
ਹਰ ਜੰਗ ਅਮਰੀਕਾ ਲਈ ਉਸ ਦੇਸ਼ ਨੂੰ ਲੁੱਟਣ ਦੀ ਯੋਜਨਾ ਦਾ ਹਿੱਸਾ ਹੁੰਦੀ ਹੈ। ਇਸ ਵੇਲੇ ਰੂਸ-ਯੂਕਰੇਨ ਜੰਗ ਕੌਮਾਂਤਰੀ ਪਿੜ ਵਿੱਚ ਅਹਿਮ ਮਸਲਾ ਬਣੀ ਹੋਈ ਹੈ। ਅਮਰੀਕਾ ਨੇ ਪਹਿਲਾਂ ਤਾਂ ਯੂਕਰੇਨ ਨੂੰ ਅਰਬਾਂ ਡਾਲਰ ਦੇ ਹਥਿਆਰ ਦੇ ਕੇ ਇਸ ਜੰਗ ਨੂੰ ਭੜਕਾਈ ਰੱਖਿਆ, ਹੁਣ ਹੱਥ ਪਿੱਛੇ ਖਿੱਚ ਕੇ ਯੂਕਰੇਨ ਨਾਲ ਸੌਦੇਬਾਜ਼ੀ ਉੱਤੇ ਉੱਤਰ ਆਇਆ ਹੈ। ਯੂਕਰੇਨ ਸਿਰਫ਼ ਇੱਕ ਯੁੱਧ ਦਾ ਅਖਾੜਾ ਨਹੀਂ, ਸਗੋਂ ਖਰਬਾਂ ਡਾਲਰਾਂ ਦੀ ਖਣਿਜ ਸੰਪਤੀ ਦਾ ਖ਼ਜ਼ਾਨਾ ਵੀ ਹੈ। ਲੀਥੀਅਮ, ਗ੍ਰੇਫਾਈਟ, ਯੂਰੇਨੀਅਮ, ਟਾਈਟੇਨੀਅਮ ਤੇ ਬੇਰੀਲੀਅਮ ਵਰਗੇ ਬੇਸ਼ਕੀਮਤੀ ਖਣਿਜਾਂ ਨੂੰ ਅਮਰੀਕਾ ਆਪਣੀਆਂ ਸਨਅਤੀ ਤੇ ਫੌਜੀ ਲੋੜਾਂ ਲਈ ਵਰਤਣ ਦੀ ਧਾਰੀ ਬੈਠਾ ਹੈ। ਯੂਕਰੇਨ ਕੋਲ ਯੂਰਪ ਦਾ ਸਭ ਤੋਂ ਵੱਡਾ ਲੀਥੀਅਮ ਦਾ ਭੰਡਾਰ ਹੈ, ਜਿਸ ਦੀ ਸੰਸਾਰਕ ਮੰਗ ਆਉਣ ਵਾਲਿਆਂ ਸਾਲਾਂ ਵਿੱਚ ਕਈ ਗੁਣਾ ਵਧਣ ਦੀ ਸੰਭਾਵਨਾ ਹੈ। ਇਹ ਧਾਤੂ ਬਿਜਲਈ ਕਾਰ ਬੈਟਰੀਆਂ ਦੀ ਜਾਨ ਹੈ।
ਟੈਸਲਾ ਵਰਗੀਆਂ ਕਾਰ ਕੰਪਨੀਆਂ ਇਸੇ ਉੱਤੇ ਨਿਰਭਰ ਹਨ। ਟੈਸਲਾ ਦੇ ਮਾਲਕ ਤੇ ਟਰੰਪ ਦੇ ਸਹਿਯੋਗੀ ਐਲਨ ਮਸਕ ਦੀ ਇਸੇ ਉੱਤੇ ਗਿਰਝ ਅੱਖ ਟਿਕੀ ਹੋਈ ਹੈ। ਇਸ ਤੋਂ ਬਿਨਾਂ ਯੂਕਰੇਨ ਕੋਲ 10,700 ਮੀਟਿ੍ਰਕ ਟਨ ਯੂਰੇਨੀਅਮ ਦਾ ਭੰਡਾਰ ਹੈ, ਜੋ ਪ੍ਰਮਾਣੂ ਊਰਜਾ ਵਿੱਚ ਇਸਤੇਮਾਲ ਹੁੰਦਾ ਹੈ। ਯੂਕਰੇਨ ਕੋਲ ਗ੍ਰੇਫਾਈਟ ਦਾ ਵੀ ਵੱਡਾ ਭੰਡਾਰ ਹੈ, ਜੋ ਬੈਟਰੀਆਂ ਤੇ ਸੈਮੀ ਕੰਡਕਟਰਜ਼ ਬਣਾਉਣ ਲਈ ਜ਼ਰੂਰੀ ਹੈ। ਅਮਰੀਕਾ ਲਈ ਯੂਕਰੇਨ ਦਾ ਟਾਈਟੇਨੀਅਮ ਦਾ ਭੰਡਾਰ ਵੀ ਅਨਮੋਲ ਹੈ, ਕਿਉਂਕਿ ਇਹ ਏਅਰੋਸਪੇਸ ਤੇ ਸੈਨਿਕ ਉਦਯੋਗ ਲਈ ਬੇਹੱਦ ਜ਼ਰੂਰੀ ਹੈ। ਅਮਰੀਕਾ ਪਹਿਲਾਂ ਵੀ ਯੂਕਰੇਨ ਤੋਂ ਟਾਈਟੇਨੀਅਮ ਦਰਾਮਦ ਕਰਦਾ ਰਿਹਾ ਹੈ, ਪਰ ਹੁਣ ਉਹ ਇਸ ਭੰਡਾਰ ’ਤੇ ਪੂਰੀ ਤਰ੍ਹਾਂ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਸਮੇਂ ਅਮਰੀਕਾ ਆਰਥਕ ਸੰਕਟ ਨਾਲ ਜੂਝ ਰਿਹਾ ਹੈ। ਅਮਰੀਕਾ ਦੀਆਂ ਬਹੁਰਾਸ਼ਟਰੀ ਕੰਪਨੀਆਂ ਮੰਦੀ ’ਚੋਂ ਉੱਭਰਨ ਲਈ ਲਗਾਤਾਰ ਮਜ਼ਦੂਰਾਂ ਦੀ ਛਾਂਟੀ ਕਰ ਰਹੀਆਂ ਹਨ।
ਮਹਿੰਗਾਈ ਨੇ ਲੋਕਾਂ ਦੀ ਖ਼ਰੀਦ ਸ਼ਕਤੀ ਵਿੱਚ ਵੱਡੀ ਗਿਰਾਵਟ ਕੀਤੀ ਹੋਈ ਹੈ। ਬੈਂਕਾਂ ਨੇ ਵਿਆਜ ਦਰਾਂ 20 ਫ਼ੀਸਦੀ ਤੱਕ ਵਧਾ ਦਿੱਤੀਆਂ ਹਨ। ਇਸ ਕਾਰਨ ਰੀਅਲ ਅਸਟੇਟ ਪੂਰੀ ਤਰ੍ਹਾਂ ਠੱਪ ਪਿਆ ਹੈ। ਸਰਕਾਰੀ ਮੁਲਾਜ਼ਮਾਂ ਦੀ ਛਾਂਟੀ, ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਤੇ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਆਦਿ ਉਪਾਵਾਂ ਰਾਹੀਂ ਆਰਥਿਕਤਾ ਨੂੰ ਠੁੰਮ੍ਹਣਾ ਦੇਣ ਦੀ ਕੋਸ਼ਿਸ਼ ਵਕਤੀ ਚਾਰਾਜੋਈ ਹੀ ਸਾਬਤ ਹੋਵੇਗੀ। ਇਸ ਲਈ ਬਹੁ-ਰਾਸ਼ਟਰੀ ਕੰਪਨੀਆਂ ਕਮਜ਼ੋਰ ਦੇਸ਼ਾਂ ਨੂੰ ਲੁੱਟ ਕੇ ਆਪਣੇ ਮੁਨਾਫ਼ੇ ਕਾਇਮ ਰੱਖਣ ਦੀਆਂ ਜੁਗਤਾਂ ਲੜਾ ਰਹੀਆਂ ਹਨ। ਡੋਨਾਲਡ ਟਰੰਪ ਦਾ ਗਾਜ਼ਾ ਪਲਾਨ ਵੀ ਇਸੇ ਯੋਜਨਾ ਦਾ ਹਿੱਸਾ ਹੈ। ਯੂਕਰੇਨ ਤਾਂ ਇਸ ਵੇਲੇ ਪੂਰੀ ਤਰ੍ਹਾਂ ਅਮਰੀਕਾ ਦੇ ਸ਼ਿਕੰਜੇ ਵਿੱਚ ਫਸ ਚੁੱਕਾ ਹੈ। ਟਰੰਪ ਜ਼ੇਲੈਂਸਕੀ ਦੀ ਤੌਹੀਨ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦਾ।
ਪਿਛਲੇ ਦਿਨੀਂ ਸਾਊਦੀ ਅਰਬ ਵਿੱਚ ਯੂਕਰੇਨ-ਰੂਸ ਜੰਗ ਨੂੰ ਖ਼ਤਮ ਕਰਨ ਬਾਰੇ ਰੂਸ ਤੇ ਅਮਰੀਕਾ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ ਸੀ। ਯੂਕਰੇਨ ਨੂੰ ਇਸ ਮੀਟਿੰਗ ਵਿੱਚ ਨਾ ਸੱਦਣ ਉੱਤੇ ਜਦੋਂ ਇਤਰਾਜ਼ ਕੀਤਾ ਤਾਂ ਟਰੰਪ ਨੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਤਾਨਾਸ਼ਾਹ ਤੇ ਕਮੇਡੀਅਨ ਤੱਕ ਕਹਿ ਕੇ ਅਮਰੀਕਾ ਤੋਂ 350 ਅਰਬ ਡਾਲਰ ਲੈ ਕੇ ਜੰਗ ਛੇੜਨ ਦਾ ਦੋਸ਼ੀ ਕਰਾਰ ਦੇ ਦਿੱਤਾ। ਇਸ ਦੇ ਨਾਲ ਟਰੰਪ ਨੇ ਮੰਗ ਰੱਖ ਦਿੱਤੀ ਕਿ ਯੂਕਰੇਨ ਤੋਂ ਉਸ ਨੂੰ 500 ਅਰਬ ਡਾਲਰ ਮੁੱਲ ਦੇ ਖਣਿਜ ਪਦਾਰਥ ਮਿਲਣੇ ਚਾਹੀਦੇ ਹਨ। ਯੂਕਰੇਨ ਦੇ ਖਣਿਜ ਪਦਾਰਥਾਂ ਉਤੇ ਸਿਰਫ਼ ਅਮਰੀਕਾ ਹੀ ਨਹੀਂ, ਰੂਸ ਦੀ ਵੀ ਨਜ਼ਰ ਹੈ।
ਇਸ ਸਮੇਂ ਰੂਸ ਦੇ ਕਬਜ਼ੇ ਵਿੱਚ ਯੂਕਰੇਨ ਦੇ 12 ਟਿ੍ਰਲੀਅਨ ਡਾਲਰ ਤੋਂ ਵੱਧ ਦੇ ਊਰਜਾ ਸਾਧਨ, ਖਣਿਜ ਤੇ ਧਾਤੂਆਂ ਹਨ। ਰੂਸ ਇਹ ਕਬਜ਼ਾ ਛੱਡਣਾ ਨਹੀਂ ਚਾਹੁੰਦਾ। ਜਾਪਦਾ ਇਹੋ ਹੈ ਕਿ ਅਮਰੀਕਾ ਤੇ ਰੂਸ ਮਿਲ ਕੇ ਯੂਕਰੇਨ ਦੀ ਬਾਂਦਰ-ਵੰਡ ਕਰਨੀ ਚਾਹੁੰਦੇ ਹਨ। ਜੰਗ ਨਾਲ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕਿਆ ਯੂਕਰੇਨ ਇਨ੍ਹਾਂ ਦੋ ਵੱਡੀਆਂ ਤਾਕਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ। ਸਪੱਸ਼ਟ ਹੈ ਕਿ ਯੂਕਰੇਨ ਦਾ ਹਾਲ ਵੀ ਆਉਂਦੇ ਸਮੇਂ ਦੌਰਾਨ ਇਰਾਕ ਵਾਲਾ ਹੋਣ ਵਾਲਾ ਹੈ।