ਸਾਡੇ ਵੇਲੇ ਖੁਲ੍ਹੇ ਘਰ ਅਤੇ ਖੁਲ੍ਹੇ ਦਿਲ ਹੁੰਦੇ ਸਨ।ਅੱਜ-ਕੱਲ੍ਹ ਲੋਕ ਘੁਰਨਿਆਂ ਵਿਚ ਘੁਸੇ ਰਹਿੰਦੇ ਹਨ। ਨਿੱਕੇ ਨਿੱਕੇ ਕਮਰੇ ‘ਤੇ ਨਿੱਕੇ ਨਿੱਕੇ ਦਿਲ!ਇਹ ਨਹੀਂ ਕਿ ਖੁਲ੍ਹਦਿਲੀ ਖਤਮ ਹੋ ਗਈ ਹੈ।ਕਦੀ ਵੀ ਕਿਸੇ ਚੀਜ਼ ਦਾ ਬੀਜ ਨਹੀਂ ਨਾਸ ਹੁੰਦਾ।ਸੋ,ਖੁਲ੍ਹਦਿਲੀ ਵੀ ਹੈ ਪਰ ਖੁਦਸਰੀ ਵਧੇਰੇ ਹੈ!
ਸਾਡਾ ਸਮਾਂ ਦਲਾਨਾਂ ਦਾ ਸਮਾਂ ਹੁੰਦਾ ਸੀ।ਦਲਾਨ ਦੀ ਪ੍ਰੀਭਾਸ਼ਾ ‘ਘਰ ਦੇ ਮੁੱਖ ਦੁਆਰ ਦੇ ਅੰਦਰ ਛੱਤੀ ਥਾਂ;ਘਰ ਦਾ ਛੋਟਾ ਵਿਹੜਾ’ ਹੈ(ਸਰੋਤ:ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼,ਲੇਖਕ ਕਿਰਪਾਲ ਕਜ਼ਾਕ(ਪ੍ਰੋ.)।
ਪਰ ਸਾਡੇ ਇਲਾਕੇ ਵਿੱਚ ਦਲਾਨ ਇੱਕ ਹਾਲਨੁਮਾ ਬਹੁ-ਖਣੇ ਲੰਮੇ ਕਮਰੇ ਨੂੰ ਕਿਹਾ ਜਾਂਦਾ ਸੀ,ਜਿਸ ਅੰਦਰ ਘਰ ਦੇ ਸਾਰੇ ਜੀਆਂ ਦੇ ਮੰਜੇ ਠੱਡਦੇ ਸਨ ਅਤੇ ਸਭ ਅੱਗੜ-ਪਿੱਛੜ ਉਸ ਥਾਂ ਰਾਤ ਨੂੰ ਸੌਂਦੇ ਸਨ।ਸਾਡੇ ਆਪਣੇ ਦਲਾਨ ਵਿੱਚ ਅੱਠ ਮੰਜੇ ਠੱਡਦੇ ਸਨ,ਦੋ ਬਰੋ-ਬਰਾਬਰ ਤੇ ਬਾਕੀ ਇੱਕ ਲੰਮੀ ਕਤਾਰ ਵਿਚ।
ਬਜ਼ੁਰਗ ਬੜੇ ਮਾਨ ਨਾਲ ਕਹਿੰਦੇ ਹੁੰਦੇ ਸਨ ਕਿ ‘ਸਾਡਾ ਦਲਾਨ 16 ਜਾਂ 18 ਖਣਾਂ’ ਦਾ ਹੈ!
ਗਰਮੀਆਂ ਵਿੱਚ ਛੱਤ ਉਪਰ ਸੌਂਈਦਾ ਸੀ।ਸਭ ਮੰਜੇ ਇੱਕ ਇੱਕ ਕਰਕੇ ਛੱਤ ਉਪਰ ਚੜ੍ਹਾਏ ਜਾਂਦੇ ਸਨ।ਸੌਣ ਤੋਂ ਪਹਿਲਾਂ ਸਾਰਾ ਪਰਿਵਾਰ ਆਪਸ ਵਿੱਚ ਵੀ ਅਤੇ ਦੂਸਰੀ ਛੱਤ ਉਪਰ ਮੰਜਿਆਂ ਉੱਪਰ ਪਏ\ਬੈਠੇ ਗੁਆਢੀਆਂ ਨਾਲ ਵੀ ਗਲਬਾਤ ਕਰਦੇ ਰਹਿੰਦੇ ਸਨ।
ਇਸ ਸਭ ਕੁਝ ਦਾ ਫਾਇਦਾ ਸੰਵਾਦ ਰਾਹੀਂ ਸਦਭਾਵ ਅਤੇ ਆਪਸੀ ਸਾਂਝ ਬਣੀ ਰਹਿੰਦੀ ਸੀ।ਗਲਬਾਤ ਬੰਦੇ ਨੂੰ ਹਲਕਾ ਕਰ ਦਿੰਦੀ ਹੈ।ਘੁੱਟਿਆ-ਵੱਟਿਆ ਬੰਦਾ ਅੱਲਗ ਥੱਲਗ ਅਤੇ ਤਣਾਵ-ਗ੍ਰਸਤ ਰਹਿੰਦਾ ਹੈ।ਸੁਰਜੀਤ ਪਾਤਰ ਨੇ ਠੀਕ ਹੀ ਕਿਹੈ-“ਖੋਲ ਦਿੰਦਾ ਦਿਲ ਜੇ ਤੂੰ ਲਫਜ਼ਾਂ ਦੇ ਵਿਚ ਯਾਰਾਂ ਦੇ ਨਾਲ,\ ਖੋਲਣਾ ਪੈਂਦਾ ਨਾਂ ਏਦਾਂ ਅੱਜ ਔਜ਼ਾਰਾਂ ਦੇ ਨਾਲ”!
ਪਰ ਅੱਜ-ਕੱਲ੍ਹ ਦਲਾਨ ਡੱਬੀਆਂ ਵਰਗੇ ਕਮਰਿਆਂ,ਬਲਕਿ ‘ਕਮਰੀਆਂ’,ਵਿੱਚ ਤਬਦੀਲ ਹੋ ਗਏ ਹਨ।‘ਮੀ ਟਾਈਮ’(ਮੇਰਾ ਵਕਤ) ਅਤੇ ‘ਮੀ-ਸਪੇਸ’(ਮੇਰੀ ਥਾਂ) ਦੀ ਧਾਰਨਾਂ ਨੇ ਘਰ ਦੇ ਜੀਆਂ ਨੂੰ ਅਲਗ-ਥਲਗ ਕਰ ਦਿਤਾ ਹੈ।ਲੋਕ ਘੁਰਨਿਆਂ ਵਿਚ ਧਸੇ ਹੋਏ ਹਨ।
ਘੁਸ,ਘੁਸਣਾ,ਘੁਸਰਨਾ,ਘੁਸੜਨਾ ਧਸਣਾ ਜਾਂ ਪ੍ਰਵੇਸ਼ ਕਰਨਾ ਹੈ।ਘੁਰ ਜਾਂ ਘੁਰਨਾ ਜੰਗਲੀ ਪਸ਼ੂਆਂ ਦਾ ਘਰ ਜਾਂ ਗ੍ਰਿਹਵਨ,ਵਨਗ੍ਰਿਹ ਨੂੰ ਕਹਿੰਦੇ ਹਨ-‘ਹੋਇ ਸਤਾਣਾ ਘੁਰੈ ਨ ਮਾਵੈ’(ਸ.ਗ.ਗ.ਸ.ਅੰਗ 1286)
ਘੁਸਣਾ ਦਾ ਦੂਸਰਾ ਅਰਥ ਭੁੱਲਣਾ.ਚੂਕਨਾ ਵੀ ਹੈ-‘ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ’।।(ਅੰਗ 314) ਅਤੇ ‘ਬਹਿ ਜਾਇ ਘੁਸਰਿ ਬਗੁਲਾਰੇ’।।(ਅੰਗ 312)
ਘੁਰਨਾ ਦਾ ਦੂਜਾ ਅਰਥ ਗਰਜਣਾ ਹੈ-‘ਘੁਰਨਿ ਘਟਾ ਅਤਿ ਕਾਲੀਆ’(ਅੰਗ 1102) ਅਤੇ ‘ਘੁਰੇ ਨਗਾਰੇ’(ਚੰਡੀ3)-ਸਰੋਤ:ਮਹਾਨ ਕੋਸ਼,ਭਾਈ ਕਾਨ੍ਹ ਸਿੰਘ ਨਾਭਾ।
ਘੁਸਣ ਅਤੇ ਹੂੜਨ\ਤਾੜਨ ਵਿਚ ਫਰਕ ਹੈ।ਘੁਸਣਾ ਮਰਜ਼ੀ ਹੈ;ਹੂੜਨਾ,ਮਜਬੂਰੀ।ਪਹਿਲੇ ਵਿੱਚ ਸਵੈ-ਇੱਛਾ ਹੈ; ਦੂਸਰੇ ਵਿੱਚ ਪਰ-ਇੱਛਾ।
‘ਪਰਾਈਵੇਸੀ’(ਨਿੱਜਤਾ) ਅਤੇ ਆਜ਼ਾਦੀ ਦੇ ਨਾਮ ਤੇ ਅਸੀਂ ਆਪੋ-ਆਪਣੇ ਘੁਰਨਿਆਂ ਵਿੱਚ ਘੁਸੇ ਰਹਿੰਦੇ ਹਾਂ।ਕੋਈ ਕਿਸੇ ਨਾਲ ਗੱਲ ਕਰਕੇ ਰਾਜ਼ੀ ਨਹੀਂ।ਹੋਰ ਤਾਂ ਹੋਰ,ਰਲ ਬੈਠ ਕੇ ਖਾਣਾ ਖਾਣ ਦਾ ਵਰਤਾਰਾ ਲਗਭਗ ਅਲੋਪ ਹੋ ਗਿਆ ਹੈ।ਕਮਰਿਆਂ ਵਿਚ ਹੀ ਫਾਸਟ ਫੂਡ ਆਨ-ਲਾਈਨ ਮੰਗਵਾ ਲਿਆ ਜਾਂਦੈ।ਕਰਮਾਂ ਵਾਲੇ ਘਰ ਹੋਣਗੇ ਜਿਥੇ ਅਜੇ ਵੀ ਘਰ ਦੇ ਜੀਅ ਖਾਣੇ ਵੇਲੇ ਇਕੱਠੇ ਬੈਠ ਕੇ ਪ੍ਰਸ਼ਾਦਾ-ਪਾਣੀ ਛਕਦੇ ਹਨ!
ਇਸ ਵਰਤਾਰੇ ਨਾਲ ਸਾਨੂੰ,ਖਾਸ ਕਰਕੇ ਸਾਡੇ ਬੱਚਿਆਂ ਨੂੰ,ਇਕੱਲੇ ਰਹਿਣ ਦੀ ਆਦਤ ਪੈ ਰਹੀ ਹੈ ਜਾਂ ਪੈ ਗਈ ਹੈ।ਉਹ ਹੋਰ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ।ਹੌਲੀ ਹੌਲੀ ਇਕਾਂਤ,ਇਕੱਲਤਾ ਵਿਚ ਬਦਲ ਜਾਂਦੀ ਹੈ।ਕੁਦਰਤ ਅਤੇ ਸਮਾਜ ਦਾ ਨਿਯਮ ਹੈ ਕਿ ਮੇਲ-ਗੇਲ ਸਾਂਝ ਵਧਾਉਂਦਾ ਹੈ,ਇਕਲਤਾ ਅਲਹਿਦਗੀ ਪੈਦਾ ਕਰਦੀ ਹੈ।ਅੰਗਰੇਜ਼ੀ ਵਾਲੇ ਕਹਿੰਦੇ ਹਨ ਕਿ ‘ਐਸੋਸੀਏਸ਼ਨ ਰਿਲੀਵਜ਼;ਆਈਸੋਲੇਸ਼ਨ,ਡਿਪਰੈਸਜ਼’(ਸੰਗ ਰਾਹਤ ਅਤੇ ਵਿਕਰੇਕਤਾ\ਇਕੱਲਤਾ ਖਿੰਨਤਾ\ਉਦਾਸੀ ਦਿੰਦੀ ਹੈ)।
ਇਕੱਲਤਾ ਕਾਰਨ ਛੋਟੀ ਉਮਰੇ ਹੀ ‘ਸਟਰੈੱਸ’ ਅਤੇ ਦਿਲ ਦੇ ਰੋਗ ਹੋ ਜਾਂਦੇ ਹਨ।ਨੌਜਵਾਨ ਖੁਦਕੁਸ਼ੀਆਂ ਕਰਦੇ ਹਨ।ਹਾਂ,ਹੋਰ ਵੀ ਕਾਰਨ ਹਨ ਇਹਨਾਂ ਗਲਾਂ ਦੇ ਪਰ ਆਪਣੇ ਦਿਲ ਦੀ ਗਲ ਦੂਸਰੇ ਨਾਲ ਸ਼ੇਅਰ ਨਾਂ ਕਰਨਾਂ ਜਾਂ ਘਰ ਦਿਆਂ ਨੂੰ ਵੀ ਨਾ ਦਸਣਾ ਇਸ ਦੇ ਵਡੇ ਕਾਰਨ ਹਨ।
ਕਿਉਂਕਿ”ਕਲੇਜਾ ਤਾਂ ਫਟਣਾ ਹੀ ਸੀ ਉਸ ਦਾ ਇੱਕ ਦਿਨ\ਜੁ ਹਉਕਾ ਵੀ ਭਰਦਾ ਸੀ ਸਾਹਵਾਂ ਤੋਂ ਚੋਰੀ’(ਪਾਤਰ)।
ਮੇਰੀਆਂ ਆਪਣੀਆਂ ਸਤਰਾਂ ਹਨ-‘ਘਰ ਦੇ ਵਿਚ ਇਕ ਜੀਅ ਨਾ ਬੋਲੇ\ਫੇਸਬੁੱਕ ‘ਤੇ ‘ਫ੍ਰੈਂਡ’ ਘਨੇਰੇ’!
ਪਰਿਵਾਰਕ ਅਤੇ ਸੰਸਾਰਕ ਮਸਲਿਆਂ ‘ਤੇ ਝਮੇਲਿਆਂ ਦਾ ਹੱਲ ਸੰਵਾਦ ਹੈ।ਐਂਵੇਂ ਨਹੀਂ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ-‘ਜਬ ਲਗੁ ਦੁਨੀਆ ਰਹੀਐੇ ਨਾਨਕ ਕਿਛੁ ਸੁਣੀਐ ਕਿਛੁ ਕਹੀਐ’।।(ਸ.ਗ.ਗ.ਸ.ਅੰਗ 661)।ਘਰਾਂ ਅਤੇ ਘਰੋਂ ਬਾਹਰ ਦੁਨੀਆਂ ਦੇ ਬਹੁਤੇ ਕਲੇਸ਼ ਸੰਵਾਦਹੀਣਤਾ ਜਾਂ ਹਉਮੇ ਕਾਰਨ ਹਨ।ਇੱਕ ਦੱਖਣੀ ਭਾਰਤੀ ਫਿਲਮ ਵਿੱਚ ਪਤੀ-ਪਤਨੀ ਇੱਕ ਦੂਜੇ ਨਾਲ ਅਣਬੋਲਣੀ ਕਾਰਨ ਪਰਚੀਆਂ ਉੱਪਰ ਲਿਖ ਕੇ ਗਲ ਕਰਦੇ ਹਨ।ਸੰਦੇਸ਼ ਵਾਲੀ ਪਰਚੀ ਕੰਧ ਉੱਪਰ ਲਗੇ ਇੱਕ ਬੋਰਡ ਤੇ ਚਿਪਕਾ ਦਿੰਦੇ ਹਨ।ਬੋਰਡ ਪਰਚੀਆਂ ਨਾਲ ਠੂਸਿਆ ਗਿਐ।
ਇੱਕ ਪੰਜਾਬੀ ਫਿਲਮ ਵਿੱਚ ਲੜਕੀ(ਨਾਇਕਾ) ਆਪਣੀ ਮਾਂ ਨਾਲ ਇਸ ਲਈ ਕੁੱਪਤ ਕਰਦੀ ਹੈ ਕਿ ਉਸ ਦੀ ਮਾਂ ਉਸ ਦੇ ਕਮਰੇ ਵਿੱਚ ਚਲੇ ਗਈ ਸੀ।ਉਹ ਕੱਪੜਿਆਂ ਤੋਂ ਬਾਹਰ ਹੀ ਹੋ ਜਾਂਦੀ ਹੈ ਅਤੇ ਮਾਂ ਨੂੰ ਬੁਰਾ-ਭਲਾ ਕਹਿੰਦੀ ਹੋਈ ਹੁਕਮ ਦਾਗਦੀ ਹੈ ਕਿ ਜਦ ਉਹ ਮਰ ਗਈ ਤਾਂ ਮਾਂ ਉਸ ਦੇ ਕਮਰੇ ‘ਚ ਆ ਜਾਵੇ।ਅਸਲ ਜ਼ਿੰਦਗੀ ਵਿੱਚ ਵੀ ਕੱਲ-ਮ-ਕੱਲੇ ਰਹਿਣ ਦੇ ਆਦੀ ਕਈ ਬੱਚੇ ਨਿੱਜ-ਕਮਰੇ ਦੀ ਗੁਪਤਤਾ ਭੰਗ ਹੋਣ ਉਪਰੰਤ ਅਜਿਹਾ ਵਤੀਰਾ ਹੀ ਅਪਣਾਉਂਦੇ ਹਨ।
ਸੱਥਾਂ,ਮਹਿਫਲਾਂ,ਮਿਲਣੀਆਂ,ਮਿੱਤਰ ਮੰਡਲੀਆਂ,ਸਾਂਝਾਂ ਲੁਪਤ ਹੁੰਦੀਆਂ ਜਾ ਰਹੀਆਂ ਹਨ।ਮਾਨਵ ਦੀ ਹੋਣੀ ਮੋਬਾਈਲਾਂ\ਮਸ਼ੀਨਾਂ\ਟੈਕਨੌਲੋਜੀ\ਡਿਜਿਟਲੀ ਵਰਤਾਰੇ ਦੀ ਬਾਂਦੀ ਬਣਦੀ ਜਾ ਰਹੀ ਹੈ।ਕਦੀ ਬੰਦਾ ਬੰਦੇ ਦਾ ਦਾਰੂ ਸੀ,ਹੁਣ ਮਸ਼ੀਨਾਂ ਆ ਗਈਆਂ ਹਨ।ਪਰ ਮਸ਼ੀਨ ਬੰਦੇ ਲਈ ਹੈ ਨਾਂ ਕਿ ਬੰਦਾ ਮਸ਼ੀਨ ਲਈ!ਮਸ਼ੀਨ ਮਨੁਖ ਦੇ ਦਰਦ ਦਾ ਦਾਰੂ ਨਹੀਂ ਬਣ ਸਕਦੀ।
ਪਹਿਲੇ ਵੇਲਿਆਂ ਵਿੱਚ ਪਿੰਡਾਂ ਦੀਆਂ ਔਰਤਾਂ ਤ੍ਰਿੰਜਣ ਵਿੱਚ ਚਰਖਾ ਕੱਤਦੀਆਂ ਕੱਤਦੀਆਂ ਜਾਂ ਸ਼ਾਮ ਵੇਲੇ ਬਾਹਰ ਅੰਦਰ ਜਾਂਦੀਆਂ ਆਪਣੇ ਦੁੱਖ ਦਰਦ ਸਾਂਝੇ ਕਰ ਲੈਂਦੀਆਂ ਸਨ।ਢਿੱਡ ਦੀ ਗੈਸ ਨਿਕਲ ਜਾਂਦੀ ਸੀ,ਮਨ ਹਲਕਾ ਹੋ ਜਾਂਦਾ ਸੀ,ਦਿਲ ਤੋਂ ਭਾਰ\ਗੁਬਾਰ ਲਹਿ ਜਾਂਦਾ ਸੀ।
ਘੁਰਨੇ ਵਿਚ ਘੁਸਣਾ ਘੋਰ ਅੰਧਕਾਰ ਵਿੱਚ ਧਸਣਾ ਹੈ।ਜੇ ਬਾਹਰ ਨਿਕਲਾਂਗੇ,ਦੁਨੀਆਂ ਦੇਖਾਂਗੇ,ਕਿਸੇ ਨਾਲ ‘ਹਾਏ-ਹੈਲੋ’ ਕਰਾਂਗੇ ਤਾਂ ਇਕੱਲਤਾ ਜੇ ਹਟੇਗੀ ਨਹੀਂ ਤਾਂ ਘਟੇਗੀ ਜ਼ਰੂਰ।
ਨਿਦਾ ਫਾਜ਼ਲੀ ਨੇ ਆਪਣੀ ਇਕ ਗਜ਼ਲ ਵਿੱਚ ਬਹੁਤ ਹੀ ਨੇਕ ਸਲਾਹ ਦਿਤੀ ਹੈ-
“ਉਠ ਕੇ ਕਪੜੇ ਬਦਲ ਘਰ ਸੇ ਬਾਹਰ ਨਿਕਲ,ਜੋ ਹੂਆ ਸੋ ਹੂਆ।
ਰਾਤ ਕੇ ਬਾਦ ਦਿਨ ਆਜ ਕੇ ਬਾਦ ਕਲ, ਜੋ ਹੂਆ ਸੋ ਹੂਆ।
ਜਬ ਤਲਕ ਸਾਂਸ ਹੈ ਭੂਖ ਹੈ ਪਿਆਸ ਹੈ ਯੇ ਹੀ ਇਤਿਹਾਸ ਹੈ,
ਰਖ ਕੇ ਕਾਂਧੇ ਪੇ ਹਲ ਖੇਤ ਕੀ ਅੋਰ ਚਲ, ਜੋ ਹੂਆ ਸੋ ਹੂਆ।
-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ,98766-55055