April 5, 2025

ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਬਣਨਗੀਆਂ ਆਨਲਾਈਨ ਆਈ.ਡੀਜ਼.

ਚੰਡੀਗੜ੍ਹ, 5 ਅਪ੍ਰੈਲ: ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਅਪ੍ਰੈਲ 2025 ਦੇ ਆਖ਼ੀਰ ਤੱਕ ਸਾਰੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ (ਐਮ.ਸੀਜ਼) ਦੀਆਂ ਆਨਲਾਈਨ ਲਾਗਇਨ ਆਈ.ਡੀਜ਼. ਦਾ ਕੰਮ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਸੂਬੇ ਦੇ ਨਾਗਰਿਕਾਂ ਨੂੰ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ। ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ (ਪੀ.ਐਸ.ਈ.ਜੀ.ਐਸ.) ਦੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਨਾਗਰਿਕਾਂ ਨੂੰ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣ ਵਾਸਤੇ ਕੁੱਲ 43,321 ਸਰਪੰਚਾਂ, ਨੰਬਰਦਾਰਾਂ ਅਤੇ ਐਮ.ਸੀਜ਼. ਦੀਆਂ ਆਨਲਾਈਨ ਆਈ.ਡੀਜ਼. ਬਣਾਈਆਂ ਜਾ ਚੁੱਕੀਆਂ ਹਨ ਤਾਂ ਜੋ ਉਹ ਅਰਜ਼ੀਆਂ ਅਤੇ ਸਰਟੀਫਿਕੇਟਾਂ ਦੀ ਆਨਲਾਈਨ ਤਸਦੀਕ ਕਰ ਸਕਣ। ਇਹ ਸਿਸਟਮ ਲਾਗੂ ਹੋਣ ਨਾਲ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਇਨ੍ਹਾਂ ਸਥਾਨਕ ਨੁਮਾਇੰਦਿਆਂ ਕੋਲ ਵਾਰ ਵਾਰ ਗੇੜੇ ਲਗਾਉਣ ਤੋਂ ਛੁਟਕਾਰਾ ਮਿਲੇਗਾ। ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸਰਪੰਚਾਂ, ਨੰਬਰਦਾਰਾਂ ਅਤੇ ਐਮ.ਸੀਜ਼. ਦੀਆਂ 41,000 (ਲਗਭਗ 95 ਫ਼ੀਸਦ) ਤੋਂ ਵੱਧ ਆਨਲਾਈਨ ਲੌਗਇਨ ਆਈ.ਡੀਜ਼. ਪਹਿਲਾਂ ਹੀ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਸਾਰੇ ਸਥਾਨਕ ਪ੍ਰਤੀਨਿਧੀਆਂ ਦੀਆਂ ਲਾਗਇਨ ਆਈ.ਡੀਜ਼. ਇਸ ਮਹੀਨੇ ਦੇ ਆਖੀਰ ਤੱਕ ਬਣਾ ਦਿੱਤੀਆਂ ਜਾਣਗੀਆਂ । ਪੰਜਾਬ ਸਰਕਾਰ ਦੀ ਆਪਣੇ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਅਤੇ ਉਹਨਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਕਈ ਪਹਿਲੂਆਂ ‘ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਨਵੀਨਤਾਕਾਰੀ ਆਈ.ਟੀ. ਅਤੇ ਈ-ਗਵਰਨੈਂਸ ਹੱਲ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਪ੍ਰਸ਼ਾਸਨ ਵਿੱਚ ਵਧੇਰੇ ਸੁਧਾਰ ਅਤੇ ਪਾਰਦਰਸ਼ੀ ਸੇਵਾ ਪ੍ਰਦਾਨ ਕਰਨ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੋਰਡ ਨੇ ਕਈ ਮੁੱਖ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ, ਜਿਨ੍ਹਾਂ ਵਿੱਚ ਈ-ਸੇਵਾ, ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐਸ.), ਸੂਚਨਾ ਦਾ ਅਧਿਕਾਰ (ਆਰ.ਟੀ.ਆਈ.) ਪੋਰਟਲ, ਐਮ-ਸੇਵਾ, ਸਟੇਟ ਐਡਮਿਸ਼ਨ ਪੋਰਟਲ, ਕੁਨੈਕਟ ਪੋਰਟਲ ਅਤੇ ਵਿਜ਼ਟਰ ਪਾਸ ਪ੍ਰਬੰਧਨ ਪ੍ਰਣਾਲੀ ਸ਼ਾਮਲ ਹਨ। ਇਸ ਮੀਟਿੰਗ ਵਿੱਚ ਵਿਸ਼ੇਸ਼ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਘਨਸ਼ਿਆਮ ਥੋਰੀ, ਡਾਇਰੈਕਟਰ ਸੁਚੱਜਾ ਪ੍ਰਸ਼ਾਸਨ ਸ੍ਰੀ ਗਿਰੀਸ਼ ਦਿਆਲਨ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਦੀਪਤੀ ਉੱਪਲ, ਰਾਜ ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।  

ਪੰਜਾਬ ਦੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਬਣਨਗੀਆਂ ਆਨਲਾਈਨ ਆਈ.ਡੀਜ਼. Read More »

ਪੰਜਾਬ ਸਰਕਾਰ ਨੇ ਡੋਰਸਟੈੱਪ ਡਿਲੀਵਰੀ ਸਰਵਿਸ ਦੀ ਫ਼ੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ

ਚੰਡੀਗੜ੍ਹ, 5 ਅਪਰੈਲ ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਲਈ ਸ਼ੁਰੂ ਕੀਤੀ ਡੋਰਸਟੈੱਪ ਡਿਲੀਵਰੀ ਸਰਵਿਸ ਦੀ ਫ਼ੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤੀ ਹੈ। ਇਹ ਐਲਾਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਦੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ 406 ਸੇਵਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਸ ਨੂੰ ਲੋਕ ਹੈਲਪਲਾਈਨ ਨੰਬਰ 1076 ’ਤੇ ਫੋਨ ਕਰਕੇ ਘਰ ਬੈਠੇ ਬੁੱਕ ਕਰਵਾ ਸਕਦਾ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਲੋਕਾਂ ਨੂੰ ਸਰਪੰਚ, ਨੰਬਰਦਾਰ ਤੇ ਕੌਂਸਲਰਾਂ ਤੋਂ ਦਸਤਾਵੇਜ਼ ਤਸਦੀਕ ਕਰਵਾਉਣ ਲਈ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਆਨਲਾਈਨ ਤਸਦੀਕ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਵਿੱਚ ਅਗਲੇ ਮਹੀਨੇ ਤੋਂ ਸਰਪੰਚ, ਨੰਬਰਦਾਰ ਤੇ ਕੌਂਸਲਰ ਆਨਲਾਈਨ ਹੀ ਲੋਕਾਂ ਦੇ ਦਸਤਾਵੇਜ਼ ਤਸਦੀਕ ਕਰਨਗੇ।

ਪੰਜਾਬ ਸਰਕਾਰ ਨੇ ਡੋਰਸਟੈੱਪ ਡਿਲੀਵਰੀ ਸਰਵਿਸ ਦੀ ਫ਼ੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ Read More »

ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਨੂੰ ਜਨਤਕ ਛੁੱਟੀ ਦਾ ਐਲਾਨ

ਵਿਦਿਆਰਥੀ ਹਰ ਸਮੇਂ ਛੁੱਟੀਆਂ ਬਾਰੇ ਹੀ ਸੋਚਦੇ ਰਹਿੰਦੇ ਹਨ। ਅਜਿਹੇ ਵਿਚ ਉਨ੍ਹਾਂ ਲਈ ਚੰਗੀ ਖ਼ਬਰ ਹੈ। ਪੰਜਾਬ ਸਰਕਾਰ ਨੇ 14 ਅਪ੍ਰੈਲ ਨੂੰ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਪੰਜਾਬ ਦੇ ਸਾਰੇ ਸਰਕਾਰੀ ਦਫਤਰ, ਸਰਕਾਰੀ ਸਕੂਲ ਕਾਲਜ ਬੰਦ ਰਹਿਣਗੇ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਬਾਬਾ ਸਾਹਿਬ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ, ਉਹ ਆਪਣੇ ਮਾਤਾ-ਪਿਤਾ ਦੇ 14ਵੇਂ ਬੱਚੇ ਸਨ। ਉਨ੍ਹਾਂ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ ਸਨ, ਜੋ ਬ੍ਰਿਟਿਸ਼ ਆਰਮੀ ਵਿੱਚ ਸਨ।

ਪੰਜਾਬ ਸਰਕਾਰ ਵੱਲੋਂ 14 ਅਪ੍ਰੈਲ ਨੂੰ ਜਨਤਕ ਛੁੱਟੀ ਦਾ ਐਲਾਨ Read More »

ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਤੀਜੀ ਵਾਰ ਵੀ ਮੁੰਬਈ ਪੁਲੀਸ ਦੇ ਸਾਹਮਣੇ ਪੇਸ਼ ਨਹੀਂ ਹੋਇਆ

ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਮਾਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਸ਼ਨਿੱਚਰਵਾਰ ਨੂੰ ਮੁੰਬਈ ਪੁਲੀਸ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਤੀਜੀ ਵਾਰੀ ਹੈ ਜਦੋਂ ਕਾਮਰਾ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਉਹ ਪੁਲੀਸ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਖਾਰ ਪੁਲੀਸ ਨੇ ਇਕ ਪ੍ਰੋਗਰਾਮ ਦੌਰਾਨ ਉਪ ਮੁੱਖ ਮੰਤਰੀ ਖ਼ਿਲਾਫ਼ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਸ਼ਿਵਸੇਨਾ ਦੇ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ’ਤੇ ਕਾਮਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਸ਼ਿਵਸੇਨਾ ਦੇ ਕਰਮਚਾਰੀਆਂ ਨੇ 23 ਮਾਰਚ ਨੂੰ ਉਸ ਸਟੂਡੀਓ ਅਤੇ ਉਸ ਹੋਟਲ ਵਿੱਚ ਤੋੜ-ਭੰਨ ਕੀਤੀ ਸੀ ਜਿਥੇ ਕੁਨਾਲ ਕਾਮਰਾ ਨੇ ਪ੍ਰੋਗਰਾਮ ਕੀਤਾ ਸੀ। ਇਸ ਮਾਮਲੇ ਵਿਚ ਮਦਰਾਸ ਹਾਈ ਕੋਰਟ ਨੇ ਕਾਮਰਾ ਨੂੰ 7 ਅਪ੍ਰੈਲ ਤੱਕ ਅੰਤਰੀਮ ਅਗਾਊਂ ਜ਼ਮਾਨਤ ਦਿੱਤੀ ਹੋਈ ਹੈ।

ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਤੀਜੀ ਵਾਰ ਵੀ ਮੁੰਬਈ ਪੁਲੀਸ ਦੇ ਸਾਹਮਣੇ ਪੇਸ਼ ਨਹੀਂ ਹੋਇਆ Read More »

ਪ੍ਰਸਿੱਧ ਅਦਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਤਿਰੰਗੇ ਵਿੱਚ ਲਪੇਟੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੰਬਈ ਦੇ ਜੁਹੂ ਸਥਿਤ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਲਿਆਂਦਾ ਗਿਆ। ਇੱਥੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਉਨ੍ਹਾਂ ਦੇ ਪੁੱਤਰ ਕੁਨਾਲ ਗੋਸਵਾਮੀ ਨੇ ਚਿਖਾ ਨੂੰ ਅਗਨ ਭੇਟ ਕੀਤਾ। ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਪ੍ਰੇਮ ਚੋਪੜਾ, ਸਲੀਮ ਖ਼ਾਨ, ਸੁਭਾਸ਼ ਘਈ, ਅਮਿਤਾਭ ਬੱਚਨ ਅਤੇ ਬੇਟੇ ਅਭਿਸ਼ੇਕ ਸ਼ਾਮਲ ਹੋਏ। ਦੱਸ ਦੇਈਏ ਕਿ ਮਨੋਜ ਕੁਮਾਰ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ। ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਉਨ੍ਹਾਂ ਨੂੰ ਦੇਸ਼ ਭਗਤੀ ਦੀਆਂ ਫ਼ਿਲਮਾਂ ਬਣਾਉਣ ਲਈ ਭਾਰਤ ਕੁਮਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਪ੍ਰਸਿੱਧ ਅਦਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ Read More »

ਸਿਫਤ ਕੌਰ ਸਮਰਾ ਨੇ ਅਰਜਨਟੀਨਾ ਸ਼ੂਟਿੰਗ ਵਰਲਡ ਕੱਪ ‘ਚ ਸੋਨ ਤਗ਼ਮਾ ਜਿੱਤਿਆ

ਨਵੀਂ ਦਿੱਲੀ, 5 ਅਪ੍ਰੈਲ- ਭਾਰਤੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਅਰਜਨਟੀਨਾ ਦੇ ਬਿਊਨਸ ਆਇਰਸ ਵਿਚ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ (3P) ਫਾਈਨਲ ’ਚ ਆਪਣਾ ਪਹਿਲਾ ਵਿਅਕਤੀਗਤ ISSF ਵਿਸ਼ਵ ਕੱਪ ਸੋਨ ਤਗਮਾ ਜਿੱਤਿਆ। ਫਰੀਦਕੋਟ ਦੀ 23 ਸਾਲਾ ਖਿਡਾਰਨ ਨੇ ਸ਼ੁੱਕਰਵਾਰ ਦੇਰ ਰਾਤ ਟੀਰੋ ਫੈਡਰਲ ਅਰਜਨਟੀਨੋ ਡੀ ਬਿਊਨਸ ਆਇਰਸ ਸ਼ੂਟਿੰਗ ਰੇਂਜ ਵਿਚ ਭਾਰਤ ਨੂੰ ਸੀਜ਼ਨ-ਓਪਨਿੰਗ ਵਿਸ਼ਵ ਕੱਪ ਸਟੇਜ ਈਵੈਂਟ ਦਾ ਪਹਿਲਾ ਸੋਨ ਤਗ਼ਮਾ ਦਿਵਾਇਆ। ਸਿਫਤ ਨੇ 45-ਸ਼ਾਟ ਫਾਈਨਲ ਦੇ ਅੰਤ ਵਿੱਚ 458.6 ਅੰਕਾਂ ਨਾਲ ਸਮਾਪਤੀ ਕੀਤੀ, ਜਦੋਂ ਕਿ ਮੈਂਗੋਲਡ 455.3 ਦੇ ਨਾਲ 3.3 ਅੰਕ ਪਿੱਛੇ ਰਹੀ। ਮੁਕਾਬਲੇ ਦੇ ਪਹਿਲੇ ਦਿਨ ਪਹਿਲੇ ਫਾਈਨਲ ਵਿਚ ਤਗ਼ਮੇ ਜਿੱਤਣ ਤੋਂ ਖੁੰਝਣ ਤੋਂ ਬਾਅਦ ਭਾਰਤ ਹੁਣ ਮੁਕਾਬਲੇ ਦੇ ਦੂਜੇ ਦਿਨ ਦਾ ਅੰਤ ਇੱਕ ਸੋਨ ਅਤੇ ਇੱਕ ਕਾਂਸੀ ਦੇ ਤਗਮੇ ਹਾਸਲ ਕਰ ਚੁੱਕਾ ਹੈ, ਜੋ ਪਹਿਲਾਂ ਚੈਨ ਸਿੰਘ ਨੇ ਪੁਰਸ਼ਾਂ ਦੇ 3P ਵਿੱਚ ਜਿੱਤਿਆ ਸੀ। ਚੀਨ ਇੱਕ ਸੋਨ ਅਤੇ ਇੱਕ ਚਾਂਦੀ ਦੇ ਤਗਮੇ ਨਾਲ ਸਿਖਰ ’ਤੇ ਹੈ।

ਸਿਫਤ ਕੌਰ ਸਮਰਾ ਨੇ ਅਰਜਨਟੀਨਾ ਸ਼ੂਟਿੰਗ ਵਰਲਡ ਕੱਪ ‘ਚ ਸੋਨ ਤਗ਼ਮਾ ਜਿੱਤਿਆ Read More »

ਪੰਚਕੂਲਾ ਵਿੱਚ 24 ਮਈ ਤੋਂ ‘ਨੀਰਜ ਚੋਪੜਾ ਕਲਾਸਿਕ’ ਟੂਰਨਾਮੈਂਟ ਸ਼ੁਰੂ

ਨਵੀਂ ਦਿੱਲੀ: ਪੰਚਕੂਲਾ ਵਿੱਚ 24 ਮਈ ਤੋਂ ਜੈਵਲਿਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਸਮੇਤ ਦੁਨੀਆ ਦੇ ਕਈ ਹੋਰ ਜੈਵਲਿਨ ਥ੍ਰੋਅਰ ਹਿੱਸਾ ਲੈਣਗੇ। ਇਸ ਟੂਰਨਾਮੈਂਟ ਨੂੰ ‘ਨੀਰਜ ਚੋਪੜਾ ਕਲਾਸਿਕ’ ਦਾ ਨਾਮ ਦਿੱਤਾ ਗਿਆ ਹੈ। ਤਾਊ ਦੇਵੀ ਲਾਲ ਸਟੇਡੀਅਮ ’ਚ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਵਿਸ਼ਵ ਅਥਲੈਟਿਕਸ ਨੇ ‘ਏ’ ਸ਼੍ਰੇਣੀ ਦਾ ਦਰਜਾ ਦਿੱਤਾ ਹੈ, ਹਾਲਾਂਕਿ ਵਿਸ਼ਵ ਐਥਲੈਟਿਕਸ ਵੈੱਬਸਾਈਟ ’ਤੇ ਇਸ ਨੂੰ ਆਪਣੇ ਕਾਂਟੀਨੈਂਟਲ ਟੂਰ ਦੇ ਹਿੱਸੇ ਵਜੋਂ ਸੂਚੀਬੱਧ ਨਹੀਂ ਕੀਤਾ ਗਿਆ। ਇਸ ਸਬੰਧੀ ਕੈਲੰਡਰ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜਨਵਰੀ ’ਚ ਵਿਸ਼ਵ ਐਥਲੈਟਿਕਸ ਦੇ ਪ੍ਰਧਾਨ ਸੈਬਾਸਟੀਅਨ ਕੋ ਨੇ ਇਸ ਟੂਰਨਾਮੈਂਟ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਇਸ ਨਾਲ ਉੱਚ-ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਯੋਗਤਾ ਨੂੰ ਦਰਸਾਉਣ ਵਿੱਚ ਮਦਦ ਮਿਲੇਗੀ। ਚੋਪੜਾ ਇਸ ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਵਿੱਚ ਸ਼ਾਮਲ ਹੈ।

ਪੰਚਕੂਲਾ ਵਿੱਚ 24 ਮਈ ਤੋਂ ‘ਨੀਰਜ ਚੋਪੜਾ ਕਲਾਸਿਕ’ ਟੂਰਨਾਮੈਂਟ ਸ਼ੁਰੂ Read More »

ਸਰਬ ਨੌਜਵਾਨ ਸਭਾ ਵਲੋਂ ਸੰਚਾਲਿਤ ਵੋਕੇਸ਼ਨਲ ਸੈਂਟਰ ‘ਚ ਕਰਵਾਇਆ ਵਿੱਤੀ ਸਾਖਰਤਾ ਵਿਸ਼ੇ ‘ਤੇ ਸੈਮੀਨਾਰ

* ਮੁੱਖ ਬੁਲਾਰਿਆਂ ਵਜੋਂ ਪਹੁੰਚੀ ਮਿੱਤਲ ਸਕੂਲ ਆਫ ਬਿਜਨੇਸ ਦੀ ਟੀਮ ਫਗਵਾੜਾ 5 ਅਪ੍ਰੈਲ ( ਏ.ਡੀ.ਪੀ.ਨਿਊਜ਼) ਸਰਬ ਨੌਜਵਾਨ ਸਭਾ ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਸੰਚਾਲਿਤ ਵੋਕੇਸ਼ਨਲ ਸੈਂਟਰ ਵਿਖੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਮਿੱਤਲ ਸਕੂਲ ਆਫ ਬਿਜਨੇਸ ਵਲੋਂ ਵਿੱਤੀ ਸਾਖਰਤਾ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਪ੍ਰੋਫੈਸਰ ਰਵੀ ਅਤੇ ਅਨੂਪ ਮੋਹੰਤੀ ਵੱਲੋਂ ਬਚਤ ਦੀ ਜਰੂਰਤ ਅਤੇ ਵੱਖ ਵੱਖ ਵਿੱਤੀ ਧੋਖੇਧੜੀਆਂ ਤੋਂ ਬਚਾਅ ਬਾਰੇ ਜਾਗਰੁਕ ਕਰਦੇ ਹੋਏ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਮਹੱਤਵਪੂਰਣ ਜਾਣਕਾਰੀ ਦਿੱਤੀ ਗਈ। ਪ੍ਰੋਫੈਸਰ ਰਵੀ ਕੁਮਾਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੈਸਿੱਆਂ ਦੀ ਬੱਚਤ ਪੁੱਤਰਾਂ ਵਾਂਗ ਹੁੰਦੀ ਹੈ ਜੋ ਬੁਢਾਪੇ ਜਾਂ ਲਾਚਾਰੀ ਸਮੇਂ ਕੰਮ ਆਉਂਦੀ ਹੈ। ਇਸ ਮੌਕੇ ਲੈਕਚਰਾਰ ਹਰਜਿੰਦਰ ਗੋਗਨਾ, ਰਵਿੰਦਰ ਸਿੰਘ ਰਾਏ ਰਿਟਾ. ਬੈਂਕ ਮੈਨੇਜਰ, ਸਮਾਜ ਸੇਵਕ ਰਮਨ ਨਹਿਰਾ ਨੇ ਵਿੱਤੀ ਧੋਖਾਧੜੀ ਬਾਰੇ ਜਾਗਰੁਕ ਕਰਦਿਆਂ ਕਿਹਾ ਕਿ ਅੱਜਕਲ ਆਨਲਾਈਨ ਫਰਾਡ ਬਹੁਤ ਜਿਆਦਾ ਵੱਧ ਗਏ ਹਨ। ਜੇਕਰ ਕੋਈ ਵਿਅਕਤੀ ਆਪਣੇ ਬਚਤ ਖਾਤੇ ਦੀ ਆਨਲਾਈਨ ਵਰਤੋਂ ਕਰਦਾ ਹੈ ਤਾਂ ਉਸਨੂੰ ਬਹੁਤ ਸਚੇਤ ਰਹਿਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਵਿਦੇਸ਼ਾਂ ਤੋਂ ਰਿਸ਼ਤੇਦਾਰਾਂ ਦੀ ਆਵਾਜ ਵਿਚ ਫੋਨ, ਕਰੈਡਿਟ ਕਾਰਡ ਬਨਾਉਣ ਦਾ ਲਾਲਚ ਜਾਂ ਬੈਂਕ, ਪੁਲਿਸ, ਈ.ਡੀ. ਆਦਿ ਦੇ ਅਧਿਕਾਰੀ ਦੱਸਕੇ ਵੀ ਆਨਲਾਈਨ ਠੱਗਾਂ ਵਲੋਂ ਓ.ਟੀ.ਪੀ. ਸਾਂਝਾ ਕਰਨ ਲਈ ਕਹਿ ਕੇ ਤੇ ਡਿਜੀਟਲ ਅਰੈਸਟ ਆਦਿ ਦੇ ਰੂਪ ਵਿਚ ਠੱਗੀ ਦੇ ਜਾਲ ਵਿਚ ਫਸਾਉਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਲਈ ਅਜਿਹੇ ਠੱਗਾਂ ਦੀ ਸ਼ਿਕਾਇਤ ਤੁਰੰਤ ਪੁਲਿਸ ਨੂੰ ਕਰਨੀ ਚਾਹੀਦੀ ਹੈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਸ ਜਾਗਰੂਕਤਾ ਪ੍ਰੋਗਰਾਮ ਲਈ ਮਿੱਤਲ ਸਕੂਲ ਆਫ ਬਿਜਨੇਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਅਜਿਹੇ ਲਾਹੇਵੰਦ ਪ੍ਰੋਗਰਾਮਾਂ ਲਈ ਹਮੇਸ਼ਾ ਸਹਿਯੋਗ ਦਾ ਭਰੋਸਾ ਦਿੱਤਾ। ਸਭਾ ਵਲੋਂ ਮੁੱਖ ਬੁਲਾਰਿਆਂ ਅਤੇ ਉਹਨਾਂ ਦੇ ਨਾਲ ਪਹੁੰਚੇ ਮਿੱਤਲ ਸਕੂਲ ਆਫ ਬਿਜਨਸ ਨਾਲ ਜੁੜੇ ਵਿਦਿਆਰਥੀਆਂ ਯਸ਼ ਕਾਇਲ, ਸ੍ਰਿਸ਼ਟੀ, ਮਾਨਵ, ਸਾਹਿਲ ਅਤੇ ਟੋਕੋ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮੈਨੇਜਰ ਜਗਜੀਤ ਸੇਠ, ਪਰਮਜੀਤ ਰਾਏ, ਮੈਡਮ ਤਨੂੰ, ਮੈਡਮ ਗੁਰਜੀਤ ਕੌਰ , ਮੈਡਮ ਨਵਜੋਤ ਕੌਰ, ਮੈਡਮ ਆਸ਼ੂ ਬੱਗਾ, ਮੈਡਮ ਸਪਨਾ ਸ਼ਾਰਦਾ, ਗੁਰਸ਼ਰਨ ਬਾਸੀ ਤੋਂ ਇਲਾਵਾ ਸੈਂਟਰ ਦੀਆਂ ਵਿਦਿਆਰਥਣਾਂ ਸਿਮਰਨ, ਅਮਨਪ੍ਰੀਤ, ਕੋਮਲ, ਹਰਮਨ, ਕਿਰਨ, ਮਮਤਾ , ਹਰਮੀਨ , ਅੰਜਲੀ ਕੁਮਾਰੀ, ਪ੍ਰਿਯੰਕਾ, ਨੇਹਾ, ਗਗਨਦੀਪ ਸਨਜਨਾ, ਪਰਭਜੋਤ, ਖੁਸ਼ੀ , ਅੰਜਲੀ ਹੀਰ, ਸਵੀਟੀ, ਨੀਰਜ, ਸਨੇਹਾ, ਜਸਪ੍ਰੀਤ, ਪ੍ਰਿਆ, ਰੀਤਾ, ਨੇਹਾ, ਰਿਮਪਿ ਰਾਣੀ, ਸੁਰਜੀਤ, ਖੁਸ਼ੀ, ਰਜਨੀ, ਜਸਪ੍ਰੀਤ ਕੌਰ, ਸੀਮਾ, ਨਿਸ਼ਾ, ਜਯੋਤੀ, ਰਮਣ, ਕਮਲ, ਲਵਪ੍ਰੀਤ, ਅਨਜੁਨਾ, ਕੌਸ਼ਲਿਆ, ਰੋਸ਼ਨੀ, ਪਿੰਕੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਨੇਹਾ, ਪ੍ਰਿਆ, ਦਿਲਜੋਤ, ਅਮਨਦੀਪ, ਮਨਰਾਜ, ਕਮਲ, ਗੁਰਪ੍ਰੀਤ ਕੌਰ, ਰਮਨਦੀਪ, ਜਯੋਤੀ, ਰੇਨੁਕਾ, ਜੈਸਮੀਨ, ਲਵਲੀਨ, ਮੇਘਾ, ਬਲਜੀਤ, ਜੈਸਮੀਨ ਆਦਿ ਹਾਜ਼ਰ ਸਨ।

ਸਰਬ ਨੌਜਵਾਨ ਸਭਾ ਵਲੋਂ ਸੰਚਾਲਿਤ ਵੋਕੇਸ਼ਨਲ ਸੈਂਟਰ ‘ਚ ਕਰਵਾਇਆ ਵਿੱਤੀ ਸਾਖਰਤਾ ਵਿਸ਼ੇ ‘ਤੇ ਸੈਮੀਨਾਰ Read More »

ਸੁਪਰੀਮ ਕੋਰਟ ਨੇ ਤੇਲੰਗਾਨਾ ਰੁੱਖ ਕਟਾਈ ਮਾਮਲੇ ‘ਤੇ ਅਗਲੇ ਹੁਕਮਾਂ ਤਕ ਕਿਸੇ ਵੀ ਗਤੀਵਿਧੀ ’ਤੇ ਰੋਕ ਲਗਾਈ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਨਿਰਦੇਸ਼ ਦਿਤਾ ਕਿ ਤੇਲੰਗਾਨਾ ਸਰਕਾਰ ਨੂੰ ਹੈਦਰਾਬਾਦ ਯੂਨੀਵਰਸਿਟੀ ਦੇ ਨਾਲ ਲੱਗਦੀ ਜ਼ਮੀਨ ’ਤੇ ਰੁੱਖਾਂ ਦੀ ਸੰਭਾਲ ਤੋਂ ਇਲਾਵਾ ਕੋਈ ਹੋਰ ਗਤੀਵਿਧੀ ਨਹੀਂ ਕਰਨੀ ਚਾਹੀਦੀ। ਰਾਜ ’ਚ ਰੁੱਖਾਂ ਦੀ ਕਟਾਈ ਨੂੰ ‘ਬਹੁਤ ਗੰਭੀਰ ਮਾਮਲਾ’ ਕਰਾਰ ਦਿੰਦੇ ਹੋਏ, ਜਸਟਿਸ ਬੀ.ਆਰ. ਗਵਈ ਅਤੇ ਆਗਸਟੀਨ ਜਾਰਜ ਕ੍ਰਾਈਸਟ ਦੇ ਬੈਂਚ ਨੇ ਕਿਹਾ ਕਿ ਤੇਲੰਗਾਨਾ ਹਾਈ ਕੋਰਟ ਦੇ ਰਜਿਸਟਰਾਰ ਦੁਆਰਾ ਉਸ ਦੇ ਸਾਹਮਣੇ ਪੇਸ਼ ਕੀਤੀ ਗਈ ਅੰਤਰਿਮ ਰਿਪੋਰਟ ਇਕ ‘ਚਿੰਤਾਜਨਕ ਤਸਵੀਰ’ ਪੇਸ਼ ਕਰਦੀ ਹੈ। ਰਿਪੋਰਟ ਵਿਚ ਅਦਾਲਤ ਨੂੰ ਦਸਿਆ ਗਿਆ ਕਿ ਵੱਡੀ ਗਿਣਤੀ ਵਿਚ ਦਰੱਖਤ ਕੱਟੇ ਗਏ ਹਨ। ਬੈਂਚ ਨੇ ਤੇਲੰਗਾਨਾ ਦੇ ਮੁੱਖ ਸਕੱਤਰ ਨੂੰ ਪੁੱਛਿਆ ਕਿ ਸੂਬੇ ਲਈ ਵਿਕਾਸ ਗਤੀਵਿਧੀਆਂ, ਜਿਸ ’ਚ ਰੁੱਖਾਂ ਦੀ ਕਟਾਈ ਵੀ ਸ਼ਾਮਲ ਹੈ, ਕਰਨ ਦੀ ਕੀ ਤੁਰਤ ਮਜਬੂਰੀ ਸੀ। ਮੁੱਖ ਸਕੱਤਰ ਨੂੰ ਇਹ ਵੀ ਦੱਸਣ ਦਾ ਨਿਰਦੇਸ਼ ਦਿਤਾ ਗਿਆ ਕਿ ਕੀ ਰਾਜ ਨੇ ਅਜਿਹੀਆਂ ਗਤੀਵਿਧੀਆਂ ਲਈ ਵਾਤਾਵਰਣ ਪ੍ਰਭਾਵ ਮੁਲਾਂਕਣ ਸਰਟੀਫ਼ਿਕੇਟ ਪ੍ਰਾਪਤ ਕੀਤਾ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਤੈਅ ਕੀਤੀ। ਇਸ ਤੋਂ ਪਹਿਲਾਂ ਦਿਨ ਵਿਚ ਅਦਾਲਤ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਨਾਲ ਲੱਗਦੀ 400 ਏਕੜ ਜ਼ਮੀਨ ’ਤੇ ਦਰੱਖਤਾਂ ਦੀ ਕਟਾਈ ਦਾ ਨੋਟਿਸ ਲਿਆ ਅਤੇ ਤੇਲੰਗਾਨਾ ਹਾਈ ਕੋਰਟ ਦੇ ਰਜਿਸਟਰਾਰ (ਨਿਆਂਇਕ) ਨੂੰ ਤੁਰਤ ਕਾਂਚਾ ਗਾਚੀਬੋਵਲੀ ਜੰਗਲਾਤ ਖੇਤਰ ਦਾ ਦੌਰਾ ਕਰਨ ਦੇ ਨਿਰਦੇਸ਼ ਦਿਤੇ।

ਸੁਪਰੀਮ ਕੋਰਟ ਨੇ ਤੇਲੰਗਾਨਾ ਰੁੱਖ ਕਟਾਈ ਮਾਮਲੇ ‘ਤੇ ਅਗਲੇ ਹੁਕਮਾਂ ਤਕ ਕਿਸੇ ਵੀ ਗਤੀਵਿਧੀ ’ਤੇ ਰੋਕ ਲਗਾਈ Read More »

ਸੁਪਰੀਮ ਕੋਰਟ ਵੱਲੋਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਰੋਕਣ ਦੀ ਪਟੀਸ਼ਨ ਤੋਂ ਇਨਕਾਰ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਪਟੀਸ਼ਨ ਨੂੰ ਖਾਰਜ ਕਰ ਦਿਤਾ ਅਤੇ ਇਸ ਮੁੱਦੇ ਨੂੰ ਸੰਸਦ ਦਾ ਨੀਤੀਗਤ ਮਾਮਲਾ ਦਸਿਆ। ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਕਰਤਾ ਨੂੰ ਸਬੰਧਤ ਅਧਿਕਾਰੀਆਂ ਕੋਲ ਜਾਣ ਦੀ ਆਜ਼ਾਦੀ ਦਿਤੀ। ਜ਼ੈਪ ਫਾਊਂਡੇਸ਼ਨ ਵਲੋਂ ਦਾਇਰ ਪਟੀਸ਼ਨ ’ਚ ਅਨਿਯਮਿਤ ਸੋਸ਼ਲ ਮੀਡੀਆ ਪਹੁੰਚ ਅਤੇ ਪ੍ਰਸਤਾਵਿਤ ਉਮਰ ਤਸਦੀਕ ਪ੍ਰਣਾਲੀਆਂ, ਸਮੱਗਰੀ ਪਾਬੰਦੀਆਂ ਅਤੇ ਮਾਪਿਆਂ ਦੇ ਕੰਟਰੋਲ ਕਾਰਨ ਨਾਬਾਲਗਾਂ ਲਈ ਗੰਭੀਰ ਮਾਨਸਿਕ ਸਿਹਤ ਖਤਰੇ ਨੂੰ ਉਜਾਗਰ ਕੀਤਾ ਗਿਆ। ਇਸ ਵਿਚ ਬੱਚਿਆਂ ਵਿਚ ਵੱਧ ਰਹੇ ਉਦਾਸੀਨਤਾ ਅਤੇ ਚਿੰਤਾ ਦਾ ਹਵਾਲਾ ਦਿਤਾ ਗਿਆ ਹੈ, ਜਿਸ ਵਿਚ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਦੇ ਅਸਰਾਂ ਦਾ ਮੁਕਾਬਲਾ ਕਰਨ ਲਈ ਸੁਰੱਖਿਆ ਉਪਾਵਾਂ ਅਤੇ ਦੇਸ਼ ਵਿਆਪੀ ਡਿਜੀਟਲ ਸਾਖਰਤਾ ਮੁਹਿੰਮਾਂ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਗਿਆ ਹੈ।

ਸੁਪਰੀਮ ਕੋਰਟ ਵੱਲੋਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੋਂ ਰੋਕਣ ਦੀ ਪਟੀਸ਼ਨ ਤੋਂ ਇਨਕਾਰ Read More »