
ਨਵੀਂ ਦਿੱਲੀ: ਪੰਚਕੂਲਾ ਵਿੱਚ 24 ਮਈ ਤੋਂ ਜੈਵਲਿਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਨੀਰਜ ਚੋਪੜਾ ਸਮੇਤ ਦੁਨੀਆ ਦੇ ਕਈ ਹੋਰ ਜੈਵਲਿਨ ਥ੍ਰੋਅਰ ਹਿੱਸਾ ਲੈਣਗੇ। ਇਸ ਟੂਰਨਾਮੈਂਟ ਨੂੰ ‘ਨੀਰਜ ਚੋਪੜਾ ਕਲਾਸਿਕ’ ਦਾ ਨਾਮ ਦਿੱਤਾ ਗਿਆ ਹੈ। ਤਾਊ ਦੇਵੀ ਲਾਲ ਸਟੇਡੀਅਮ ’ਚ ਹੋਣ ਵਾਲੇ ਇਸ ਟੂਰਨਾਮੈਂਟ ਨੂੰ ਵਿਸ਼ਵ ਅਥਲੈਟਿਕਸ ਨੇ ‘ਏ’ ਸ਼੍ਰੇਣੀ ਦਾ ਦਰਜਾ ਦਿੱਤਾ ਹੈ, ਹਾਲਾਂਕਿ ਵਿਸ਼ਵ ਐਥਲੈਟਿਕਸ ਵੈੱਬਸਾਈਟ ’ਤੇ ਇਸ ਨੂੰ ਆਪਣੇ ਕਾਂਟੀਨੈਂਟਲ ਟੂਰ ਦੇ ਹਿੱਸੇ ਵਜੋਂ ਸੂਚੀਬੱਧ ਨਹੀਂ ਕੀਤਾ ਗਿਆ। ਇਸ ਸਬੰਧੀ ਕੈਲੰਡਰ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜਨਵਰੀ ’ਚ ਵਿਸ਼ਵ ਐਥਲੈਟਿਕਸ ਦੇ ਪ੍ਰਧਾਨ ਸੈਬਾਸਟੀਅਨ ਕੋ ਨੇ ਇਸ ਟੂਰਨਾਮੈਂਟ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਇਸ ਨਾਲ ਉੱਚ-ਪੱਧਰੀ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਯੋਗਤਾ ਨੂੰ ਦਰਸਾਉਣ ਵਿੱਚ ਮਦਦ ਮਿਲੇਗੀ। ਚੋਪੜਾ ਇਸ ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਵਿੱਚ ਸ਼ਾਮਲ ਹੈ।