ਕੈੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚੋਂ ਬਾਹਰ ਹੋਈ ‘ਰੂਬੀ ਢੱਲਾ’

ਵੈਨਕੂਵਰ, 22 ਫਰਵਰੀ – ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ 9 ਮਾਰਚ ਨੂੰ ਹੋਣ ਵਾਲੀ ਚੋਣ ਲਈ ਪਾਰਟੀ ਹਾਈ ਕਮਾਂਡ ਨੇ ਪੰਜਾਬੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਦੀ ਉਮੀਦਵਾਰੀ ਖਾਰਜ ਕਰ ਦਿੱਤੀ ਹੈ। ਇਸ ਤਰ੍ਹਾਂ ਰੂਬੀ ਢੱਲਾ ਕੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਰੂਬੀ ਢੱਲਾ ਉੱਤੇ ਅਣਐਲਾਨੇ ਤੇ ਬੇਹਿਸਾਬੇ ਖਰਚੇ ਕਰਨ, ਸ਼ੱਕੀ ਚੋਣ ਫੰਡ, ਬਾਹਰੀ ਹਮਾਇਤ ਅਤੇ ਪਾਰਟੀ ਵਲੋਂ ਨਿਰਧਾਰਤ ਚੋਣ ਮਰਿਆਦਾਵਾਂ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ। ਰੂਬੀ ਢੱਲਾ ਨੂੰ ਦੌੜ ’ਚੋਂ ਬਾਹਰ ਕੀਤੇ ਜਾਣ ਮਗਰੋਂ ਹੁਣ ਪਾਰਟੀ ਆਗੂ ਦੀ ਦੌੜ ਵਿਚ ਚਾਰ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਦੀ ਜਨਤਕ ਬਹਿਸ 24 ਤੇ 25 ਫਰਵਰੀ ਨੂੰ ਮੌਂਟਰੀਅਲ ਵਿੱਚ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਵਿੱਚ ਹੋਵੇਗੀ।

ਕਈ ਸਾਲਾਂ ਤੋਂ ਸਿਆਸਤ ’ਚੋਂ ਲਾਂਭੇ ਹੋ ਕੇ ਆਪਣੇ ਵਪਾਰਕ ਅਦਾਰੇ ਸੰਭਾਲ ਰਹੀ ਰੂਬੀ ਅਚਾਨਕ ਮੁੜ ਸਿਆਸਤ ਵਿੱਚ ਕੁੱਦਣ ਅਤੇ ਪਾਰਟੀ ਦੀ ਸਿਖਰਲੀ ਚੋਣ ’ਚ ਉਮੀਦਵਾਰੀ ਜਤਾਉਣ ਕਰਕੇ ਸ਼ੁਰੂਆਤ ਤੋਂ ਹੀ ਸਵਾਲਾਂ ਵਿੱਚ ਘਿਰ ਗਈ ਸੀ, ਜਿਨ੍ਹਾਂ ਦੀ ਪਾਰਟੀ ਜਾਂਚ ਕਰ ਰਹੀ ਸੀ। ਪਾਰਟੀ ਨੇ ਲੰਘੇ ਸੋਮਵਾਰ ਨੂੰ ਉਸ ਨੂੰ 27 ਸਵਾਲਾਂ ਦੀ ਸੂਚੀ ਭੇਜ ਕੇ ਜਵਾਬ ਮੰਗਿਆ ਸੀ। ਇਹ ਤਾਂ ਪਤਾ ਨਹੀਂ ਲੱਗਾ ਕਿ ਉਸ ਨੇ ਕੋਈ ਜਵਾਬ ਦਿੱਤਾ ਜਾਂ ਨਹੀਂ, ਪਰ ਪਾਰਟੀ ਨੇ ਉਸ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ।

ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਵਿਚ ਐਕਸ ’ਤੇ ਪੋਸਟ ਪਾ ਕੇ ਹੈਰਾਨੀ ਪ੍ਰਗਟਾਈ ਹੈ। ਢੱਲਾ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਇਹ ਗੱਲ ਮੀਡੀਆ ਨੂੰ ਲੀਕ ਕਿਵੇਂ ਕਰ ਦਿੱਤੀ ? ਉਸ ਨੇ ਕਿਹਾ ਕਿ ਉਸ ’ਤੇ ਲੱਗੇ ਦੋਸ਼ਾਂ ’ਚੋਂ ਕੋਈ ਵੀ ਸੱਚਾ ਨਹੀਂ ਸੀ, ਜਿਸ ਬਾਰੇ ਉਸ ਨੇ ਪਾਰਟੀ ਨੂੰ ਦੱਸ ਦਿੱਤਾ ਸੀ। ਰੂਬੀ ਨੇ ਕਿਹਾ ਕਿ ਉਸ ’ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਖਦਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਉਸ ਦੀ ਉਮੀਦਵਾਰੀ ਨਕਾਰੀ ਗਈ ਹੈ।

ਰੂਬੀ ਨੇ ਇਸ ਗੱਲ ’ਤੇ ਵਿਸ਼ੇਸ ਜ਼ੋਰ ਦਿੱਤਾ ਕਿ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਲੀਡਰ ਬਣਾਉਣ ਲਈ ਉਸ ਨੂੰ ਮੁਕਾਬਲੇ ’ਚੋਂ ਬਾਹਰ ਕੀਤਾ ਹੈ। ਰੂਬੀਨੇ ਕਿਹਾ ਕਿ ਉਦੀ ਸੋਚ ਪ੍ਰਗਤੀਵਾਦੀ ਹੈ, ਪਰ ਪਾਰਟੀ ਨਹੀਂ ਚਾਹੁੰਦੀ ਕਿ ਅਜਿਹੀ ਸੋਚ ਵਾਲਾ ਕੋਈ ਵਿਅਕਤੀ ਪਾਰਟੀ ਲੀਡਰ ਬਣ ਕੇ ਦੇਸ਼ ਵਿੱਚ ਪ੍ਰਗਤੀਵਾਦੀ ਲਹਿਰ ਖੜੀ ਕਰੇ। ਉਸ ਨੇ ਕਿਹਾ ਕਿ 24 ਫਰਵਰੀ ਨੂੰ ਮੌਂਟਰੀਅਲ ਵਿੱਚ ਉਮੀਦਵਾਰਾਂ ਦੀ ਹੋਣ ਵਾਲੀ ਬਹਿਸ ਵਿੱਚ ਉਸ ਵਲੋਂ ਅਜਿਹੇ ਵਿਚਾਰ ਪ੍ਰਗਟਾਏ ਜਾਣ ਦੇ ਖਦਸ਼ਿਆਂ ਕਾਰਨ ਪਾਰਟੀ ਵਲੋਂ ਉਸ ਨੂੰ ਚੋਣ ’ਚੋਂ ਲਾਂਭੇ ਕੀਤਾ ਗਿਆ ਹੈ। ਰੂਬੀ ਨੇ ਕਿਹਾ ਕਿ ਉਹ ਪਾਰਟੀ ਆਗੂ ਦੀ ਦੌੜ ’ਚੋਂ ਬਾਹਰ ਕੀਤੇ ਜਾਣ ਦੇ ਬਾਵਜੂਦ ਉਹ ਦੇਸ਼ ਦੀ ਬਿਹਤਰੀ ਤੇ ਚੰਗੇ ਭਵਿੱਖ ਲਈ ਕੰਮ ਕਰਦੀ ਰਹੇਗੀ।

ਸਾਂਝਾ ਕਰੋ

ਪੜ੍ਹੋ

ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ

ਟੋਹਾਣਾ, 22 ਫ਼ਰਵਰੀ – ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ...