ਪੰਜਾਬ ਪੁਲੀਸ ਵਿੱਚ ਲਕੀਰ ਦੀ ਫਕੀਰੀ ਬਹੁਤ ਚੱਲਦੀ ਹੈ। ਸ਼ਰਾਬ, ਨਸ਼ਿਆਂ, ਚੋਰੀ, ਸੱਟ-ਫੇਟ ਆਦਿ ਦੇ ਮੁਕੱਦਮਿਆਂ ਵਿੱਚ ਪੁਰਾਣੀਆਂ ਮਿਸਲਾਂ ਦੇਖ ਕੇ ਉਹੀ ਮੁਹਾਰਨੀ ਦੁਹਰਾਈ ਜਾਂਦੇ; ਸਿਰਫ ਮੁਲਜ਼ਮ ਦਾ ਨਾਮ, ਬਰਾਮਦਗੀ ਆਦਿ ਦੀ ਜਗ੍ਹਾ ਹੀ ਬਦਲੀ ਜਾਂਦੀ ਹੈ। ਕੁਝ ਸਾਲ ਪਹਿਲਾਂ ਹਾਈਕੋਰਟ ਨੇ ਸਰਵੇਖਣ ਕਰਵਾ ਕੇ ਪੰਜਾਬ ਤੇ ਹਰਿਆਣਾ ਦੀ ਪੁਲੀਸ ਨੂੰ ਆਪਣੀ ਤਫਤੀਸ਼ ਦਾ ਢੰਗ ਬਦਲਣ ਲਈ ਚਿਤਾਵਨੀ ਦਿੱਤੀ ਸੀ। ਸਰਵੇਖਣ ਵਿੱਚ ਸਾਹਮਣੇ ਆਇਆ ਸੀ ਕਿ ਸ਼ਰਾਬ ਅਤੇ ਨਸ਼ਿਆਂ ਦੇ 99% ਮੁਕੱਦਮਿਆਂ ਦੀਆਂ ਮਿਸਲਾਂ (ਪੁਲੀਸ ਫਾਈਲ) ਵਿੱਚ ਦਹਾਕਿਆਂ ਤੋਂ ਇੱਕ ਹੀ ਕਹਾਣੀ ਲਿਖੀ ਜਾ ਰਹੀ ਹੈ ਕਿ ਪੁਲੀਸ ਪਾਰਟੀ ਮੋਟਰ ਸਾਈਕਲ ਜਾਂ ਗੱਡੀ ’ਤੇ ਜਾ ਰਹੀ ਸੀ। ਦੋਸ਼ੀ ਸੜਕ ਦੇ ਦੂਜੇ ਪਾਸੇ ਤੁਰਿਆ ਆਉਂਦਾ ਦਿਖਾਈ ਦਿੰਦਾ ਹੈ ਜਿਸ ਦੇ ਸੱਜੇ ਹੱਥ ਵਿੱਚ ਝੋਲਾ ਜਾਂ ਬੈਗ ਫੜਿਆ ਹੁੰਦਾ ਹੈ ਤੇ ਉਹ ਪੁਲੀਸ ਪਾਰਟੀ ਨੂੰ ਦੇਖ ਕੇ ਖੱਬੇ ਪਾਸੇ ਮੁੜ ਜਾਂਦਾ ਹੈ। ਸ਼ੱਕ ਪੈਣ ’ਤੇ ਉਸ ਦੇ ਝੋਲੇ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਉਸ ਵਿੱਚੋਂ ਨਾਜਾਇਜ਼ ਸ਼ਰਾਬ ਜਾਂ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ। ਪੁੱਛਣ ’ਤੇ ਪਹਿਲਾਂ ਉਹ ਆਪਣਾ ਗਲਤ ਨਾਮ ਸੁਰੇਸ਼ ਕੁਮਾਰ ਦੱਸਦਾ ਹੈ; ਸਖਤੀ ਨਾਲ ਪੁੱਛਣ ’ਤੇ ਸਹੀ ਨਾਮ ਨਰੇਸ਼ ਕੁਮਾਰ ਪੁੱਤਰ ਫਲਾਣਾ ਤੇ ਪਿੰਡ ਫਲਾਣਾ ਦੱਸਦਾ ਹੈ। ਨਵੇਂ ਕਾਨੂੰਨਾਂ ਅਤੇ ਹਾਈ ਕੋਰਟਾਂ ਤੇ ਸੁਪਰੀਮ ਕੋਰਟ ਦੇ ਅਨੇਕ ਫੈਸਲਿਆਂ ਕਾਰਨ ਹੁਣ ਨਸ਼ੀਲੇ ਪਦਾਰਥਾਂ ਦੀ ਤਫਤੀਸ਼ ਕਰਨੀ ਬਹੁਤ ਗੁੰਝਲਦਾਰ ਬਣ ਗਈ ਹੈ। ਹੁਣ ਤਾਂ ਬਰਾਮਦਗੀ ਕਰਨ ਵੇਲੇ ਵੀਡੀਉ ਬਣਾਉਣਾ ਵੀ ਲਾਜ਼ਮੀ ਹੋ ਗਿਆ ਹੈ। ਵਕੀਲ ਸਫਾਈ ਦੋਸ਼ੀਆਂ ਨੂੰ ਬਰੀ ਕਰਾਉਣ ਲਈ ਆਮ ਤੌਰ ’ਤੇ ਦੋ ਸਵਾਲ ਜ਼ਰੂਰ ਪੁਛਦੇ ਹਨ। ਪਹਿਲਾ, ਬਰਾਮਦਗੀ ਵੇਲੇ ਕਿਹੜਾ ਕੰਮ ਕਿੰਨੇ ਵਜੇ ਕੀਤਾ (ਜਿਵੇਂ ਮੁਲਜ਼ਮ ਕਿੰਨੇ ਦੇਖਿਆ ਗਿਆ ਸੀ, ਕਿੰਨੇ ਵਜੇ ਕਾਬੂ ਕੀਤਾ ਤੇ ਥਾਣੇ ਰੁੱਕਾ ਲੈ ਕੇ ਜਾਣ ਵਾਲਾ ਮੁਲਾਜ਼ਮ ਕਿੰਨੇ ਵਜੇ ਗਿਆ ਤੇ ਕਿੰਨੇ ਵਜੇ ਵਾਪਸ ਆਇਆ ਆਦਿ); ਦੂਜਾ, ਬਰਾਮਦਗੀ ਵੇਲੇ ਪੁਲੀਸ ਪਾਰਟੀ ਦੀ ਲੋਕੇਸ਼ਨ। ਮੋਬਾਈਲ ਫੋਨ ਆਉਣ ਤੋਂ ਪਹਿਲਾਂ ਪੁਲੀਸ ਵਾਲੇ ਥਾਣੇ ਬੈਠ ਕੇ ਹੀ ਮੁਕੱਦਮਾ ਦਰਜ ਕਰ ਦਿੰਦੇ ਸਨ ਪਰ ਹੁਣ ਮੋਬਾਈਲ ਲੋਕੇਸ਼ਨ ਕਾਰਨ ਇਹ ਸੰਭਵ ਨਹੀਂ ਰਿਹਾ। ਉਂਝ, ਹੁਣ ਵੀ ਜਿ਼ਆਦਾਤਰ ਤਫਤੀਸ਼ੀ, ਬਰਾਮਦਗੀ ਆਦਿ ਦਾ ਟਾਈਮ ਦਰਜ ਕਰਨਾ ਜ਼ਰੂਰੀ ਨਹੀਂ ਸਮਝਦੇ। ਮਿਸਾਲ ਦੇ ਤੌਰ ’ਤੇ ਜੇ ਦੋਸ਼ੀ 12 ਵਜੇ ਫੜਿਆ ਗਿਆ ਹੋਵੇ ਤਾਂ ਲਿਖ ਦੇਣਗੇ ਕਿ 12 ਤੋਂ ਬਾਅਦ। ਮੈਂ ਜਿੱਥੇ-ਜਿੱਥੇ ਵੀ ਐੱਸਐੱਚਓ ਜਾਂ ਡੀਐੱਸਪੀ ਸਬ ਡਵੀਜ਼ਨ ਰਿਹਾ, ਟਾਈਮ ਲਿਖਾਉਣ ਲਈ ਬਹੁਤ ਜ਼ੋਰ ਲਗਾਇਆ ਪਰ ਤਫਤੀਸ਼ੀ ਇਹ ਕਹਿ ਕੇ ਪੱਲਾ ਝਾੜ ਲੈਂਦੇ ਸਨ ਕਿ ਜਨਾਬ, ਗਵਾਹੀ ਵੇਲੇ ਟਾਈਮ ਸੈੱਟ ਕਰ ਲਵਾਂਗੇ ਪਰ ਅਦਾਲਤ ਵਿੱਚ ਗਵਾਹੀ ਕਈ ਮਹੀਨਿਆਂ ਬਾਅਦ ਆਉਂਦੀ ਹੈ ਤੇ ਮੁਲਾਜ਼ਮ ਉਸ ਸਮੇਂ ਤੱਕ ਸਭ ਕੁਝ ਭੁੱਲ ਭੁਲਾ ਚੁੱਕੇ ਹੁੰਦੇ। ਇਸ ਲਈ ਉਹ ਵਕੀਲ ਸਫਾਈ ਦੇ ਸਵਾਲਾਂ ਵਿੱਚ ਉਲਝ ਜਾਂਦੇ ਹਨ ਤੇ ਦੋਸ਼ੀ ਬਰੀ ਹੋ ਜਾਂਦੇ ਹਨ। ਪੁਲੀਸ ਨੂੰ ਪੈਣ ਵਾਲੀਆਂ ਅਚਨਚੇਤੀ ਡਿਊਟੀਆਂ ਕਾਰਨ ਇਹ ਸੰਭਵ ਹੀ ਨਹੀਂ ਕਿ ਕਿਸੇ ਮੁਕੱਦਮੇ ਦੇ ਸਾਰੇ ਗਵਾਹ ਤੇ ਤਫਤੀਸ਼ੀ, ਗਵਾਹੀ ਵੇਲੇ ਇਕੱਠੇ ਹੋ ਸਕਣ। ਇਸ ਕਾਰਨ ਮੈਂ ਨਸ਼ਿਆਂ (ਐੱਨਡੀਪੀਐੱਸ) ਦੇ ਕੇਸਾਂ ਵਿੱਚ ਆਪਣਾ ਬਿਆਨ ਬਹੁਤ ਤਫਸੀਲ ਨਾਲ ਲਿਖਾਉਂਦਾ ਹੁੰਦਾ ਸੀ ਤੇ ਉਸ ਦੀ ਕਾਪੀ ਸੰਭਾਲ ਕੇ ਆਪਣੇ ਕੋਲ ਰੱਖ ਲੈਂਦਾ ਸੀ। ਜਿਵੇਂ ਮੈਨੂੰ ਤਫਤੀਸ਼ੀ ਨੇ ਮੌਕੇ ’ਤੇ ਆਉਣ ਲਈ ਫੋਨ ਕਿਸ ਨੰਬਰ ਤੋਂ ਤੇ ਕਿੰਨੇ ਵਜੇ ਕੀਤਾ ਸੀ, ਮੈਂ ਕਿਸ ਰਸਤੇ ਤੇ ਕਿਹੜੇ-ਕਿਹੜੇ ਪਿੰਡਾਂ ਵਿੱਚ ਦੀ ਗਿਆ ਸੀ ਤੇ ਕਿੰਨੇ ਵਜੇ ਪਹੁੰਚਿਆ ਸੀ; ਤੱਕੜੀ ਵੱਟੇ ਲੈਣ ਵਾਲਾ ਸਿਪਾਹੀ ਕਿੰਨੇ ਵਜੇ ਗਿਆ ਸੀ ਤੇ ਕਿੰਨੇ ਵਜੇ ਵਾਪਸ ਆਇਆ, ਮੈਂ ਮੌਕੇ ’ਤੇ ਕਿੰਨੇ ਘੰਟੇ ਰਿਹਾ ਤੇ ਕਿੰਨੇ ਵਜੇ ਵਾਪਸੀ ਲਈ ਚੱਲ ਪਿਆ ਸੀ ਆਦਿ। ਤਫਤੀਸ਼ੀ ਤੇ ਮੁਕੱਦਮੇ ਵਿੱਚ ਸਹਿਯੋਗੀ ਹੋਰ ਮੁਲਾਜ਼ਮ ਗਵਾਹੀ ਦੇਣ ਵੇਲੇ ਮੇਰਾ ਬਿਆਨ ਪੜ੍ਹ ਕੇ ਗਵਾਹੀ ਦਿੰਦੇ ਹੁੰਦੇ ਸਨ ਜਿਸ ਕਾਰਨ ਮੇਰੀ ਸ਼ਮੂਲੀਅਤ ਵਾਲੇ ਜਿ਼ਆਦਾਤਰ ਮੁਕੱਦਮਿਆਂ ਿਵੱਚ ਸਜ਼ਾ ਹੋਈ ਸੀ। ਪੁਲੀਸ ਦੀ ਲਕੀਰ ਦੀ ਫਕੀਰੀ ਦੀ ਇੱਕ ਹੱਡਬੀਤੀ ਮੇਰੇ ਨਾਲ ਵੀ ਵਾਪਰੀ ਸੀ। 1993-94 ਵਿੱਚ ਮੈਂ ਸੰਗਰੂਰ ਜਿ਼ਲ੍ਹੇ ਦੇ ਇੱਕ ਥਾਣੇ ਵਿੱਚ ਐੱਸਐੱਚਓ ਤਾਇਨਾਤ ਸੀ। ਉਥੇ ਹਰਿਆਣੇ ਦੇ ਰੋਹਤਕ ਜਿ਼ਲ੍ਹੇ ਦਾ ਰਹਿਣ ਵਾਲਾ ਚੌਧਰੀ ਰਾਮ ਸਿੰਘ ਨਾਮਕ ਥਾਣੇਦਾਰ ਤਾਇਨਾਤ ਸੀ ਜੋ ਤਫਤੀਸ਼ ਦੇ ਕੰਮਾਂ ਤੋਂ ਬਿਲਕੁਲ ਕੋਰਾ ਸੀ। ਇੱਕ ਦਿਨ ਉਹਨੇ ਕਿਸੇ ਬੰਦੇ ਕੋਲੋਂ 15-16 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕਰ ਲਈਆਂ ਤੇ ਉਸ ਨੂੰ ਫੜ ਕੇ ਥਾਣੇ ਲੈ ਆਇਆ। ਸਰਦੀਆਂ ਦੇ ਦਿਨ ਸਨ, ਮੁਲਜ਼ਮ ਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ। ਹੁਣ ਥਾਣੇਦਾਰ ਨੂੰ ਤਾਂ ਤਫਤੀਸ਼ ਬਾਰੇ ਕੁਝ ਪਤਾ ਨਹੀਂ ਸੀ, ਉਸ ਨੇ ਸਸਤੀ ਜਿਹੀ ਵਿਸਕੀ ਦੀ ਬੋਤਲ ਦੇ ਕੇ ਇੱਕ ਹਵਾਲਦਾਰ ਨੂੰ ਮਿਸਲ ਲਿਖਣ ਲਈ ਮਨਾ ਲਿਆ। ਅੱਗਿਓਂ ਹਵਾਲਦਾਰ ਵੀ ਕੋਈ ਜਿ਼ਆਦਾ ਸਿਆਣਾ ਤਫਤੀਸ਼ੀ ਨਹੀਂ ਸੀ। ਉਹਨੇ ਮੁਨਸ਼ੀ ਕੋਲੋਂ ਐਕਸਾਈਜ਼ ਐਕਟ ਦੀ ਕੋਈ ਪੁਰਾਣੀ ਮਿਸਲ ਲੈ ਲਈ ਤੇ ਇਨਾਮ ਦੀ ਬੋਤਲ ’ਚੋਂ ਮੋਟਾ ਜਿਹਾ ਪੈੱਗ ਮਾਰ ਕੇ ਮੱਖੀ ’ਤੇ ਮੱਖੀ ਮਾਰ ਦਿੱਤੀ ਕਿ ਦੋਸ਼ੀ ਦੇ ਸੱਜੇ ਹੱਥ ਵਿੱਚ ਝੋਲਾ ਸੀ, ਉਹ ਖੱਬੇ ਪਾਸੇ ਮੁੜ ਗਿਆ ਆਦਿ। ਰਾਤ ਦਸ ਕੁ ਵਜੇ ਹਵਾਲਦਾਰ ਨੇ ਮਿਸਲ ਤਿਆਰ ਕਰ ਕੇ ਚੌਧਰੀ ਅੱਗੇ ਜਾ ਰੱਖੀ ਤੇ ਉਹਨੇ ਵੀ ਬਿਨਾਂ ਪੜ੍ਹੇ ਜਿੱਥੇ-ਜਿੱਥੇ ਕਿਹਾ, ਦਸਤਖਤ ਕਰ ਦਿੱਤੇ। ਇਸ ਬੰਦੇ ’ਤੇ ਪਹਿਲਾਂ ਵੀ ਸ਼ਰਾਬ ਦੇ 8-9 ਮੁਕੱਦਮੇ ਦਰਜ ਸਨ, ਵਕੀਲ ਵੀ ਉਹਨੇ ਪੱਕਾ ਹੀ ਰੱਖਿਆ ਹੋਇਆ ਸੀ। ਅਗਲੇ ਦਿਨ 11-12 ਵਜੇ ਉਹਨੂੰ ਲੈ ਕੇ ਪੁਲੀਸ ਪਾਰਟੀ ਸੰਗਰੂਰ ਕਚਹਿਰੀ ਪਹੁੰਚੀ ਤਾਂ ਉਹਦੇ ਵਕੀਲ ਨੇ ਜ਼ਮਾਨਤ ਦੀ ਫਾਈਲ ਜੱਜ ਦੀ ਮੇਜ਼ ’ਤੇ ਜਾ ਰੱਖੀ। ਵਕੀਲ ਨੇ ਜੱਜ ਨੂੰ ਕਿਹਾ, “ਜਨਾਬ ਮੇਰੇ ਮੁਵੱਕਿਲ ਨੂੰ ਜ਼ਮਾਨਤ ਦਿੱਤੀ ਜਾਵੇ ਕਿਉਂਕਿ ਮੁਕੱਦਮਾ ਸਰਾਸਰ ਝੂਠਾ ਹੈ।” ਜੱਜ ਨੇ ਕਾਰਨ ਪੁੱਛਿਆ ਤਾਂ ਉਹਨੇ ਮੁਵੱਕਿਲ ਨੂੰ ਖੇਸ ਲਾਹੁਣ ਲਈ ਕਿਹਾ। ਥੱਲਿਉਂ ਜੋ ਨਿਕਲਿਆ, ਉਸ ਨੂੰ ਦੇਖ ਕੇ ਜੱਜ ਸਮੇਤ ਅਦਾਲਤ ਵਿੱਚ ਹਾਜ਼ਰ ਸਾਰੇ ਪੁਲੀਸ ਵਾਲੇ ਤੇ ਵਕੀਲ ਹੈਰਾਨ ਰਹਿ ਗਏ। ਚੌਧਰੀ ਥਾਣੇਦਾਰ ਨੂੰ ਤਾਂ ਹਾਰਟ ਅਟੈਕ ਆਉਣ ਵਾਲਾ ਹੋ ਗਿਆ। ਜਿਸ ਬੰਦੇ ਦੇ ਸੱਜੇ ਹੱਥ ਵਿੱਚ ਹਵਾਲਦਾਰ ਨੇ ਸ਼ਰਾਬ ਦੀਆਂ ਬੋਤਲਾਂ ਵਾਲਾ ਝੋਲਾ ਦਿਖਾਇਆ ਸੀ, ਉਹ ਹੈ ਹੀ ਨਹੀਂ ਸੀ। ਕਈ ਸਾਲ ਪਹਿਲਾਂ ਕਿਸੇ ਐਕਸੀਡੈਂਟ ਕਾਰਨ ਸੱਜੀ ਬਾਂਹ ਡੌਲੇ ਲਾਗਿਓਂ ਕੱਟੀ ਹੋਈ ਸੀ।