April 26, 2025

ਇਕ ਸਾਲ ਤੱਕ ਗ਼ੈਰ ਹਾਜ਼ਰੀ ਨੂੰ ਸਰਕਾਰ ਮੰਨ ਲਵੇਗੀ ਅਸਤੀਫ਼ਾ

ਮੋਹਾਲੀ, 26 ਅਪ੍ਰੈਲ – ਪੰਜਾਬ ਸਰਕਾਰ ਨੇ ਗੈਰਹਾਜ਼ਰੀ ਦੇ ਮਾਮਲਿਆਂ ’ਚ ਕਾਰਵਾਈ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਬਾਬਤ ਵਿੱਤ ਵਿਭਾਗ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਲੰਬੇ ਵਕਫ਼ੇ ਤਕ ਗ਼ੈਰ—ਹਾਜ਼ਰ ਰਹੇ ਮੁਲਾਜ਼ਮਾਂ ਨੂੰ ਜੁਆਇਨ ਕਰਵਾਉਣ ਲਈ ਸਮਰੱਥ ਅਧਿਕਾਰੀ ਦੀ ਪ੍ਰਵਾਨੀ ਲੈਣੀ ਜ਼ਰੂਰੀ ਹੋਵੇਗੀ। ਇਹ ਵੀ ਕਿਹਾ ਗਿਆ ਹੈ ਕਿ ਮਨਜ਼ੂਰਸ਼ੁਦਾ ਛੁੱਟੀ ਤੋਂ ਬਿਨਾਂ ਡਿਊਟੀ ਤੋਂ ਇਕ ਸਾਲ ਤਕ ਗੈਰ—ਹਾਜ਼ਰ ਰਹਿਣ ਵਾਲੇ ਮੁਲਾਜ਼ਮ ਨੂੰ ਸਰਕਾਰੀ ਸੇਵਾ ਤੋਂ ਅਸਤੀਫਾ ਮੰਨਿਆ ਜਾਵੇਗਾ। ਅਜਿਹੇ ਮਾਮਲਿਆਂ ਵਿੱਚ, ਸਬੰਧਤ ਕਰਮਚਾਰੀ ਨੂੰ ਸਰਕਾਰੀ ਸੇਵਾ ਵਿੱਚ ਦੁਬਾਰਾ ਭਰਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਬੰਧਤ ਅਧਿਕਾਰਤ ਅਧਿਕਾਰੀ ਵੱਲੋਂ ਉਸ ਨੂੰ ਸਰਕਾਰੀ ਸੇਵਾ ਤੋਂ ਮੁਕਤ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਹ ਹਦਾਇਤ ਪੰਜਾਬ ਸਿਵਲ ਸੇਵਾਵਾਂ ਨਿਯਮ (ਸਜ਼ਾ ਅਤੇ ਅਪੀਲ) 1970 ਦੇ ਤਹਿਤ ਲਾਗੂ ਹੋਣਗੇ, ਅਤੇ ਕਿਸੇ ਵੀ ਉਲੰਘਣਾ ’ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਕਰਮਚਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਸਰਕਾਰੀ ਸੇਵਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲੈਣ ਦਾ ਸਪੱਸ਼ਟ ਸੰਦੇਸ਼ ਦਿੰਦਾ ਹੈ। ਇਸ ਸਬੰਧੀ ਵਿੱਤ ਵਿਭਾਗ ਨੇ ਚੇਤਾਵਨੀ ਦਿਤੀ ਹੈ ਕਿ ਕੁਝ ਵਿਭਾਗਾਂ ਵਲੋਂ ਗ਼ੈਰ—ਹਾਜ਼ਰ ਕਰਮਚਾਰੀਆਂ ਵਿਰੁੱਧ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ, ਜਦੋਂ ਕਿ ਉਕਤ ਹਦਾਇਤਾਂ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਕਈ ਦਫਤਰਾਂ ਵਿੱਚ, ਗੈਰ ਹਾਜ਼ਰੀ ਦੇ ਮਾਮਲਿਆਂ ਵਿੱਚ, ਕਰਮਚਾਰੀਆਂ ਨੂੰ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਦੁਬਾਰਾ ਸ਼ਾਮਲ ਕੀਤਾ ਜਾ ਰਿਹਾ ਹੈ, ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਨਵੀਂਆਂ ਹਦਾਇਤਾਂ ਅਨੁਸਾਰ, ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਅਧਿਕਾਰਤ ਛੁੱਟੀ ਤੋਂ ਵੱਧ ਸਮੇਂ ਲਈ ਗੈਰਹਾਜ਼ਰ ਰਹਿੰਦਾ ਹੈ, ਤਾਂ ਉਸ ਦੀ ਹਾਜ਼ਰੀ ਰਿਪੋਰਟ ਪ੍ਰਬੰਧਕੀ ਵਿਭਾਗ ਅਤੇ ਵਿੱਤ ਵਿਭਾਗ ਤੋਂ ਇਜਾਜ਼ਤ ਲੈਣ ਤੋਂ ਬਾਅਦ ਹੀ ਮਨਜ਼ੂਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਰਮਚਾਰੀ ਦੀ ਹਾਜ਼ਰੀ ਰਿਪੋਰਟ ਵਿਭਾਗ ਦੇ ਮੁਖੀ ਜਾਂ ਸਬੰਧਤ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਾਅਦ ਹੀ ਮਨਜ਼ੂਰ ਕੀਤੀ ਜਾ ਸਕਦੀ ਹੈ।

ਇਕ ਸਾਲ ਤੱਕ ਗ਼ੈਰ ਹਾਜ਼ਰੀ ਨੂੰ ਸਰਕਾਰ ਮੰਨ ਲਵੇਗੀ ਅਸਤੀਫ਼ਾ Read More »

ਨੀਰਜ ’ਤੇ ਨਿਸ਼ਾਨਾ

ਪਹਿਲਗਾਮ ’ਚ ਹੋਈਆਂ ਹੱਤਿਆਵਾਂ ’ਤੇ ਪੂਰੇ ਦੇਸ਼ ਦੇ ਲੋਕਾਂ ’ਚ ਗੁੱਸਾ ਹੋਣਾ ਵਾਜਿਬ ਹੈ। ਬੇਖ਼ਬਰ ਸੈਲਾਨੀਆਂ ’ਤੇ ਕੀਤੇ ਗਏ ਭਿਆਨਕ ਹਮਲੇ ਨੇ ਸਾਰੇ ਦੇਸ਼ ਦੀ ਆਤਮਾ ਨੂੰ ਜ਼ਖ਼ਮ ਦਿੱਤੇ ਹਨ। ਪਾਕਿਸਤਾਨ ਨਾਲ ਜੁੜੀ ਕਿਸੇ ਵੀ ਚੀਜ਼ ਜਾਂ ਵਿਅਕਤੀ ਨੂੰ, ਦੂਰ-ਦੂਰ ਤੱਕ ਵੀ ਨਫ਼ਰਤ ਅਤੇ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ। ਪਰ ਇਹ ਬੇਹੱਦ ਮੰਦਭਾਗਾ ਹੈ ਕਿ ਭਾਰਤ ਦੇ ਵਿਸ਼ਵ ਪ੍ਰਸਿੱਧ ਅਥਲੀਟ ਨੀਰਜ ਚੋਪੜਾ ਨੂੰ ਵੀ ਇਸ ਭ੍ਰਿਸ਼ਟ ਉਥਲ-ਪੁਥਲ ’ਚ ਲਪੇਟਿਆ ਗਿਆ ਹੈ। ਅਥਲੈਟਿਕਸ ’ਚ ਓਲੰਪਿਕ ਸੋਨ ਤਗਮਾ ਜਿੱਤਣ ਵਾਲੇ ਇੱਕੋ-ਇੱਕ ਭਾਰਤੀ ਨੂੰ ਪਾਕਿਸਤਾਨ ਦੇ ਸਾਥੀ ਜੈਵਲਿਨ ਅਥਲੀਟ ਅਰਸ਼ਦ ਨਦੀਮ ਨੂੰ ਅਗਲੇ ਮਹੀਨੇ ਬੰਗਲੁਰੂ ਦੇ ਮੁਕਾਬਲੇ ਵਿੱਚ ਖੇਡਣ ਦਾ ਸੱਦਾ ਦੇਣ ਲਈ ਬੁਰੀ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਨੀਅਤ ਉੱਤੇ ਅਪਮਾਨਜਨਕ ਢੰਗ ਨਾਲ ਸਵਾਲ ਉੱਠਦੇ ਦੇਖ ਨੀਰਜ ਨੂੰ ਠੇਸ ਪਹੁੰਚੀ ਹੈ। ਓਲੰਪਿਕ ਚੈਂਪੀਅਨ ਨੇ ਸਾਫ਼ ਕੀਤਾ ਹੈ ਕਿ ਪਹਿਲੇ ਐੱਨਸੀ (ਨੀਰਜ ਚੋਪੜਾ) ਕਲਾਸਿਕ ਮੁਕਾਬਲੇ ਲਈ ਸੱਦੇ, ਕਸ਼ਮੀਰ ਹਮਲੇ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਭੇਜੇ ਗਏ ਸਨ; ਹਾਲਾਂਕਿ ਸੋਸ਼ਲ ਮੀਡੀਆ ’ਤੇ ਦੁਰਭਾਵਨਾ ਨਾਲ ਗ਼ਲਤ ਜਾਣਕਾਰੀ ਅਤੇ ਝੂਠਾ ਬਿਰਤਾਂਤ ਫੈਲਾਇਆ ਗਿਆ ਤੇ ਟਰੋਲਾਂ ਰਾਹੀਂ ਉਸ ਦੀ ਦੇਸ਼ਭਗਤੀ ’ਤੇ ਸਵਾਲ ਚੁੱਕੇ ਗਏ। ਨੀਰਜ ਚੋਪੜਾ ਦਾ ਅਰਸ਼ਦ ਨਦੀਮ ਨਾਲ ਮੁਕਾਬਲਾ ਹਮੇਸ਼ਾ ਖੁਸ਼ਗਵਾਰ ਰਿਹਾ ਹੈ, ਅਰਸ਼ਦ ਨਦੀਮ ਨੇ ਪਿਛਲੇ ਸਾਲ ਪੈਰਿਸ ਓਲੰਪਿਕ ’ਚ ਨੀਰਜ ਚੋਪੜਾ ਨੂੰ ਪਛਾੜ ਕੇ ਸੋਨ ਤਗਮਾ ਜਿੱਤਿਆ ਸੀ। ਪਰ ਉਸ ਨੇ ਸਪੱਸ਼ਟ ਕੀਤਾ ਹੈ ਕਿ ਹਾਲੀਆ ਸੱਦਾ “ਇੱਕ ਅਥਲੀਟ ਵੱਲੋਂ ਦੂਜੇ ਨੂੰ ਭੇਜਿਆ ਗਿਆ ਸੀ- ਇਸ ਤੋਂ ਵਧ ਕੇ ਕੁਝ ਨਹੀਂ”। ਇਹ ਬਹੁਤ ਮਾੜੀ ਗੱਲ ਹੈ ਕਿ ਨੀਰਜ ਨੂੰ ਉਹ ਕਹਿਣ ਲਈ ਮਜਬੂਰ ਕੀਤਾ ਗਿਆ ਜੋ ਸੁਭਾਵਿਕ ਹੈ ਕਿ ਉਸ ਦਾ ਮੁਲਕ ਅਤੇ ਇਸ ਦੇ ਹਿੱਤ ਉਸ ਲਈ ਸਭ ਤੋਂ ਪਹਿਲਾਂ ਹਨ। ਇਸ ਤੋਂ ਬਦਤਰ ਕੀ ਹੋਵੇਗਾ ਕਿ ਇੱਕ ਮਹਾਨ ਖਿਡਾਰੀ ਦੀ ਮਾਂ ਨੂੰ ਪੈਰਿਸ ਖੇਡਾਂ ਤੋਂ ਬਾਅਦ ਦਿੱਤੇ ਉਸ ਜਜ਼ਬਾਤੀ ਬਿਆਨ ਲਈ ਨਿਸ਼ਾਨਾ ਬਣਾਇਆ ਗਿਆ ਕਿ ਅਰਸ਼ਦ ਨਦੀਮ ਵੀ ਉਸ ਦੇ ਪੁੱਤ ਵਰਗਾ ਹੈ; ਨੀਰਜ ਦੀ ਮਾਂ ਦੇ ਇਨ੍ਹਾਂ ਭਲੇ ਭਾਵਾਂ ਦਾ ਪਾਕਿਸਤਾਨੀ ਅਥਲੀਟ ਦੀ ਮਾਂ ਨੇ ਵੀ ਬਿਲਕੁਲ ਉਸੇ ਅੰਦਾਜ਼ ’ਚ ਹੁੰਗਾਰਾ ਭਰਿਆ ਸੀ, ਜਿਸ ਨੇ ਕਿਹਾ ਸੀ ਕਿ ਦੋਵੇਂ ਮੁਕਾਬਲੇਬਾਜ਼ ਭਰਾਵਾਂ ਵਾਂਗ ਹਨ। ਆਸ ਸੀ ਕਿ ਸਰਹੱਦ ਪਾਰ ਦੋਸਤੀ ਦਾ ਇਹ ਦਿਲਾਂ ਨੂੰ ਛੂਹ ਲੈਣ ਵਾਲਾ ਮੁਜ਼ਾਹਰਾ ਦੋਵਾਂ ਦੇਸ਼ਾਂ ਨੂੰ ਆਪਣੇ ਚਿਰਾਂ ਦੇ ਫ਼ਰਕ ਤਿਆਗਣ ਤੇ ਇੱਕ-ਦੂਜੇ ਦੇ ਨੇੜੇ ਆਉਣ ਲਈ ਪ੍ਰੇਰਿਤ ਕਰੇਗਾ।

ਨੀਰਜ ’ਤੇ ਨਿਸ਼ਾਨਾ Read More »

ਤੇਵਰਾਂ ਤੋਂ ਪਾਰ

ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਜਿਸ ਵਿੱਚ 26 ਸੈਲਾਨੀਆਂ ਨੂੰ ਮਾਰ ਦਿੱਤਾ ਗਿਆ ਸੀ, ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਕਸ਼ਮੀਰ ਦੌਰੇ ਦੀ ਅਹਿਮੀਅਤ ਫ਼ੌਜੀ ਦ੍ਰਿੜਤਾ ਦਰਸਾਉਣ ਤੱਕ ਸੀਮਤ ਹੋ ਸਕਦੀ ਹੈ ਪਰ ਇਹ ਖੇਤਰ ਪਿਛਲੇ ਕਈ ਦਹਾਕਿਆਂ ਤੋਂ ਅਜਿਹੇ ਦੁਖਾਂਤਾਂ ਦੇ ਸੱਲ ਝੱਲ ਰਿਹਾ ਹੈ ਜਿਸ ਕਰ ਕੇ ਇਨ੍ਹਾਂ ਪ੍ਰਤੀਕਾਂ ਦੀ ਕੋਈ ਜਵਾਬਦੇਹੀ ਵੀ ਤੈਅ ਕੀਤੀ ਜਾਣੀ ਬਣਦੀ ਹੈ। ਸੈਰ-ਸਪਾਟੇ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਪਹਿਲਗਾਮ ਖੇਤਰ ਨਿਸਬਤਨ ਸੁਰੱਖਿਅਤ ਗਿਣਿਆ ਜਾਂਦਾ ਸੀ ਜਿਸ ਕਰ ਕੇ ਇੱਥੇ ਅਜਿਹਾ ਹਮਲਾ ਹੋਣ ਦੀ ਕੋਈ ਖੁਫ਼ੀਆ ਜਾਣਕਾਰੀ ਵੀ ਨਹੀਂ ਮਿਲ ਸਕੀ ਪਰ ਦਹਿਸ਼ਤਪਸੰਦਾਂ ਨੇ ਜਿਵੇਂ ਬੇਖੌਫ਼ ਹੋ ਕੇ ਇਹ ਹਮਲਾ ਕੀਤਾ, ਉਸ ਤੋਂ ਸੁਰੱਖਿਆ ਤੰਤਰ ਵਿੱਚ ਲੋਕਾਂ ਦਾ ਭਰੋਸਾ ਹਿੱਲ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣਾ ਸਾਊਦੀ ਅਰਬ ਦੌਰਾ ਵਿਚਾਲੇ ਛੱਡ ਕੇ ਦੇਸ਼ ਪਰਤਣ ਅਤੇ ਤੁਰੰਤ ਜਾਇਜ਼ਾ ਮੀਟਿੰਗ ਕਰਨ ਅਤੇ ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਸ਼ਮੀਰ ਪਹੁੰਚ ਕੇ ਹਸਪਤਾਲ ਵਿੱਚ ਦਾਖ਼ਲ ਫੱਟੜਾਂ ਨੂੰ ਮਿਲਣ ਤੋਂ ਇਸ ਗੱਲ ਦੀ ਤਸਦੀਕ ਹੋਈ ਕਿ ਹਾਲਾਤ ਕਿੰਨੇ ਸੰਗੀਨ ਹਨ ਪਰ ਇਹ ਤੇਵਰ ਭਾਵੇਂ ਕਿੰਨੇ ਵੀ ਸੁਹਿਰਦ ਕਿਉਂ ਨਾ ਹੋਣ, ਫਿਰ ਵੀ ਇਹ ਸੁਰੱਖਿਆ ਤੰਤਰ ਦੀਆਂ ਖ਼ਾਮੀਆਂ ਨੂੰ ਸੁਧਾਰੇ ਜਾਣ ਦਾ ਬਦਲ ਨਹੀਂ ਹੋ ਸਕਦੇ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ‘ਹਮਲਾ ਕਰਨ ਵਾਲੇ ਹਰੇਕ ਅਪਰਾਧੀ ਨੂੰ ਤਲਾਸ਼ ਕਰਨ’ ਦਾ ਹੋਕਰਾ ਥੋੜ੍ਹੀ ਦੇਰ ਲਈ ਧਰਵਾਸ ਦਿਵਾ ਸਕਦਾ ਹੈ। ਹਰ ਕਿਸੇ ਦੇ ਮਨ ’ਚ ਉੱਠ ਰਹੇ ਸਵਾਲ ਬਿਲਕੁਲ ਸਿੱਧੇ ਹਨ: ਖ਼ਤਰੇ ਵਾਲੀ ਥਾਂ ’ਤੇ ਕੋਈ ਸੁਰੱਖਿਆ ਬਲ ਤਾਇਨਾਤ ਕਿਉਂ ਨਹੀਂ ਸੀ? ਖੁਫ਼ੀਆ ਏਜੰਸੀਆਂ ਕੀ ਕਰ ਰਹੀਆਂ ਸਨ? ਤੇ ਅਤਿਵਾਦੀਆਂ ਨੇ ਐਨੀ ਆਸਾਨੀ ਨਾਲ ਸੁਰੱਖਿਆ ਘੇਰੇ ਨੂੰ ਕਿਵੇਂ ਤੋੜ ਦਿੱਤਾ? ਇਨ੍ਹਾਂ ਪ੍ਰਸ਼ਨਾਂ ਦੇ ਪਾਰਦਰਸ਼ੀ ਜਵਾਬ ਲੋੜੀਂਦੇ ਹਨ- ਨਾ ਕਿ ਸਿਰਫ਼ ਜਨਤਕ ਬਿਆਨਬਾਜ਼ੀ, ਬਲਕਿ ਉਨ੍ਹਾਂ ਖ਼ਾਮੀਆਂ ਨੂੰ ਪੂਰਨਾ ਵੀ ਜ਼ਰੂਰੀ ਹੈ ਜਿਨ੍ਹਾਂ ਨੂੰ ਇਸ ਹਮਲੇ ਨੇ ਉਜਾਗਰ ਕੀਤਾ ਹੈ। ਹੁਣ ਜਦੋਂ ਜਨਰਲ ਦਿਵੇਦੀ ਸੁਰੱਖਿਆ ਬਲਾਂ ਵਿਚਾਲੇ ਅਪਰੇਸ਼ਨਲ ਤਾਲਮੇਲ ਦੀ ਸਮੀਖਿਆ ਕਰ ਰਹੇ ਹਨ ਤਾਂ ਜਿਹੜੀ ਚੀਜ਼ ਕਸ਼ਮੀਰੀ ਲੋਕ ਤੇ ਸਮੁੱਚਾ ਦੇਸ਼ ਚਾਹੁੰਦਾ ਹੈ- ਉਹ ਪ੍ਰਤੀਕਿਰਿਆ ਵਜੋਂ ਸਿਰਫ਼ ਨੇਮਾਂ ਦੀ ਸਖ਼ਤੀ ਤੋਂ ਕਿਤੇ ਵਧ ਕੇ ਹੈ। ਸੰਕਟ ਨੇ ਲੋੜ ਪੈਦਾ ਕੀਤੀ ਹੈ ਕਿ ਖੁਫ਼ੀਆ ਜਾਣਕਾਰੀਆਂ ਸਾਂਝੀਆਂ ਕਰਨ ਦੇ ਤੰਤਰ ਬਾਰੇ ਮੁੜ ਤੋਂ ਸੋਚ-ਵਿਚਾਰ ਕੀਤਾ ਜਾਵੇ, ਜਵਾਬੀ ਕਾਰਵਾਈ ਲਈ ਤੇਜ਼-ਤਰਾਰ ਢਾਂਚਾ ਉਸਰੇ ਤੇ ਸੁਰੱਖਿਆ ਸਿੱਟਿਆਂ ਦੀ ਜਵਾਬਦੇਹੀ ਮਿੱਥੀ ਜਾਵੇ।

ਤੇਵਰਾਂ ਤੋਂ ਪਾਰ Read More »

ਪਾਕਿਸਤਾਨੀਆਂ ਨੂੰ ਮਿਲਿਆ ਚੰਡੀਗੜ੍ਹ ਛੱਡਣ ਦਾ ਹੁਕਮ

ਚੰਡੀਗੜ੍ਹ, 26 ਅਪ੍ਰੈਲ – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਪਾਕਿਸਤਾਨੀਆਂ ਨੂੰ ਸ਼ਹਿਰ ਛੱਡਣ ਦੇ ਹੁਕਮ ਦਿੱਤੇ ਹਨ। ਹੁਕਮ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐਸ) ਦੀਆਂ ਮੀਟਿੰਗਾਂ ਵਿੱਚ ਲਏ ਗਏ ਫੈਸਲਿਆਂ ਦੇ ਅਨੁਸਾਰ, ਭਾਰਤ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੀਆਂ ਗਈਆਂ ਵੀਜ਼ਾ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਤਹਿਤ, 27 ਅਪ੍ਰੈਲ ਤੋਂ ਪਹਿਲਾਂ ਤੋਂ ਜਾਰੀ ਕੀਤੇ ਗਏ ਸਾਰੇ ਵੈਧ ਵੀਜ਼ੇ ਰੱਦ ਮੰਨੇ ਜਾਣਗੇ।

ਪਾਕਿਸਤਾਨੀਆਂ ਨੂੰ ਮਿਲਿਆ ਚੰਡੀਗੜ੍ਹ ਛੱਡਣ ਦਾ ਹੁਕਮ Read More »

ਪ੍ਰਵੀਨ ਕੁਮਾਰ ਸਿਨਹਾ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ਼

ਚੰਡੀਗੜ੍ਹ, 26 ਅਪ੍ਰੈਲ – ਪੰਜਾਬ ਸਰਕਾਰ ਨੇ ਕੁਰੱਪਸ਼ਨ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਸਰਕਾਰ ਨੇ ਵਿਜੀਲੈਂਸ ਮੁਖੀ ਤੋਂ ਇਲਾਵਾ ਵਿਜੀਲੈਂਸ ਰੇਂਜ ਜਲੰਧਰ ਦੇ ਐੱਸਐੱਸਪੀ ਹਰਪ੍ਰੀਤ ਸਿੰਘ ਅਤੇ ਏਆਈਜੀ (ਫਲਾਇੰਗ ਸਕੂਐਡ) ਸਵਰਨਦੀਪ ਸਿੰਘ ਨੂੰ ਵੀ ਸਸਪੈਂਡ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਵੱਲੋਂ ਵਿਜੀਲੈਂਸ ਮੁਖੀ ਖ਼ਿਲਾਫ਼ ਇੰਨਾ ਵੱਡਾ ਕਦਮ ਚੁੱਕਿਆ ਗਿਆ ਹੋਵੇ। ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਮਾਮਲਾ ਆਉਣ ’ਤੇ ਉਨ੍ਹਾਂ ਨੇ ਫ਼ੌਰੀ ਐਕਸ਼ਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਕੌਣ ਹਨ ਪ੍ਰਵੀਨ ਕੁਮਾਰ ਸਿਨਹਾ ਪੰਜਾਬ ਸਰਕਾਰ ਨੇ ਆਈਪੀਐਸ ਅਧਿਕਾਰੀ ਪ੍ਰਵੀਨ ਕੁਮਾਰ ਸਿਨਹਾ, ਜੋ ਇਸ ਸਮੇਂ ਐਨਆਰਆਈ ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਅਤੇ ਏਡੀਜੀਪੀ ਇੰਟੈਲੀਜੈਂਸ ਵਜੋਂ ਸੇਵਾ ਨਿਭਾ ਰਹੇ ਹਨ, ਨੂੰ ਵਿਜੀਲੈਂਸ ਬਿਊਰੋ, ਪੰਜਾਬ, ਐਸਏਐਸ ਨਗਰ ਦਾ ਨਵਾਂ ਮੁੱਖ ਨਿਰਦੇਸ਼ਕ ਨਿਯੁਕਤ ਕੀਤਾ ਹੈ। ਡਰਾਈਵਿੰਗ ਲਾਇਸੈਂਸ ਘੁਟਾਲੇ ਦੇ ਸਬੰਧ ਵਿੱਚ ਕੀਤੇ ਸਸਪੈਂਡ ਵਿਜੀਲੈਂਸ ਮੁਖੀ ਵਜੋਂ 1997 ਬੈਚ ਦੇ ਆਈਪੀਐਸ (ਸੁਰਿੰਦਰਪਾਲ ਸਿੰਘ ਪਰਮਾਰ) ਅਧਿਕਾਰੀ ਨੇ 26 ਮਾਰਚ ਨੂੰ ਹੀ ਅਹੁਦਾ ਸੰਭਾਲਿਆ ਸੀ। ਕਰੀਬ ਇੱਕ ਮਹੀਨੇ ਮਗਰੋਂ ਹੀ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਵੇਰਵਿਆਂ ਅਨੁਸਾਰ ਡਰਾਈਵਿੰਗ ਲਾਇਸੈਂਸ ਘੁਟਾਲੇ ਦੇ ਸੰਦਰਭ ਵਿੱਚ ਵਿਜੀਲੈਂਸ ਮੁਖੀ ਨੂੰ ਸਸਪੈਂਡ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਕਿਹਾ ਕਿ ਲਾਇਸੈਂਸ ਘੁਟਾਲੇ ’ਚ ਕਾਰਵਾਈ ਰੋਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਲਈ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਕੀ ਹੈ ਮਾਮਲਾ ਦੱਸਣਯੋਗ ਹੈ ਕਿ 7 ਅਪ੍ਰੈਲ ਨੂੰ ਵਿਜੀਲੈਂਸ ਨੇ ਸੂਬੇ ਭਰ ਵਿੱਚ ਆਰਟੀਏ ਦਫ਼ਤਰਾਂ ਅਤੇ ਡਰਾਈਵਿੰਗ ਟੈਸਟ ਸੈਂਟਰਾਂ ਵਿੱਚ ਛਾਪੇ ਮਾਰੇ ਸਨ। ਲਾਇਸੈਂਸ ਘੁਟਾਲੇ ਦੇ ਸਬੰਧ ਵਿੱਚ 16 ਪੁਲਿਸ ਕੇਸ ਦਰਜ ਕੀਤੇ ਗਏ ਸਨ ਅਤੇ ਸਬੰਧਤ ਲੋਕਾਂ ਤੋਂ 40,900 ਰੁਪਏ ਵੀ ਜ਼ਬਤ ਕੀਤੇ ਗਏ ਸਨ।

ਪ੍ਰਵੀਨ ਕੁਮਾਰ ਸਿਨਹਾ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ਼ Read More »

ਪਹਿਲਗਾਮ ਹਮਲੇ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ ਬੰਦ

ਅੰਮ੍ਰਿਤਸਰ, 26 ਅਪ੍ਰੈਲ – ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ‘ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਬੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਹਨ। ਸਾਰੀਆਂ ਥਾਵਾਂ ‘ਤੇ, ਸੀਮਾ ਸੁਰੱਖਿਆ ਬਲ ਨੇ ਆਪਣੀਆਂ ਤੇਜ਼ ਪ੍ਰਤੀਕਿਰਿਆ ਟੀਮਾਂ ਨੂੰ ਸਰਗਰਮ ਕਰ ਦਿੱਤਾ ਹੈ। ਇੱਥੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੌਰਾਨ, ਅੰਮ੍ਰਿਤਸਰ ਦੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨੀ ਨਾਗਰਿਕਾਂ ਦੇ ਦੇਸ਼ ਵਾਪਸ ਆਉਣ ਦਾ ਸਿਲਸਿਲਾ ਜਾਰੀ ਹੈ। ਸਰਕਾਰ ਨੇ 27 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਹੈ। ਮੈਡੀਕਲ ਵੀਜ਼ਾ ਵਾਲੇ ਲੋਕਾਂ ਨੂੰ 29 ਅਪ੍ਰੈਲ ਤੱਕ ਦੇਸ਼ ਛੱਡਣ ਲਈ ਕਿਹਾ ਗਿਆ ਹੈ। ਇੱਥੇ, ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਪੂਰੀ ਤਰ੍ਹਾਂ ਬੰਦ ਹੈ। 16 ਮਾਰਕੀਟ ਐਸੋਸੀਏਸ਼ਨਾਂ ਦੇ ਸਾਂਝੇ ਫੈਸਲੇ ਤੋਂ ਬਾਅਦ ਸ਼ਹਿਰ ਦੇ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ।

ਪਹਿਲਗਾਮ ਹਮਲੇ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ ਬੰਦ Read More »

ਪਹਿਲਗਾਮ ਹਮਲੇ ਮਗਰੋਂ ਅੰਮ੍ਰਿਤਸਰ ’ਚ ਸੈਲਾਨੀਆਂ ‘ਚ ਆਈ ਕਮੀ

ਅੰਮ੍ਰਿਤਸਰ, 25 ਅਪ੍ਰੈਲ – ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਆਮਦ ਘਟੀ ਹੈ। ਇਸ ਘਟਨਾ ਕਾਰਨ ਤੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖ਼ਿਲਾਫ਼ ਕੀਤੇ ਫ਼ੈਸਲਿਆਂ ਮਗਰੋਂ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਕਾਰਨ ਲੋਕਾਂ ਵੱਲੋਂ ਇੱਥੇ ਹੋਟਲਾਂ ਵਿੱਚ ਪਹਿਲਾਂ ਕੀਤੀ ਹੋਈ ਬੁਕਿੰਗ ਰੱਦ ਕੀਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸਰਾਵਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਸ਼ਹਿਰ ਦੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਯਾਤਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਆਮ ਤੌਰ ’ਤੇ ਪਹਿਲਾਂ ਰੋਜ਼ਾਨਾ ਹੀ ਦੁਨੀਆਂ ਭਰ ਤੋਂ ਲਗਪਗ 1,00,000 ਸ਼ਰਧਾਲੂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਪੁੱਜਦੇ ਸਨ। ‘ਬਾਹਰਲੇ’ ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦਰਸ਼ਨੀ ਡਿਓਢੀ ਵਿੱਚ ਪਹਿਲਾਂ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਹੁੰਦੀਆਂ ਸਨ ਤੇ ਹੁਣ ਸੰਗਤ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ ਹੈ। ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਾਵਾਂ ’ਚ ਯਾਤਰੂਆਂ ਦੀ ਗਿਣਤੀ ਵਿੱਚ ਕਰੀਬ 30 ਫ਼ੀਸਦੀ ਦੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਪਹਿਲਗਾਮ ਹਮਲੇ ਤੇ ਕਣਕ ਦੀ ਵਾਢੀ ਕਰ ਕੇ ਸ਼ਰਧਾਲੂਆਂ ਦੀ ਆਮਦ ਘਟੀ ਹੈ। ਇਸੇ ਤਰ੍ਹਾਂ ਹਫ਼ਤੇ ਦੇ ਅੰਤਲੇ ਦਿਨਾਂ ’ਤੇ ਵੀ ਬੁਕਿੰਗ ਘੱਟ ਹੈ। ਅੰਮ੍ਰਿਤਸਰ ਹੋਟਲ ਅਤੇ ਰੇਸਤਰਾਂ ਐਸੋਸੀਏਸ਼ਨ ਦੇ ਪ੍ਰਧਾਨ ਏਪੀਐੱਸ ਚੱਠਾ ਨੇ ਕਿਹਾ ਕਿ ਪਹਿਲਗਾਮ ਘਟਨਾ ਤੋਂ ਬਾਅਦ ਹੋਟਲਾਂ ’ਚ 50 ਫ਼ੀਸਦ ਤੋਂ ਵੱਧ ਬੁਕਿੰਗਾਂ ਰੱਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਲੋਕ ਆਪਣੇ ਪੈਸੇ ਵਾਪਸ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਸਾਵਧਾਨੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਹੋਟਲਾਂ ’ਤੇ ਛਾਪੇ ਮਾਰਨ ਕਾਰਨ ਮਹਿਮਾਨਾਂ ਵਿੱਚ ਦਹਿਸ਼ਤ ਫੈਲ ਗਈ ਸੀ। ਉਨ੍ਹਾਂ ਵੱਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਮੈਂਬਰ ਹੋਟਲ ਮਾਲਕਾਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ।

ਪਹਿਲਗਾਮ ਹਮਲੇ ਮਗਰੋਂ ਅੰਮ੍ਰਿਤਸਰ ’ਚ ਸੈਲਾਨੀਆਂ ‘ਚ ਆਈ ਕਮੀ Read More »

ਜੰਮੂ-ਕਸ਼ਮੀਰ ’ਚ ਹੁਣ ਤੱਕ 6 ਅਤਿਵਾਦੀਆਂ ਢਾਹੇ ਘਰ

ਪਹਿਲਗਾਮ, 26 ਅਪ੍ਰੈਲ – ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ, ਜੰਮੂ-ਕਸ਼ਮੀਰ ਵਿੱਚ ਹੁਣ ਤੱਕ 6 ਅਤਿਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਇਨ੍ਹਾਂ ਵਿੱਚ ਲਸ਼ਕਰ ਦੇ ਆਸਿਫ਼ ਸ਼ੇਖ, ਆਦਿਲ ਥੋਕਰ, ਹਰਿਸ ਅਹਿਮਦ, ਜੈਸ਼ ਦੇ ਅਹਿਸਾਨ ਉਲ ਹੱਕ, ਜ਼ਾਕਿਰ ਅਹਿਮਦ ਗਨਈ ਅਤੇ ਸ਼ਾਹਿਦ ਅਹਿਮਦ ਕੁਟੇ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜੈਸ਼ ਦਾ ਅਹਿਸਾਨ 2018 ਵਿੱਚ ਪਾਕਿਸਤਾਨ ਤੋਂ ਸਿਖਲਾਈ ਲੈ ਕੇ ਵਾਪਸ ਆਇਆ ਸੀ। ਪਹਿਲਗਾਮ ਹਮਲੇ ਵਿੱਚ ਆਸਿਫ਼ ਅਤੇ ਆਦਿਲ ਦੇ ਨਾਮ ਸਾਹਮਣੇ ਆਏ ਸਨ। ਫੌਜ ਨੇ ਇਹ ਕਾਰਵਾਈ ਤ੍ਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਕੀਤੀ।

ਜੰਮੂ-ਕਸ਼ਮੀਰ ’ਚ ਹੁਣ ਤੱਕ 6 ਅਤਿਵਾਦੀਆਂ ਢਾਹੇ ਘਰ Read More »

ਦਿੱਲੀ ਤੋਂ ਬਾਹਰ ਕੱਢੇ ਜਾਣਗੇ ਸਾਰੇ ਪਾਕਿਸਤਾਨੀ,

ਨਵੀਂ ਦਿੱਲੀ, 26 ਅਪ੍ਰੈਲ – ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਵਿੱਚ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰਨ ਦੇ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਇਹ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਕੇਂਦਰ ਸਰਕਾਰ ਨੇ 27 ਅਪ੍ਰੈਲ, 2025 ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਹੁਣ ਸਿਰਫ਼ ਮੈਡੀਕਲ, ਡਿਪਲੋਮੈਟਿਕ ਅਤੇ ਲੰਬੇ ਸਮੇਂ ਦੇ ਵੀਜ਼ੇ ਹੀ ਵੈਧ ਹੋਣਗੇ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਭੇਜਣ ਦੇ ਨਿਰਦੇਸ਼ ਦਿੱਤੇ ਸਨ। ਸ਼ਾਹ ਨੇ ਸਾਰੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਰਾਜਾਂ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਪਾਕਿਸਤਾਨ ਵਾਪਸ ਭੇਜਣ ਲਈ ਠੋਸ ਕਦਮ ਚੁੱਕਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨੀ ਨਾਗਰਿਕਾਂ ਦੇ ਸਾਰੇ ਵੀਜ਼ੇ ਰੱਦ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਪਾਕਿਸਤਾਨੀ ਨਾਗਰਿਕਾਂ ਦੇ ਸਾਰੇ ਵੀਜ਼ੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਜਾਣ। ਇਸ ਦੇ ਨਾਲ ਹੀ, ਸਾਰੇ ਰਾਜਾਂ ਨੂੰ ਆਪਣੇ ਖੇਤਰਾਂ ਵਿੱਚ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਉਹ ਪਾਕਿਸਤਾਨ ਤੋਂ ਆਏ ਸਾਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣੇ ਰਾਜਾਂ ਤੋਂ ਬਾਹਰ ਕੱਢਣ। ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 22 ਅਪ੍ਰੈਲ ਨੂੰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ।

ਦਿੱਲੀ ਤੋਂ ਬਾਹਰ ਕੱਢੇ ਜਾਣਗੇ ਸਾਰੇ ਪਾਕਿਸਤਾਨੀ, Read More »

ਭਾਰਤ ਨੇ ਬੰਦ ਕੀਤਾ ਪਾਕਿਸਤਾਨ ਦਾ ਪਾਣੀ

ਨਵੀਂ ਦਿੱਲੀ, 26 ਅਪ੍ਰੈਲ – ਭਾਰਤ ਨੇ 24 ਅਪ੍ਰੈਲ ਨੂੰ ਇੱਕ ਇਤਿਹਾਸਕ ਕਦਮ ਚੁੱਕਿਆ ਅਤੇ ਪਾਕਿਸਤਾਨ ਨਾਲ 1960 ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ। ਇਹ ਫ਼ੈਸਲਾ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵਧਦੀਆਂ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਲਿਆ ਗਿਆ। ਇਸ ਫ਼ੈਸਲੇ ਦੇ ਤਹਿਤ, ਭਾਰਤ ਨੇ ਚਨਾਬ ਨਦੀ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਹੈ, ਜਿਸਦਾ ਪ੍ਰਭਾਵ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਰਣਨੀਤੀ ’ਤੇ ਕੰਮ ਕਰ ਰਹੀ ਹੈ ਕਿ ਭਾਰਤ ਤੋਂ ਪਾਣੀ ਦੀ ਇੱਕ ਵੀ ਬੂੰਦ ਪਾਕਿਸਤਾਨ ਨਾ ਜਾਵੇ। 24 ਅਪ੍ਰੈਲ ਨੂੰ, ਭਾਰਤ ਸਰਕਾਰ ਨੇ ਅਧਿਕਾਰਤ ਤੌਰ ’ਤੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ। ਇਸ ਸੰਧੀ ਦੇ ਤਹਿਤ, ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ, ਜਿਵੇਂ ਕਿ ਚਨਾਬ, ਜੇਹਲਮ ਅਤੇ ਸਤਲੁਜ ਦਾ ਪਾਣੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੰਡਿਆ ਗਿਆ ਹੈ। ਸੰਧੀ ਦੇ ਅਨੁਸਾਰ, ਚਨਾਬ ਅਤੇ ਹੋਰ ਪੱਛਮੀ ਨਦੀਆਂ ਦਾ ਪਾਣੀ ਮੁੱਖ ਤੌਰ ’ਤੇ ਪਾਕਿਸਤਾਨ ਨੂੰ ਜਾਂਦਾ ਹੈ, ਜਦੋਂ ਕਿ ਭਾਰਤ ਨੂੰ ਸੀਮਤ ਵਰਤੋਂ ਦਾ ਅਧਿਕਾਰ ਹੈ। ਹਾਲਾਂਕਿ, ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਨੇ ਭਾਰਤ ਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਸਰਕਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਅਤਿਵਾਦ ਨੂੰ ਲਗਾਤਾਰ ਸਮਰਥਨ ਦੇਣ ਅਤੇ ਸਰਹੱਦ ਪਾਰ ਤੋਂ ਘੁਸਪੈਠ ਕਰਨ ਕਾਰਨ ਇਹ ਸੰਧੀ ਹੁਣ ਭਾਰਤ ਦੇ ਹਿੱਤਾਂ ਦੇ ਵਿਰੁੱਧ ਹੈ। ਭਾਰਤ ਨੇ ਚਨਾਬ ਨਦੀ ’ਤੇ ਬਣੇ ਬਗਲੀਹਾਰ ਪਣਬਿਜਲੀ ਪ੍ਰੋਜੈਕਟ ਰਾਹੀਂ ਦਰਿਆਈ ਪਾਣੀ ਦੇ ਵਹਾਅ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਭਾਰਤ ਨੇ ਬੰਦ ਕੀਤਾ ਪਾਕਿਸਤਾਨ ਦਾ ਪਾਣੀ Read More »