admin

ਮੋਦੀ-ਸ਼ੀ ਵਿਚਕਾਰ ਅਹਿਮ ਮੁੱਦਿਆਂ ’ਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਤਿਆਰ

ਬੀਜਿੰਗ, 19 ਨਵੰਬਰ – ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਬ੍ਰਿਕਸ ਸਿਖਰ ਸੰਮੇਲਨ ਤੋਂ ਇਲਾਵਾ ਰੂਸ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਮੁੱਦਿਆਂ ’ਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਤਿਆਰ ਹੈ। ਬ੍ਰਾਜ਼ੀਲ ’ਚ ਜੀ-20 ਸਿਖਰ ਸੰਮੇਲਨ ਦੌਰਾਨ ਮੋਦੀ ਅਤੇ ਸ਼ੀ ਵਿਚਾਲੇ ਮੁਲਾਕਾਤ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਜ਼ਾਨ ’ਚ ਹਾਲ ਹੀ ’ਚ ਹੋਏ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ, ‘‘ਚੀਨ ਪ੍ਰਮੁੱਖ ਮੁੱਦਿਆਂ ’ਤੇ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਬਣੀ ਸਹਿਮਤੀ ਨੂੰ ਲਾਗੂ ਕਰਨ, ਸੰਚਾਰ ਅਤੇ ਸਹਿਯੋਗ ਵਧਾਉਣ ਅਤੇ ਰਣਨੀਤਕ ਆਪਸੀ ਵਿਸ਼ਵਾਸ ਵਧਾਉਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ।’’ ਜਿਆਨ ਨੇ ਕਿਹਾ ਕਿ ਉਨ੍ਹਾਂ ਨੂੰ ਨੇਤਾਵਾਂ ਅਤੇ ਅਧਿਕਾਰੀਆਂ ਵਿਚਾਲੇ ਬੈਠਕ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਿਛਲੇ ਮਹੀਨੇ ਰੂਸ ਦੇ ਕਜ਼ਾਨ ਸ਼ਹਿਰ ’ਚ ਬ੍ਰਿਕਸ ਸਿਖਰ ਸੰਮੇਲਨ ਤੋਂ ਇਲਾਵਾ ਕਰੀਬ 50 ਮਿੰਟ ਦੀ ਬੈਠਕ ’ਚ ਮੋਦੀ ਅਤੇ ਸ਼ੀ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਟਕਰਾਅ ਵਾਲੀਆਂ ਬਾਕੀ ਥਾਵਾਂ ਤੋਂ ਫੌਜੀਆਂ ਦੀ ਵਾਪਸੀ ਅਤੇ ਗਸ਼ਤ ਮੁੜ ਸ਼ੁਰੂ ਕਰਨ ’ਤੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ਦਾ ਸਮਰਥਨ ਕੀਤਾ ਸੀ। ਦੋਹਾਂ ਲੀਡਰਾਂ ਨੇ ਵੱਖ-ਵੱਖ ਦੁਵਲੀ ਗੱਲਬਾਤ ਪ੍ਰਣਾਲੀਆਂ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ। ਬੈਠਕ ’ਚ ਮੋਦੀ ਨੇ ਮਤਭੇਦਾਂ ਅਤੇ ਵਿਵਾਦਾਂ ਨਾਲ ਸਹੀ ਢੰਗ ਨਾਲ ਨਜਿੱਠਣ ਅਤੇ ਸਰਹੱਦੀ ਖੇਤਰਾਂ ’ਚ ਸ਼ਾਂਤੀ ਅਤੇ ਸਥਿਰਤਾ ਭੰਗ ਨਾ ਹੋਣ ਦੇਣ ਦੀ ਮਹੱਤਤਾ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਆਪਸੀ ਵਿਸ਼ਵਾਸ, ਆਪਸੀ ਸਤਿਕਾਰ ਅਤੇ ਆਪਸੀ ਸੰਵੇਦਨਸ਼ੀਲਤਾ ਸਬੰਧਾਂ ਦਾ ਅਧਾਰ ਬਣੇ ਰਹਿਣਾ ਚਾਹੀਦਾ ਹੈ। ਸ਼ੀ ਨੇ ਕਿਹਾ ਕਿ ਚੀਨ-ਭਾਰਤ ਸਬੰਧ ਬੁਨਿਆਦੀ ਤੌਰ ’ਤੇ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਦੋ ਵੱਡੇ ਵਿਕਾਸਸ਼ੀਲ ਦੇਸ਼, ਜਿਨ੍ਹਾਂ ਦੀ ਆਬਾਦੀ ਲਗਭਗ 1.4 ਅਰਬ ਹੈ, ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਉਨ੍ਹਾਂ ਕਿਹਾ ਕਿ ਚੀਨ ਅਤੇ ਭਾਰਤ ਨੂੰ ਇਕ-ਦੂਜੇ ਬਾਰੇ ਚੰਗੀ ਰਣਨੀਤਕ ਧਾਰਨਾ ਬਣਾਈ ਰੱਖਣੀ ਚਾਹੀਦੀ ਹੈ ਅਤੇ ਦੋਹਾਂ ਦੇਸ਼ਾਂ ਲਈ ਸਦਭਾਵਨਾ ਨਾਲ ਰਹਿਣ ਅਤੇ ਮਿਲ ਕੇ ਵਿਕਾਸ ਕਰਨ ਲਈ ਸਹੀ ਅਤੇ ਚਮਕਦਾਰ ਰਸਤਾ ਤਿਆਰ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਜੂਨ 2020 ਵਿਚ ਗਲਵਾਨ ਵਾਦੀ ਵਿਚ ਭਿਆਨਕ ਫੌਜੀ ਝੜਪ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਸਬੰਧ ਇਕ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ। ਇਹ ਝੜਪ ਪਿਛਲੇ ਕੁੱਝ ਦਹਾਕਿਆਂ ਵਿਚ ਦੋਹਾਂ ਧਿਰਾਂ ਵਿਚਾਲੇ ਸੱਭ ਤੋਂ ਭਿਆਨਕ ਫੌਜੀ ਝੜਪ ਸੀ। ਭਾਰਤ ਅਤੇ ਚੀਨ ਨੇ 21 ਅਕਤੂਬਰ ਨੂੰ ਪੂਰਬੀ ਲੱਦਾਖ ’ਚ ਟਕਰਾਅ ਵਾਲੀਆਂ ਬਾਕੀ ਥਾਵਾਂ ’ਤੇ ਫ਼ੌਜੀਆਂ ਦੀ ਵਾਪਸੀ ਅਤੇ ਗਸ਼ਤ ਮੁੜ ਸ਼ੁਰੂ ਕਰਨ ਬਾਰੇ ਇਕ ਸਮਝੌਤੇ ’ਤੇ ਸਹਿਮਤੀ ਜਤਾਈ ਸੀ। ਇਸ ਸਮਝੌਤੇ ਨੂੰ ਪੂਰਬੀ ਲੱਦਾਖ ’ਚ ਲਗਭਗ ਚਾਰ ਸਾਲ ਪੁਰਾਣੇ ਫੌਜੀ ਰੁਕਾਵਟ ਦੇ ਹੱਲ ਦੀ ਦਿਸ਼ਾ ’ਚ ਇਕ ਵੱਡੀ ਸਫਲਤਾ ਦੇ ਰੂਪ ’ਚ ਵੇਖਿਆ ਜਾ ਰਿਹਾ ਹੈ। ਮੋਦੀ ਅਤੇ ਸ਼ੀ ਨੇ ਭਾਰਤ-ਚੀਨ ਸਰਹੱਦੀ ਮੁੱਦੇ ’ਤੇ ਵਿਸ਼ੇਸ਼ ਪ੍ਰਤੀਨਿਧੀਆਂ ਨੂੰ ਗੱਲਬਾਤ ਲਈ ਜਲਦੀ ਤੋਂ ਜਲਦੀ ਮਿਲਣ ਅਤੇ ਐਲਏਸੀ ’ਤੇ ਮੁੱਦਿਆਂ ਨੂੰ ਸੁਲਝਾਉਣ ਲਈ ਅਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੇ ਹੁਕਮ ਦਿਤੇ। ਗੱਲਬਾਤ ਲਈ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀ ਕੌਮੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਭਾਲ ਹਨ, ਜਦਕਿ ਚੀਨੀ ਪੱਖ ਦੀ ਅਗਵਾਈ ਵਿਦੇਸ਼ ਮੰਤਰੀ ਵਾਂਗ ਯੀ ਕਰ ਰਹੇ ਹਨ। ਵਿਸ਼ੇਸ਼ ਪ੍ਰਤੀਨਿਧੀ ਤੰਤਰ ਦੀ ਸਥਾਪਨਾ 2003 ’ਚ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਦੋਵੇਂ ਧਿਰਾਂ 20 ਦੌਰ ਦੀ ਗੱਲਬਾਤ ਕਰ ਚੁਕੀਆਂ ਹਨ। ਪਿਛਲੀ ਗੱਲਬਾਤ 2019 ’ਚ ਹੋਈ ਸੀ।

ਮੋਦੀ-ਸ਼ੀ ਵਿਚਕਾਰ ਅਹਿਮ ਮੁੱਦਿਆਂ ’ਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਤਿਆਰ Read More »

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ 6276 ਪੰਚਾਂ ਨੂੰ ਸਹੁੰ ਚੁਕਾਈ

ਪਟਿਆਲਾ, 19 ਨਵੰਬਰ – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤਾਂ ਦੇ ਨਵੇਂ ਚੁਣੇ ਗਏ 6276 ਪੰਚਾਂ ਨੂੰ ਸਹੁੰ ਚੁਕਾਈ। ਅੱਜ ਇੱਥੇ ਸੰਗਰੂਰ ਰੋਡ ‘ਤੇ ਸਥਿਤ ਨਿਊ ਪੋਲੋ ਗਰਾਊਂਡ ਨੇੜੇ ਏਵੀਏਸ਼ਨ ਕਲੱਬ ਵਿਖੇ ਸਹੁੰ ਚੁੱਕ ਸਮਾਗਮ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਾ. ਬਲਬੀਰ ਸਿੰਘ ਨੇ ਪੰਚਾਂ ਨੂੰ ਗ੍ਰਾਮ ਪੰਚਾਇਤ ਮੈਂਬਰ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਬਦਲੇ ਦੀ ਰਾਜਨੀਤੀ ਤੋਂ ਉਪਰ ਉਠਕੇ ਨਵੀਂ ਸੋਚ ਨਾਲ ਹਰ ਪਿੰਡ ਵਾਸੀ ਨੂੰ ਨਾਲ ਲੈ ਕੇ ਪਿੰਡਾਂ ਦੇ ਵਿਕਾਸ ਲਈ ਕੰਮ ਕਰਨ ਦਾ ਸੱਦਾ ਦਿੱਤਾ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇੱਕ ਨਵੀਂ ਸੋਚ ਲੈਕੇ ਕੰਮ ਦੀ ਰਾਜਨੀਤੀ ਕਰਦਿਆਂ ਸੂਬੇ ਵਿੱਚ ਸਿਹਤ, ਸਿੱਖਿਆ, ਰੋਜਗਾਰ ਤੇ ਲੋਕ ਭਲਾਈ ਦੇ ਨਵੇਂ ਯੁੱਗ ਦਾ ਆਗਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਹੁਣ ਨਵੀਆਂ ਗ੍ਰਾਮ ਪੰਚਾਇਤਾਂ ਵੀ ਆਪਣੇ ਪਿੰਡਾਂ ਨੂੰ ਨਮੂਨੇ ਦੇ ਪਿੰਡ ਬਣਾਉਣ ਲਈ ਨਵੀਂ ਸੋਚ ਨਾਲ ਅੱਗੇ ਵੱਧਣ ਕਿਉਂਕਿ ਪੰਜਾਬ ਪਿੰਡਾਂ ਵਿੱਚ ਵੱਸਦਾ ਹੈ, ਇਸ ਲਈ ਪੰਜਾਬ ਤੇ ਪੰਜਾਬੀਅਤ ਉਪਰ ਪਹਿਰਾ ਦਿੰਦੇ ਹੋਏ ਪਿੰਡਾਂ ਦੀ ਨੁਹਾਰ ਬਦਲੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੀ ਪੰਚਾਇਤ ਪਿੰਡਾਂ ਦੇ ਝਗੜੇ ਪਿੰਡਾਂ ਵਿੱਚ ਨਿਬੇੜੇਗੀ ਉਸਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਡਾ. ਬਲਬੀਰ ਸਿੰਘ ਨੇ ਪੰਚਾਂ ਨੂੰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਤੋਂ ਦੂਰ ਰੱਖਣ ਲਈ ਕੀਤੇ ਜਾ ਰਹੇ ਉਪਰਾਲੇ ਦੱਸਦਿਆਂ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪਿੰਡ ਮਿਸ਼ਨ ਨਾਲ ਜੁੜਕੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਗੇ ਆਉਣ। ਉਨ੍ਹਾਂ ਨੇ ਪੰਚਾਂ ਨੂੰ ਮਗਨਰੇਗਾ ਤਹਿਤ ਪਿੰਡਾਂ ‘ਚ ਸਾਂਝੇ ਕੰਮ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਆਖਦਿਆਂ ਦੱਸਿਆ ਕਿ ਪਿੰਡਾਂ ‘ਚ ਪਾਸ ਕੀਤਾ ਮਗਨਰੇਗਾ ਦਾ ਬਜਟ ਕੇਂਦਰ ਸਰਕਾਰ ਵੀ ਨਹੀਂ ਬਦਲ ਸਕਦੀ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਸਮੂਹ ਮੈਂਬਰ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਕਰਕੇ ਪਿੰਡ ਦੇ ਵਿਕਾਸ ਲਈ ਯੋਜਨਾਵਾਂ ਉਲੀਕ ਕੇ ਹੁਣੇ ਤੋਂ ਹੀ ਕੰਮ ‘ਤੇ ਲੱਗ ਜਾਣ। ਸਿਹਤ ਮੰਤਰੀ ਨੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ ਦਿੰਦਿਆਂ ਪਿੰਡਾਂ ਦੀ ਆਬੋ ਹਵਾ ਨੂੰ ਸਾਫ਼ ਰੱਖਣ ਲਈ ਨਾਨਕਸ਼ਾਹੀ ਖੇਤੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਤਰਲ ਕੂੜਾ ਪ੍ਰਬੰਧਨ ਤਹਿਤ ਪਿੰਡਾਂ ‘ਚ ਛੱਪੜਾਂ ਦਾ ਪਾਣੀ ਖੇਤੀ ਲਈ ਵਰਤਣ ਲਈ ਛੱਪੜਾਂ ਦਾ ਨਵੀਨੀਕਰਨ ਕੀਤਾ ਜਾਵੇ ਅਤੇ ਪਲਾਸਟਿਕ ਮੁਕਤ ਤੇ ਕੂੜਾ ਕਰਕਟ ਰਹਿਤ ਆਲਾ-ਦੁਆਲਾ ਸਿਰਜਣ ਲਈ ਠੋਸ ਕੂੜਾ ਪ੍ਰਬੰਧਨ ਦੇ ਪ੍ਰਾਜੈਕਟ ਚਲਾਏ ਜਾਣ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਧਾਰਮਿਕ ਸਤਿਸੰਗਾਂ ਦੇ ਨਾਲ-ਨਾਲ ਪਿੰਡਾਂ ਵਿੱਚ ਸਿਹਤ, ਖੇਤੀ, ਸਿੱਖਿਆ, ਰੋਜ਼ਗਾਰ ਆਦਿ ਦੇ ਸਤਿਸੰਗ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਸਿਹਤ ਕਮੇਟੀਆਂ ਵੀ ਬਣਾਈਆਂ ਜਾਣ ਤੇ ਹਰ ਕਮੇਟੀ ਨੂੰ 10 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਪ੍ਰਿੰਸੀਪਲ ਜੇ.ਪੀ ਸਿੰਘ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜਸਬੀਰ ਸਿੰਘ ਗਾਂਧੀ, ਡਵੀਜ਼ਨਲ ਕਮਿਸ਼ਨਰ ਡੀ.ਐਸ ਮਾਂਗਟ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ ਡਾ. ਨਾਨਕ ਸਿੰਘ, ਏਡੀਸੀ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ, ਐਸ.ਪੀ ਮੁਹੰਮਦ ਸਰਫਰਾਜ ਆਲਮ, ਐਸ.ਡੀ.ਐਮਜ ਡਾ ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ ਤੇ ਮਨਜੀਤ ਕੌਰ ਸਮੇਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ 6276 ਪੰਚਾਂ ਨੂੰ ਸਹੁੰ ਚੁਕਾਈ Read More »

ਚੰਡੀਗੜ੍ਹ ’ਚ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ

ਚੰਡੀਗੜ੍ਹ, 19 ਨਵੰਬਰ – ਹਰਿਆਣਾ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ SYL ਤੇ ਚੰਡੀਗੜ੍ਹ ਦਾ ਮੁੱਦਾ ਗੂੰਜਿਆ। ਇਸ ਮੌਕੇ ਹਰਿਆਣਾ ਦੇ CM ਨਾਇਬ ਸੈਣੀ ਨੇ ਕਿਹਾ ਹਰਿਆਣਾ ਦੇ ਕਿਸਾਨਾਂ ਨੂੰ ਵੀ SYL ਦਾ ਪਾਣੀ ਮਿਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਵੀ ਇਹੀ ਕਹਿੰਦੀ ਹੈ ਤੇ ਅਸੀਂ SYL ਦਾ ਪਾਣੀ ਲਵਾਂਗੇ। ਚੰਡੀਗੜ੍ਹ ’ਚ ਸਾਨੂੰ ਨਵੀਂ ਵਿਧਾਨ ਸਭਾ ਦੀ ਲੋੜ ਹੈ ਪਰ ਪੰਜਾਬ ਦੇ ਲੀਡਰਾਂ ਨੇ ਸਾਡੀ ਵਿਧਾਨ ਸਭਾ ’ਤੇ ਸਵਾਲ ਚੁੱਕੇ ਹਨ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਬਾਰੇ ਥਾਨੇਸਰ ਤੋਂ ਕਾਂਗਰਸ ਦੇ ਅਸ਼ੋਕ ਅਰੋੜਾ ਨੇ ਕਿਹਾ ਕਿ ਚੰਡੀਗੜ੍ਹ ‘ਤੇ ਸਾਡਾ ਵੀ ਹੱਕ ਹੈ। ਇਸ ਮੁੱਦੇ ‘ਤੇ ਪੰਜਾਬ ਸਰਕਾਰ ਵੱਲੋਂ ਕਈ ਬਿਆਨ ਆਏ ਹਨ ਜੋ ਗ਼ਲਤ ਹਨ। ਚੰਡੀਗੜ੍ਹ ‘ਤੇ ਸਾਡਾ ਵੀ ਹੱਕ ਹੈ, ਚੰਡੀਗੜ੍ਹ ਵਿਚ ਜ਼ਮੀਨ ਦੇ ਬਦਲੇ ਪੈਸੇ ਜਾਂ ਜ਼ਮੀਨ ਨਹੀਂ ਦੇਣੀ ਚਾਹੀਦੀ, ਚੰਡੀਗੜ੍ਹ ਵੀ ਸਾਡਾ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ, ਮੇਰਾ ਮੰਨਣਾ ਹੈ ਕਿ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਸ ਮੁੱਦੇ ‘ਤੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ, ਇਹ ਕੋਈ ਸਿਆਸੀ ਮੁੱਦਾ ਨਹੀਂ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਅਤੇ ਗੰਭੀਰ ਹੈ। ਸਾਨੂੰ ਅਗਲੀ ਹੱਦਬੰਦੀ ਤੋਂ ਪਹਿਲਾਂ ਹੋਰ ਥਾਂ ਦੀ ਲੋੜ ਹੈ, ਇਸ ਲਈ ਸਾਨੂੰ ਨਵੀਂ ਵਿਧਾਨ ਸਭਾ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨੂੰ ਵੀ ਐਸਵਾਈਐਲ ਦਾ ਪਾਣੀ ਮਿਲਣਾ ਚਾਹੀਦਾ ਹੈ, ਸੁਪਰੀਮ ਕੋਰਟ ਵੀ ਇਹੀ ਕਹਿੰਦੀ ਹੈ, ਅਸੀਂ ਐਸਵਾਈਐਲ ਦਾ ਪਾਣੀ ਲਵਾਂਗੇ।

ਚੰਡੀਗੜ੍ਹ ’ਚ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ Read More »

ਮੋਦੀ, ਸ਼ਾਹ ਤੇ ਅੰਬਾਨੀ ਇੱਕ ਹਨ ਤਾਂ ਸੁਰੱਖਿਅਤ ਹਨ

ਰਾਂਚੀ, 19 ਨਵੰਬਰ – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ਦੇ ਨਾਅਰੇ ‘ਏਕ ਰਹੇਂਗੇ ਤੋ ਸੇਫ ਰਹੇਂਗੇ’ ’ਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅੰਬਾਨੀ ਜਿਹੇ ਅਰਬਪਤੀਆਂ ਵਿਚਾਲੇ ਇਕਜੁੱਟਤਾ ਲਈ ਦਿੱਤਾ ਗਿਆ ਹੈ। ਕਾਂਗਰਸ ਆਗੂ ਨੇ ਮਨੀਪੁਰ ਦਾ ਦੌਰਾ ਨਾ ਕਰਨ ਲਈ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਸੂਬਾ ਪਿਛਲੇ ਡੇਢ ਸਾਲ ਤੋਂ ਸੜ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ਾਹ ਮਨੀਪੁਰ ’ਚ ਹਿੰਸਾ ਰੋਕਣ ’ਚ ਦਿਲਚਸਪੀ ਨਹੀਂ ਲੈ ਰਹੇ ਕਿਉਂਕਿ ਉਹ ਆਪਣੇ ਹਿੱਤਾਂ ਲਈ ਕੰਮ ਕਰ ਰਹੇ ਹਨ। ਗਾਂਧੀ ਨੇ ਰਾਂਚੀ ’ਚ ਪੱਤਰਕਾਰ ਸੰਮੇਲਨ ਦੌਰਾਨ ਦੋਸ਼ ਲਾਉਂਦਿਆਂ ਕਿਹਾ, ‘ਮੈਂ ਭਾਜਪਾ ਦੇ ਨਾਅਰੇ ‘ਏਕ ਹੈਂ ਤੋ ਸੇਫ ਹੈਂ’ ਦਾ ਅਸਲੀ ਮਤਲਬ ਸਮਝਾਉਂਦਾ ਹਾਂ। ਇਸ ਦਾ ਮਤਲਬ ਹੈ ਕਿ ਜੇ ਮੋਦੀ, ਸ਼ਾਹ ਤੇ ਅੰਬਾਨੀ ਇੱਕ ਹਨ ਤਾਂ ਉਹ ਸੁਰੱਖਿਅਤ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਹਵਾਈ ਅੱਡਿਆਂ, ਬੰਦਰਗਾਹਾਂ ਤੇ ਕੁਦਰਤੀ ਸਰੋਤਾਂ ਸਮੇਤ ਦੇਸ਼ ਦੀਆਂ ਅਹਿਮ ਜਾਇਦਾਦਾਂ ਪਾਰਦਰਸ਼ੀ ਟੈਂਡਰ ਪ੍ਰਕਿਰਿਆ ਦਾ ਪਾਲਣ ਕੀਤੇ ਬਿਨਾਂ ਅਡਾਨੀ ਤੇ ਅੰਬਾਨੀ ਜਿਹੇ ਅਰਬਪਤੀਆਂ ਨੂੰ ਸੌਂਪੀਆਂ ਜਾ ਰਹੀਆਂ ਹਨ। ਗਾਂਧੀ ਨੇ ਕਿਹਾ ਕਿ ਜਾਤੀ ਆਧਾਰਿਤ ਜਨਗਣਨਾ ਦੇਸ਼ ਲਈ ਜ਼ਰੂਰੀ ਹੈ ਅਤੇ ਇਸ ਤੋਂ ਇਹ ਪਤਾ ਲੱਗੇਗਾ ਕਿ ਕਿਸ ਕੋਲ ਕਿੰਨਾ ਪੈਸਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਨੂੰ ਸਟੀਕ ਫ਼ੈਸਲਾ ਲੈਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ, ‘ਇਹ ਵਿਚਾਰਧਾਰਾਵਾਂ ਦੀ ਲੜਾਈ ਹੈ। ਇੱਕ ਪਾਸੇ ਇੰਡੀਆ ਗੱਠਜੋੜ ਹੈ ਜੋ ਸੰਵਿਧਾਨ ਦੀ ਰਾਖੀ ਕਰ ਰਿਹਾ ਹੈ ਅਤੇ ਗਰੀਬਾਂ, ਦਲਿਤਾਂ ਤੇ ਕਬਾਇਲੀਆਂ ਦੀ ਸਰਕਾਰ ਚਲਾਉਣਾ ਚਾਹੁੰਦਾ ਹੈ। ਦੂਜੇ ਪਾਸੇ ਉਹ ਤਾਕਤਾਂ ਹਨ ਜੋ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀਆਂ ਹਨ।

ਮੋਦੀ, ਸ਼ਾਹ ਤੇ ਅੰਬਾਨੀ ਇੱਕ ਹਨ ਤਾਂ ਸੁਰੱਖਿਅਤ ਹਨ Read More »

ਕੈਨੇਡਾ ਸਰਕਾਰ ਨੇ 38 ਹਜ਼ਾਰ ਗ਼ੈਰਕਾਨੂੰਨੀ ਪਰਵਾਸੀਆਂ ਦੇ ਖਿਲਾਫ਼ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ

ਵੈਨਕੂਵਰ, 19 ਨਵੰਬਰ – ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਢਹਿ ਢੇਰੀ ਹੋਏ ਇਮੀਗ੍ਰੇਸ਼ਨ ਸਿਸਟਮ ਨੂੰ ਮੁੜ ਪੈਰਾਂ ਸਿਰ ਕਰਨ ਲਈ ਇਮੀਗ੍ਰੇਸ਼ਨ ਮੰਤਰੀ ਮਾਈਕ ਮਿਲਰ ਯਤਨਸ਼ੀਲ ਹਨ। ਸਰਕਾਰ ਅਗਲੇ ਸਾਲ ਤੱਕ ਕਰੀਬ 12 ਲੱਖ ਕੱਚੇ ਲੋਕਾਂ ਨੂੰ ਦੇਸ਼ ’ਚੋਂ ਕੱਢਣ ਦਾ ਮਨ ਬਣਾਈ ਬੈਠੀ ਹੈ ਅਤੇ ਇਸ ਕੰਮ ’ਚ ਤੇਜ਼ੀ ਲਿਆਉਣ ਲਈ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਦੇ ਅਮਲੇ ਦੀ ਨਫ਼ਰੀ 15 ਫੀਸਦ ਵਧਾਉਣ ਸਮੇਤ ਉਸ ਨੂੰ ਕੁਝ ਵਾਧੂ ਸ਼ਕਤੀਆਂ ਵੀ ਦੇ ਦਿੱਤੀਆਂ ਹਨ। ਸਰਕਾਰੀ ਵਿਭਾਗਾਂ ਦੇ ਸੂਤਰਾਂ ਅਨੁਸਾਰ ਏਜੰਸੀ ਕੋਲ 38,030 ਲੋਕਾਂ ਦੇ ਗ੍ਰਿਫਤਾਰੀ ਵਾਰੰਟ ਆ ਚੁੱਕੇ ਹਨ, ਜਿਨ੍ਹਾਂ ਨੂੰ ਅਗਲੇ ਦਿਨਾਂ ’ਚ ਉਨ੍ਹਾਂ ਦੇ ਪਿੱਤਰੀ ਦੇਸ਼ ਭੇਜਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ ਬਹੁਤੇ ਉਹ ਹਨ, ਜੋ ਸੈਲਾਨੀ ਬਣ ਕੇ ਕੈਨੇਡਾ ਪੁੱਜੇ ਤੇ ਇਥੋਂ ਦੇ ਸਿਸਟਮ ਨਾਲ ਖਿਲਵਾੜ (ਅਣ-ਅਧਿਕਾਰਤ ਤੌਰ ’ਤੇ ਕੰਮ) ਕਰਦਿਆਂ ਫੜੇ ਗਏ। ਕੁਝ ਉਹ ਵੀ ਹਨ, ਜੋ ਵੀਜ਼ੇ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਇੱਥੇ ਹੀ ਟਿਕ ਗਏ। ਪਤਾ ਲੱਗਾ ਹੈ ਕਿ ਕੈਨੇਡਾ ਪਹੁੰਚੇ ਲੋਕਾਂ ਵੱਲੋਂ ਪੱਕੇ ਰਿਹਾਇਸ਼ੀ (ਪੀਆਰ) ਬਣਨ ਲਈ ਜਮ੍ਹਾਂ ਕਰਵਾਈਆਂ ਫਾਈਲਾਂ ਦੀ ਗਿਣਤੀ ਢਾਈ ਲੱਖ ਤੋਂ ਟੱਪ ਗਈ ਹੈ। ਇੰਨੀਆਂ ਫਾਈਲਾਂ ਦੇ ਨਿਬੇੜੇ ਲਈ ਆਮ ਤੌਰ ’ਤੇ 4-5 ਸਾਲ ਲੱਗਦੇ ਹਨ ਪਰ ਹੁਣ ਇਨ੍ਹਾਂ ਦਾ ਕੁਝ ਮਹੀਨਿਆਂ ਵਿੱਚ ਨਿਬੇੜਾ ਕਰਨ ਦੇ ਢੰਗ ਲੱਭੇ ਗਏ ਹਨ। ਆਵਾਸ ਮੰਤਰੀ ਦੇ ਨਿਰਦੇਸ਼ਾਂ ਹੇਠ ਵਿਭਾਗ ਵੱਲੋਂ ਫਾਈਲਾਂ ਦੇ ਇਸ ਢੇਰ ਦਾ ਵਰਗੀਕਰਨ ਕਰਕੇ, ਹਰ ਵਰਗ ਨੂੰ ਸਮੁੱਚੇ ਰੂਪ ਵਿੱਚ ਖਾਸ ਨੀਤੀਆਂ ਦੇ ਸਕੈਨਰ ’ਚੋਂ ਲੰਘਾ ਕੇ ਕੁਝ ਹਫਤਿਆਂ ’ਚ ਹਾਂ ਜਾਂ ਨਾਂ ਕਰਨ ਦੀ ਤਿਆਰੀ ਕਰ ਲਈ ਗਈ ਹੈ। ਬੇਸ਼ੱਕ ਕੱਚੇ ਲੋਕਾਂ ਦੀ ਐਨੀ ਵੱਡੀ ਗਿਣਤੀ ਨਾਲ ਸਿੱਝਣਾ ਸਰਕਾਰ ਲਈ ਸੌਖਾ ਕੰਮ ਨਹੀਂ। ਇਸੇ ਲਈ ਆਵਾਸ ਮੰਤਰੀ ਵੱਲੋਂ ਕੰਮ ਕਰਨ ਦੇ ਬੁਨਿਆਦੀ ਢਾਂਚੇ ’ਚ ਵੀ ਬਦਲਾਅ ਕੀਤੇ ਜਾ ਰਹੇ ਹਨ ਤਾਂ ਕਿ ਅਗਲੇ ਸਾਲ ’ਚ ਮੌਜੂਦਾ ਅਬਾਦੀ ਨੂੰ ਬਰੇਕ ਹੀ ਨਹੀਂ ਸਗੋਂ ਮੋੜਾ ਦੇ ਕੇ ਮਿੱਥੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ। ਪਿਛਲੇ ਮਹੀਨਿਆਂ ਵਿੱਚ ਹੋਈਆਂ ਕੁਝ ਸੰਸਦੀ ਉਪ ਚੋਣਾਂ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੀ ਝੋਲੀ ਪਈਆਂ ਨਾਮੋਸ਼ੀਜਨਕ ਹਾਰਾਂ ਤੋਂ ਸਰਕਾਰ ਨੂੰ ਆਪਣਾ ਭਵਿੱਖ ਦਿਸਣ ਲੱਗਾ ਹੈ ਤੇ ਆਖਰੀ ਦਾਅ ਵਜੋਂ ਸਰਕਾਰ ਨੇ ਸਖ਼ਤ ਕਦਮ ਚੁੱਕਣ ਦੀ ਝਿਜਕ ਲਾਹ ਦਿੱਤੀ ਹੈ। ਸਰਕਾਰ ਕੋਲ ਪਹੁੰਚੇ ਅੰਕੜਿਆਂ ਅਨੁਸਾਰ ਦੇਸ਼ ’ਚ 12,62,801 ਲੋਕ ਗੈਰਕਨੂੰਨੀ ਢੰਗ ਨਾਲ ਰਹਿ ਰਹੇ ਹਨ, ਜਿਨ੍ਹਾਂ ਨੂੰ ਵਾਪਸ ਭੇਜਣ ਤੋਂ ਬਾਅਦ ਹੀ ਸਿਹਤ, ਰਿਹਾਇਸ਼ ਅਤੇ ਰੁਜ਼ਗਾਰ ਮੌਕਿਆਂ ਦੇ ਸੰਤੁਲਨ ਵਿੱਚ ਆਏ ਵਿਗਾੜ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕਦਾ ਹੈ। ਟਰੂਡੋ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਖ਼ਾਮੀਆਂ ਮੰਨੀਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਗਲਤੀਆਂ ਕੀਤੀਆਂ ਹਨ, ਜਿਸ ਕਾਰਨ ‘ਫਰਜ਼ੀ ਕਾਲਜਾਂ’ ਅਤੇ ਵੱਡੀਆਂ ਕਾਰਪੋਰੇਸ਼ਨਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਸਿਸਟਮ ਦਾ ਸ਼ੋਸ਼ਣ ਕੀਤਾ ਗਿਆ। ਟਰੂਡੋ ਦਾ ਇਹ ਬਿਆਨ ਕੈਨੇਡਾ ’ਚ 2025 ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਲੋਕਪ੍ਰਿਅਤਾ ’ਚ ਆਈ ਕਮੀ ਦੌਰਾਨ ਆਇਆ ਹੈ। ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਰਿਹਾਇਸ਼ ਦੀ ਘਾਟ, ਮਹਿੰਗਾਈ ਅਤੇ ਸਿਹਤ ਤੇ ਆਵਾਜਾਈ ਪ੍ਰਣਾਲੀ ’ਚ ਆ ਰਹੇ ਵਿਗਾੜ ਕਾਰਨ ਆਪਣੀਆਂ ਨੀਤੀਆਂ ਲਈ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੂਡੋ ਨੇ ਆਪਣੇ ਯੂਟਿਊਬ ਚੈਨਲ ’ਤੇ ਸਾਂਝੀ ਕੀਤੀ ਵੀਡੀਓ ਵਿੱਚ ਕਿਹਾ, ‘ਪਿਛਲੇ ਦੋ ਸਾਲਾਂ ’ਚ ਸਾਡੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਫਰਜ਼ੀ ਕਾਲਜ ਅਤੇ ਵੱਡੀਆਂ ਚੇਨ ਕਾਰਪੋਰੇਸ਼ਨਾਂ ਆਪਣੇ ਹਿੱਤਾਂ ਲਈ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰ ਰਹੀਆਂ ਹਨ। ਇਸ ਨਾਲ ਨਜਿੱਠਣ ਲਈ ਅਸੀਂ ਅਗਲੇ ਤਿੰਨ ਸਾਲ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਾ ਰਹੇ ਹਾਂ।’ ਉਨ੍ਹਾਂ ਆਪਣੀ ਸਰਕਾਰ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ, ‘ਅਸੀਂ ਕੁਝ ਗਲਤੀਆਂ ਕੀਤੀਆਂ, ਇਸੇ ਲਈ ਅਸੀਂ ਵੱਡਾ ਕਦਮ ਚੁੱਕ ਰਹੇ ਹਾਂ।’ ਕੈਨੇਡਾ ’ਚ 42,700 ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਅਨੁਸਾਰ ਕੈਨੇਡਾ ’ਚ ਪੜ੍ਹਨ ਆਉਂਦੇ ਵਿਦਿਆਰਥੀਆਂ ’ਚ ਬਹੁਗਿਣਤੀ ਭਾਰਤੀ ਹਨ। ਅੰਦਾਜ਼ੇ ਅਨੁਸਾਰ 4,27,000 ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਪੜ੍ਹ ਰਹੇ ਹਨ। ਟਰੂਡੋ ਨੇ ਕਿਹਾ ਕਿ ਸਾਲਾਂ ਤੋਂ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਸਿਰਫ ਸਥਾਈ ਇਮੀਗ੍ਰੇਸ਼ਨ ’ਤੇ ਕੇਂਦਰਿਤ ਰਹੀ ਹੈ। ਲੋਕ ਆਪੋ-ਆਪਣੇ ਪਰਿਵਾਰਾਂ ਨਾਲ ਕੈਨੇਡਾ ਵਸਣ ਲਈ ਆਉਂਦੇ ਹਨ ਅਤੇ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਉਹ ਹਰ ਸਾਲ ਕਿੰਨੇ ਸਥਾਈ ਵਸਨੀਕਾਂ ਨੂੰ ਦਾਖਲ ਕਰਨਾ ਚਾਹੁੰਦੀ ਹੈ। ਹਾਲਾਂਕਿ ਇਸ ਦੌਰਾਨ ਅਸਥਾਈ ਇਮੀਗ੍ਰੇਸ਼ਨ ਵਿਚਾਲੇ ਹੀ ਰਹਿ ਗਈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਅਨੁਸਾਰ ਉਹ ਸਥਾਈ ਅਤੇ ਅਸਥਾਈ ਦੋਵਾਂ ਤਰ੍ਹਾਂ ਦੇ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨਾ ਚਾਹੁੰਦੇ ਹਨ।

ਕੈਨੇਡਾ ਸਰਕਾਰ ਨੇ 38 ਹਜ਼ਾਰ ਗ਼ੈਰਕਾਨੂੰਨੀ ਪਰਵਾਸੀਆਂ ਦੇ ਖਿਲਾਫ਼ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ Read More »

ਅਕਾਲੀ ਸਿਆਸਤ ਦਾ ਵਰਤਮਾਨ ਸੰਕਟ/ਬਲਕਾਰ ਸਿੰਘ ਪ੍ਰੋਫੈਸਰ

ਗੁਰੂ ਨਾਨਕ ਦੇਵ ਦੇ 1499 ਵਿਚ ਦਿੱਤੇ ਗਏ ‘ਵੇਈਂ ਨਦੀ ਸੰਦੇਸ਼’ (ਨ ਕੋ ਹਿੰਦੂ ਨ ਮੁਸਲਮਾਨ) ਤੋਂ ਪਿੱਛੋਂ ਪੰਜਾਬ ਸਭਿਆਚਾਰਕ ਖਿੱਤੇ ਦੇ ਨਾਲ-ਨਾਲ ਗੁਰੂ ਦੇ ਨਾਮ ’ਤੇ ਜਿਊਣ ਵਾਲਾ ਪੰਜਾਬ ਹੋ ਗਿਆ ਸੀ। ਗੁਰੂ ਚਿੰਤਨ ਦਾ ਪੰਘੂੜਾ ਹੋਣ ਕਰ ਕੇ ਪੰਜਾਬ ਵਿਚੋਂ ਕੁਝ ਵੀ ਮਨਫੀ ਕਰਨ ਦੀ ਲੋੜ ਨਹੀਂ ਪਈ ਸੀ। ਇਹ ਉਸ ਗੁਰਮਤਿ ਵਿਧੀ ਕਰ ਕੇ ਵਾਪਰਿਆ ਸੀ ਜਿਸ ਨੇ ਪ੍ਰਾਪਤ ਵਿੱਚੋਂ ਜੋ ਲੈਣ ਯੋਗ ਸੀ, ਉਹ ਲੈ ਲਿਆ ਸੀ; ਜੋ ਛੱਡਣ ਯੋਗ ਸੀ, ਉਹ ਛੱਡ ਲਿਆ ਸੀ। ਬੰਦੇ ਦੇ ਪੈਰੋਂ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਨੂੰ ਦੇਖਦਿਆਂ ਦੇਹ-ਗੁਰੂ ਦਾ ਸਦੀਵ ਬਦਲਾਓ ‘ਗੁਰੂ ਮਾਨਿਓ ਗ੍ਰੰਥ’ ਦੇ ਰੂਪ ਵਿਚ ਸ਼ਬਦ-ਗੁਰੂ ਕਰ ਦਿੱਤਾ ਗਿਆ ਸੀ। ਇਸੇ ਆਧਾਰ ’ਤੇ ਪੈਦਾ ਹੋਇਆ ਸਿੱਖ ਭਾਈਚਾਰਾ ਪੰਜਾਬ ਵਿਚ ਘੱਟਗਿਣਤੀ ਹੋਣ ਦੇ ਬਾਵਜੂਦ ਸਮਾਜਿਕ ਅਤੇ ਰਾਜਨੀਤਕ ਪੱਖੋਂ ਨੁਮਾਇਆ ਹੋ ਗਿਆ ਸੀ ਕਿਉਂਕਿ ਪੰਜਾਬ ਨੂੰ ਦਰਪੇਸ਼ ਮੁਹਿੰਮਾਂ ਦਾ ਸਾਹਮਣਾ ਇਹ ਭਾਈਚਾਰਾ ਅੱਗੇ ਲੱਗ ਕੇ ਕਰਦਾ ਰਿਹਾ ਸੀ। ਇਸੇ ਵਿਚੋਂ ਸਿੱਖ ਸਿਆਸਤ ਦਾ ਮੁੱਢ ਬਾਬਾ ਬੰਦਾ ਸਿੰਘ ਬਹਾਦਰ ਨਾਲ ਬੱਝ ਗਿਆ ਸੀ। ਇਹੀ ਬਰਾਸਤਾ ਮਹਰਾਜਾ ਰਣਜੀਤ ਸਿੰਘ, ਅਕਾਲੀਆਂ ਤੱਕ ਪੁਹੰਚ ਗਿਆ ਸੀ। ਸੀ ਨੂੰ ਹੈ ਜਾਂ ਹੋਣਾ ਵਿਚ ਅਨੁਵਾਦ ਕਰਨ ਦੀ ਅਕਾਲੀ ਰਾਜਨੀਤੀ ਦਾ ਵਰਤਮਾਨ ਅਕਾਲੀ ਸੰਕਟ ਵਾਂਗ ਸਭ ਦੇ ਸਾਹਮਣੇ ਹੈ। ਵਿਦਵਾਨਾਂ ਨੇ ਅਕਾਲੀ ਦਲ ਨੂੰ ਚੁਣੌਤੀਆਂ ਦਾ ਟਾਕਰਾ ਕਰਨ ਵਾਲਾ ਅਤੇ ਤਬਦੀਲੀਆਂ ਦਾ ਗਵਾਹ ਮੰਨਦਿਆਂ ਅਕਾਲੀਆਂ ਨੂੰ ਇਸ ਦੇ ਵਾਰਸ ਮੰਨਿਆ ਹੋਇਆ ਹੈ। ਵਿਰਾਸਤੀ ਪ੍ਰਸੰਗ ਵਿਚੋਂ ਨਿਕਲ ਕੇ ਮਾਲਕੀ ਸੁਰ ਵਿਚ ਅਕਾਲੀ ਆਗੂ ਪੰਜਾਬ ਦੀ ਸਿਆਸਤ ਨੂੰ ਜਗੀਰਦਾਰੀ ਸ਼ੈਲੀ ਵਿਚ ਹੰਢਾਉਣ ਦੀ ਜਿਵੇਂ-ਜਿਵੇਂ ਕੋਸ਼ਿਸ਼ ਕਰਦੇ ਗਏ, ਉਵੇਂ-ਉਵੇਂ ਉਹ ਸਿੱਖ ਸੁਰ ਨਾਲੋਂ ਦੂਰ ਹੁੰਦੇ ਚਲੇ ਗਏ। ਇਸ ਨਾਲ ਸੰਗਤੀ ਸੁਰ ਵਾਲੀ ਫੈਡਰਲ ਰਾਜਨੀਤੀ ਕਥਿਤ ਜਰਨੈਲੀ ਵਿਅਕਤੀਵਾਦ ਵਿਚ ਢਲਦੀ-ਢਲਦੀ ਇਸ ਵੇਲੇ ਸਿਖਰ ’ਤੇ ਪਹੁੰਚ ਗਈ ਹੈ। ਇਸ ਬਾਰੇ ਅੰਦਰੋਂ ਬਣੀ ਝੂੰਦਾਂ ਕਮੇਟੀ ਨੇ ਜਿੰਨਾ ਕੁ ਸੱਚ ਸਾਹਮਣੇ ਲਿਆਂਦਾ ਸੀ, ਉਸ ਵੱਲ ਵੀ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਗਈ। ਦਸ ਸਾਲ ਦੇ ਕਾਰਜਕਾਲ ਦੌਰਾਨ ਸੱਤਾ ਚਲਾਉਣ ਵਾਲਿਆਂ ਨੇ ਮਨਮਰਜ਼ੀਆਂ ਕੀਤੀਆਂ। ਇਹ ਮਸਲਾ ਅਕਾਲੀਆਂ ਨੇ ਹੀ ਅਕਾਲੀਆਂ ਵਿਰੁੱਧ ਅਕਾਲ ਤਖਤ ਸਾਹਿਬ ’ਤੇ ਪਹੁੰਚਾ ਦਿੱਤਾ ਹੈ। ਇਸ ਬਾਰੇ ਦਾਨਿਸ਼ਵਰਾਂ ਦੀ ਮੀਟਿੰਗ ਹੋ ਚੁੱਕੀ ਹੈ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪ੍ਰਭੂਸੱਤਾ ਦਾ ਸਮਰਥਨ ਕੀਤਾ ਜਾ ਚੁੱਕਾ ਹੈ। ਜੋ ਸਭ ਨੂੰ ਨਜ਼ਰ ਆ ਰਿਹਾ ਹੈ, ਉਹ ਅਕਾਲੀਆਂ ਨੂੰ ਬਿਲਕੁਲ ਨਜ਼ਰ ਨਹੀਂ ਆ ਰਿਹਾ? ਇਸ ਹਾਲਤ ਵਿਚ ਫੈਸਲਾ ਕਰਨ ਦੀ ਥਾਂ ਰਾਹ ਕੱਢਣ ਦੀ ਸੰਗਤੀ ਵਿਧਾ ਨੂੰ ਕੇਂਦਰ ਵਿਚ ਰੱਖ ਕੇ ਮੈਂ ਆਪਣੀ ਰਾਏ ਜਥੇਦਾਰ ਨੂੰ ਲਿਖ ਕੇ ਭੇਜੀ ਸੀ: “ਦਰਪੇਸ਼ ਮੁੱਦਾ ਇਹ ਹੈ ਕਿ ਅਕਾਲੀਆਂ ਨੂੰ ਬਚਾਉਣਾ ਹੈ ਕਿ ਅਕਾਲੀ ਦਲ ਨੂੰ ਬਚਾਉਣਾ ਹੈ? ਅਕਾਲੀਆਂ ਨੂੰ ਸਿਆਸੀ ਸੁਰ ਵਿਚ ਬਚਾਇਆ ਜਾ ਸਕਦਾ ਹੈ ਅਤੇ ਅਕਾਲੀ ਦਲ ਨੂੰ ਪੰਥਕ ਸੰਸਥਾ ਵਜੋਂ ਸਿੱਖ ਸੁਰ ਵਿਚ ਬਚਾਇਆ ਜਾ ਸਕਦਾ ਹੈ? ਸਿਆਸੀ ਸੁਰ ਵਿਚ ਫੈਸਲਾ ਕਰਨਾ ਪੈਣਾ ਹੈ ਅਤੇ ਸਿੱਖ ਸੁਰ ਵਿਚ ਰਾਹ ਕੱਢਣਾ ਪੈਣਾ ਹੈ। ਲੱਗਦਾ ਹੈ ਕਿ ਸੰਕਟ ਅਕਾਲੀਆਂ ਦਾ ਹੈ, ਅਕਾਲੀ ਦਲ ਦਾ ਨਹੀਂ ਅਤੇ ਵਰਤਮਾਨ ਅਕਾਲੀ ਸੰਕਟ ਦੀਆਂ ਇਹ ਤਿੰਨ ਧਿਰਾਂ ਹਨ: 1) ਅਕਾਲੀ ਸਿਆਸਤਦਾਨ ਕਿਸੇ ਵੀ ਰੰਗ ਦਾ; 2) ਸਿੱਖ ਸੰਗਤ; 3) ਸਿੱਖ ਪੰਥ। ਮਸਲਾ ਅਕਾਲੀ ਸਿਆਸਤਦਾਨ ਹਨ ਜਾਂ ਅਕਾਲੀ ਸਿਆਸਤ, ਇਸ ਨੂੰ ਅਕਾਲੀ ਦਲ ਨਾਲ ਨਹੀਂ ਉਲਝਾਉਣਾ ਚਾਹੀਦਾ ਕਿਉਂਕਿ ਅਕਾਲੀ ਦਲ ਨੂੰ ਅਕਾਲੀ ਸਿਆਸਤਦਾਨ ਫੇਲ੍ਹ ਕਰ ਚੁੱਕੇ ਹਨ। ਅਕਾਲੀ ਦਲ ਤਾਂ ਇਸ ਵੇਲੇ ਸਿਆਸੀ ਅਪਹਰਨ ਦਾ ਉਸੇ ਤਰ੍ਹਾਂ ਸ਼ਿਕਾਰ ਹੈ ਜਿਵੇਂ ਸਿੱਖ ਸੰਸਥਾਵਾਂ ਹਨ। ਨਤੀਜੇ ਵਜੋਂ ਕਿਸੇ ਵੀ ਰੰਗ ਦਾ ਅਕਾਲੀ ਸਿਆਸਤਦਾਨ, ਸਿੱਖ ਸੰਗਤ ਅਤੇ ਸਿੱਖ ਪੰਥ ਵਿਚ ਆਪਣੀ ਸਾਖ ਗੁਆ ਚੁੱਕਾ ਨਜ਼ਰ ਆ ਰਿਹਾ ਹੈ ਅਤੇ ਗੁਆਚੀ ਸਾਖ ਦੀ ਬਹਾਲੀ ਦਾ ਸਿਆਸੀ ਪੈਂਤੜਾ, ਦਾਗ਼ੀਆਂ ਤੇ ਬਾਗ਼ੀਆਂ ਦੇ ਰੂਪ ਵਿਚ ਅਕਾਲ ਤਖਤ ਸਾਹਿਬ ’ਤੇ ਪਹੁੰਚ ਚੁੱਕਾ ਹੈ। ਸਿਆਸਤਦਾਨਾਂ ਦੇ ਪੈਰੋਂ ਪੈਦਾ ਹੋਈਆਂ ਦੁਸ਼ਵਾਰੀਆਂ ਨੂੰ ਸਿਆਸਤਦਾਨਾਂ ਰਾਹੀਂ ਨਹੀਂ ਸੁਲਝਾਇਆ ਜਾ ਸਕਦਾ ਕਿਉਂਕਿ ਜੋ ਉਖੜਿਆ ਤੇ ਉਲਝਿਆ ਹੋਇਆ ਹੈ, ਉਸ ਤੋਂ ਸੁਲਝਾਉਣ ਦੀ ਆਸ ਹੀ ਕਿਵੇਂ ਕੀਤੀ ਜਾ ਸਕਦੀ ਹੈ? ਤਾਂ ਤੇ ਦਾਗ਼ੀਆਂ, ਬਾਗ਼ੀਆਂ ਅਤੇ ਸਿਆਸੀ ਸ਼ਹਿ ਲਾਈ ਬੈਠੇ ਸਿੱਖ ਸਿਆਸਤਦਾਨਾਂ ਬਾਰੇ ਫੈਸਲਾ ਕਰਨ ਦੀ ਥਾਂ ਸਿੱਖ ਸੰਗਤ ਅਤੇ ਸਿੱਖ ਪੰਥ ਰਾਹੀਂ ਦਰਪੇਸ਼ ਮਸਲੇ ਵਾਸਤੇ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹਾ ਜੇ ਇਸ ਵੇਲੇ ਸਿਧਾਂਤ ਅਤੇ ਪਰੰਪਰਾ ਮੁਤਾਬਿਕ ਨਾ ਵੀ ਸੰਭਵ ਲੱਗੇ ਤਾਂ ਵੀ ਇਸ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਤਾਂ ਕੀਤੀ ਹੀ ਜਾ ਸਕਦੀ ਹੈ ਕਿ ਸਿਆਸੀ ਫੈਸਲਾ ਕਰਨ ਦੀ ਥਾਂ ਮੌਜੂਦਾ ਸਿਆਸਤ ਨਾਲ ਤੁਰ ਸਕਣ ਦੀਆਂ ਸੰਭਾਵਨਾਵਾਂ ਤਲਾਸ਼ਣ ਵਾਲੀ ਗੁਰਮਤਿ ਭਾਵਨਾ ਵਾਲਾ ਪੰਥਕ ਰਾਹ ਸਮਝਿਆ/ਸਮਝਾਇਆ ਜਾ ਸਕਦਾ ਹੈ। ਵਰਤਮਾਨ ਸਿਆਸੀ ਸੰਕਟ ਕਿਸੇ ਸਿਧਾਂਤਕ ਅਤੇ ਪਰੰਪਰਕ ਲਗਾਤਾਰਤਾ ਵਿਚ ਨਜ਼ਰ ਨਾ ਆਉਣ ਕਰ ਕੇ ਕਿਸੇ ਦੇ ਹੱਕ ਜਾਂ ਵਿਰੋਧ ਵਾਲੇ ਫੈਸਲੇ ਦਾ ਮੁਥਾਜ ਨਹੀਂ ਹੋਣ ਦੇਣਾ ਚਾਹੀਦਾ। ਫੈਸਲਾ, ਸੰਗਤ ਤੇ ਪੰਥ ਨੂੰ ਸਿੱਧਾ ਹੱਥ ਵਿਚ ਲੈਣ ਦੇਣਾ ਚਾਹੀਦਾ ਹੈ। ਸਿੱਖਾਂ ਦੇ ਸੰਗਤੀ ਰਾਹ ਨੂੰ ਸਿੱਖ ਪ੍ਰਸੰਗ ਵਿਚ ਲੋਕਤੰਤਰੀ ਰਾਹ ਦੀ ਪੰਥਕ ਵਿਰਾਸਤ ਕਿਹਾ ਜਾ ਸਕਦਾ ਹੈ। ਉਪਰੋਕਤ ਰੌਸ਼ਨੀ ਵਿਚ ਅਕਾਲੀਆਂ ਨੂੰ ਬਚਾਉਣ ਦੇ ਸਿਆਸੀ ਫੈਸਲੇ ਦੀ ਥਾਂ, ਅਕਾਲੀ ਦਲ ਨੂੰ ਨਵੇਂ ਸਿਰਿਉਂ ਉਸਾਰਨ ਦੇ ਰਾਹ ਤੁਰਾਂਗੇ ਤਾਂ ਸੰਗਤ ਅਤੇ ਪੰਥ ਵਿਚ ਸਾਖ ਗੁਆ ਚੁੱਕੇ ਅਕਾਲੀਆਂ ਨੂੰ ਵੀ ਸੰਗਤ ਅਤੇ ਪੰਥ ਰਾਹੀਂ ਸਾਖ-ਬਹਾਲੀ ਦਾ ਮੌਕਾ ਦੇ ਰਹੇ ਹੋਵਾਂਗੇ। ਕਿਸੇ ਵੀ ਕਾਰਨ ਸਿਆਸੀ ਖੁਆਰੀ ਦਾ ਸ਼ਿਕਾਰ ਹੋਇਆਂ ਨੂੰ ਇਸ ਰਾਹੇ ਤੁਰ ਕੇ ਜਥੇਦਾਰ ਦੀ ਅਗਵਾਈ ਵਿਚ ਨਵੇਂ ਸਿਰਿਉਂ ਅਕਾਲੀ ਦਲ ਦੀ ਭਰਤੀ ਕਰ ਕੇ ਨਵੇਂ ਸਿਰਿਉਂ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸੰਭਾਵੀ ਅਕਾਲੀ ਦਲ ਦੇ ਹੋਰ ਅਹੁਦੇਦਾਰ ਚੁਣਨ ਦੇ ਪਰੰਪਰਕ ਮਾਰਗ ’ਤੇ ਤੋਰਿਆ ਜਾ ਸਕਦਾ ਹੈ।” ਕੌਣ ਕਿਸ ਨੂੰ ਦੱਸੇ ਕਿ ਸਿੱਖ ਤਾਂ ਦੁਸ਼ਵਾਰੀਆਂ ਵਿਚ ਵੀ ਇਤਿਹਾਸ ਸਿਰਜਦੇ ਰਹੇ ਹਨ ਪਰ ਮਿਲੀਆਂ ਹੋਈਆਂ ਸਿਆਸੀ ਸਹੂਲਤਾਂ ਨੇ ਅਕਾਲੀਆਂ ਦਾ ਇਹ ਰਾਹ ਕਿਵੇਂ ਤੇ ਕਿਉਂ ਰੋਕਿਆ? ਕੰਧ ’ਤੇ ਲਿਖੇ ਨੂੰ ਪੜ੍ਹਨ ਦੀ ਥਾਂ ਅਕਾਲੀਆਂ ਨੇ ਇਸ ਨੂੰ ਟੰਗੀ ਕਿਉਂ ਰੱਖਿਆ? ਲੋਕਤੰਤਰ ਦੀ ਫੈਡਰਲ ਸਿਆਸਤ ਵਿੱਚੋਂ ਜਗੀਰਦਾਰੀ ਦਾ ਭੂਤ ਕਿਵੇਂ ਤੇ ਕਿਉਂ ਨਿਕਲਿਆ? ਸਿਆਸਤ ਨਹੀਂ ਸੇਵਾ ਨੂੰ ਸੌਖਿਆਂ ਅਮੀਰ ਹੋਣ ਅਤੇ ਬਿਨਾਂ ਕੰਮ ਕੀਤਿਆਂ ਮੌਜਾਂ ਲੈਣ ਵਾਲੀ ਸਿਆਸਤ ਕਿਸ ਨੇ ਬਣਾਇਆ? ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਅਕਾਲੀਆਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਅਕਾਲੀਆਂ ਵਿੱਚੋਂ ਅਕਾਲੀਅਤ ਕਦੋਂ ਤੇ ਕਿਵੇਂ ਗੁੰਮ ਹੋ ਗਈ ਹੈ? ਜੇ ਸਿੱਖ ਹੀ ‘ਰਾਖਾ ਆਪ ਅਕਾਲ ਅਕਾਲੀਆਂ ਦਾ’ ਦੀ ਭਾਵਨਾ ਵਿਚ ਅਕਾਲੀ ਹੋਇਆ ਸੀ ਤਾਂ ਵਰਤਮਾਨ ਅਕਾਲੀਆਂ ਨੂੰ ਅਕਾਲੀ ਹੋਣ ਵਾਸਤੇ ਸਿੱਖ ਹੋਣ ਦੀ ਲੋੜ ਕਿਉਂ ਮਹਿਸੂਸ ਨਹੀਂ ਹੋ ਰਹੀ? ਜੇ ਸਾਰੇ ਸਿਆਸੀ ਰੋਗ ਬਾਣੀ ਨਾਲੋਂ ਵਿਛੜਨ ਕਰ ਕੇ ਪੈਦਾ ਹੋ ਗਏ ਹਨ ਤਾਂ ਬਾਣੀ ਵੱਲ ਮੁੜਨ ਵਾਲੇ ਪਾਸੇ ਅਕਾਲੀ ਕਿਉਂ ਨਹੀਂ ਤੁਰ ਰਹੇ? ਇਹ ਸਾਰੇ ਸਵਾਲ ਅਕਾਲੀਆਂ ਦੇ ਅਕਾਲੀ ਵਰਤਾਰੇ, ਅਕਾਲੀ ਮਾਨਸਿਕਤਾ ਅਤੇ ਅਕਾਲੀ ਸਿਆਸਤ ਨਾਲ ਜੁੜੇ ਹੋਏ ਹਨ। ਅਕਾਲੀ ਸੰਭਾਵਨਾਵਾਂ ਦੀ ਸਿਆਸਤ ਨਿਊਟਰਲ ਗੇਅਰ ਵਿਚ ਵਰਤਮਾਨ ਵਿਚ ਵੀ ਭੱਜੇ ਜਾਣ ਦਾ ਭਰਮ ਪਾਲ ਰਹੀ ਹੈ। ਅਕਾਲੀਆਂ ਨੂੰ ਬਚਾਉਣ ਦੀ ਸਿਆਸਤ ਦੇ ਪ੍ਰਸੰਗ ਵਿਚ ਜਥੇਦਾਰੀ ਸੰਸਥਾ ਸਾਹਮਣੇ ਇਤਿਹਾਸਕ ਭੂਮਿਕਾ ਨਿਭਾਉਣ ਦਾ ਅਵਸਰ ਪੰਥਕ ਵੰਗਾਰ ਵਾਂਗ ਖੜ੍ਹਾ

ਅਕਾਲੀ ਸਿਆਸਤ ਦਾ ਵਰਤਮਾਨ ਸੰਕਟ/ਬਲਕਾਰ ਸਿੰਘ ਪ੍ਰੋਫੈਸਰ Read More »

ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ

ਨਵੀਂ ਦਿੱਲੀ, 19 ਨਵੰਬਰ – ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ’ਚ ਗ੍ਰਿਫਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੀ ਇਕ ਅਦਾਲਤ ਵਲੋਂ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਐਨ.ਡੀ.ਟੀ.ਵੀ. ਦੀ ਰੀਪੋਰਟ ਮੁਤਾਬਕ 50 ਸਾਲ ਦੇ ਅਨਮੋਲ ਨੂੰ ਅੱਜ ਸਵੇਰੇ ਗ੍ਰਿਫਤਾਰ ਕੀਤਾ ਗਿਆ। ਅਨਮੋਲ ਅਪ੍ਰੈਲ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਘਟਨਾ ’ਚ ਸ਼ੱਕੀ ਹੈ। ਉਸ ’ਤੇ 2022 ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਅਹਿਮ ਭੂਮਿਕਾ ਨਿਭਾਉਣ ਦਾ ਵੀ ਦੋਸ਼ ਹੈ। ਅਨਮੋਲ ਨੂੰ ਜੋਧਪੁਰ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਕੀਤੇ ਜਾਣ ਦੇ ਅੱਠ ਮਹੀਨੇ ਬਾਅਦ ਹੀ ਮੂਸੇਵਾਲਾ ਦਾ ਕਤਲ ਕਰ ਦਿਤਾ ਗਿਆ ਸੀ, ਜਿੱਥੇ ਉਹ ਕਈ ਅਪਰਾਧਕ ਮਾਮਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ’ਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਜਾਂਚ ਏਜੰਸੀਆਂ ਨੇ ਉਸ ਨੂੰ ਪਿਛਲੇ ਮਹੀਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਨਾਲ ਵੀ ਜੋੜਿਆ ਹੈ ਅਤੇ ਜਾਂਚਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਮਲੇ ਲਈ ਮਾਲ-ਅਸਬਾਬ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਅਧਿਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਅਨਮੋਲ ਵਿਦੇਸ਼ ’ਚ ਹੋਣ ਦੇ ਬਾਵਜੂਦ ਸਨੈਪਚੈਟ ਰਾਹੀਂ ਤਿੰਨ ਸ਼ੂਟਰਾਂ ਦੇ ਸੰਪਰਕ ’ਚ ਸੀ। ਉਹ ਇਸ ਸਮੇਂ ਭਾਰਤ ਵਿਚ 18 ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਉਸ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ’ਤੇ ਹਮਲਿਆਂ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਅਨਮੋਲ ਲਾਪਤਾ ਹੋ ਗਿਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਜਾਅਲੀ ਪਾਸਪੋਰਟ ’ਤੇ ਭਾਰਤ ਤੋਂ ਭੱਜ ਗਿਆ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਸ ਨੇ ਕਿਸ ਦੇਸ਼ ’ਚ ਪਨਾਹ ਲਈ ਸੀ, ਕੁੱਝ ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਉਹ ਕੈਨੇਡਾ ਤੋਂ ਬਿਸ਼ਨੋਈ ਗੈਂਗ ਦੇ ਮਾਮਲਿਆਂ ਦਾ ਪ੍ਰਬੰਧਨ ਕਰ ਰਿਹਾ ਸੀ। ਕੁੱਝ ਰੀਪੋਰਟਾਂ ਅਨੁਸਾਰ ਅਨਮੋਲ ਨੂੰ ਪਿਛਲੇ ਸਾਲ ਕੀਨੀਆ ’ਚ ਵੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਨੇ ਕਈ ਵਾਰ ਅਪਣਾ ਟਿਕਾਣਾ ਬਦਲਿਆ ਹੈ।

ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ Read More »

300 ਯੂਨਿਟ ਮੁਫ਼ਤ ਬਿਜਲੀ ਵਾਲਿਆਂ ਲਈ ਅਹਿਮ ਖਬਰ, ਸਰਕਾਰ ਕਰੇਗੀ ਮੀਟਰਾਂ ਦੀ ਜਾਂਚ

ਚੰਡੀਗੜ੍ਹ, 19 ਨਵੰਬਰ – ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਵਿੱਚ ਭਾਰੀ ਕਮੀ ਆਈ ਹੈ। ਇਸ ਕਾਰਨ ਵਿਭਾਗੀ ਅਧਿਕਾਰੀ ਨਿਰਵਿਘਨ ਬਿਜਲੀ ਸਪਲਾਈ ਤੋਂ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਹੋਰ ਕੰਮਾਂ ਵੱਲ ਧਿਆਨ ਦੇ ਰਹੇ ਹਨ। ਇਸੇ ਲੜੀ ਤਹਿਤ ਗਲਤ ਢੰਗ ਨਾਲ ਲਗਾਏ ਗਏ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕੁਨੈਕਸ਼ਨਾਂ ਵਿੱਚ ਭਾਰੀ ਵਾਧਾ ਹੋਇਆ ਹੈ। ਗਲਤ ਤਰੀਕੇ ਨਾਲ ਮੀਟਰ ਲਗਾਉਣ ਲਈ ਹਰ ਖੇਤਰ ਵਿੱਚ ਮੁਕਾਬਲਾ ਸੀ ਅਤੇ ਇੱਕ ਘਰ ਵਿੱਚ 2 ਮੀਟਰ ਲਗਾ ਕੇ ਮੁਫਤ ਬਿਜਲੀ ਸਕੀਮ ਦਾ ਦੁੱਗਣਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਨਵੇਂ ਮੀਟਰ ਲਗਾਉਣ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਅਤੇ ਸਰਕਾਰ ‘ਤੇ ਸਬਸਿਡੀ ਦਾ ਬੋਝ ਵਧ ਗਿਆ। ਨਵੇਂ ਕੁਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਕਿ ਪਾਵਰਕੌਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਪਾਵਰਕੌਮ ਨੇ ਗਲਤ ਢੰਗ ਨਾਲ ਲਗਾਏ ਮੀਟਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਵਿਭਾਗ ਨੂੰ ਰਾਹਤ ਮਿਲ ਸਕੇ। ਇੱਕ ਪਾਸੇ ਜਿੱਥੇ ਗਲਤ ਤਰੀਕੇ ਨਾਲ ਲਗਾਏ ਗਏ ਮੀਟਰਾਂ ਵਿਰੁੱਧ ਕਾਰਵਾਈ ਕਰਨ ਨਾਲ ਪਾਵਰਕੌਮ ਨੂੰ ਫਾਇਦਾ ਹੋਵੇਗਾ, ਉਥੇ ਹੀ ਦੂਜੇ ਪਾਸੇ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ। ਇਸ ਕਾਰਨ ਪਾਵਰਕੌਮ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਗਲਤ ਢੰਗ ਨਾਲ ਮੀਟਰ ਲਗਾਉਣ ਵਾਲਿਆਂ ਦੇ ਮੀਟਰ ਕਢਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਵਿਭਾਗ ਨੇ ਬਿਜਲੀ ਵਿਵਸਥਾ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਤਾਰਾਂ ਬਦਲਣ, ਟਰਾਂਸਫਾਰਮਰਾਂ ਨੂੰ ਅੱਪਡੇਟ ਕਰਨ ਸਮੇਤ ਪੈਂਡਿੰਗ ਕੰਮਾਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਨਾਲ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਬਿਜਲੀ ਦੀਆਂ ਸ਼ਿਕਾਇਤਾਂ ਵਿੱਚ ਕਮੀ ਆਵੇਗੀ ਅਤੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਰ ਖੇਤਰ ਵਿੱਚ 1-2 ਕਿਲੋਵਾਟ ਸਟੇਸ਼ਨਰੀ ਲੋਡ ‘ਤੇ 4-5 ਕਿਲੋਵਾਟ ਲੋਡ ਨਾਲ ਚੱਲਣ ਵਾਲੇ ਸੈਂਕੜੇ ਕੁਨੈਕਸ਼ਨ ਚੱਲ ਰਹੇ ਹਨ। ਅਜਿਹੇ ਕੁਨੈਕਸ਼ਨਾਂ ਕਾਰਨ ਵਿਭਾਗ ਨੂੰ ਇਲਾਕੇ ਵਿੱਚ ਵਰਤੇ ਗਏ ਲੋਡ ਦਾ ਸਹੀ ਪਤਾ ਨਹੀਂ ਲੱਗ ਰਿਹਾ ਜਿਸ ਕਾਰਨ ਟਰਾਂਸਫਾਰਮਰ ਓਵਰਲੋਡ ਹੋ ਜਾਂਦੇ ਹਨ। ਸਬੰਧਤ ਖੇਤਰ ਵਿੱਚ ਵਿਭਾਗ ਵੱਲੋਂ ਜਾਰੀ ਕੀਤੇ ਮੀਟਰਾਂ ਦੇ ਲੋਡ ਅਨੁਸਾਰ ਹੀ ਟਰਾਂਸਫਾਰਮਰ ਲਗਾਏ ਜਾਂਦੇ ਹਨ। ਪਰ ਸਬੰਧਤ ਟਰਾਂਸਫਾਰਮਰ ਦੇ ਬਿਜਲੀ ਖਪਤਕਾਰ ਟ੍ਰੈਕਸ਼ਨ ਲੋਡ ਨਾਲੋਂ ਕਈ ਗੁਣਾ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ। ਇਸ ਕਾਰਨ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰਾਂਸਫਾਰਮਰ ਨੇ ਜ਼ਿਆਦਾ ਲੋਡ ਨਹੀਂ ਲਿਆ ਅਤੇ ਫਿਊਜ਼ ਹੋ ਗਿਆ। ਵਿਭਾਗ ਵੱਲੋਂ ਅਜਿਹੇ ਖਪਤਕਾਰਾਂ ‘ਤੇ ਸ਼ਿਕੰਜਾ ਕੱਸਣ ਦੀ ਯੋਜਨਾ ਬਣਾਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਵਰਤਣ ਵਾਲੇ ਖਪਤਕਾਰ ਆਪਣਾ ਲੋਡ ਵਧਾਉਣ, ਨਹੀਂ ਤਾਂ ਵਿਭਾਗੀ ਜਾਂਚ ਵਿੱਚ ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮੁਫ਼ਤ ਬਿਜਲੀ ਸਕੀਮ ਦੀ ਆੜ ਵਿੱਚ 300 ਤੋਂ ਵੱਧ ਯੂਨਿਟ ਵਰਤਣ ਵਾਲੇ ਕਈ ਬਿਜਲੀ ਖਪਤਕਾਰ ਆਪਣੇ ਬਿੱਲ ਨਹੀਂ ਭਰ ਰਹੇ, ਜੋ ਪਾਵਰਕੌਮ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਕਈ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਅਤੇ ਬਕਾਇਆ ਅਦਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਇਗੀ ਨਾ ਕਰਨ ਵਾਲਿਆਂ ਦੇ ਬਿੱਲ ਲਗਾਤਾਰ ਬਕਾਇਆ ਪਏ ਹਨ ਅਤੇ ਰਕਮ ਵਧ ਰਹੀ ਹੈ, ਇਸ ਦੀ ਜਲਦੀ ਤੋਂ ਜਲਦੀ ਵਸੂਲੀ ਕੀਤੀ ਜਾਵੇਗੀ। ਉੱਤਰੀ ਜ਼ੋਨ ਦੇ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਨੇ ਕਿਹਾ ਕਿ ਸ਼ਿਕਾਇਤਾਂ ਘਟੀਆਂ ਹਨ ਜਿਸ ਕਾਰਨ ਵਿਭਾਗ ਪੈਂਡਿੰਗ ਕੰਮਾਂ ਵੱਲ ਧਿਆਨ ਦੇ ਰਿਹਾ ਹੈ। ਨਿਯਮਾਂ ਦੇ ਉਲਟ ਜਾ ਕੇ ਗਲਤ ਕੁਨੈਕਸ਼ਨ ਲੈਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਡਿਫਾਲਟਰਾਂ ਤੋਂ ਵਸੂਲੀ ਅਤੇ ਲੋਡ ਵਧਾਉਣ ‘ਤੇ ਧਿਆਨ ਦਿੱਤਾ ਜਾਵੇਗਾ।

300 ਯੂਨਿਟ ਮੁਫ਼ਤ ਬਿਜਲੀ ਵਾਲਿਆਂ ਲਈ ਅਹਿਮ ਖਬਰ, ਸਰਕਾਰ ਕਰੇਗੀ ਮੀਟਰਾਂ ਦੀ ਜਾਂਚ Read More »

ਚੰਨੀ ਨੇ ਮੰਗੀ ਮੁਆਫ਼ੀ

ਚੰਡੀਗੜ੍ਹ, 19 ਨਵੰਬਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਔਰਤਾਂ ਖ਼ਿਲਾਫ਼ ਕੀਤੀ ਅਪਮਾਨਜਨਕ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਕਾਂਗਰਸ ਆਗੂ ਨੇ ਪੱਤਰਕਾਰਾਂ ਨੂੰ ਕਿਹਾ, ”ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।” ਉਨ੍ਹਾਂ ਕਿਹਾ ਕਿ ਉਹ ਔਰਤਾਂ ਵਿਰੁੱਧ ਕੁਝ ਕਹਿਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਜਲੰਧਰ ਦੇ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਕਿਸੇ ਦੇ ਖ਼ਿਲਾਫ਼ ਨਹੀਂ ਹਾਂ। ਚੰਨੀ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਖੁਦ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਮਵਾਰ ਨੂੰ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਚੋਣ ਪ੍ਰਚਾਰ ਦੌਰਾਨ ਔਰਤਾਂ ਅਤੇ ਦੋ ਭਾਈਚਾਰਿਆਂ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ’ਚ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਆਪ ਅਤੇ ਭਾਜਪਾ ਅਤੇ ਅਕਾਲੀਦਲ ਨੇ ਚੰਨੀ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਆਸੀ ਵਿਰੋਧੀਆਂ ’ਤੇ ਹਮਲਾ ਕਰਨ ਲਈ ਮੁੱਖ ਮੰਤਰੀ ਦਾ ਅਹੁਦੇ ’ਤੇ ਰਹਿ ਚੁੱਕੇ ਸੰਭਾਲਣ ਵਾਲੇ ਆਗੂ ਵੱਲੋਂ ਅਜਿਹੀ ‘ਅਸ਼ਲੀਲ ਅਤੇ ਫੁੱਟ ਪਾਊ ਭਾਸ਼ਾ’ ਦੀ ਵਰਤੋਂ ਕਰਨਾ ਸਹਿਣਯੋਗ ਨਹੀਂ ਹੈ। ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਕਿ ਚੰਨੀ ਨੇ ਆਪਣੀਆਂ ਟਿੱਪਣੀਆਂ ਰਾਹੀਂ ਔਰਤਾਂ ਪ੍ਰਤੀ ਆਪਣੀ ‘ਨੀਵੀਂ ਮਾਨਸਿਕਤਾ’ ਦਾ ਪ੍ਰਗਟਾਵਾ ਕੀਤਾ ਹੈ।

ਚੰਨੀ ਨੇ ਮੰਗੀ ਮੁਆਫ਼ੀ Read More »

ਪੰਜਾਬ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ‘ਚ ਬਣੇ ਕੈਬਨਿਟ ਮੰਤਰੀ

ਵਿਕਟੋਰੀਆ, ਬੀ ਸੀ (ਕੈਨੇਡਾ) , 19 ਨਵੰਬਰ – ਬਠਿੰਡੇ ਦੇ ਦਿਉਣ ਪਿੰਡ ਦੇ ਬਰਾੜ ਪਰਿਵਾਰ ਜੰਮਪਲ ਅਤੇ ਛੇਵੀਂ ਵਾਰ ਰਿਟਿਸ਼ ਕੋਲੰਬੀਆ ਸੂਬੇ ਦੇ MLA ਚੁਣੇ ਗਏ ਜਗਰੂਪ ਸਿੰਘ ਬਰਾੜ ਹਨ ਨਵੀਂ NDP ਸਰਕਾਰ ਵਿਚ ਕੈਬਨਿਟ ਮੰਤਰੀ ਬਣਾਏ ਗਏ ਹਨ . ਡੇਵਿਡ ਏਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਇੱਥੇ ਸਹੁੰ ਚੁੱਕੀ . ਉਨ੍ਹਾਂ ਨੂੰ Mining & Critical Resources ਦਾ ਮਹਿਕਮਾ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ , ਉਨ੍ਹਾਂ ਦੇ ਪੁੱਤਰ ਅਤੇ ਧੀ ਤੋਂ ਇਲਾਵਾ ਦੋਸਤ ਮਿੱਤਰ ਮੌਜੂਦ ਸਨ . ਬਾਬੂਸ਼ਾਹੀ ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਜਗਰੂਪ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਕੈਨੇਡਾ ਦੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ . ਚੇਤੇ ਰਹੇ ਕਿ ਜਗਰੂਪ ਬਰਾੜ ਅਤੇ ਉਨ੍ਹਾਂ ਦੇ ਵੱਡੇ ਭਰਾ ਜਸਵੰਤ ਬਰਾੜ , ਬਲਜੀਤ ਬੱਲੀ ਦੇ ਲੰਬੇ ਸਮੇਂ ਦੇ ਦੋਸਤ ਹਨ ਅਤੇ ਉਨ੍ਹਾਂ ਦੇ ਆਪਸ ਵਿਚ ਪਰਿਵਾਰਕ ਸਬੰਧ ਹਨ। ਜਗਰੂਪ ਬਰਾੜ ਪਿਛਲੇ BC ਕੈਬਨਿਟ ਵਿਚ ਰਾਜ ਮੰਤਰੀ ਸਨ।

ਪੰਜਾਬ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ ‘ਚ ਬਣੇ ਕੈਬਨਿਟ ਮੰਤਰੀ Read More »