ਪਹਿਲਾ ਅਮਰੀਕੀ ਫ਼ੌਜੀ ਜਹਾਜ਼ ਬੇਦਖ਼ਲ ਕੀਤੇ 104 ਭਾਰਤੀਆਂ ਨੂੰ ਲੈ ਕੇ ਜਦੋਂ ਪੰਜ ਫਰਵਰੀ ਨੂੰ ਅੰਮ੍ਰਿਤਸਰ ਉੱਤਰਿਆ ਸੀ ਉਦੋਂ ਤੋਂ ਹੀ ਭਾਰਤੀ ਮੀਡੀਆ ਵਿੱਚ ਬੇਦਖ਼ਲ ਕੀਤੇ ਗਏ ਲੋਕਾਂ ਨਾਲ ਹੋਏ ਅਮਾਨਵੀ ਸਲੂਕ ਅਤੇ ਇਸ ਮੁਤੱਲਕ ਭਾਰਤੀ ਅਹਿਲਕਾਰਾਂ ਦੇ ਰਵੱਈਏ ਬਾਰੇ ਬਹੁਤ ਸਾਰੀਆਂ ਟੀਕਾ-ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਬੇਦਖ਼ਲ ਕੀਤੇ ਵਿਅਕਤੀਆਂ ਵੱਲੋਂ ਅਪਣਾਏ ਡੰਕੀ ਰੂਟ, ਉਨ੍ਹਾਂ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਜ਼ਮੀਨਾਂ ਵੇਚਣ ਜਿਹੀਆਂ ਬੇਅੰਤ ਮੁਸ਼ੱਕਤਾਂ ਝੱਲਣ ਬਾਬਤ ਦਿਲ-ਕੰਬਾਊ ਕਹਾਣੀਆਂ ਪ੍ਰਕਾਸ਼ਿਤ ਹੋਈਆਂ ਹਨ ਅਤੇ ਨਾਲ ਹੀ ਉਨ੍ਹਾਂ ਦੇ ਸਮਾਜਿਕ ਆਰਥਿਕ ਹਾਲਾਤ ਅਤੇ ਪਰਵਾਸ ਦੇ ਕਾਰਨਾਂ ਨੂੰ ਵੀ ਉਭਾਰਿਆ ਗਿਆ ਹੈ। ਪਰਵਾਸੀ ਸਿੱਖ ਭਾਈਚਾਰੇ ਬਾਰੇ 25 ਸਾਲਾਂ ਤੋਂ ਅਧਿਐਨ ਦਾ ਕੰਮ ਕਰਦਿਆਂ ਮੈਂ ਦੇਖਿਆ ਕਿ ਇਹ ਕਹਾਣੀਆਂ ਭਾਵੇਂ ਦਿਲਚਸਪ ਲੱਗਦੀਆਂ ਹਨ ਪਰ ਇਨ੍ਹਾਂ ਵਿੱਚ ਇੱਕ ਅਹਿਮ ਨੁਕਤੇ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ; ਉਹ ਹੈ- ਪਰਵਾਸ ਆਪਣੇ ਆਪ ਵਿੱਚ ਕੋਈ ਗ਼ੈਰ-ਕਾਨੂੰਨੀ ਸਰਗਰਮੀ ਨਹੀਂ। ਜਿਨ੍ਹਾਂ ਦੇਸ਼ਾਂ ਵੱਲ ਪਰਵਾਸ ਸੇਧਿਤ ਸੀ, ਉਨ੍ਹਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਪਰਵਾਸ ਨੂੰ ਗ਼ੈਰ-ਕਾਨੂੰਨੀ ਸਰਗਰਮੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ ਇਹ ਕੰਮ 9/11 ਦੇ ਹਮਲੇ ਤੋਂ ਤੁਰੰਤ ਬਾਅਦ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਯੂਰੋਪ ਵਿੱਚ ਇਹ ਕੰਮ ਥੋੜ੍ਹਾ ਜਿਹਾ ਪਹਿਲਾਂ ਸ਼ੁਰੂ ਹੋ ਗਿਆ ਸੀ ਜਦੋਂ ਯੂਰੋਪੀਅਨ ਸੰਘ (ਈਯੂ) ਦੀਆਂ ਅੰਦਰੂਨੀ ਸਰਹੱਦਾਂ ਨੂੰ ਤੋਡਿ਼ਆ ਜਾ ਰਿਹਾ ਸੀ ਅਤੇ ਬਾਹਰੀ ਸਰਹੱਦਾਂ ਨੂੰ ਕਿਲੇਬੰਦ ਕੀਤਾ ਜਾ ਰਿਹਾ ਸੀ। ਦਰਅਸਲ, ਜ਼ਮੀਨੀ ਪੱਧਰ ’ਤੇ ਪਰਵਾਸ ਵਿਰੋਧੀ ਬਿਰਤਾਂਤ ਦੀ ਬੇਰੋਕ ਨਜ਼ਰ ਆ ਰਹੀ ਲਹਿਰ ਅਤੇ ਇਸ ਦੇ ਸਿੱਟੇ ਵਜੋਂ ਵਧ ਰਹੀਆਂ ਸਰਹੱਦੀ ਰੋਕਾਂ ਕਰ ਕੇ ਗ਼ੈਰ-ਕਾਨੂੰਨੀ, ਅਪਰਾਧ ਅਤੇ ਖ਼ਤਰੇ ਦੀ ਭਾਵਨਾ ਉਹ ਮੂਲ ਐਨਕ ਬਣ ਗਏ ਜਿਨ੍ਹਾਂ ਰਾਹੀਂ ਉਨ੍ਹਾਂ ਦੇਸ਼ਾਂ ਦੀ ਸਟੇਟ/ਰਿਆਸਤ ਵੱਲੋਂ ਗਲੋਬਲ ਸਾਊਥ ਤੋਂ ਆਉਣ ਵਾਲੇ ਪਰਵਾਸੀਆਂ ਨੂੰ ਵਾਚਿਆ ਜਾ ਰਿਹਾ ਹੈ। ਮੈਂ ਜੋ ਤਰਕ ਪੇਸ਼ ਕਰ ਰਹੀ ਹਾਂ ਕਿ ਸਾਨੂੰ ਵੱਖਰੀ ਐਨਕ ਧਾਰਨ ਕਰਨੀ ਚਾਹੀਦਾ ਹੈ; ਕੌਮਾਂਤਰੀ ਪਰਵਾਸ ਅਤੇ ਦੁਆਲੇ ਬੁਣੇ ਬਿਰਤਾਂਤ ਨੂੰ ਬਦਲਣ ਅਤੇ ਇਸ ਨੂੰ ਮਾਨਵੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਵਰਤਾਰੇ ਬਾਰੇ ਆਪਣੀ ਸ਼ਬਦਾਵਲੀ ਬਦਲਣ ਦੀ ਜ਼ਰੂਰਤ ਹੈ। ਬਹੁਤ ਸਾਰੇ ਵਿਦਵਾਨ ਅਤੇ ਕਾਰਕੁਨ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਥਾਂ ਅਣਅਧਿਕਾਰਤ/ਦਸਤਾਵੇਜ਼ਾਂ ਤੋਂ ਬਗ਼ੈਰ ਪਰਵਾਸੀ ਸ਼ਬਦ ਦਾ ਇਸਤੇਮਾਲ ਕਰਦੇ ਹਨ ਜੋ ਇਨ੍ਹਾਂ ਲੋਕਾਂ ਨੂੰ ਦਾਗ਼ੀ ਅਤੇ ਅਪਰਾਧੀ ਬਣਾ ਦਿੰਦੇ ਹਨ। ਬੇਦਖ਼ਲ ਲੋਕਾਂ ਦਾ ਚਾਲੀ ਘੰਟਿਆਂ ਤੋਂ ਵੱਧ ਦਾ ਸਫ਼ਰ ਉਨ੍ਹਾਂ ਲਈ ਮਾਨਵੀ ਅਤੇ ਗ਼ੈਰਤ ਦੀ ਭਾਵਨਾ ਤੋਂ ਬਿਲਕੁਲ ਹੀਣਾ ਸੀ ਜਿਸ ਦੌਰਾਨ ਉਨ੍ਹਾਂ ਦੀਆਂ ਅਪਰਾਧੀਆਂ ਵਾਂਗ ਪੱਗਾਂ ਉਤਰਵਾਈਆਂ ਗਈਆਂ ਅਤੇ ਹੱਥਕੜੀਆਂ ਤੇ ਬੇੜੀਆਂ ਪਹਿਨਾਈਆਂ ਗਈਆਂ; ਜਿਸ ਨੂੰ ਅਸੀਂ ਸਾਰਿਆਂ ਨੇ ਤੱਕਿਆ ਪਰ ਭਾਰਤ ਸਰਕਾਰ ਨੇ ਇਸ ਤੋਂ ਅੱਖਾਂ ਮੀਟ ਲਈਆਂ ਅਤੇ ਉਸ ਨੂੰ ਆਪਣੇ ਨਾਗਰਿਕਾਂ ਨਾਲ ਅਜਿਹੇ ਅਪਰਾਧਿਕ ਅਤੇ ਗ਼ੈਰ-ਮਾਨਵੀ ਵਿਹਾਰ ਵਿੱਚ ਕੁਝ ਵੀ ਗ਼ਲਤ ਨਹੀਂ ਮਹਿਸੂਸ ਨਹੀਂ ਹੋਇਆ। ਦੂਜੇ ਪਾਸੇ, ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਮੈਤਰੋ ਨੇ ਪਰਵਾਸੀਆਂ ਨੂੰ ਜਿਸ ਢੰਗ ਨਾਲ ਬੇਦਖ਼ਲ ਕੀਤਾ ਜਾ ਰਿਹਾ ਹੈ, ਉਸ ਉੱਪਰ ਸਖ਼ਤ ਰੱਦੇਅਮਲ ਜ਼ਾਹਿਰ ਕੀਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਬੇਦਖ਼ਲ ਕੀਤੇ ਜਾਣ ਵਾਲੇ ਲੋਕਾਂ ਨਾਲ ਸਨਮਾਨਜਨਕ ਢੰਗ ਨਾਲ ਪੇਸ਼ ਆਉਣਾ ਚਾਹੀਦਾ ਹੈ। ਸ਼ੁਰੂ ਵਿੱਚ ਤਾਂ ਉਨ੍ਹਾਂ ਡਿਪੋਰਟੀਆਂ ਨੂੰ ਲੈ ਕੇ ਆਈਆਂ ਦੋ ਅਮਰੀਕੀ ਉਡਾਣਾਂ ਨੂੰ ਆਪਣੇ ਦੇਸ਼ ਵਿੱਚ ਦਾਖ਼ਲ ਹੀ ਨਹੀਂ ਹੋਣ ਦਿੱਤਾ ਪਰ ਬਾਅਦ ਵਿੱਚ ਜਦੋਂ ਟਰੰਪ ਨੇ ਕੋਲੰਬੀਆ ਦੀਆਂ ਦਰਾਮਦਾਂ ਉੱਪਰ 50 ਫ਼ੀਸਦੀ ਟੈਕਸ ਲਾਉਣ ਦੀ ਧਮਕੀ ਦਿੱਤੀ ਤਾਂ ਉਨ੍ਹਾਂ ਨੂੰ ਪਿਛਾਂਹ ਹਟਣਾ ਪਿਆ। ਦਿੱਲੀ ਦੀ ਦੱਬੂ ਪ੍ਰਤੀਕਿਰਿਆ ਦੇ ਕਾਰਨਾਂ ਵਿੱਚ ਇੱਕ ਕਾਰਨ ਇਹ ਵੀ ਲੱਗਦਾ ਹੈ ਕਿ ਉਹ ਅਮਰੀਕੀ ਸਰਕਾਰ ਨੂੰ ਠੰਢਾ ਕਰਨਾ ਚਾਹੁੰਦੀ ਹੈ ਤੇ ਹੁਨਰਮੰਦ ਭਾਰਤੀ ਪਰਵਾਸੀਆਂ ਲਈ ਐਚ-1ਬੀ ਵੀਜ਼ੇ ਸੁਰੱਖਿਅਤ ਕਰਾਉਣਾ ਚਾਹੁੰਦੀ ਹੈ। ਹੁਨਰਮੰਦ (ਭਾਵ ਚੰਗੇ ਅਤੇ ਚਾਹੇ) ਅਤੇ ਗ਼ੈਰ-ਹੁਨਰਮੰਦ (ਭਾਵ ਮਾੜੇ ਅਤੇ ਅਣਚਾਹੇ) ਪਰਵਾਸੀਆਂ ਦੇ ਇਸ ਬਿਰਤਾਂਤ ਨੂੰ ਬਹੁਤ ਸਾਰੇ ਪੱਛਮੀ ਦੇਸ਼ਾਂ ਵਿੱਚ ਕਥਿਤ ਗ਼ੈਰ-ਹੁਨਰਮੰਦ ਪਰਵਾਸੀਆਂ ਦਾ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਮੂਲ ਮਨੁੱਖੀ ਹੱਕਾਂ ਤੋਂ ਵਿਰਵੇ ਰੱਖਣ ਲਈ ਵਰਤਿਆ ਜਾਂਦਾ ਹੈ। ਅਮਰੀਕੀ ਵਿਦਵਾਨ ਨਤਾਸ਼ਾ ਇਸਕੰਦਰ ਨੇ ਕਤਰ ਵਿੱਚ ਵਿਦੇਸ਼ੀ ਕਾਮਿਆਂ ਦੇ ਤਜਰਬੇ ਬਾਰੇ ਆਪਣੀ ਕਿਤਾਬ (ਡਜ਼ ਸਕਿਲ ਮੇਕ ਅੱਸ ਹਿਊਮਨ? ਕਤਰ ਐਂਡ ਬਿਯੌਂਡ, ਪ੍ਰਿੰਸਟਨ ਯੂਨੀਵਰਸਿਟੀ ਪ੍ਰੈਸ, 2021) ਵਿੱਚ ਤਰਕ ਪੇਸ਼ ਕੀਤਾ ਹੈ ਕਿ ਹੁਨਰ ਦੀ ਧਾਰਨਾ ਵਿਦੇਸ਼ੀ ਕਾਮਿਆਂ ਦੀ ਹੱਕਾਂ ਤੱਕ ਰਸਾਈ ਨੂੰ ਪਰਿਭਾਸ਼ਤ ਕਰਨ ਦਾ ਸਿਆਸੀ ਸੰਦ ਹੈ। ਇਨ੍ਹਾਂ ਬਾਹਰਲੇ ਮੁਲਕਾਂ ਦੇ ਸੱਜੇ ਪੱਖੀ ਸਿਆਸਤਦਾਨ ਭਾਵੇਂ ‘ਗ਼ੈਰ-ਕਾਨੂੰਨੀ’ ਪਰਵਾਸੀਆਂ ਨੂੰ ਨਿੰਦਣ ਦੇ ਚੁਣਾਵੀ ਫ਼ਾਇਦਿਆਂ ਦਾ ਲਾਹਾ ਖੱਟਦੇ ਹਨ ਪਰ ਇਨ੍ਹਾਂ ਦੇ ਅਰਥਚਾਰਿਆਂ- ਖ਼ਾਸ ਤੌਰ ’ਤੇ ਉਸਾਰੀ, ਸੇਵਾਵਾਂ ਤੇ ਦੇਖਭਾਲ ਖੇਤਰ ਨੂੰ, ਵਿਦੇਸ਼ੀ ਕਾਮਿਆਂ ਦੀ ਸਖ਼ਤ ਲੋੜ ਹਮੇਸ਼ਾ ਰਹਿੰਦੀ ਹੈ। ‘ਗ਼ੈਰ-ਕਾਨੂੰਨੀ ਪਰਵਾਸ’ ਕੋਈ ਕੁਦਰਤੀ ਸ਼੍ਰੇਣੀ ਨਹੀਂ ਹੈ। ਇਹ ਸਿਆਸੀ ਰਚਨਾ ਹੈ, ਸਾਧਨ ਜਿਹੜਾ ਕਿਸੇ ਮੰਤਵ ਨੂੰ ਪੂਰਦਾ ਹੈ: ਸਸਤੇ ਤੇ ਮਜਬੂਰ ਪਰਵਾਸੀ ਕਿਰਤ ਬਲ ਨੂੰ ਅਨੁਸ਼ਾਸਿਤ ਕਰ ਕੇ ਉਹ ਕਰਨ ਵੱਲ ਧੱਕਣਾ ਜਿਨ੍ਹਾਂ ਨੂੰ ਸਮਾਜ ਵਿਗਿਆਨੀ ‘ਤਿੰਨ ਡੀਜ਼- ਡਰਟੀ, ਡੇਂਜਰਸ, ਡੀਮੀਨਿੰਗ’ (ਗੰਦੇ, ਖ਼ਤਰਨਾਕ ਤੇ ਨੀਚ) ਕੰਮ ਕਹਿੰਦੇ ਹਨ ਜਿਹੜੇ ਸਥਾਨਕ ਆਬਾਦੀ ਨਹੀਂ ਕਰਦੀ। ਆਵਾਸੀਆਂ ਵਿਰੁੱਧ ਹੋ ਰਹੀ ਬਿਆਨਬਾਜ਼ੀ ਦੇ ਦੋਗ਼ਲੇਪਣ ਦੀ ਸ਼ਾਇਦ ਸਭ ਤੋਂ ਵਧੀਆ ਉਦਾਹਰਨ, ਕੋਈ ਹੋਰ ਨਹੀਂ, ਬਲਕਿ ਟਰੰਪ ਖ਼ੁਦ ਹੀ ਹੈ। ‘ਦਿ ਵਾਸ਼ਿੰਗਟਨ ਪੋਸਟ’ ਨੇ 2019 ਵਿੱਚ ਰਿਪੋਰਟ ਕੀਤਾ ਸੀ ਕਿ ਉਸ ਦੀ ਕੰਪਨੀ ‘ਟਰੰਪ ਆਰਗੇਨਾਈਜ਼ੇਸ਼ਨ’ ਨੇ ਕਰੀਬ ਦੋ ਦਹਾਕਿਆਂ ਤੱਕ ਕੰਪਨੀ ਦੀ ਮਾਲਕੀ ਵਾਲੀਆਂ ਕਈ ਸੰਪਤੀਆਂ ’ਤੇ ਗ਼ੈਰ-ਕਾਨੂੰਨੀ ਲਾਤੀਨੀ ਅਮਰੀਕੀ ਉਸਾਰੀ ਵਰਕਰ ਕੰਮ ’ਤੇ ਲਾਈ ਰੱਖੇ। ਬੁੱਝੋ ਕਿਉਂ? ਕਿਉਂਕਿ ਉਹ ਸਸਤੇ ਪੈਂਦੇ ਹਨ, ਮਿਹਨਤੀ ਵੀ ਹਨ ਤੇ ਡਿਪੋਰਟ ਹੋਣ ਤੋਂ ਐਨਾ ਡਰਦੇ ਹਨ ਕਿ ਲੱਕ ਤੋੜਨ ਵਾਲੇ ਜ਼ਲਾਲਤ ਭਰੇ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਇੱਥੇ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਉਂ ਗਲੋਬਲ ਸਾਊਥ (ਅਫਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕੀ ਮੁਲਕ) ਤੋਂ ‘ਗ਼ੈਰ-ਹੁਨਰਮੰਦ’ ਔਰਤਾਂ ਤੇ ਪੁਰਸ਼, ਖ਼ਤਰਨਾਕ ਤੇ ਮਹਿੰਗੇ ਸਫ਼ਰਾਂ ਦੇ ਬਾਵਜੂਦ ‘ਗਲੋਬਲ ਨੌਰਥ’ (ਅਮੀਰ ਤੇ ਤਾਕਤਵਰ ਦੇਸ਼) ਵੱਲ ਪਰਵਾਸ ਕਰਨਾ ਜਾਰੀ ਰੱਖ ਰਹੇ ਹਨ, ਜਿਹੜਾ ਸਫ਼ਰ ਉਨ੍ਹਾਂ ਨੂੰ ਇਨ੍ਹਾਂ ਤਾਕਤਵਰ ਦੇਸ਼ਾਂ ਦੀਆਂ ਸਖ਼ਤ ਆਵਾਸ ਨੀਤੀਆਂ ਕਰ ਕੇ ਕਰਨਾ ਪੈ ਰਿਹਾ ਹੈ। ਇਹ ਜ਼ਿੰਦਗੀ ਪਲਟਾਉਣ ਵਾਲਾ ਫ਼ੈਸਲਾ ਲੈਣ ਦੇ ਕਈ ਕਾਰਨ ਹਨ ਜੋ ਪਰਵਾਸ ਨੂੰ ਜ਼ਰੂਰਤ ਬਣਾ ਦਿੰਦੇ ਹਨ। ਕਿਸੇ ਨੂੰ ਇਸ ਪਾਸੇ ਧੱਕਣ ਲਈ ਕਈ ਕਾਰਕ ਜ਼ਿੰਮੇਵਾਰ ਹਨ (ਸਮਾਜਿਕ-ਆਰਥਿਕ ਜਾਂ ਮੂਲ ਦੇਸ਼ ਦੀਆਂ ਸਿਆਸੀ ਹਾਲਤਾਂ) ਤੇ ਇਸ ’ਚ ਕਈ ਉੱਧਰ ਨੂੰ ਖਿੱਚਣ ਵਾਲੇ ਕਾਰਕ ਵੀ ਸ਼ਾਮਿਲ ਹਨ (ਨਵਾਂ ਟਿਕਾਣਾ ਬਣਨ ਵਾਲੇ ਮੁਲਕ ’ਚ ਲੋਕਾਂ ਨੂੰ ਕੀ ਖਿੱਚ ਰਿਹਾ ਹੈ)। ਸਾਫ਼ ਸ਼ਬਦਾਂ ’ਚ ਆਖੀਏ ਤਾਂ ਪਰਵਾਸ ਵਿਰੋਧੀ ਬਿਆਨਬਾਜ਼ੀ ਦੇ ਬਾਵਜੂਦ ਇਸ ਦਾ ਵੱਡਾ ਕਾਰਨ ਹੈ ‘ਗਲੋਬਲ ਨੌਰਥ’ ਵਿੱਚ ਸਸਤੀ ਲੇਬਰ ਦੀ ਲਗਾਤਾਰ ਲੋੜ, ਆਰਥਿਕ ਤੇ ਗਿਣਤੀ ਦੇ ਪੱਖ ਤੋਂ। ਮੇਰੇ ਮੁਲਕ ਫਰਾਂਸ ਨੂੰ ਹੀ ਲੈ ਲਓ, ਸਾਡੇ ਬਜ਼ੁਰਗਾਂ ਦਾ ਖਿਆਲ ਕੌਣ ਰੱਖਦਾ ਹੈ, ਹੋਟਲਾਂ ਦੇ ਕਮਰੇ, ਕੂੜਾ ਕੌਣ ਸਾਫ਼ ਕਰਦਾ ਤੇ ਚੁੱਕਦਾ ਹੈ, ਪੁਲ਼, ਸਕੂਲ, ਮਕਾਨ ਕੌਣ ਬਣਾਉਂਦਾ ਹੈ, ਸਾਡੇ ਆਰਡਰ ਕੌਣ ਡਿਲਿਵਰ ਕਰਦਾ ਹੈ? ਬੇਸ਼ੱਕ, ਪਰਦੇਸੀ ਤੇ ਇਨ੍ਹਾਂ ਵਿੱਚੋਂ ਬਹੁਤਿਆਂ ਕੋਲ ਢੁੱਕਵੇਂ ਕਾਗਜ਼ਾਤ ਨਹੀਂ ਹਨ। ਉਹ ਨਾ ਤਾਂ ਸਮਾਜਿਕ ਲਾਭਾਂ ’ਤੇ ਰਹਿਣ ਆਉਂਦੇ ਹਨ ਤੇ ਨਾ ਹੀ ਫਰਾਂਸੀਸੀਆਂ ਦੀਆਂ ਨੌਕਰੀਆਂ ਚੋਰੀ ਕਰਨ,