
ਨਵੀਂ ਦਿੱਲੀ, 19 ਫਰਵਰੀ – ਗਿਆਨੇਸ਼ ਕੁਮਾਰ ਨੇ ਅੱਜ ਦੇਸ਼ ਦੇ 26ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਜਦੋਂਕਿ ਵਿਵੇਕ ਜੋਸ਼ੀ ਨੇ ਚੋਣ ਕਮਿਸ਼ਨਰ (EC) ਵਜੋਂ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਕੁਮਾਰ ਮਾਰਚ 2024 ਤੋਂ ਚੋਣ ਕਮਿਸ਼ਨਰ ਸਨ ਤੇ ਉਨ੍ਹਾਂ ਨੂੰ ਸੋਮਵਾਰ ਨੂੰ ਤਰੱਕੀ ਦੇ ਕੇ ਮੁੱਖ ਚੋਣ ਕਮਿਸ਼ਨਰ ਬਣਾਇਆ ਗਿਆ ਹੈ। ਗਿਆਨੇਸ਼ ਕੁਮਾਰ ਨੇ ਰਾਜੀਵ ਕੁਮਾਰ ਦੀ ਥਾਂ ਲਈ ਹੈ, ਜੋ ਮੰਗਲਵਾਰ ਨੂੰ ਸੇਵਾਮੁਕਤ ਹੋਏ ਹਨ। ਸੁਖਬੀਰ ਸਿੰਘ ਸੰਧੂ ਦੂਜੇ ਚੋਣ ਕਮਿਸ਼ਨਰ ਹਨ। ਜੋਸ਼ੀ, ਜੋ ਹਰਿਆਣਾ ਕੇਡਰ ਦੇ ਸਾਬਕਾ ਆਈਏਐੱਸ ਅਧਿਕਾਰੀ ਹਨ, ਨੂੰ ਸੋਮਵਾਰ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ।
ਕੁਮਾਰ ਨੇ ਅਹੁਦੇ ਦਾ ਚਾਰਜ ਸੰਭਾਲਣ ਮਗਰੋਂ ਇਕ ਸੁਨੇਹੇ ਵਿਚ ਕਿਹਾ, ‘‘ਦੇਸ਼ ਨਿਰਮਾਣ ਲਈ ਪਹਿਲਾ ਕਦਮ ਵੋਟਿੰਗ ਹੈ। ਲਿਹਾਜ਼ਾ ਭਾਰਤ ਦੇ ਹਰੇਕ ਨਾਗਰਿਕ, ਜਿਸ ਦੀ ਉਮਰ 18 ਸਾਲ ਤੋਂ ਉੱਤੇ ਹੈ, ਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ।’’ ਕੁਮਾਰ ਨੇ ਜ਼ੋਰ ਦੇ ਕੇ ਆਖਿਆ ਕਿ ‘ਚੋਣ ਕਮਿਸ਼ਨ ਵੋਟਰਾਂ ਨਾਲ ਹਮੇਸ਼ਾ ਖੜ੍ਹਾ ਸੀ, ਹੈ ਤੇ ਰਹੇਗਾ।’’ ਕੁਮਾਰ ਦਾ ਕਾਰਜਕਾਲ 26 ਜਨਵਰੀ 2029 ਤੱਕ ਹੋਵੇਗਾ।