February 23, 2025

ਪਹਿਲੀ ਵਾਰ ਹੀ ਪਾਈ ਲਾਟਰੀ, ਇੱਕ ਲਾਟਰੀ ਚੋਂ ਨਿਕਲੇ ਦੋ ਇਨਾਮ

ਮੰਡੀ, 23 ਫਰਵਰੀ – ਮੰਡੀ ਡੱਬਵਾਲੀ ਤੋਂ ਜਲਾਲਾਬਾਦ ਅਪਣੀ ਭੈਣ ਨੂੰ ਮਿਲਣ ਆਏ ਰੋਹਿਤ ਕੁਮਾਰ ਦੀ ਕਿਸਮਤ ਉਸ ਵੇਲੇ ਚਮਕੀ ਜਦ ਉਸ ਨੇ ਪਹਿਲੀ ਵਾਰ ਜ਼ਿੰਦਗੀ ਦੇ ਵਿਚ ਲਾਟਰੀ ਦਾ ਟਿਕਟ ਖ਼ਰੀਦਿਆ ਅਤੇ ਪਹਿਲੀ ਵਾਰ ‘ਚ ਹੀ ਉਸ ਨੂੰ 95 ਹਜ਼ਾਰ ਰੁਪਏ ਦਾ ਇਨਾਮ ਨਿਕਲ ਗਿਆ । ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਵੀਡੀਉ ਦੇਖਦਾ ਰਹਿੰਦਾ ਸੀ ਅਤੇ ਜਦ ਉਸ ਨੂੰ ਮੌਕਾ ਮਿਲਿਆ ਤਾਂ। ਉਹ ਅਪਣੀ ਭੈਣ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ ਜਿੱਥੇ ਉਸ ਨੇ 500 ਰੁਪਏ ਦੀ ਲਾਟਰੀ ਟਿਕਟ ਖ਼ਰੀਦੀ। ਉਸ ਨੂੰ ਚਾਰ ਵਜੇ ਦੇ ਕਰੀਬ ਲਾਟਰੀ ਵਾਲੇ ਦਾ ਫ਼ੋਨ ਆਇਆ ਕਿ 50 ਹਜ਼ਾਰ ਦਾ ਇਨਾਮ ਨਿਕਲਿਆ। ਉਸ ਨੇ ਕਿਹਾ ਕਿ ਸ਼ਾਮ ਨੂੰ ਵਾਪਸੀ ਸਮੇਂ ਉਹ ਅਪਣਾ ਇਨਾਮ ਲੈ ਲਵੇਗਾ ਤਾਂ ਸ਼ਾਮ ਨੂੰ ਉਸ ਨੂੰ ਦੁਬਾਰਾ ਫ਼ੋਨ ਆਇਆ ਕਿ 45 ਹਜ਼ਾਰ ਦਾ ਇਨਾਮ ਹੋਰ ਨਿਕਲਿਆ ਹੈ। ਜਿਸ ’ਤੇ ਉਸ ਦੀ ਖ਼ੁਸ਼ੀ ਦੀ ਠਿਕਾਣਾ ਨਾ ਰਿਹਾ।

ਪਹਿਲੀ ਵਾਰ ਹੀ ਪਾਈ ਲਾਟਰੀ, ਇੱਕ ਲਾਟਰੀ ਚੋਂ ਨਿਕਲੇ ਦੋ ਇਨਾਮ Read More »

BSF ਨੇ ‘ਬੋਰਡਰਮੈਨ ਮੈਰਾਥਨ 2025’ ਦੀ ਕੀਤੀ ਸ਼ੁਰੂਆਤ

ਅੰਮ੍ਰਿਤਸਰ, 23 ਫਰਵਰੀ – ਅੱਜ ਸੀਮਾ ਸੁਰੱਖਿਆ ਬਲ (BSF) ਵਲੋਂ ਅੰਮ੍ਰਿਤਸਰ ਵਿੱਚ ਬੋਰਡਰਮੈਨ ਮੈਰਾਥਨ 2025 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ‘#Hand in Hand With Border Population’ ਥੀਮ ‘ਤੇ ਅਧਾਰਤ ਇਹ ਮੈਰਾਥਨ ਨਾ ਸਿਰਫ਼ ਇੱਕ ਖੇਡ ਸਮਾਗਮ ਹੈ ਸਗੋਂ ਸਰਹੱਦੀ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਸਿਹਤਮੰਦ ਭਾਰਤ ਦੇ ਨਿਰਮਾਣ ਦੀ ਦਿਸ਼ਾ ‘ਚ ਮਹੱਤਵਪੂਰਨ ਪਹਿਲਕਦਮੀ ਵੀ ਹੈ। ਇਸ ਮੌਕੇ ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਫੁੱਲ ਮੈਰਾਥਨ (42.195 ਕਿਮੀ), ਹਾਫ ਮੈਰਾਥਨ (21.097 ਕਿਮੀ) ਅਤੇ 10 ਕਿਮੀ ਦੌੜ ਜਿਹੀਆਂ ਤਿੰਨ ਮੁੱਖ ਸ਼੍ਰੇਣੀਆਂ ਸ਼ਾਮਲ ਹਨ। ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ 42 ਕਿਲੋਮੀਟਰ ਦੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਤਜਰਬੇਕਾਰ ਲੋਕਾਂ ਨੂੰ ਇੱਕ ਵਧੀਆ ਮੰਚ ਪ੍ਰਦਾਨ ਕਰਦੀਆਂ ਹਨ। ਇਹ ਲੋਕ ਸਿਰਫ਼ ਭਾਰਤ ਦੇ ਸਰਹੱਦੀ ਇਲਾਕਿਆਂ ਤੋਂ ਹੀ ਨਹੀਂ ਬਲਕਿ ਦੇਸ਼-ਵਿਦੇਸ਼ ਤੋਂ ਵੀ ਹਨ। ਇਨ੍ਹਾਂ ‘ਚ ਅੰਤਰਰਾਸ਼ਟਰੀ ਪੇਸ਼ੇਵਰ ਅਥਲਿਟ ਵੀ ਸ਼ਾਮਲ ਹਨ। ਖੇਡਾਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ BSF ਨੇ ਸਾਰੀਆਂ ਸ਼੍ਰੇਣੀਆਂ ਵਿੱਚ ਮਹਿਲਾਵਾਂ ਲਈ ਮੁਫ਼ਤ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਹੈ, ਤਾਂ ਜੋ ਹੋਰ ਮਹਿਲਾਵਾਂ ਵੀ ਇਸ ਵਿੱਚ ਸ਼ਾਮਲ ਹੋ ਸਕਣ। ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਕਿਹਾ ਕਿ 2022 ਵਿੱਚ ਸ਼ੁਰੂ ਹੋਈ ਇਹ ਸਾਲਾਨਾ ਮੈਰਾਥਨ, ਜੋ ਕਿ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾਂਦੀ ਹੈ, ਹਰ ਸਾਲ ਆਪਣੀ ਵੱਡੀ ਪੱਧਰੀ ਪਹੁੰਚ ਅਤੇ ਮਹੱਤਤਾ ਵਿੱਚ ਵਾਧਾ ਕਰ ਰਹੀ ਹੈ। ਇਸ ਵਾਰ ਮੈਰਾਥਨ ਵਿੱਚ 5200 ਤੋਂ ਵੱਧ ਲੋਕ ਭਾਗ ਲੈ ਰਹੇ ਹਨ, ਜਿਨ੍ਹਾਂ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਪੇਸ਼ੇਵਰ ਅਥਲਿਟ ਵੀ ਸ਼ਾਮਲ ਹਨ, ਜਿਸ ਕਰਕੇ ਇਹ ਖੇਤਰ ਦੇ ਸਭ ਤੋਂ ਵਧੇਰੇ ਉਤਸ਼ਾਹਿਤ ਕਰਦੀਆਂ ਖੇਡ ਇਵੈਂਟਾਂ ਵਿੱਚੋਂ ਇੱਕ ਬਣ ਗਿਆ ਹੈ। ਪੰਜਾਬ ਦੇ ਛੇ ਸਰਹੱਦੀ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਜ਼ਬਰਦਸਤ ਭਾਗੀਦਾਰੀ ਇਸ ਮੈਰਾਥਨ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਜਿੱਤਣ ਵਾਲੇ ਨੂੰ ਕੀ ਮਿਲਣਗੇ ਇਨਾਮ? ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਇਹ ਮੈਰਾਥਨ ਗੋਲਡਨ ਗੇਟ ਅੰਮ੍ਰਿਤਸਰ ਤੋਂ JCP ਅਟਾਰੀ ਤੱਕ ਦੇ ਦਿਲਚਸਪ ਅਤੇ ਇਤਿਹਾਸਕ ਮਾਰਗ ‘ਤੇ ਹੋ ਰਿਹਾ ਹੈ। ਇਸ ਵਿੱਚ ਹਰੇਕ ਉਮਰ ਵਰਗ ਦੇ ਲੋਕ ਭਾਗ ਲੈ ਰਹੇ ਹਨ। ਦੱਸ ਦੇਈਏ ਕਿ ਫੁੱਲ ਮੈਰਾਥਨ ਲਈ ₹1.5 ਲੱਖ, ਹਾਫ ਮੈਰਾਥਨ ਲਈ ₹75,000 ਅਤੇ 10 ਕਿਮੀ ਦੌੜ ਲਈ ₹40,000 ਦਾ ਇਨਾਮ ਦਿੱਤਾ ਜਾਵੇਗਾ। ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਸ਼੍ਰੇਣੀ ਰੱਖੀ ਗਈ ਹੈ, ਜਿਸ ਤਹਿਤ ਹਰੇਕ ਸ਼੍ਰੇਣੀ ਦੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਉੱਚ-ਮਿਆਰੀ ਸਾਈਕਲਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ। ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਇਸ ਮੈਰਾਥਨ ਲਈ ਕਾਫ਼ੀ ਉਤਸ਼ਾਹ ਦਿਖਾਇਆ ਹੈ ਅਤੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਭਾਗ ਲੈ ਰਹੇ ਹਨ। ਇਹ ਨੌਜਵਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਾਲ ਮਿਲਕੇ ਦੌੜਦੇ ਹੋਏ ਹੌਂਸਲੇ ਦੀ ਸ਼ਾਨਦਾਰ ਮਿਸਾਲ ਪੇਸ਼ ਕਰਨਗੇ। ਬੋਰਡਰਮੈਨ ਮੈਰਾਥਨ 2025 ਸਿਰਫ਼ ਇੱਕ ਦੌੜ ਨਹੀਂ ਬਲਕਿ ਇਹ ਫਿੱਟਨੈੱਸ, ਖੇਡ ਭਾਵਨਾ ਅਤੇ ਰਾਸ਼ਟਰੀ ਗੌਰਵ ਦਾ ਜਸ਼ਨ ਹੈ। ਇਹ ‘ਫਿੱਟ ਇੰਡੀਆ ਮੂਵਮੈਂਟ’ ਅਤੇ ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਉਦੇਸ਼ਾਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਮੌਕੇ ਆਏ ਹੋਏ ਨੌਜਵਾਨਾਂ ਨੇ ਕਿਹਾ ਕਿ ਇਹ ਬੀਐਸਐਫ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਹਨ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਸਕਣ ਅਤੇ ਸਿਹਤ ਨੂੰ ਤੰਦਰੁਸਤ ਰੱਖ ਸਕਣ। ਉੱਥੇ ਹੀ ਇੱਕ ਨੌਜਵਾਨ ਨੇ ਕਿਹਾ ਕਿ ਉਹ ਪਿਛਲੀ ਵਾਰ ਵੀ ਵਿਨਰ ਰਿਹਾ ਸੀ ਅਤੇ ਇਸ ਵਾਰ ਵੀ ਉਸਨੂੰ ਪੂਰੀ ਉਮੀਦ ਹੈ ਕਿ ਉਹ ਜ਼ਰੂਰ ਜਿੱਤੇਗਾ।

BSF ਨੇ ‘ਬੋਰਡਰਮੈਨ ਮੈਰਾਥਨ 2025’ ਦੀ ਕੀਤੀ ਸ਼ੁਰੂਆਤ Read More »

ਜਥੇਦਾਰ ਰਘਬੀਰ ਸਿੰਘ ਨੇ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਦੀ ਕੀਤੀ ਅਪੀਲ

ਅੰਮ੍ਰਿਤਸਰ/ਸੰਗਰੂਰ, 23 ਫਰਵਰੀ – ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਸਾਂਭਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲ ਤਖ਼ਤ ਦੇ ਅਧਿਕਾਰ ਸੀਮਤ ਕਰਨ ’ਤੇ ਵੀ ਹੈਰਾਨੀ ਦਾ ਪ੍ਰਗਟਾਵਾ ਕੀਤਾ। ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੇ ਘਟਨਾਕ੍ਰਮ ਬਾਰੇ ਚੁੱਪ ਤੋੜਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਆਪਣਾ ਅਸਤੀਫ਼ਾ ਵਾਪਸ ਲੈਣਾ ਚਾਹੀਦਾ ਹੈ। ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਸੱਤ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਦਾ ਵੀ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਮੀ ਨੇ ਆਪਣੇ ਅਸਤੀਫ਼ੇ ਵਿੱਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਇਹ ਅਸਤੀਫ਼ਾ ਉਨ੍ਹਾਂ ਵੱਲੋਂ ਪਾਈ ਪੋਸਟ ਦੇ ਆਧਾਰ ’ਤੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੋਸਟ ਉਨ੍ਹਾਂ ਆਪਣੇ ਨਿੱਜੀ ਸੋਸ਼ਲ ਮੀਡੀਆ ਪੇਜ ’ਤੇ ਪਾਈ ਸੀ ਅਤੇ ਕਿਸੇ ਨੂੰ ਆਦੇਸ਼ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਨੈਤਿਕ ਆਧਾਰ ’ਤੇ ਅਸਤੀਫ਼ਾ ਦਿੱਤਾ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਵੀ ਨੈਤਿਕ ਆਧਾਰ ’ਤੇ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈ ਕੇ ਪ੍ਰਧਾਨ ਅਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲਣ। ਜਥੇਦਾਰ ਨੇ ਆਖਿਆ ਕਿ ਹੋ ਸਕਦਾ ਹੈ ਉਹ ਕਿਸੇ ਦਬਾਅ ਹੇਠ ਹੋਣ। ਉਨ੍ਹਾਂ ਕਿਹਾ ਕਿ ਜਿਵੇਂ ਅੰਤਰਿੰਗ ਕਮੇਟੀ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ, ਇਸੇ ਤਰ੍ਹਾਂ ਅਕਾਲ ਤਖ਼ਤ ਵੱਲੋਂ ਵੀ ਉਨ੍ਹਾਂ ਦਾ ਸੱਤ ਮੈਂਬਰੀ ਕਮੇਟੀ ਤੋਂ ਦਿੱਤਾ ਗਿਆ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਅਸਤੀਫ਼ੇ ਸਬੰਧੀ ਚੱਲ ਰਹੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਗੁਰੂ ਨੂੰ ਜੋ ਪ੍ਰਵਾਨ ਹੋਵੇਗਾ, ਸਭ ਕੁਝ ਉਸੇ ਮੁਤਾਬਕ ਹੋਵੇਗਾ। ਉਨ੍ਹਾਂ ਕਿਹਾ ਕਿ ਲੰਘੇ ਦਿਨ ਅੰਤ੍ਰਿਮ ਕਮੇਟੀ ਦੀ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਐੱਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਅਤੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਜਥੇਦਾਰਾਂ, ਗ੍ਰੰਥੀਆਂ ਅਤੇ ਮੁਲਾਜ਼ਮਾਂ ਨੂੰ ਲਗਾਉਣ ਤੇ ਹਟਾਉਣ ਦਾ ਅਧਿਕਾਰ ਅੰਤ੍ਰਿਮ ਕਮੇਟੀ ਕੋਲ ਹੈ। ਉਨ੍ਹਾਂ ਸੱਤ ਮੈਂਬਰੀ ਕਮੇਟੀ ਬਾਰੇ ਕਿਹਾ ਕਿ 2 ਦਸੰਬਰ ਬੀਤੇ ਨੂੰ ਵੀ ਲਗਭਗ ਢਾਈ ਮਹੀਨੇ ਬੀਤ ਚੁੱਕੇ ਹਨ ਅਤੇ ਅੱਜ-ਕੱਲ੍ਹ ਕਰਦਿਆਂ ਹੀ ਕਮੇਟੀ ਨੇ ਸਮਾਂ ਲੰਘਾਇਆ ਹੈ। ਉਨ੍ਹਾਂ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੀ ਮਰਜ਼ੀ ਅਨੁਸਾਰ ਬਿਆਨਬਾਜ਼ੀ ਨਾ ਕਰਨ ਸਗੋਂ ਸਹਿਮਤੀ ਬਣਾ ਕੇ ਚੱਲਣ ਅਤੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਕੰਮ ਕਰਨ। ਅਕਾਲ ਤਖ਼ਤ ਦਾ ਅਧਿਕਾਰ ਬਹੁਤ ਸੀਮਿਤ: ਗਿਆਨੀ ਰਘਬੀਰ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ ਦਾ ਅਧਿਕਾਰ ਖੇਤਰ ਵਿਸ਼ਵ-ਵਿਆਪੀ ਹੈ ਪਰ ਇਸ ਨੂੰ ਬਹੁਤ ਛੋਟਾ ਕਰ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦਾ ਹੁਕਮਨਾਮਾ ਚਾਰਦੀਵਾਰੀ ਦੇ ਅੰਦਰੋਂ ਸ਼ੁਰੂ ਹੁੰਦਾ ਅਤੇ ਅੰਦਰ ਹੀ ਖ਼ਤਮ ਹੋ ਜਾਂਦਾ ਹੈ। ਉਹ ਇੱਥੇ ਸੰਗਰੂਰ ’ਚ ਵਪਾਰ ਮੰਡਲ ਦੇ ਆਗੂ ਜਸਵਿੰਦਰ ਸਿੰਘ ਪ੍ਰਿੰਸ ਦੇ ਘਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸੋਚਿਆ ਸੀ ਕਿ ਸੰਸਾਰ ਭਰ ਵਿੱਚ ਸਿੱਖ ਵਸਦੇ ਹਨ ਅਤੇ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮਾ, ਆਦੇਸ਼ ਤੇ ਸੰਦੇਸ਼ ਸਾਰੇ ਸਿੱਖਾਂ ਉਪਰ ਲਾਗੂ ਹੁੰਦਾ ਹੈ ਪਰ ਉਨ੍ਹਾਂ ਨੂੰ ਐੱਸਜੀਪੀਸੀ ਦੀ ਅੰਤ੍ਰਿਮ ਕਮੇਟੀ ਕੋਲੋਂ ਪਤਾ ਲੱਗਾ ਹੈ ਕਿ ਅਕਾਲ ਤਖ਼ਤ ਦਾ ਅਧਿਕਾਰ ਖੇਤਰ ਬਹੁਤ ਛੋਟਾ ਹੈ। ਜਥੇਦਾਰ ਦਾ ਮਾਣ-ਸਨਮਾਨ ਬਹਾਲ ਰੱਖਣਾ ਸਾਡਾ ਫ਼ਰਜ਼ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ’ਤੇ ਐੱਸਜੀਪੀਸੀ ਦੀ ਅੰਤ੍ਰਿਮ ਕਮੇਟੀ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਦੋਂਕਿ ਉਹ ਦੋ ਵਾਰ ਮੀਟਿੰਗਾਂ ਰਾਹੀਂ ਆਖ ਚੁੱਕੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਦੇ ਜਥੇਦਾਰ ਹਨ। ਜਥੇਦਾਰ ਦਾ ਮਾਣ-ਸਨਮਾਨ ਬਹਾਲ ਰੱਖਣਾ ਸਾਡਾ ਫ਼ਰਜ਼ ਹੈ।

ਜਥੇਦਾਰ ਰਘਬੀਰ ਸਿੰਘ ਨੇ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਦੀ ਕੀਤੀ ਅਪੀਲ Read More »

ICICI ਬੈਂਕ ‘ਚ ਨੌਕਰੀ, 12 ਲੱਖ ਰੁਪਏ ਤੱਕ ਮਿਲੇਗੀ ਤਨਖਾਹ

23, ਫਰਵਰੀ – ICICI ਬੈਂਕ ਵਿੱਚ ਬੰਪਰ ਨੌਕਰੀਆਂ ਸਾਹਮਣੇ ਆਈਆਂ ਹਨ। ਖਾਸ ਗੱਲ ਇਹ ਹੈ ਕਿ ਬੈਂਕ ‘ਚ ਖਾਲੀ ਅਸਾਮੀਆਂ ‘ਤੇ ਚੁਣੇ ਗਏ ਉਮੀਦਵਾਰਾਂ ਨੂੰ 2 ਤੋਂ 12 ਲੱਖ ਰੁਪਏ ਤੱਕ ਤਨਖਾਹ ਮਿਲੇਗੀ। ਇਹ ਭਰਤੀ ਮੱਧ ਪ੍ਰਦੇਸ਼ ਖੇਤਰ ਲਈ ਕੀਤੀ ਗਈ ਹੈ। ਜੇਕਰ ਤੁਸੀਂ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ICICI ਦੀ ਵੈੱਬਸਾਈਟ icicicareers.com ‘ਤੇ ਇਸ ਦੇ ਪੂਰੇ ਵੇਰਵੇ ਚੈੱਕ ਕਰੋ। ਕਿਸ ਅਹੁਦੇ ਲਈ ਨੌਕਰੀ ICICI ਬੈਂਕ ਨੇ ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਇਹ ਨੌਕਰੀਆਂ ਮੱਧ ਪ੍ਰਦੇਸ਼ ਲਈ ਹਨ। ਇਸ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਐਮਬੀਏ ਜਾਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੈਂਕਿੰਗ ਖੇਤਰ ਵਿੱਚ ਇੱਕ ਤੋਂ ਦਸ ਸਾਲ ਦਾ ਤਜਰਬਾ ਵੀ ਮੰਗਿਆ ਗਿਆ ਹੈ। ICICI Latest Jobs: ਕਿਹੜੇ ਸਥਾਨਾਂ ‘ਤੇ ਖਾਲੀ ਅਸਾਮੀਆਂ ਆਈਸੀਆਈਸੀਆਈ ਦੁਆਰਾ ਜਾਰੀ ਕੀਤੀ ਗਈ ਅਸਾਮੀ। ਇਹ ਮੱਧ ਪ੍ਰਦੇਸ਼ ਦੀਆਂ ਵੱਖ-ਵੱਖ ਥਾਵਾਂ ਲਈ ਹੈ। ਇਹ ਅਸਾਮੀਆਂ ਮੱਧ ਪ੍ਰਦੇਸ਼ ਦੇ ਜਬਲਪੁਰ, ਛਿੰਦਵਾੜਾ, ਨਰਸਿੰਘਪੁਰ, ਰਤਲਾਮ, ਗੁਨਾ, ਉਜੈਨ, ਹੋਸ਼ੰਗਾਬਾਦ, ਵਿਦਿਸ਼ਾ, ਸਤਨਾ ਅਤੇ ਬੁੰਦੇਲਖੰਡ ਆਦਿ ਸ਼ਹਿਰਾਂ ਲਈ ਜਾਰੀ ਕੀਤੀਆਂ ਗਈਆਂ ਹਨ। ICICI Relationship Manager: ਕਿੰਨੀ ਮਿਲੇਗੀ ਤਨਖਾਹ?ICICI ਬੈਂਕ ਵਿੱਚ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ 2 ਤੋਂ 12 ਲੱਖ ਰੁਪਏ ਤੱਕ ਦੀ ਤਨਖਾਹ ਮਿਲੇਗੀ। ਜਿੱਥੋਂ ਤੱਕ ਕੰਮ ਦਾ ਸਬੰਧ ਹੈ, ਰਿਲੇਸ਼ਨਸ਼ਿਪ ਮੈਨੇਜਰ ਨੂੰ ਗਾਹਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਮਾਰਗਦਰਸ਼ਨ ਕਰਨਾ ਹੋਵੇਗਾ। ਇਸ ਤੋਂ ਇਲਾਵਾ 360-ਡਿਗਰੀ ਬੈਂਕਿੰਗ ਹੱਲ ਪ੍ਰਦਾਨ ਕਰਕੇ ਨਵੇਂ ਗਾਹਕਾਂ ਨੂੰ ਜੋੜਨਾ ਹੋਵੇਗਾ।

ICICI ਬੈਂਕ ‘ਚ ਨੌਕਰੀ, 12 ਲੱਖ ਰੁਪਏ ਤੱਕ ਮਿਲੇਗੀ ਤਨਖਾਹ Read More »

ਜਗਰਾਓਂ ਤੋਂ ਅੰਕਰ ਗੁਪਤਾ ਨੇ ਨਵੇਂ ਐਸ.ਐਸ.ਪੀ. ਵਜੋਂ ਸੰਭਾਲਿਆ ਅਹੁਦਾ

ਜਗਰਾਓਂ, 23 ਫਰਵਰੀ – ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਵੱਖ-ਵੱਖ ਜ਼ਿਲਿਆਂ ‘ਚ ਪੁਲਿਸ ਦੇ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ। ਜਿਸ ਦੇ ਤਹਿਤ ਜਗਰਾਓਂ ਵਿਖੇ ਨਵਨੀਤ ਸਿੰਘ ਬੈਂਸ ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਦੀ ਜਗ੍ਹਾਂ ‘ਤੇ ਅੰਕਰ ਗੁਪਤਾ ਨੇ ਨਵੇਂ ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਹਨਾ ਦੱਸਿਆ ਕਿ ਜਗਰਾਓਂ ਇਲਾਕੇ ਵਿਚ ਹੋ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾਵੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ‘ਤੇ ਨਿਪਟਾਰਾ ਕਰ ਦਿੱਤਾ ਜਾਵੇਗਾ ਅਤੇ ਹਰੇਕ ਵਿਅਕਤੀ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ।

ਜਗਰਾਓਂ ਤੋਂ ਅੰਕਰ ਗੁਪਤਾ ਨੇ ਨਵੇਂ ਐਸ.ਐਸ.ਪੀ. ਵਜੋਂ ਸੰਭਾਲਿਆ ਅਹੁਦਾ Read More »

ਪੰਜਾਬ ‘ਚ ਵਿਛਾਈ ਜਾਵੇਗੀ ਦਿੱਲੀ ਤੋਂ ਜੰਮੂ ਕਸ਼ਮੀਰ ਨੂੰ ਜਾਂਦੀ ਨਵੀਂ ਰੇਲਵੇ ਲਾਈਨ

ਰੇਲਵੇ ਵੱਲੋਂ ਦਿੱਲੀ ਤੋਂ ਜੰਮੂ ਅਤੇ ਕਸ਼ਮੀਰ ਤੱਕ ਇੱਕ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ। ਇਹ ਰੇਲਵੇ ਲਾਈਨ ਪੰਜਾਬ ਵਿੱਚੋਂ ਲੰਘੇਗੀ, ਜਿਸ ਨਾਲ ਰਾਜਾਂ ਵਿਚਕਾਰ ਸੰਪਰਕ ਵਧੇਗਾ। ਇਸ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ। ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਕੰਪਨੀ ਨੇ ਸਰਵੇ ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪ ਦਿੱਤੀ ਹੈ।ਦਿੱਲੀ ਤੋਂ ਜੰਮੂ-ਕਸ਼ਮੀਰ ਤੱਕ ਰੇਲਵੇ ਲਾਈਨ ਵਿਛਾਉਣ ਲਈ ਕਈ ਰਾਜਾਂ ਤੋਂ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਸ ਜ਼ਮੀਨ ਦੇ ਮਾਲਕਾਂ ਨੂੰ ਕਈ ਗੁਣਾ ਕੀਮਤ ਮਿਲ ਸਕਦੀ ਹੈ, ਉੱਥੇ ਰੇਲਵੇ ਟਰੈਕ ਦੇ ਆਲੇ-ਦੁਆਲੇ ਜ਼ਮੀਨ ਦੇ ਰੇਟ ਵੀ ਕਈ ਗੁਣਾ ਵੱਧ ਜਾਣਗੇ। ਇਸ ਪ੍ਰੋਜੈਕਟ ਲਈ ਅੰਤਿਮ ਪ੍ਰਵਾਨਗੀ ਰੇਲਵੇ ਬੋਰਡ ਵੱਲੋਂ ਦਿੱਤੀ ਜਾਵੇਗੀ ਅਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਸ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋਵੇਗਾ। ਇਸ ਸਬੰਧੀ ਰੇਲਵੇ ਅਧਿਕਾਰੀਆਂ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।ਦਿੱਲੀ ਤੋਂ ਜੰਮੂ-ਕਸ਼ਮੀਰ ਤੱਕ ਰੇਲਵੇ ਲਾਈਨ ਵਿਛਾਉਣ ਲਈ ਕਈ ਰਾਜਾਂ ਤੋਂ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਸ ਜ਼ਮੀਨ ਦੇ ਮਾਲਕਾਂ ਨੂੰ ਕਈ ਗੁਣਾ ਕੀਮਤ ਮਿਲ ਸਕਦੀ ਹੈ, ਉੱਥੇ ਰੇਲਵੇ ਟਰੈਕ ਦੇ ਆਲੇ-ਦੁਆਲੇ ਜ਼ਮੀਨ ਦੇ ਰੇਟ ਵੀ ਕਈ ਗੁਣਾ ਵੱਧ ਜਾਣਗੇ। ਇਸ ਪ੍ਰੋਜੈਕਟ ਲਈ ਅੰਤਿਮ ਪ੍ਰਵਾਨਗੀ ਰੇਲਵੇ ਬੋਰਡ ਵੱਲੋਂ ਦਿੱਤੀ ਜਾਵੇਗੀ ਅਤੇ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਇਸ ਪ੍ਰੋਜੈਕਟ ‘ਤੇ ਕੰਮ ਸ਼ੁਰੂ ਹੋਵੇਗਾ। ਇਸ ਸਬੰਧੀ ਰੇਲਵੇ ਅਧਿਕਾਰੀਆਂ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।ਇਸ ਸੰਬੰਧੀ ਇੱਕ ਸਰਵੇਖਣ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ, ਜੋ ਕਿ ਪੁਣੇ ਦੀ ਇੱਕ ਕੰਪਨੀ ਦੁਆਰਾ ਕੀਤਾ ਗਿਆ ਸੀ। ਇਹ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਸੀ। ਇਸਦੀ ਰਿਪੋਰਟ ਦਿੱਲੀ, ਅੰਬਾਲਾ ਅਤੇ ਜਲੰਧਰ ਡਿਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ ਅਤੇ ਹਰੇਕ ਡਿਵੀਜ਼ਨ ਵਿੱਚ ਲਗਭਗ 200 ਕਿਲੋਮੀਟਰ ਨਵੀਂ ਰੇਲਵੇ ਲਾਈਨ ਵਿਛਾਈ ਜਾਵੇਗੀ।

ਪੰਜਾਬ ‘ਚ ਵਿਛਾਈ ਜਾਵੇਗੀ ਦਿੱਲੀ ਤੋਂ ਜੰਮੂ ਕਸ਼ਮੀਰ ਨੂੰ ਜਾਂਦੀ ਨਵੀਂ ਰੇਲਵੇ ਲਾਈਨ Read More »

ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਨੇ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ

ਗੁਰਦਾਸਪੁਰ, 23 ਫਰਵਰੀ – ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਵੱਲੋਂ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਲੜਕਿਆਂ ਦੀਆਂ 16 ਟੀਮਾਂ ਨੇ ਭਾਗ ਲਿਆ। ਇਸ ਵਾਲੀਬਾਲ ਟੂਰਨਾਮੈਂਟ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਟੂਰਨਾਮੈਂਟ ਵਿੱਚ ਲੜਕੀਆਂ ਦਾ ਵਾਲੀਬਾਲ ਦਾ ਸ਼ੋਅ ਮੈਚ ਵੀ ਕਰਾਇਆ ਗਿਆ। ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਦੇ ਨੁਮਾਇੰਦਿਆਂ ਨੂੰ ਵਾਲੀਬਾਲ ਟੂਰਨਾਮੈਂਟ ਕਰਵਾਉਣ `ਤੇ ਵਧਾਈ ਦਿੰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਅਜਿਹੇ ਉਪਰਾਲੇ ਹੀ ਸੂਬੇ ਦੀ ਜਵਾਨੀ ਨੂੰ ਕੁਰਾਹੇ ਪੈਣ ਤੋਂ ਰੋਕ ਕੇ ਖੇਡਾਂ ਨਾਲ ਜੋੜਨ ਵਿੱਚ ਸਹਾਈ ਹੋਣਗੇ। ਇਸ ਮੌਕੇ ਉਨ੍ਹਾਂ ਇਸ ਟੂਰਨਾਮੈਂਟ ਵਿੱਚ ਵਿਸ਼ੇਸ਼ ਸਹਿਯੋਗ ਦੇਣ ਲਈ ਐੱਨ.ਆਰ.ਆਈ. ਭਰਾਵਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂਲਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਹਰ ਸਾਲ ਬਲਾਕ ਪੱਧਰ ਤੋਂ ਰਾਜ ਪੱਧਰ ਤੱਕ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਂਕਰੀਆਂ ਵਿੱਚ ਖਿਡਾਰੀਆਂ ਲਈ ਵਿਸ਼ੇਸ਼ ਕੋਟਾ ਰਾਖਵਾਂ ਰੱਖਿਆ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਕਲਾਸ-ਏ ਦੀਆਂ ਨੌਂਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸਕੂਲ ਪੱਧਰ ਤੋਂ ਹੀ ਖੇਡਾਂ ਨੂੰ ਉਤਸ਼ਾਹਤ ਕਰ ਰਹੀ ਹੈ। ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਪਿੰਡ ਮਸੀਤ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਲੇ ਵਿੱਤੀ ਵਰ੍ਹੇ ਤੋਂ ਪਿੰਡਾਂ ਲਈ ਵਿਸ਼ੇਸ਼ ਗਰਾਂਟਾਂ ਜਾਰੀ ਕੀਤੀਆਂ ਜਾਣਗੀਆਂ।

ਗ੍ਰਾਮ ਪੰਚਾਇਤ ਮਸੀਤ ਤੇ ਬਾਬਾ ਸ੍ਰੀ ਚੰਦ ਯੂਥ ਕਲੱਬ ਨੇ ਪਹਿਲਾ ਵਾਲੀਬਾਲ ਟੂਰਨਾਮੈਂਟ ਕਰਵਾਇਆ Read More »

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ, ਵਾਧੂ ਸਾਮਾਨ ਲਿਜਾਣ ‘ਤੇ ਵੀ ਪਾਬੰਦੀ

ਲੁਧਿਆਣਾ, 23 ਫਰਵਰੀ – ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਅਤੇ ਢੰਡਾਰੀ ਕਲਾਂ ਰੇਲਵੇ ਸਟੇਸ਼ਨਾਂ ‘ਤੇ ਭਾਰੀ ਭੀੜ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪਲੇਟਫਾਰਮ ਟਿਕਟਾਂ ਦੀ ਵਿਕਰੀ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਹੈ। ਪਲੇਟਫਾਰਮ ਟਿਕਟਾਂ ਦੀ ਵਿਕਰੀ 16 ਮਾਰਚ ਤੱਕ ਬੰਦ ਰਹੇਗੀ। ਰੇਲਵੇ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਸਟੇਸ਼ਨ ‘ਤੇ ਉਤਾਰਦੇ ਸਮੇਂ ਸਟੇਸ਼ਨ ਤੋਂ ਬਾਹਰ ਹੀ ਉਤਾਰ ਦੇਣ, ਤਾਂ ਜੋ ਸਟੇਸ਼ਨ ‘ਤੇ ਬੇਲੋੜੀ ਭੀੜ ਨਾ ਪੈਦਾ ਹੋਵੇ। ਦਿੱਲੀ ਵਿੱਚ ਹਾਦਸੇ ਤੋਂ ਬਾਅਦ ਸਾਵਧਾਨੀ ਵਰਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਮਹਾਂਕੁੰਭ ਦੇ ਮੱਦੇਨਜ਼ਰ ਟਰੇਨਾਂ ‘ਚ ਭਾਰੀ ਭੀੜ ਹੈ। ਟਰੇਨ ਅਤੇ ਪਲੇਟਫਾਰਮ ‘ਤੇ ਵੱਡੀ ਗਿਣਤੀ ‘ਚ ਯਾਤਰੀਆਂ ਦੇ ਆਉਣ ਕਾਰਨ ਦਿੱਲੀ ‘ਚ ਮਚੀ ਭਗਦੜ ‘ਚ ਕਈ ਯਾਤਰੀਆਂ ਦੀ ਮੌਤ ਹੋ ਗਈ। ਇਸ ਤੋਂ ਸਬਕ ਲੈਂਦੇ ਹੋਏ ਫ਼ਿਰੋਜ਼ਪੁਰ ਰੇਲਵੇ ਬੋਰਡ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਾਵਧਾਨੀ ਵਰਤ ਰਿਹਾ ਹੈ। ਇਸ ਤੋਂ ਇਲਾਵਾ ਟਰੇਨ ‘ਚ ਸਫਰ ਕਰਦੇ ਸਮੇਂ ਜ਼ਿਆਦਾ ਵਜ਼ਨ ਜਾਂ ਸਮਾਨ ਲੈ ਕੇ ਜਾਣ ‘ਤੇ ਪਾਬੰਦੀ ਲਗਾਈ ਗਈ ਹੈ। ਯਾਤਰੀ ਕਿੰਨਾ ਭਾਰ ਲਿਜਾ ਸਕਦੇ ਹਨ? ਫ਼ਿਰੋਜ਼ਪੁਰ ਡਿਵੀਜ਼ਨ ਦੇ ਨਿਯਮਾਂ ਅਨੁਸਾਰ ਜੇਕਰ ਕੋਈ ਮੁਸਾਫ਼ਰ ਫਸਟ ਏਸੀ ਕੋਚ ਵਿੱਚ ਸਫ਼ਰ ਕਰ ਰਿਹਾ ਹੈ ਤਾਂ ਉਹ 70 ਕਿਲੋ ਤੱਕ ਭਾਰ ਲਿਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਦੂਜੇ ਏਸੀ ਕੋਚ ਵਿੱਚ ਸਫ਼ਰ ਕਰ ਰਿਹਾ ਹੈ ਤਾਂ ਉਹ 50 ਕਿਲੋ ਤੱਕ ਦਾ ਭਾਰ ਆਪਣੇ ਨਾਲ ਲੈ ਸਕਦਾ ਹੈ। ਜੇਕਰ ਕੋਈ ਥਰਡ ਏਸੀ ਕੋਚ ਵਿੱਚ ਸਫਰ ਕਰ ਰਿਹਾ ਹੈ ਤਾਂ ਉਹ 40 ਕਿਲੋ ਤੱਕ ਦਾ ਸਮਾਨ ਲੈ ਸਕਦਾ ਹੈ, ਸਲੀਪਰ ਵਿੱਚ ਵੀ 40 ਕਿਲੋ ਅਤੇ ਸੈਕਿੰਡ ਕਲਾਸ ਵਿੱਚ 35 ਕਿਲੋ ਤੱਕ ਦਾ ਸਮਾਨ ਲਿਜਾ ਸਕਦਾ ਹੈ।

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ, ਵਾਧੂ ਸਾਮਾਨ ਲਿਜਾਣ ‘ਤੇ ਵੀ ਪਾਬੰਦੀ Read More »

ugcnet.nta.ac.in ‘ਤੇ ਹੋਇਆ UGC NET ਦਸੰਬਰ ਦਾ ਐਲਾਨ

ਨਵੀਂ ਦਿੱਲੀ, 23 ਫਰਵਰੀ – ਯੂਜੀਸੀ ਨੈੱਟ ਦਸੰਬਰ 2024 ਸੈਸ਼ਨ ਦੀ ਪ੍ਰੀਖਿਆ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੁਆਰਾ 3 ਤੋਂ 27 ਜਨਵਰੀ 2025 ਤੱਕ ਕਰਵਾਈ ਗਈ ਸੀ। ਪ੍ਰੀਖਿਆ ਪੂਰੀ ਹੋਣ ਤੋਂ ਬਾਅਦ, NTA ਦੁਆਰਾ UGC NET ਨਤੀਜਾ ਐਲਾਨ ਕੀਤਾ ਗਿਆ ਹੈ। ਨਤੀਜੇ NTA ਦੀ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਔਨਲਾਈਨ ਜਾਰੀ ਕੀਤੇ ਗਏ ਹਨ ਜਿੱਥੋਂ ਤੁਸੀਂ ਇਸਨੂੰ ਦੇਖ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਇਸ ਪੰਨੇ ‘ਤੇ ਦਿੱਤੇ ਸਿੱਧੇ ਲਿੰਕ ‘ਤੇ ਕਲਿੱਕ ਕਰਕੇ UGC ਨੈੱਟ ਸਕੋਰਕਾਰਡ ਵੀ ਡਾਊਨਲੋਡ ਕਰ ਸਕਦੇ ਹੋ। ਉਮੀਦਵਾਰਾਂ ਨੇ ਤਿੰਨ ਸ਼੍ਰੇਣੀਆਂ ਅਧੀਨ ਯੋਗਤਾ ਪ੍ਰਾਪਤ ਕੀਤੀ ਜ਼ਿਕਰਯੋਗ ਹੈ ਕਿ ਉਮੀਦਵਾਰਾਂ ਨੂੰ UGC NET ਪ੍ਰੀਖਿਆ ਦੇ ਤਹਿਤ ਤਿੰਨ ਸ਼੍ਰੇਣੀਆਂ ਦੇ ਤਹਿਤ ਯੋਗਤਾ ਪ੍ਰਾਪਤ ਹੋਈ ਹੈ। ਦਸੰਬਰ ਸੈਸ਼ਨ ਵਿੱਚ, 5158 ਉਮੀਦਵਾਰਾਂ ਨੇ ਸਹਾਇਕ ਪ੍ਰੋਫੈਸਰ ਲਈ, 48161 ਨੇ ਸਹਾਇਕ ਪ੍ਰੋਫੈਸਰ ਅਤੇ ਪੀਐਚਡੀ ਦਾਖ਼ਲੇ ਲਈ ਅਤੇ 114445 ਉਮੀਦਵਾਰਾਂ ਨੇ ਸਿਰਫ਼ ਪੀਐਚਡੀ ਦਾਖਲੇ ਲਈ ਯੋਗਤਾ ਪ੍ਰਾਪਤ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ UGC NET ਲਈ ਰਜਿਸਟਰਡ ਉਮੀਦਵਾਰਾਂ ਦੀ ਗਿਣਤੀ 849166 ਸੀ, ਜਿਨ੍ਹਾਂ ਵਿੱਚੋਂ 649490 ਨੇ ਪ੍ਰੀਖਿਆ ਵਿੱਚ ਹਿੱਸਾ ਲਿਆ। ਨਤੀਜਾ ਚੈੱਕ ਕਰਨ ਲਈ ਆਸਾਨ Steps UGC NET ਦਸੰਬਰ 2024 ਦੇ ਨਤੀਜੇ ਦੀ ਜਾਂਚ ਕਰਨ ਲਈ, ਪਹਿਲਾਂ NTA ਦੀ ਅਧਿਕਾਰਤ ਵੈੱਬਸਾਈਟ ugcnet.nta.ac.in ‘ਤੇ ਜਾਣਾ ਪਵੇਗਾ। ਵੈੱਬਸਾਈਟ ਦੇ ਹੋਮ ਪੇਜ ‘ਤੇ, ਤੁਹਾਨੂੰ LATEST NEWS ਵਿੱਚ ਨਤੀਜਾ/ਸਕੋਰਕਾਰਡ ਨਾਲ ਸਬੰਧਤ ਲਿੰਕ ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਅਰਜ਼ੀ ਨੰਬਰ, ਜਨਮ ਮਿਤੀ ਅਤੇ ਦਿੱਤਾ ਗਿਆ ਕੈਪਚਾ ਕੋਡ ਦਰਜ ਕਰਨਾ ਹੋਵੇਗਾ ਅਤੇ ਇਸਨੂੰ ਜਮ੍ਹਾਂ ਕਰਨਾ ਹੋਵੇਗਾ। ਇਸ ਤੋਂ ਬਾਅਦ ਨਤੀਜਾ ਸਕ੍ਰੀਨ ‘ਤੇ ਖੁੱਲ੍ਹੇਗਾ ਜਿੱਥੋਂ ਤੁਸੀਂ ਇਸਨੂੰ ਚੈੱਕ ਕਰ ਸਕਦੇ ਹੋ ਅਤੇ ਨਾਲ ਹੀ ਆਪਣਾ ਸਕੋਰਕਾਰਡ ਵੀ ਡਾਊਨਲੋਡ ਕਰ ਸਕਦੇ ਹੋ। ਅੰਤਿਮ ਆਂਸਰ ਕੀ ਜਾਰੀ ਕੀਤੀ ਯੂਜੀਸੀ ਨੈੱਟ ਨਤੀਜੇ ਦੇ ਨਾਲ, ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ) ਦੁਆਰਾ ਅੰਤਿਮ ਆਂਸਰ ਕੀ ਵੀ ਜਾਰੀ ਕੀਤੀ ਗਈ ਹੈ। ਉਮੀਦਵਾਰ ਅੰਤਿਮ ਆਂਸਰ ਕੀ ਰਾਹੀਂ ਸਵਾਲਾਂ ਦੇ ਜਵਾਬਾਂ ਨੂੰ ਮਿਲਾ ਸਕਦੇ ਹਨ। ਯਾਦ ਰੱਖੋ ਕਿ ਅੰਤਿਮ ਆਂਸਰ ਕੀ ਸਾਰਿਆਂ ਲਈ ਸਵੀਕਾਰਯੋਗ ਹੋਵੇਗੀ ਅਤੇ ਇਸ ‘ਤੇ ਕੋਈ ਇਤਰਾਜ਼ ਦਰਜ ਨਹੀਂ ਕਰਵਾਇਆ ਜਾ ਸਕਦਾ।

ugcnet.nta.ac.in ‘ਤੇ ਹੋਇਆ UGC NET ਦਸੰਬਰ ਦਾ ਐਲਾਨ Read More »

ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੀਤਾ ਬਰੀ

ਅੰਮ੍ਰਿਤਸਰ, 23 ਫਰਵਰੀ – ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਨੂੰ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਬਰੀ ਕਰ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਦਸੰਬਰ 2012 ਵਿਚ ਮੱਤੇਵਾਲ ਪੁਲੀਸ ਵਲੋਂ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਜੱਗੂ ਭਗਵਾਨਪੁਰੀਆ ਕੋਲੋਂ 2012 ਵਿਚ 700 ਗ੍ਰਾਮ ਪਾਬੰਦੀਸ਼ੁਦਾ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ ਪਰ ਪੁਲਿਸ ਅਦਾਲਤ ਵਿਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਅਦਾਲਤ ਨੇ ਜੱਗੂ ਭਗਵਾਨਪੁਰੀਆ ਨੂੰ ਇਸ ਕੇਸ ਵਿਚੋਂ ਬਰੀ ਕਰ ਦਿਤਾ। ਸੁਣਵਾਈ ਦੌਰਾਨ ਵਕੀਲ ਨੇ ਕਿਹਾ ਕਿ ਉਕਤ ਮਾਮਲਾ ਝੂਠਾ ਹੈ ਅਤੇ ਪੁਲਿਸ ਕੋਲ ਇਸ ਵਿਚ ਕੋਈ ਸਬੂਤ ਨਹੀਂ ਹੈ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਬਰੀ ਕਰ ਦਿਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤੰਬਰ 2014 ’ਚ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਜੱਗੂ ਭਗਵਾਨਪੁਰੀਆ ਵਿਚਾਲੇ ਪਿੰਡ ਸੋਹੀਆਂ ਕਲਾਂ ’ਚ ਹੋਏ ਮੁਕਾਬਲੇ ’ਚ ਉਹ ਬਰੀ ਹੋ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਉਜ਼ਬੇਕਿਸਤਾਨ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜੱਗੂ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਿਆ। ਦੱਸ ਦੇਈਏ ਕਿ ਜੱਗੂ ਭਗਵਾਨਪੁਰੀਆ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਹੈ ਤੇ ਉਹ ਪਿੰਡ ਧਿਆਨਪੁਰਾ ਵਿਚ ਇਕ ਕਤਲ ਕੇਸ ਵਿਚ ਸੁਰਖੀਆਂ ਵਿੱਚ ਆਇਆ ਸੀ। ਇਸ ਦੇ ਨਾਲ ਹੀ ਉਸ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ, ਗੱਡੀਆਂ ਅਤੇ ਗੈਂਗਸਟਰ ਲਾਰੈਂਸ ਨੂੰ ਸ਼ੂਟਰ ਮੁਹੱਈਆ ਕਰਵਾਏ ਸਨ।

ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੀਤਾ ਬਰੀ Read More »