
ਭਾਰਤੀ ਫ਼ੌਜਾਂ ਨੇ 1971 ਤੋਂ ਬਾਅਦ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਰਹੱਦ ਪਾਰ ਸਭ ਤੋਂ ਵੱਡੀ ਫ਼ੌਜੀ ਕਾਰਵਾਈ ਵਿਚ ਮਕਬੂਜ਼ਾ ਕਸ਼ਮੀਰ ਅਤੇ ਪਾਕਿਸਤਾਨ ਦੇ ਅੰਦਰ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਨਸ਼ਟ ਕਰ ਦਿੱਤਾ ਜੋ ਵੱਡੀ ਪ੍ਰਾਪਤੀ ਹੈ। ਇਨ੍ਹਾਂ ਵਿਚ ਲਸ਼ਕਰ-ਏ-ਤੌਇਬਾ ਦਾ ਮੁਰੀਦਕੇ ਅਤੇ ਜੈਸ਼-ਏ-ਮੁਹੰਮਦ ਦਾ ਬਹਾਵਲਪੁਰ ਮੁੱਖ ਦਫ਼ਤਰ ਵੀ ਸ਼ਾਮਲ ਹੈ। ਇਸ ਹਮਲੇ ਨਾਲ ਭਾਰਤ ਨੇ ਸਿਰਫ਼ ਪਹਿਲਗਾਮ ਹੀ ਨਹੀਂ, ਬਲਕਿ ਪਿਛਲੇ ਕਈ ਅੱਤਵਾਦੀ ਹਮਲਿਆਂ ਦਾ ਬਦਲਾ ਇਕੱਠਾ ਹੀ ਲੈ ਲਿਆ ਹੈ। ਜੈਸ਼ ਕਮਾਂਡਰ ਰਊਫ ਅਜ਼ਹਰ, ਜੋ ਕੰਧਾਰ ਜਹਾਜ਼ ਅਗਵਾ ਕਾਂਡ, ਸੰਸਦ ’ਤੇ ਹਮਲੇ ਅਤੇ ਅਮਰੀਕੀ-ਯਹੂਦੀ ਪੱਤਰਕਾਰ ਡੈਨੀਅਲ ਪਰਲ ਦੀ ਹੱਤਿਆ ਵਿਚ ਸ਼ਾਮਲ ਸੀ, ਦੇ ਪਰਿਵਾਰ ਦੇ ਕਈ ਮੈਂਬਰ ਬਹਾਵਲਪੁਰ ਵਿਚ ਜੈਸ਼ ਦੇ ਮੁੱਖ ਦਫ਼ਤਰ ’ਤੇ ਹੋਈ ਬੰਬਾਰੀ ਵਿਚ ਮਾਰੇ ਗਏ।
ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰ ਦੇ ਵੀ ਕਈ ਮੈਂਬਰ ਇਨ੍ਹਾਂ ਹਮਲਿਆਂ ਵਿਚ ਢੇਰ ਹੋ ਗਏ। ਭਾਰਤੀ ਸੈਨਾਵਾਂ ਨੇ ਲਸ਼ਕਰ ਦਾ ਉਹ ਕੈਂਪ ਵੀ ਉਡਾ ਦਿੱਤਾ ਜਿਸ ਵਿਚ ਮੁੰਬਈ ਅੱਤਵਾਦੀ ਹਮਲੇ ਲਈ ਅਜਮਲ ਕਸਾਬ ਨੂੰ ਸਿਖਲਾਈ ਮਿਲੀ ਸੀ। ਉਂਜ ਤਾਂ ਪਾਕਿਸਤਾਨ ਚੀਕਾਂ ਮਾਰ ਰਿਹਾ ਹੈ ਕਿ ਭਾਰਤ ਦੀ ਫ਼ੌਜੀ ਕਾਰਵਾਈ ਵਿਚ ਆਮ ਨਾਗਰਿਕ ਵੀ ਮਾਰੇ ਗਏ ਪਰ ਉਹ ਇਹ ਨਹੀਂ ਦੱਸ ਸਕਦਾ ਕਿ ਇਹ ਕਥਿਤ ਆਮ ਲੋਕ ਰਾਤ ਦੇ ਸਵਾ ਇਕ ਵਜੇ ਇਨ੍ਹਾਂ ਅੱਤਵਾਦੀ ਕੈਂਪਾਂ ਵਿਚ ਕੀ ਕਰ ਰਹੇ ਸਨ?
ਇਹ ਯਾਦ ਰਹੇ ਕਿ ਪਾਕਿਸਤਾਨੀ ਅੱਤਵਾਦੀ ਹਮੇਸ਼ਾ ਔਰਤਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਆਏ ਹਨ, ਫਿਰ ਚਾਹੇ 2002 ਵਿਚ ਕਾਲੂਚਕ ਵਿਚ ਸੈਨਾ ਦੇ ਰਿਹਾਇਸ਼ੀ ਕੁਆਰਟਰਾਂ ’ਤੇ ਹਮਲਾ ਕਰ ਕੇ ਦਸ ਬੱਚਿਆਂ ਅਤੇ ਅੱਠ ਔਰਤਾਂ ਦੀ ਬੇਰਹਿਮੀ ਨਾਲ ਹੱਤਿਆ ਦਾ ਮਾਮਲਾ ਹੋਵੇ ਜਾਂ ਫਿਰ ਵੰਧਾਵਾ ਅੱਤਵਾਦੀ ਹਮਲੇ ਵਿਚ ਕਸ਼ਮੀਰੀ ਹਿੰਦੂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਾਹਮਣੇ ਗੋਲ਼ੀ ਮਾਰਨ ਵਰਗੇ ਕਾਰੇ ਹੋਣ। ਭਾਰਤ ਨੇ ਦਹਾਕਿਆਂ ਤੱਕ ਇਨ੍ਹਾਂ ਅੱਤਿਆਚਾਰਾਂ ਨੂੰ ਸਹਿੰਦੇ ਹੋਏ ਸਹਿਣਸ਼ੀਲਤਾ ਦਿਖਾਈ ਪਰ ਹੁਣ ਜਦੋਂ ਹਿਸਾਬ ਕਰਨ ਦੀ ਠਾਣੀ ਤਾਂ ਇਕ ਝਟਕੇ ਵਿਚ ਹੀ ਇਨ੍ਹਾਂ ਪੁਰਾਣੀਆਂ ਘਟਨਾਵਾਂ ਦਾ ਵੀ ਬਦਲਾ ਲੈ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਹ ਕਿਹਾ ਸੀ ਕਿ ਭਾਰਤ ਇਸ ਹਮਲੇ ਨੂੰ ਅੰਜਾਮ ਦੇਣ ਵਾਲਿਆਂ ਅਤੇ ਇਸ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਧਰਤੀ ਦੇ ਆਖ਼ਰੀ ਕੋਨੇ ਤੱਕ ਭਾਲ ਕੇ ਸਜ਼ਾ ਦੇਵੇਗਾ, ਉਹ ਉਨ੍ਹਾਂ ਨੇ ਕਰ ਦਿਖਾਇਆ।
ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਮਾਰੇ ਜਾਣ ਨਾਲ ਪਾਕਿਸਤਾਨ ਨੂੰ ਇਹ ਸਪਸ਼ਟ ਸੰਦੇਸ਼ ਗਿਆ ਕਿ ਭਾਰਤ ਦਹਾਕਿਆਂ ਪੁਰਾਣੇ ਅੱਤਵਾਦੀ ਕਾਰਿਆਂ ਨੂੰ ਵੀ ਭੁੱਲਦਾ ਨਹੀਂ ਅਤੇ ਸਮਾਂ ਆਉਣ ’ਤੇ ਬਦਲਾ ਜ਼ਰੂਰ ਲੈਂਦਾ ਹੈ। ਹੁਣ ਇਸ ਫ਼ੌਜੀ ਕਾਰਵਾਈ ਦੇ ਬਾਅਦ ਕੀ? ਪਾਕਿਸਤਾਨੀ ਫ਼ੌਜ ਮਕਬੂਜ਼ਾ ਕਸ਼ਮੀਰ ਵਿਚ ਤਾਂ ਭਾਰਤੀ ਫ਼ੌਜੀ ਕਾਰਵਾਈ ਨੂੰ ਬਰਦਾਸ਼ਤ ਕਰ ਵੀ ਲਵੇ ਪਰ ਪਾਕਿਸਤਾਨੀ ਪੰਜਾਬ ਦੇ ਅੰਦਰ ਫ਼ੌਜੀ ਕਾਰਵਾਈ ਉਸ ਦੇ ਮੂੰਹ ’ਤੇ ਕਾਲਖ ਮਲਣ ਵਰਗੀ ਗੱਲ ਹੋ ਗਈ ਹੈ। ਪਾਕਿਸਤਾਨੀ ਨਿਜ਼ਾਮ ਵਿਚ ਪੰਜਾਬ ਪਾਕਿਸਤਾਨ ਦਾ ਦਿਲ ਅਤੇ ਫ਼ੌਜ ਦਾ ਗੜ੍ਹ ਹੈ। ਪਾਕਿਸਤਾਨ ਵਿਚ ਸੈਨਾ ਅਤੇ ਉਸ ਦੇ ਪੰਜਾਬੀ ਗੜ੍ਹ ਨੂੰ ਉਹੀ ਦਰਜਾ ਪ੍ਰਾਪਤ ਹੈ, ਜੋ ਮਧੂਮੱਖੀ ਦੇ ਛੱਤੇ ਵਿਚ ਰਾਣੀ ਮੱਖੀ ਅਤੇ ਉਸ ਦੀ ਠਾਹਰ ਦਾ ਹੁੰਦਾ ਹੈ।
ਫ਼ਿਰਕੂ ਜ਼ਹਿਰ ਉਗਲ ਕੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਪਹਿਲਗਾਮ ਵਿਚ ਜਹਾਦੀ ਹਿੰਸਾ ਦਾ ਨੰਗਾ ਨਾਚ ਤਾਂ ਕਰਵਾ ਦਿੱਤਾ ਪਰ ਹੁਣ ਆਪਣੇ ਹੀ ਬੁਣੇ ਜਾਲ਼ ਵਿਚ ਖ਼ੁਦ ਫਸ ਗਏ। ਮੁਨੀਰ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ ਕਿ ਭਾਰਤ ਅੰਤਰਰਾਸ਼ਟਰੀ ਸੀਮਾ ਤੋਂ ਸੈਂਕੜੇ ਕਿੱਲੋਮੀਟਰ ਦੂਰ ਪੰਜਾਬ ਸਥਿਤ ਬਹਾਵਲਪੁਰ ਦੇ ਵਿਚਕਾਰ ਜੈਸ਼ ਦੇ ਅੱਤਵਾਦੀ ਮੁੱਖ ਦਫ਼ਤਰ ’ਤੇ ਮਿਜ਼ਾਈਲਾਂ ਦਾਗ਼ ਸਕਦਾ ਹੈ। ਪਾਕਿ ਫ਼ੌਜ ਦੀ ਬਚੀ-ਖੁਚੀ ਇੱਜ਼ਤ ਬਚਾਉਣ ਲਈ ਮੁਨੀਰ ਕੋਲ ਭਾਰਤ ਖ਼ਿਲਾਫ਼ ਕਿਸੇ ਕਾਰਵਾਈ ਦੇ ਦਿਖਾਵੇ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਇਹ ਵੀ ਬਹੁਤ ਖਤਰਨਾਕ ਹੈ, ਕਿਉਂਕਿ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਭਾਰਤ ਨੇ ਸਪਸ਼ਟ ਕੀਤਾ ਹੈ ਕਿ ਉਸ ਨੇ ਸਹਿਣਸ਼ੀਲਤਾ ਦਿਖਾਉਂਦੇ ਹੋਏ ਪਾਕਿਸਤਾਨ ਦੇ ਕਿਸੇ ਫ਼ੌਜੀ ਜਾਂ ਨਾਗਰਿਕ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ।