
*ਬੀਅਰ, ਨਾਰੀਅਲ ਪਾਣੀ ਅਤੇ ਪੇਯਜਲ ਦੇ ਵਿਚ ਨਸ਼ਾ ਮਿਲਾ ਕੇ ਰੱਖਣ ਦੇ ਮਾਮਲੇ ਵਿਚ ਦੋ ਨੂੰ ਸਜ਼ਾ
ਔਕਲੈਂਡ, 21 ਫਰਵਰੀ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਵਿਚ ਪੁਲਿਸ ਵੱਲੋਂ ਮਾਰਚ 2023 ਦੇ ਵਿਚ ਇਕ ਗੋਦਾਮ ਦੇ ਵਿਚ ਛਾਪਾ ਮਾਰ ਕੇ 700 ਕਿਲੋਗ੍ਰਾਮ ਤੋਂ ਵੱਧ ਮੇਥਾਮਫੇਟਾਮਾਈਨ (ਮੇਥ ਜਾਂ ਸਿੰਥੇਟਿਕ ਨਸ਼ਾ) ਨੂੰ ਤਰਲ ਰੂਪ ਵਿਚ (ਬੀਅਰ) ਫੜਿਆ ਸੀ। ਇਹ ਸਾਫਟ ਡਰਿੰਕ ਵਰਗੇ ਬੀਅਰ ਦੇ ਕੈਨਾਂ, ਨਾਰੀਅਲ ਪਾਣੀ ਦੇ ਕੈਨਾਂ ਅਤੇ ਕੰਬੂਚਾ ਨਾਂਅ ਦੇ ਪੇਯਜਲ ਦੇ ਵਿਚ ਮੌਜੂਦ ਸੀ। ਇਸ ਡਰਿੰਕ ਨੂੰ ਪੀਣ ਕਰਕੇ ਇਕ 21 ਸਾਲਾ ਨੌਜਵਾਨ ਆਇਡਨ ਸਾਲਗਾ ਦੀ ਮੌਤ ਵੀ ਹੋ ਗਈ ਸੀ। ਇਸ ਨਸ਼ੇ ਨੂੰ ਇਥੇ ਲਿਆਉਣ ਦੇ ਲਈ ਜਿਸ ਮਾਸਟਰ ਮਾਈਂਡ ਵਿਅਕਤੀ ਦਾ ਹੱਥ ਸੀ, ਉਸਦਾ ਨਾਂਅ ਅਜੇ ਵੀ ਗੁਪਤ ਰੱਖਿਆ ਜਾ ਰਿਹਾ ਹੈ, ਪਰ ਉਸਨੂੰ ਅੱਜ 22 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਹ ਸਜ਼ਾ 32 ਸਾਲ ਤੱਕ ਚਲੇ ਜਾਣੀ ਸੀ, ਪਰ ਮਾਣਯੋਗ ਜੱਜ ਨੇ ਨਾਂਅ ਗੁੱਪਤ ਰੱਖਣ ਦੇ ਕਾਰਨਾਂ ਨੂੰ ਵਿਚਾਰਦਿਆਂ 30% ਛੋਟ ਦਿੱਤੀ ਗਈ। ਪਹਿਲੇ 10 ਸਾਲ ਉਸਦੀ ਪੈਰੋਲ ਵੀ ਨਹੀਂ ਹੋਵੇਗੀ।
ਇਸ ਵਿਅਕਤੀ ਨੇ ਨਸ਼ੇ ਨੂੰ ਆਯਾਤ ਕਰਨ ਅਤੇ ਕੋਕੇਨ ਨੂੰ ਹਿਰਾਸਤ ਵਿੱਚ ਰੱਖਣ ਦੇ ਦੋਸ਼ ਨੂੰ ਕਬੂਲ ਕਰ ਲਿਆ ਸੀ। ਹਾਲਾਂਕਿ, ਉਸ ’ਤੇ 21 ਸਾਲਾ ਵਿਅਕਤੀ ਸਾਗਲਾ ਦੀ ਮੌਤ ਨਾਲ ਸਬੰਧਤ ਕੋਈ ਦੋਸ਼ ਨਹੀਂ ਲਗਾਇਆ ਗਿਆ। ਜਿਸ 21 ਸਾਲਾ ਵਿਅਕਤੀ ਦੀ ਇਹ ਪੇਯਜਲ ਪੀਣ ਕਰਕੇ ਹਸਪਤਾਲ ਜਾ ਕੇ 7 ਮਾਰਚ 2023 ਮੌਤ ਹੋ ਗਈ ਸੀ, ਉਸਨੇ ਇਸ ਨਸ਼ੇ ਵਾਲੀ ਬੀਅਰ ਪੀਤੀ ਸੀ ਜਿਸ ਨੂੰ ਉਹ ਆਮ ਬੀਅਰ ਸਮਝ ਰਿਹਾ ਸੀ। ਪਰ ਉਸ ਬੀਅਰ ਵਿੱਚ ਮੈਥ ਮਿਲੀ ਹੋਈ ਸੀ, ਜਿਸ ਕਾਰਨ ਉਸਦੇ ਬਹੁਤ ਸਾਰੇ ਸਰੀਰਕ ਅੰਗ ਫੇਲ੍ਹ ਹੋ ਗਏ ਸਨ ਅਤੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਇਸ ਵਿਅਕਤੀ ਨੂੰ ਇਹ ਬੀਅਰ 42 ਸਾਲਾ ਹਿੰਮਤਜੀਤ ‘ਜਿੰਮੀ’ ਸਿੰਘ ਕਾਹਲੋਂ ਵਾਸੀ ਮੈਨੁਰੇਵਾ ਨੇ ਦਿੱਤੀ ਸੀ, ਜਿਸ ਨੂੰ ਅਕਤੂਬਰ 2024 ਵਿੱਚ ਮਾਨਵ ਹੱਤਿਆ ਦਾ ਦੋਸ਼ੀ ਪਾਇਆ ਗਿਆ ਅਤੇ ਅੱਜ ਔਕਲੈਂਡ ਹਾਈ ਕੋਰਟ ਨੇ ਇਸਨੂੰ 21 ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਜਾ 28 ਸਾਲ ਦੀ ਹੋ ਸਕਦੀ ਹੈ, ਪਰ ਪਹਿਲਾ ਅਪਰਾਧ ਅਤੇ ਪਹਿਲਾ ਚਾਲ ਚੱਲਣ ਠੀਕ ਹੋਣ ਕਰਕੇ 25% ਛੋਟ ਦਿੱਤੀ ਗਈ।
ਪਹਿਲੇ 10 ਸਾਲ ਉਸਦੀ ਪੈਰੋਲ ਵੀ ਨਹੀਂ ਹੋਵੇਗੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਵੱਲੋਂ 21 ਸਾਲਾ ਵਿਅਕਤੀ ਨੂੰ ਦਿੱਤੀ ਗਈ ਬੀਅਰ ਵਿੱਚ ਮੈਥ ਸੀ, ਪਰ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਉਨ੍ਹਾਂ ਉਪਕਰਨਾਂ ’ਤੇ ਮਿਲੇ ਜੋ ਗੋਦਾਮ ਵਿੱਚ ਮੈਥ ਬਣਾਉਣ ਲਈ ਵਰਤੇ ਜਾ ਰਹੇ ਸਨ। ਉਸ ਨੇ ਕਿਹਾ ਕਿ ਉਸਨੂੰ ਇਕ ਕਾਰੋਬਾਰੀ ਦੋਸਤ ਨੇ ਠੱਗ ਲਿਆ ਅਤੇ ਉਹ ਅਣਜਾਣੇ ਹੀ ਇਸ ਗੈਰਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੋ ਗਿਆ। ਪੁਲਿਸ ਜਾਣਕਾਰੀ ਅਨੁਸਾਰ ਦੋਸ਼ੀ ਵਿਅਕਤੀ ਨੇ ਅਗਸਤ 2021 ਤੋਂ ਜਨਵਰੀ 2023 ਤੱਕ ਕਈ ਵੱਡੀਆਂ ਮੈਥ ਦੀਆਂ ਖੇਪਾਂ ਆਯਾਤ ਕੀਤੀਆਂ। ਇਹ ਮੈਥ ਹਨੀ ਬੀਅਰ, ਨਾਰੀਅਲ ਪਾਣੀ ਅਤੇ ਕੰਬੂਚਾ ਦੀਆਂ ਬੋਤਲਾਂ ਵਿੱਚ ਮਿਲਾਈ ਹੋਈ ਸੀ ਤਾਂ ਜੋ ਕਸਟਮਜ਼ ਨੂੰ ਸ਼ੱਕ ਨਾ ਹੋਵੇ। ਇਹ ਸਾਰਾ ਸਮਾਨ ਮਨੂਕਾਊ ਸ਼ਹਿਰ ਦੇ ਇਕ ਗੋਦਾਮ ਵਿੱਚ ਰੱਖਿਆ ਗਿਆ, ਜਿੱਥੇ ਮੈਥ ਨੂੰ ਤਰਲ ਤੋਂ ਕ੍ਰਿਸਟਲ ਰੂਪ ਵਿੱਚ ਬਦਲਿਆ ਜਾਂਦਾ ਸੀ।
ਜਦ ਪੁਲਿਸ ਨੇ ਮਾਰਚ 2023 ਵਿੱਚ ਇਹ ਗੋਦਾਮ ਜਬਤ ਕੀਤਾ, ਉੱਥੋਂ 700-785 ਕਿਲੋਗ੍ਰਾਮ ਮੈਥ ਅਤੇ 2.3 ਕਿਲੋਗ੍ਰਾਮ ਕੋਕੇਨ ਮਿਲੀ। 28,800 ਬੀਅਰ ਦੇ ਕੈਨ ਸਨ ਜਿਸ ਦੇ ਵਿਚ ਨਸ਼ਾ ਸੀ ਅਤੇ 22,680 ਕੰਬੂਚਾ ਪੇਯਜਲ ਦੀਆਂ ਬੋਤਲਾਂ ਸਨ, ਜਿਸ ਵਿਚ ਨਸ਼ਾ ਸੀ। ਜੇਕਰ ਇਹ ਬਾਜ਼ਾਰ ਵਿਚ ਜਾਂਦਾ ਤਾਂ 80 ਮਿਲੀਅਨ ਦਾ ਹੋਣਾ ਸੀ। ਇਹ ਬੀਅਰ ਸਹੀ ਲੇਬਲ ਨਾ ਹੋਣ ਕਰਕੇ ਐਵੇਂ ਹੀ ਵੰਡੀ ਜਾਣੀ ਸੀ ਅਤੇ ਨਸ਼ੇ ਵਾਲੀ ਬੀਅਰ ਦੇ ਵਿਚੋਂ ਮੈਥ (ਨਸ਼ਾ) ਕੱਢ ਲੈਣਾ ਸੀ।