
ਚੰਡੀਗੜ੍ਹ, 20 ਫਰਵਰੀ – ਪੰਜਾਬ ਨੂੰ ਨਸ਼ਾ ਮੁਕਤ ਕਰਨ, ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੋਂ ਰੋਕਣ ਅਤੇ ਅਮਰੀਕਾ ਤੋਂ ਕੱਢੇ ਨੌਜਵਾਨਾਂ ਨੂੰ ਡਿਪ੍ਰੈਸ਼ਨ ਤੋਂ ਬਚਾਉਣ ਵਰਗੇ ਮੁੱਦਿਆਂ ‘ਤੇ ਪੰਜਾਬ ਸਰਕਾਰ ਹਰਕਤ ‘ਚ ਆਈ ਹੈ। ਸਰਕਾਰ ਛੇਤੀ ਹੀ ਮਾਨਸਿਕ ਸਿਹਤ ਨੀਤੀ ਲਿਆਵੇਗੀ। ਇਸ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਨੀਤੀ ਬਣਾਉਣ ਲਈ ਵੱਖ-ਵੱਖ ਹਿੱਸੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਛੇਤੀ ਹੀ ਇਸ ਨੀਤੀ ਨੂੰ ਤਿਆਰ ਕਰ ਕੇ ਮੰਤਰੀ ਮੰਡਲ ਦੀ ਪ੍ਰਵਾਨਗੀ ਲਈ ਲਿਆਂਦਾ ਜਾਵੇਗਾ। ਇਹ ਦਾਅਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ।
ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨੀਤੀ ‘ਤੇ ਬਹੁਤ ਬਾਰੀਕੀ ਨਾਲ ਕੰਮ ਕੀਤਾ ਜਾਵੇਗਾ। ਇਸ ਵਿਚ ਮੰਤਰੀ, ਸਾਰੇ ਵਿਭਾਗਾਂ ਦੇ ਸਕੱਤਰ, ਨਸ਼ਾ ਛੁਡਾਊ ਲਈ ਕੰਮ ਕਰ ਰਹੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸ ਦੇ ਲਈ ਪੀ.ਜੀ.ਆਈ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਮਾਹਿਰਾਂ, ਪੰਜਾਬ ਦੇ ਪ੍ਰਾਈਵੇਟ ਡਾਕਟਰਾਂ, ਗ਼ੈਰ ਸਰਕਾਰੀ ਸੰਸਥਾਵਾਂ ਅਤੇ ਪੁਲਿਸ ਅਧਿਕਾਰੀਆਂ ਤੋਂ ਸਲਾਹ ਲਈ ਜਾਵੇਗੀ।
ਇਸ ਦੇ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਿਥੇ ਸਾਰਿਆਂ ਦੀ ਰਾਏ ਲਈ ਜਾਵੇਗੀ। ਇਸ ਮਿਆਦ ਦੇ ਦੌਰਾਨ ਮਾਨਸਿਕ ਸਿਹਤ ਨਾਲ ਸਬੰਧਤ ਕਿਸਾਨਾਂ ਅਤੇ ਨੌਜਵਾਨਾਂ ਦੀ ਖ਼ੁਦਕੁਸ਼ੀ ਦੇ ਮੁੱਦੇ ਬਾਰੇ, ਕਿਉਂਕਿ ਹੁਣ ਨੌਜਵਾਨ ਬਾਹਰੋਂ ਦੇਸ਼ ਨਿਕਾਲਾ ਲੈ ਕੇ ਆ ਰਹੇ ਹਨ। ਇਸ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੂੰ ਇਸ ਮੁਸ਼ਕਲ ਸਥੀਤੀ ’ਚੋਂ ਕੱਢਣ ਤੇ ਉਨ੍ਹਾਂ ਨੂੰ ਡਿਪ੍ਰੈਸ਼ਨ ਵਿਚੋਂ ਬਾਹਰ ਕੱਢਣ ਲਈ ਮਾਨਸਿਕ ਸਿਹਤ ਨੀਤੀ ਬਣਾਈ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਸੱਭ ਤੋਂ ਪਹਿਲਾਂ ਇਨ੍ਹਾਂ ਗੱਲਾਂ ਦੀ ਜਾਂਚ ਕੀਤੀ ਜਾਵੇਗੀ ਕਿ, ਕੀ ਲੋਕਾਂ ਨੂੰ ਕਿਸ ਕਾਰਨ ਇਨ੍ਹਾਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵੀ ਕਿ ਇਨ੍ਹਾਂ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ? ਇਸ ਬਾਰੇ ਚਰਚਾ ਕੀਤੀ ਜਾਵੇਗੀ।