
ਫਰੀਦਕੋਟ, 22 ਫਰਵਰੀ – ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਪੁੱਜੇ ਇੱਕ ਮਰੀਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾੜੇ ਹਾਲਾਤ ਦੇ ਪੋਲ ਖੋਲ੍ਹੇ ਜਿੱਥੇ ਆਪਣੇ ਇਲਾਜ ਲਈ ਕਰੀਬ ਡੇਢ ਘੰਟਾ ਡਾਕਟਰਾਂ ਦੇ ਤਰਲੇ ਪਾਉਣੇ ਪਏ ਪਰ ਡਿਊਟੀ ਤੇ ਮੌਜੂਦ ਡਾਕਟਰਾਂ ਅਤੇ ਸਟਾਫ ਦੇ ਕੰਨ ‘ਤੇ ਕੋਈ ਜੂੰ ਨਹੀਂ ਸਰਕੀ ਉਲਟਾ ਪੁਲਿਸ ਨੂੰ ਬੁਲਾ ਕੇ ਮਰੀਜ਼ ਨਾਲ ਧੱਕਾ-ਮੁੱਕੀ ਵੀ ਕੀਤੀ ਗਈ ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਮਰੀਜ਼ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸਨੇ ਆਪਣਾ ਨਾਮ ਗੁਰਪਾਲ ਸਿੰਘ ਆਗੂ ਕਿਸਾਨ ਮਜ਼ਦੂਰ ਯੂਨੀਅਨ ਦੱਸਦੇ ਕਿਹਾ ਕਿ ਕੱਲ ਸ਼ਾਮ ਉਹ ਪਿੰਡ ਵੱਟੂ ਮਰਾੜ ਵਿਖੇ ਆਪਣੀ ਭਾਣਜੀ ਦੇ ਵਿਆਹ ਤੇ ਗਏ ਸਨ ਜਿੱਥੇ ਕੁਝ ਮੁੰਡਿਆਂ ਵੱਲੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੂੰ ਛੁਡਾਉਣ ਲੱਗੇ ਉਸਦੇ ਨੱਕ ਤੇ ਤੇਜ਼ਧਾਰ ਹਥਿਆਰ ਵੱਜਿਆ ਜਿਸ ਨਾਲ ਉਸਦੇ ਨੱਕ ਦੀ ਹੱਡੀ ਟੁੱਟ ਗਈ ਅਤੇ ਕਾਫੀ ਖੂਨ ਵਗਣ ਲੱਗਾ ਜਿਸ ਤੋਂ ਬਾਅਦ ਉਸਨੂੰ ਕਰੀਬ 12 ਵਜੇ ਮੈਡੀਕਲ ਹਸਪਤਾਲ ਲੈ ਕੇ ਆਏ ਪਰ ਇਥੇ ਐਮਰਜੈਂਸੀ ਵਿਭਾਗ ਦੇ ਹਾਲਾਤ ਇੰਨੇ ਮਾੜੇ ਸਨ ਕੇ ਇਥੇ ਡਿਊਟੀ ਤੇ ਮੌਜੂਦ ਡਾਕਟਰਾਂ ਵੱਲੋਂ ਕੋਈ ਇਲਾਜ ਨਹੀਂ ਕੀਤਾ ਗਿਆ ਉਲਟਾ ਦੁਰਵਿਵਾਹਰ ਕੀਤਾ ਗਿਆ ਜਿਸ ਤੋਂ ਅੱਕ ਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ ਜਿਸ ਤੋਂ ਨਾਰਾਜ਼ ਹੋਕੇ ਉਨ੍ਹਾਂ ਇਲਾਜ ਕਰਨ ਦੀ ਬਜਾਏ ਪੁਲਿਸ ਸੱਦ ਲਈ ਜਿਥੇ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਉਸ ਨਾਲ ਧੱਕਾ ਮੁਕੀ ਕੀਤੀ ਤੇ ਉਸਦਾ ਫੋਨ ਖੋਹ ਲਿਆ ।