
ਓਲੰਪਿਕ ਖੇਡਾਂ ਵਿਚ ਭਾਰਤ ਦਾ ਨਾਂ ਹਾਕੀ ਕਰਕੇ ਹੈ ਤੇ ਭਾਰਤੀ ਹਾਕੀ ਦਾ ਨਾਂ ਪੰਜਾਬੀ ਖਿਡਾਰੀਆਂ ਕਰਕੇ। ਹਾਕੀ ਦੀ ਖੇਡ ਰਾਹੀਂ ਭਾਰਤ ਨੇ 8 ਸੋਨੇ, 1 ਚਾਂਦੀ ਤੇ 2 ਤਾਂਬੇ ਦੇ ਤਮਗ਼ੇ&ਨਬਸਪ; ਜਿੱਤੇ ਹਨ। ਭਾਰਤ ਵਿਚ ਹਾਕੀ ਦੀ ਖੇਡ ਅੰਗਰੇਜ਼ ਲਿਆਏ ਸਨ। ਚਾਰ ਹਜ਼ਾਰ ਸਾਲ ਪਹਿਲਾਂ ਹਾਕੀ ਵਰਗੀ ਖੇਡ ਮਿਸਰ ਵਿਚ ਖੇਡੀ ਜਾਂਦੀ ਸੀ। ਉਥੋਂ ਇਹ ਯੂਨਾਨ ਗਈ ਅਤੇ ਫਿਰ ਰੋਮਨਾਂ ਵਿਚ ਪ੍ਰਚੱਲਤ ਹੋਈ। ਰੋਮਨਾਂ ਨੇ ਇਹਦਾ ਨਾਂ ‘ਪਗਨੇਸ਼ੀਆ’ ਰੱਖਿਆ ਤੇ ਉਹ ਇਹਨੂੰ ਯੂਰੋਪ ਦੇ ਹੋਰ ਮੁਲਕਾਂ ਵਿਚ ਲੈ ਗਏ। ਆਇਰਲੈਂਡ ਵਾਲੇ ਇਸ ਨੂੰ ‘ਹਰਲੇ’ ਕਹਿਣ ਲੱਗੇ ਅਤੇ ਸਕਾਟਲੈਂਡ ਵਾਲੇ ‘ਸ਼ਿੰਟੀ’। ਫਰਾਂਸ ਵਿਚ ਇਸ ਨੂੰ ‘ਹੌਕਿਟ’ ਕਿਹਾ ਜਾਣ ਲੱਗਾ। ਇੰਗਲੈਂਡ ਵਿਚ ਪਹਿਲਾਂ ਇਸ ਦਾ ਨਾਂ ‘ਕਾਮਕ’ ਰੱਖਿਆ ਗਿਆ ਤੇ ਪਿੱਛੋਂ ‘ਬੈਂਡੀ’। ‘ਹਾਕੀ’ ਨਾਂ ਪਹਿਲੀ ਵਾਰ 1838 ਵਿਚ ਵਰਤਿਆ ਗਿਆ..
1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਪਹਿਲੀ ਵਾਰ ਖੇਡੀ ਗਈ ਜਿਸ ਦਾ ਗੋਲਡ ਮੈਡਲ ਬਰਤਾਨੀਆ ਨੇ ਜਿੱਤਿਆ। 1920 ਵਿਚ ਐਂਟਵਰਪ ਦੀਆਂ ਓਲੰਪਿਕ ਖੇਡਾਂ ਵਿਚ ਹਾਕੀ ਦੁਬਾਰਾ ਸ਼ਾਮਲ ਕੀਤੀ ਤਾਂ ਬਰਤਾਨੀਆ ਫਿਰ ਜੇਤੂ ਰਿਹਾ। ਤਦ ਤਕ ਅੰਗਰੇਜ਼ਾਂ ਨੇ ਹਾਕੀ ਭਾਰਤ ਵਿਚ ਵੀ ਪੁਚਾ ਦਿੱਤੀ ਸੀ। ਪੰਜਾਬ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਪੰਜਾਬੀਆਂ ਵਿਚ ਹਰਮਨ ਪਿਆਰੀ ਹੋ ਗਈ। 1928 ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਭਾਗ ਲਿਆ ਤੇ ਸੋਨੇ ਦਾ ਤਮਗ਼ਾ ਜਿੱਤਿਆ। 1932 ਵਿਚ ਲਾਸ ਏਂਜਲਸ, 1936 ਵਿਚ ਬਰਲਿਨ, 1948 ਵਿਚ ਲੰਡਨ, 1952 ਵਿਚ ਹੇਲਸਿੰਕੀ ਤੇ 1956 ਵਿਚ ਮੈਲਬਰਨ ਦੀਆਂ ਓਲੰਪਿਕ ਖੇਡਾਂ ਵਿਚੋਂ ਭਾਰਤੀ ਹਾਕੀ ਟੀਮ ਲਗਾਤਾਰ ਸੋਨੇ ਦੇ ਤਮਗ਼ੇ ਜਿੱਤੀ। 1940 ਅਤੇ 44 ਦੀਆਂ ਓਲੰਪਿਕ ਖੇਡਾਂ ਦੂਜੀ ਸੰਸਾਰ ਜੰਗ ਕਾਰਨ ਹੋ ਨਹੀਂ ਸੀ ਸਕੀਆਂ। ਮੈਲਬਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਪਰ ਆਪਣੇ ਸਿਰ ਇੱਕ ਵੀ ਗੋਲ ਨਾ ਹੋਣ ਦਿੱਤਾ। 1960 ਵਿਚ ਭਾਰਤੀ ਟੀਮ ਪਾਕਿਸਤਾਨ ਤੋਂ 1-0 ਗੋਲ ’ਤੇ ਹਾਰੀ ਪਰ ਟੋਕੀਓ-1964 ਵਿਚੋਂ ਸੋਨੇ ਦਾ ਤਮਗ਼ਾ ਜਿੱਤ ਲਿਆ। 1975 ਵਿਚ ਭਾਰਤੀ ਟੀਮ ਨੇ ਸੰਸਾਰ ਹਾਕੀ ਕੱਪ ਜਿੱਤਿਆ ਤੇ ਮਾਸਕੋ (1980) ਵਿਚੋਂ ਸੋਨੇ ਦਾ ਤਮਗ਼ਾ ਹਾਸਲ ਕੀਤਾ ਪਰ ਪਿਛਲੇ ਚਾਲੀ ਸਾਲਾਂ ਤੋਂ ਭਾਰਤੀ ਹਾਕੀ ਟੀਮ ਓਲੰਪਿਕ ਖੇਡਾਂ, ਵਰਲਡ ਕੱਪ ਜਾਂ ਚੈਂਪੀਅਨਜ਼ ਟਰਾਫੀ ਦੇ ਜਿੱਤ ਮੰਚ ’ਤੇ ਇੱਕ ਵਾਰ ਵੀ ਨਹੀਂ ਚੜ੍ਹ ਸਕੀ।
ਹੁਣ ਤਕ 20 ਤੋਂ ਵੱਧ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰ ਚੁੱਕੇ ਹਨ ਜਿਨ੍ਹਾਂ ਵਿਚ ਬਲਬੀਰ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਹਰਮੀਕ ਸਿੰਘ, ਹਰਬਿੰਦਰ ਸਿੰਘ, ਅਜੀਤਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਸੁਰਜੀਤ ਸਿੰਘ, ਪਰਗਟ ਸਿੰਘ, ਰਮਨਦੀਪ ਸਿੰਘ, ਗਗਨਅਜੀਤ ਸਿੰਘ, ਰਾਜਪਾਲ ਸਿੰਘ, ਬਲਜੀਤ ਸਿੰਘ ਢਿੱਲੋਂ, ਸਰਦਾਰਾ ਸਿੰਘ, ਮਨਪ੍ਰੀਤ ਸਿੰਘ, ਅਜਿੰਦਰ ਕੌਰ, ਪ੍ਰੇਮਾ ਸੈਣੀ, ਰੂਪਾ ਸੈਣੀ, ਰਾਜਬੀਰ ਕੌਰ ਆਦਿ ਗਿਣਾਏ ਜਾ ਸਕਦੇ ਹਨ। ਹਾਕੀ ਦੀ ਖੇਡ ਵਿਚ ਪੰਜਾਬ ਦੇ ਸੌ ਤੋਂ ਵੱਧ ਓਲੰਪੀਅਨ ਹਨ। ਕਈਆਂ ਨੇ ਓਲੰਪਿਕ ਖੇਡਾਂ ਦੇ ਦੋ ਦੋ ਤਿੰਨ ਤਿੰਨ ਗੋਲਡ ਮੈਡਲ ਜਿੱਤੇ ਹਨ।
1947 ’ਚ ਪਾਕਿਸਤਾਨ ਬਣਨ ਨਾਲ ਪੰਜਾਬ ਦੋ ਮੁਲਕਾਂ ਵਿਚ ਵੰਡਿਆ ਗਿਆ। ਕਈ ਸਾਲ ਏਸ਼ਿਆਈ ਅਤੇ ਓਲੰਪਿਕ ਖੇਡਾਂ ਵਿਚ ਹਾਕੀ ਦੇ ਫਾਈਨਲ ਮੈਚ ਆਮ ਕਰ ਕੇ ਪਾਕਿਸਤਾਨ ਤੇ ਭਾਰਤ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਲੱਗੇ ਜਾਂ ਕਹਿ ਲਓ ਕਿ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਵਿਚਕਾਰ ਹੋਣ ਲੱਗੇ। ਮੈਚ ਭਾਵੇਂ ਮੈਲਬਰਨ ਖੇਡਿਆ ਜਾਂਦਾ ਜਾਂ ਰੋਮ, ਟੋਕੀਓ, ਬੰਕਾਕ, ਤਹਿਰਾਨ ਜਾਂ ਕੁਆਲਾਲੰਪਰ, ਇੱਕ ਪਾਸੇ ਇਧਰਲੇ ਪੰਜਾਬੀ ਹੁੰਦੇ ਤੇ ਦੂਜੇ ਪਾਸੇ ਉਧਰਲੇ। 22 ’ਚੋਂ 15-16 ਖਿਡਾਰੀ ਪੰਜਾਬੀ ਮੂਲ ਦੇ ਹੋਣ ਕਾਰਨ ਹਾਕੀ ਮੈਦਾਨ ਦੀ ਬੋਲੀ ਪੰਜਾਬੀ ਹੁੰਦੀ: ‘ਲਈਂ ਨੂਰਿਆ, ਦੇਈਂ ਬੀਰਿਆ’ ਹੋਈ ਜਾਂਦੀ।
1956 ਦੀਆਂ ਓਲੰਪਿਕ ਖੇਡਾਂ ਸਮੇਂ ਬਲਬੀਰ ਸਿੰਘ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ ਜਿਸ ਵਿਚ ਪੰਜਾਬ ਦੇ ਤੇਰਾਂ ਖਿਡਾਰੀ ਸਨ। ਬਲਬੀਰ ਸਿੰਘ, ਊਧਮ ਸਿੰਘ, ਅਮੀਰ ਕੁਮਾਰ, ਰਘਬੀਰ ਲਾਲ, ਬਖਸ਼ੀਸ਼ ਸਿੰਘ, ਹਰਦਿਆਲ ਸਿੰਘ, ਆਰਐੱਸ ਭੋਲਾ, ਹਰੀ ਪਾਲ ਕੌਸ਼ਿਕ, ਬਾਲਕ੍ਰਿਸ਼ਨ ਸਿੰਘ, ਗੁਰਦੇਵ ਸਿੰਘ, ਚਾਰਲਸ ਸਟੀਫਨ, ਓਪੀ ਮਲਹੋਤਰਾ ਤੇ ਏਐੱਸ ਬਖਸ਼ੀ। 1960 ਵਿਚ ਰੋਮ ਵਿਖੇ ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਮਹਿੰਦਰ ਲਾਲ, ਊਧਮ ਸਿੰਘ, ਜਸਵੰਤ ਸਿੰਘ, ਆਰਐੱਸ ਭੋਲਾ, ਹਰੀ ਪਾਲ ਕੌਸ਼ਿਕ ਤੇ ਬਾਲਕ੍ਰਿਸ਼ਨ ਸਿੰਘ ਖੇਡੇ। 1964 ਵਿਚ ਟੋਕੀਓ ਵਿਚ ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਧਰਮ ਸਿੰਘ, ਊਧਮ ਸਿੰਘ, ਮਹਿੰਦਰ ਲਾਲ, ਬਲਬੀਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ ਤੇ ਹਰੀ ਪਾਲ ਕੌਸ਼ਿਕ ਨੇ ਭਾਰਤੀ ਟੀਮ ਨੂੰ ਰੰਗ ਭਾਗ ਲਾਏ। ਮੈਕਸੀਕੋ-68 ਵਿਚ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਜੁੜਵੇਂ ਕਪਤਾਨ ਸਨ। ਉਨ੍ਹਾਂ ਨਾਲ ਬਲਬੀਰ ਪੁਲੀਸ, ਬਲਬੀਰ ਰੇਲਵੇ, ਬਲਬੀਰ ਫੌਜ, ਧਰਮ ਸਿੰਘ, ਹਰਮੀਕ ਸਿੰਘ, ਇੰਦਰ ਸਿੰਘ, ਅਜੀਤਪਾਲ ਸਿੰਘ, ਹਰਬਿੰਦਰ ਸਿੰਘ ਤੇ ਤਰਸੇਮ ਸਿੰਘ ਪੰਜਾਬੀ ਸਨ।
ਅਨੇਕਾਂ ਪੰਜਾਬੀ ਖਿਡਾਰੀ ਹਨ ਜੋ ਭਾਰਤ, ਪਾਕਿਸਤਾਨ, ਕੀਨੀਆ, ਯੂਗੰਡਾ, ਤਨਜ਼ਾਨੀਆ, ਮਲੇਸ਼ੀਆ, ਹਾਂਗਕਾਂਗ, ਸਿੰਗਾਪੁਰ, ਇੰਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਵਿਚ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਸੰਸਾਰ ਕੱਪਾਂ ਵਿਚ ਖੇਡੇ। ਇੱਕ ਵਾਰ ਕੀਨੀਆ ਦੇ ਗਿਆਰਾਂ ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ ਤੇ 1966 ਵਿਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਵਿਚ ਗਿਆਰਾਂ ਵਿਚੋਂ ਦਸਾਂ ਦੇ ਜੂੜਿਆਂ ਉਤੇ ਰੁਮਾਲ ਸਨ। ਮਿਊਨਿਖ-1972 ਦੀਆਂ ਓਲੰਪਿਕ ਖੇਡਾਂ ਵਿਚ ਪਾਕਿਸਤਾਨ, ਭਾਰਤ, ਕੀਨੀਆ, ਯੂਗੰਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ ਚਾਲੀ ਖਿਡਾਰੀ ਪੰਜਾਬੀ ਮੂਲ ਦੇ ਸਨ। 2 ਸਤੰਬਰ 1972 ਨੂੰ ਜੋ ਮੈਚ ਭਾਰਤ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਉਸ ਵਿਚ 15 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਬੰਨ੍ਹੇ ਹੋਏ ਸਨ।
ਹਾਕੀ ਦੇ ਅਜੋਕੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਗਗਨਅਜੀਤ ਸਿੰਘ, ਜੁਗਰਾਜ ਸਿੰਘ, ਬਲਜੀਤ ਸਿੰਘ ਸੈਣੀ, ਬਲਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ, ਪ੍ਰਭਜੋਤ ਸਿੰਘ, ਸਰਦਾਰਾ ਸਿੰਘ, ਸੰਦੀਪ ਸਿੰਘ, ਸਰਵਣਜੀਤ ਸਿੰਘ, ਗੁਰਬਾਜ਼ ਸਿੰਘ, ਗੁਰਜਿੰਦਰ ਸਿੰਘ, ਰੁਪਿੰਦਰਪਾਲ ਸਿੰਘ, ਅਕਾਸ਼ਦੀਪ, ਧਰਮਵੀਰ ਆਦਿ ਦਰਜਨਾਂ ਨਾਂ ਲਏ ਜਾ ਸਕਦੇ ਹਨ। ਪੰਜਾਬ ਦੇ ਅਨੇਕਾਂ ਹਾਕੀ ਖਿਡਾਰੀਆਂ ਨੂੰ ਖੇਡਾਂ ਦਾ ਸਰਵੋਤਮ ਪੁਰਸਕਾਰ ਅਰਜਨ ਅਵਾਰਡ ਮਿਲ ਚੁੱਕਾ ਹੈ। ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਪਰਗਟ ਸਿੰਘ ਤਾਂ ਹਾਕੀ ਦੀ ਖੇਡ ਕਰਕੇ ਪਦਮਸ੍ਰੀ ਹਨ। ਸਰਦਾਰਾ ਸਿੰਘ ਦਾ ਨਾਂ ਵਰਲਡ ਇਲੈਵਨ ਵਿਚ ਆ ਚੁੱਕਾ ਹੈ। ਹੁਣ ਟੋਕੀਓ ਵਿਚ ਖੇਡਣ ਵਾਲੀ ਟੀਮ ਵਿਚ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਵਰੁਣ ਕੁਮਾਰ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਕ੍ਰਿਸ਼ਨ ਕੁਮਾਰ ਪਾਠਕ ਤੇ ਮਨਦੀਪ ਸਿੰਘ ਖੇਡ ਰਹੇ ਹਨ। ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਪੰਜਾਬ ਦਾ ਮਨਪ੍ਰੀਤ ਸਿੰਘ ਹੈ ਜੋ ਭਾਰਤੀ ਖਿਡਾਰੀ ਦਲ ਦਾ ਝੰਡਾਬਰਦਾਰ ਹੋਵੇਗਾ।
ਹਾਕੀ ਮੈਚ 24 ਜੁਲਾਈ ਤੋਂ ਸ਼ੁਰੂ ਹੋ ਜਾਣਗੇ ਅਤੇ 6 ਅਗਸਤ ਤਕ ਚੱਲਣਗੇ। ਭਾਰਤ ਦਾ ਪਹਿਲਾ ਮੈਚ 24 ਜੁਲਾਈ ਨੂੰ ਨੀਦਰਲੈਂਡਸ, ਦੂਜਾ 25 ਨੂੰ ਆਸਟਰੇਲੀਆ, ਤੀਜਾ 27 ਨੂੰ ਸਪੇਨ, ਚੌਥਾ 29 ਨੂੰ ਅਰਜਨਟੀਨਾ ਤੇ ਪੰਜਵਾਂ 30 ਜੁਲਾਈ ਨੂੰ ਜਾਪਾਨ ਵਿਰੁਧ ਹੋਵੇਗਾ। ਫਿਰ ਕੁਆਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਮੈਚ ਹੋਣਗੇ। ਰੀਓ-2016 ਵਿਚ ਅਰਜਨਟੀਨਾ ਪਹਿਲੇ, ਬੈਲਜੀਅਮ ਦੂਜੇ, ਜਰਮਨੀ ਤੀਜੇ ਤੇ ਨੀਦਰਲੈਂਡਸ ਚੌਥੇ ਥਾਂ ਸੀ ਅਤੇ ਭਾਰਤ ਅੱਠਵੇਂ ਥਾਂ। ਹਾਲ ਦੀ ਘੜੀ ਭਾਰਤ ਚੌਥੇ ਥਾਂ ਗਿਣਿਆ ਜਾ ਰਿਹੈ ਪਰ ਨਿਤਾਰੇ ਤਾਂ ਟੋਕੀਓ ਵਿਚ ਹੀ ਹੋਣਗੇ