਗੁੰਝਲਾਂ ਬਾਰੇ ਗੱਲ ਕੀਤੀ। ਦੂਜੇ ਲੈਕਚਰ ਵਿੱਚ, ਉਹਨਾਂ ਨੇ ਫੇਲ ਹੋਏ ਲੈਪਾਰੋਸਕੋਪਿਕ ਸਲੀਵ ਗੈਸਟਰੈਕਟਮੀ ਨੂੰ ਮਿਨੀ ਗੈਸਟ੍ਰਿਕ ਬਾਈਪਾਸ/ਓ ਏ ਜੀ ਬੀ ਵਿੱਚ ਬਦਲਣ ਦੇ ਕਾਰਨਾਂ ਅਤੇ ਸਫਲ ਨਤੀਜੇ ਪ੍ਰਾਪਤ ਕਰਨ ਦੇ ਤਰੀਕਿਆਂ ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਲੈਕਚਰਾਂ ਤੋਂ ਇਲਾਵਾ, ਦੁਨੀਆ ਭਰ ਦੇ ਸਹਿਯੋਗੀਆਂ ਅਤੇ ਦੋਸਤਾਂ ਨਾਲ ਉਨ੍ਹਾਂ ਦਾ ਮਿਲਣਾ, ਗਿਆਨ ਦੀ ਸਾਂਝ ਪੈਦਾ ਕਰਨਾ ਅਤੇ ਬੈਰਿਆਟ੍ਰਿਕ ਸਰਜਰੀ ਦੇ ਪ੍ਰਮੁੱਖ ਮਾਹਿਰਾਂ ਦੇ ਨਾਲ ਸੰਬੰਧ ਮਜ਼ਬੂਤ ਕਰਨ ਦਾ ਮੌਕਾ ਬਹੁਤ ਵਧੀਆ ਸੀ। ਡਾ. ਗੁਰਵਿੰਦਰ ਸਿੰਘ ਨੇ ਆਪਣੇ ਹੋਸਟਾਂ ਡਾ. ਰੁਡੋਲਫ ਵੀਨਰ ਅਤੇ ਡਾ. ਸਿਲਵੀਆ ਵੀਨਰ ਦੇ ਗਰਮਜੋਸ਼ੀ ਭਰੀ ਮਹਿਮਾਨ ਨਿਵਾਜ਼ੀ, ਸਤਿਕਾਰ ਅਤੇ ਕੁਝ ਹੋਰ ਸਿੱਖਣ ਦੇ ਅਨੁਭਵ ਲਈ ਧੰਨਵਾਦ ਕੀਤਾ। ਡਾ. ਜੰਮੂ ਦੇ ਜਰਮਨੀ ਜਾ ਕੇ ਖੋਜ ਪੱਤਰ ਪੇਸ਼ ਕਰਨਾ ਭਾਰਤੀ ਡਾਕਟਰਾਂ ਦੀ ਕਾਬਲੀਅਤ ਨੂੰ ਦਰਸਾਉਂਦਾ ਹੈ ਅਤੇ ਜਲੰਧਰ ਸ਼ਹਿਰ  ਨੂੰ ਡਾ. ਗੁਰਵਿੰਦਰ ਸਿੰਘ ਜੰਮੂ ਹੋਰਾਂ ’ਤੇ ਮਾਣ ਹੋਵੇਗਾ।

ਡਾ. ਗੁਰਵਿੰਦਰ ਸਿੰਘ ਜੰਮੂ (ਜੰਮੂ ਹਸਪਤਾਲ) ਜਲੰਧਰ ਵਾਲਿਆਂ ਨੇ ਖੋਜ ਪੱਤਰ ਪੜਿ੍ਹਆ Read More »

“ਘੁਰਨਿਆਂ ‘ਚ ਘੁਸੇ ਹੋਏ ਲੋਕ”/ਪ੍ਰੋ. ਜਸਵੰਤ ਸਿੰਘ ਗੰਡਮ

ਸਾਡੇ ਵੇਲੇ ਖੁਲ੍ਹੇ ਘਰ ਅਤੇ ਖੁਲ੍ਹੇ ਦਿਲ ਹੁੰਦੇ ਸਨ।ਅੱਜ-ਕੱਲ੍ਹ ਲੋਕ ਘੁਰਨਿਆਂ ਵਿਚ ਘੁਸੇ ਰਹਿੰਦੇ ਹਨ। ਨਿੱਕੇ ਨਿੱਕੇ ਕਮਰੇ ‘ਤੇ ਨਿੱਕੇ ਨਿੱਕੇ ਦਿਲ!ਇਹ ਨਹੀਂ ਕਿ ਖੁਲ੍ਹਦਿਲੀ ਖਤਮ ਹੋ ਗਈ ਹੈ।ਕਦੀ ਵੀ ਕਿਸੇ ਚੀਜ਼ ਦਾ ਬੀਜ ਨਹੀਂ ਨਾਸ ਹੁੰਦਾ।ਸੋ,ਖੁਲ੍ਹਦਿਲੀ ਵੀ ਹੈ ਪਰ ਖੁਦਸਰੀ ਵਧੇਰੇ ਹੈ! ਸਾਡਾ ਸਮਾਂ ਦਲਾਨਾਂ ਦਾ ਸਮਾਂ ਹੁੰਦਾ ਸੀ।ਦਲਾਨ ਦੀ ਪ੍ਰੀਭਾਸ਼ਾ ‘ਘਰ ਦੇ ਮੁੱਖ ਦੁਆਰ ਦੇ ਅੰਦਰ ਛੱਤੀ ਥਾਂ;ਘਰ ਦਾ ਛੋਟਾ ਵਿਹੜਾ’ ਹੈ(ਸਰੋਤ:ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼,ਲੇਖਕ ਕਿਰਪਾਲ ਕਜ਼ਾਕ(ਪ੍ਰੋ.)। ਪਰ ਸਾਡੇ ਇਲਾਕੇ ਵਿੱਚ ਦਲਾਨ ਇੱਕ ਹਾਲਨੁਮਾ ਬਹੁ-ਖਣੇ ਲੰਮੇ ਕਮਰੇ ਨੂੰ ਕਿਹਾ ਜਾਂਦਾ ਸੀ,ਜਿਸ ਅੰਦਰ ਘਰ ਦੇ ਸਾਰੇ ਜੀਆਂ ਦੇ ਮੰਜੇ ਠੱਡਦੇ ਸਨ ਅਤੇ ਸਭ ਅੱਗੜ-ਪਿੱਛੜ ਉਸ ਥਾਂ ਰਾਤ ਨੂੰ ਸੌਂਦੇ ਸਨ।ਸਾਡੇ ਆਪਣੇ ਦਲਾਨ ਵਿੱਚ ਅੱਠ ਮੰਜੇ ਠੱਡਦੇ ਸਨ,ਦੋ ਬਰੋ-ਬਰਾਬਰ ਤੇ ਬਾਕੀ ਇੱਕ ਲੰਮੀ ਕਤਾਰ ਵਿਚ। ਬਜ਼ੁਰਗ ਬੜੇ ਮਾਨ ਨਾਲ ਕਹਿੰਦੇ ਹੁੰਦੇ ਸਨ ਕਿ ‘ਸਾਡਾ ਦਲਾਨ 16 ਜਾਂ 18 ਖਣਾਂ’ ਦਾ ਹੈ! ਗਰਮੀਆਂ ਵਿੱਚ ਛੱਤ ਉਪਰ ਸੌਂਈਦਾ ਸੀ।ਸਭ ਮੰਜੇ ਇੱਕ ਇੱਕ ਕਰਕੇ ਛੱਤ ਉਪਰ ਚੜ੍ਹਾਏ ਜਾਂਦੇ ਸਨ।ਸੌਣ ਤੋਂ ਪਹਿਲਾਂ ਸਾਰਾ ਪਰਿਵਾਰ ਆਪਸ ਵਿੱਚ ਵੀ ਅਤੇ ਦੂਸਰੀ ਛੱਤ ਉਪਰ ਮੰਜਿਆਂ ਉੱਪਰ ਪਏ\ਬੈਠੇ ਗੁਆਢੀਆਂ ਨਾਲ ਵੀ ਗਲਬਾਤ ਕਰਦੇ ਰਹਿੰਦੇ ਸਨ। ਇਸ ਸਭ ਕੁਝ ਦਾ ਫਾਇਦਾ ਸੰਵਾਦ ਰਾਹੀਂ ਸਦਭਾਵ ਅਤੇ ਆਪਸੀ ਸਾਂਝ ਬਣੀ ਰਹਿੰਦੀ ਸੀ।ਗਲਬਾਤ ਬੰਦੇ ਨੂੰ ਹਲਕਾ ਕਰ ਦਿੰਦੀ ਹੈ।ਘੁੱਟਿਆ-ਵੱਟਿਆ ਬੰਦਾ ਅੱਲਗ ਥੱਲਗ ਅਤੇ ਤਣਾਵ-ਗ੍ਰਸਤ ਰਹਿੰਦਾ ਹੈ।ਸੁਰਜੀਤ ਪਾਤਰ ਨੇ ਠੀਕ ਹੀ ਕਿਹੈ-“ਖੋਲ ਦਿੰਦਾ ਦਿਲ ਜੇ ਤੂੰ ਲਫਜ਼ਾਂ ਦੇ ਵਿਚ ਯਾਰਾਂ ਦੇ ਨਾਲ,\ ਖੋਲਣਾ ਪੈਂਦਾ ਨਾਂ ਏਦਾਂ ਅੱਜ ਔਜ਼ਾਰਾਂ ਦੇ ਨਾਲ”! ਪਰ ਅੱਜ-ਕੱਲ੍ਹ ਦਲਾਨ ਡੱਬੀਆਂ ਵਰਗੇ ਕਮਰਿਆਂ,ਬਲਕਿ ‘ਕਮਰੀਆਂ’,ਵਿੱਚ ਤਬਦੀਲ ਹੋ ਗਏ ਹਨ।‘ਮੀ ਟਾਈਮ’(ਮੇਰਾ ਵਕਤ) ਅਤੇ ‘ਮੀ-ਸਪੇਸ’(ਮੇਰੀ ਥਾਂ) ਦੀ ਧਾਰਨਾਂ ਨੇ ਘਰ ਦੇ ਜੀਆਂ ਨੂੰ ਅਲਗ-ਥਲਗ ਕਰ ਦਿਤਾ ਹੈ।ਲੋਕ ਘੁਰਨਿਆਂ ਵਿਚ ਧਸੇ ਹੋਏ ਹਨ। ਘੁਸ,ਘੁਸਣਾ,ਘੁਸਰਨਾ,ਘੁਸੜਨਾ ਧਸਣਾ ਜਾਂ ਪ੍ਰਵੇਸ਼ ਕਰਨਾ ਹੈ।ਘੁਰ ਜਾਂ ਘੁਰਨਾ ਜੰਗਲੀ ਪਸ਼ੂਆਂ ਦਾ ਘਰ ਜਾਂ ਗ੍ਰਿਹਵਨ,ਵਨਗ੍ਰਿਹ ਨੂੰ ਕਹਿੰਦੇ ਹਨ-‘ਹੋਇ ਸਤਾਣਾ ਘੁਰੈ ਨ ਮਾਵੈ’(ਸ.ਗ.ਗ.ਸ.ਅੰਗ 1286) ਘੁਸਣਾ ਦਾ ਦੂਸਰਾ ਅਰਥ ਭੁੱਲਣਾ.ਚੂਕਨਾ ਵੀ ਹੈ-‘ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ’।।(ਅੰਗ 314) ਅਤੇ ‘ਬਹਿ ਜਾਇ ਘੁਸਰਿ ਬਗੁਲਾਰੇ’।।(ਅੰਗ 312) ਘੁਰਨਾ ਦਾ ਦੂਜਾ ਅਰਥ ਗਰਜਣਾ ਹੈ-‘ਘੁਰਨਿ ਘਟਾ ਅਤਿ ਕਾਲੀਆ’(ਅੰਗ 1102) ਅਤੇ ‘ਘੁਰੇ ਨਗਾਰੇ’(ਚੰਡੀ3)-ਸਰੋਤ:ਮਹਾਨ ਕੋਸ਼,ਭਾਈ ਕਾਨ੍ਹ ਸਿੰਘ ਨਾਭਾ। ਘੁਸਣ ਅਤੇ ਹੂੜਨ\ਤਾੜਨ ਵਿਚ ਫਰਕ ਹੈ।ਘੁਸਣਾ ਮਰਜ਼ੀ ਹੈ;ਹੂੜਨਾ,ਮਜਬੂਰੀ।ਪਹਿਲੇ ਵਿੱਚ ਸਵੈ-ਇੱਛਾ ਹੈ; ਦੂਸਰੇ ਵਿੱਚ ਪਰ-ਇੱਛਾ। ‘ਪਰਾਈਵੇਸੀ’(ਨਿੱਜਤਾ) ਅਤੇ ਆਜ਼ਾਦੀ ਦੇ ਨਾਮ ਤੇ ਅਸੀਂ ਆਪੋ-ਆਪਣੇ ਘੁਰਨਿਆਂ ਵਿੱਚ ਘੁਸੇ ਰਹਿੰਦੇ ਹਾਂ।ਕੋਈ ਕਿਸੇ ਨਾਲ ਗੱਲ ਕਰਕੇ ਰਾਜ਼ੀ ਨਹੀਂ।ਹੋਰ ਤਾਂ ਹੋਰ,ਰਲ ਬੈਠ ਕੇ ਖਾਣਾ ਖਾਣ ਦਾ ਵਰਤਾਰਾ ਲਗਭਗ ਅਲੋਪ ਹੋ ਗਿਆ ਹੈ।ਕਮਰਿਆਂ ਵਿਚ ਹੀ ਫਾਸਟ ਫੂਡ ਆਨ-ਲਾਈਨ ਮੰਗਵਾ ਲਿਆ ਜਾਂਦੈ।ਕਰਮਾਂ ਵਾਲੇ ਘਰ ਹੋਣਗੇ ਜਿਥੇ ਅਜੇ ਵੀ ਘਰ ਦੇ ਜੀਅ ਖਾਣੇ ਵੇਲੇ ਇਕੱਠੇ ਬੈਠ ਕੇ ਪ੍ਰਸ਼ਾਦਾ-ਪਾਣੀ ਛਕਦੇ ਹਨ! ਇਸ ਵਰਤਾਰੇ ਨਾਲ ਸਾਨੂੰ,ਖਾਸ ਕਰਕੇ ਸਾਡੇ ਬੱਚਿਆਂ ਨੂੰ,ਇਕੱਲੇ ਰਹਿਣ ਦੀ ਆਦਤ ਪੈ ਰਹੀ ਹੈ ਜਾਂ ਪੈ ਗਈ ਹੈ।ਉਹ ਹੋਰ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ।ਹੌਲੀ ਹੌਲੀ ਇਕਾਂਤ,ਇਕੱਲਤਾ ਵਿਚ ਬਦਲ ਜਾਂਦੀ ਹੈ।ਕੁਦਰਤ ਅਤੇ ਸਮਾਜ ਦਾ ਨਿਯਮ ਹੈ ਕਿ ਮੇਲ-ਗੇਲ ਸਾਂਝ ਵਧਾਉਂਦਾ ਹੈ,ਇਕਲਤਾ ਅਲਹਿਦਗੀ ਪੈਦਾ ਕਰਦੀ ਹੈ।ਅੰਗਰੇਜ਼ੀ ਵਾਲੇ ਕਹਿੰਦੇ ਹਨ ਕਿ ‘ਐਸੋਸੀਏਸ਼ਨ ਰਿਲੀਵਜ਼;ਆਈਸੋਲੇਸ਼ਨ,ਡਿਪਰੈਸਜ਼’(ਸੰਗ ਰਾਹਤ ਅਤੇ ਵਿਕਰੇਕਤਾ\ਇਕੱਲਤਾ ਖਿੰਨਤਾ\ਉਦਾਸੀ ਦਿੰਦੀ ਹੈ)। ਇਕੱਲਤਾ ਕਾਰਨ ਛੋਟੀ ਉਮਰੇ ਹੀ ‘ਸਟਰੈੱਸ’ ਅਤੇ ਦਿਲ ਦੇ ਰੋਗ ਹੋ ਜਾਂਦੇ ਹਨ।ਨੌਜਵਾਨ ਖੁਦਕੁਸ਼ੀਆਂ ਕਰਦੇ ਹਨ।ਹਾਂ,ਹੋਰ ਵੀ ਕਾਰਨ ਹਨ ਇਹਨਾਂ ਗਲਾਂ ਦੇ ਪਰ ਆਪਣੇ ਦਿਲ ਦੀ ਗਲ ਦੂਸਰੇ ਨਾਲ ਸ਼ੇਅਰ ਨਾਂ ਕਰਨਾਂ ਜਾਂ ਘਰ ਦਿਆਂ ਨੂੰ ਵੀ ਨਾ ਦਸਣਾ ਇਸ ਦੇ ਵਡੇ ਕਾਰਨ ਹਨ। ਕਿਉਂਕਿ”ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇੱਕ ਦਿਨ\ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ’(ਪਾਤਰ)। ਮੇਰੀਆਂ ਆਪਣੀਆਂ ਸਤਰਾਂ ਹਨ-‘ਘਰ ਦੇ ਵਿਚ ਇਕ ਜੀਅ ਨਾ ਬੋਲੇ\ਫੇਸਬੁੱਕ ‘ਤੇ ‘ਫ੍ਰੈਂਡ’ ਘਨੇਰੇ’! ਪਰਿਵਾਰਕ ਅਤੇ ਸੰਸਾਰਕ ਮਸਲਿਆਂ ‘ਤੇ ਝਮੇਲਿਆਂ ਦਾ ਹੱਲ ਸੰਵਾਦ ਹੈ।ਐਂਵੇਂ ਨਹੀਂ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ-‘ਜਬ ਲਗੁ ਦੁਨੀਆ ਰਹੀਐੇ ਨਾਨਕ ਕਿਛੁ ਸੁਣੀਐ ਕਿਛੁ ਕਹੀਐ’।।(ਸ.ਗ.ਗ.ਸ.ਅੰਗ 661)।ਘਰਾਂ ਅਤੇ ਘਰੋਂ ਬਾਹਰ ਦੁਨੀਆਂ ਦੇ ਬਹੁਤੇ ਕਲੇਸ਼ ਸੰਵਾਦਹੀਣਤਾ ਜਾਂ ਹਉਮੇ ਕਾਰਨ ਹਨ।ਇੱਕ ਦੱਖਣੀ ਭਾਰਤੀ ਫਿਲਮ ਵਿੱਚ ਪਤੀ-ਪਤਨੀ ਇੱਕ ਦੂਜੇ ਨਾਲ ਅਣਬੋਲਣੀ ਕਾਰਨ ਪਰਚੀਆਂ ਉੱਪਰ ਲਿਖ ਕੇ ਗਲ ਕਰਦੇ ਹਨ।ਸੰਦੇਸ਼ ਵਾਲੀ ਪਰਚੀ ਕੰਧ ਉੱਪਰ ਲਗੇ ਇੱਕ ਬੋਰਡ ਤੇ ਚਿਪਕਾ ਦਿੰਦੇ ਹਨ।ਬੋਰਡ ਪਰਚੀਆਂ ਨਾਲ ਠੂਸਿਆ ਗਿਐ। ਇੱਕ ਪੰਜਾਬੀ ਫਿਲਮ ਵਿੱਚ ਲੜਕੀ(ਨਾਇਕਾ) ਆਪਣੀ ਮਾਂ ਨਾਲ ਇਸ ਲਈ ਕੁੱਪਤ ਕਰਦੀ ਹੈ ਕਿ ਉਸ ਦੀ ਮਾਂ ਉਸ ਦੇ ਕਮਰੇ ਵਿੱਚ ਚਲੇ ਗਈ ਸੀ।ਉਹ ਕੱਪੜਿਆਂ ਤੋਂ ਬਾਹਰ ਹੀ ਹੋ ਜਾਂਦੀ ਹੈ ਅਤੇ ਮਾਂ ਨੂੰ ਬੁਰਾ-ਭਲਾ ਕਹਿੰਦੀ ਹੋਈ ਹੁਕਮ ਦਾਗਦੀ ਹੈ ਕਿ ਜਦ ਉਹ ਮਰ ਗਈ ਤਾਂ ਮਾਂ ਉਸ ਦੇ ਕਮਰੇ ‘ਚ ਆ ਜਾਵੇ।ਅਸਲ ਜ਼ਿੰਦਗੀ ਵਿੱਚ ਵੀ ਕੱਲ-ਮ-ਕੱਲੇ ਰਹਿਣ ਦੇ ਆਦੀ ਕਈ ਬੱਚੇ ਨਿੱਜ-ਕਮਰੇ ਦੀ ਗੁਪਤਤਾ ਭੰਗ ਹੋਣ ਉਪਰੰਤ ਅਜਿਹਾ ਵਤੀਰਾ ਹੀ ਅਪਣਾਉਂਦੇ ਹਨ। ਸੱਥਾਂ,ਮਹਿਫਲਾਂ,ਮਿਲਣੀਆਂ,ਮਿੱਤਰ ਮੰਡਲੀਆਂ,ਸਾਂਝਾਂ ਲੁਪਤ ਹੁੰਦੀਆਂ ਜਾ ਰਹੀਆਂ ਹਨ।ਮਾਨਵ ਦੀ ਹੋਣੀ ਮੋਬਾਈਲਾਂ\ਮਸ਼ੀਨਾਂ\ਟੈਕਨੌਲੋਜੀ\ਡਿਜਿਟਲੀ ਵਰਤਾਰੇ ਦੀ ਬਾਂਦੀ ਬਣਦੀ ਜਾ ਰਹੀ ਹੈ।ਕਦੀ ਬੰਦਾ ਬੰਦੇ ਦਾ ਦਾਰੂ ਸੀ,ਹੁਣ ਮਸ਼ੀਨਾਂ ਆ ਗਈਆਂ ਹਨ।ਪਰ ਮਸ਼ੀਨ ਬੰਦੇ ਲਈ ਹੈ ਨਾਂ ਕਿ ਬੰਦਾ ਮਸ਼ੀਨ ਲਈ!ਮਸ਼ੀਨ ਮਨੁਖ ਦੇ ਦਰਦ ਦਾ ਦਾਰੂ ਨਹੀਂ ਬਣ ਸਕਦੀ। ਪਹਿਲੇ ਵੇਲਿਆਂ ਵਿੱਚ ਪਿੰਡਾਂ ਦੀਆਂ ਔਰਤਾਂ ਤ੍ਰਿੰਜਣ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਜਾਂ ਸ਼ਾਮ ਵੇਲੇ ਬਾਹਰ ਅੰਦਰ ਜਾਂਦੀਆਂ ਆਪਣੇ ਦੁੱਖ ਦਰਦ ਸਾਂਝੇ ਕਰ ਲੈਂਦੀਆਂ ਸਨ।ਢਿੱਡ ਦੀ ਗੈਸ ਨਿਕਲ ਜਾਂਦੀ ਸੀ,ਮਨ ਹਲਕਾ ਹੋ ਜਾਂਦਾ ਸੀ,ਦਿਲ ਤੋਂ ਭਾਰ\ਗੁਬਾਰ ਲਹਿ ਜਾਂਦਾ ਸੀ। ਘੁਰਨੇ ਵਿਚ ਘੁਸਣਾ ਘੋਰ ਅੰਧਕਾਰ ਵਿੱਚ ਧਸਣਾ ਹੈ।ਜੇ ਬਾਹਰ ਨਿਕਲਾਂਗੇ,ਦੁਨੀਆਂ ਦੇਖਾਂਗੇ,ਕਿਸੇ ਨਾਲ ‘ਹਾਏ-ਹੈਲੋ’ ਕਰਾਂਗੇ ਤਾਂ ਇਕੱਲਤਾ ਜੇ ਹਟੇਗੀ ਨਹੀਂ ਤਾਂ ਘਟੇਗੀ ਜ਼ਰੂਰ। ਨਿਦਾ ਫਾਜ਼ਲੀ ਨੇ ਆਪਣੀ ਇਕ ਗਜ਼ਲ ਵਿੱਚ ਬਹੁਤ ਹੀ ਨੇਕ ਸਲਾਹ ਦਿਤੀ ਹੈ- “ਉਠ ਕੇ ਕਪੜੇ ਬਦਲ ਘਰ ਸੇ ਬਾਹਰ ਨਿਕਲ,ਜੋ ਹੂਆ ਸੋ ਹੂਆ। ਰਾਤ ਕੇ ਬਾਦ ਦਿਨ ਆਜ ਕੇ ਬਾਦ ਕਲ, ਜੋ ਹੂਆ ਸੋ ਹੂਆ। ਜਬ ਤਲਕ ਸਾਂਸ ਹੈ ਭੂਖ ਹੈ ਪਿਆਸ ਹੈ ਯੇ ਹੀ ਇਤਿਹਾਸ ਹੈ, ਰਖ ਕੇ ਕਾਂਧੇ ਪੇ ਹਲ ਖੇਤ ਕੀ ਅੋਰ ਚਲ, ਜੋ ਹੂਆ ਸੋ ਹੂਆ। -ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ,98766-55055    

“ਘੁਰਨਿਆਂ ‘ਚ ਘੁਸੇ ਹੋਏ ਲੋਕ”/ਪ੍ਰੋ. ਜਸਵੰਤ ਸਿੰਘ ਗੰਡਮ Read More »

ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ/ਹਰਜਿੰਦਰ ਸਿੰਘ ਜਵੰਦਾ

ਬਲਰਾਜ ਸਿਆਲ ਪੰਜਾਬੀ  ਕਾਮੇਡੀ ਖੇਤਰ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਣ ਸਥਾਪਿਤ ਕੀਤੀ। ਵੇਖਿਆ ਜਾਵੇ ਤਾਂ ਉੱਘੇ ਕਮੇਡੀਅਨ ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਇੱਕ ਉਹ ਕਲਾਕਾਰ ਹੈ ਜਿਸਨੇ ਨੈਸ਼ਨਲ ਟੈਲੀਵਿਜ਼ਨ ਉੱਪਰ ਆਪਣਾ ਵੱਖਰਾ ਰੁਤਬਾ ਕਾਇਮ ਕੀਤਾ। ਬਲਰਾਜ ਸਿਆਲ ਜਿੱਥੇ ਇਕ ਚੰਗਾ ਕਮੇਡੀਅਨ ਹੈ, ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਤੱਥਾਂ ਨੂੰ ਲੈ ਕੇ ਚੱਲਣ ਵਾਲਾ ਵਧੀਆ ਲੇਖਕ ਵੀ ਹੈ ਉਸਨੇ ਅਨੇਕਾਂ ਫਿਲਮਾਂ ਲਈ ਡਾਇਲਾਗ ਲਿਖੇ ਅਤੇ ਹੁਣ ਉਹ ਬਤੌਰ ਲੇਖਕ ਅਤੇ ਡਾਇਰੈਕਟਰ ਆਪਣੀ ਪਹਿਲੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ।ਇਸ ਫਿਲਮ ਦਾ ਟ੍ਰੇਲਰ ਦੱਸ ਰਿਹਾ ਹੈ ਕਿ ਇਹ ਫਿਲਮ ਪਰਿਵਾਰਾਂ ਅਤੇ ਰਿਸ਼ਤਿਆਂ ਦੀ ਕਹਾਣੀ ਹੈ। ਅਜਿਹੇ ਖੂਬਸੂਰਤ ਮੁੱਦੇ ਤੇ ਫਿਲਮ ਬਣਾਉਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ।ਇਸ ਫਿਲਮ ਨਾਲ  ਬਲਰਾਜ  ਪੰਜਾਬੀ ਸਿਨਮੇ ਖੇਤਰ ਵਿੱਚ ਵੀ ਆਪਣੀਆਂ ਅਮਿਟ ਪੈੜਾਂ ਪਾਵੇਗਾ। ਪੰਜਾਬ ਦੇ ਜਲੰਧਰ ਸ਼ਹਿਰ ਤੇ ਜਮਪਲ ਬਲਰਾਜ ਸਿਆਲ ਨੇ ਆਪਣੀ ਮੁੱਢਲੀ ਪੜ੍ਹਾਈ ਅਤੇ ਗ੍ਰੈਜੂਏਸ਼ਨ ਜਲੰਧਰ ਤੋਂ ਹੀ ਕੀਤੀ ਇਸੇ ਦੌਰਾਨ ਉਹ ਰੰਗ ਮੰਚ ਸਰਗਰਮੀਆਂ ਨਾਲ ਜੁੜ ਗਿਆ ਅਤੇ ਆਪਣੇ ਅੰਦਰ ਕਲਾ ਦੇ ਬੀਜ ਨੂੰ ਵੱਧਦਾ ਫੁੱਲਦਾ ਰੱਖਿਆ । ਰੰਗ ਮੰਚ ਕਰਦਿਆਂ ਕਰਦਿਆਂ ਬਲਰਾਜ ਕਾਮੇਡੀ ਦੇ ਖੇਤਰ ਵੱਲ ਤੁਰਿਆ ਜਿੱਥੇ ਉਸਨੇ ਆਪਣੇ ਸਕੂਲੀ ਕਾਲਜ ਪੱਧਰ ਤੇ ਇੱਕ ਵੱਖਰੀ ਪਹਿਚਾਣ ਬਣਾਈ ਇਹ ਪਹਿਚਾਣ ਉਸਨੂੰ ਐਮ ਐਚ ਵੰਨ ਦੇ ਪ੍ਰੋਗਰਾਮ ਹੱਸਦੇ ਹਸਾਉਂਦੇ ਰਹੋ ਦੇ ਮੰਚ ਤੱਕ ਲੈ ਗਈ ਜਿੱਥੇ ਉਹ ਜੇਤੂ ਕਰਾਰ ਹੋ ਕੇ ਅੱਗੇ ਵਧਣ ਵਿੱਚ ਸਫਲ ਹੋਇਆ ਇਸ ਤੋਂ ਅੱਗੇ ਵੱਧਦਿਆਂ ਬਲਰਾਜ ਸਿਆਲ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ਰਾਹੀਂ ਆਪਣੀ ਪਹਿਚਾਣ ਨੂੰ ਗੁੜੀ ਕਰਨ ਲਈ ਅਨੇਕਾਂ ਸੰਘਰਸ਼ ਅਤੇ ਤਜਰਬਿਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਉਸਨੇ ਸੋਨੀ, ਜੀ, ਸਬ, ਕਲਰਜ਼ ਅਤੇ ਸਟਾਰ ਚੈਨਲਾਂ ਦੇ ਅਨੇਕਾਂ ਰਿਆਲਟੀ ਸ਼ੋਆਂ ਚ ਖਤਰੋਂ ਕੇ ਖਿਲਾੜੀ, ਕਾਮੇਡੀ ਸਰਕਸ, ਐਂਟਰਟੇਨ ਕੀ ਰਾਤ, ਲਾਫਟਰ ਚੈਲੇਂਜ, ਵਰਗੇ ਰਿਐਲਿਟੀ ਸ਼ੋਆਂ ਦੇ ਵਿੱਚ ਸ਼ਮੂਲੀਅਤ ਕੀਤੀ।ਕਪਲ ਸ਼ਰਮਾ ਤੋਂ ਬਾਅਦ ਬਲਰਾਜ ਸਿਆਲ ਪੰਜਾਬ ਦਾ ਉਹ ਦੂਸਰਾ ਕਲਾਕਾਰ ਸੀ ਜਿਸ ਨੇ ਨੈਸ਼ਨਲ ਟੈਲੀਵਿਜ਼ਨ ਦੇ ਵੱਡੇ ਵੱਡੇ ਰਿਐਲਿਟੀ ਸੋਅਜ਼ ਦਾ ਹਿੱਸਾ ਬਣ ਕੇ ਜੇਤੂ ਰਿਹਾ। ਬਲਰਾਜ ਸਿਆਲ ਜਿੱਥੇ ਇੱਕ ਚੰਗਾ ਕਾਮੇਡੀਅਨ ਹੈ ਉੱਥੇ ਇੱਕ ਸੁਲਝਿਆ ਹੋਇਆ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਵਧੀਆ ਲੇਖਕ ਵੀ ਹੈ। ਫਿਲਮਾਂ ਵੱਲ ਕਦਮ ਵਧਾਉਦਿਆਂ ਬਲਰਾਜ ਸਿਆਲ ਨੇ ਪਹਿਲੀ ਪੰਜਾਬੀ ਫਿਲਮ ਸਰਦਾਰ ਜੀ ਲਈ ਡਾਇਲੋਗ ਲਿਖੇ ਇਸ ਤੋਂ ਬਾਅਦ ਫਿਲਮ ਅੰਮ੍ਰਿਤਸਰੀਆ, ਕਪਤਾਨ, ਜਿੰਦੂਆ ਫਿਲਮਾਂ ਲਈ ਵੀ ਕੰਮ ਕੀਤਾ। ਬਤੌਰ ਅਦਾਕਾਰ ਉਹ ਜੱਟ ਬੋਇਜ ਫਿਲਮ ਰਾਹੀਂ ਪਰਦੇ ਤੇ ਨਜ਼ਰ ਆਇਆ। ਇੰਨੀ ਦਿਨੀ ਬਲਰਾਜ ਸਿਆਲ ਬਤੌਰ ਲੇਖਕ ਨਿਰਮਾਤਾ ਅਤੇ ਨਿਰਦੇਸ਼ਕ ਆਪਣੀ ਫਿਲਮ ਆਪਣੇ ਘਰ ਬਿਗਾਨੇ ਲੈ ਕੇ ਆ ਰਿਹਾ ਹੈ ਜਿਸ ਤੇ ਉਹ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਸੀ ਇਹ ਫਿਲਮ ਉਸਦੀ ਜ਼ਿੰਦਗੀ ਦਾ ਇੱਕ ਬਹੁਤ ਹਸੀਨ ਸੁਫਨਾ ਹੈ ਜਿਸ ਨੂੰ  ਪੂਰਾ ਕਰਨ ਉਹ ਦਿਨ ਰਾਤ ਵਾਹ ਲਾ ਰਿਹਾ ਹੈ। ਬਲਰਾਜ ਨੇ ਦੱਸਿਆ ਕਿ ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫਿਲਮ ਹੈ ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬੇਗੀ।ਦਾਦੇ ਅਤੇ ਪੋਤੇ ਦੇ ਖੂਬਸੂਰਤ ਅਤੇ ਸਦੀਵੀਂ ਰਿਸ਼ਤੇ ਦੁਆਲੇ ਬੁਣੀ ਗਈ ਇਹ ਫਿਲਮ ਤੇਜ਼ੀ ਨਾਲ ਬਦਲ ਰਹੇ ਅਜੌਕੇ ਰਿਸ਼ਤਿਆਂ ਦੀ ਕਹਾਣੀ ਹੈ।ਇਹ ਫਿਲਮ ਰਿਸ਼ਤਿਆਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਦੀ ਕਹਾਣੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਮੁਤਾਬਕ “ਰਜਨੀ” ਫ਼ਿਲਮ ਤੋਂ ਬਾਅਦ ਦਰਸ਼ਕ ਇਸ ਵਿੱਚ ਉਹਨਾਂ ਨੂੰ ਇੱਕ ਵੱਖਰੇ ਤੇ ਦਮਦਾਰ ਕਿਰਦਾਰ ਵਿੱਚ ਦੇਖਣਗੇ। “ਗੈਂਗ ਆਫ਼ ਫਿਲਮ ਮੇਕਰਸ” ਦੇ ਬੈਨਰ ਹੇਠ ਬਣੀ ਨਿਰਮਾਤਾ ਪਰਮਜੀਤ ਸਿੰਘ, ਆਕਾਸ਼ਦੀਪ ਤੇ ਗਗਨਦੀਪ ਚਾਲੀ ਦੀ ਇਸ ਫ਼ਿਲਮ ਦੇ ਕਰੇਟਿਵ ਨਿਰਦੇਸ਼ਕ ਦਵਿੰਦਰ ਸਿੰਘ ਹਨ। ਫਿਲਮ ਦਾ ਮਿਊਜ਼ਿਕ ਗੋਲਡ ਬੁਆਏਜ, ਜੱਸੀ ਕਟਿਆਲ ਅਤੇ ਗੁਰਮੋਹ ਨੇ ਤਿਆਰ ਕੀਤਾ ਹੈ। ਫਿਲਮ ਲਈ ਗੀਤ ਅਬੀਰ, ਗੁਰਜੀਤ ਖੋਸਾ, ਵਿੰਦਰ ਨੱਥੂਮਾਜਰਾ ਨੇ ਲਿਖੇ ਹਨ। ਇਹਨਾਂ ਗੀਤਾਂ ਨੂੰ ਨਿੰਜਾ, ਨਵਰਾਜ ਹੰਸ, ਕਮਲ ਖਾਨ, ਮਾਸ਼ਾ ਅਲੀ, ਸਿਮਰਨ ਚੌਧਰੀ ਅਤੇ ਅੰਬਰ ਵਸ਼ਿਸ਼ਟ ਨੇ ਦਿੱਤੀ ਹੈ। ਬਲਰਾਜ ਮੁਤਾਬਾਕ ਉਹ  ਬਚਪਨ ਤੋਂ ਸਿਨਮਾ ਦਾ ਵਿਿਦਆਰਥੀ ਹੈ। ਉਹ ਹਮੇਸ਼ਾ ਹੀ ਸਿਨਮਾ ਰਾਹੀਂ ਸਮਾਜਿਕ ਮੁੱਦਿਆਂ ਦੀ ਗੱਲ ਕਰਨਾ ਚਾਹੁੰਦਾ ਸੀ। ਹੁਣ ਮੌਕਾ ਮਿਲਣ ‘ਤੇ ਉਹ ਉਹ ਆਪਣਾ ਸਿਨਮਾ ਪੇਸ਼ ਕਰਨ ਜਾ ਰਿਹਾ ਹੈ। ਇਹ ਉਹ ਸਿਨਮਾ ਹੋਵੇਗਾ ਜੋ ਦਰਸ਼ਕਾਂ ਦਾ ਸਿਰਫ ਮਨੋਰੰਜਨ ਹੀ ਨਹੀਂ ਕਰੇਗਾ ਬਲਕਿ ਉਹਨਾਂ ਨੂੰ ਆਪਣੇ ਸਮਾਜ, ਸੱਭਿਆਚਾਰ ਤੇ ਰਿਸ਼ਤਿਆਂ ਪ੍ਰਤੀ ਜਾਗਰੂਕ ਵੀ ਕਰੇਗਾ। ਹਰਜਿੰਦਰ ਸਿੰਘ ਜਵੰਦਾ 9463828000

ਲੇਖਕ, ਨਿਰਮਾਤਾ ਅਤੇ ਬਤੌਰ ਨਿਰਦੇਸ਼ਕ ਚਰਚਾ ‘ਚ ਬਲਰਾਜ ਸਿਆਲ/ਹਰਜਿੰਦਰ ਸਿੰਘ ਜਵੰਦਾ Read More »

ਸੁਪਰੀਮ ਕੋਰਟ ਵੱਲੋਂ ਨਗਰ ਨਿਗਮ/ MC ਚੋਣਾਂ 8 ਹਫ਼ਤਿਆਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਚੰਡੀਗੜ੍ਹ, 11 ਨਵੰਬਰ – ਸੂਬੇ ਵਿੱਚ ਨਗਰ ਨਿਗਮ ਚੋਣਾਂ ਦੇ ਮੁੱਦੇ ’ਤੇ ਅੱਜ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਅੰਸ਼ਕ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਪੰਜਾਬ ਰਾਜ ਨੂੰ MC ਚੋਣਾਂ ਲਈ ਚੋਣ ਪ੍ਰਕਿਰਿਆ ਨੂੰ ਨੋਟੀਫਾਈ ਕਰਨ ਦੇ ਨਿਰਦੇਸ਼ ਨੂੰ ਬਰਕਰਾਰ ਰੱਖਿਆ, ਪਰ ਕੁਝ ਰਾਹਤ ਦਿੰਦਿਆਂ ਹਦਾਇਤ ਕੀਤੀ ਕਿ ਚੋਣਾਂ 2 ਹਫਤਿਆਂ ਦੇ ਅੰਦਰ-ਅੰਦਰ ਨੋਟੀਫਾਈ ਕੀਤੀਆਂ ਜਾਣ ਅਤੇ ਉਸ ਤੋਂ ਬਾਅਦ 8 ਹਫਤਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਲਏ ਜਾਣ ਰਾਜ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇੱਕ ਹਫ਼ਤੇ  ਵਿੱਚ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਪਰ ਅੱਜ ਸੁਪਰੀਮ ਕੋਰਟ ਨੇ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਚੋਣਾਂ ਕਰਵਾਉਣ ਲਈ ਅੱਠ ਹਫ਼ਤਿਆਂ ਦਾ ਸਮਾਂ ਦਿੱਤਾ ਹੈ।

ਸੁਪਰੀਮ ਕੋਰਟ ਵੱਲੋਂ ਨਗਰ ਨਿਗਮ/ MC ਚੋਣਾਂ 8 ਹਫ਼ਤਿਆਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ Read More »

ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ‘ਚ ਅਪਰਾਧੀ ਕਹਿਣ ‘ਤੇ ‘ਆਪ’ ਪਾਰਟੀ ਦਾ ਤਿੱਖਾ ਪ੍ਰਤੀਕਰਮ

ਪਾਕਿਸਤਾਨ ਦੇ ਲਾਹੌਰ ‘ਚ ਭਗਤ ਸਿੰਘ ਦੇ ਨਾਂ ‘ਤੇ ਇਕ ਚੌਕ ਦਾ ਨਾਂ ਰੱਖਣ ਦੀ ਤਜਵੀਜ਼ ਨੂੰ ਰੱਦ ਕਰਨ ਅਤੇ ਉਨ੍ਹਾਂ ਨੂੰ ਅੱਤਵਾਦੀ ਕਹਿਣ ਦੀ ਘਟਨਾ ‘ਤੇ ਆਮ ਆਦਮੀ ਪਾਰਟੀ (ਆਪ) ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਾਕਿਸਤਾਨ ਦੀ ਪੰਜਾਬ ਸਰਕਾਰ ਦਾ ਇਹ ਫੈਸਲਾ ਅਤਿ ਨਿੰਦਣਯੋਗ ਹੈ। ਅਸੀਂ ਭਗਤ ਸਿੰਘ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ। ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇ ਕੇ ਪਾਕਿਸਤਾਨ ਤੋਂ ਜਵਾਬ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਭਗਤ ਸਿੰਘ ਦਾ ਅਪਮਾਨ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਇਸ ਦਾ ਡੱਟ ਕੇ ਵਿਰੋਧ ਕਰੇਗੀ। ਅਸੀਂ ਭਗਤ ਸਿੰਘ ਅਤੇ ਅੰਬੇਡਕਰ ਦੀ ਸੋਚ ‘ਤੇ ਚੱਲਣ ਵਾਲੇ ਲੋਕ ਹਾਂ।ਉਨ੍ਹਾਂ ਦੀ ਸੋਚ ਸਾਡਾ ਮੂਲ ਸਿਧਾਂਤ ਹੈ। ਪ੍ਰੈਸ ਕਾਨਫਰੰਸ ਵਿੱਚ ‘ਆਪ’ ਪੰਜਾਬ ਦੇ ਸਕੱਤਰ ਅਤੇ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੀ ਮੌਜੂਦ ਸਨ। ਕੰਗ ਨੇ ਕਿਹਾ ਕਿ ਭਗਤ ਸਿੰਘ ਆਜ਼ਾਦੀ ਸੰਗਰਾਮ ਦੇ ਨਾਇਕ ਹਨ। ਸਿਰਫ਼ 23 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਕੁਰਬਾਨੀ ਕਾਰਨ ਹੀ ਅਸੀਂ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਕਹਿੰਦੇ ਹਾਂ। ਦਿੱਲੀ ਅਤੇ ਪੰਜਾਬ ਵਿੱਚ ‘ਆਪ’ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਉਣ ਦਾ ਇਤਿਹਾਸਕ ਫੈਸਲਾ ਲਿਆ। ਅੱਜ ਦਿੱਲੀ ਅਤੇ ਪੰਜਾਬ ਦੇ ਹਰ ਸਰਕਾਰੀ ਦਫ਼ਤਰ ਵਿੱਚ ਉਨ੍ਹਾਂ ਦੀ ਫੋਟੋ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਉਸ ਸਮੇਂ ਦੇਸ਼ ਦੀ ਵੰਡ ਨਹੀਂ ਹੋਈ ਸੀ। ਉਸ ਸਮੇਂ ਇਹ ਮੁੱਦਾ ਨਹੀਂ ਸੀ ਕਿ ਭਗਤ ਸਿੰਘ ਭਾਰਤ ਦੇ ਹਨ ਜਾਂ ਪਾਕਿਸਤਾਨ ਦੇ। ਉਦੋਂ ਮਸਲਾ ਸਿਰਫ 200 ਸਾਲਾਂ ਤੋਂ ਭਾਰਤ ‘ਤੇ ਰਾਜ ਕਰ ਰਹੇ ਅੰਗਰੇਜੀ ਸ਼ਾਸਨ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਸੀ। ਕੰਗ ਨੇ ਕਿਹਾ ਕਿ ਜਦੋਂ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ ਤਾਂ ਉਨ੍ਹਾਂ ਦਾ ਮਕਸਦ ਕਿਸੇ ਦੀ ਜਾਨ-ਮਾਲ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੁੱਤੀ ਪਈ ਅੰਗਰੇਜ਼ ਸਰਕਾਰ ਨੂੰ ਜਗਾਉਣਾ ਸੀ, ਜੋ ਸਾਡੇ ’ਤੇ ਜ਼ੁਲਮ ਕਰ ਰਹੀ ਸੀ ਅਤੇ ਲੋਕਾਂ ਨੂੰ ਗੁਲਾਮ ਬਣਾ ਰਹੀ ਸੀ। ਉਨ੍ਹਾਂ ਨੇ ਆਪਣੀ ਜੇਲ੍ਹ ਡਾਇਰੀ ਵਿੱਚ ਕਿਹਾ ਸੀ, “ਇੱਥੇ ਰਾਜ ਕਰ ਰਹੀਆਂ ਬਾਹਰੀ ਤਾਕਤਾਂ ਨੂੰ ਹੁਣ ਦੇਸ਼ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਣੇ ਦੇਸ਼ ਨੂੰ ਖੁਦ ਸੰਭਾਲ ਸਕਦੇ ਹਾਂ।” ਦੇਸ਼ ਦਾ ਸਮਾਜਿਕ, ਰਾਜਨੀਤਕ ਅਤੇ ਆਰਥਿਕ ਢਾਂਚਾ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਸ ਦੀ ਰੂਪ-ਰੇਖਾ ਵੀ ਉਨ੍ਹਾਂ ਦੀ ਡਾਇਰੀ ਵਿਚ ਮਿਲਦੀ ਹੈ। ਉਹ ਅੱਜ ਵੀ ਦੇਸ਼ ਦੇ ਕਰੋੜਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਨੇ ਜਾਤ-ਪਾਤ ਅਤੇ ਧਰਮ ਤੋਂ ਉਪਰ ਉਠ ਕੇ ਸਮਾਜ ਅਤੇ ਦੇਸ਼ ਦੀ ਭਲਾਈ ਦੀ ਗੱਲ ਕੀਤੀ। ਪਾਕਿਸਤਾਨ ਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅਸੀਂ ਪਾਕਿਸਤਾਨ ਦੀ ਪੰਜਾਬ ਸਰਕਾਰ ਦੀ ਇਸ ਟਿੱਪਣੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਕੰਗ ਨੇ ਕਿਹਾ ਕਿ ਇਸ ਮਾਮਲੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਪੰਜਾਬ ਸਰਕਾਰ ਦੇ ਸਹਾਇਕ ਐਡਵੋਕੇਟ ਜਨਰਲ ਅਸਗਰ ਲਘਾਰੀ ਨੇ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਦੀ ਤਰਫੋਂ ਹਾਈ ਕੋਰਟ ਦੇ ਰਿਕਾਰਡ ਵਿੱਚ ਉਪਰੋਕਤ ਗੱਲਾਂ ਕਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਉਥੋਂ ਦੀ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਸ ਟਿੱਪਣੀ ਨੂੰ ਆਪਣੇ ਰਿਕਾਰਡ ਵਿੱਚੋਂ ਹਟਾ ਦੇਵੇ ਤਾਂ ਜੋ ਭਵਿੱਖ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਇਹ ਮਾੜੀ ਗੱਲ ਕਿਤੇ ਵੀ ਨਾ ਵਰਤੀ ਜਾ ਸਕੇ। ਕੰਗ ਨੇ ਕਿਹਾ ਕਿ ਲਾਹੌਰ ਦੀ ਸ਼ਹੀਦ-ਏ-ਆਜ਼ਮ ਵੈਲਫੇਅਰ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਇਹ ਲੜਾਈ ਲੜ ਰਹੀ ਹੈ। ਉਨ੍ਹਾਂ ਦੀ ਇਹ ਮੰਗ ਬਿਲਕੁਲ ਜਾਇਜ਼ ਹੈ ਕਿ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਚੌਕ ਰੱਖਿਆ ਜਾਵੇ ਕਿਉਂਕਿ ਭਗਤ ਸਿੰਘ ਲਾਹੌਰ ਵਿਚ ਪੜ੍ਹੇ ਸੀ ਅਤੇ ਉਥੇ ਹੀ ਜੇਲ੍ਹ ਵਿਚ ਰਹੇ ਸੀ। ਚੌਕ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਜਾਵੇ ਅਤੇ ਉਨ੍ਹਾਂ ਦਾ ਬੁੱਤ ਵੀ ਉਥੇ ਲਾਇਆ ਜਾਵੇ।

ਸ਼ਹੀਦ ਭਗਤ ਸਿੰਘ ਨੂੰ ਪਾਕਿਸਤਾਨ ‘ਚ ਅਪਰਾਧੀ ਕਹਿਣ ‘ਤੇ ‘ਆਪ’ ਪਾਰਟੀ ਦਾ ਤਿੱਖਾ ਪ੍ਰਤੀਕਰਮ Read More »

ਸੈਮਸੰਗ ਦੇ ਸਮਾਰਟਫੋਨ ‘ਤੇ ਮਿਲ ਰਿਹਾ ਵੱਡਾ ਡਿਸਕਾਊਂਟ; ਬਚਣਗੇ ਹਜ਼ਾਰਾਂ ਰੁਪਏ

ਨਵੀਂ ਦਿੱਲੀ, 11 ਨਵੰਬਰ – ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ‘ਤੇ ਛੋਟ ਦੇ ਨਾਲ Samsung Galaxy S23 FE ਵਿਕਰੀ ਲਈ ਉਪਲੱਬਧ ਹੈ। ਸੈਮਸੰਗ ਦੇ ਮਿਡ-ਰੇਂਜ ਫਲੈਗਸ਼ਿਪ ਫੋਨ ਨੂੰ ਖਰੀਦਣ ਨਾਲ ਤੁਹਾਨੂੰ ਚੰਗੀ ਰਕਮ ਦੀ ਬਚਤ ਹੋ ਸਕਦੀ ਹੈ। ਬੈਂਕ ਤੇ ਐਕਸਚੇਂਜ ਆਫਰ ਵੀ ਦਿੱਤੇ ਜਾ ਰਹੇ ਹਨ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਪੁਰਾਣੇ ਫੋਨ ਦੀ ਹਾਲਤ ਚੰਗੀ ਹੋਵੇ। ਸੈਮਸੰਗ ਗਲੈਕਸੀ S23 ਫੈਨ ਐਡੀਸ਼ਨ ‘ਚ ਸਪੈਸੀਫਿਕੇਸ਼ਨਸ ਵੀ ਪੇਸ਼ ਕੀਤੇ ਗਏ ਹਨ। ਸੈਮਸੰਗ ਫੋਨਾਂ ‘ਤੇ ਤਗੜੀ ਡੀਲ ਫਲਿੱਪਕਾਰਟ ‘ਤੇ Samsung Galaxy S23 FE ਦੀ ਸੂਚੀਬੱਧ ਕੀਮਤ 256 ਵੇਰੀਐਂਟ ਲਈ 84,999 ਰੁਪਏ ਹੈ। ਪਰ ਪ੍ਰਭਾਵੀ ਕੀਮਤ ਸਿਰਫ਼ 37,999 ਰੁਪਏ ਹੈ। 8 ਜੀਬੀ ਰੈਮ ਤੇ 256 ਜੀਬੀ ਸਟੋਰੇਜ ਵਾਲੇ ਵੇਰੀਐਂਟ ‘ਤੇ 23,400 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। ਜੇ ਪੁਰਾਣੇ ਫੋਨ ਦੀ ਹਾਲਤ ਚੰਗੀ ਹੈ ਤਾਂ ਪ੍ਰਭਾਵੀ ਕੀਮਤ ਹੋਰ ਵੀ ਘੱਟ ਹੋਵੇਗੀ। No-cost-EMI ਆਪਸ਼ਨ ਇਸ ‘ਤੇ ਫਲਿੱਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ‘ਤੇ 5 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਗਾਹਕ ਨੋ-ਕੋਸਟ-ਈਐਮਆਈ ਨਾਲ ਵੀ ਫੋਨ ਖ਼ਰੀਦ ਸਕਦੇ ਹਨ। ਜੇ ਤੁਹਾਡੇ ਕੋਲ ਕੋਈ ਕੂਪਨ ਆਦਿ ਹਨ ਤਾਂ ਤੁਸੀਂ ਉਸ ਤੋਂ ਵੀ ਪੈਸੇ ਬਚਾ ਸਕਦੇ ਹੋ। ਫੋਨ ‘ਤੇ ਕੈਸ਼ ਆਨ ਡਿਲੀਵਰੀ ਦਾ ਵਿਕਲਪ ਵੀ ਹੈ। ਇਹ ਸਮਾਰਟਫੋਨ ਗ੍ਰੇਫਾਈਟ, ਪੁਦੀਨੇ ਤੇ ਜਾਮਨੀ ਰੰਗਾਂ ‘ਚ ਫਲਿੱਪਕਾਰਟ ‘ਤੇ ਖਰੀਦਣ ਲਈ ਉਪਲੱਬਧ ਹੈ। Samsung Galaxy S23 FE ਸਪੈਸੀਫਿਕੇਸ਼ਨ ਡਿਸਪਲੇਅ Samsung Galaxy S23 FE ਵਿੱਚ 120Hz ਰਿਫਰੈਸ਼ ਰੇਟ ਦੇ ਨਾਲ ਇੱਕ 6.4-ਇੰਚ ਡਾਇਨਾਮਿਕ AMOLED 2X ਡਿਸਪਲੇਅ ਹੈ, ਜੋ ਕਿ ਤਰਲ ਪਰਿਵਰਤਨ ਨੂੰ ਯਕੀਨੀ ਬਣਾਉਂਦਾ ਹੈ ਜੋ ਇੱਕ ਬਿਹਤਰ ਦੇਖਣ ਦੇ ਅਨੁਭਵ ਲਈ ਸਮੱਗਰੀ ਨੂੰ ਟਰੈਕ ਕਰਦਾ ਹੈ। ਇਸ ਫੋਨ ‘ਚ ਸੈਮਸੰਗ ਦੀ ਵਿਜ਼ਨ ਬੂਸਟਰ ਤਕਨੀਕ ਵੀ ਦਿੱਤੀ ਗਈ ਹੈ। ਕੈਮਰਾ ਪਰਫਾਰਮੈਂਸ ਇਸ ਵਿੱਚ ਇੱਕ 50MP ਪ੍ਰਾਇਮਰੀ ਸੈਂਸਰ, ਇੱਕ 12MP ਅਲਟਰਾ-ਵਾਈਡ ਸੈਂਸਰ, ਤੇ OIS ਦੇ ਨਾਲ ਇੱਕ 8MP 3x ਆਪਟੀਕਲ ਜ਼ੂਮ ਲੈਂਸ ਹੈ। ਸੈਮਸੰਗ ਨੇ ਫੈਨ ਐਡੀਸ਼ਨ ਸੀਰੀਜ਼ ‘ਚ ਨਾਈਟੋਗ੍ਰਾਫੀ ਤਕਨੀਕ ਵੀ ਪੇਸ਼ ਕੀਤੀ ਹੈ, ਜੋ ਘੱਟ ਰੋਸ਼ਨੀ ‘ਚ ਫੋਟੋ ਕਲਿੱਕ ਕਰਨ ਦੀ ਇਜਾਜ਼ਤ ਦਿੰਦੀ ਹੈ। ਇਸ ਤੋਂ ਇਲਾਵਾ ਕੈਮਰਾ ਅਸਿਸਟੈਂਟ ਐਪ ਯੂਜ਼ਰਜ਼ ਨੂੰ ਇੱਕ ਅਨੁਕੂਲਿਤ ਫੋਟੋ ਅਨੁਭਵ ਲਈ ਉਹਨਾਂ ਦੀਆਂ ਸੈਟਿੰਗਾਂ ਨੂੰ ਵਧੀਆ-ਟਿਊਨ ਕਰਨ ਦਿੰਦਾ ਹੈ। ਕੀ ਤੁਹਾਨੂੰ ਖਰੀਦਣਾ ਚਾਹੀਦਾ 35,000 ਰੁਪਏ ਤੋਂ ਘੱਟ ਕੀਮਤ ਵਾਲਾ Samsung Galaxy S23 FE ਇੱਕ ਸ਼ਕਤੀਸ਼ਾਲੀ ਪ੍ਰੋਸੈਸਰ, ਇੱਕ ਅੱਪਗਰੇਡ ਕੈਮਰਾ ਸਿਸਟਮ ਤੇ ਇੱਕ ਵਿਸ਼ਾਲ ਡਿਸਪਲੇਅ ਨਾਲ ਇੱਕ ਫਲੈਗਸ਼ਿਪ ਅਨੁਭਵ ਪ੍ਰਦਾਨ ਕਰਦਾ ਹੈ। ਜੇ ਤੁਸੀਂ ਕਿਫ਼ਾਇਤੀ ਕੀਮਤ ‘ਤੇ ਚੰਗੇ ਸਪੈਕਸ ਵਾਲੇ ਫੋਨ ਦੀ ਤਲਾਸ਼ ਕਰ ਰਹੇ ਹੋ ਤੇ ਜ਼ਿਆਦਾ AI ਫੀਚਰਜ਼ ਨਹੀਂ ਚਾਹੁੰਦੇ ਹੋ ਤਾਂ ਇਸ ਫੋਨ ਨੂੰ ਖਰੀਦਿਆ ਜਾ ਸਕਦਾ ਹੈ।

ਸੈਮਸੰਗ ਦੇ ਸਮਾਰਟਫੋਨ ‘ਤੇ ਮਿਲ ਰਿਹਾ ਵੱਡਾ ਡਿਸਕਾਊਂਟ; ਬਚਣਗੇ ਹਜ਼ਾਰਾਂ ਰੁਪਏ Read More »

ਫਿਰ ਵਧੀ ਨਵੋਦਿਆ ਵਿਦਿਆਲਿਆ ਕਲਾਸ 9ਵੀਂ ਤੇ 11ਵੀਂ ਦੇ ਦਾਖਲੇ ਲਈ ਅਪਲਾਈ ਦੀ ਆਖਰੀ ਮਿਤੀ

ਨਵੀਂ ਦਿੱਲੀ, 11 ਨਵੰਬਰ – ਨਵੋਦਿਆ ਵਿਦਿਆਲਿਆ ਸਮਿਤੀ (NVS) ਨੇ ਇੱਕ ਵਾਰ ਫਿਰ 9ਵੀਂ ਤੇ 11ਵੀਂ ਜਮਾਤ ਵਿੱਚ ਦਾਖਲੇ ਲਈ ਅਰਜ਼ੀ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਦਿਵਾਉਣਾ ਚਾਹੁੰਦੇ ਹਨ ਅਤੇ ਨਿਰਧਾਰਤ ਮਿਤੀ ਤੱਕ ਅਪਲਾਈ ਨਹੀਂ ਕਰ ਸਕੇ ਹਨ, ਉਨ੍ਹਾਂ ਕੋਲ ਹੁਣ 19 ਨਵੰਬਰ 2024 ਤੱਕ ਮੌਕਾ ਹੈ। ਵਿਦਿਆਰਥੀ ਜਾਂ ਉਨ੍ਹਾਂ ਦੇ ਸਰਪ੍ਰਸਤ NVS ਦੀ ਅਧਿਕਾਰਤ ਵੈੱਬਸਾਈਟ ਜਾਂ ਇਸ ਪੇਜ਼ ‘ਤੇ ਦਿੱਤੇ ਲਿੰਕ ਤੋਂ ਆਨਲਾਈਨ ਮੋਡ ਰਾਹੀਂ ਲੇਟਰਲ ਐਂਟਰੀ ਚੋਣ ਟੈਸਟ 2025 ਵਿੱਚ ਸ਼ਾਮਲ ਹੋਣ ਲਈ ਫਾਰਮ ਭਰ ਸਕਦੇ ਹਨ। ਮੁਫ਼ਤ ਭਰਿਆ ਜਾ ਸਕਦੈ ਫਾਰਮ ਤੁਹਾਨੂੰ ਦੱਸ ਦੇਈਏ ਕਿ ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਲਈ ਬਿਨੈ-ਪੱਤਰ ਫਾਰਮ ਬਿਨਾਂ ਕਿਸੇ ਅਰਜ਼ੀ ਫੀਸ ਦੇ ਭਰਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਰੀਆਂ ਸ਼੍ਰੇਣੀਆਂ ਤੋਂ ਆਉਣ ਵਾਲੇ ਉਮੀਦਵਾਰ ਨਿਰਧਾਰਤ ਮਿਤੀਆਂ ‘ਤੇ ਫਾਰਮ ਮੁਫ਼ਤ ਭਰ ਸਕਦੇ ਹਨ। ਖੁਦ ਭਰ ਸਕਦੇ ਹੋ ਫਾਰਮ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਖੁਦ ਐਪਲੀਕੇਸ਼ਨ ਫਾਰਮ ਭਰ ਸਕਦੇ ਹੋ। ਇਹ ਤੁਹਾਨੂੰ ਕੈਫੇ ਦੇ ਵਾਧੂ ਖਰਚਿਆਂ ਤੋਂ ਵੀ ਬਚਾਏਗਾ। ਐਪਲੀਕੇਸ਼ਨ ਫਾਰਮ ਭਰਨ ਲਈ ਹੇਠਾਂ ਦਿੱਤੇ ਸਟੈੱਪ ਹਨ- ਨਵੋਦਿਆ ਵਿਦਿਆਲਿਆ ਅਰਜ਼ੀ ਫਾਰਮ ਭਰਨ ਲਈ, ਪਹਿਲਾਂ ਅਧਿਕਾਰਤ ਵੈੱਬਸਾਈਟ navodaya.gov.in ‘ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ ‘ਤੇ ਕਲਾਸ (9ਵੀਂ ਜਾਂ 11ਵੀਂ) ਦੇ ਲਿੰਕ ‘ਤੇ ਕਲਿੱਕ ਕਰੋ ਜਿਸ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਉਮੀਦਵਾਰ ਨਵੇਂ ਪੋਰਟਲ ‘ਤੇ ਪਹਿਲੇ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰਦੇ ਹਨ। ਹੁਣ ਲੋੜੀਂਦੇ ਵੇਰਵੇ ਭਰ ਕੇ ਰਜਿਸਟਰ ਕਰੋ। ਇਸ ਤੋਂ ਬਾਅਦ ਹਸਤਾਖਰ, ਫੋਟੋ ਆਦਿ ਅਪਲੋਡ ਕਰੋ। ਹੁਣ ਪੂਰੀ ਤਰ੍ਹਾਂ ਭਰਿਆ ਹੋਇਆ ਫਾਰਮ ਜਮ੍ਹਾਂ ਕਰੋ। ਅੰਤ ਵਿੱਚ ਉਮੀਦਵਾਰ ਨੂੰ ਪੂਰੀ ਤਰ੍ਹਾਂ ਭਰੇ ਫਾਰਮ ਦਾ ਪ੍ਰਿੰਟਆਊਟ ਲੈਣਾ ਚਾਹੀਦਾ ਹੈ। ਪ੍ਰੀਖਿਆ ਦੀ ਮਿਤੀ ਤੁਹਾਨੂੰ ਦੱਸ ਦੇਈਏ ਕਿ ਨਵੋਦਿਆ ਵਿਦਿਆਲਿਆ ਸਮਿਤੀ 8 ਜਨਵਰੀ, 2025 ਨੂੰ ਦੇਸ਼ ਭਰ ਵਿੱਚ ਨਿਰਧਾਰਤ ਪ੍ਰੀਖਿਆ ਕੇਂਦਰਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਲਈ ਲੇਟਰਲ ਐਂਟਰੀ ਚੋਣ ਪ੍ਰੀਖਿਆ 2025 ਦਾ ਆਯੋਜਨ ਕਰੇਗੀ। ਪ੍ਰੀਖਿਆ ਵਿੱਚ ਉਮੀਦਵਾਰਾਂ ਤੋਂ 100 ਬਹੁ-ਚੋਣ ਕਿਸਮ ਦੇ ਪ੍ਰਸ਼ਨ ਪੁੱਛੇ ਜਾਣਗੇ। ਪ੍ਰਸ਼ਨ ਪੱਤਰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਹੋਵੇਗਾ ਅਤੇ ਇਸ ਨੂੰ ਹੱਲ ਕਰਨ ਲਈ ਕੁੱਲ 2:30 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਪ੍ਰੀਖਿਆ ਨਾਲ ਸਬੰਧਤ ਵਿਸਤ੍ਰਿਤ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

ਫਿਰ ਵਧੀ ਨਵੋਦਿਆ ਵਿਦਿਆਲਿਆ ਕਲਾਸ 9ਵੀਂ ਤੇ 11ਵੀਂ ਦੇ ਦਾਖਲੇ ਲਈ ਅਪਲਾਈ ਦੀ ਆਖਰੀ ਮਿਤੀ Read More »