ਬੁੱਧ ਬਾਣ/ਕੁਰਸੀ ਦੀ ਭੁੱਖ/ਬੁੱਧ ਸਿੰਘ ਨੀਲੋਂ

ਕੁਰਸੀ ਕੋਈ ਵੀ ਹੋਵੇ, ਉਸ ਉਪਰ ਬੈਠਾ ਬੰਦਾ ਉਸਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ। ਪਿਛਲੇ ਸਮਿਆਂ ਵਿੱਚ ਤੁਸੀਂ ਦੇਖਿਆ ਹੈ ਕਿ ਸੁਖਬੀਰ ਬਾਦਲ ਨੂੰ, ਕੈਪਟਨ ਅਮਰਿੰਦਰ ਨੂੰ ਕੁਰਸੀ ਤੋਂ ਲਾਉਣ ਲਈ ਕੀ ਕੁੱਝ ਹੋਇਆ ਹੈ। ਆਮ ਆਦਮੀ ਪਾਰਟੀ ਵਿੱਚ ਕੁਰਸੀ ਯੁੱਧ ਚੱਲ ਰਿਹਾ ਹੈ। ਇਵੇਂ ਹੀ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨ ਬਦਲਣ ਦੀਆਂ ਕਨਸੋਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਉਸਦੀ ਜੁੰਡਲੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਹੋਈ ਹੈ। ਉਹਨਾਂ ਦੇ ਦਿੱਲੀ ਮਾਡਲ ਨੂੰ ਦਿੱਲੀ ਦੇ ਲੋਕਾਂ ਨੇ ਨਿਕਾਰ ਦਿੱਤਾ ਹੈ। ਉਹਨਾਂ ਨੇ ਪੰਜਾਬ ਦੇ ਪਹਿਲਾਂ ਹੀ ਦਬਦਬਾ ਬਣਾਇਆ ਹੋਇਆ ਹੈ।

ਕੇਜਰੀਵਾਲ ਨੇ ਆਪਣੇ ਪੁਰਜ਼ੇ ਪਹਿਲਾਂ ਹੀ ਪੰਜਾਬ ਸਰਕਾਰ ਵਿੱਚ ਫਿੱਟ ਕੀਤੇ ਹੋਏ ਹਨ। ਪੰਜਾਬ ਦਾ ਖਜ਼ਾਨਾ ਧਾੜਵੀਆਂ ਵਾਂਗ ਲੁੱਟਿਆ ਜਾ ਰਿਹਾ ਹੈ। ਭਗਵੰਤ ਮਾਨ ਸਭ ਕੁੱਝ ਦੇਖਦਾ ਤੇ ਸਮਝਦਾ ਹੋਇਆ ਵੀ ਚੁੱਪ ਹੈ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਨਾਮ ਨੂੰ ਵੋਟਾਂ ਪਾਈਆਂ ਸਨ। ਕੇਜਰੀਵਾਲ ਨੂੰ ਕੋਈ ਨਹੀਂ ਜਾਣਦਾ ਸੀ, ਨਾ ਹੀ ਪੰਜਾਬ ਦੇ ਲੋਕ ਦੂਜਿਆਂ ਦੇ ਕਬਜ਼ੇ ਵਿੱਚ ਰਹਿੰਦੇ ਹਨ। ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਕੋਲ ਕਿਹੜੀਆਂ ਕਮਜ਼ੋਰੀਆਂ ਹਨ, ਜਿਹਨਾਂ ਨੇ ਉਸਨੂੰ ਗੂੰਗਾ ਬਣਾਇਆ ਹੋਇਆ ਹੈ? ਲੋਕ ਇਸਨੂੰ ਲੈ ਕੇ ਮਗ਼ਜ਼ ਖਪਾਈ ਕਰਨ ਲੱਗੇ ਹੋਏ ਹਨ।

ਕੁੰਭ ਮੇਲੇ ਵਿੱਚ ਗੁਰਸਿੱਖ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਅਮਨ ਅਰੋੜਾ, ਕੈਬਨਿਟ ਮੰਤਰੀ ਪੰਜਾਬ ਤੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਤੇ ਆਨੰਦਪੁਰ ਸਾਹਿਬ ਵਾਲਾ ਕੈਬਨਿਟ ਮੰਤਰੀ ਹੁਣ ਇਸ਼ਨਾਨ ਕਰਕੇ ਆਏ ਹਨ। ਜਿਵੇਂ ਕਿਸੇ ਪੰਡਿਤ ਦੇ ਕਹਿਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕੱਟਾ ਦਾਨ ਕੀਤਾ ਸੀ, ਉਵੇਂ ਇਹਨਾਂ ਨੂੰ ਕਿਸੇ ਨੇ ਆਖਿਆ ਹੈ ਕਿ ਤੁਸੀਂ ਗੰਗਾ ਇਸ਼ਨਾਨ ਕਰਕੇ ਆਓ, ਤੁਹਾਡੇ ਭਾਗ ਕੋਟਕਪੂਰਾ ਦੇ ਫਾਟਕ ਵਾਂਗ ਖੁੱਲ੍ਹ ਸਕਦੇ ਹਨ। ਜਿਵੇਂ ਉਥੇ ਹੁਣ ਪੁਲ ਬਣਿਆ ਹੋਇਆ ਹੈ ਪਹਿਲਾਂ ਇਹ ਫਾਟਕ ਗਰੀਬ ਲੋਕਾਂ ਦੀ ਕਿਸਮਤ ਵਾਂਗ ਬੰਦ ਰਹਿੰਦਾ ਸੀ।
ਸਿਆਸਤ ਵਿੱਚ ਕਦੋਂ ਫਾਟਕ ਖੁੱਲ੍ਹ ਜਾਵੇ, ਇਸ ਦਾ ਪਤਾ ਨਹੀਂ ਲੱਗਦਾ। ਸਿਆਸਤ ਬਾਥਰੂਮ ਵਿੱਚ ਹਾਲਤ ਸਾਬਣ ਦੀ ਕਿੱਟੀ ਵਰਗੀ ਹੁੰਦੀ ਹੈ। ਕੋਈ ਪਤਾ ਨਹੀਂ ਕਦੋਂ ਬੰਦਾ ਟਿੱਕੀ ਤੋਂ ਤਿਲਕ ਜਾਵੇ। ਜਿਵੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਿਲਕਿਆ ਹੈ। ਉਹ ਸੁਖਬੀਰ ਬਾਦਲ ਨੂੰ ਬਚਾਉਣ ਦੇ ਚੱਕਰ ਵਿੱਚ ਫਸ ਗਿਆ। ਉਸਦੀ ਮਾਨਸਿਕ ਹਾਲਤ ਕੀ ਹੋਵੇਗੀ ਇਹ ਤਾਂ ਪਤਾ ਨਹੀਂ, ਪਰ ਉਸਦੀ ਜ਼ਮੀਰ ਉਸਨੂੰ ਬਹੁਤ ਲਾਹਨਤਾਂ ਪਾਉਣ ਲੱਗੀ ਹੋਈ ਹੈ। ਉਸਨੂੰ ਨੀਂਦ ਨਹੀਂ ਆਉਂਦੀ ਤੇ ਚੈਨ ਨਹੀਂ ਆਉਂਦਾ।
ਕੁਰਸੀ ਦੇ ਯੁੱਧ ਵਿਚ ਬਹੁਤ ਕੁੱਝ ਦਾਅ ਤੇ ਲੱਗ ਜਾਂਦਾ ਹੈ। ਕੁਰਸੀ ਖਾਤਿਰ ਸਿਆਸੀ ਆਗੂ ਕੀ ਕੀ ਕਰਦਾ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਆਮ ਆਦਮੀ ਪਾਰਟੀ ਦੀ ਹਾਲਤ ਇੱਕ ਅਨਾਰ ਸੌ ਬੀਮਾਰ ਵਾਲੀ ਬਣੀ ਹੋਈ ਹੈ। ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੇ ਸ਼ੁਰੂ ਵਿੱਚ ਮੁਕਤਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਰਗੜਿਆ ਗਿਆ। ਵਿਜੀਲੈਂਸ ਬਿਊਰੋ ਦਾ ਡਾਇਰੈਕਟਰ ਬਦਲਿਆ ਗਿਆ। ਪੰਜਾਬ ਪੁਲਿਸ ਵੱਲੋਂ 52 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਘਰ ਤੋਰ ਦਿੱਤਾ ਹੈ। ਅਜੇ ਵੱਡੇ ਮਗਰਮੱਛ ਦਨਦਨਾਉਂਦੇ ਫਿਰਦੇ ਹਨ। ਕਿਹੜੇ ਕਿਹੜੇ ਮਹਿਕਮੇ ਵਿਚ ਭ੍ਰਿਸ਼ਟਾਚਾਰ ਨਹੀਂ, ਇਹ ਕਹਿਣਾ ਮੁਸ਼ਕਲ ਹੈ। ਹਰ ਸਰਕਾਰੀ ਮਹਿਕਮਾ ਇੱਕ ਦੂਜੇ ਤੋਂ ਅੱਗੇ ਜਾ ਰਿਹਾ ਹੈ। ਮਾਲ ਵਿਭਾਗ ਰਜਿਸਟਰੀਆਂ ਕਰਾਉਣ ਲਈ ਮੋਟੀਆਂ ਰਕਮਾਂ ਵਸੂਲ ਕਰ ਰਿਹਾ। ਫਿਲੋਰ ਦੀ ਤਹਿਸੀਲ ਦੀ ਇਸ ਸਮੇਂ ਝੰਡੀ ਹੈ। ਹੁਣ ਝੰਡਾ ਸਿੰਘ ਇਸ ਦਲਦਲ ਵਿਚੋਂ ਲੋਕਾਂ ਨੂੰ ਕਿਵੇਂ ਕੱਢਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇਸ ਸਮੇਂ ਕੁੰਭ ਦੇ ਮੇਲੇ ਵਿੱਚ ਇਸ਼ਨਾਨ ਕਰਕੇ ਮੁੜੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚਰਚਾ ਚੱਲ ਰਹੀ ਹੈ। ਕੁਰਸੀ ਯੁੱਧ ਚੱਲ ਰਿਹਾ ਹੈ।

ਬੁੱਧ ਸਿੰਘ ਨੀਲੋਂ
9464370823

ਸਾਂਝਾ ਕਰੋ

ਪੜ੍ਹੋ

ਟਰੰਪ ਨੇ ਸਿਆਹਫਾਮ ਜਾਇੰਟ ਚੀਫ ਆਫ ਸਟਾਫ

ਵਾਸ਼ਿੰਗਟਨ, 23 ਫਰਵਰੀ – ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ...