
ਮਲੋਟ, 20 ਫਰਵਰੀ – ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਵੱਡੀ ਕਾਰਵਾਈ ਕੀਤੀ ਹੈ। ਐਸ.ਐਸ.ਪੀ. ਨੇ ਥਾਣਾ ਸਿਟੀ ਮਲੋਟ ਦੀ ਐਸ.ਐਚ.ਓ. ਮਹਿਲਾ ਸਬ-ਇੰਸਪੈਕਟਰ ਹਰਪ੍ਰੀਤ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਮਹਿਲਾ ਸਬ-ਇੰਸਪੈਕਟਰ ਹਰਪ੍ਰੀਤ ਕੌਰ ਨੂੰ ਪੁਲਿਸ ਲਾਈਨ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ।
ਗ਼ੈਰ-ਪ੍ਰਮਾਣਿਕ ਸੂਤਰਾਂ ਦੇ ਹਵਾਲਿਓ ਮਿਲੀ ਕਥਿੱਤ ਜਾਣਕਾਰੀ ਦੇ ਮੁਤਾਬਕ ਕੁਝ ਦਿਨ ਪਹਿਲਾਂ ਮਲੋਟ ਵਿੱਚ ਚੋਰੀ ਦੀਆਂ ਦੋ ਕਾਰਾਂ ਦਾ ਇੱਕ ਮਾਮਲਾ ਸੁਰਖ਼ੀਆਂ ਵਿੱਚ ਆਇਆ ਸੀ। ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਪਰਚੇ ਵਿੱਚ ਰਿਆਇਤ ਦੇਣ ਦਾ ਮਾਮਲਾ ਉਭਰਦਾ ਦੇਖ ਕੇ ਐਸ.ਐਸ.ਪੀ. ਨੇ ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਕਰਵਾਈ ਮੁੱਢਲੀ ਜਾਂਚ ਉਪਰੰਤ ਐਸ.ਐਚ.ਓ. ਹਰਪ੍ਰੀਤ ਕੌਰ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਲਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਡੀਜੀਪੀ ਦੌਰਵ ਯਾਦਵ ਨੇ ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਇਹ ਚੇਤਾਵਨੀ ਦਿੱਤੀ ਸੀ ਕਿ ਪੰਜਾਬ ਪੁਲਿਸ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਹੇਠਲੇ ਪੱਧਰ ਦਾ ਕੋਈ ਅਧਿਕਾਰੀ ਭ੍ਰਿਸ਼ਟਾਚਾਰ ਕਰੇਗਾ ਤਾਂ ਉਸ ਲਈ ਜ਼ਿਲ੍ਹਾ ਪੁਲਿਸ ਮੁਖੀ ਜ਼ਿੰਮੇਵਾਰੀ ਹੋਣਗੇ ਤੇ ਉਹ ਬੇਝਿਜਕ ਉਨ੍ਹਾਂ ਵਿਰੁਧ ਕਾਰਵਾਈ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਐਸਐਸਪੀ ਮੁਕਤਸਰ ਸਾਹਿਬ ਨੇ ਐਸਐਚਓ ਵਿਰੁਧ ਇਹ ਕਾਰਵਾਈ ਕੀਤੀ।