admin

ਸਰਬ ਨੌਜਵਾਨ ਸਭਾ ਨੇ ਵਣ-ਮਹਾਂਉਤਸਵ ਦਾ ਕੀਤਾ ਸ਼ੁੱਭ ਆਰੰਭ

ਫਗਵਾੜਾ ਸਬ-ਡਵੀਜਨ ‘ਚ ਜਲਦੀ ਹੀ ਅਰੰਭੀ ਜਾਵੇਗੀ ਇਕ ਲੱਖ ਬੂਟੇ ਲਗਾਉਣ ਦੀ ਮੁਹਿਮ – ਵਿਧਾਇਕ ਧਾਲੀਵਾਲ * ਮਸਤ ਨਗਰ ‘ਚ ਸਭਾ ਵਲੋਂ ਲਗਾਏ ਗਏ 150 ਬੂਟੇ ਫਗਵਾੜਾ 22 ਜੁਲਾਈ (ਏ.ਡੀ.ਪੀ. ਨਿਊਜ਼ ) ਸਰਬ ਨੌਜਵਾਨ ਸਭਾ (ਰਜਿ) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਪੱਧਰ ‘ਤੇ ਵਣ-ਮਹਾਂਉਤਸਵ ਦੀ ਮੁਹਿੰਮ ਅਰੰਭਦਿਆਂ “ਆਓ ਸਾਰੇ ਬੂਟੇ ਲਾਈਏ, ਜਿੰਨੇ ਲਾਈਏ ਓਨੇ ਬਚਾਈਏ’’ ਅਤੇ “ਰੁੱਖ ਲਗਾਓ, ਵਾਤਾਵਰਨ ਬਚਾਓ’’ ਮੁਹਿੰਮ ਤਹਿਤ ਪਿੰਡ ਮਸਤਨਗਰ ਵਿਖੇ 150 ਬੂਟੇ ਲਗਾਏ ਗਏ। ਬੂਟੇ ਲਗਾਉਣ ਸਬੰਧੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹੋਏ। ਉਹਨਾਂ ਸਭਾ ਵਲੋਂ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਾ ਕੇ ਹੀ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕਦੀ ਹੈ ਅਤੇ ਇਹ ਗਲੋਬਲ ਵਾਰਮਿੰਗ ਦੇ ਇਸ ਦੌਰ ‘ਚ ਸਮੇਂ ਦੀ ਲੋੜ ਹੈ। ਉਹਨਾ ਦੱਸਿਆ ਕਿ ਫਗਵਾੜਾ ਬਲਾਕ ਵਿਚ ਵਣ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਲੱਖ ਬੂਟੇ ਲਗਾਏ ਜਾਣਗੇ ਅਤੇ ਉਹਨਾ ਦੀ ਸੰਭਾਲ ਦਾ ਉੱਚ ਪਧਰਾ ਪ੍ਰਬੰਧ ਵੀ ਕੀਤਾ ਜਾਵੇਗਾ। ਸੂਬੇ ਪੰਜਾਬ ਵਿਚ ਦਰਖਤਾਂ ਦੇ ਵਢਾਂਗੇ ਕਾਰਨ ਖਰਾਬ ਹੋਈ ਸਥਿਤੀ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲ ਕਦਮੀ ਕਰਕੇ ਪੰਜਾਬ ਦੇ ਕੋਨੇ-ਕੋਨੇ ਖਾਲੀ ਥਾਵਾਂ ਉੱਤੇ ਬੂਟੇ ਲਗਾਉਣ ਦੀ ਮੁਹਿੰਮ ਛੇੜੀ ਗਈ ਹੈ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਮਲਟੀਪਲ ਕੌਂਸਲ ਚੇਅਰਮੈਨ ਅਲਾਂਇੰਸ ਇੰਟਰਨੈਸ਼ਨਲ ਨੇ ਕਿਹਾ ਕਿ ਸ਼ਹਿਰੀਕਰਨ ਕਾਰਨ ਬੂਟਿਆਂ ਦੀ ਕਟਾਈ ਵੱਧ ਹੋਈ ਹੈ ਅਤੇ ਇੰਡਸਟਰੀ ਦੇ ਪ੍ਰਦੂਸ਼ਣ ਦਾ ਮਾੜਾ ਅਸਰ ਵੀ ਵਾਤਾਵਰਣ ਉੱਪਰ ਪੈ ਰਿਹਾ ਹੈ। ਇਸ ਪਦੂਸ਼ਣ ਦੇ ਵਾਧੇ ਨੂੰ ਰੋਕਣ ਲਈ ਵੱਧ ਬੂਟੇ ਲਗਾਉਣਾ ਹੀ ਇੱਕ ਹੱਲ ਹੈ। ਉਹਨਾਂ ਨੇ ਸ਼ਹਿਰ ਅਤੇ ਪਿੰਡਾਂ ‘ਚ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਵਚਨ ਵੀ ਦਿੱਤਾ। ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਵੱਧ ਰਹੇ ਪ੍ਰਦੂਸ਼ਨ ਤੇ ਚਿੰਤਾ ਪ੍ਰਗਟਾਈ ਅਤੇ ਬੂਟੇ ਲਗਾਉਣ ਸਬੰਧੀ ਜਾਗਰੂਕਤਾ ਫੈਲਾਉਣ ਉਤੇ ਜ਼ੋਰ ਦਿੱਤਾ। ਇਸ ਮੌਕੇ ਐਸ.ਐਚ.ਓ. ਸਤਨਾਮਪੁਰਾ ਇੰਸਪੈਕਟਰ ਦਰਸ਼ਨ ਸਿੰਘ, ਏ.ਪੀ.ਓ. ਸੁਰਿੰਦਰ ਕੁਮਾਰ ਨਰੇਗਾ, ਨੰਬਰਦਾਰ ਸੁਰਿੰਦਰਪਾਲ, ਇੰਦਰਜੀਤ ਕੌਰ ਸਰਪੰਚ, ਤਿ੍ਰਪਤਾ ਸ਼ਰਮਾ ਸਾਬਕਾ ਕੌਂਸਲਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਭਾ ਲੰਮੇ ਸਮੇਂ ਤੋਂ ਫਗਵਾੜਾ ਦੇ ਸੁੰਦਰੀਕਰਨ ਲਈ ਯਤਨਸ਼ੀਲ ਹੈ ਅਤੇ ਹਰ ਸਾਲ ਜਿੰਨੇ ਬੂਟੇ ਲਗਾਏ ਜਾਂਦੇ ਹਨ, ਉਹਨਾ ਨੂੰ ਆਪਣੇ ਵਲੰਟੀਅਰਾਂ ਰਾਹੀਂ ਪਰਵਰਿਸ਼ ਦਿੱਤੀ ਜਾਂਦੀ ਹੈ। ਲੈਕਚਰਾਰ ਹਰਜਿੰਦਰ ਗੋਗਨਾ ਨੇ ਵਾਤਾਵਰਨ, ਪ੍ਰਦੂਸ਼ਨ ਸਬੰਧੀ ਪੁਖਤਾ ਵਿਚਾਰ ਪੇਸ਼ ਕਰਦਿਆਂ ਸਟੇਜ ਸਕੱਤਰ ਦੀ ਭੂਮਿਕਾ ਵੀ ਬਾਖ਼ੂਬੀ ਨਿਭਾਈ। ਇਸ ਮੌਕੇ ਵਿਧਾਇਕ ਧਾਲੀਵਾਲ ਨੂੰ ਸਭਾ ਵਲੋਂ ਸਨਮਾਨਤ ਵੀ ਕੀਤਾ ਗਿਆ। ਸਮਾਗਮ ਤੋਂ ਬਾਅਦ ਬੂਟੇ ਲਗਾਉਣ ਵਿਚ ਕਵੀ ਰਵਿੰਦਰ ਸਿੰਘ ਰਾਏ, ਦੇਸਰਾਜ ਝੱਲੀ, ਪਿ੍ਰਤਪਾਲ ਕੌਰ ਤੁੱਲੀ ਸਮਾਜ ਸੇਵਿਕਾ, ਗੁਰਦੀਪ ਸਿੰਘ ਤੁੱਲੀ, ਸਾਹਿਬਜੀਤ ਸਾਬੀ, ਅਮਰਿੰਦਰ ਪੀ.ਏ. ਵਿਧਾਇਕ, ਨਰਿੰਦਰ ਕੁਮਾਰ ਸਟੇਨੋ, ਉਂਕਾਰ ਜਗਦੇਵ, ਰਮਨ ਨਹਿਰਾ, ਕੁਲਬੀਰ ਬਾਵਾ, ਨਰਿੰਦਰ ਸੈਣੀ, ਡਾ: ਨਰੇਸ਼ ਬਿੱਟੂ, ਬਲਜੀਤ ਕੌਰ ਬੁੱਟਰ, ਕਿ੍ਰਸ਼ਨ ਕੁਮਾਰ ਹੀਰੋ ਕਾਂਗਰਸੀ ਆਗੂ, ਰਾਮ ਕੁਮਾਰ ਚੱਢਾ ਕਾਂਗਸਰੀ ਆਗੂ, ਐਡਵੋਕੇਟ ਕੁਲਦੀਪ ਭੱਟੀ, ਰੂਪ ਲਾਲ ਪੰਚ, ਨੈਨਦੀਪ ਪੰਚ, ਵਿਨੋਦ ਕੁਮਾਰ ਪੰਚ, ਸੁਖਵਿੰਦਰ ਕੌਰ ਪੰਚ, ਮੀਨਾ ਰਾਣੀ ਪੰਚ, ਰਸ਼ਪਾਲ ਕੌਰ ਸਾਬਕਾ ਸਰਪੰਚ, ਮਾਸਟਰ ਸੁਰਿੰਦਰ, ਮੈਡਮ ਪਿੰਕੀ, ਪਰਵਿੰਦਰ ਕੌਰ ਨੇ ਵਢਮੁੱਲਾ ਯੋਗਦਾਨ ਪਾਇਆ।

ਸਰਬ ਨੌਜਵਾਨ ਸਭਾ ਨੇ ਵਣ-ਮਹਾਂਉਤਸਵ ਦਾ ਕੀਤਾ ਸ਼ੁੱਭ ਆਰੰਭ Read More »

ਸੰਸਦ ਵਿੱਚ ਹੰਗਾਮੇ ਤੋਂ ਬਾਅਦ ਕਾਰਵਾਈ 2 ਵਜੇ ਤੱਕ ਮੁਲਤਵੀ

ਨਵੀਂ ਦਿੱਲੀ: ਵੱਖ-ਵੱਖ ਮੁੱਦਿਆਂ ‘ਤੇ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਵੱਲੋਂ ਕੀਤੇ ਗਏ ਹੰਗਾਮੇ ਤੋਂ ਬਾਅਦ ਰਾਜ ਸਭਾ ਅਤੇ ਲੋਕ ਸਭ ਦੀ ਕਾਰਵਾਈ ਫਿਰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 12 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਪ ਚੇਅਰਮੈਨ ਹਰਿਵੰਸ਼ ਨੇ ਪ੍ਰਸ਼ਨਕਾਲ ਲਈ ਮੈਂਬਰਾਂ ਦੇ ਨਾਮ ਬੋਲੇ ਪਰ ਵਿਰੋਧੀ ਧਿਰਾਂ ਨੇ ਹੰਗਾਮਾ ਕਰ ਦਿੱਤਾ।ਉਪ ਚੇਅਰਮੈਨ ਨੇ ਕਿਹਾ, “ਪ੍ਰਸ਼ਨ ਕਾਲ ਮੈਂਬਰਾਂ ਦੇ ਪ੍ਰਸ਼ਨ ਲਈ ਹੈ … ਮੈਂਬਰਾਂ ਲਈ ਸਵਾਲ-ਜਵਾਬ ਬਹੁਤ ਮਹੱਤਵਪੂਰਣ ਹੈ … ਤੁਸੀਂ ਸਦਨ ਨੂੰ ਨਹੀਂ ਚਲਾਉਣਾ ਚਾਹੁੰਦੇ … ਤੁਸੀਂ ਆਪਣੀ- ਆਪਣੀ ਥਾਂ ‘ਤੇ ਚਲੇ ਜਾਓ।” ਇਸ ਤੋਂ ਬਾਅਦ ਵੀ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ। ਸਦਨ ਵਿਚ ਹੰਗਾਮਾ ਨਾ ਰੁਕਦਾ ਜੇਥ ਤੇ ਉਪ ਚੇਅਰਮੈਨ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ।

ਸੰਸਦ ਵਿੱਚ ਹੰਗਾਮੇ ਤੋਂ ਬਾਅਦ ਕਾਰਵਾਈ 2 ਵਜੇ ਤੱਕ ਮੁਲਤਵੀ Read More »

ਅੱਜ ਤੋਂ ਸ਼ੁਰੂ ਹੋਵੇਗੀ ‘ਕਿਸਾਨ ਸੰਸਦ’,ਸਖ਼ਤ ਸੁਰੱਖਿਆ ਹੇਠ ਕਿਸਾਨ ਜੰਤਰ ਮੰਤਰ ਪੁੱਜੇ

ਨਵੀਂ ਦਿੱਲੀ, 22 ਜੁਲਾਈ- ਖੇਤੀ ਕਾਨੂੰਨਾਂ ਖ਼ਿਲਾਫ਼ ਇਥੇ ਜੰਤਰ ਮੰਤਰ ’ਤੇ ਸਖ਼ਤ ਸੁਰੱਖਿਆ ਹੇਠ ਕਿਸਾਨ ਸੰਸਦ ਸ਼ੁਰੂ ਹੋ ਗਈ ਹੈ। ਕਈ ਮਹੀਨਿਆ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਵਿਚੋਂ 200 ਕਿਸਾਨ ਅੱਜ ਜੰਤਰ ਮੰਤਰ ’ਤੇ ਪੁੱਜੇ। ਉਹ ਡੀਟੀਸੀ ਦੀਆਂ ਕਈ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ ਮੰਤਰ ਪੁੱਜੇ। ਅਧਿਕਾਰੀਆਂ ਨੇ ਕਿਹਾ ਕਿ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੁਲੀਸ ਅਤੇ ਨੀਮ ਫੌਜੀ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੁਲੀਸ ਸੁਰੱਖਿਆ ਹੇਠ 200 ਕਿਸਾਨਾਂ ਦਾ ਸਮੂਹ ਬੱਸਾਂ ਵਿਚ ਸਿੰਘੂ ਸਰਹੱਦ ਤੋਂ ਜੰਤਰ-ਮੰਤਰ ਪੁੱਜ ਕੇ ਸ਼ਾਮ 5 ਵਜੇ ਤੱਕ ਵਿਰੋਧ ਪ੍ਰਦਰਸ਼ਨ ਕਰੇਗਾ। ਸੰਯੁਕਤ ਕਿਸਾਨ ਮੋਰਚਾ ਨੂੰ ਇਸ ਵਾਰ ਹਲਫ਼ਨਾਮਾ ਦੇਣ ਲਈ ਕਿਹਾ ਗਿਆ ਹੈ ਜਿਸ ਵਿੱਚ ਕੋਵਿਡ ਨਿਯਮਾਂ ਦੀ ਪਾਲਣ ਦੇ ਨਾਲ ਨਾਲ ਅੰਦੋਲਨ ਸ਼ਾਂਤੀ ਪੂਰਨ ਹੋਵੇਗਾ।

ਅੱਜ ਤੋਂ ਸ਼ੁਰੂ ਹੋਵੇਗੀ ‘ਕਿਸਾਨ ਸੰਸਦ’,ਸਖ਼ਤ ਸੁਰੱਖਿਆ ਹੇਠ ਕਿਸਾਨ ਜੰਤਰ ਮੰਤਰ ਪੁੱਜੇ Read More »

ਨਵਜੋਤ ਸਿੱਧੂ ਵਲੋਂ ਮੀਟਿੰਗ ਦੌਰਾਨ ਕਈ ਗੁਪਤ ਮਤੇ ਪਾਸ

ਅੰਮਿ੍ਤਸਰ 22 ਜੁਲਾਈ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਨਮੂਨੇ ਵਜੋਂ ਸਾਫ਼ ਸੁਥਰੀ ਸਿਆਸਤ ਕਰ ਕੇ, ਨਵਾਂ ਰਾਜਸੀ ਤੇ ਯਾਦਗਰੀ ਇਤਿਹਾਸ ਰਚਣ ਲਈ ਉਤਾਵਲੇ ਹਨ ਤਾਂ ਜੋਂ ਲੋਕਤੰਤਰੀ ਨਿਘਾਰ ਨੂੰ  ਮੁੜ ਸਰਜੀਤ ਕੀਤਾ ਜਾ ਸਕੇ | ਇਸ ਮਕਸਦ ਲਈ ਅੱਜ ਸਵੇਰੇ ਨਾਸ਼ਤੇ ਤੇ ਡਰਾਇੰਗ ਰੂਮ ਸਿਆਸਤ ਕਰਦਿਆਂ ਗੁਪਤ ਮਤੇ ਪਾਸ ਕਰਨ ਦੀ ਖ਼ਬਰ ਮਿਲੀ ਹੈ ਜਿਸ ਵਿਚ 40-45 ਦੇ ਕਰੀਬ ਐਮ ਐਲ ਏ ਅਤੇ ਮਾਝਾ ਐਕਸਪ੍ਰੈਸ ਨਾਲ ਸਬੰਧਤ ਚਾਰ ਕੈਬਨਿਟ ਮੰਤਰੀ ਸ਼ਾਮਲ ਹੋਏ | ਪ੍ਰਾਪਤ ਜਾਣਕਾਰੀ ਮੁਤਾਬਕ, ਇਸ ਮੌਕੇ ਮਾਝਾ ਐਕਸਪ੍ਰੈਸ ਦਾ ਵਿਸਤਾਰ ਮਾਲਵੇ, ਦੁਆਬੇ ਵਿਚ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ | ਇਸ ਮੌਕੇ 2022 ਦੀਆਂ ਚੋਣਾਂ ਜਿੱਤਣ ਲਈ ਖ਼ਾਸ ਰਣਨੀਤੀ ਵੀ ਘੜੀ ਗਈ ਤੇ ਹਲਕਾ ਦਖਣੀ ਤੋਂ ਨੌਜਵਾਨ ਵਿਧਾਇਕ ਇੰਦਰਬੀਰ ਸਿੰਘ ਨੂੰ  ਅਹਿਮ ਜ਼ੰੁਮੇਵਾਰੀ ਦੇਣ ਸਬੰਧੀ ਚਰਚਾ ਕੀਤੀ ਗਈ | ਨਵਜੋਤ ਸਿੰਘ ਸਿੱਧੂ ਨੇ ਸਮੁੱਚੇ ਪੰਜਾਬ ਦੇ ਹਰ ਹਲਕੇ ਵਿਚ ਚੋਣ ਪ੍ਰਚਾਰ ਕਰਨਾ ਹੈ | ਉਨ੍ਹਾਂ ਦੀ ਗ਼ੈਰ-ਹਾਜ਼ਰੀ   ਵਿਚ ਦਫ਼ਤਰ ਚਲਾਉਣ ਤੇ ਸਿੱਧੂ ਦੇ ਹਲਕੇ ਵਿਚ ਸਮੱੁਚਾ ਪ੍ਰਬੰਧ ਅਤੇ ਹੋਰ ਜ਼ਰੂਰੀ ਕੰਮਕਾਜ ਬੁਲਾਰੀਆ ਦੁਆਰਾ ਕੀਤਾ ਗਿਆ | ਇਸ ਮੌਕੇ ਭਵਿੱਖ ਦੇ ਮੁੱਖ-ਮੰਤਰੀ ਦੀ ਚਰਚਾ ਵੀ ਕੀਤੀ ਗਈ | ਹੋਰ ਮਿਲੀ ਜਾਣਕਾਰੀ ਮੁਤਾਬਕ ਸਮੂਹ ਹਾਜ਼ਰ ਵਿਧਾਇਕਾਂ ਦੀ ਸਹਿਮਤੀ ਨਾਲ ਨਵਜੋਤ ਸਿੰਘ ਸਿੱਧੂ ਨੇ 23 ਜੁਲਾਈ ਨੂੰ  ਹੋ ਰਹੀ ਤਾਜਪੋਸ਼ੀ ਵਿਚ ਸ਼ਮੂਲੀਅਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਸੱਦਾ ਪੱਤਰ ਭੇਜਿਆ ਹੈ ਤੇ ਇਹ ਉਨ੍ਹਾਂ ਨੇ ਦੋਸਤੀ ਦਾ ਹੱਥ ਵਧਾਇਆ ਹੈ | ਹੋਰ ਸੂਚਨਾ ਮੁਤਾਬਕ ਲੋਕਾਂ ਨੇ ਦਸਿਆਂ ਕਿ ਸਿੱਧੂ ਦੀ ਆਮਦ ਨਾਲ ਬਦਲਾਅ ਦੀ ਲਹਿਰ ਵੇਖੀ ਗਈ ਹੈ | ਉਨ੍ਹਾਂ ਦੀ ਸਰੀਰਕ ਭਾਸ਼ਾ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ  ਹਾਈ ਕਮਾਂਡ ਦਾ ਪੂਰਾ ਸਮਰਥਨ ਪ੍ਰਾਪਤ ਹੈ ਅਤੇ ਗਾਂਧੀ ਪ੍ਰਵਾਰ ਦੀ ਕੋਸ਼ਿਸ਼ ਹੈ ਕਿ ਸਿੱਧੂ ਨੂੰ  ਸਥਾਪਤ ਕੀਤਾ ਜਾਵੇ ਤਾਂ ਜੋ ਚੋਣਾਂ ਵਿਚ ਪਾਰਟੀ ਦੀ ਜਿੱਤ ਯਕੀਨੀ ਹੋ ਸਕੇ | ਸੂਚਨਾ ਮੁਤਾਬਕ ਕੈਪਟਨ-ਸਿੱਧੂ ਦੇ ਕਰੀਬੀ ਸਮਝੇ ਜਾਂਦੇ ਰਾਣਾ ਕੇ.ਪੀ ਸਿੰਘ ਸਮਝੌਤੇ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ  | ਤਾਜਪੋਸ਼ੀ ਤੋਂ ਪਹਿਲਾ ਦੋਹਾਂ ਆਗੂਆਂ ਦਾ ਸਮਝੌਤਾ ਹੋ ਜਾਣ ਦੀ ਵੀ ਸੰਭਾਵਨਾ ਹੈ | ਸਥਾਨਕ ਲਕਸ਼ਮੀ ਨਰਾਇਣ ਮੰਦਰ ਵਿਚ ਨਵਜੋਤ ਸਿੰਘ ਸਿੱਧੂ ਨੇ ਅਰਦਾਸ ਕਰਦਿਆਂ ਕਿਹਾ ਕਿ ਪੰਜਾਬ ਦਾ ਕਲਿਆਣ ਮੇਰੀ ਸਫ਼ਲਤਾ ਹੈ ਭਾਵ ਇਸ ਸਰਹੱਦੀ ਸੂਬੇ ਨੂੰ  ਸਮੇਂ ਦਾ ਹਾਣੀ ਬਣਾਇਆਂ ਜਾਵੇਗਾ |

ਨਵਜੋਤ ਸਿੱਧੂ ਵਲੋਂ ਮੀਟਿੰਗ ਦੌਰਾਨ ਕਈ ਗੁਪਤ ਮਤੇ ਪਾਸ Read More »

ਬ੍ਰਿਸਬੇਨ 2032 ਓਲੰਪਿਕਸ ਦੀ ਕਰੇਗਾ ਮੇਜ਼ਬਾਨੀ

ਟੋਕੀਓ, 22 ਜੁਲਾਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਬੁੱਧਵਾਰ ਨੂੰ ਬ੍ਰਿਸਬੇਨ ਨੂੰ 2032 ਓਲੰਪਿਕਸ ਦੀ ਮੇਜ਼ਬਾਨੀ ਲਈ ਚੁਣਿਆ। ਬ੍ਰਿਸਬੇਨ ਵਿਰੁੱਧ ਕਿਸੇ ਵੀ ਸ਼ਹਿਰ ਨੇ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਸਾਲ 2000 ਵਿੱਚ ਸਿਡਨੀ ਤੋਂ ਬਾਅਦ ਓਲੰਪਿਕ ਇੱਕ ਵਾਰ ਫਿਰ ਆਸਟਰੇਲੀਆ ’ਚ ਹੋਣਗੀਆਂ। ਇਸ ਤੋਂ ਪਹਿਲਾਂ 1956 ਵਿੱਚ ਮੈਲਬਰਨ ਵਿੱਚ ਓਲੰਪਿਕ ਖੇਡਾਂ ਹੋਈਆਂ ਸਨ। ਮੇਜ਼ਬਾਨੀ ਮਿਲਣ ਦੀ ਖ਼ੁਸ਼ੀ ਵਿੱਚ ਬ੍ਰਿਸਬਨ ਵਿੱਚ ਆਤਿਸ਼ਬਾਜ਼ੀ ਕੀਤੀ ਗਈ ਤੇ ਆਈਓਸੀ ਦੇ ਮੈਂਬਰਾਂ ਨੂੰ ਟੋਕੀਓ ਦੇ ਪੰਜ ਤਾਰਾ ਹੋਟਲ ਤੋਂ ਇਸ ਦਾ ਸਿੱਧਾ ਪ੍ਰਸਾਰਣ ਵਿਖਾਇਆ ਗਿਆ। ਬ੍ਰਿਸਬਨ ਨੂੰ ਮੇਜ਼ਬਾਨੀ ਮਿਲਣ ਨਾਲ ਕਤਰ, ਹੰਗਰੀ ਤੇ ਜਰਮਨੀ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਓਲੰਪਿਕ ਖੇਡਾਂ ਹੁਣ ਪੂਰੇ ਕੁਈਨਜ਼ਲੈਂਡ ਰਾਜ ਵਿੱਚ ਕਰਵਾਈਆਂ ਜਾਣਗੀਆਂ, ਜਿਸ ਵਿੱਚ ਗੋਲਡ ਕੋਸਟ ਸ਼ਹਿਰ ਵੀ ਸ਼ਾਮਲ ਹੈ, ਜਿਸ ਨੇ 2018 ਰਾਸ਼ਟਰਮੰਡਲ ਖੇਡਾਂ ਦੇ ਮੇਜ਼ਬਾਨੀ ਕੀਤੀ ਸੀ। ਬ੍ਰਿਸਬਨ ਦਾ ਅਤਿ-ਆਧੁਨਿਕ ‘ਗਾਬਾ ਸਟੇਡੀਅਮ’ ਇਨ੍ਹਾਂ ਖੇਡਾਂ ਦਾ ਮੁੱਖ ਕੇਦਰ ਹੋਵੇਗਾ ਅਤੇ ਸਟੇਡੀਅਮ ਦੇ ਨਾਲ ਹੀ ਉਸਾਰੀ ਅਧੀਨ ਜ਼ਮੀਨਦੋਜ਼ ਰੇਲਵੇ ਸਟੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਲਦੀ ਤਿਆਰ ਹੋ ਜਾਵੇਗਾ। ਖਿਡਾਰੀਆਂ ਦੀ ਰਿਹਾਇਸ਼ ਲਈ ਬ੍ਰਿਸਬਨ ਅਤੇ ਗੋਲਡ ਕੋਸਟ ਵਿੱਚ ਦੋ ਅਥਲੀਟ ਖੇਡ ਪਿੰਡ ਉਸਾਰੇ ਜਾਣਗੇ। ਮਾਹਿਰਾਂ ਅਨੁਸਾਰ ਬ੍ਰਿਸਬਨ 2032 ਖੇਡਾਂ ਲਈ 4.5 ਬਿਲੀਅਨ ਡਾਲਰ ਦੇ ਬਜਟ ਦੀ ਜ਼ਰੂਰਤ ਹੋਵੇਗੀ।

ਬ੍ਰਿਸਬੇਨ 2032 ਓਲੰਪਿਕਸ ਦੀ ਕਰੇਗਾ ਮੇਜ਼ਬਾਨੀ Read More »

ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ/ਡਾ. ਗਿਆਨ ਸਿੰਘ

14 ਜੁਲਾਈ 2021 ਨੂੰ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਸੂਬੇ ਦੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਲਈ 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਕਰੇਗੀ ਜਿਸ ’ਚ ਕਰਜ਼ਾ ਮੁਆਫ਼ੀ ਦੇ ਚੈੱਕ ਜਾਰੀ ਕੀਤੇ ਜਾਣਗੇ। 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਅਤੇ ਭਾਸ਼ਣਾਂ ਵਿਚ ਵਾਅਦਾ ਕੀਤਾ ਸੀ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸੰਸਥਾਈ ਅਤੇ ਗ਼ੈਰ-ਸੰਸਥਾਈ ਕਰਜ਼ੇ ਪੰਜਾਬ ਸਰਕਾਰ ਦੇ ਕੇ ਉਨ੍ਹਾਂ ਨੂੰ ਕਰਜ਼ ਮੁਕਤ ਕਰੇਗੀ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਨੇ ਸੀਮਾਂਤ ਅਤੇ ਛੋਟੇ ਕਿਸਾਨਾਂ ਦੇ ਸੰਸਥਾਈ ਕਰਜ਼ਿਆਂ ਵਿਚੋਂ ਸਿਰਫ਼ 4624 ਕਰੋੜ ਰੁਪਏ ਦੇ ਕਰੀਬ ਹੀ ਮੁਆਫ਼ ਕੀਤੇ ਹਨ ਜਿਹੜਾ ਕਿਸਾਨਾਂ ਸਿਰ ਖੜ੍ਹੇ ਕਰਜ਼ਿਆਂ ਵਿਚੋਂ ਊਠ ਤੋਂ ਛਾਣਨੀ ਲਾਹੁਣ ਦੇ ਬਰਾਬਰ ਹੈ। ਖੇਤ ਮਜ਼ਦੂਰਾਂ ਨਾਲ਼ ਕੀਤੇ ਵਾਅਦੇ ਦੇ ਸਬੰਧ ਵਿਚ ਤਾਂ ਉਹ ਵੀ ਨਹੀਂ ਕੀਤਾ ਗਿਆ। ਲੱਗਭੱਗ ਦੋ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੀਆਂ ਦੋ ਕਾਰਪੋਰੇਸ਼ਨਾਂ ਤੋਂ ਲਏ ਕਰੀਬ 19 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ 285325 ਮੈਂਬਰਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਜਿਸ ਨਾਲ਼ ਪ੍ਰਤੀ ਮੈਂਬਰ 20000 ਰੁਪਏ ਦੀ ਰਾਹਤ ਮਿਲੇਗੀ। ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਸਬੰਧੀ ਕਾਂਗਰਸ ਦੇ ਚੋਣ ਵਾਅਦੇ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ/ਜਾਣ ਵਾਲ਼ੀ ਕਾਰਵਾਈ ਵਿਸ਼ੇਸ਼ ਧਿਆਨ ਮੰਗਦੀ ਹੈ। ਵੱਖ ਵੱਖ ਅਨੁਮਾਨਾਂ ਅਨੁਸਾਰ ਵਰਤਮਾਨ ਸਮੇਂ ਦੌਰਾਨ ਪੰਜਾਬ ਦੇ ਕਿਸਾਨਾਂ ਸਿਰ ਇਕ ਲੱਖ ਕਰੋੜ ਰੁਪਏ ਦੇ ਕਰੀਬ ਸੰਸਥਾਈ ਅਤੇ ਗ਼ੈਰ-ਸੰਸਥਾਈ ਕਰਜ਼ੇ ਹਨ। ਇਨ੍ਹਾਂ ਵਿਚੋਂ ਸਿਰਫ਼ 4624 ਕਰੋੜ ਦੀ ਰਾਹਤ ਬਹੁਤ ਹੀ ਘੱਟ ਹੈ ਅਤੇ ਇਉਂ ਵਾਅਦਾ-ਖ਼ਿਲਾਫੀ ਬਣਦੀ ਹੈ। ਇਸ ਤੋਂ ਵੱਧ ਧਿਆਨ ਮੰਗਦਾ ਅਤੇ ਦਿਲਾਂ ਨੂੰ ਝੰਜੋੜਨ ਵਾਲ਼ਾ ਪੱਖ ਹੈ ਕਿ ਇਹ ਕਰਜ਼ਾ ਮੁਆਫ਼ੀ ਜਨਤਕ ਇਕੱਠ ਕਰਕੇ ਬਹੁਤ ਵੱਡੇ ਆਕਾਰ ਦੇ ਚੈੱਕ ਕਿਸਾਨਾਂ ਨੂੰ ਹੁਕਮਰਾਨਾਂ ਵੱਲੋਂ ਦਿੱਤੇ ਗਏ। ਪੰਜਾਬ ਵਿਚ ਬੇਜ਼ਮੀਨੇ ਕਿਸਾਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹੇ ਵਰਤਾਰੇ ਪਿੱਛੇ ਖੇਤੀਬਾੜੀ ਦਾ ਘਾਟੇ ਵਾਲ਼ਾ ਧੰਦਾ ਹੋਣਾ ਅਤੇ ਗ਼ੈਰ-ਖੇਤੀਬਾੜੀ ਖੇਤਰਾਂ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਕਮੀ ਹੈ। ਸੀਮਾਂਤ ਅਤੇ ਛੋਟੇ ਕਿਸਾਨ ਆਪਣੇ ਸਿਰ ਖੜ੍ਹੇ ਕਰਜ਼ੇ ਤੋਂ ਖਹਿੜਾ ਛੁਡਵਾਉਣ ਲਈ ਜ਼ਮੀਨ ਵੇਚ ਕੇ ਬੇਜ਼ਮੀਨੇ ਹੋ ਰਹੇ ਹਨ। ਇਨ੍ਹਾਂ ਵਿਚੋਂ ਕੁਝ ਤਾਂ ਮਜ਼ਦੂਰ ਵਰਗ ਵਿਚ ਸ਼ਾਮਲ ਹੋ ਰਹੇ ਹਨ। ਉਂਜ ਜ਼ਿਆਦਾ ਗਿਣਤੀ ਸਮਾਜਿਕ-ਸਭਿਆਚਾਰਕ ਕਾਰਨਾਂ ਦੇ ਝੂਠੇ ਦਿਖਾਵੇ ਕਾਰਨ ਪਿੰਡਾਂ ਵਿਚ ਮਜ਼ਦੂਰੀ ਨਹੀਂ ਕਰਦੇ ਪਰ ਇਨ੍ਹਾਂ ਨੂੰ ਸ਼ਹਿਰਾਂ ਦੇ ਲੇਬਰ ਚੌਕਾਂ ਵਿਚ ਰੁਜ਼ਗਾਰ ਲਈ ਭਟਕਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਕੁਝ ਕਿਸਾਨ ਜ਼ਮੀਨ ਠੇਕੇ ਉੱਪਰ ਲੈ ਕੇ ਖੇਤੀ ਵੀ ਕਰ ਰਹੇ ਹਨ। ਜਦੋਂ ਕਦੇ ਉਨ੍ਹਾਂ ਦੀ ਖੇਤੀਬਾੜੀ ਕੁਦਰਤੀ ਆਫ਼ਤਾਂ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਉਹ ਹੋਰ ਕਰਜ਼ੇ ਥੱਲੇ ਆ ਜਾਂਦੇ ਹਨ ਅਤੇ ਸਮਾਜ ਤੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਜ਼ਿੰਦਗੀ ਸਬੰਧੀ ਸਾਰੀਆਂ ਆਸਾਂ ਮੁਕਾ ਦਿੱਤੇ ਕਾਰਨ ਉਹ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ। ਸਰਵੇਖਣਾਂ ਨੇ ਇਹ ਤੱਥ ਸਾਹਮਣੇ ਲਿਆਂਦੇ ਹਨ ਕਿ ਸੂਬੇ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਵਿਚੋਂ 40 ਫ਼ੀਸਦ ਦੇ ਕਰੀਬ ਖੇਤ ਮਜ਼ਦੂਰ ਹਨ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿਚੋਂ 75 ਫ਼ੀਸਦ ਤੋਂ ਵੱਧ ਸੀਮਾਂਤ ਅਤੇ ਛੋਟੇ ਕਿਸਾਨਾਂ ਦੀਆਂ ਹਨ। ਖੇਤੀਬਾੜੀ ਆਰਥਿਕਤਾ ਦੀ ਪੌੜੀ ਦੇ ਸਭ ਤੋਂ ਥੱਲੇ ਵਾਲ਼ਾ ਡੰਡਾ ਘਸਦਾ ਵੀ ਜ਼ਿਆਦਾ ਹੈ, ਟੁਟਦਾ ਵੀ ਜ਼ਿਆਦਾ ਅਤੇ ਜਿਸ ਨੂੰ ਠੁੱਡ ਵੀ ਜ਼ਿਆਦਾ ਮਾਰੇ ਜਾਂਦੇ ਹਨ, ਉਹ ਬੇਜ਼ਮੀਨੇ ਖੇਤ ਮਜ਼ਦੂਰ ਹਨ। ਇਨ੍ਹਾਂ ਦੇ ਸਮਾਜਿਕ-ਆਰਥਿਕ ਹਾਲਾਤ ਖੇਤੀਬਾੜੀ ਨਾਲ਼ ਸਬੰਧਿਤ ਸਾਰੇ ਵਰਗਾਂ ਵਿਚੋਂ ਮਾੜੇ ਹਨ। ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਕਰਜ਼ੇ ਅਤੇ ਉਨ੍ਹਾਂ ਦੇ ਜੀਵਨ ਪੱਧਰ ਨਾਲ਼ ਸਬੰਧਿਤ ਵੱਖ ਵੱਖ ਪਹਿਲੂਆਂ ਬਾਰੇ ਇਨ੍ਹਾਂ ਸਤਰਾਂ ਦੇ ਲੇਖਕ ਦੀ ਅਗਵਾਈ ਵਿਚ ਸਰਵੇਖਣ ਕੀਤਾ ਗਿਆ। ਸਰਵੇਖਣ 2014-15 ਲਈ ਪੰਜਾਬ ਦੇ ਸਾਰੇ ਤਿੰਨ ਖੇਤੀਬਾੜੀ-ਜਲਵਾਯੂ ਖੇਤਰਾਂ ਦੇ 27 ਵਿਕਾਸ ਖੰਡਾਂ ਵਿਚੋਂ ਇਕ ਇਕ ਪਿੰਡ ਨੂੰ ਲੈ ਕੇ ਕੀਤਾ ਗਿਆ। 1007 ਕਿਸਾਨ ਪਰਿਵਾਰਾਂ ਅਤੇ 301 ਖੇਤ ਮਜ਼ਦੂਰ ਪਰਿਵਾਰਾਂ ਤੋਂ ਅੰਕੜੇ ਇਕੱਠੇ ਕੀਤੇ ਗਏ। ਇਸ ਸਮੇਂ ਦੌਰਾਨ ਖੇਤ ਮਜ਼ਦੂਰਾਂ ਦੀ ਔਸਤਨ ਸਾਲਾਨਾ ਆਮਦਨ 81452 ਰੁਪਏ ਪ੍ਰਤੀ ਪਰਿਵਾਰ ਸੀ। ਖੇਤ ਮਜ਼ਦੂਰਾਂ ਦੇ ਬੇਜ਼ਮੀਨੇ ਹੋਣ ਕਾਰਨ ਉਨ੍ਹਾਂ ਕੋਲ਼ ਮਜ਼ਦੂਰੀ ਕਰਨ ਤੋਂ ਬਿਨਾ ਉਤਪਾਦਨ ਦਾ ਹੋਰ ਕੋਈ ਸਾਧਨ ਨਹੀਂ ਹੁੰਦਾ। ਇਨ੍ਹਾਂ ਦੀ ਆਮਦਨ ਦਾ ਮੁੱਖ ਸੋਮਾ ਖੇਤੀਬਾੜੀ ਖੇਤਰ ਤੋਂ ਪ੍ਰਾਪਤ ਆਮਦਨ ਹੀ ਹੁੰਦੀ ਹੈ। ਖੇਤ ਮਜ਼ਦੂਰਾਂ ਦੀ ਕੁੱਲ ਪਰਿਵਾਰਕ ਆਮਦਨ ਵਿਚੋਂ 91 ਫ਼ੀਸਦ ਦੇ ਕਰੀਬ ਖੇਤੀਬਾੜੀ ਖੇਤਰ ਵਿਚ ਮਜ਼ਦੂਰੀ ਕਰਨ ਤੋਂ ਆਇਆ। ਇਕ ਔਸਤਨ ਖੇਤ ਮਜ਼ਦੂਰ ਪਰਿਵਾਰ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ 16735 ਰੁਪਏ ਸੀ। ਖੇਤ ਮਜ਼ਦੂਰਾਂ ਦਾ ਸਾਲਾਨਾ ਖ਼ਪਤ ਖ਼ਰਚ 90897 ਰੁਪਏ ਸੀ ਅਤੇ ਇਸ ਦਾ ਵੱਡਾ ਹਿੱਸਾ ਗ਼ੈਰ-ਟਿਕਾਊ ਵਸਤਾਂ ਉੱਪਰ ਖ਼ਰਚ ਹੋਇਆ। ਇਨ੍ਹਾਂ ਪਰਿਵਾਰਾਂ ਦਾ ਪ੍ਰਤੀ ਵਿਅਕਤੀ ਸਾਲਾਨਾ ਖ਼ਪਤ ਖ਼ਰਚ 18676 ਰੁਪਏ ਸੀ। ਖੇਤ ਮਜ਼ਦੂਰ ਪਰਿਵਾਰ 100 ਰੁਪਏ ਦੀ ਆਮਦਨ ਪਿੱਛੇ 112 ਰੁਪਏ ਖ਼ਪਤ ਦੀਆਂ ਵਸਤਾਂ ਉੱਪਰ ਖ਼ਰਚ ਰਹੇ ਸਨ। ਸਪਸ਼ਟ ਹੈ ਕਿ ਖੇਤ ਮਜ਼ਦੂਰ ਸਿਰਫ਼ ਜਿਊਂਦੇ ਰਹਿਣ ਲਈ ਖ਼ਪਤ ਦੇ ਘੱਟੋ-ਘੱਟ ਪੱਧਰ ਨੂੰ ਬਣਾਈ ਰੱਖਦੇ ਹਨ ਜਿਸ ਲਈ ਉਨ੍ਹਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ ਅਤੇ ਦਿਨੋ-ਦਿਨ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਇਕ ਔਸਤਨ ਕਰਜ਼ਈ ਖੇਤ ਮਜ਼ਦੂਰ ਪਰਿਵਾਰ ਸਿਰ 68330 ਰੁਪਏ ਦਾ ਕਰਜ਼ਾ ਸੀ। ਇਸ ਕਰਜ਼ੇ ਵਿਚੋਂ ਸਿਰਫ਼ 8.21 ਫ਼ੀਸਦ ਸੰਸਥਾਈ ਸ੍ਰੋਤਾਂ (ਪ੍ਰਾਇਮਰੀ ਸਹਿਕਾਰੀ ਸਭਾਵਾਂ 3.33 ਫ਼ੀਸਦ ਅਤੇ ਵਪਾਰਕ ਬੈਂਕ 4.88 ਫ਼ੀਸਦ) ਅਤੇ ਬਾਕੀ ਦਾ 91.79 ਫ਼ੀਸਦ ਗ਼ੈਰ-ਸੰਸਥਾਈ ਸ੍ਰੋਤਾਂ (ਵੱਡੇ ਕਿਸਾਨ 67.81 ਫ਼ੀਸਦ, ਰਿਸ਼ਤੇਦਾਰ ਅਤੇ ਦੋਸਤ 11.69 ਫ਼ੀਸਦ, ਵਪਾਰੀ ਅਤੇ ਦੁਕਾਨਦਾਰ 9.41 ਫ਼ੀਸਦ ਅਤੇ ਸ਼ਾਹੂਕਾਰ 2.88 ਫ਼ੀਸਦ) ਸ੍ਰੋਤਾਂ ਦਾ ਹੈ। ਖੇਤ ਮਜ਼ਦੂਰ ਪਰਿਵਾਰਾਂ ਸਿਰ 52.11 ਫ਼ੀਸਦ ਕਰਜ਼ਾ 22-28 ਫ਼ੀਸਦ ਅਤੇ ਸਿਰਫ਼ 7.28 ਫ਼ੀਸਦ ਕਰਜ਼ਾ 1-7 ਫ਼ੀਸਦ ਵਿਆਜ਼ ਦਰ ਉੱਪਰ ਸੀ। ਜਦੋਂ ਖੇਤ ਮਜ਼ਦੂਰਾਂ ਨੂੰ ਸਿਰਫ਼ ਜਿਊਂਦੇ ਰਹਿਣ ਲਈ ਉਧਾਰ ਨਹੀਂ ਮਿਲਦਾ ਤਾਂ ਉਹ ਇਕ ਸਮੱਸਿਆ ਹੁੰਦੀ ਹੈ ਪਰ ਜਦੋਂ ਉਧਾਰ ਮਿਲ ਜਾਂਦਾ ਹੈ, ਉਨ੍ਹਾਂ ਦੀ ਨਿਗੂਣੀ ਆਮਦਨ ਕਾਰਨ ਵਾਪਸ ਨਹੀਂ ਕੀਤਾ ਜਾਂਦਾ ਤਾਂ ਉਹ ਕਰਜ਼ੇ ਦਾ ਰੂਪ ਧਾਰਨ ਕਰ ਜਾਂਦਾ ਹੈ। ਖੇਤ ਮਜ਼ਦੂਰ ਪਰਿਵਾਰਾਂ ਵਿਚੋਂ ਵੱਡੀ ਗਿਣਤੀ ਪਰਿਵਾਰ ਦਲਿਤ ਜਾਤੀਆਂ ’ਚੋਂ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਖੇਤ ਮਜ਼ਦੂਰ ਪਿੰਡਾਂ ਦੀਆਂ ਘੱਟ ਸਹੂਲਤਾਂ ਜਾਂ ਮਾੜੇ ਹਾਲਾਤ ਵਾਲ਼ੀਆਂ ਥਾਵਾਂ ਉੱਤੇ ਰਹਿੰਦੇ ਹਨ। ਇਨ੍ਹਾਂ ਦੀਆਂ ਰਹਿਣ ਵਾਲ਼ੀਆਂ ਥਾਵਾਂ ਨੂੰ ਅਕਸਰ ਵਿਹੜੇ ਆਖਿਆ ਜਾਂਦਾ ਹੈ। ਇਨ੍ਹਾਂ ਵਿਹੜਿਆਂ ਵਿਚ ਗਲੀਆਂ ਇੰਨੀਆਂ ਤੰਗ ਹੁੰਦੀਆਂ ਹਨ ਕਿ ਜੇ ਕਿਸੇ ਔਰਤ ਦੇ ਬੱਚੇ ਹੋਣਾ ਹੋਵੇ, ਕਿਸੇ ਜੀਅ ਨੂੰ ਦਿਲ ਦਾ ਦੌਰਾ ਜਾਂ ਕੋਈ ਹੋਰ ਜਾਨਲੇਵਾ ਦੌਰਾ ਪੈ ਜਾਵੇ ਜਾਂ ਕੋਈ ਹਾਦਸਾ ਹੋ ਜਾਵੇ ਤਾਂ ਇਹ ਆਪਣੀ ਘੱਟ ਆਮਦਨ ਕਾਰਨ ਕਿਰਾਏ ਦਾ ਸਾਧਨ ਤਾਂ ਲੈ ਨਹੀਂ ਸਕਦੇ ਪਰ ਜੇ ਕੋਈ ਚੰਗਾ ਇਨਸਾਨ ਇਨ੍ਹਾਂ ਦੀ ਮਦਦ ਲਈ ਆਪਣੀ ਕਾਰ ਜਾਂ ਕੋਈ ਹੋਰ ਸਾਧਨ ਇਨ੍ਹਾਂ ਦੇ ਘਰਾਂ ਤੱਕ ਲੈ ਕੇ ਆਉਣਾ ਚਾਹੇ ਤਾਂ ਉਹ ਨਹੀਂ ਆ ਸਕਦਾ। ਖੇਤ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਆਪਣੇ ਗੁਜ਼ਾਰੇ ਲਈ ਇਕ ਜਾਂ ਦੋ ਪਸ਼ੂ ਰੱਖ ਲੈਂਦੀਆਂ ਹਨ ਜਿਹੜੇ ਅਕਸਰ ਉਨ੍ਹਾਂ ਦੇ ਛੋਟੇ ਘਰਾਂ ਦੇ ਬਾਹਰ ਗਲੀਆਂ ਜਾਂ ਸਾਂਝੀਆਂ ਥਾਵਾਂ

ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ/ਡਾ. ਗਿਆਨ ਸਿੰਘ Read More »

ਹਰਦੀਪ ਸਿੰਘ ਅਤੇ ਓਹਨਾਂ ਦੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਨੂੰ ਲੱਖੀ ਜੰਗਲ ਪੰਜਾਬੀ ਸੱਥ ਦੇ ਵਿਹੜੇ ਆਉਂਣ ‘ਤੇ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ

ਬਠਿੰਡਾ,22ਜੁਲਾਈ(ਏ.ਡੀ.ਪੀ. ਨਿਊਜ਼)ਛੁੱਟੀ ਮੁੱਕ ਗਈ ਸਿਪਾਹੀਆ ਤੇਰੀ, ਅਜੇ ਨਾ ਤੇਰਾ ਚਾਅ ਲੱਥਿਆ” ਇਹ ਲੋਕ ਸਾਹਿਤ ਦੀ ਵੰਨਗੀ ਹੈ ਤੇ ਜਾਂ ਫੇਰ ਕੁਛ ਹੋਰ? ਇਸ ਸਵਾਲ ਦਾ ਸਹੀ ਸਹੀ ਜਵਾਬ ਤਾਂ ਕੋਈ ਭਾਸ਼ਾ ਮਾਹਿਰ ਹੀ ਦੱਸ ਸਕਦਾ ਹੈ। ….ਦਰਅਸਲ ਖ਼ੈਰ ਹੋਵੇ! ਸੱਚ ਤਾਂ ਇਹ ਕਿ ਉਪਰੋਕਤ ਲੋਕ ਤੁਕ,ਕੋਈ ਮੁਹਾਵਰਾ ਤੇ ਜਾਂ ਫੇਰ ਕੁਛ ਵੀ ਹੋਰ ਹੈ….ਪਰ ਪਿੰਡ ਹਾਕਮ ਸਿੰਘ ਵਾਲ਼ਾ ਦੇ ਬਹੁਤ ਹੀ ਸਾਊ ਅਤੇ ਹਲੀਮੀ ਵਰਗੇ ਗੁਣਾਂ ਦੇ ਧਾਰਣੀ ਸੁਭਾਅ ਦੇ ਧਾਰਣੀ/ਮਾਲਕ ਹਰਦੀਪ ਸਿੰਘ ਉੱਤੇ ਐਨ ਸੋਲਾਂ ਆਨੇ ਪੂਰੀ ਢੁੱਕਦੀ/ਖਰੀ ਉਤਰਦੀ ਹੈ। ਇੱਥੇ ਸਾਡਾ ਇਹ ਸਭ ਕੁੱਝ ਕਹਿਣ ਤੋਂ ਭਾਵ ਇਹ ਕਿ ਹਰਦੀਪ ਸਿੰਘ ਕਿੱਤੇ ਵਜੋਂ ਭਾਰਤੀ ਫ਼ੌਜ ਵਿੱਚ ਕਿਸੇ ਜਗ੍ਹਾ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ। ਇਹਨਾਂ ਦਿਨਾਂ ਵਿੱਚ ਓਹ ਕੁਝ ਕੁ ਦਿਨਾਂ ਦੀ ਛੁੱਟੀ ਆਇਆ ਹੋਇਆ ਹੈ। ਅੱਜ ਲੱਖੀ ਜੰਗਲ ਪੰਜਾਬੀ ਸੱਥ, ਬਠਿੰਡਾ ਦੇ ਵਿਹੜੇ ਲੱਗੀ ਪੁਸਤਕ ਪ੍ਰਦਰਸ਼ਨੀ ਵਿੱਚ ਆਪਣੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਜੀ ਨਾਲ਼ ਹਰਦੀਪ ਸਿੰਘ ਜੀ ਆਏ ਤਾਂ ਇਹਨਾਂ ਪਿਓ ਪੁੱਤਾਂ ਬਾਰੇ ਇਹ ਜਾਣਕੇ ਬਹੁਤ ਖ਼ੁਸ਼ੀ ਹੋਈ ਕਿ ਇਹਨਾਂ ਨੇ ਆਪਣੇ ਘਰ ਵਿੱਚ ਇੱਕ ਲਾਇਬਰੇਰੀ ਖੋਲ੍ਹੀ ਹੋਈ ਹੈ,ਜਿੱਥੇ ਸੈਂਕੜੇ ਕਿਤਾਬਾਂ ਰੱਖੀਆਂ ਹੋਈਆਂ ਹਨ,ਜਿੱਥੋਂ ਕੋਈ ਵੀ ਨਗਰ ਨਿਵਾਸੀ ਆਪਣੀ ਪਸੰਦ ਦੀਆਂ ਕਿਤਾਬਾਂ ਲਿਜਾਕੇ ਪੜ੍ਹ ਸਕਦਾ ਹੈ।  ਇੱਥੇ ਇਹ ਵਿਸ਼ੇਸ ਤੌਰ ‘ਤੇ ਜਿਕਰ ਯੋਗ ਹੈ ਕਿ ਹਰਦੀਪ ਸਿੰਘ ਨਾਲ਼ ਲੱਖੀ ਜੰਗਲ ਪੰਜਾਬੀ ਸੱਥ,ਬਠਿੰਡਾ ਦੇ ਵਿਹੜੇ ਆਏ ਹਰਦੀਪ ਸਿੰਘ ਨਾਲ਼ ਹੋਈ ਗੱਲਬਾਤ/ਮੁਲਾਕਾਤ ਦੌਰਾਨ ਪਤਾ ਲੱਗਿਆ ਕਿ ਉਹ ਆਪਣੀ ਛੁੱਟੀ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਿਖੇ ਚੱਲ ਰਹੀ ਲਾਇਬਰੇਰੀ ਨੂੰ ਜਿੰਨਾ ਛੇਤੀ ਹੋ ਸਕੇ, ਆਪਣੇ ਪਿੰਡ ਦੀ ਕਿਸੇ ਵੀ ਜਗ੍ਹਾ ਉੱਤੇ ਸਥਾਪਤ ਕਰਨੀ ਚਾਹੁੰਦਾ ਹੈ,ਜਿੱਥੋਂ ਪਿੰਡ ਵਾਸ਼ੀ ਅਸ਼ਾਨੀ ਨਾਲ਼ ਆਪੋ ਆਪਣੀ ਪਸੰਦ ਦੀਆਂ ਕਿਤਾਬਾਂ ਲਿਜਾਕੇ ਪੜ੍ਹ ਸਕਣ। ਇਸੇ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਨੇੜ ਭਵਿੱਖ ਵਿੱਚ ਓਹ ਲੱਖੀ ਜੰਗਲ ਪੰਜਾਬੀ ਸੱਥ,ਬਠਿੰਡਾ ਦੇ ਸਹਿਯੋਗ ਨਾਲ਼ ਆਪਣੇ ਪਿੰਡ ਵਿੱਚ ਅਜਿਹਾ ਸਮਾਗ਼ਮ ਕਰਵਾਉਣਾ ਚਾਹੁੰਦਾ ਹੈ, ਜਿੱਥੇ ਕਿ ਪੁਸਤਕ ਪ੍ਰਦਰਸ਼ਨੀ ਤੋਂ ਇਲਾਵਾ ਹੋਰ ਭਾਵ ਵਿਰਸੇ ਅਤੇ ਸੱਭਿਆਚਾਰ ਨਾਲ ਸਬੰਧਤ ਸਰਗਰਮੀਆਂ ਵੀ ਕਰਵਾਈਆਂ ਜਾਣ। ਲੱਖੀ ਜੰਗਲ ਪੰਜਾਬੀ ਸਥ,ਬਠਿੰਡਾ ਦੇ ਵਿਹੜੇ ਆਉਣ ‘ਤੇ ਹਰਦੀਪ ਸਿੰਘ ਅਤੇ ਓਹਨਾਂ ਦੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਜੀ ਨੂੰ “ਜੀ ਆਇਆਂ” ਆਖਦਿਆਂ ਸਰਦਾਰ ਲਾਭ ਸਿੰਘ ਸੰਧੂ ਵੱਲੋਂ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਅਤੇ ਵੱਧ ਤੋਂ ਵੱਧ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਕੇ ਆਮ ਲੋਕਾਂ ਵਿੱਚ ਅਜੋਕੇ ਸਿੱਖਿਆ,ਸਾਇੰਸ ਅਤੇ ਤਕਨਾਲੋਜੀ ਦੇ ਪਰਚਾਰ/ ਪਰਸਾਰ ਦੇ ਯੁੱਗ ਦੇ ਹਾਣ ਦੀ ਜਾਗਰੂਕਤਾ ਪੈਦਾ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ, ਤਾਂ ਜੋ ਕਿ ਇਹਨਾਂ ਵਿਚਾਰਾਂ ਦੀ ਸੁਪਨਸਾਜੀ ਕਰਕੇ ਇਸ ਸਭ ਕਾਸੇ ਨੂੰ ਅਮਲੀ ਰੂਪ ਦਿੱਤਾ ਜਾਵੇ। ਇਸ ਮੌਕੇ ਲੰਮੇਂ ਸਮੇਂ ਤੋਂ ਟੀਕਾਕਰਣ ਮਿਸ਼ਨ ਅਤੇ ਪਲਸ ਪੋਲੀਓ ਮੁਹਿੰਮ ਦੇ ਪਰਚਾਰ ਪਰਸਾਰ ਨਾਲ ਸਵੈ ਇਛੁੱਕ ਤੌਰ ‘ਤੇ ਜੁੜੇ ਸਮਾਜ ਸੇਵਕ ਲਾਲ ਚੰਦ ਸਿੰਘ ਵੀ ਹਾਜ਼ਰ ਸਨ।

ਹਰਦੀਪ ਸਿੰਘ ਅਤੇ ਓਹਨਾਂ ਦੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਨੂੰ ਲੱਖੀ ਜੰਗਲ ਪੰਜਾਬੀ ਸੱਥ ਦੇ ਵਿਹੜੇ ਆਉਂਣ ‘ਤੇ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ Read More »

ਅੰਮ੍ਰਿਤਸਰ: ਕਾਂਗਰਸ ਦੇ 62 ਵਿਧਾਇਕਾਂ ਨੇ ਸਿੱਧੂ ਦੇ ਘਰ ਪੁੱਜ ਕੇ ਕਿਹਾ: ਅਸੀਂ ਨਵੇਂ ਪ੍ਰਧਾਨ ਦੇ ਨਾਲ ਹਾਂ

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ ਤੋਂ ਪਹਿਲਾਂ ਕਾਂਗਰਸ 62 ਵਿਧਾਇਕ ਉਨ੍ਹਾਂ ਦੇ ਘਰ ਪੁੱਜੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੇ ਇਸ ਵਿਵਾਦ ਦੌਰਾਨ ਲਗਪਗ 62 ਕਾਂਗਰਸੀ ਵਿਧਾਇਕਾਂ ਦਾ ਸ੍ਰੀ ਸਿੱਧੂ ਦੇ ਨਾਲ ਖੜ੍ਹੇ ਹੋਣਾ ਉਨ੍ਹਾਂ ਲਈ ਵੱਡੀ ਤਾਕਤ ਅਤੇ ਸਮਰਥਨ ਦਾ ਪ੍ਰਗਟਾਵਾ ਹੈ। ਉਨ੍ਹਾਂ ਦੇ ਘਰ ਪੁੱਜੇ ਵਿਧਾਇਕਾਂ ਨੇ ਆਖਿਆ ਕਿ ਉਹ ਸਿੱਧੂ ਦੇ ਨਾਲ ਹਨ।

ਅੰਮ੍ਰਿਤਸਰ: ਕਾਂਗਰਸ ਦੇ 62 ਵਿਧਾਇਕਾਂ ਨੇ ਸਿੱਧੂ ਦੇ ਘਰ ਪੁੱਜ ਕੇ ਕਿਹਾ: ਅਸੀਂ ਨਵੇਂ ਪ੍ਰਧਾਨ ਦੇ ਨਾਲ ਹਾਂ Read More »

ਕਰਨਾਟਕ ਦੀ ਸਾਂਝੀ ਸਰਕਾਰ ਡੇਗਣ ਲਈ ਪੈਗਾਸਸ ਦੀ ਵਰਤੋਂ ਹੋਈ

ਨਵੀਂ ਦਿੱਲੀ : ਪੈਗਾਸਸ ਜਾਸੂਸੀ ਦੇ ਮਾਮਲੇ ਵਿਚ ਨਵਾਂ ਖੁਲਾਸਾ ਕਰਦਿਆਂ ਨਿਊਜ਼ ਪੋਰਟਲ ‘ਦੀ ਵਾਇਰ’ ਨੇ ਕਿਹਾ ਹੈ ਕਿ 2019 ਵਿਚ ਕਰਨਾਟਕ ਦੀ ਜਨਤਾ ਦਲ (ਐੱਸ) ਤੇ ਕਾਂਗਰਸ ਸਰਕਾਰ ਦੇ ਲੋਕਾਂ ਦੇ ਫੋਨ ਨੰਬਰ ਸੰਭਾਵਤ ਨਿਸ਼ਾਨਾ ਸਨ | ਜੁਲਾਈ 2019 ਵਿਚ ਇਸ ਸਰਕਾਰ ਦੇ ਡਿਗਣ ‘ਤੇ ਯੇਦੀਯੁਰੱਪਾ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣਨ ਦਾ ਇਸ ਕਥਿਤ ਜਾਸੂਸੀ ਨਾਲ ਸੰਬੰਧ ਜੁੜਦਾ ਹੈ, ਹਾਲਾਂਕਿ ਇਹ ਸਾਬਤ ਕਰਨ ਦੇ ਸਬੂਤ ਨਹੀਂ ਹਨ ਕਿ ਫੋਨ ਹੈਕ ਹੋਏ ਸਨ ਕਿ ਨਹੀਂ | ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਅਤੇ ਮੁੱਖ ਮੰਤਰੀ ਐੱਚ ਡੀ ਕੁਮਾਰਾਸਵਾਮੀ ਤੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਿੱਧਾਰਮਈਆ ਦੇ ਨਿੱਜੀ ਸਕੱਤਰਾਂ ਦੇ ਫੋਨ ਨੰਬਰਾਂ ਨੂੰ ਸੰਭਾਵਤ ਨਿਸ਼ਾਨੇ ਦੇ ਰੂਪ ਵਿਚ ਚੁਣਿਆ ਗਿਆ ਸੀ | ਪੈਗਾਸਸ ਸਪਾਈਵੇਅਰ ਮਾਮਲੇ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਇਸਰਾਈਲੀ ਕੰਪਨੀ ਪੈਗਾਸਸ ਸਪਾਈਵੇਅਰ ਦੀ ਕੰਪਨੀ ਐੱਨ ਐੱਸ ਓ ਇਕ ਕਮਰਸ਼ੀਅਲ ਕੰਪਨੀ ਹੈ, ਜਿਹੜੀ ਪੇਡ ਕਾਨਟ੍ਰੈਕਟਸ ‘ਤੇ ਕੰਮ ਕਰਦੀ ਹੈ | ਅਜਿਹੇ ਵਿਚ ‘ਭਾਰਤੀ ਅਪ੍ਰੇਸ਼ਨ’ ਨੂੰ ਅੰਜਾਮ ਦੇਣ ਲਈ ਉਸ ਨੂੰ ਜੇ ਕੇਂਦਰ ਨੇ ਪੈਸੇ ਨਹੀਂ ਦਿੱਤੇ ਤਾਂ ਕਿਸ ਨੇ ਦਿੱਤੇ? ਸਵਾਮੀ ਨੇ ਮੰਗਲਵਾਰ ਟਵੀਟ ਕੀਤਾ ਕਿ ਇਹ ਬਿਲਕੁਲ ਸਪੱਸ਼ਟ ਹੈ ਐੱਨ ਐੱਸ ਓ ਇਕ ਕਮਰਸ਼ੀਅਲ ਕੰਪਨੀ ਹੈ, ਜਿਹੜੀ ਪੇਡ ਕਾਨਟ੍ਰੈਕਟਸ ‘ਤੇ ਕੰਮ ਕਰਦੀ ਹੈ | ਇਸ ਲਈ ਸੁਆਲ ਉਠਦਾ ਹੈ ਕਿ ਭਾਰਤੀ ਅਪ੍ਰੇਸ਼ਨ ਲਈ ਉਸ ਨੂੰ ਕੀਹਨੇ ਭੁਗਤਾਨ ਕੀਤਾ | ਭਾਰਤ ਸਰਕਾਰ ਨੇ ਨਹੀਂ ਕੀਤਾ ਤਾਂ ਕੀਹਨੇ ਕੀਤਾ? ਭਾਰਤ ਦੇ ਲੋਕਾਂ ਨੂੰ ਦੱਸਣਾ ਮੋਦੀ ਸਰਕਾਰ ਦਾ ਫਰਜ਼ ਹੈ | ਇਸ ਤੋਂ ਪਹਿਲਾਂ ਸਵਾਮੀ ਨੇ ਟਵੀਟ ਕੀਤਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ ਵਿਚ ਦੱਸਣਾ ਚਾਹੀਦਾ ਹੈ ਕਿ ਸਰਕਾਰ ਦਾ ਇਸ ਇਸਰਾਈਲੀ ਕੰਪਨੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ਨੇ ਸਾਡੇ ਟੈਲੀਫੋਨ ਟੈਪ ਕੀਤੇ ਹਨ | ਨਹੀਂ ਤਾਂ ਵਾਟਰਗੇਟ ਦੀ ਤਰ੍ਹਾਂ ਸੱਚਾਈ ਸਾਹਮਣੇ ਆਏਗੀ ਤੇ ਭਾਜਪਾ ਨੂੰ ਨੁਕਸਾਨ ਪਹੁੰਚਾਏਗੀ | ਇਸੇ ਦੌਰਾਨ ਫਰਾਂਸ ਸਰਕਾਰ ਨੇ ਪੱਤਰਕਾਰਾਂ ਦੀ ਜਾਸੂਸੀ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਫਰਾਂਸੀਸੀ ਜਾਂਚਕਰਤਾ 10 ਵੱਖ-ਵੱਖ ਦੋਸ਼ਾਂ ਦੀ ਜਾਂਚ ਕਰਨਗੇ | ਦੋਸ਼ ਹੈ ਕਿ ਮੋਰਾਕੋ ਦੀ ਖੁਫੀਆ ਏਜੰਸੀ ਨੇ ਫਰਾਂਸੀਸੀ ਪੱਤਰਕਾਰਾਂ ਦੀ ਪੈਗਾਸਸ ਰਾਹੀਂ ਜਾਸੂਸੀ ਕੀਤੀ ਸੀ | ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਮੰਗਲਵਾਰ ਸਰਕਾਰੀ ਵਕੀਲਾਂ ਨੇ ਕਿਹਾ ਕਿ ਜਾਂਚਕਰਤਾ ਪਤਾ ਲਾਉਣਗੇ ਕਿ ਕੀ ਲੋਕਾਂ ਦੀ ਨਿੱਜਤਾ ਵਿਚ ਸੰਨ੍ਹ ਲਾਈ ਗਈ, ਧੋਖਾਦੇਹੀ ਨਾਲ ਨਿੱਜੀ ਇਲੈਕਟ੍ਰਾਨਿਕ ਉਪਕਰਨਾਂ ਤੱਕ ਪਹੁੰਚ ਬਣਾਈ ਗਈ ਅਤੇ ਕੀ ਇਸ ਦੇ ਪਿੱਛੇ ਕੋਈ ਅਪਰਾਧਕ ਗਠਜੋੜ ਹੈ | ਖੁਫੀਆ ਵੈੱਬਸਾਈਟ ਮੀਡੀਆਪਾਰਟ ਨੇ ਇਸ ਨੂੰ ਲੈ ਕੇ ਸੋਮਵਾਰ ਕੇਸ ਦਰਜ ਕਰਾਇਆ ਸੀ | ਖੋਜੀ ਅਖਬਾਰ ‘ਲੇ ਕੈਨਾਰਡ ‘ਵੀ ਇਸ ਤਰ੍ਹਾਂ ਦਾ ਕੇਸ ਕਰਨ ਵਾਲੀ ਹੈ | ਇਜ਼ਰਾਈਲ ਦੇ ਐੱਨ ਐੱਸ ਓ ਗਰੁੱਪ ਦੇ ਸਹਿ-ਬਾਨੀ ਸ਼ੈਲੇਵ ਹੁਲੀਓ ਨੇ ਪੈਗਾਸਸ ਦੀ ਵਰਤੋਂ ਨਾਲ ਜੁੜੇ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਕਿਸੇ ਵੀ ਮਾਮਲੇ ਦੀ ਜਾਂਚ ਕਰਨ ਦਾ ਵਾਅਦਾ ਕੀਤਾ ਹੈ | ਵਾਸ਼ਿੰਗਟਨ ਪੋਸਟ ਅਖਬਾਰ ਨਾਲ ਗੱਲਬਾਤ ਵਿਚ ਹੁਲੀਓ ਨੇ ਹਜ਼ਾਰਾਂ ਟੈਲੀਫੋਨ ਨੰਬਰਾਂ ਦੀ ਲਿਸਟ, ਜਿਸ ਦਾ ਵਿਸ਼ਲੇਸ਼ਣ ਪੈਗਾਸਸ ਪ੍ਰੋਜੈਕਟ ਨੇ ਕੀਤਾ, ਨੂੰ ਇਹ ਕਹਿ ਕੇ ਖਾਰਜ ਕਰਨਾ ਜਾਰੀ ਰੱਖਿਆ ਕਿ ਇਸ ਦਾ ਐੱਨ ਐੱਸ ਏ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਇਸ ਦੇ ਨਾਲ ਉਨ੍ਹਾ ਇਹ ਵੀ ਕਿਹਾ ਕਿ ਕੁਝ ਕਥਿਤ ਦੋਸ਼ ਪ੍ਰੇਸ਼ਾਨ ਕਰਨ ਵਾਲੇ ਹਨ, ਜਿਨ੍ਹਾਂ ਵਿਚ ਪੱਤਰਕਾਰਾਂ ਦੀ ਜਾਸੂਸੀ ਕਰਨਾ ਵੀ ਸ਼ਾਮਲ ਹੈ | ਉਨ੍ਹਾ ਕਿਹਾ—ਵਿਵਸਥਾ ਦੀ ਦੁਰਵਰਤੋਂ ਦੇ ਹਰ ਦੋਸ਼ ਲਈ ਮੈਂ ਚਿੰਤਤ ਹਾਂ | ਇਹ ਗਾਹਕਾਂ ਨੂੰ ਦਿੱਤੇ ਭਰੋਸੇ ਦੀ ਉਲੰਘਣਾ ਹੈ | ਅਸੀਂ ਹਰ ਦੋਸ਼ ਦੀ ਜਾਂਚ ਕਰ ਰਹੇ ਹਾਂ ਤੇ ਜੇ ਸੱਚ ਨਿਕਲੇ ਤਾਂ ਸਖਤ ਕਾਰਵਾਈ ਕਰਾਂਗੇ | ਇਸੇ ਦੌਰਾਨ ਪ੍ਰੈੱਸ ਕਲੱਬ ਆਫ ਇੰਡੀਆ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਦੇ ਚਾਰ ਥੰਮ੍ਹਾਂ ਦੀ ਜਾਸੂਸੀ ਕੀਤੀ ਗਈ ਹੈ | ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਇਕ ਵਿਦੇਸ਼ੀ ਏਜੰਸੀ, ਜਿਸ ਦਾ ਦੇਸ਼ ਦੇ ਕੌਮੀ ਹਿੱਤ ਨਾਲ ਕੋਈ ਲੈਣਾ-ਦੇਣਾ ਨਹੀਂ, ਨਾਗਰਿਕਾਂ ਦੀ ਜਾਸੂਸੀ ਕਰਨ ਵਿਚ ਲੱਗੀ ਹੈ | ਇਹ ਅਵਿਸ਼ਵਾਸ ਪੈਦਾ ਕਰਨ ਵਾਲੀ ਗੱਲ ਹੈ ਤੇ ਅਰਾਜਕਤਾ ਨੂੰ ਸੱਦਾ ਦੇਵੇਗੀ | ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ | ਮੁੰਬਈ ਪ੍ਰੈੱਸ ਕਲੱਬ ਨੇ ਕਿਹਾ ਕਿ ਮਾਮਲੇ ਦੀ ਅਜ਼ਾਦਾਨਾ ਜਾਂਚ ਹੋਣੀ ਚਾਹੀਦੀ ਹੈ

ਕਰਨਾਟਕ ਦੀ ਸਾਂਝੀ ਸਰਕਾਰ ਡੇਗਣ ਲਈ ਪੈਗਾਸਸ ਦੀ ਵਰਤੋਂ ਹੋਈ Read More »

ਓਲੰਪਿਕ ਖੇਡਾਂ ਵਿਚ ਹਾਕੀ ਦੀ ਸਰਦਾਰੀ/ ਪ੍ਰਿੰ. ਸਰਵਣ ਸਿੰਘ

ਓਲੰਪਿਕ ਖੇਡਾਂ ਵਿਚ ਭਾਰਤ ਦਾ ਨਾਂ ਹਾਕੀ ਕਰਕੇ ਹੈ ਤੇ ਭਾਰਤੀ ਹਾਕੀ ਦਾ ਨਾਂ ਪੰਜਾਬੀ ਖਿਡਾਰੀਆਂ ਕਰਕੇ। ਹਾਕੀ ਦੀ ਖੇਡ ਰਾਹੀਂ ਭਾਰਤ ਨੇ 8 ਸੋਨੇ, 1 ਚਾਂਦੀ ਤੇ 2 ਤਾਂਬੇ ਦੇ ਤਮਗ਼ੇ&ਨਬਸਪ; ਜਿੱਤੇ ਹਨ। ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਚਾਰ ਹਜ਼ਾਰ ਸਾਲ ਪਹਿਲਾਂ ਹਾਕੀ ਵਰਗੀ ਖੇਡ ਮਿਸਰ ਵਿਚ ਖੇਡੀ ਜਾਂਦੀ ਸੀ। ਉਥੋਂ ਇਹ ਯੂਨਾਨ ਗਈ ਅਤੇ ਫਿਰ ਰੋਮਨਾਂ ਵਿਚ ਪ੍ਰਚੱਲਤ ਹੋਈ। ਰੋਮਨਾਂ ਨੇ ਇਹਦਾ ਨਾਂ ‘ਪਗਨੇਸ਼ੀਆ’ ਰੱਖਿਆ ਤੇ ਉਹ ਇਹਨੂੰ ਯੂਰੋਪ ਦੇ ਹੋਰ ਮੁਲਕਾਂ ਵਿਚ ਲੈ ਗਏ। ਆਇਰਲੈਂਡ ਵਾਲੇ ਇਸ ਨੂੰ ‘ਹਰਲੇ’ ਕਹਿਣ ਲੱਗੇ ਅਤੇ ਸਕਾਟਲੈਂਡ ਵਾਲੇ ‘ਸ਼ਿੰਟੀ’। ਫਰਾਂਸ ਵਿਚ ਇਸ ਨੂੰ ‘ਹੌਕਿਟ’ ਕਿਹਾ ਜਾਣ ਲੱਗਾ। ਇੰਗਲੈਂਡ ਵਿਚ ਪਹਿਲਾਂ ਇਸ ਦਾ ਨਾਂ ‘ਕਾਮਕ’ ਰੱਖਿਆ ਗਿਆ ਤੇ ਪਿੱਛੋਂ ‘ਬੈਂਡੀ’। ‘ਹਾਕੀ’ ਨਾਂ ਪਹਿਲੀ ਵਾਰ 1838 ਵਿਚ ਵਰਤਿਆ ਗਿਆ.. 1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਪਹਿਲੀ ਵਾਰ ਖੇਡੀ ਗਈ ਜਿਸ ਦਾ ਗੋਲਡ ਮੈਡਲ ਬਰਤਾਨੀਆ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਬਰਤਾਨੀਆ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿਚ ਵੀ ਪੁਚਾ ਦਿੱਤੀ ਸੀ। ਪੰਜਾਬ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਪੰਜਾਬੀਆਂ ਵਿਚ ਹਰਮਨ ਪਿਆਰੀ ਹੋ ਗਈ। 1928 ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਤੇ ਸੋਨੇ ਦਾ ਤਮਗ਼ਾ ਜਿੱਤਿਆ। 1932 ਵਿਚ ਲਾਸ ਏਂਜਲਸ, 1936 ਵਿਚ ਬਰਲਿਨ, 1948 ਵਿਚ ਲੰਡਨ, 1952 ਵਿਚ ਹੇਲਸਿੰਕੀ ਤੇ 1956 ਵਿਚ ਮੈਲਬਰਨ ਦੀਆਂ ਓਲੰਪਿਕ ਖੇਡਾਂ ਵਿਚੋਂ ਭਾਰਤੀ ਹਾਕੀ ਟੀਮ ਲਗਾਤਾਰ ਸੋਨੇ ਦੇ ਤਮਗ਼ੇ ਜਿੱਤੀ। 1940 ਅਤੇ 44 ਦੀਆਂ ਓਲੰਪਿਕ ਖੇਡਾਂ ਦੂਜੀ ਸੰਸਾਰ ਜੰਗ ਕਾਰਨ ਹੋ ਨਹੀਂ ਸੀ ਸਕੀਆਂ। ਮੈਲਬਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਪਰ ਆਪਣੇ ਸਿਰ ਇੱਕ ਵੀ ਗੋਲ ਨਾ ਹੋਣ ਦਿੱਤਾ। 1960 ਵਿਚ ਭਾਰਤੀ ਟੀਮ ਪਾਕਿਸਤਾਨ ਤੋਂ 1-0 ਗੋਲ ’ਤੇ ਹਾਰੀ ਪਰ ਟੋਕੀਓ-1964 ਵਿਚੋਂ ਸੋਨੇ ਦਾ ਤਮਗ਼ਾ ਜਿੱਤ ਲਿਆ। 1975 ਵਿਚ ਭਾਰਤੀ ਟੀਮ ਨੇ ਸੰਸਾਰ ਹਾਕੀ ਕੱਪ ਜਿੱਤਿਆ ਤੇ ਮਾਸਕੋ (1980) ਵਿਚੋਂ ਸੋਨੇ ਦਾ ਤਮਗ਼ਾ ਹਾਸਲ ਕੀਤਾ ਪਰ ਪਿਛਲੇ ਚਾਲੀ ਸਾਲਾਂ ਤੋਂ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ, ਵਰਲਡ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ ਮੰਚ ’ਤੇ ਇੱਕ ਵਾਰ ਵੀ ਨਹੀਂ ਚੜ੍ਹ ਸਕੀ। ਹੁਣ ਤਕ 20 ਤੋਂ ਵੱਧ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ ਜਿਨ੍ਹਾਂ ਵਿਚ ਬਲਬੀਰ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਹਰਮੀਕ ਸਿੰਘ, ਹਰਬਿੰਦਰ ਸਿੰਘ, ਅਜੀਤਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਸੁਰਜੀਤ ਸਿੰਘ, ਪਰਗਟ ਸਿੰਘ, ਰਮਨਦੀਪ ਸਿੰਘ, ਗਗਨਅਜੀਤ ਸਿੰਘ, ਰਾਜਪਾਲ ਸਿੰਘ, ਬਲਜੀਤ ਸਿੰਘ ਢਿੱਲੋਂ, ਸਰਦਾਰਾ ਸਿੰਘ, ਮਨਪ੍ਰੀਤ ਸਿੰਘ, ਅਜਿੰਦਰ ਕੌਰ, ਪ੍ਰੇਮਾ ਸੈਣੀ, ਰੂਪਾ ਸੈਣੀ, ਰਾਜਬੀਰ ਕੌਰ ਆਦਿ ਗਿਣਾਏ ਜਾ ਸਕਦੇ ਹਨ। ਹਾਕੀ ਦੀ ਖੇਡ ਵਿਚ ਪੰਜਾਬ ਦੇ ਸੌ ਤੋਂ ਵੱਧ ਓਲੰਪੀਅਨ ਹਨ। ਕਈਆਂ ਨੇ ਓਲੰਪਿਕ ਖੇਡਾਂ ਦੇ ਦੋ ਦੋ ਤਿੰਨ ਤਿੰਨ ਗੋਲਡ ਮੈਡਲ ਜਿੱਤੇ ਹਨ। 1947 ’ਚ ਪਾਕਿਸਤਾਨ ਬਣਨ ਨਾਲ ਪੰਜਾਬ ਦੋ ਮੁਲਕਾਂ ਵਿਚ ਵੰਡਿਆ ਗਿਆ। ਕਈ ਸਾਲ ਏਸ਼ਿਆਈ ਅਤੇ ਓਲੰਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਆਮ ਕਰ ਕੇ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਲੱਗੇ ਜਾਂ ਕਹਿ ਲਓ ਕਿ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਵਿਚਕਾਰ ਹੋਣ ਲੱਗੇ। ਮੈਚ ਭਾਵੇਂ ਮੈਲਬਰਨ ਖੇਡਿਆ ਜਾਂਦਾ ਜਾਂ ਰੋਮ, ਟੋਕੀਓ, ਬੰਕਾਕ, ਤਹਿਰਾਨ ਜਾਂ ਕੁਆਲਾਲੰਪਰ, ਇੱਕ ਪਾਸੇ ਇਧਰਲੇ ਪੰਜਾਬੀ ਹੁੰਦੇ ਤੇ ਦੂਜੇ ਪਾਸੇ ਉਧਰਲੇ। 22 ’ਚੋਂ 15-16 ਖਿਡਾਰੀ ਪੰਜਾਬੀ ਮੂਲ ਦੇ ਹੋਣ ਕਾਰਨ ਹਾਕੀ ਮੈਦਾਨ ਦੀ ਬੋਲੀ ਪੰਜਾਬੀ ਹੁੰਦੀ: ‘ਲਈਂ ਨੂਰਿਆ, ਦੇਈਂ ਬੀਰਿਆ’ ਹੋਈ ਜਾਂਦੀ। 1956 ਦੀਆਂ ਓਲੰਪਿਕ ਖੇਡਾਂ ਸਮੇਂ ਬਲਬੀਰ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਜਿਸ ਵਿਚ ਪੰਜਾਬ ਦੇ ਤੇਰਾਂ ਖਿਡਾਰੀ ਸਨ। ਬਲਬੀਰ ਸਿੰਘ, ਊਧਮ ਸਿੰਘ, ਅਮੀਰ ਕੁਮਾਰ, ਰਘਬੀਰ ਲਾਲ, ਬਖਸ਼ੀਸ਼ ਸਿੰਘ, ਹਰਦਿਆਲ ਸਿੰਘ, ਆਰਐੱਸ ਭੋਲਾ, ਹਰੀ ਪਾਲ ਕੌਸ਼ਿਕ, ਬਾਲਕ੍ਰਿਸ਼ਨ ਸਿੰਘ, ਗੁਰਦੇਵ ਸਿੰਘ, ਚਾਰਲਸ ਸਟੀਫਨ, ਓਪੀ ਮਲਹੋਤਰਾ ਤੇ ਏਐੱਸ ਬਖਸ਼ੀ। 1960 ਵਿਚ ਰੋਮ ਵਿਖੇ ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਮਹਿੰਦਰ ਲਾਲ, ਊਧਮ ਸਿੰਘ, ਜਸਵੰਤ ਸਿੰਘ, ਆਰਐੱਸ ਭੋਲਾ, ਹਰੀ ਪਾਲ ਕੌਸ਼ਿਕ ਤੇ ਬਾਲਕ੍ਰਿਸ਼ਨ ਸਿੰਘ ਖੇਡੇ। 1964 ਵਿਚ ਟੋਕੀਓ ਵਿਚ ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਧਰਮ ਸਿੰਘ, ਊਧਮ ਸਿੰਘ, ਮਹਿੰਦਰ ਲਾਲ, ਬਲਬੀਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ ਤੇ ਹਰੀ ਪਾਲ ਕੌਸ਼ਿਕ ਨੇ ਭਾਰਤੀ ਟੀਮ ਨੂੰ ਰੰਗ ਭਾਗ ਲਾਏ। ਮੈਕਸੀਕੋ-68 ਵਿਚ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਜੁੜਵੇਂ ਕਪਤਾਨ ਸਨ। ਉਨ੍ਹਾਂ ਨਾਲ ਬਲਬੀਰ ਪੁਲੀਸ, ਬਲਬੀਰ ਰੇਲਵੇ, ਬਲਬੀਰ ਫੌਜ, ਧਰਮ ਸਿੰਘ, ਹਰਮੀਕ ਸਿੰਘ, ਇੰਦਰ ਸਿੰਘ, ਅਜੀਤਪਾਲ ਸਿੰਘ, ਹਰਬਿੰਦਰ ਸਿੰਘ ਤੇ ਤਰਸੇਮ ਸਿੰਘ ਪੰਜਾਬੀ ਸਨ। ਅਨੇਕਾਂ ਪੰਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗੰਡਾ, ਤਨਜ਼ਾਨੀਆ, ਮਲੇਸ਼ੀਆ, ਹਾਂਗਕਾਂਗ, ਸਿੰਗਾਪੁਰ, ਇੰਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿਚ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਸੰਸਾਰ ਕੱਪਾਂ ਵਿਚ ਖੇਡੇ। ਇੱਕ ਵਾਰ ਕੀਨੀਆ ਦੇ ਗਿਆਰਾਂ ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ ਤੇ 1966 ਵਿਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਵਿਚ ਗਿਆਰਾਂ ਵਿਚੋਂ ਦਸਾਂ ਦੇ ਜੂੜਿਆਂ ਉਤੇ ਰੁਮਾਲ ਸਨ। ਮਿਊਨਿਖ-1972 ਦੀਆਂ ਓਲੰਪਿਕ ਖੇਡਾਂ ਵਿਚ ਪਾਕਿਸਤਾਨ, ਭਾਰਤ, ਕੀਨੀਆ, ਯੂਗੰਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ ਚਾਲੀ ਖਿਡਾਰੀ ਪੰਜਾਬੀ ਮੂਲ ਦੇ ਸਨ। 2 ਸਤੰਬਰ 1972 ਨੂੰ ਜੋ ਮੈਚ ਭਾਰਤ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਉਸ ਵਿਚ 15 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਬੰਨ੍ਹੇ ਹੋਏ ਸਨ। ਹਾਕੀ ਦੇ ਅਜੋਕੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਗਗਨਅਜੀਤ ਸਿੰਘ, ਜੁਗਰਾਜ ਸਿੰਘ, ਬਲਜੀਤ ਸਿੰਘ ਸੈਣੀ, ਬਲਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ, ਪ੍ਰਭਜੋਤ ਸਿੰਘ, ਸਰਦਾਰਾ ਸਿੰਘ, ਸੰਦੀਪ ਸਿੰਘ, ਸਰਵਣਜੀਤ ਸਿੰਘ, ਗੁਰਬਾਜ਼ ਸਿੰਘ, ਗੁਰਜਿੰਦਰ ਸਿੰਘ, ਰੁਪਿੰਦਰਪਾਲ ਸਿੰਘ, ਅਕਾਸ਼ਦੀਪ, ਧਰਮਵੀਰ ਆਦਿ ਦਰਜਨਾਂ ਨਾਂ ਲਏ ਜਾ ਸਕਦੇ ਹਨ। ਪੰਜਾਬ ਦੇ ਅਨੇਕਾਂ ਹਾਕੀ ਖਿਡਾਰੀਆਂ ਨੂੰ ਖੇਡਾਂ ਦਾ ਸਰਵੋਤਮ ਪੁਰਸਕਾਰ ਅਰਜਨ ਅਵਾਰਡ ਮਿਲ ਚੁੱਕਾ ਹੈ। ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਪਰਗਟ ਸਿੰਘ ਤਾਂ ਹਾਕੀ ਦੀ ਖੇਡ ਕਰਕੇ ਪਦਮਸ੍ਰੀ ਹਨ। ਸਰਦਾਰਾ ਸਿੰਘ ਦਾ ਨਾਂ ਵਰਲਡ ਇਲੈਵਨ ਵਿਚ ਆ ਚੁੱਕਾ ਹੈ। ਹੁਣ ਟੋਕੀਓ ਵਿਚ ਖੇਡਣ ਵਾਲੀ ਟੀਮ ਵਿਚ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਵਰੁਣ ਕੁਮਾਰ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਕ੍ਰਿਸ਼ਨ ਕੁਮਾਰ ਪਾਠਕ ਤੇ ਮਨਦੀਪ ਸਿੰਘ ਖੇਡ ਰਹੇ ਹਨ। ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਪੰਜਾਬ ਦਾ ਮਨਪ੍ਰੀਤ ਸਿੰਘ ਹੈ ਜੋ ਭਾਰਤੀ ਖਿਡਾਰੀ ਦਲ ਦਾ ਝੰਡਾਬਰਦਾਰ ਹੋਵੇਗਾ। ਹਾਕੀ ਮੈਚ 24 ਜੁਲਾਈ ਤੋਂ ਸ਼ੁਰੂ ਹੋ ਜਾਣਗੇ ਅਤੇ 6 ਅਗਸਤ ਤਕ ਚੱਲਣਗੇ। ਭਾਰਤ ਦਾ ਪਹਿਲਾ ਮੈਚ 24 ਜੁਲਾਈ ਨੂੰ ਨੀਦਰਲੈਂਡਸ, ਦੂਜਾ 25 ਨੂੰ ਆਸਟਰੇਲੀਆ, ਤੀਜਾ 27 ਨੂੰ ਸਪੇਨ, ਚੌਥਾ 29 ਨੂੰ ਅਰਜਨਟੀਨਾ ਤੇ ਪੰਜਵਾਂ 30 ਜੁਲਾਈ ਨੂੰ ਜਾਪਾਨ ਵਿਰੁਧ ਹੋਵੇਗਾ। ਫਿਰ ਕੁਆਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਮੈਚ ਹੋਣਗੇ। ਰੀਓ-2016 ਵਿਚ ਅਰਜਨਟੀਨਾ ਪਹਿਲੇ, ਬੈਲਜੀਅਮ ਦੂਜੇ, ਜਰਮਨੀ ਤੀਜੇ ਤੇ ਨੀਦਰਲੈਂਡਸ ਚੌਥੇ ਥਾਂ ਸੀ ਅਤੇ ਭਾਰਤ ਅੱਠਵੇਂ ਥਾਂ। ਹਾਲ ਦੀ ਘੜੀ ਭਾਰਤ ਚੌਥੇ ਥਾਂ ਗਿਣਿਆ ਜਾ ਰਿਹੈ ਪਰ ਨਿਤਾਰੇ ਤਾਂ ਟੋਕੀਓ ਵਿਚ ਹੀ ਹੋਣਗੇ

ਓਲੰਪਿਕ ਖੇਡਾਂ ਵਿਚ ਹਾਕੀ ਦੀ ਸਰਦਾਰੀ/ ਪ੍ਰਿੰ. ਸਰਵਣ ਸਿੰਘ Read More »