
ਫਗਵਾੜਾ, 20 ਫਰਵਰੀ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਔਰਤਾਂ ਨੂੰ ਸਵੈ-ਰੁਜ਼ਗਾਰ ਨਾਲ ਜੋੜਨ ਅਤੇ ਆਤਮ-ਨਿਰਭਰ ਬਣਾਉਣ ਦੇ ਮੰਤਵ ਨਾਲ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਸਕੀਮ ਨੰਬਰ ਤਿੰਨ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਅੱਜ ਸੋਸਵਾ ਪੰਜਾਬ ਦੇ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਰਿਟਾ. ਚੀਫ ਕਮਿਸ਼ਨਰ ਆਬਕਾਰੀ ਵਿਭਾਗ ਨੇ ਦੌਰਾ ਕੀਤਾ। ਸੋਸਵਾ ਦੀ ਟੀਮ ਦਾ ਸਵਾਗਤ ਸਭਾ ਅਤੇ ਸੁਸਾਇਟੀ ਦੇ ਸਲਾਹਕਾਰ ਬੋਰਡ ਮੈਂਬਰਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਸੰਤੋਸ਼ ਕੁਮਾਰ ਗੋਗੀ ਵਲੋਂ ਕੀਤਾ ਗਿਆ। ਇਸ ਦੌਰਾਨ ਉਹਨਾਂ ਸਭਾ ਵਲੋਂ ਵੋਕੇਸ਼ਨਲ ਸੈਂਟਰ ‘ਚ ਲੜਕੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਦਿੱਤੀ ਜਾ ਰਹੀ ਸਿਖਲਾਈ ਦੇ ਕੰਮ ਦਾ ਨਰੀਖਣ ਕੀਤਾ। ਉਹਨਾਂ ਦੇ ਨਾਲ ਸੋਸਵਾ ਪੰਜਾਬ ਦੇ ਪ੍ਰੋਗਰਾਮਿੰਗ ਮੈਨੇਜਰ ਪ੍ਰਮੋਦ ਸੋਬਤੀ ਵੀ ਸਨ। ਜਿਨ੍ਹਾਂ ਦਾ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਭਾ ਦੇ ਮੈਂਬਰਾਂ ਅਤੇ ਸੈਂਟਰ ਦੀਆਂ ਲੜਕੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੈਂਟਰ ਵਿਖੇ ਹੋਮ ਕੇਅਰ ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਹੈ। ਜਿਸਦੇ ਤਹਿਤ ਬਜੁਰਗਾਂ ਅਤੇ ਬੱਚਿਆਂ ਦੀ ਸਾਂਭ ਸੰਭਾਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਨੇ ਸੈਂਟਰ ਦੀ ਕਾਰਗੁਜਾਰੀ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਔਰਤਾਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇਣ ਪ੍ਰਤੀ ਸਭਾ ਦੀ ਵਚਨਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ, ਇਕ ਤਰ੍ਹਾਂ ਨਾਲ ਉਹਨਾ ਨੂੰ ਨਵਾਂ ਜੀਵਨ ਦੇਣਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਘਰੇਲੂ ਔਰਤਾਂ ਦਾ ਸਵੈ-ਰੁਜ਼ਗਾਰਤ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ, ਤਾਂ ਜੋ ਪਰਿਵਾਰ ਦਾ ਗੁਜ਼ਾਰਾ ਆਸਾਨੀ ਨਾਲ ਹੋ ਸਕੇ। ਉਨ੍ਹਾਂ ਦੱਸਿਆ ਕਿ ਸੋਸਵਾ ਪੰਜਾਬ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਔਰਤਾਂ ਨੂੰ ਦਸਤਕਾਰੀ ਦੀ ਸਿਖਲਾਈ ਦੇ ਕੇ ਸਵੈ-ਰੁਜ਼ਗਾਰ ਬਣਾਉਣ ਲਈ ਸੂਬਾ ਪੱਧਰੀ ਉਪਰਾਲੇ ਵੱਡੀ ਪੱਧਰ ‘ਤੇ ਕੀਤੇ ਜਾ ਰਹੇ ਹਨ। ਇਸ ਮੌਕੇ ਸੰਤੋਸ਼ ਕੁਮਾਰ ਗੋਗੀ ਨੇ ਪਤਵੰਤਿਆਂ ਨੂੰ ਸਭਾ ਵਲੋਂ ਕੀਤੇ ਜਾਣ ਵਾਲੇ ਹੋਰ ਸਮਾਜ ਸੇਵੀ ਕਾਰਜਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਵਾਤਾਵਰਨ ਦੀ ਸੰਭਾਲ, ਨਸ਼ਿਆਂ ਵਿਰੁੱਧ ਸੈਮੀਨਾਰ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਆਦਿ ਅਨੇਕਾਂ ਕਾਰਜ ਸਭਾ ਵੱਲੋਂ ਪਿਛਲੇ 36 ਸਾਲਾਂ ਤੋਂ ਲਗਾਤਾਰ ਜਾਰੀ ਹਨ। ਸਭਾ ਵਲੋਂ ਮੈਂਬਰ ਡਾਇਰੈਕਟਰ ਡੀ.ਕੇ. ਵਰਮਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਮੈਨੇਜਰ ਜਗਜੀਤ ਸਿੰਘ ਸੇਠ, ਮੈਡਮ ਤਨੂ, ਮੈਡਮ ਆਸ਼ੂ ਬੱਗਾ, ਮੈਡਮ ਨਵਜੋਤ ਕੌਰ, ਮੈਡਮ ਗੁਰਜੀਤ ਕੌਰ, ਆਰ.ਪੀ. ਸ਼ਰਮਾ, ਸਾਹਿਬਜੀਤ ਸਾਬੀ, ਗੁਰਦੀਪ ਸਿੰਘ ਤੁਲੀ, ਜਸ਼ਨ ਮਹਿਰਾ, ਮਨਦੀਪ ਬਾਸੀ, ਨਰਿੰਦਰ ਸੈਣੀ, ਰਾਕੇਸ਼ ਕੋਛੜ, ਮਦਨ ਲਾਲ ਕੋਰੋਟਾਨੀਆ, ਜੈਸਮੀਨ, ਬਲਜੀਤ, ਮਨਪ੍ਰੀਤ, ਅਮਨਪ੍ਰੀਤ, ਸਿਮਰਨਜੀਤ, ਹਰਮਨ, ਤਮੰਨਾ, ਸਲੋਨੀ, ਸਿਮਰਨ, ਕੰਵਲਪ੍ਰੀਤ, ਰਮਨ, ਸਰੀਨਾ, ਜਸਪ੍ਰੀਤ, ਗੀਤ, ਅੰਜਲੀ, ਪ੍ਰਿੰਯਕਾ, ਮੇਘਾ, ਉਪਿੰਦਰ ਕੌਰ, ਪਰਵੀਨ, ਅਮਨਜੋਤ, ਸੰਜਨਾ, ਗਗਨਦੀਪ, ਮਮਤਾ, ਅੰਜਲੀ ਹੀਰ, ਪ੍ਰਭਜੋਤ, ਖੁਸ਼ੀ ਰਾਣਾ, ਲਵਪ੍ਰੀਤ ਕੌਰ, ਪ੍ਰਿਆ, ਤਾਨੀਆ, ਮਨੀਸ਼ਾ, ਕਾਮੀਨੀ, ਸੁੰਦਰਸ਼ੀਲਾ, ਨੇਹਾ, ਨਿਸ਼ਾ ਆਦਿ ਹਾਜ਼ਰ ਸਨ।