May 9, 2025

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਪਾਕਿਸਤਾਨ

ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ ਪਾਰ ਸਭ ਤੋਂ ਵੱਡੀ ਫ਼ੌਜੀ ਕਾਰਵਾਈ ਵਿਚ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਦੇ ਅੰਦਰ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਨਸ਼ਟ ਕਰ ਦਿੱਤਾ ਜੋ ਵੱਡੀ ਪ੍ਰਾਪਤੀ ਹੈ। ਇਨ੍ਹਾਂ ਵਿਚ ਲਸ਼ਕਰ-ਏ-ਤੌਇਬਾ ਦਾ ਮੁਰੀਦਕੇ ਅਤੇ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਮੁੱਖ ਦਫ਼ਤਰ ਵੀ ਸ਼ਾਮਲ ਹੈ। ਇਸ ਹਮਲੇ ਨਾਲ ਭਾਰਤ ਨੇ ਸਿਰਫ਼ ਪਹਿਲਗਾਮ ਹੀ ਨਹੀਂ, ਬਲਕਿ ਪਿਛਲੇ ਕਈ ਅੱਤਵਾਦੀ ਹਮਲਿਆਂ ਦਾ ਬਦਲਾ ਇਕੱਠਾ ਹੀ ਲੈ ਲਿਆ ਹੈ। ਜੈਸ਼ ਕਮਾਂਡਰ ਰਊਫ ਅਜ਼ਹਰ, ਜੋ ਕੰਧਾਰ ਜਹਾਜ਼ ਅਗਵਾ ਕਾਂਡ, ਸੰਸਦ ’ਤੇ ਹਮਲੇ ਅਤੇ ਅਮਰੀਕੀ-ਯਹੂਦੀ ਪੱਤਰਕਾਰ ਡੈਨੀਅਲ ਪਰਲ ਦੀ ਹੱਤਿਆ ਵਿਚ ਸ਼ਾਮਲ ਸੀ, ਦੇ ਪਰਿਵਾਰ ਦੇ ਕਈ ਮੈਂਬਰ ਬਹਾਵਲਪੁਰ ਵਿਚ ਜੈਸ਼ ਦੇ ਮੁੱਖ ਦਫ਼ਤਰ ’ਤੇ ਹੋਈ ਬੰਬਾਰੀ ਵਿਚ ਮਾਰੇ ਗਏ। ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰ ਦੇ ਵੀ ਕਈ ਮੈਂਬਰ ਇਨ੍ਹਾਂ ਹਮਲਿਆਂ ਵਿਚ ਢੇਰ ਹੋ ਗਏ। ਭਾਰਤੀ ਸੈਨਾਵਾਂ ਨੇ ਲਸ਼ਕਰ ਦਾ ਉਹ ਕੈਂਪ ਵੀ ਉਡਾ ਦਿੱਤਾ ਜਿਸ ਵਿਚ ਮੁੰਬਈ ਅੱਤਵਾਦੀ ਹਮਲੇ ਲਈ ਅਜਮਲ ਕਸਾਬ ਨੂੰ ਸਿਖਲਾਈ ਮਿਲੀ ਸੀ। ਉਂਜ ਤਾਂ ਪਾਕਿਸਤਾਨ ਚੀਕਾਂ ਮਾਰ ਰਿਹਾ ਹੈ ਕਿ ਭਾਰਤ ਦੀ ਫ਼ੌਜੀ ਕਾਰਵਾਈ ਵਿਚ ਆਮ ਨਾਗਰਿਕ ਵੀ ਮਾਰੇ ਗਏ ਪਰ ਉਹ ਇਹ ਨਹੀਂ ਦੱਸ ਸਕਦਾ ਕਿ ਇਹ ਕਥਿਤ ਆਮ ਲੋਕ ਰਾਤ ਦੇ ਸਵਾ ਇਕ ਵਜੇ ਇਨ੍ਹਾਂ ਅੱਤਵਾਦੀ ਕੈਂਪਾਂ ਵਿਚ ਕੀ ਕਰ ਰਹੇ ਸਨ? ਇਹ ਯਾਦ ਰਹੇ ਕਿ ਪਾਕਿਸਤਾਨੀ ਅੱਤਵਾਦੀ ਹਮੇਸ਼ਾ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਆਏ ਹਨ, ਫਿਰ ਚਾਹੇ 2002 ਵਿਚ ਕਾਲੂਚਕ ਵਿਚ ਸੈਨਾ ਦੇ ਰਿਹਾਇਸ਼ੀ ਕੁਆਰਟਰਾਂ ’ਤੇ ਹਮਲਾ ਕਰ ਕੇ ਦਸ ਬੱਚਿਆਂ ਅਤੇ ਅੱਠ ਔਰਤਾਂ ਦੀ ਬੇਰਹਿਮੀ ਨਾਲ ਹੱਤਿਆ ਦਾ ਮਾਮਲਾ ਹੋਵੇ ਜਾਂ ਫਿਰ ਵੰਧਾਵਾ ਅੱਤਵਾਦੀ ਹਮਲੇ ਵਿਚ ਕਸ਼ਮੀਰੀ ਹਿੰਦੂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਾਹਮਣੇ ਗੋਲ਼ੀ ਮਾਰਨ ਵਰਗੇ ਕਾਰੇ ਹੋਣ। ਭਾਰਤ ਨੇ ਦਹਾਕਿਆਂ ਤੱਕ ਇਨ੍ਹਾਂ ਅੱਤਿਆਚਾਰਾਂ ਨੂੰ ਸਹਿੰਦੇ ਹੋਏ ਸਹਿਣਸ਼ੀਲਤਾ ਦਿਖਾਈ ਪਰ ਹੁਣ ਜਦੋਂ ਹਿਸਾਬ ਕਰਨ ਦੀ ਠਾਣੀ ਤਾਂ ਇਕ ਝਟਕੇ ਵਿਚ ਹੀ ਇਨ੍ਹਾਂ ਪੁਰਾਣੀਆਂ ਘਟਨਾਵਾਂ ਦਾ ਵੀ ਬਦਲਾ ਲੈ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਹ ਕਿਹਾ ਸੀ ਕਿ ਭਾਰਤ ਇਸ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਅਤੇ ਇਸ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਧਰਤੀ ਦੇ ਆਖ਼ਰੀ ਕੋਨੇ ਤੱਕ ਭਾਲ ਕੇ ਸਜ਼ਾ ਦੇਵੇਗਾ, ਉਹ ਉਨ੍ਹਾਂ ਨੇ ਕਰ ਦਿਖਾਇਆ। ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਮਾਰੇ ਜਾਣ ਨਾਲ ਪਾਕਿਸਤਾਨ ਨੂੰ ਇਹ ਸਪਸ਼ਟ ਸੰਦੇਸ਼ ਗਿਆ ਕਿ ਭਾਰਤ ਦਹਾਕਿਆਂ ਪੁਰਾਣੇ ਅੱਤਵਾਦੀ ਕਾਰਿਆਂ ਨੂੰ ਵੀ ਭੁੱਲਦਾ ਨਹੀਂ ਅਤੇ ਸਮਾਂ ਆਉਣ ’ਤੇ ਬਦਲਾ ਜ਼ਰੂਰ ਲੈਂਦਾ ਹੈ। ਹੁਣ ਇਸ ਫ਼ੌਜੀ ਕਾਰਵਾਈ ਦੇ ਬਾਅਦ ਕੀ? ਪਾਕਿਸਤਾਨੀ ਫ਼ੌਜ ਮਕਬੂਜ਼ਾ ਕਸ਼ਮੀਰ ਵਿਚ ਤਾਂ ਭਾਰਤੀ ਫ਼ੌਜੀ ਕਾਰਵਾਈ ਨੂੰ ਬਰਦਾਸ਼ਤ ਕਰ ਵੀ ਲਵੇ ਪਰ ਪਾਕਿਸਤਾਨੀ ਪੰਜਾਬ ਦੇ ਅੰਦਰ ਫ਼ੌਜੀ ਕਾਰਵਾਈ ਉਸ ਦੇ ਮੂੰਹ ’ਤੇ ਕਾਲਖ ਮਲਣ ਵਰਗੀ ਗੱਲ ਹੋ ਗਈ ਹੈ। ਪਾਕਿਸਤਾਨੀ ਨਿਜ਼ਾਮ ਵਿਚ ਪੰਜਾਬ ਪਾਕਿਸਤਾਨ ਦਾ ਦਿਲ ਅਤੇ ਫ਼ੌਜ ਦਾ ਗੜ੍ਹ ਹੈ। ਪਾਕਿਸਤਾਨ ਵਿਚ ਸੈਨਾ ਅਤੇ ਉਸ ਦੇ ਪੰਜਾਬੀ ਗੜ੍ਹ ਨੂੰ ਉਹੀ ਦਰਜਾ ਪ੍ਰਾਪਤ ਹੈ, ਜੋ ਮਧੂਮੱਖੀ ਦੇ ਛੱਤੇ ਵਿਚ ਰਾਣੀ ਮੱਖੀ ਅਤੇ ਉਸ ਦੀ ਠਾਹਰ ਦਾ ਹੁੰਦਾ ਹੈ। ਫ਼ਿਰਕੂ ਜ਼ਹਿਰ ਉਗਲ ਕੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਪਹਿਲਗਾਮ ਵਿਚ ਜਹਾਦੀ ਹਿੰਸਾ ਦਾ ਨੰਗਾ ਨਾਚ ਤਾਂ ਕਰਵਾ ਦਿੱਤਾ ਪਰ ਹੁਣ ਆਪਣੇ ਹੀ ਬੁਣੇ ਜਾਲ਼ ਵਿਚ ਖ਼ੁਦ ਫਸ ਗਏ। ਮੁਨੀਰ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਭਾਰਤ ਅੰਤਰਰਾਸ਼ਟਰੀ ਸੀਮਾ ਤੋਂ ਸੈਂਕੜੇ ਕਿੱਲੋਮੀਟਰ ਦੂਰ ਪੰਜਾਬ ਸਥਿਤ ਬਹਾਵਲਪੁਰ ਦੇ ਵਿਚਕਾਰ ਜੈਸ਼ ਦੇ ਅੱਤਵਾਦੀ ਮੁੱਖ ਦਫ਼ਤਰ ’ਤੇ ਮਿਜ਼ਾਈਲਾਂ ਦਾਗ਼ ਸਕਦਾ ਹੈ। ਪਾਕਿ ਫ਼ੌਜ ਦੀ ਬਚੀ-ਖੁਚੀ ਇੱਜ਼ਤ ਬਚਾਉਣ ਲਈ ਮੁਨੀਰ ਕੋਲ ਭਾਰਤ ਖ਼ਿਲਾਫ਼ ਕਿਸੇ ਕਾਰਵਾਈ ਦੇ ਦਿਖਾਵੇ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਹ ਵੀ ਬਹੁਤ ਖਤਰਨਾਕ ਹੈ, ਕਿਉਂਕਿ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਉਸ ਨੇ ਸਹਿਣਸ਼ੀਲਤਾ ਦਿਖਾਉਂਦੇ ਹੋਏ ਪਾਕਿਸਤਾਨ ਦੇ ਕਿਸੇ ਫ਼ੌਜੀ ਜਾਂ ਨਾਗਰਿਕ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ।

ਭਾਰਤ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਪਾਕਿਸਤਾਨ Read More »

ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਫੌਜ ਨੂੰ ਟੈਰੀਟੋਰੀਅਲ ਆਰਮੀ ਬਲਾਉਣ ਦੇ ਅਧਿਕਾਰ

ਨਵੀਂ ਦਿੱਲੀ, 9 ਮਈ – ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੀ ਸਥਿਤੀ ਬਣ ਗਈ ਹੈ। ਪਾਕਿਸਤਾਨ ਦੇ ਤੇਜ਼ ਹਮਲਿਆਂ ਮਗਰੋਂ ਭਾਰਤ ਵੱਡੀ ਪਲਾਨਿੰਗ ਕਰ ਰਿਹਾ ਹੈ। ਇਸ ਤਣਾਅ ਦੇ ਵਿਚਕਾਰ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਫੌਜ ਮੁਖੀ ਚਾਹੁਣ ਤਾਂ ਉਹ ਟੈਰੀਟੋਰੀਅਲ ਆਰਮੀ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਬੁਲਾ ਸਕਦੇ ਹਨ। ਟੈਰੀਟੋਰੀਅਲ ਆਰਮੀ ਇੱਕ ਅਰਧ ਸੈਨਿਕ ਬਲ ਹੈ, ਜੋ ਲੋੜ ਪੈਣ ‘ਤੇ ਫੌਜ ਦੀ ਸਹਾਇਤਾ ਕਰਦਾ ਹੈ। ਦੂਜੇ ਪਾਸੇ, ਗ੍ਰਹਿ ਮੰਤਰਾਲੇ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਪ੍ਰਸ਼ਾਸਕਾਂ ਨੂੰ ਸੁਰੱਖਿਆ ਉਪਾਵਾਂ ਬਾਰੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਸਿਵਲ ਡਿਫੈਂਸ ਨਿਯਮਾਂ ਦੇ ਤਹਿਤ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਅੱਜ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤ੍ਰਿਪਾਠੀ, ਏਅਰ ਚੀਫ ਮਾਰਸ਼ਲ ਏਪੀ ਸਿੰਘ ਤੇ ਸੀਡੀਐਸ ਅਨਿਲ ਚੌਹਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਗ੍ਰਹਿ ਮੰਤਰੀ ਨੇ ਬੀਐਸਐਫ ਤੇ ਸੀਆਈਐਸਐਫ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਹਵਾਈ ਅੱਡਿਆਂ ਦੀ ਸੁਰੱਖਿਆ ਬਾਰੇ ਪੁੱਛਗਿੱਛ ਕੀਤੀ। ਖੇਤੀਬਾੜੀ ਮੰਤਰਾਲੇ ਤੇ ਸਿਹਤ ਮੰਤਰਾਲੇ ਨੇ ਵੀ ਤਿਆਰੀਆਂ ਸਬੰਧੀ ਇੱਕ ਮੀਟਿੰਗ ਕੀਤੀ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਫੌਜ ਮੁਖੀ ਨੂੰ ਟੈਰੀਟੋਰੀਅਲ ਆਰਮੀ (ਟੀਏ) ਦੇ ਸੈਨਿਕਾਂ ਤੇ ਅਧਿਕਾਰੀਆਂ ਨੂੰ ਟੈਰੀਟੋਰੀਅਲ ਆਰਮੀ ਰੂਲਜ਼, 1948 ਦੇ ਨਿਯਮਾਂ ਅਨੁਸਾਰ ਬੁਲਾਉਣ ਦਾ ਅਧਿਕਾਰ ਦਿੱਤਾ ਹੈ। ਟੀਏ ਇੱਕ ਅਰਧ ਸੈਨਿਕ ਬਲ ਹੈ ਜੋ ਨਾਗਰਿਕਾਂ ਨੂੰ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਦਿੰਦਾ ਹੈ। ਉਹ ਆਪਣੀ ਨੌਕਰੀ ਜਾਂ ਪੇਸ਼ੇ ਨੂੰ ਵੀ ਜਾਰੀ ਰੱਖ ਸਕਦੇ ਹਨ। ਇਸ ਦਾ ਉਦੇਸ਼ ਲੋੜ ਪੈਣ ‘ਤੇ ਫੌਜ ਦੀ ਸਹਾਇਤਾ ਕਰਨਾ, ਅੰਦਰੂਨੀ ਸੁਰੱਖਿਆ, ਕੁਦਰਤੀ ਆਫ਼ਤਾਂ ਜਾਂ ਹੋਰ ਐਮਰਜੈਂਸੀ ਵਿੱਚ ਸੇਵਾ ਪ੍ਰਦਾਨ ਕਰਨਾ ਹੈ। ਇਸ ਦੌਰਾਨ ਪਾਕਿਸਤਾਨੀ ਫੌਜ 3 ਦਿਨਾਂ ਤੋਂ ਲਗਾਤਾਰ ਹਮਲੇ ਕਰ ਰਹੀ ਹੈ। ਪਾਕਿ ਫੌਜ ਡ੍ਰੋਨ ਤੇ ਮਜਾਈਲਾਂ ਨਾਲ ਹਮਲੇ ਕਰ ਰਹੀ ਹੈ। ਦੂਜੇ ਪਾਸੇ ਭਾਰਤੀ ਫੌਜ ਨੇ ਇਹ ਸਾਰੇ ਹਮਲੇ ਨਾਕਾਮ ਕਰ ਦਿੱਤੇ ਹਨ ਤੇ ਪਲਟਵਾਰ ਕਰਦਿਆਂ ਪਾਕਿਸਤਾਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਆਇਆ ਹੈ। ਇਸ ਦੇ ਨਾਲ ਹੀ ਪਾਕਿ ਫੌਜ ਕੰਟਰੋਲ ਰੇਖਾ ‘ਤੇ ਲਗਾਤਾਰ ਗੋਲੀਬਾਰੀ ਕਰ ਰਹੀ ਹੈ। ਇਸ ਵਿੱਚ 17 ਨਾਗਰਿਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚ 5 ਬੱਚੇ ਵੀ ਸ਼ਾਮਲ ਹਨ। ਕਈ ਇਮਾਰਤਾਂ ਤੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਉੱਤਰਾਖੰਡ ਵਿੱਚ ਹਾਈ ਅਲਰਟ, ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਚੌਕਸੀ ਭਾਰਤ ਨੂੰ ਚੀਨ ਵਾਲੇ ਪਾਸਿਓਂ ਵੀ ਖਤਰਾ ਹੈ। ਇਸ ਲਈ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਉਤਰਾਖੰਡ ਵਿੱਚ ਹਾਈ ਅਲਰਟ ਘੋਸ਼ਿਤ ਕੀਤਾ ਗਿਆ ਹੈ। ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਰਾਜ ਭਰ ਵਿੱਚ ਸੁਰੱਖਿਆ ਬਾਰੇ ਅਲਰਟ ਕੀਤਾ ਗਿਆ ਹੈ। ਖਾਸ ਕਰਕੇ ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵਾਧੂ ਚੌਕਸੀ ਕੀਤੀ ਗਈ ਹੈ। ਰਾਜਧਾਨੀ ਦੇਹਰਾਦੂਨ ਵਿੱਚ ਵੀਰਵਾਰ ਦੇਰ ਰਾਤ ਨੂੰ ਜ਼ਬਰਦਸਤ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਵਿੱਚ ਸ਼ੱਕੀਆਂ ਤੋਂ ਪੂਰੀ ਤਰ੍ਹਾਂ ਪੁੱਛਗਿੱਛ ਕੀਤੀ ਗਈ।

ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਫੌਜ ਨੂੰ ਟੈਰੀਟੋਰੀਅਲ ਆਰਮੀ ਬਲਾਉਣ ਦੇ ਅਧਿਕਾਰ Read More »

ਪਾਕਿਸਤਾਨ ਨਾਲ ਤਣਾਅ ਵਿਚਾਲੇ ਰੋਕਿਆ ਗਿਆ IPL

ਨਵੀਂ ਦਿੱਲੀ, 9 ਮਈ – ਬੀਸੀਸੀਆਈ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਆਈਪੀਐਲ 2025 ਦੇ ਸਾਰੇ ਮੈਚ ਰੋਕ ਦਿੱਤੇ ਗਏ ਹਨ। ਇਸਦਾ ਮਤਲਬ ਹੈ ਕਿ ਆਈਪੀਐਲ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕੋਈ ਮੈਚ ਨਹੀਂ ਖੇਡਿਆ ਜਾਵੇਗਾ ਅਤੇ ਖਿਡਾਰੀਆਂ ਨੂੰ ਵਿਦੇਸ਼ ਭੇਜਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੋਵੇਗਾ ਕਿ ਉਨ੍ਹਾਂ ਦੀਆਂ ਟਿਕਟਾਂ ਦਾ ਕੀ ਹੋਵੇਗਾ ਜਿਹੜੀਆਂ ਉਨ੍ਹਾਂ ਨੇ ਪਹਿਲਾਂ ਹੀ ਬੁੱਕ ਕਰਵਾ ਲਈਆਂ ਸਨ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੇ ਟਿਕਟ ਦੇ ਪੈਸੇ ਕਿਵੇਂ ਵਾਪਸ ਲੈ ਸਕਦੇ ਹੋ। ਕਦੋਂ ਮਿਲਦਾ ਰਿਫੰਡ? ਆਈਪੀਐਲ ਦੇ ਨਿਯਮਾਂ ਅਨੁਸਾਰ, ਫੀਸ ਤਾਂ ਹੀ ਵਾਪਸ ਕੀਤੀ ਜਾਂਦੀ ਹੈ, ਜਦੋਂ ਮੈਚ ਰੱਦ ਜਾਂ ਮੁਲਤਵੀ ਕਰ ਦਿੱਤਾ ਜਾਵੇ ਅਤੇ ਉਸ ਦਿਨ ਸਟੇਡੀਅਮ ਵਿੱਚ ਕਿਸੇ ਵੀ ਮੈਚ ਦੀ ਗੇਂਦ ਨਾ ਸੁੱਟੀ ਜਾਵੇ। ਕਿਸੇ ਵੀ ਹੋਰ ਕੀਮਤ ਵਿੱਚ ਮੈਚ ਦੀ ਫੀਸ ਵਾਪਸੀ ਨਹੀਂ ਹੋਵੇਗੀ। ਇਸਦਾ ਮਤਲਬ ਹੈ ਕਿ ਜੇਕਰ ਮੈਚ ਦੌਰਾਨ ਮੀਂਹ ਪੈਂਦਾ ਹੈ ਜਾਂ ਸੁਰੱਖਿਆ ਕਾਰਨਾਂ ਕਰਕੇ ਮੈਚ ਰੋਕ ਦਿੱਤਾ ਜਾਂਦਾ ਹੈ, ਤਾਂ ਟਿਕਟ ਦੇ ਪੈਸੇ ਵਾਪਸ ਨਹੀਂ ਦਿੱਤੇ ਜਾਂਦੇ। ਇਦਾਂ ਮਿਲਦਾ ਟਿਕਟ ਦਾ ਰਿਫੰਡ ਜੇਕਰ ਤੁਸੀਂ ਔਨਲਾਈਨ ਟਿਕਟਾਂ ਬੁੱਕ ਕੀਤੀਆਂ ਹਨ, ਤਾਂ IPL ਰੱਦ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਤੁਹਾਡੇ ਪੈਸ ਵਾਪਸ ਵਾਪਸ ਆ ਜਾਣਗੇ। ਜੇਕਰ ਤੁਹਾਨੂੰ ਰਿਫੰਡ ਨਹੀਂ ਮਿਲਦਾ, ਤਾਂ ਤੁਸੀਂ ਇਸ ਪਲੇਟਫਾਰਮ ‘ਤੇ ਜਾ ਸਕਦੇ ਹੋ ਅਤੇ ਰਿਫੰਡ ਦਾ ਦਾਅਵਾ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਆਪਣੀ ਟਿਕਟ ਅਤੇ ਇੱਕ ਆਈਡੀ ਪਰੂਫ਼ ਅਪਲੋਡ ਕਰਨਾ ਹੋਵੇਗਾ। ਤੁਹਾਨੂੰ ਆਪਣੇ ਬੈਂਕ ਖਾਤੇ ਬਾਰੇ ਵੀ ਜਾਣਕਾਰੀ ਦੇਣੀ ਪੈ ਸਕਦੀ ਹੈ। ਇਸ ਤੋਂ ਇਲਾਵਾ, ਜੇਕਰ ਤੁਸੀਂ ਸਟੇਡੀਅਮ ਤੋਂ ਟਿਕਟ ਖਰੀਦੀ ਹੈ, ਤਾਂ ਤੁਸੀਂ ਉੱਥੋਂ ਦੇ ਕਾਊਂਟਰ ‘ਤੇ ਜਾ ਸਕਦੇ ਹੋ ਅਤੇ ਅਸਲ ਟਿਕਟ ਅਤੇ ਆਪਣਾ ਆਈਡੀ ਕਾਰਡ ਦਿਖਾ ਕੇ ਰਿਫੰਡ ਦਾ ਦਾਅਵਾ ਕਰ ਸਕਦੇ ਹੋ। ਅੱਧ ਵਿਚਾਲੇ ਹੀ ਰੋਕ ਦਿੱਤਾ ਸੀ ਮੈਚ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਹੋਇਆ ਮੈਚ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ ਸੀ। 8 ਮਈ ਦੀ ਰਾਤ ਨੂੰ, ਜਦੋਂ ਇਹ ਮੈਚ ਚੱਲ ਰਿਹਾ ਸੀ, ਪਾਕਿਸਤਾਨ ਵੱਲੋਂ ਅਚਾਨਕ ਹਮਲਾ ਹੋਇਆ।

ਪਾਕਿਸਤਾਨ ਨਾਲ ਤਣਾਅ ਵਿਚਾਲੇ ਰੋਕਿਆ ਗਿਆ IPL Read More »

ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਇਸ ਸੂਬੇ ‘ਚ ਲਗਾਇਆ ਜਾ ਰਿਹੈ 2 ਮਹੀਨੇ ਦਾ ਨਾਈਟ ਕਰਫਿਊ

ਸ਼ਿਲਾਂਗ, 9 ਮਈ – ਭਾਰਤ-ਪਾਕਿਸਤਾਨ ਸਰਹੱਦ ‘ਤੇ ਵਿਗੜਦੇ ਹਾਲਾਤ ਦੇ ਵਿਚਕਾਰ, ਉੱਤਰ-ਪੂਰਬੀ ਰਾਜ ਮੇਘਾਲਿਆ ਵਿੱਚ 2 ਮਹੀਨਿਆਂ ਲਈ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਮੇਘਾਲਿਆ ਸਰਕਾਰ ਨੇ ਇਹ ਫੈਸਲਾ ਬੰਗਲਾਦੇਸ਼ ਸਰਹੱਦ ‘ਤੇ ਵਧਦੇ ਤਣਾਅ ਕਾਰਨ ਲਾਗੂ ਕੀਤਾ ਹੈ। ਮੇਘਾਲਿਆ ਨੇ ਭਾਰਤੀ ਸਿਵਲ ਸੁਰੱਖਿਆ ਕੋਡ (BNSS) ਦੀ ਧਾਰਾ 163 ਦੇ ਤਹਿਤ ਪੂਰਬੀ ਘਾਟੀ ਦੇ ਜ਼ਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਹ ਕਰਫਿਊ ਬੰਗਲਾਦੇਸ਼ ਸਰਹੱਦ ਤੋਂ 1 ਕਿਲੋਮੀਟਰ ਦੀ ਦੂਰੀ ਤੱਕ ਲਾਗੂ ਰਹੇਗਾ। ਕਰਫਿਊ ਕਦੋਂ ਤੋਂ ਕਦੋਂ ਤੱਕ ਲਗਾਇਆ ਜਾਵੇਗਾ? ਪੂਰਬੀ ਖਾਸੀ ਹਿਲਜ਼ ਦੇ ਜ਼ਿਲ੍ਹਾ ਮੈਜਿਸਟਰੇਟ ਆਈਏਐਸ ਆਰ.ਐਮ. ਕੁਰਭ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 8 ਮਈ, 2025 ਤੋਂ ਅਗਲੇ 2 ਮਹੀਨਿਆਂ ਲਈ ਬੰਗਲਾਦੇਸ਼ ਸਰਹੱਦ ਤੋਂ 1 ਕਿਲੋਮੀਟਰ ਦੇ ਖੇਤਰ ਵਿੱਚ ਰਾਤ ਦਾ ਕਰਫਿਊ ਲਗਾਇਆ ਜਾਵੇਗਾ। ਇਹ ਕਰਫਿਊ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਕੀ ਹੋਣਗੇ ਨਿਯਮ? ਮੇਘਾਲਿਆ ਵਿੱਚ ਲਗਾਏ ਗਏ ਇਸ ਰਾਤ ਦੇ ਕਰਫਿਊ ਦੌਰਾਨ ਸਰਹੱਦ ਦੇ ਆਲੇ-ਦੁਆਲੇ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਹੋਵੇਗੀ। ਇਸ ਨਾਲ ਲੋਕ ਰਾਤ ਦੇ ਹਨੇਰੇ ਵਿੱਚ ਬੰਗਲਾਦੇਸ਼ ਸਰਹੱਦ ਪਾਰ ਕਰਨ ਅਤੇ ਗੈਰ-ਕਾਨੂੰਨੀ ਸ਼ਰਨਾਰਥੀਆਂ ਨੂੰ ਮੇਘਾਲਿਆ ਆਉਣ ਤੋਂ ਰੋਕਿਆ ਜਾ ਸਕੇਗਾ। ਕਰਫਿਊ ਖੇਤਰ ਵਿੱਚ 5 ਜਾਂ ਵੱਧ ਲੋਕਾਂ ਦੇ ਇਕੱਠੇ ਖੜ੍ਹੇ ਹੋਣਾ ਵੀ ਕਾਨੂੰਨੀ ਅਪਰਾਧ ਮੰਨਿਆ ਜਾਵੇਗਾ। ਕਰਫਿਊ ਕਿਉਂ ਲਗਾਇਆ ਗਿਆ? ਮੇਘਾਲਿਆ ਪ੍ਰਸ਼ਾਸਨ ਨੇ ਕਰਫਿਊ ਦੇ ਪਿੱਛੇ ਦਾ ਕਾਰਨ ਵੀ ਸਪੱਸ਼ਟ ਕਰ ਦਿੱਤਾ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਫੈਸਲੇ ਦੀ ਮਦਦ ਨਾਲ, ਭਾਰਤ ਵਿੱਚ ਗੈਰ-ਕਾਨੂੰਨੀ ਸ਼ਰਨਾਰਥੀਆਂ ਦੇ ਦਾਖਲ ਹੋਣ ਤੋਂ ਇਲਾਵਾ, ਜਾਨਵਰਾਂ, ਸੁਪਾਰੀ, ਮੱਛੀ, ਸਿਗਰਟ ਅਤੇ ਚਾਹ ਪੱਤੀ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਿਆ ਜਾ ਸਕਦਾ ਹੈ।

ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਇਸ ਸੂਬੇ ‘ਚ ਲਗਾਇਆ ਜਾ ਰਿਹੈ 2 ਮਹੀਨੇ ਦਾ ਨਾਈਟ ਕਰਫਿਊ Read More »

ਪੰਚਕੂਲਾ ‘ਚ ਅੱਜ ਰਾਤ 7 ਵਜੇ ਤੋਂ ਬਲੈਕਆਊਟ, ਪ੍ਰਸਾਸ਼ਨ ਵਲੋਂ ਸਭ ਨੂੰ ਘਰੋਂ ਬਾਹਰ ਨਿਕਲਣ ਤੇ ਮਨਾਹੀ

ਪੰਚਕੂਲਾ, 9 ਮਈ – ਪੰਚਕੂਲਾ ਵਿੱਚ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੱਜ ਰਾਤ 7 ਵਜੇ ਤੋਂ ਪੂਰੇ ਸ਼ਹਿਰ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕਰਕੇ ਸਾਰੇ ਬਾਜ਼ਾਰ ਵੀ 7 ਵਜੇ ਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੋਲਰ ਲਾਈਟਾਂ ਅਤੇ ਸਰਕਾਰੀ ਦਫ਼ਤਰਾਂ ‘ਚ ਪਾਬੰਦੀ ਸਾਰੇ ਸਰਕਾਰੀ ਮੁੱਖ ਦਫ਼ਤਰਾਂ ਅਤੇ ਦਫ਼ਤਰਾਂ ਵਿੱਚ ਵੀ ਰਾਤ ਦੌਰਾਨ ਸਾਰੀਆਂ ਲਾਈਟਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਨ੍ਹਾਂ ਦੇ ਨਾਲ, ਸ਼ਹਿਰ ਭਰ ਦੀਆਂ ਸੋਲਰ ਲਾਈਟਾਂ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਹਨ। ਲੋਕਾਂ ਲਈ ਸਾਵਧਾਨੀ ਅਤੇ ਹਦਾਇਤਾਂ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ, ਬਲੈਕਆਊਟ ਦੌਰਾਨ ਕੋਈ ਵੀ ਲਾਈਟ ਨਾ ਚਲਾਉਣ ਅਤੇ ਪ੍ਰਸ਼ਾਸਨ ਦੀਆਂ ਸੂਚਨਾਵਾਂ ਦੀ ਪਾਲਣਾ ਕਰਨ। ਸੁਰੱਖਿਆ ਕਾਰਨਾਂ ਕਰਕੇ ਇਹ ਕਦਮ ਲਏ ਗਏ ਹਨ। ਸਕੂਲ ਵੀ ਬੰਦ ਇਸਦੇ ਇਲਾਵਾ, ਪੰਚਕੂਲਾ ਵਿੱਚ ਸਰਕਾਰੀ ਅਤੇ ਨਿੱਜੀ ਸਕੂਲ ਵੀ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਹੋ ਚੁੱਕੇ ਹਨ।

ਪੰਚਕੂਲਾ ‘ਚ ਅੱਜ ਰਾਤ 7 ਵਜੇ ਤੋਂ ਬਲੈਕਆਊਟ, ਪ੍ਰਸਾਸ਼ਨ ਵਲੋਂ ਸਭ ਨੂੰ ਘਰੋਂ ਬਾਹਰ ਨਿਕਲਣ ਤੇ ਮਨਾਹੀ Read More »

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤੀ ਰੁਪਏ ‘ਚ ਆਈ ਭਾਰੀ ਗਿਰਾਵਟ

ਨਵੀਂ ਦਿੱਲੀ, 9 ਮਈ – ਭਾਰਤੀ ਫੌਜ ਦੇ ਤਿੰਨਾਂ ਹਿੱਸਿਆਂ ਵੱਲੋਂ ਸਾਲ 1971 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਇਕੱਠੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕੀਤਾ ਅਤੇ ਪਾਕਿਸਤਾਨ ਦੇ ਸਾਰੇ ਹੰਕਾਰ ਨੂੰ ਦੂਰ ਕਰ ਦਿੱਤਾ। ਉਨ੍ਹਾਂ ਦੇ 9 ਅੱਤਵਾਦੀ ਕੈਂਪਾਂ ‘ਤੇ ਹਮਲਾ ਕਰਕੇ, ਉਨ੍ਹਾਂ ਨੇ ਪਹਿਲਗਾਮ ਹਮਲੇ ਦਾ ਢੁਕਵਾਂ ਜਵਾਬ ਦਿੱਤਾ, ਜਿਸਦੀ ਉਨ੍ਹਾਂ ਨੂੰ ਉਮੀਦ ਨਹੀਂ ਸੀ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਜਿੱਥੇ ਇੱਕ ਪਾਸੇ, ਬੁੱਧਵਾਰ ਨੂੰ ਭਾਰਤੀ ਸਟਾਕ ਮਾਰਕੀਟ ਨਿਡਰ ਰਹੀ, ਜਦੋਂ ਕਿ ਦੂਜੇ ਪਾਸੇ, ਪਾਕਿਸਤਾਨ ਦਾ ਸਟਾਕ ਮਾਰਕੀਟ ਬੁਰੀ ਤਰ੍ਹਾਂ ਕਰੈਸ਼ ਹੋ ਗਿਆ। ਕਰਾਚੀ ਸਟਾਕ ਇੰਡੈਕਸ ਵਿੱਚ ਲਗਭਗ 6 ਪ੍ਰਤੀਸ਼ਤ ਦੀ ਵੱਡੀ ਗਿਰਾਵਟ ਦੇਖੀ ਗਈ। ਭਾਰਤੀ ਰੁਪਏ ਵਿੱਚ 45 ਪੈਸੇ ਦੀ ਗਿਰਾਵਟ ਹਾਲਾਂਕਿ, ਖਾਸ ਗੱਲ ਇਹ ਸੀ ਕਿ ਇਸ ਕਾਰਵਾਈ ਤੋਂ ਬਾਅਦ, ਪਾਕਿਸਤਾਨ ਦੇ ਮੁਕਾਬਲੇ ਭਾਰਤੀ ਰੁਪਏ ਵਿੱਚ ਵੱਡੀ ਗਿਰਾਵਟ ਦੇਖੀ ਗਈ। ਡਾਲਰ ਦੇ ਮੁਕਾਬਲੇ ਬੁੱਧਵਾਰ, 7 ਮਈ ਨੂੰ ਭਾਰਤੀ ਰੁਪਏ ਵਿੱਚ 45 ਪੈਸੇ ਦੀ ਗਿਰਾਵਟ ਆਈ, ਜਦੋਂ ਕਿ ਪਾਕਿਸਤਾਨੀ ਰੁਪਏ ਦੀ ਗੱਲ ਕਰੀਏ, ਤਾਂ ਇਹ ਡਾਲਰ ਦੇ ਮੁਕਾਬਲੇ ਸਿਰਫ 13 ਪੈਸੇ ਦੀ ਗਿਰਾਵਟ ਨਾਲ ਬੰਦ ਹੋਇਆ। ਬੁੱਧਵਾਰ ਨੂੰ, ਰੁਪਿਆ 45 ਪੈਸੇ ਦੀ ਗਿਰਾਵਟ ਤੋਂ ਬਾਅਦ 84.80 ‘ਤੇ ਬੰਦ ਹੋਇਆ ਸੀ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ 84.65 ‘ਤੇ ਖੁੱਲ੍ਹਿਆ ਅਤੇ ਦਿਨ ਦੇ ਉੱਚ ਪੱਧਰ 84.47 ਅਤੇ ਡਾਲਰ ਦੇ ਮੁਕਾਬਲੇ 84.93 ਦੇ ਹੇਠਲੇ ਪੱਧਰ ਦੇ ਵਿਚਕਾਰ ਉਤਰਾਅ-ਚੜ੍ਹਾਅ ਕਰਦਾ ਰਿਹਾ। ਕਾਰੋਬਾਰ ਦੇ ਅੰਤ ‘ਤੇ, ਰੁਪਿਆ 84.77 ਪ੍ਰਤੀ ਡਾਲਰ ‘ਤੇ ਬੰਦ ਹੋਇਆ, ਜੋ ਕਿ ਇਸਦੇ ਪਿਛਲੇ ਬੰਦ ਪੱਧਰ ਤੋਂ 42 ਪੈਸੇ ਦੀ ਗਿਰਾਵਟ ਹੈ।

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤੀ ਰੁਪਏ ‘ਚ ਆਈ ਭਾਰੀ ਗਿਰਾਵਟ Read More »

ਚੰਡੀਗੜ੍ਹ ਵਿੱਚ ਬਾਜ਼ਾਰ ਸ਼ਾਮ 7 ਵਜੇ ਤੋਂ ਬਾਅਦ ਰਹਿਣਗੇ ਬੰਦ

ਚੰਡੀਗੜ੍ਹ, 9 ਮਈ – ਪਾਕਿਸਤਾਨ ਦੇ ਹਮਲੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਅਤਿਵਾਦੀ ਖ਼ਤਰੇ ਨੂੰ ਕੰਟਰੋਲ ਕਰਨ ਅਤੇ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਉਦੇਸ਼ ਨਾਲ ਦੋ ਆਦੇਸ਼ ਜਾਰੀ ਕੀਤੇ ਹਨ। ਡੀਸੀ ਵੱਲੋਂ ਜਾਰੀ ਪਹਿਲੇ ਹੁਕਮ ਅਨੁਸਾਰ, 9 ਮਈ ਤੋਂ 7 ਜੁਲਾਈ ਤੱਕ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ, ਬੰਬ ਜਾਂ ਆਤਿਸ਼ਬਾਜ਼ੀ ਚਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਡੀਸੀ ਨਿਸ਼ਾਂਤ ਯਾਦਵ ਨੇ ਕਿਹਾ ਕਿ 12ਵੀਂ ਜਮਾਤ ਤੱਕ ਦੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ। ਬਾਜ਼ਾਰ ਵਾਲਾ ਇਲਾਕਾ ਸ਼ਾਮ 7 ਵਜੇ ਤੋਂ ਬਾਅਦ ਬੰਦ ਰਹੇਗਾ। ਬਾਜ਼ਾਰ ਬੰਦ ਕਰਨ ਦਾ ਇਹ ਹੁਕਮ ਸਿਰਫ਼ ਅੱਜ ਲਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕੋਈ ਅਫ਼ਵਾਹ ਨਹੀਂ ਫੈਲਾਉਣੀ ਚਾਹੀਦੀ। ਇਹ ਪਾਬੰਦੀ ਵਿਆਹਾਂ, ਧਾਰਮਿਕ ਸਮਾਗਮਾਂ ਅਤੇ ਕਿਸੇ ਵੀ ਤਰ੍ਹਾਂ ਦੇ ਜਸ਼ਨਾਂ ‘ਤੇ ਵੀ ਲਾਗੂ ਹੋਵੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਤਿਸ਼ਬਾਜ਼ੀ ਦੀ ਆਵਾਜ਼ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਸਕਦੀ ਹੈ ਅਤੇ ਡਰੋਨ ਜਾਂ ਬੰਬ ਹਮਲੇ ਦੇ ਡਰ ਦੀ ਸਥਿਤੀ ਪੈਦਾ ਕਰ ਸਕਦੀ ਹੈ, ਜਿਸ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ। ਇੱਕ ਹੋਰ ਹੁਕਮ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਨੇ ਅਨਾਜ, ਬਾਲਣ (ਪੈਟਰੋਲ, ਡੀਜ਼ਲ), ਦਵਾਈਆਂ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ‘ਤੇ ਸਖ਼ਤ ਪਾਬੰਦੀ ਲਗਾਈ ਹੈ। ਡੀਸੀ ਦੇ ਅਨੁਸਾਰ, ਕੁਝ ਵਪਾਰੀ ਅਤੇ ਸੰਸਥਾਵਾਂ ਅਣਅਧਿਕਾਰਤ ਤੌਰ ‘ਤੇ ਇਨ੍ਹਾਂ ਚੀਜ਼ਾਂ ਨੂੰ ਜਮ੍ਹਾਂ ਕਰ ਰਹੀਆਂ ਹਨ, ਜਿਸ ਨਾਲ ਨਕਲੀ ਸੰਕਟ, ਕੀਮਤਾਂ ਵਿੱਚ ਵਾਧਾ ਅਤੇ ਆਮ ਲੋਕਾਂ ਨੂੰ ਅਸੁਵਿਧਾ ਹੋ ਰਹੀ ਹੈ।

ਚੰਡੀਗੜ੍ਹ ਵਿੱਚ ਬਾਜ਼ਾਰ ਸ਼ਾਮ 7 ਵਜੇ ਤੋਂ ਬਾਅਦ ਰਹਿਣਗੇ ਬੰਦ Read More »

ਭਾਰਤ-ਪਾਕਿ ਤਣਾਅ ਵਿਚਾਲੇ CA ਪ੍ਰੀਖਿਆ ਮੁਲਤਵੀ

ਨਵੀਂ ਦਿੱਲੀ, 9 ਮਈ – ਦੇਸ਼ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ICAI ਨੇ ਇੱਕ ਵੱਡਾ ਫੈਸਲਾ ਲਿਆ ਹੈ। ICAI ਦੀ ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਮਈ ਵਿੱਚ ਹੋਣ ਵਾਲੀ CA 2025 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। CA ਪ੍ਰੀਖਿਆ 2025 ਦੀ ਤਿਆਰੀ ਕਰ ਰਹੇ ਵਿਦਿਆਰਥੀ icai.org ‘ਤੇ ਨਵੀਨਤਮ ਅਪਡੇਟਸ ਦੀ ਜਾਂਚ ਕਰ ਸਕਦੇ ਹਨ। ਨੋਟੀਫਿਕੇਸ਼ਨ ਵਿੱਚ ਸਾਫ਼ ਲਿਖਿਆ ਹੈ ਕਿ ਇਹ ਫੈਸਲਾ ਭਾਰਤ-ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ICAI) ਨੇ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਮੌਜੂਦਾ ਸੁਰੱਖਿਆ ਅਤੇ ਤਣਾਅਪੂਰਨ ਸਥਿਤੀ (ਭਾਰਤ ਪਾਕਿਸਤਾਨ ਤਣਾਅ) ਦੇ ਮੱਦੇਨਜ਼ਰ, ਮਈ 2025 ਵਿੱਚ ਹੋਣ ਵਾਲੀਆਂ ਬਾਕੀ CA ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਚਾਰਟਰਡ ਅਕਾਊਂਟੈਂਟਸ ਫਾਈਨਲ, ਇੰਟਰਮੀਡੀਏਟ ਅਤੇ ਪੋਸਟ ਕੁਆਲੀਫਿਕੇਸ਼ਨ ਕੋਰਸ ਪ੍ਰੀਖਿਆਵਾਂ – ਜਿਸ ਵਿੱਚ ਇੰਟਰਨੈਸ਼ਨਲ ਟੈਕਸੇਸ਼ਨ ਅਸੈਸਮੈਂਟ ਟੈਸਟ (INTT AT) ਸ਼ਾਮਲ ਹੈ – ਹੁਣ 9 ਮਈ, 2025 ਅਤੇ 14 ਮਈ, 2025 ਦੇ ਵਿਚਕਾਰ ਨਹੀਂ ਹੋਣਗੀਆਂ। ICAI CA Exam 2025 Date: ਹੁਣ CA ਦੀ ਪ੍ਰੀਖਿਆ ਕਦੋਂ ਹੋਵੇਗੀ? ICAI ਯਾਨੀ ਕਿ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਨੇ ਹੁਣ ਤੱਕ ਸਿਰਫ਼ CA ਪ੍ਰੀਖਿਆ ਮੁਲਤਵੀ ਕਰਨ ਬਾਰੇ ਜਾਣਕਾਰੀ ਦਿੱਤੀ ਹੈ (ICAI CA Exam Postponed)। ਣ ICAI CA ਪ੍ਰੀਖਿਆ 2025 ਕਦੋਂ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੀਏ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਉਮੀਦਵਾਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ICAI CA ਪ੍ਰੀਖਿਆ 2025 ਦੀ ਮਿਤੀ ਨਾਲ ਸਬੰਧਤ ਸਾਰੇ ਨਵੀਨਤਮ ਅਪਡੇਟਸ ਸਿਰਫ਼ ਅਧਿਕਾਰਤ ਵੈੱਬਸਾਈਟ icai.org ‘ਤੇ ਦੇਖੋ।

ਭਾਰਤ-ਪਾਕਿ ਤਣਾਅ ਵਿਚਾਲੇ CA ਪ੍ਰੀਖਿਆ ਮੁਲਤਵੀ Read More »

ਬਠਿੰਡਾ ਡੀ.ਸੀ ਵਲੋਂ ਫੂਡ ਸਪਲਾਈ ਵਿਭਾਗ ਨੂੰ ਰਿਜ਼ਰਵ ਕੋਟਾ ਰੱਖਣ ਲਈ ਜਾਰੀ ਕੀਤੇ ਹੁਕਮ

ਬਠਿੰਡਾ, 9 ਮਈ – ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅਪ੍ਰੇਸ਼ਨ ਸੰਧੂਰ ਤਹਿਤ ਚਲਾਏ ਅਪ੍ਰੇਸ਼ਨ ਨਾਲ ਪਾਕਿਸਤਾਨ ਦੇ ਅਤਿਵਾਦੀ ਦੇ ਟਿਕਾਣਿਆਂ ਨੂੰ ਉਡਾਉਣ ਮਗਰੋਂ ਭਾਰਤ-ਪਾਕਿਸਤਾਨ ਵਿਚਕਾਰ ਵੱਧਦੇ ਤਨਾਅ ਅਤੇ ਜੰਗ ਦੇ ਮਾਹੌਲ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਨੇ ਫ਼ੂਡ ਸਪਲਾਈ ਵਿਭਾਗ ਨੂੰ ਪੱਤਰ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਜਾਰੀ ਪੱਤਰ ਤਹਿਤ ਜ਼ਿਲ੍ਹੇ ਦੇ ਸਾਰੇ ਹੀ ਪਟਰੌਲ ਪੰਪ ਅਤੇ ਗੈਸ ਏਜੰਸੀਆਂ ਨੂੰ ਕਿਸੇ ਵੀ ਐਮਰਜੈਂਸੀ ਦੇ ਤਹਿਤ ਰਿਜ਼ਰਵ ਕੋਟਾ ਰੱਖਣਾ ਲਾਜ਼ਮੀ ਹੋਵੇਗਾ। ਜਿਸ ਵਿਚ ਜ਼ਿਲ੍ਹੇ ਦੇ ਹਰੇਕ ਪਟਰੌਲ ਪੰਪ ਨੂੰ ਘੱਟੋ-ਘੱਟ 4,000 ਲੀਟਰ ਡੀਜ਼ਲ ਤੇ ਘੱਟੋ-ਘੱਟ 2,000 ਲੀਟਰ ਪਟਰੌਲ ਰੱਖਣ ਦੇ ਜ਼ਰੂਰੀ ਨਿਰਦੇਸ਼ ਦਿਤੇ ਗਏ ਹਨ। ਇਸ ਦੇ ਨਾਲ ਹੀ ਹਰ ਇਕ ਗੈਸ ਏਜੰਸੀ ਨੂੰ ਘੱਟੋ-ਘੱਟ 600 ਸਿਲੰਡਰ ਭਰੇ ਹੋਏ ਰੱਖਣੇ ਲਾਜ਼ਮੀ ਹੋਣਗੇ।

ਬਠਿੰਡਾ ਡੀ.ਸੀ ਵਲੋਂ ਫੂਡ ਸਪਲਾਈ ਵਿਭਾਗ ਨੂੰ ਰਿਜ਼ਰਵ ਕੋਟਾ ਰੱਖਣ ਲਈ ਜਾਰੀ ਕੀਤੇ ਹੁਕਮ Read More »

ਰੌਬਰਟ ਪ੍ਰੀਵੋਸਟ ਬਣੇ ਪਹਿਲੇ ਅਮਰੀਕੀ ਪੋਪ

ਵੈਟੀਕਨ ਸਿਟੀ, 9 ਮਈ – ਕਾਰਡੀਨਲ ਰੌਬਰਟ ਪ੍ਰੀਵੋਸਟ ਕੈਥੋਲਿਕ ਚਰਚ ਦੇ ਦੋ ਹਜ਼ਾਰ ਸਾਲ ਦੇ ਇਤਿਹਾਸ ’ਚ ਪਹਿਲੇ ਅਮਰੀਕੀ ਪੋਪ ਚੁਣੇ ਗਏ ਹਨ। 69 ਸਾਲ ਪ੍ਰੀਵੋਸਟ ਨੇ ਲਿਓ-14 ਨਾਂ ਅਪਣਾਇਆ ਹੈ। ਪ੍ਰੀਵੋਸਟ ਨੇ ਆਪਣਾ ਕਰੀਅਰ ਪੇਰੂ ’ਚ ਸੇਵਾ ਕਰਦਿਆਂ ਬਿਤਾਇਆ ਅਤੇ ਉਹ ਵੈਟੀਕਨ ਦੇ ਬਿਸ਼ਪ ਦੇ ਸ਼ਕਤੀਸ਼ਾਲੀ ਦਫ਼ਤਰ ਦੀ ਅਗਵਾਈ ਕਰਦੇ ਹਨ।

ਰੌਬਰਟ ਪ੍ਰੀਵੋਸਟ ਬਣੇ ਪਹਿਲੇ ਅਮਰੀਕੀ ਪੋਪ Read More »