
22 ਫਰਵਰੀ – ਪੁਲਿਸ ਵਿੱਚ ਕੰਮ ਕਰਨ ਦੇ ਇੱਛੁਕ ਲੋਕਾਂ ਲਈ ਖੁਸ਼ਖਬਰੀ ਹੈ। ਪੰਜਾਬ ਪੁਲਿਸ ਨੇ 21 ਫਰਵਰੀ 2025 ਤੋਂ ਕਾਂਸਟੇਬਲ ਦੀਆਂ 1746 ਖਾਲੀ ਅਸਾਮੀਆਂ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਭਰਤੀ ਵਿੱਚ ਹਿੱਸਾ ਲੈਣ ਦੇ ਚਾਹਵਾਨ ਉਮੀਦਵਾਰ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾ ਕੇ ਔਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੇਣ ਦੀ ਆਖਰੀ ਮਿਤੀ 13 ਮਾਰਚ 2025 ਨਿਰਧਾਰਤ ਕੀਤੀ ਗਈ ਹੈ।
ਭਰਤੀ ਹੋਣ ਲਈ ਪੜ੍ਹਾਈ ਦੀ ਯੋਗਤਾ ?
ਇਸ ਭਰਤੀ ਵਿੱਚ ਹਿੱਸਾ ਲੈਣ ਲਈ, ਉਮੀਦਵਾਰ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ (10+2) ਪਾਸ ਹੋਣਾ ਲਾਜ਼ਮੀ ਹੈ। ਜਦੋਂ ਕਿ ਸਾਬਕਾ ਸੈਨਿਕ ਉਮੀਦਵਾਰਾਂ ਲਈ, ਸਿਰਫ਼ 10ਵੀਂ ਜਮਾਤ ਪਾਸ ਕਰਨਾ ਹੀ ਕਾਫ਼ੀ ਹੈ।
ਕਿੰਨੀ ਹੋਣੀ ਚਾਹੀਦੀ ਉਮਰ
ਵਿਦਿਅਕ ਯੋਗਤਾ ਤੋਂ ਇਲਾਵਾ, ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ।
ਕਿੰਨੀ ਹੋਵੇਗੀ ਫੀਸ
ਇਸ ਭਰਤੀ ਵਿੱਚ ਅਪਲਾਈ ਕਰਨ ਲਈ, ਉਮੀਦਵਾਰਾਂ ਲਈ ਫੀਸ ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ। ਅਰਜ਼ੀ ਫੀਸ ਤੋਂ ਬਿਨਾਂ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ 1150 ਰੁਪਏ, SC/ST/BC/OBC (ਸਿਰਫ਼ ਪੰਜਾਬ ਰਾਜ) ਉਮੀਦਵਾਰਾਂ ਨੂੰ 650 ਰੁਪਏ ਅਤੇ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ 500 ਰੁਪਏ ਫੀਸ ਦੇਣੀ ਪਵੇਗੀ। ਅਰਜ਼ੀ ਫੀਸ ਦਾ ਭੁਗਤਾਨ ਔਨਲਾਈਨ ਮੋਡ ਰਾਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ ਕਾਂਸਟੇਬਲ ਭਰਤੀ ਵਿੱਚ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਸਕ੍ਰੀਨਿੰਗ ਟੈਸਟ (PST), ਸਰੀਰਕ ਮਿਆਰੀ ਟੈਸਟ (PMT), ਮੈਡੀਕਲ ਟੈਸਟ ਤੇ ਦਸਤਾਵੇਜ਼ ਤਸਦੀਕ ਰਾਹੀਂ ਕੀਤੀ ਜਾਵੇਗੀ। ਸਿਰਫ਼ ਉਹੀ ਉਮੀਦਵਾਰ ਜੋ ਸਾਰੇ ਪੜਾਵਾਂ ਵਿੱਚ ਸਫਲ ਹੋਣਗੇ, ਅੰਤਿਮ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨਗੇ।
ਕਿਵੇਂ ਦੇਣੀ ਹੈ ਅਰਜ਼ੀ
ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਪਹਿਲਾਂ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ, punjabpolice.gov.in ‘ਤੇ ਜਾਣਾ ਪਵੇਗਾ। ਉੱਥੇ ਭਰਤੀ ਨਾਲ ਸਬੰਧਤ ਲਿੰਕ ‘ਤੇ ਕਲਿੱਕ ਕਰਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰੋ। ਰਜਿਸਟ੍ਰੇਸ਼ਨ ਤੋਂ ਬਾਅਦ, ਉਮੀਦਵਾਰ ਨੂੰ ਲੋੜੀਂਦੇ ਵੇਰਵੇ ਭਰ ਕੇ ਅਰਜ਼ੀ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਅੰਤਿਮ ਦੌਰ ਵਿੱਚ, ਨਿਰਧਾਰਤ ਅਰਜ਼ੀ ਫੀਸ ਜਮ੍ਹਾ ਕਰਨੀ ਪਵੇਗੀ ਅਤੇ ਫਿਰ ਫਾਰਮ ਦਾ ਪ੍ਰਿੰਟਆਊਟ ਲੈ ਕੇ ਸੁਰੱਖਿਅਤ ਕਰਨਾ ਪਵੇਗਾ।