March 1, 2025

ਯੁੱਧ ਨਸ਼ਿਆਂ ਵਿਰੁੱਧ ; ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ’ਚ 11 ਥਾਵਾਂ ’ਤੇ ਚਲਾਇਆ ਸਰਚ ਆਪ੍ਰੇਸ਼ਨ

– ਪੁਲਿਸ ਕਮਿਸ਼ਨਰ ਨੇ ਭਾਰਗੋ ਕੈਂਪ ਇਲਾਕੇ ’ਚ ਖੁਦ ਕੀਤੀ ਆਪ੍ਰੇਸ਼ਨ ਦੀ ਅਗਵਾਈ – ਨਸ਼ਿਆਂ ਦਾ ਸਫਾਇਆ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਈ – ਕਿਹਾ, ਆਉਣ ਵਾਲੇ ਦਿਨਾਂ ’ਚ ਜਾਰੀ ਰਹੇਗਾ ਨਸ਼ਿਆਂ ਵਿਰੁੱਧ ਯੁੱਧ ਜਲੰਧਰ, 1 ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਜੰਗ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਅੱਜ ਕਮਿਸ਼ਨਰੇਟ ਅਧੀਨ 11 ਥਾਵਾਂ ’ਤੇ ਵੱਡੇ ਪੱਧਰ ’ਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਜਿਨ੍ਹਾਂ ਸਥਾਨਕ ਭਾਰਗੋ ਕੈਂਪ ਵਿਖੇ ਖੁਦ ਇਸ ਆਪ੍ਰੇਸ਼ਨ ਦੀ ਅਗਵਾਈ ਕੀਤੀ, ਨੇ ਦੱਸਿਆ ਕਿ ਕਮਿਸ਼ਨਰੇਟ ਅਧੀਨ 11 ਵੱਖ-ਵੱਖ ਸੰਵੇਦਨਸ਼ੀਲ ਥਾਵਾਂ ’ਤੇ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕਰਕੇ ਏ.ਸੀ.ਪੀ. ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਇਹ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੌਰਾਨ ਸ਼ਹਿਰ ਦੀਆਂ ਅਜਿਹੀਆਂ ਥਾਵਾਂ, ਜਿਥੇ ਨਸ਼ੇ ਵਿਕਣ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ, ’ਤੇ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦਾ ਉਦੇਸ਼ ਸ਼ਹਿਰ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਾ ਹੈ, ਜਿਸ ਤਹਿਤ ਕਮਿਸ਼ਨਰੇਟ ਪੁਲਿਸ ਵੱਲੋਂ ਸਟ੍ਰੀਟ ਪੈਡਲਿੰਗ ਨੂੰ ਰੋਕ ਕੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਰਹੀ ਹੈ। ਨਸ਼ਿਆਂ ਦੀ ਲਾਹਣਤ ਦਾ ਸਫਾਇਆ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਨਸ਼ਿਆਂ ਦਾ ਸਫਾਇਆ ਕਰਨ ਦੇ ਨਾਲ-ਨਾਲ ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਨਸ਼ਿਆਂ ਦੇ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਅਭਿਆਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਅਤੇ ਨਸ਼ੇ ਵੇਚਣ ਵਾਲਿਆਂ ਨਾਲ ਕੋਈ ਰਿਆਇਤ ਨਾ ਵਰਤਦੇ ਹੋਏ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਆਮ ਲੋਕਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ, ਤਾਂ ਜੋ ਇਕਜੁੱਟਤਾ ਨਾਲ ਨਸ਼ੇ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਨਸ਼ੇ ਵੇਚਣ ਦੀ ਗਤੀਵਿਧੀ ਦੇਖਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਯੁੱਧ ਨਸ਼ਿਆਂ ਵਿਰੁੱਧ ; ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ’ਚ 11 ਥਾਵਾਂ ’ਤੇ ਚਲਾਇਆ ਸਰਚ ਆਪ੍ਰੇਸ਼ਨ Read More »

ਮਾਘੀ ਫੁੱਟਬਾਲ ਟੂਰਨਾਮੈਂਟ, ਪਲਾਹੀ ਵਿਖੇ ਆਰੰਭ, 16 ਟੀਮਾਂ ਭਾਗ ਲੈਣਗੀਆਂ

ਫਗਵਾੜਾ, 1 ਮਾਰਚ (ਏ.ਡੀ.ਪੀ. ਨਿਊਜ਼   ) ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਮਾਘੀ ਟੂਰਨਾਮੈਂਟ ਦਾ ਉਦਘਾਟਨ ਸੁਮਨ ਸਿੰਘ ਸੱਲ, ਰਜਿੰਦਰ ਸਿੰਘ ਬਸਰਾ ਅਤੇ ਦਰਬਾਰਾ ਸਿੰਘ ਸਾਬਕਾ ਸਰਪੰਚ ਪਲਾਹੀ ਵੱਲੋਂ ਕੀਤਾ ਗਿਆ। ਤਿੰਨ ਦਿਨਾਂ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਮਹੇੜੂ, ਪਲਾਹੀ, ਅਕਾਲਗੜ੍ਹ, ਹਦੀਆਬਾਦ, ਮਲਕਪੁਰ, ਖੁਰਮਪੁਰ, ਸੀਕਰੀ, ਬਾਘਾਣਾ, ਦਾਦੂਵਾਲ, ਭੁੱਲਾਰਾਈ, ਮਾਣਕਾ, ਸਲੇਮਪੁਰ, ਮੇਹਟੀਆਣਾ ਆਦਿ ਪਿੰਡਾਂ ਦੀਆਂ 16 ਟੀਮਾਂ ਹਿੱਸਾ ਲੈਣਗੀਆਂ ਅਤੇ ਟੂਰਨਾਮੈਂਟ ਦਾ ਫਾਈਨਲ ਮੈਚ ਤਿੰਨ ਮਾਰਚ ਨੂੰ ਸ਼ਾਮ 4 ਵਜੇ ਹੋਏਗਾ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਬਲਵਿੰਦਰ ਸਿੰਘ ਫੋਰਮੈਨ ਨੇ ਦੱਸਿਆ ਕਿ ਅੱਜ ਦੇ ਉਦਘਾਟਨੀ ਮੈਚ ਸਮੇਂ ਰਵੀਪਾਲ ਪ੍ਰਧਾਨ, ਰਵੀ ਸੱਗੂ ਮੀਤ ਪ੍ਰਧਾਨ, ਪੀਟਰ ਕੁਮਾਰ ਮੀਤ ਪ੍ਰਧਾਨ, ਸੁਰਜਨ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸੱਲ ਮੁੱਖ ਸਲਾਹਕਾਰ, ਗੁਰਮੁੱਖ ਸਿੰਘ ਡੋਲ, ਹਰਮੇਲ ਸਿੰਘ ਸੱਲ, ਗੁਰਚਰਨ ਸਿੰਘ ਪੰਚ, ਮਦਨ ਲਾਲ ਸਾਬਕਾ ਪੰਚ, ਕੁਲਵਿੰਦਰ ਸਿੰਘ ਸੱਲ, ਮੰਗਲ ਹੁਸੈਨ ਰਜਿੰਦਰ ਗੌਤਮ, ਸੋਮ ਪ੍ਰਕਾਸ਼ ਹਾਜ਼ਰ ਹੋਏ। ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਦੇ ਪ੍ਰਧਾਨ ਰਵੀ ਪਾਲ ਨੇ ਕਿਹਾ ਕਿ ਇਸ ਸਮੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਮੇਂ ਦੀ ਲੋੜ ਹੈ ਅਤੇ  ਪਿੰਡ ਪਲਾਹੀ ਵਿਖੇ ਬੱਚਿਆਂ ਲਈ ਬਣਾਈ ਫੁੱਟਬਾਲ ਅਕੈਡਮੀ ਕਈ ਦਹਾਕਿਆਂ ਤੋਂ ਚੱਲ ਰਹੀ ਹੈ ਅਤੇ ਇਸ ਵਿੱਚ 70 ਬੱਚਿਆਂ ਨੂੰ ਫੁੱਟਬਾਲ ਦੀ ਟਰੇਨਿੰਗ ਪ੍ਰਸਿੱਧ ਫੁੱਟਬਾਲ ਕੋਚ ਬਲਵਿੰਦਰ ਸਿੰਘ ਫੋਰਮੈਨ ਦੇ ਰਹੇ ਹਨ, ਜਿਸ ਵਾਸਤੇ ਨਗਰ ਪੰਚਾਇਤ ਅਤੇ ਐਨ.ਆਰ.ਆਈ. ਲੋਕਾਂ ਦਾ ਵਿਸ਼ੇਸ਼ ਸਹਿਯੋਗ ਰਹਿੰਦਾ ਹੈ।    

ਮਾਘੀ ਫੁੱਟਬਾਲ ਟੂਰਨਾਮੈਂਟ, ਪਲਾਹੀ ਵਿਖੇ ਆਰੰਭ, 16 ਟੀਮਾਂ ਭਾਗ ਲੈਣਗੀਆਂ Read More »

ਮੈਂ ਆਪਣੇ ਕੱਪੜੇ ਬੈਗ ‘ਚ ਪਾਏ ਹੋਏ ਨੇ, ਅਹੁਦੇ ਦੀ ਕੋਈ ਪ੍ਰਵਾਹ ਨਹੀਂ- ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ

ਅੰਮ੍ਰਿਤਸਰ, 1 ਮਾਰਚ – ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਦੋਂ ਮੀਡੀਆ ਵਲੋਂ ਸਵਾਲ ਕੀਤਾ ਗਿਆ ਕਿ ਤਹਾਨੂੰ ਵੀ ਜਥੇਦਾਰੀ ਦੇ ਅਹੁਦੇ ਤੋਂ ਹਟਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਉਹਨਾਂ ਨੇ ਅੱਗੋਂ ਤੰਜ ਕੱਸਦੇ ਹੋਏ ਕਿਹਾ ਕਿ ਮੇਰਾ ਬੈਗ ਪੈਕ ਹੈ, ਮੈਨੂੰ ਪਰਵਾਹ ਨਹੀਂ। ਇਸ ਦੇ ਨਾਲ ਹੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ‘ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਜੋ ਪੰਜ ਮੈਂਬਰ ਬਚੇ ਨੇ ਉਹ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਨ। ਪਰ ਉਹਨਾਂ ਨੇ ਜੋ ਇੱਕ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਹੈ ਕਿ ਅਕਾਲੀ ਦਲ ਸਹਿਯੋਗ ਨਹੀਂ ਕਰ ਰਿਹਾ, ਪਰ ਫਸੀਲ ਤੋਂ ਇਹ ਕਿਹਾ ਗਿਆ ਸੀ ਕਿ ਉਹ ਸੱਤ ਮੈਂਬਰ ਹੀ ਅਕਾਲੀ ਦਲ ਦੀ ਭਰਤੀ ਸ਼ੁਰੂ ਕਰੇਗੀ। ਦੱਸ ਦਈਏ ਕਿ ਕਿਰਪਾਲ ਸਿੰਘ ਬਡੂਗਰ ਅਤੇ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦੇ ਦਿੱਤਾ ਸੀ ਤਾਂ ਹੁਣ ਉਸ ਕਮੇਟੀ ਦੇ ਪੰਜ ਮੈਂਬਰ ਬਚੇ ਨੇ। ਜਿਨਾਂ ਨੂੰ ਹੁਕਮ ਜਾਰੀ ਹੋਏ ਨੇ ਕਿ ਉਹੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਨ।

ਮੈਂ ਆਪਣੇ ਕੱਪੜੇ ਬੈਗ ‘ਚ ਪਾਏ ਹੋਏ ਨੇ, ਅਹੁਦੇ ਦੀ ਕੋਈ ਪ੍ਰਵਾਹ ਨਹੀਂ- ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ Read More »

ਖਾਦ ਦਾ ਸੰਕਟ

ਕਈ ਸੂਬਿਆਂ, ਖ਼ਾਸ ਤੌਰ ’ਤੇ ਹਰਿਆਣਾ ਵਿੱਚ ਯੂਰੀਆ ਤੇ ਡਾਇ-ਅਮੋਨੀਅਮ ਫਾਸਫੇਟ (ਡੀਏਪੀ) ਦੀ ਖ਼ਪਤ ’ਚ ਤਿੱਖੇ ਵਾਧੇ ਨੇ ਖੇਤੀਬਾੜੀ ਮੰਤਰਾਲੇ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਇਸ ਵਾਰ ਹਾੜ੍ਹੀ ਰੁੱਤੇ ਹਰਿਆਣਾ ’ਚ ਯੂਰੀਆ ਦੀ ਵਰਤੋਂ 18 ਪ੍ਰਤੀਸ਼ਤ ਤੱਕ ਵਧ ਗਈ ਹੈ; ਕੁਝ ਜ਼ਿਲ੍ਹਿਆਂ ਵਿੱਚ ਡੀਏਪੀ ਦੀ ਖ਼ਪਤ ’ਚ 184 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ। ਇਹ ਰੁਝਾਨ ਕਿਸਾਨਾਂ ਵੱਲੋਂ ਡੀਏਪੀ ਦੇ ਹੱਦੋਂ ਵੱਧ ਇਸਤੇਮਾਲ ਅਤੇ ਸਬਸਿਡੀ ’ਤੇ ਆਈਆਂ ਇਨ੍ਹਾਂ ਖਾਦਾਂ ਨੂੰ ਵੱਡੇ ਪੱਧਰ ’ਤੇ ਕਿਤੇ ਹੋਰ ਵਰਤੇ ਜਾਣ, ਦੋਵਾਂ ਚੀਜ਼ਾਂ ਵੱਲ ਇਸ਼ਾਰਾ ਕਰ ਰਿਹਾ ਹੈ। ਪ੍ਰਸ਼ਾਸਕੀ ਤੰਤਰ ਨੂੰ ਸ਼ੱਕ ਹੈ ਕਿ ਛੋਟ ਪ੍ਰਾਪਤ ਨਿੰਮ ਦੀ ਪਰਤ ਵਾਲੇ ਯੂਰੀਆ ਨੂੰ ਪਲਾਈਵੁੱਡ, ਰਾਲ ਤੇ ਮਾਈਨਿੰਗ ਬਰੂਦ ਬਣਾਉਣ ਲਈ, ਸਬੰਧਿਤ ਸਨਅਤਾਂ ਵਿੱਚ ਵਰਤਿਆ ਜਾ ਰਿਹਾ ਹੈ, ਜਿੱਥੇ ਤਕਨੀਕੀ ਗਰੇਡ ਵਾਲਾ ਯੂਰੀਆ ਕਾਫ਼ੀ ਮਹਿੰਗਾ ਹੈ। ਰਿਪੋਰਟਾਂ ਇਸ਼ਾਰਾ ਕਰਦੀਆਂ ਹਨ ਕਿ ਮਾੜੇ ਤੱਤ ਕੀਮਤਾਂ ਦੇ ਇਸ ਫ਼ਰਕ ਦਾ ਫ਼ਾਇਦਾ ਚੁੱਕ ਕੇ ਸਾਲਾਨਾ ਕਰੀਬ 10 ਲੱਖ ਟਨ ਦਾ ਯੂਰੀਆ ਘੁਟਾਲਾ ਕਰ ਰਹੇ ਹਨ; ਸਿੱਟੇ ਵਜੋਂ 6000 ਕਰੋੜ ਰੁਪਏ ਦੀ ਸਬਸਿਡੀ ਰਿਸ ਰਹੀ ਹੈ। ਇਸ ਦੇ ਜਵਾਬ ’ਚ ਸਰਕਾਰ ਨੇ ਸੂਬਾਈ ਇਕਾਈਆਂ ਨਾਲ ਮਿਲ ਕੇ ਸਾਂਝੀ ਕਾਰਵਾਈ ਕਰਦਿਆਂ ਸਖ਼ਤ ਕਾਨੂੰਨੀ ਕਦਮ ਚੁੱਕੇ ਹਨ। ਇਸ ਤੋਂ ਇਲਾਵਾ ਖਾਦ ਵਿਭਾਗ ਸਪਲਾਈ ਲੜੀਆਂ ’ਤੇ ਨਿਗ੍ਹਾ ਰੱਖਣ ਤੇ ਸਬਸਿਡੀ ਲੀਕੇਜ ਰੋਕਣ ਲਈ ਵੱਖ-ਵੱਖ ਮੰਤਰਾਲਿਆਂ ਨਾਲ ਤਾਲਮੇਲ ਕਰ ਰਿਹਾ ਹੈ। ਖੇਤੀਬਾੜੀ ਪੱਧਰ ’ਤੇ ਹੱਦੋਂ ਵੱਧ ਖਾਦ ਦੀ ਵਰਤੋਂ ਉੱਭਰਦੀ ਸਮੱਸਿਆ ਬਣੀ ਹੋਈ ਹੈ। ਕਿਸਾਨ ਅਕਸਰ ਸਿਫ਼ਾਰਿਸ਼ ਕੀਤੀ ਮਾਤਰਾ ਤੋਂ ਅਣਜਾਣ, ਪੈਦਾਵਾਰ ਵਧਾਉਣ ਲਈ ਜ਼ਿਆਦਾ ਯੂਰੀਆ ਵਰਤਦੇ ਹਨ, ਖ਼ਾਸ ਤੌਰ ’ਤੇ ਨਵੀਆਂ ਉੱਚ ਨਾਈਟ੍ਰੋਜਨ ਵਾਲੀਆਂ ਕਣਕ ਦੀਆਂ ਕਿਸਮਾਂ ਲਈ ਅਜਿਹਾ ਹੁੰਦਾ ਹੈ। ਐੱਨਪੀਕੇ ਖਾਦਾਂ (ਸੋਡੀਅਮ, ਫਾਸਫੋਰਸ, ਪੋਟਾਸ਼ੀਅਮ) ਦੀ ਖ਼ਪਤ ਦੇ ਉਭਾਰ ਨੇ ਯੂਰੀਆ ’ਤੇ ਨਿਰਭਰਤਾ ਹੋਰ ਵਧਾ ਦਿੱਤੀ ਹੈ ਜਿਸ ਨਾਲ ਮਿੱਟੀ ਦਾ ਮਿਆਰ ਡਿੱਗਿਆ ਹੈ, ਕੀਟਾਂ ਦਾ ਖ਼ਤਰਾ ਵਧਿਆ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋਇਆ ਹੈ। ਖਾਦ ਦੀ ਅੰਨ੍ਹੇਵਾਹ ਵਰਤੋਂ ਨਾ ਸਿਰਫ਼ ਮਿੱਟੀ ਦੀ ਗੁਣਵੱਤਾ ਖ਼ਰਾਬ ਕਰਦੀ ਹੈ, ਲੰਮੇ ਸਮੇਂ ਲਈ ਖੇਤਾਂ ਦੀ ਉਤਪਾਦਕ ਸਮਰੱਥਾ ਨੂੰ ਵੀ ਸੱਟ ਮਾਰਦੀ ਹੈ। ਇਸ ਦੇ ਨਾਲ ਹੀ ਖਾਦਾਂ ਦੀ ਦਰਾਮਦ ’ਤੇ ਭਾਰਤ ਦੀ ਜ਼ਿਆਦਾ ਨਿਰਭਰਤਾ ਆਰਥਿਕ ਤਣਾਅ ਦਾ ਕਾਰਨ ਵੀ ਬਣਦੀ ਹੈ। ਮੁਲਕ ਸਾਲਾਨਾ ਕਰੀਬ 75 ਲੱਖ ਟਨ ਯੂਰੀਆ ਬਾਹਰੋਂ ਮੰਗਵਾਉਂਦਾ ਹੈ ਤੇ ਵਧ ਰਹੀਆਂ ਕੌਮਾਂਤਰੀ ਕੀਮਤਾਂ ਨੇ ਖਾਦ ਸਬਸਿਡੀਆਂ ਨੂੰ 1.75 ਖਰਬ ਰੁਪਏ ਤੋਂ ਵੀ ਪਾਰ ਪਹੁੰਚਾ ਦਿੱਤਾ ਹੈ। ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਖਾਦਾਂ ਦੀ ਵਧਦੀ ਮੰਗ ਅਰਥਚਾਰੇ ’ਤੇ ਬਹੁਤ ਦਬਾਅ ਬਣਾਏਗੀ। ਸਰਕਾਰ ਨੂੰ ਖਾਦਾਂ ’ਤੇ ਨਿਗਰਾਨੀ ਰੱਖਣ ਦਾ ਢਾਂਚਾ ਮਜ਼ਬੂਤ ਕਰਨਾ ਚਾਹੀਦਾ ਹੈ, ਇਨ੍ਹਾਂ ਨੂੰ ਕਿਤੇ ਹੋਰ ਵਰਤੇ ਜਾਣ ਦੀ ਸੂਰਤ ’ਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸੰਤੁਲਿਤ ਪੋਸ਼ਕ ਤੱਤਾਂ ਦੇ ਇਸਤੇਮਾਲ ਬਾਰੇ ਕਿਸਾਨਾਂ ਨੂੰ ਵੀ ਸਿੱਖਿਅਤ ਕਰਨਾ ਜ਼ਰੂਰੀ ਹੈ।

ਖਾਦ ਦਾ ਸੰਕਟ Read More »

57 ਮਜ਼ਦੂਰ ਤੋਦਿਆਂ ਹੇਠ ਦੱਬੇ, 32 ਬਚਾਏ

ਚਮੋਲੀ, 1 ਮਾਰਚ – ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਬਰਫ ਦੇ ਵੱਡੇ-ਵੱਡੇ ਤੋਦੇ ਖਿਸਕਣ ਕਾਰਨ ਸੜਕ ਨਿਰਮਾਣ ਵਿੱਚ ਲੱਗੇ ਸਰਹੱਦੀ ਸੜਕ ਸੰਗਠਨ (ਬਾਰਡਰ ਰੋਡ ਆਰਗੇਨਾਈਜ਼ੇਸ਼ਨ-ਬੀ ਆਰ ਓ) ਦੇ 57 ਮਜ਼ਦੂਰ ਦਬ ਗਏ। 32 ਮਜ਼ਦੂਰਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ ਅਤੇ ਬਾਕੀ 25 ਨੂੰ ਕੱਢਣ ਦੀਆਂ ਕੋੋਸ਼ਿਸ਼ਾਂ ਜਾਰੀ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮਜ਼ਦੂਰ ਬਦਰੀਨਾਥ ਲਾਗਲੇ ਪਿੰਡ ਮਾਣਾ ਦੇ ਸਰਹੱਦੀ ਖੇਤਰ ਵਿੱਚ ਕੰਮ ਕਰ ਰਹੇ ਸਨ। ਮਾਣਾ ਪਿੰਡ ਚੀਨ ਵਾਲੇ ਪਾਸੇ ਭਾਰਤ ਦਾ ਆਖਰੀ ਪਿੰਡ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਆਈ ਟੀ ਬੀ ਪੀ ਅਤੇ ਫੌਜ ਦੇ ਜਵਾਨ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਬੀ ਆਰ ਓ ਦੇ ਕਾਰਜਕਾਰੀ ਇੰਜੀਨੀਅਰ ਸੀ ਆਰ ਮੀਣਾ ਨੇ ਕਿਹਾ ਕਿ ਭਾਰੀ ਬਰਫਬਾਰੀ ਕਾਰਨ ਬਚਾਅਕਾਰੀ ਟੀਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਜ਼ਾਸਟਰ ਮੈਨੇਜਮੈਂਟ ਦੇ ਸੈਕਟਰੀ ਵਿਨੋਦ ਕੁਮਾਰ ਸੁਮਨ ਨੇ ਦੱਸਿਆ ਕਿ ਸਥਿਤੀ ਨਾਜ਼ੁਕ ਹੈ, ਕਿਉਕਿ ਉੱਥੇ 6-7 ਫੁੱਟ ਬਰਫ ਹੈ। 65 ਬੰਦਿਆਂ ਦੀ ਟੀਮ ਬਚਾਉਣ ਦੇ ਜਤਨ ਕਰ ਰਹੀ ਹੈ। ਤਿੰਨ-ਚਾਰ ਐਂਬੂਲੈਂਸਾਂ ਘੱਲੀਆਂ ਗਈਆਂ ਹਨ। ਮਾਣਾ ਦੱਰਾ ਬਦਰੀਨਾਥ ਧਾਮ ਦੇ 52 ਕਿੱਲੋਮੀਟਰ ਉੱਤਰ ਵਿੱਚ ਹੈ ਅਤੇ ਦੇਹਰਾਦੂਨ ਤੋਂ 310 ਕਿੱਲੋਮੀਟਰ ਦੂਰ ਹੈ। ਬਰਫਬਾਰੀ ਤੇ ਮੀਂਹ ਕਰਕੇ ਹਿਮਾਚਲ ਵਿੱਚ ਦੋ ਸੌ ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਤੇ ਬਿਜਲੀ-ਪਾਣੀ ਜਿਹੀਆਂ ਜ਼ਰੂਰੀ ਸੇਵਾਵਾਂ ਅਸਰਅੰਦਾਜ਼ ਹੋਈਆਂ ਹਨ। ਕੁੱਲੂ, ਲਾਹੌਰ ਤੇ ਸਪਿਤੀ, ਕਨੌਰ ਅਤੇ ਚੰਬਾ ਜ਼ਿਲ੍ਹਿਆਂ ਦੇ ਕਈ ਇਲਾਕੇ ਬਾਕੀ ਸੂਬੇ ਨਾਲੋਂ ਕੱਟੇ ਗਏ ਹਨ।

57 ਮਜ਼ਦੂਰ ਤੋਦਿਆਂ ਹੇਠ ਦੱਬੇ, 32 ਬਚਾਏ Read More »

ਬਿਹਾਰ ਦਾ ਵੋਟਰ ਸਰਵੇ

ਵੋਟਰ ਸਰਵੇ ਤੇ ਐਗਜ਼ਿਟ ਪੋਲ ਕਰਨ ਵਾਲਿਆਂ ’ਤੇ ਹੁਣ ਬਹੁਤਾ ਭਰੋਸਾ ਨਹੀਂ ਰਿਹਾ, ਪਰ ਫਿਰ ਵੀ ਇਨ੍ਹਾਂ ਵੱਲੋਂ ਕੱਢੇ ਸਿੱਟੇ ਸਿਆਸੀ ਬਹਿਸ ਕਰਨ ਵਿੱਚ ਦਿਲਚਸਪੀ ਲੈਣ ਵਾਲਿਆਂ ਲਈ ਕੁਝ ਕੁ ਦਿਨਾਂ ਦੀ ਖੁਰਾਕ ਜ਼ਰੂਰ ਮੁਹੱਈਆ ਕਰਾ ਦਿੰਦੇ ਹਨ। ਤਾਜ਼ਾ ਸਰਵੇ ਬਿਹਾਰ, ਜਿੱਥੇ ਸਾਲ ਦੇ ਅਖੀਰ ਵਿੱਚ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ, ਨੂੰ ਲੈ ਕੇ ਆਇਆ ਹੈ। ਸੀ-ਵੋਟਰ ਤੇ ਇੰਡੀਆ ਟੀ ਵੀ ਵੱਲੋਂ ਕੀਤੇ ਗਏ ਇਸ ਸਰਵੇ ਮੁਤਾਬਕ ਜੇ ਅੱਜ ਚੋਣਾਂ ਹੋ ਜਾਣ ਤਾਂ ਨਿਤਿਸ਼ ਕੁਮਾਰ ਲਈ ਸਰਕਾਰ ਬਚਾਉਣੀ ਮੁਸ਼ਕਲ ਹੋ ਜਾਵੇਗੀ। ਸਰਵੇ ਕਰਨ ਵਾਲਿਆਂ ਨੇ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚੋਂ ਸਿਰਫ 18 ਫੀਸਦੀ ਲੋਕ ਹੀ ਨਿਤਿਸ਼ ਕੁਮਾਰ ਨੂੰ ਮੁੜ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ, ਜਦਕਿ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੂੰ 41 ਫੀਸਦੀ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਨ੍ਹਾਂ ਤੋਂ ਬਾਅਦ 15 ਫੀਸਦੀ ਜਨ ਸਵਰਾਜ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ, 8 ਫੀਸਦੀ ਭਾਜਪਾ ਦੇ ਸਮਰਾਟ ਚੌਧਰੀ ਤੇ 4 ਫੀਸਦੀ ਲੋਕ ਜਨ-ਸ਼ਕਤੀ ਪਾਰਟੀ (ਰਾਮਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੂੰ ਮੁੱਖ ਮੰਤਰੀ ਬਣਨਾ ਦੇਖਣਾ ਚਾਹੁੰਦੇ ਹਨ। ਸਰਵੇ ਵਿੱਚ ਸ਼ਾਮਲ 50 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਮੌਜੂਦਾ ਸਰਕਾਰ ਤੋਂ ਨਾਰਾਜ਼ ਹਨ ਤੇ ਬਦਲਾਅ ਚਾਹੁੰਦੇ ਹਨ, 22 ਫੀਸਦੀ ਨਾਰਾਜ਼ ਹਨ, ਪਰ ਬਦਲਾਅ ਦੇ ਹੱਕ ਵਿੱਚ ਨਹੀਂ। ਦੂਜੇ ਪਾਸੇ 25 ਫੀਸਦੀ ਲੋਕ ਨਾ ਨਾਰਾਜ਼ ਹਨ ਤੇ ਨਾ ਹੀ ਬਦਲਾਅ ਚਾਹੁੰਦੇ ਹਨ। 58 ਫੀਸਦੀ ਲੋਕਾਂ ਨੇ ਕਿਹਾ ਕਿ ਨਿਤਿਸ਼ ਕੁਮਾਰ ’ਤੇ ਭਰੋਸਾ ਘਟਿਆ ਹੈ, 13 ਫੀਸਦੀ ਨੇ ਕਿਹਾ ਕਿ ਕੁਝ ਘਟਿਆ ਹੈ, ਜਦਕਿ 21 ਫੀਸਦੀ ਨੂੰ ਅਜਿਹਾ ਨਹੀਂ ਲੱਗਦਾ। ਸਰਵੇ ਵਿੱਚ ਜਿਹੜੀ ਅਹਿਮ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ 45 ਫੀਸਦੀ ਨੇ ਬੇਰੁਜ਼ਗਾਰੀ ਨੂੰ ਮੁੱਖ ਮੁੱਦਾ ਦੱਸਿਆ ਹੈ। ਇਸ ਦੇ ਬਾਅਦ 11 ਫੀਸਦੀ ਨੇ ਮਹਿੰਗਾਈ, 10 ਫੀਸਦੀ ਨੇ ਬਿਜਲੀ, ਪਾਣੀ ਤੇ ਸੜਕ ਅਤੇ 4-4 ਫੀਸਦੀ ਨੇ ਕਿਸਾਨਾਂ ਦੀ ਮਾੜੀ ਹਾਲਤ ਤੇ ਭਿ੍ਰਸ਼ਟਾਚਾਰ ਨੂੰ ਮੁੱਦਾ ਦੱਸਿਆ ਹੈ। ਤਾਜ਼ਾ ਸਰਵੇ ਤੋਂ ਪਹਿਲਾਂ ਸੀ-ਵੋਟਰ ਨੇ ਕੁਝ ਹਫਤੇ ਪਹਿਲਾਂ ਦਿੱਲੀ ਚੋਣਾਂ ਦੇ ਤੁਰੰਤ ਬਾਅਦ ਬਿਹਾਰ ਵਿੱਚ ਕੀਤੇ ਸਰਵੇ ’ਚ ਐੱਨ ਡੀ ਏ ਦੀ ਲਗਭਗ ਜਿੱਤ ਦਾ ਅਨੁਮਾਨ ਲਾਇਆ ਸੀ।

ਬਿਹਾਰ ਦਾ ਵੋਟਰ ਸਰਵੇ Read More »

ਪੰਜਾਬ ਮੰਡੀ ਬੋਰਡ ਵੱਲੋਂ 1920 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ

*ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਮੋਹਾਲੀ, 1 ਮਾਰਚ ( ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਅੱਜ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਮੰਡੀ ਬੋਰਡ ਨਾਲ ਸਬੰਧਤ ਵੱਖ-ਵੱਖ ਏਜੰਡਿਆਂ ਉੱਤੇ ਵਿਸਤਾਰ ਨਾਲ ਗੱਲਬਾਤ ਹੋਈ ਅਤੇ ਸਾਲ 2025-26 ਦਾ ਸਾਲਾਨਾ ਬਜ਼ਟ 1920 ਕਰੋੜ ਰੁਪਏ ਪਾਸ ਕੀਤਾ ਗਿਆ। ਮੀਟਿੰਗ ਵਿੱਚ ਰਾਮਵੀਰ, ਆਈ.ਏ.ਐਸ. ਸਕੱਤਰ ਪੰਜਾਬ ਮੰਡੀ ਬੋਰਡ, ਡਾ. ਸੁਖਪਾਲ ਸਿੰਘ ਚੇਅਰਮੈਨ ਫਾਰਮਰਜ਼ ਕਮਿਸ਼ਨ ਪੰਜਾਬ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ, ਬਲਕਾਰ ਭੋਖੜਾ, ਸੁਖਵਿੰਦਰ ਸਿੰਘ, ਸਤਨਾਮ ਕੌਰ ਉਪ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਸਮਿੰਦਰ ਸਿੰਘ ਉਪ ਸਕੱਤਰ, ਤਰਲੋਚਨ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ, ਬੇਅੰਤ ਸਿੰਘ ਸਹਾਇਕ ਮਾਰਕੀਟਿੰਗ ਅਫ਼ਸਰ ਖੇਤੀਬਾੜੀ ਵਿਭਾਗ ਪੰਜਾਬ, ਜਤਿੰਦਰਪਾਲ ਸਿੰਘ ਸੰਯੁਕਤ ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀਜ਼ ਪੰਜਾਬ, ਜਤਿੰਦਰ ਮੋਹਨ ਸਿੰਘ ਡਾਇਰੈਕਟਰ ਏਈਆਰਸੀ-ਕਮ-ਮੁੱਖੀ ਇਕਨਾਮਿਕਸ ਸਟੱਡੀਜ਼ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਮਨਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਅਬਾਦਕਾਰੀ ਵਿਭਾਗ ਪੰਜਾਬ, ਮੰਗਲ ਦਾਸ ਸੰਯੁਕਤ ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਮੌਜੂਦ ਰਹੇ। ਇਸ ਮੌਕੇ ਮੰਡੀ ਬੋਰਡ ਨਾਲ ਸਬੰਧਤ ਅਹਿਮ ਏਜੰਡਿਆਂ ਨੂੰ ਪਾਸ ਕਰਕੇ ਜਲਦ ਤੋਂ ਜਲਦ ਅਮਲ੍ਹੀ-ਜਾਮਾਂ ਪਹਿਨਾਉਣ ਦਾ ਫੈਸਲਾ ਲਿਆ ਗਿਆ ਅਤੇ ਪਿਛਲੀ ਬੋਰਡ ਆਫ਼ ਡਾਇਰੈਕਟਰਜ਼ ਦੀ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸਬੰਧੀ ਵਿਸਥਾਰ ਨਾਲ ਚਰਚਾ ਹੋਈ। ਪੰਜਾਬ ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸ. ਬਰਸਟ ਨੇ ਦੱਸਿਆ ਕਿ ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਜੰਗੀ ਪੱਧਰ ਤੇ ਅਮਲ੍ਹੀ ਜਾਮਾਂ ਪਹਿਨਾਇਆ ਜਾ ਰਿਹਾ ਹੈ। ਜਿਸਦੇ ਤਹਿਤ ਸੂਬੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਏ.ਟੀ.ਐਮਜ਼. ਅਤੇ ਯੂਨੀਪੋਲ ਲਗਾਏ ਜਾ ਰਹੇ ਹਨ। ਹਾਲ ਹੀ ਵਿੱਚ ਸਬਜੀ ਮੰਡੀ ਪਟਿਆਲਾ ਅਤੇ ਸਮਾਣਾ ਮੰਡੀ ਵਿਖੇ ਏ.ਟੀ.ਐਮਜ਼. ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੰਡੀਆਂ ਵਿੱਚ ਪੈਟਰੋਲ ਪੰਪ ਦੀਆਂ ਸਾਈਟਾਂ ਨੂੰ ਲੀਜ਼ ਤੇ ਦੇਣ ਦੀ ਯੋਜਨਾ ਤਹਿਤ ਕਾਰਜ ਕੀਤੇ ਜਾ ਰਹੇ ਹਨ ਅਤੇ ਸੂਬੇ ਦੀਆਂ ਮੰਡੀਆਂ ਵਿੱਚ ਸਫਾਈ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਹਨਾਂ ਕਾਰਜਾਂ ਦੀ ਸਮੂੰਹ ਮੈਂਬਰਾਂ ਵੱਲੋਂ ਸ਼ਲਾਘਾ ਕੀਤੀ ਗਈ।

ਪੰਜਾਬ ਮੰਡੀ ਬੋਰਡ ਵੱਲੋਂ 1920 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ Read More »