
ਅੰਮ੍ਰਿਤਸਰ, 1 ਮਾਰਚ – ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ ਸਮੇਤ ਅੰਮ੍ਰਿਤਸਰ ਜ਼ਿਲ੍ਹੇ ਦੇ ਚੌਗਾਵਾਂ ਇਲਾਕੇ ਤੋਂ ਲੈ ਕੇ ਵੇਰਕਾ ਖੇਤਰ ਤੱਕ ਬੀਤੀ ਰਾਤ ਅਚਨਚੇਤੀ ਹੋਈ ਭਾਰੀ ਗੜੇਮਾਰੀ ਕਾਰਨ ਸੈਂਕੜੇ ਪਿੰਡਾਂ ਵਿੱਚ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਗੜੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ, ਸਰ੍ਹੋਂ ਅਤੇ ਹਰਾ ਚਾਰਾ ਨੁਕਸਾਨਿਆ ਗਿਆ ਹੈ। ਦੋ ਦਿਨ ਪਏ ਮੀਂਹ ਦੌਰਾਨ ਬੀਤੀ ਸ਼ਾਮ ਅਚਨਚੇਤੀ ਸੰਘਣੇ ਬੱਦਲ ਆਏ ਅਤੇ ਇਸ ਖੇਤਰ ਵਿੱਚ ਭਾਰੀ ਗੜੇਮਾਰੀ ਹੋਈ ਹੈ। ਗੜੇਮਾਰੀ ਕਾਰਨ ਸੜਕਾਂ, ਖੇਤਾਂ ਅਤੇ ਹੋਰ ਇਲਾਕੇ ਵਿੱਚ ਚਿੱਟੀ ਚਾਦਰ ਵਿੱਛ ਗਈ ਸੀ। ਅੱਜ ਸਵੇਰੇ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਪੁੱਜੇ ਤਾਂ ਦੇਖਿਆ ਕਿ ਕਣਕ, ਸਰ੍ਹੋਂ ਅਤੇ ਹਰੇ ਚਾਰੇ ਛਟਾਲੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ।
ਕਿਸਾਨ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸਰਹੱਦੀ ਖੇਤਰ ਚੌਗਾਵਾ ਤੋਂ ਲੈ ਕੇ ਰਾਜਾ ਸਾਂਸੀ ਅਤੇ ਵੇਰਕਾ ਇਲਾਕੇ ਦੀ ਬੈਲਟ ਵਿੱਚ ਭਾਰੀ ਗੜੇਮਾਰੀ ਨਾਲ ਫ਼ਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਸਵੇਰੇ ਪਿੰਡ ਬਲ ਸਚੰਦਰ ਗਏ ਸਨ, ਜਿੱਥੇ ਕਿਸਾਨਾਂ ਨੇ ਨੁਕਸਾਨੀ ਗਈ ਫ਼ਸਲ ਦਿਖਾਈ ਹੈ। ਉਨ੍ਹਾਂ ਕਿਹਾ ਕਿ ਭਾਰੀ ਗੜੇਮਾਰੀ ਦੇ ਕਾਰਨ ਪਛੇਤੀ ਬੀਜੀ ਹੋਈ ਕਣਕ ਦਾ 100 ਫੀਸਦ ਅਤੇ ਸਿੱਟਿਆਂ ’ਤੇ ਆਈ ਕਣਕ ਦਾ ਲਗਭਗ 90 ਫੀਸਦ ਤੋਂ ਵੱਧ ਨੁਕਸਾਨ ਹੋਇਆ ਹੈ। ਜਦੋਂ ਕਿ ਸਰ੍ਹੋਂ ਦੀ ਫ਼ਸਲ ਅਤੇ ਹਰੇ ਚਾਰੇ ਦੀ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਹੋਏ ਇਲਾਕੇ ਵਿੱਚ ਸਪੈਸ਼ਲ ਗਿਰਦਾਵਰੀ ਕਰਾਈ ਜਾਵੇ ਅਤੇ ਫ਼ਸਲ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣ।