ਗਰਮੀ ਦੇ ਕਹਿਰ ਤੋਂ ਕਿਵੇਂ ਬਚਿਆ ਜਾਵੇ?/ਡਾ. ਗੁਰਿੰਦਰ ਕੌਰ
ਕੈਨੇਡਾ ਵਿਚ ਅਤਿ ਦੀ ਗਰਮੀ ਪੈਣ ਕਾਰਨ ਜੂਨ ਦੇ ਅਖ਼ੀਰਲੇ ਹਫ਼ਤੇ 600 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚੋਂ 486 ਸ਼ਖ਼ਸ ਇਕੱਲੇ ਬ੍ਰਿਟਿਸ਼ ਕੋਲੰਬੀਆ ਸੂਬੇ ਨਾਲ ਸਬੰਧਿਤ ਸਨ। ਮ੍ਰਿਤਕਾਂ ਵਿਚ ਜ਼ਿਆਦਾਤਰ ਬਜ਼ੁਰਗ ਸਨ ਜੋ ਇਕੱਲੇ ਰਹਿੰਦੇ ਸਨ। ਬ੍ਰਿਟਿਸ਼ ਕੋਲੰਬੀਆ ਦਾ ਮੌਸਮ ਗਰਮੀ ਦੇ ਮਹੀਨਿਆਂ ਵਿਚ ਜ਼ਿਆਦਾ ਗਰਮ ਨਹੀਂ ਹੁੰਦਾ। ਇੱਥੋਂ ਦਾ ਔਸਤ ਤਾਪਮਾਨ ਲੱਗਭੱਗ 20 ਤੋਂ 25 ਡਿਗਰੀ ਸੈਲਸੀਅਸ ਦੇ ਨੇੜੇ ਰਹਿੰਦਾ ਹੈ ਜਿਸ ਕਾਰਨ ਲੋਕ ਗਰਮੀ ਬਰਦਾਸ਼ਤ ਨਹੀਂ ਕਰ ਰਹੇ। ਸਾਲ ਦਾ ਜ਼ਿਆਦਾ ਸਮਾਂ ਮੌਸਮ ਠੰਢਾ ਹੀ ਰਹਿੰਦਾ ਹੈ ਜਿਸ ਕਰਕੇ ਲੋਕਾਂ ਦੇ ਘਰਾਂ ਵਿਚ ਨਾ ਤਾਂ ਏਅਰਕੰਡੀਸ਼ਨ ਦੀ ਸਹੂਲਤ ਹੈ ਅਤੇ ਨਾ ਹੀ ਉਹ ਹਵਾਦਾਰ ਹਨ। ਇਸ ਕਰਕੇ ਬਹੁਤੇ ਲੋਕਾਂ ਦੀ ਮੌਤ ਜ਼ਿਆਦਾ ਗਰਮੀ ਵਿਚ ਸਾਹ ਘੁਟਣ ਨਾਲ ਹੋਈ ਹੈ। ਕੈਨੇਡਾ ਦੇ ਬਾਕੀ ਰਾਜ ਓਂਟਾਰੀਓ, ਸਸਕੈਚਵਾਨ, ਮਿਨੀਟੋਬਾ ਅਤੇ ਕਿਊਬਕ ਵਿਚ ਵੀ ਗਰਮੀ ਨਾਲ ਸੌ ਤੋਂ ਉੱਪਰ ਲੋਕਾਂ ਦੀ ਮੌਤ ਹੋ ਗਈ ਹੈ। ਮੌਤਾਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਹੈ। ਕੈਨੇਡਾ ਵਿਚ ਤਾਪਮਾਨ ਵਿਚ ਇਕਦਮ ਹੋਏ ਵਾਧੇ ਨੇ ਦੁਨੀਆ ਦੇ ਸਾਰੇ ਮੁਲਕਾਂ ਨੂੰ ਚੌਕੰਨਾ ਕਰ ਦਿੱਤਾ ਹੈ ਕਿ ਮੌਸਮੀ ਤਬਦੀਲੀਆਂ ਹੁਣ ਭਵਿੱਖ ਵਿਚ ਨਹੀਂ ਆਉਣਗੀਆਂ ਬਲਕਿ ਵਰਤਮਾਨ ਵਿਚ ਹੀ ਉਹ ਸਾਨੂੰ ਕੁਦਰਤੀ ਆਫ਼ਤਾਂ ਦੇ ਰੂਪ ਵਿਚ ਹਰ ਰੋਜ਼ ਵੰਗਾਰ ਰਹੀਆਂ ਹਨ। 29 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦੇ ਇਕ ਛੋਟੇ ਜਿਹੇ ਕਸਬੇ ਲਿਟਨ ਦਾ ਤਾਪਮਾਨ 49.6 ਡਿਗਰੀ ਸੈਲਸੀਅਸ ਹੋ ਗਿਆ ਸੀ। ਇਹ ਕਸਬਾ ਭੂਮੱਧ ਰੇਖਾ ਤੋਂ ਉੱਤਰ ਵੱਲ 50 ਡਿਗਰੀ ਅਕਸ਼ਾਸ ਰੇਖਾ ਉੱਤੇ ਸਥਿਤ ਹੈ, ਜਦੋਂ ਕਿ ਇਸੇ ਦਿਨ ਭਾਰਤ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ 43 ਡਿਗਰੀ ਸੈਲਸੀਅਸ ਸੀ ਜਿਹੜਾ 28 ਡਿਗਰੀ ਅਕਸ਼ਾਸ ਉੱਤੇ ਸਥਿਤ ਹੈ। ਇਸ ਤੋਂ ਇਲਾਵਾ ਲਿਟਨ ਦਾ ਤਾਪਮਾਨ ਅਮਰੀਕਾ ਦੇ ਦੱਖਣ-ਪੱਛਮੀ ਮਾਰੂਥਲੀ ਰਾਜਾਂ ਨਾਲੋਂ ਵੀ ਜ਼ਿਆਦਾ ਰਿਹਾ ਹੈ। ਲਿਟਨ ਕਸਬੇ ਦਾ ਜੂਨ ਦਾ ਵੱਧ ਤੋਂ ਵੱਧ ਔਸਤ ਤਾਪਮਾਨ 24-25 ਡਿਗਰੀ ਸੈਲਸੀਅਸ ਦੇ ਆਸਪਾਸ ਰਹਿੰਦਾ ਹੈ ਪਰ 29 ਜੂਨ 2021 ਇਹ ਦੁੱਗਣਾ ਹੋ ਗਿਆ ਜਿਸ ਨਾਲ ਲੋਕਾਂ ਦੀ ਮੌਤ ਹੋਣੀ ਸੁਭਾਵਿਕ ਸੀ। ਕੈਨੇਡਾ ਦੇ ਨਾਲ ਨਾਲ ਅਮਰੀਕਾ ਦੇ ਵੀ ਉੱਤਰ-ਪੱਛਮੀ ਸ਼ਹਿਰ ਵੀ ਇਨ੍ਹਾਂ ਦਿਨਾਂ ਵਿਚ ਗਰਮੀ ਦੀ ਲਪੇਟ ਵਿਚ ਆਏ ਰਹੇ ਹਨ। ਪੋਰਟਲੈਂਡ ਸ਼ਹਿਰ ਵਿਚ 46 ਡਿਗਰੀ ਸੈਲਸੀਅਸ ਅਤੇ ਸਿਆਟਲ ਵਿਚ 42 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕੈਨੇਡਾ ਅਤੇ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਵਿਚ ਵੱਸੇ ਵੈਨਕੂਵਰ, ਸਰੀ, ਸਿਆਟਲ ਅਤੇ ਪੋਰਟਲੈਂਡ ਵਰਗੇ ਸ਼ਹਿਰਾਂ ਵਿਚ ਆਮ ਤੌਰ ਉੱਤੇ ਗਰਮੀਆਂ ਵਿਚ ਤਾਪਮਾਨ 11 ਤੋਂ 22 ਡਿਗਰੀ ਸੈਲਸੀਅਸ ਤੱਕ ਹੀ ਰਹਿੰਦਾ ਹੈ ਜਿਸ ਕਰਕੇ ਇਨ੍ਹਾਂ ਸ਼ਹਿਰਾਂ ਵਿਚ ਵੱਸੇ ਲੋਕਾਂ ਨੂੰ ਤਾਂ ਪੱਖਿਆਂ ਦੀ ਵੀ ਲੋੜ ਨਹੀਂ ਪੈਂਦੀ ਹੈ। ਇਹ ਸਾਰੇ ਸ਼ਹਿਰ ਖੁਸ਼ਗਵਾਰ ਮੌਸਮ ਕਰਕੇ ਜਾਣੇ ਜਾਂਦੇ ਹਨ। ਘੱਟ ਮੀਂਹ ਪੈਣ ਅਤੇ ਤਾਪਮਾਨ ਦੇ ਵਾਧੇ ਕਾਰਨ ਅਮਰੀਕਾ ਦੇ ਉੱਤਰ-ਪੱਛਮੀ ਖੇਤਰ ਦੇ 11 ਰਾਜ ਸੋਕੇ ਦੀ ਲਪੇਟ ਵਿਚ ਆਏ ਹੋਏ ਹਨ। ਜਲ ਭੰਡਾਰਾਂ ਵਿਚ ਪਾਣੀ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਸੋਕੇ ਕਾਰਨ ਜੰਗਲੀ ਅੱਗਾਂ ਲੱਗਣ ਦਾ ਖਤਰਾ ਵੀ ਵਧ ਰਿਹਾ ਹੈ। ਧਰਤੀ ਦੇ ਤਾਪਮਾਨ ਵਿਚ ਵਾਧੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਆਰਕਟਿਕ ਖੇਤਰ ਵਿਚ ਵੀ ਤਾਪਮਾਨ ਜੂਨ ਦੇ ਪਿਛਲੇ ਹਫ਼ਤੇ ਵਿਚ 48 ਡਿਗਰੀ ਸੈਲਸੀਅਸ ਆਂਕਿਆ ਗਿਆ ਸੀ। ਇਸ ਤਰ੍ਹਾਂ ਉੱਤਰੀ ਖੇਤਰੀ ਵਿਚ ਔਸਤ ਨਾਲੋਂ ਵਧਦਾ ਤਾਪਮਾਨ ਗਰਮੀ ਦੀ ਵਧਦੀ ਆਮਦ ਨੂੰ ਦਰਸਾ ਰਿਹਾ ਹੈ। ਗਰਮੀ (ਹੀਟ ਵੇਵ) ਕੀ ਹੁੰਦੀ ਹੈ? ਮੈਦਾਨੀ ਖੇਤਰਾਂ ਵਿਚ ਜਦੋਂ ਤਾਪਮਾਨ ਔਸਤ ਤਾਪਮਾਨ ਨਾਲੋਂ 5 ਜਾਂ 6 ਡਿਗਰੀ ਸੈਲਸੀਅਸ ਜਾਂ 40 ਡਿਗਰੀ ਸੈਲਸੀਅਸ ਤੋਂ ਉੱਪਰ ਟੱਪ ਜਾਵੇ ਤਾਂ ਉੱਥੇ ਚੱਲਣ ਵਾਲੀਆਂ ਹਵਾਵਾਂ ਨੂੰ ‘ਹੀਟ ਵੇਵ’ ਕਿਹਾ ਜਾਂਦਾ ਹੈ ਅਤੇ ਜੇਕਰ 6 ਜਾਂ 7 ਡਿਗਰੀ ਸੈਲਸੀਅਸ ਤੋਂ ਉੱਪਰ ਹੋ ਜਾਵੇ ਤਾਂ ਉਨ੍ਹਾਂ ਨੂੰ ‘ਸਵੀਅਰ ਹੀਟ ਵੇਵ’ ਕਿਹਾ ਜਾਂਦਾ ਹੈ। ਜਦੋਂ ਤੱਟਵਰਤੀ ਖੇਤਰਾਂ ਵਿਚ ਔਸਤ ਤਾਪਮਾਨ 37 ਡਿਗਰੀ ਅਤੇ ਪਹਾੜੀ ਖੇਤਰਾਂ ਵਿਚ 30 ਡਿਗਰੀ ਸੈਲਸੀਅਸ ਤੋਂ 5 ਡਿਗਰੀ ਸੈਲਸੀਅਸ ਵਧ ਜਾਵੇ ਤਾਂ ਉਹ ਖੇਤਰ ‘ਹੀਟ ਵੇਵਜ਼’ ਦੇ ਪ੍ਰਭਾਵ ਥੱਲੇ ਆਏ ਮੰਨੇ ਜਾਂਦੇ ਹਨ। ਅਮਰੀਕਾ ਦੀ ਇਨਵਾਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ 1960 ਤੋਂ ‘ਹੀਟ ਵੇਵਜ਼’ ਦੀ ਆਮਦ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 1960 ਵਿਚ ਹਰ ਸਾਲ ਦੋ ‘ਹੀਟ ਵੇਵਜ਼’ ਆਉਂਦੀਆਂ ਸਨ ਪਰ 2010 ਵਿਚ ਇਨ੍ਹਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਸੀ। ਇਸ ਖੋਜ ਕਾਰਜ ਵਿਚ ਅਮਰੀਕਾ ਦੇ 50 ਵੱਡੇ ਸ਼ਹਿਰਾਂ ਤੋਂ 1960 ਤੋਂ 2010 ਤੱਕ ਦੇ ਅਰਸੇ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਇਸ ਅਰਸੇ ਦੌਰਾਨ ‘ਹੀਟ ਵੇਵਜ਼’ ਦਾ ਸਮਾਂ 1960 ਦੇ ਦਹਾਕੇ ਦੇ ਮੁਕਾਬਲੇ 47 ਦਿਨ ਲੰਮਾ ਹੋ ਗਿਆ ਹੈ ਅਤੇ ਹੁਣ ਦੇ ਸਮੇਂ ਵਾਲੀ ‘ਹੀਟ ਵੇਵ’ ਚਾਰ ਦਿਨ ਲੰਮੀ ਰਹੀ ਹੈ ਜੋ 1960 ਦੇ ਦਹਾਕੇ ਨਾਲੋਂ ਲਗਭਗ ਇਕ ਦਿਨ ਲੰਮੀ ਹੈ। ‘ਹੀਟ ਵੇਵਜ਼’ ਵਿਚ ਤਾਪਮਾਨ ਦਾ ਵਾਧਾ ਵੀ 1960 ਦੇ ਮੁਕਾਬਲੇ ਬਹੁਤ ਜ਼ਿਆਦਾ ਹੋ ਗਿਆ। 1960 ਦੇ ਦਹਾਕੇ ਵਿਚ ਇਹ ਵਾਧਾ 2 ਡਿਗਰੀ ਫ਼ਾਹਨਹੀਟ ਸੀ ਪਰ 2010 ਤੱਕ 2.5 ਡਿਗਰੀ ਫ਼ਾਰਨਹੀਟ ਤੋਂ ਵੱਧ ਰਿਕਾਰਡ ਕੀਤਾ ਗਿਆ। ਜੂਨ 2021 ਦੀ ‘ਹੀਟ ਵੇਵ’ ਨੇ ਤਾਂ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਵਾਂ ਉੱਤੇ ‘ਹੀਟ ਵੇਵ’ ਸਮੇਂ ਤਾਪਮਾਨ ਔਸਤ ਤਾਪਮਾਨ ਤੋਂ 10 ਤੋਂ 20 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਨੈਸ਼ਨਲ ਵੈਦਰ ਸਰਵਿਸ ਅਤੇ ਪਰਡਿਕਸ਼ਨ ਸੈਂਟਰ, ਕੈਨੇਡਾ ਅਨੁਸਾਰ ਕੈਨੇਡਾ ਅਤੇ ਅਮਰੀਕਾ ਦੇ ਪੱਛਮੀ ਖੇਤਰ ਵਿਚ ‘ਹੀਟ ਵੇਵ’ ਅਲਾਸਕਾ ਦੇ ਅਲੇਸ਼ੁਆਈ ਟਾਪੂ ਅਤੇ ਦੂਜਾ ਕੈਨੇਡਾ ਦੀ ਜੇਮਜ਼ ਬੇਅ ਤੇ ਹਡਸਨ ਬੇਅ ਦੇ ਉਪਰ ਦਬਾਅ ਬਣਨ ਕਾਰਨ ਆਈ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸ਼ਾਂਤ ਮਹਾਸਾਗਰ ਦੇ ਪੱਛਮੀ ਖੇਤਰ ਦੇ ਤਾਪਮਾਨ ਵਿਚ ਪੂਰਬੀ ਖੇਤਰ ਦੇ ਤਾਪਮਾਨ ਨਾਲੋਂ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਜਿਸ ਨਾਲ ਸਮੁੰਦਰ ਵੱਲੋਂ ਧਰਤੀ ਵੱਲ ਠੰਢੀ ਹਵਾ ਆਉਣ ਦੀ ਥਾਂ ਉੱਤੇ ਗਰਮ ਹਵਾ ਆਉਣੀ ਸ਼ੁਰੂ ਹੋ ਗਈ ਅਤੇ ਉਸ ਨੇ ਇਸ ਖੇਤਰ ਨੂੰ ‘ਹੀਟ ਡੂਮ’ ਬਣਾ ਦਿੱਤਾ ਹੈ। ਇਸ ਸੰਸਥਾ ਅਨੁਸਾਰ ਇਹੋ ਜਿਹੀ ਸਥਿਤੀ ਅਕਸਰ ਪੈਦਾ ਨਹੀਂ ਹੁੰਦੀ, ਇਹ ਦੋ ਤਿੰਨ ਦਹਾਕਿਆਂ ਵਿਚ ਇਕ ਵਾਰ ਹੀ ਪੈਦਾ ਹੁੰਦੀ ਹੈ। ਮੌਸਮ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਦੀ 2014 ਵਿਚ ਆਈ ਰਿਪੋਰਟ ਨੇ ਇਹ ਸਾਫ਼ ਤੌਰ ਉੱਤੇ ਖ਼ੁਲਾਸਾ ਕੀਤਾ ਸੀ ਕਿ ਜੇਕਰ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਵਿਚ ਤੇਜ਼ੀ ਨਾਲ ਕਟੌਤੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਦੁਨੀਆ ਦਾ ਕੋਈ ਵੀ ਮੁਲਕ ਤਾਪਮਾਨ ਦੇ ਵਾਧੇ ਨਾਲ ਆਉਣ ਵਾਲੀਆਂ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚ ਨਹੀਂ ਸਕੇਗਾ ਅਤੇ ਮੌਸਮੀ ਤਬਦੀਲੀਆਂ ਹੌਲੀ ਹੌਲੀ ਵੱਡੇ ਮਹਾਂਦੀਪਾਂ ਤੋਂ ਲੈ ਕੇ ਛੋਟੇ ਛੋਟੇ ਟਾਪੂਆਂ ਤੱਕ ਅਤੇ ਅਮੀਰ ਤੋਂ ਲੈ ਕੇ ਗ਼ਰੀਬ ਮੁਲਕਾਂ ਤੱਕ ਨੂੰ ਆਪਣੀ ਲਪੇਟ ਵਿਚ ਲੈ ਲੈਣਗੀਆਂ। ਧਰਤੀ ਦਾ ਔਸਤ ਤਾਪਮਾਨ ਹੁਣ ਉਦਯੋਗਿਕ ਇਨਕਲਾਬ ਦੇ ਸਮੇਂ ਤੋਂ ਪਹਿਲਾਂ ਦੇ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਵਧ ਚੁਕਿਆ ਹੈ। 2014 ਤੋਂ ਬਾਅਦ ਹੁਣ ਤੱਕ ਦੇ ਸਾਲ ਸਭ ਤੋਂ ਗਰਮ ਸਾਲ ਰਹੇ ਹਨ। 2020 ਦਾ ਸਾਲ ਕਰੋਨਾ ਮਹਾਮਾਰੀ ਅਤੇ ਲਾ-ਨੀਨਾ ਪ੍ਰਕਿਰਿਆ ਹੋਣ ਦੇ ਬਾਵਜੂਦ ਹੁਣ ਤੱਕ ਦਾ ਦੂਜਾ ਗਰਮ ਸਾਲ ਰਿਹਾ ਹੈ ਕਿਉਂਕਿ ਵਾਤਾਵਰਨ ਵਿਚ ਪਹਿਲਾਂ ਤੋਂ ਛੱਡੀਆਂ ਹੋਈਆਂ ਗਰੀਨ ਹਾਊਸ ਗੈਸਾਂ
ਗਰਮੀ ਦੇ ਕਹਿਰ ਤੋਂ ਕਿਵੇਂ ਬਚਿਆ ਜਾਵੇ?/ਡਾ. ਗੁਰਿੰਦਰ ਕੌਰ Read More »