
ਵੋਟਰ ਸਰਵੇ ਤੇ ਐਗਜ਼ਿਟ ਪੋਲ ਕਰਨ ਵਾਲਿਆਂ ’ਤੇ ਹੁਣ ਬਹੁਤਾ ਭਰੋਸਾ ਨਹੀਂ ਰਿਹਾ, ਪਰ ਫਿਰ ਵੀ ਇਨ੍ਹਾਂ ਵੱਲੋਂ ਕੱਢੇ ਸਿੱਟੇ ਸਿਆਸੀ ਬਹਿਸ ਕਰਨ ਵਿੱਚ ਦਿਲਚਸਪੀ ਲੈਣ ਵਾਲਿਆਂ ਲਈ ਕੁਝ ਕੁ ਦਿਨਾਂ ਦੀ ਖੁਰਾਕ ਜ਼ਰੂਰ ਮੁਹੱਈਆ ਕਰਾ ਦਿੰਦੇ ਹਨ। ਤਾਜ਼ਾ ਸਰਵੇ ਬਿਹਾਰ, ਜਿੱਥੇ ਸਾਲ ਦੇ ਅਖੀਰ ਵਿੱਚ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ, ਨੂੰ ਲੈ ਕੇ ਆਇਆ ਹੈ। ਸੀ-ਵੋਟਰ ਤੇ ਇੰਡੀਆ ਟੀ ਵੀ ਵੱਲੋਂ ਕੀਤੇ ਗਏ ਇਸ ਸਰਵੇ ਮੁਤਾਬਕ ਜੇ ਅੱਜ ਚੋਣਾਂ ਹੋ ਜਾਣ ਤਾਂ ਨਿਤਿਸ਼ ਕੁਮਾਰ ਲਈ ਸਰਕਾਰ ਬਚਾਉਣੀ ਮੁਸ਼ਕਲ ਹੋ ਜਾਵੇਗੀ।
ਸਰਵੇ ਕਰਨ ਵਾਲਿਆਂ ਨੇ ਜਿਨ੍ਹਾਂ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਵਿੱਚੋਂ ਸਿਰਫ 18 ਫੀਸਦੀ ਲੋਕ ਹੀ ਨਿਤਿਸ਼ ਕੁਮਾਰ ਨੂੰ ਮੁੜ ਮੁੱਖ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ, ਜਦਕਿ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੂੰ 41 ਫੀਸਦੀ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਇਨ੍ਹਾਂ ਤੋਂ ਬਾਅਦ 15 ਫੀਸਦੀ ਜਨ ਸਵਰਾਜ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ, 8 ਫੀਸਦੀ ਭਾਜਪਾ ਦੇ ਸਮਰਾਟ ਚੌਧਰੀ ਤੇ 4 ਫੀਸਦੀ ਲੋਕ ਜਨ-ਸ਼ਕਤੀ ਪਾਰਟੀ (ਰਾਮਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੂੰ ਮੁੱਖ ਮੰਤਰੀ ਬਣਨਾ ਦੇਖਣਾ ਚਾਹੁੰਦੇ ਹਨ। ਸਰਵੇ ਵਿੱਚ ਸ਼ਾਮਲ 50 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਮੌਜੂਦਾ ਸਰਕਾਰ ਤੋਂ ਨਾਰਾਜ਼ ਹਨ ਤੇ ਬਦਲਾਅ ਚਾਹੁੰਦੇ ਹਨ, 22 ਫੀਸਦੀ ਨਾਰਾਜ਼ ਹਨ, ਪਰ ਬਦਲਾਅ ਦੇ ਹੱਕ ਵਿੱਚ ਨਹੀਂ।
ਦੂਜੇ ਪਾਸੇ 25 ਫੀਸਦੀ ਲੋਕ ਨਾ ਨਾਰਾਜ਼ ਹਨ ਤੇ ਨਾ ਹੀ ਬਦਲਾਅ ਚਾਹੁੰਦੇ ਹਨ। 58 ਫੀਸਦੀ ਲੋਕਾਂ ਨੇ ਕਿਹਾ ਕਿ ਨਿਤਿਸ਼ ਕੁਮਾਰ ’ਤੇ ਭਰੋਸਾ ਘਟਿਆ ਹੈ, 13 ਫੀਸਦੀ ਨੇ ਕਿਹਾ ਕਿ ਕੁਝ ਘਟਿਆ ਹੈ, ਜਦਕਿ 21 ਫੀਸਦੀ ਨੂੰ ਅਜਿਹਾ ਨਹੀਂ ਲੱਗਦਾ। ਸਰਵੇ ਵਿੱਚ ਜਿਹੜੀ ਅਹਿਮ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ 45 ਫੀਸਦੀ ਨੇ ਬੇਰੁਜ਼ਗਾਰੀ ਨੂੰ ਮੁੱਖ ਮੁੱਦਾ ਦੱਸਿਆ ਹੈ। ਇਸ ਦੇ ਬਾਅਦ 11 ਫੀਸਦੀ ਨੇ ਮਹਿੰਗਾਈ, 10 ਫੀਸਦੀ ਨੇ ਬਿਜਲੀ, ਪਾਣੀ ਤੇ ਸੜਕ ਅਤੇ 4-4 ਫੀਸਦੀ ਨੇ ਕਿਸਾਨਾਂ ਦੀ ਮਾੜੀ ਹਾਲਤ ਤੇ ਭਿ੍ਰਸ਼ਟਾਚਾਰ ਨੂੰ ਮੁੱਦਾ ਦੱਸਿਆ ਹੈ। ਤਾਜ਼ਾ ਸਰਵੇ ਤੋਂ ਪਹਿਲਾਂ ਸੀ-ਵੋਟਰ ਨੇ ਕੁਝ ਹਫਤੇ ਪਹਿਲਾਂ ਦਿੱਲੀ ਚੋਣਾਂ ਦੇ ਤੁਰੰਤ ਬਾਅਦ ਬਿਹਾਰ ਵਿੱਚ ਕੀਤੇ ਸਰਵੇ ’ਚ ਐੱਨ ਡੀ ਏ ਦੀ ਲਗਭਗ ਜਿੱਤ ਦਾ ਅਨੁਮਾਨ ਲਾਇਆ ਸੀ।