February 22, 2025

ਮਾਣ ਮੱਤਾ ਪੱਤਰਕਾਰ ਪੁਰਸਕਾਰ ਸਮਾਗਮ 23 ਫਰਵਰੀ ਨੂੰ ਫਗਵਾੜਾ ਵਿਖੇ

ਫਗਵਾੜਾ, 22 ਫਰਵਰੀ ( ਏ.ਡੀ.ਪੀ. ਨਿਊਜ਼ )  ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ  ਵੱਲੋਂ ਪੰਜਾਬ ਚੇਤਨਾ ਮੰਚ ਦੇ ਸਹਿਯੋਗ ਨਾਲ   ਫਗਵਾੜਾ ਵਿਖੇ ‘ਮਾਣ ਮੱਤਾ ਪੱਤਰਕਾਰ ਪੁਰਸਕਾਰ-2024’ ਸਮਾਗਮ 23 ਫਰਵਰੀ, ਦਿਨ ਐਤਵਾਰ, ਨੂੰ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪ੍ਰਸਿੱਧ ਅਰਥ-ਸ਼ਾਸਤਰੀ ਅਤੇ ਕਾਲਮਨਵੀਸ ਡਾ. ਰਣਜੀਤ ਸਿੰਘ ਘੁੰਮਣ  ਅਤੇ ਪ੍ਰਸਿੱਧ ਫੀਲਡ ਪੱਤਰਕਾਰ ਦੀਪਕ ਸ਼ਰਮਾ ਚਨਾਰਥ ਨੂੰ ਮਾਣ ਮੱਤਾ ਪੱਤਰਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ ਮਾਣ ਪੱਤਰ, ਮੰਮੰਟੋ, ਦੁਸ਼ਾਲਾ ਤੇ ਨਕਦ ਰਾਸ਼ੀ ਦਿੱਤੀ ਜਾਵੇਗੀ। ਇਹ ਸਮਾਗਮ ਪੰਜਾਬ ਚੇਤਨਾ ਮੰਚ ਦੇ ਸਹਿਯੋਗ ਨਾਲ ਹੋਏਗਾ ਅਤੇ ਡਾ.ਰਣਜੀਤ ਸਿੰਘ ਘੁੰਮਣ “ਪੰਜਾਬ ਦੀਆਂ ਚਣੌਤੀਆਂ ਅਤੇ ਸੰਭਾਵਨਾਵਾਂ” ਵਿਸ਼ੇ ‘ਤੇ ਇਸ ਸਮੇਂ ਵਿਚਾਰ ਪੇਸ਼ ਕਰਨਗੇ। ਇਸ ਸਮਾਗਮ ਵਿੱਚ ਪ੍ਰਸਿੱਧ ਕਹਾਣੀਕਾਰ ਸ. ਵਰਿਆਮ ਸਿੰਘ ਸੰਧੂ ਮੁੱਖ ਮਹਿਮਾਨ ਦੇ ਤੌਰ ‘ਤੇ  ਸ਼ਿਰਕਤ ਕਰਨਗੇ। ਸਮਾਗਮ ਵਿੱਚ ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ, ਪ੍ਰੋ. ਜਸਵੰਤ ਸਿੰਘ ਗੰਡਮ, ਰਵਿੰਦਰ ਚੋਟ, ਗਿਆਨ ਸਿੰਘ, ਐਡਵੋਕੇਟ ਐਸ.ਐਲ ਵਿਰਦੀ ਆਦਿ ਤੋਂ ਇਲਾਵਾ ਪੱਤਰਕਾਰ, ਲੇਖਕ, ਬੁੱਧੀਜੀਵੀ, ਪੰਜਾਬੀ ਪ੍ਰੇਮੀ ਸ਼ਿਰਕਤ ਕਰਨਗੇ। ਇਸ ਤੋਂ ਪਹਿਲਾਂ ਸਕੇਪ ਸਾਹਿਤਕ ਸੰਸਥਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਜਾਵੇਗਾ।    

ਮਾਣ ਮੱਤਾ ਪੱਤਰਕਾਰ ਪੁਰਸਕਾਰ ਸਮਾਗਮ 23 ਫਰਵਰੀ ਨੂੰ ਫਗਵਾੜਾ ਵਿਖੇ Read More »

ਬ੍ਰਾਜ਼ੀਲ ’ਚ ਜਹਾਜ਼ ਨਾਲ ਪੰਛੀ ਟਕਰਾਉਣ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ, ਜਾਨੀ ਨੁਕਸਾਨ ਤੋਂ ਬਚਾਅ

ਬ੍ਰਾਜ਼ੀਲ, 22 ਫਰਵਰੀ – ਬ੍ਰਾਜ਼ੀਲ ’ਚ ਇਕ ਜਹਾਜ਼ ਨੂੰ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਘਟਨਾ ਕਾਰਨ ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਵੀ ਯਾਤਰੀ ਜ਼ਖ਼ਮੀ ਨਹੀਂ ਹੋਇਆ। ਏਅਰਲਾਈਨਜ਼ ਨੇ ਘਟਨਾ ਤੋਂ ਬਾਅਦ ਅਗਲੇਰੀ ਕਾਰਵਾਈ ਬਾਰੇ ਚਰਚਾ ਕੀਤੀ ਹੈ। ਬ੍ਰਾਜ਼ੀਲ ਵਿਚ ਇੱਕ ਵੱਡਾ ਜਹਾਜ਼ ਹਾਦਸਾ ਟਲ ਗਿਆ ਹੈ। ਵੀਰਵਾਰ ਨੂੰ ਰੀਓ ਡੀ ਜਨੇਰੀਓ ਤੋਂ ਸਾਓ ਪਾਓਲੋ ਜਾ ਰਹੀ LATAM ਏਅਰਲਾਈਨਜ਼ ਦੀ ਏ321 ਉਡਾਣ ਨੂੰ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਟੱਕਰ ਕਾਰਨ ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ’ਚ ਜਹਾਜ਼ ਦਾ (ਅੱਗੇ ਦਾ ਹਿੱਸਾ) ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਨਜ਼ਰ ਆ ਰਿਹਾ ਹੈ। ਸਪੱਸ਼ਟ ਹੈ ਕਿ ਜਹਾਜ਼ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਇਹ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ। ਸਥਾਨਕ ਮੀਡੀਆ ਅਤੇ TMZ ਦੇ ਅਨੁਸਾਰ, ਇਹ LATAM ਏਅਰਲਾਈਨਜ਼ 1321 ਜਹਾਜ਼ ਰੀਓ ਡੀ ਜਨੇਰੀਓ ਦੇ ਗੈਲੀਓ ਹਵਾਈ ਅੱਡੇ ਤੋਂ ਸਾਓ ਪੌਲੋ ਲਈ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਵੀਰਵਾਰ ਸਵੇਰੇ ਇਕ ਪੰਛੀ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਜਹਾਜ਼ ਨੂੰ ਹੋਏ ਨੁਕਸਾਨ ਕਾਰਨ ਹਵਾਈ ਅੱਡੇ ’ਤੇ ਵਾਪਸ ਪਰਤਣਾ ਪਿਆ। ਜਹਾਜ਼ ’ਚ 200 ਯਾਤਰੀ ਸਵਾਰ ਸਨ। ਰਾਹਤ ਦੀ ਗੱਲ ਇਹ ਹੈ ਕਿ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਬਾਅਦ ਵਿਚ ਸਾਰੇ ਯਾਤਰੀਆਂ ਨੂੰ ਦੂਜੀਆਂ ਉਡਾਣਾਂ ਰਾਹੀਂ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜ ਦਿਤਾ ਗਿਆ। ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਨੇ ਕਿਸ ਪ੍ਰਜਾਤੀ ਦੇ ਪੰਛੀ ਨੂੰ ਟੱਕਰ ਮਾਰੀ ਸੀ।

ਬ੍ਰਾਜ਼ੀਲ ’ਚ ਜਹਾਜ਼ ਨਾਲ ਪੰਛੀ ਟਕਰਾਉਣ ਤੋਂ ਬਾਅਦ ਕੀਤੀ ਐਮਰਜੈਂਸੀ ਲੈਂਡਿੰਗ, ਜਾਨੀ ਨੁਕਸਾਨ ਤੋਂ ਬਚਾਅ Read More »

ਬੇਚਿਰਾਗ਼ ਪਿੰਡ ਅਤੇ ਭੂਮੀ ਸੁਧਾਰ ਦੇ ਮਸਲੇ/ਮੁਕੇਸ਼ ਮਲੌਦ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਲੰਮੇ ਸਮੇਂ ਤੋਂ ਪਿੰਡਾਂ ਅੰਦਰ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਘੱਟ ਰੇਟ ਉੱਪਰ ਪੱਕੇ ਤੌਰ ’ਤੇ ਵੰਡਾਉਣ, ਨਜ਼ੂਲ ਜ਼ਮੀਨਾਂ ਤੋਂ ਪੇਂਡੂ ਧਨਾਢਾਂ ਦੇ ਨਾਜਾਇਜ਼ ਕਬਜ਼ੇ ਹਟਾਉਣ ਤੇ ਮਾਲਕੀ ਹੱਕ ਦਿਵਾਉਣ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦਿਵਾਉਣ ਸਮੇਤ ਦਲਿਤਾਂ ਦੇ ਬੁਨਿਆਦੀ ਮਸਲਿਆਂ ਨੂੰ ਲੈ ਕੇ ਤਿੱਖਾ ਸੰਘਰਸ਼ ਲੜਿਆ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਦੀ ਐੱਸਸੀਐੱਲਓ ਕੋ-ਆਪਰੇਟਿਵ ਸੁਸਾਇਟੀ ਬਣਾ ਕੇ ਦਲਿਤਾਂ ਨੂੰ ਸਾਂਝੀ ਖੇਤੀ ਲਈ ਜ਼ਮੀਨ ਦਿੱਤੀ ਗਈ ਅਤੇ ਇਹ ਕਾਨੂੰਨ ਬਣਾਇਆ ਗਿਆ ਕਿ ਜ਼ਮੀਨ ਉੱਪਰ ਸਿਰਫ ਦਲਿਤ ਪਰਿਵਾਰ ਹੀ ਖੇਤੀ ਕਰ ਸਕਦਾ ਹੈ। ਉੱਚ ਜਾਤੀ ਦਾ ਕੋਈ ਵੀ ਸ਼ਖ਼ਸ ਨਾ ਇਸ ਉੱਪਰ ਖੇਤੀ ਕਰ ਸਕਦਾ ਹੈ, ਨਾ ਹੀ ਇਹ ਜ਼ਮੀਨ ਖਰੀਦ ਸਕਦਾ ਹੈ ਪਰ ਦਲਿਤਾਂ ਦੀਆਂ ਇਹ 70% ਜ਼ਮੀਨਾਂ ਉੱਚ ਜਾਤੀ ਪੇਂਡੂ ਧਨਾਢਾਂ ਦੇ ਕਬਜ਼ੇ ਹੇਠ ਹਨ। ਇਸੇ ਤਰ੍ਹਾਂ ਪੰਚਾਇਤੀ ਰਾਜ ਐਕਟ-1964 ਮੁਤਾਬਿਕ, ਪਿੰਡਾਂ ਦੀ ਠੇਕੇ ਉੱਪਰ ਦਿੱਤੀ ਜਾਣ ਵਾਲੀ (1,57,000 ਏਕੜ) ਵਾਹੀਯੋਗ ਜ਼ਮੀਨ ਵਿੱਚੋਂ ਤੀਜਾ ਹਿੱਸਾ ਐੱਸਸੀ ਭਾਈਚਾਰੇ ਲਈ ਰਾਖਵਾਂ ਹੈ। ਹੁਣ ਤੱਕ ਇਸ ਦੀ ਬੋਲੀ ਭਾਵੇਂ ਕਿਸੇ ਐੱਸਸੀ ਸ਼ਖ਼ਸ ਦੇ ਨਾਮ ਉੱਪਰ ਹੀ ਹੁੰਦੀ ਪਰ ਇਸ ਉੱਪਰ ਖੇਤੀ ਪੇਂਡੂ ਧਨਾਢਾਂ ਜਾਂ ਉਨ੍ਹਾਂ ਦੇ ਚਹੇਤੇ ਹੀ ਕਰਦੇ ਸਨ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਲੜੇ ਸੰਘਰਸ਼ ਤੋਂ ਬਾਅਦ ਅੱਜ ਜਿੱਥੇ ਦਲਿਤ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਪਰ ਕਾਬਜ਼ ਹੋਏ, ਉੱਥੇ ਨਜ਼ੂਲ ਜ਼ਮੀਨਾਂ ਉੱਪਰੋਂ ਪੇਂਡੂ ਧਨਾਢਾਂ ਦੇ ਨਾਜਾਇਜ਼ ਕਬਜ਼ੇ ਹਟਾ ਕੇ ਦਹਾਕਿਆਂ ਬਾਅਦ ਦਲਿਤਾਂ ਨੇ ਆਪਣਾ ਹਲ ਚਲਾਇਆ। ਹੁਣ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਵਿੱਢਿਆ ਜਾ ਰਿਹਾ ਹੈ। ਇਹ ਕਾਨੂੰਨ ਭਾਵੇਂ 1972 ਵਿੱਚ ਬਣਾਇਆ ਗਿਆ ਸੀ ਪਰ ਜ਼ਮੀਨੀ ਪੱਧਰ ਉੱਪਰ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਸਰਕਾਰ ਦੀ ਯੋਜਨਾ ਕਮਿਸ਼ਨ-2008 ਦੀ ਰਿਪੋਰਟ ਮੁਤਾਬਿਕ, ਜੇ ਇਸ ਕਾਨੂੰਨ ਨੂੰ ਜ਼ਮੀਨੀ ਪੱਧਰ ਉੱਪਰ ਲਾਗੂ ਕੀਤਾ ਜਾਂਦਾ ਹੈ ਤਾਂ ਇੱਕ ਪਰਿਵਾਰ ਦੇ ਹਿੱਸੇ ਲਗਭਗ ਤਿੰਨ ਏਕੜ ਤੋਂ ਵੱਧ ਜ਼ਮੀਨ ਆ ਸਕਦੀ ਹੈ। ਪੰਚਾਇਤੀ ਅਤੇ ਨਜ਼ੂਲ ਜ਼ਮੀਨ ਤੋਂ ਅਗਲੀ ਲੜਾਈ ਜ਼ਮੀਨ ਹੱਦਬੰਦੀ ਤੋਂ ਉੱਪਰਲੀ ਜ਼ਮੀਨ ਦਲਿਤਾਂ, ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡਾਉਣ ਦੀ ਹੈ ਜਿਸ ਦਾ ਆਗਾਜ਼ ਬੇਚਿਰਾਗ਼ ਪਿੰਡ ਦੀ 927 ਏਕੜ ਜ਼ਮੀਨ ਵਿੱਚ 28 ਫਰਵਰੀ ਨੂੰ ਦੀਵਾ ਲਗਾ ਕੇ ਉਨ੍ਹਾਂ ਜ਼ਮੀਨਾਂ ਉੱਪਰ ਆਪਣਾ ਹੱਕ ਜਤਾਉਣ ਨਾਲ ਕੀਤਾ ਜਾਵੇਗਾ। ਮਾਲ ਵਿਭਾਗ ਦੇ ਰਿਕਾਰਡ ਵਿੱਚ ਉਨ੍ਹਾਂ ਪਿੰਡਾਂ ਨੂੰ ਬੇਚਿਰਾਗ਼ ਪਿੰਡ ਕਿਹਾ ਜਾਂਦਾ ਹੈ ਜਿੱਥੇ ਕੋਈ ਵਸੋਂ ਨਹੀਂ ਹੁੰਦੀ। ਸੰਗਰੂਰ ਤੋਂ ਈਲਵਾਲ ਜਾਣ ਵਾਲੀ ਸੜਕ ਉੱਪਰ ਬੀੜ ਐਸ਼ਵਾਨ ਪਿੰਡ ਸਥਿਤ ਹੈ ਜਿੱਥੇ ਜੀਂਦ ਰਿਆਸਤ ਦੇ ਰਾਜਾ ਸਤਬੀਰ ਸਿੰਘ ਦੀ 927 ਏਕੜ ਜ਼ਮੀਨ ਹੈ। ਮਹਾਰਾਜਾ ਸਤਬੀਰ ਸਿੰਘ ਜੀਂਦ ਰਿਆਸਤ ਦੇ ਨੌਵੇਂ ਮਹਾਰਾਜ ਅਤੇ ਇਸ ਜ਼ਮੀਨ ਦੇ ਆਖਿ਼ਰੀ ਵਾਰਿਸ ਸਨ ਜੋ ਹੁਣ ਇਸ ਦੁਨੀਆ ਵਿੱਚ ਨਹੀਂ। ਇਸ ਜ਼ਮੀਨ ਦਾ ਵੱਡਾ ਹਿੱਸਾ ਸੈਂਕਚੁਰੀ ਦੇ ਨਾਮ ਹੇਠ ਅਵਾਰਾ ਪਸ਼ੂਆਂ ਅਤੇ ਜਾਨਵਰਾਂ ਲਈ ਰੱਖਿਆ ਹੋਇਆ ਹੈ। ਥੋੜ੍ਹਾ ਹਿੱਸਾ ਮਹਿਕਮਾ ਡਰੇਨ ਅਤੇ ਕੁਝ ਹਿੱਸਾ ਇੰਡੀਅਨ ਆਇਲ ਦੀ ਰਿਫਾਈਨਰੀ ਕੋਲ ਹੈ। ਇੱਕ ਹਿੱਸਾ ਸਰਕਾਰਾਂ ਵਿੱਚ ਅਸਰ ਰਸੂਖ ਰੱਖਣ ਵਾਲੇ ਵੱਡੇ ਭੂਮੀਪਤੀਆਂ ਵੱਲੋਂ ਲੀਜ਼ ’ਤੇ ਦਿੱਤਾ ਜਾਂਦਾ ਹੈ। ਇਸ ਤੋਂ ਬਿਨਾਂ ਇਸ ਦੇ ਨੇੜੇ ਪਿੰਡ ਬਲਵਾੜ, ਫਤਿਹਗੜ੍ਹ ਛੰਨਾ, ਨਾਈਵਾਲਾ, ਦੇਹ ਕਲਾਂ ਅਤੇ ਸਾਰੋਂ ਵਾਲੇ ਸਰਦਾਰਾਂ ਤੋਂ ਬਿਨਾਂ ਖੇੜੀ ਈਲਵਾਲ ਵਿੱਚ ਇੱਕ ਵੱਡੇ ਪੁਲੀਸ ਅਧਿਕਾਰੀ ਦੀ ਸੈਂਕੜੇ ਏਕੜ ਜ਼ਮੀਨ ਹੈ। ਇਹ ਸਾਰੀਆਂ ਉਹ ਜ਼ਮੀਨਾਂ ਹਨ ਜੋ ਜ਼ਮੀਨ ਹੱਦਬੰਦੀ ਕਾਨੂੰਨ-1972 ਮੁਤਾਬਿਕ ਦਲਿਤਾਂ, ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਵਿੱਚ ਵੰਡੀਆਂ ਜਾਣੀਆਂ ਸਨ ਪਰ ਇਨ੍ਹਾਂ ਜ਼ਮੀਨਾਂ ਦੀ ਵੰਡ ਸਿਰਫ ਸਰਕਾਰੀ ਕਾਗਜ਼ਾਂ ਵਿੱਚ ਹੀ ਹੋਈ, ਜ਼ਮੀਨੀ ਪੱਧਰ ਉੱਪਰ ਇਸ ਦੀ ਵੰਡ ਦਾ ਸਵਾਲ ਅਜੇ ਵੀ ਖੜ੍ਹਾ ਹੈ। ਸਾਡੇ ਦੇਸ਼ ਅੰਦਰ ਪੈਦਾਵਾਰ ਦੇ ਦੋ ਮੁੱਖ ਸਾਧਨ ਹਨ; ਇੱਕ ਜ਼ਮੀਨ ਅਤੇ ਦੂਜਾ ਸਨਅਤ। ਪੰਜਾਬ ਸਨਅਤ ਪੱਖੋਂ ਕਾਫੀ ਪਛੜਿਆ ਹੋਇਆ ਹੈ ਅਤੇ ਇੱਥੇ ਪੈਦਾਵਾਰ ਦਾ ਮੁੱਖ ਸਾਧਨ ਜ਼ਮੀਨ ਹੈ। ਅੱਜ ਵੀ ਜਦੋਂ ਚੁਫੇਰੇ ਨਿਗ੍ਹਾ ਮਾਰਦੇ ਹਾਂ ਤਾਂ ਦੋ ਤਰ੍ਹਾਂ ਦੇ ਲੋਕ ਨਜ਼ਰ ਆਉਂਦੇ ਹਨ: ਇੱਕ ਉਹ ਜਿਨ੍ਹਾਂ ਕੋਲ ਅੱਜ ਵੀ ਸੈਂਕੜੇ ਏਕੜ ਜ਼ਮੀਨ ਹੈ; ਦੂਜੇ ਉਹ ਜਿਨ੍ਹਾਂ ਕੋਲ ਡੰਗਰ ਪਸ਼ੂ ਬੰਨ੍ਹਣ ਲਈ ਦੋ ਮਰਲੇ ਥਾਂ ਵੀ ਨਹੀਂ। ਪੰਜਾਬ ਅੰਦਰ ਦਲਿਤ ਸਮਾਜ ਦੇ ਲੋਕਾਂ ਦੀ ਆਬਾਦੀ ਭਾਵੇਂ 34% ਤੋਂ ਵਧੇਰੇ ਹੈ ਪਰ ਜ਼ਮੀਨ ਦਾ ਟੁਕੜਾ ਨਾਂਹ ਦੇ ਬਰਾਬਰ ਹੈ। ਦਲਿਤਾਂ ਦੀ ਵੱਡੀ ਆਬਾਦੀ ਪਿੰਡਾਂ ਦੀ ਲਾਲ ਲਕੀਰ ਅੰਦਰ ਵਸੀ ਹੋਈ ਹੈ ਜਿੱਥੇ ਉਨ੍ਹਾਂ ਘਰਾਂ ਦੀ ਮਾਲਕੀ ਵੀ ਉਨ੍ਹਾਂ ਦੇ ਨਾਮ ਨਹੀਂ। ਉਨ੍ਹਾਂ ਘਰਾਂ ਦੀ ਹਾਲਤ ਵੀ ਖੁੱਡਿਆਂ ਵਰਗੀ ਹੈ; ਮੁੰਡੇ ਦੇ ਵਿਆਹ ਤੋਂ ਬਾਅਦ ਇਹ ਫਿ਼ਕਰ ਹੋ ਜਾਂਦਾ ਹੈ ਕਿ ਉਸ ਲਈ ਵੱਖਰਾ ਕਮਰਾ ਪਾ ਕੇ ਰਹਿਣ ਦਾ ਪ੍ਰਬੰਧ ਕਿੱਥੇ ਕਰਨ। ਕਈ ਘਰਾਂ ਵਿੱਚ ਚੁੱਲ੍ਹੇ ਨੇੜੇ ਹੀ ਡੰਗਰ ਬੰਨ੍ਹੇ ਹੁੰਦੇ ਹਨ। ਪੰਜਾਬ ਅੰਦਰ ਜਦੋਂ ਵੀ ਚੋਣਾਂ ਦਾ ਮਾਹੌਲ ਭਖਦਾ ਹੈ, ਦਲਿਤਾਂ ਨੂੰ ਪੰਜ ਮਰਲੇ ਪਲਾਟ ਦੇਣ ਦਾ ਲਾਰਾ ਹਰ ਪਾਰਟੀ ਲਾਉਂਦੀ ਹੈ ਪਰ ਪਾਰਟੀਆਂ ਦੇ ਵਾਅਦੇ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦੇ ਹਨ। ਜ਼ਮੀਨ ਵਿਹੂਣੇ ਅਤੇ ਦੇਸ਼ ਦੀ ਜਾਇਦਾਦ ਵਿੱਚ ਕਿਸੇ ਵੀ ਥਾਂ ਮਾਲਕੀ ਨਾ ਹੋਣ ਕਾਰਨ ਨਾ ਤਾਂ ਕੋਈ ਬੈਂਕ ਅਤੇ ਨਾ ਹੀ ਕੋਈ ਸਹਿਕਾਰੀ ਸਭਾ ਉਨ੍ਹਾਂ ਨੂੰ ਕਰਜ਼ਾ ਦੇਣ ਨੂੰ ਤਿਆਰ ਹੁੰਦੀ ਹੈ; ਨਾ ਹੀ ਕਿਸੇ ਮਾਮਲੇ ਵਿੱਚ ਜ਼ਮਾਨਤ ਦੇਣ ਲਈ ਉਨ੍ਹਾਂ ਕੋਲ ਕੋਈ ਕਾਗਜ਼ ਹੁੰਦੇ ਹਨ। ਕਰਜ਼ੇ ਅਤੇ ਜ਼ਮਾਨਤ ਲਈ ਦਲਿਤਾਂ ਨੂੰ ਪੇਂਡੂ ਧਨਾਢਾਂ ਦੀ ਸ਼ਰਨ ਵਿੱਚ ਜਾਣਾ ਪੈਂਦਾ ਹੈ। ਇਨ੍ਹਾਂ ਧਨਾਢਾਂ ਤੋਂ ਲਏ ਕਰਜ਼ੇ ਦੇ ਬਦਲੇ ਬਹੁਤ ਸਾਰੇ ਪਿੰਡਾਂ ਵਿੱਚ ਕਰਜ਼ਈ ਔਰਤਾਂ ਸਿਰਫ ਵਿਆਜ ਦੀ ਰਕਮ ਵਿੱਚ ਹੀ ਉਨ੍ਹਾਂ ਘਰਾਂ ਦਾ ਗੋਹਾ-ਕੂੜਾ ਸਾਰੀ ਉਮਰ ਕਰਦੀਆਂ ਹਨ। ਇਸ ਤੋਂ ਬਿਨਾਂ ਵੱਡਾ ਹਿੱਸਾ ਔਰਤਾਂ ਮਾਈਕ੍ਰੋ-ਫਾਈਨਾਂਸ ਕੰਪਨੀਆਂ ਦੇ ਜਾਲ ਵਿੱਚ ਫਸੀਆਂ ਹੋਈਆਂ ਹਨ ਜਿਨ੍ਹਾਂ ਨੂੰ ਇੱਕ ਕਰਜ਼ਾ ਚੁਕਾਉਣ ਲਈ ਦੂਜੀ ਕੰਪਨੀ, ਦੂਜੀ ਦਾ ਕਰਜ਼ਾ ਚੁਕਾਉਣ ਲਈ ਤੀਜੀ ਕੰਪਨੀ ਤੋਂ ਕਰਜ਼ਾ ਪੈਣਾ ਪੈਂਦਾ ਹੈ। ਇਸ ਦੀ ਡਰਾਉਣੀ ਤਸਵੀਰ ਲੌਕਡਾਊਨ ਸਮੇਂ ਸਾਹਮਣੇ ਆਈ। ਖੇਤੀ ਦੇ ਮਸ਼ੀਨੀਕਰਨ ਨੇ ਪਿੰਡਾਂ ਦੇ ਮਜ਼ਦੂਰਾਂ ਕੋਲੋਂ ਖੇਤਾਂ ਦਾ ਕੰਮ ਵੀ ਖੋਹ ਲਿਆ ਹੈ। ਪੇਂਡੂ ਮਜ਼ਦੂਰਾਂ ਦੀ ਹਾਲਤ ਇਹ ਹੈ ਕਿ ਉਹ ਰੋਟੀ ਵਾਲਾ ਡੱਬਾ ਆਪਣੇ ਸਾਈਕਲ ਜਾਂ ਮੋਟਰਸਾਈਕਲ ਉੱਪਰ ਟੰਗ ਕੇ ਸ਼ਹਿਰਾਂ ਵਿੱਚ ਇਸ ਆਸ ਨਾਲ ਜਾਂਦੇ ਹਨ ਕਿ ਸ਼ਾਮ ਨੂੰ ਉਹ ਦਿਹਾੜੀ ਲਾ ਕੇ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਲੈ ਕੇ ਆਉਣਗੇ ਪਰ ਹਾਲਤ ਇਹ ਹੈ ਕਿ ਇਨ੍ਹਾਂ ਵਿੱਚੋਂ ਅੱਧੀ ਗਿਣਤੀ ਬਿਨਾਂ ਦਿਹਾੜੀ, ਨਿਰਾਸ਼ ਹੋ ਕੇ ਘਰ ਨੂੰ ਪਰਤਦੀ ਹੈ। ਜਿਨ੍ਹਾਂ ਨੂੰ ਦਿਹਾੜੀ ਮਿਲਦੀ ਵੀ ਹੈ, ਉਨ੍ਹਾਂ ਨੂੰ ਦਿਹਾੜੀ ਦਾ ਪੂਰਾ ਮੁੱਲ ਨਹੀਂ ਮਿਲਦਾ। ਨਿੱਜੀਕਰਨ ਵਾਲੀਆਂ ਨੀਤੀਆਂ ਤਹਿਤ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਜਿਸ ਕਾਰਨ ਰਿਜ਼ਰਵੇਸ਼ਨ ਤਹਿਤ ਮਿਲਣ ਵਾਲੀਆਂ ਨੌਕਰੀਆਂ ਦੇ ਮੌਕੇ ਵੀ ਸੁੰਗੜ ਰਹੇ ਹਨ। ਸਰਕਾਰ ਦੀ ਮਗਨਰੇਗਾ ਸਕੀਮ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਵੀ ਸਫੈਦ ਹਾਥੀ ਸਾਬਿਤ ਹੋ ਰਹੀ ਹੈ। ਮਗਨਰੇਗਾ ਅੰਦਰ ਧਾਂਦਲੀ ਇਸ ਪੱਧਰ ਤੱਕ ਵਧ ਚੁੱਕੀ ਹੈ ਕਿ ਇੱਕ ਪਾਸੇ ਪੇਂਡੂ ਧਨਾਢ ਅਤੇ ਅਸਰ ਰਸੂਖ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਚਹੇਤਿਆਂ ਦੀਆਂ ਹਾਜ਼ਰੀਆਂ ਘਰ ਬੈਠਿਆਂ ਹੀ ਲੱਗ ਜਾਂਦੀਆਂ ਹਨ; ਦੂਜੇ ਪਾਸੇ ਟੋਭੇ ਦਾ ਗੰਦ ਆਪਣੇ ਸਿਰਾਂ ਉੱਪਰ ਢੋਂਦੀਆਂ ਬਜ਼ੁਰਗ ਔਰਤਾਂ ਦੇ ਸਿਰਾਂ ਦੇ ਵਾਲ ਤੱਕ

ਬੇਚਿਰਾਗ਼ ਪਿੰਡ ਅਤੇ ਭੂਮੀ ਸੁਧਾਰ ਦੇ ਮਸਲੇ/ਮੁਕੇਸ਼ ਮਲੌਦ Read More »

ਤੇਜ਼ ਰਫ਼ਤਾਰ ਟਰੱਕ ਨੇ ਦੋ ਪ੍ਰਵਾਸੀਆ ਨੂੰ ਕੁਚਲਿਆ

ਸੁਲਤਾਨਪੁਰ ਲੋਧੀ, 22 ਫਰਵਰੀ – ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ’ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੌਰਾਨ ਇੱਕ ਬੇਕਾਬੂ ਹੋ ਕੇ ਟਰੱਕ ਨੇ ਦੋ ਪਰਵਾਸੀ ਮਜ਼ਦੂਰਾਂ ਨੂੰ ਕੁਚਲ ਦਿੱਤਾ ਹੈ ।ਜਿਸ ਦੌਰਾਨ ਇੱਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਹੈ, ਜਦਕਿ ਦੂਜੇ ਦਾ ਇਲਾਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਹੈ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੁਲਤਾਨਪੁਰ ਲੋਧੀ ਕਪੂਰਥਲਾ ਮਾਰਗ ਜਾਮ ਕਰ ਦਿੱਤਾ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਵਿਚਾਲੇ ਗੁੱਸੇ ’ਚ ਆਏ ਪ੍ਰਦਰਸ਼ਨਕਾਰੀਆਂ ’ਚੋਂ ਕੁਝ ਲੋਕਾਂ ਨੇ ਟਰੱਕ ਦੀ ਭੰਨਤੋੜ ਕੀਤੀ ਅਤੇ ਉਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਗਨੀਮਤ ਰਹੀ ਕਿ ਪੁਲਿਸ ਨੇ ਮੌਕੇ ਨੂੰ ਸਾਂਭ ਲਿਆ ਅਤੇ ਟਰੱਕ ਨੂੰ ਅੱਗ ਲੱਗਣ ਨਹੀਂ ਦਿੱਤੀ ਗਈ। ਮ੍ਰਿਤਕ ਅਤੇ ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਧੰਨਸਾਗਰ ਪਾਣੀ ਲੈਣ ਲਈ ਜਾ ਰਿਹਾ ਸੀ। ਇਨੇ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਧੰਨਸਾਗਰ ਅਤੇ ਉਸਦੇ ਦੋਸਤ ਅਸਤਿਤਵ ਕੁਚਲ ਦਿੱਤਾ ਹੈ ਅਤੇ ਧਨਸਾਗਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਸਤਿਤਵ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਕਪੂਰਥਲਾ ਦੇ ਹਸਪਤਾਲ ’ਚ ਲਿਜਾਇਆ ਗਿਆ ਸੀ। ਜਿੱਥੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਫੂਲਨ ਦੇਵੀ (ਮ੍ਰਿਤਕ ਦੀ ਮਾਂ) ਨੇ ਦੱਸਿਆ ਕਿ ਧੰਨਸਾਗਰ ਸ਼ਾਦੀਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਵੀ ਹਨ। ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਤੇਜ਼ ਰਫ਼ਤਾਰ ਟਰੱਕ ਨੇ ਦੋ ਪ੍ਰਵਾਸੀਆ ਨੂੰ ਕੁਚਲਿਆ Read More »

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਮਰੀਜ ਨੇ ਇਲਾਜ ਲਈ ਡਾਕਟਰਾਂ ਦੇ ਕੱਢੇ ਹਾੜੇ

ਫਰੀਦਕੋਟ, 22 ਫਰਵਰੀ – ਦੇਰ ਰਾਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਪੁੱਜੇ ਇੱਕ ਮਰੀਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਕੇ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੇ ਮਾੜੇ ਹਾਲਾਤ ਦੇ ਪੋਲ ਖੋਲ੍ਹੇ ਜਿੱਥੇ ਆਪਣੇ ਇਲਾਜ ਲਈ ਕਰੀਬ ਡੇਢ ਘੰਟਾ ਡਾਕਟਰਾਂ ਦੇ ਤਰਲੇ ਪਾਉਣੇ ਪਏ ਪਰ ਡਿਊਟੀ ਤੇ ਮੌਜੂਦ ਡਾਕਟਰਾਂ ਅਤੇ ਸਟਾਫ ਦੇ ਕੰਨ ‘ਤੇ ਕੋਈ ਜੂੰ ਨਹੀਂ ਸਰਕੀ ਉਲਟਾ ਪੁਲਿਸ ਨੂੰ ਬੁਲਾ ਕੇ ਮਰੀਜ਼ ਨਾਲ ਧੱਕਾ-ਮੁੱਕੀ ਵੀ ਕੀਤੀ ਗਈ । ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਮਰੀਜ਼ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਸਨੇ ਆਪਣਾ ਨਾਮ ਗੁਰਪਾਲ ਸਿੰਘ ਆਗੂ ਕਿਸਾਨ ਮਜ਼ਦੂਰ ਯੂਨੀਅਨ ਦੱਸਦੇ ਕਿਹਾ ਕਿ ਕੱਲ ਸ਼ਾਮ ਉਹ ਪਿੰਡ ਵੱਟੂ ਮਰਾੜ ਵਿਖੇ ਆਪਣੀ ਭਾਣਜੀ ਦੇ ਵਿਆਹ ਤੇ ਗਏ ਸਨ ਜਿੱਥੇ ਕੁਝ ਮੁੰਡਿਆਂ ਵੱਲੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਿਨ੍ਹਾਂ ਨੂੰ ਛੁਡਾਉਣ ਲੱਗੇ ਉਸਦੇ ਨੱਕ ਤੇ ਤੇਜ਼ਧਾਰ ਹਥਿਆਰ ਵੱਜਿਆ ਜਿਸ ਨਾਲ ਉਸਦੇ ਨੱਕ ਦੀ ਹੱਡੀ ਟੁੱਟ ਗਈ ਅਤੇ ਕਾਫੀ ਖੂਨ ਵਗਣ ਲੱਗਾ ਜਿਸ ਤੋਂ ਬਾਅਦ ਉਸਨੂੰ ਕਰੀਬ 12 ਵਜੇ ਮੈਡੀਕਲ ਹਸਪਤਾਲ ਲੈ ਕੇ ਆਏ ਪਰ ਇਥੇ ਐਮਰਜੈਂਸੀ ਵਿਭਾਗ ਦੇ ਹਾਲਾਤ ਇੰਨੇ ਮਾੜੇ ਸਨ ਕੇ ਇਥੇ ਡਿਊਟੀ ਤੇ ਮੌਜੂਦ ਡਾਕਟਰਾਂ ਵੱਲੋਂ ਕੋਈ ਇਲਾਜ ਨਹੀਂ ਕੀਤਾ ਗਿਆ ਉਲਟਾ ਦੁਰਵਿਵਾਹਰ ਕੀਤਾ ਗਿਆ ਜਿਸ ਤੋਂ ਅੱਕ ਕੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਇਆ ਜਿਸ ਤੋਂ ਨਾਰਾਜ਼ ਹੋਕੇ ਉਨ੍ਹਾਂ ਇਲਾਜ ਕਰਨ ਦੀ ਬਜਾਏ ਪੁਲਿਸ ਸੱਦ ਲਈ ਜਿਥੇ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਉਸ ਨਾਲ ਧੱਕਾ ਮੁਕੀ ਕੀਤੀ ਤੇ ਉਸਦਾ ਫੋਨ ਖੋਹ ਲਿਆ ।

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ‘ਚ ਮਰੀਜ ਨੇ ਇਲਾਜ ਲਈ ਡਾਕਟਰਾਂ ਦੇ ਕੱਢੇ ਹਾੜੇ Read More »

ਜੰਮੂ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਮਗਰੋਂ ਮੌਸਮ ਆਇਆ ਬਦਲਾਅ

ਸ੍ਰੀਨਗਰ, 22 ਫਰਵਰੀ – ਜੰਮੂ ਕਸ਼ਮੀਰ ਦੇ ਉੱਪਰੀ ਹਿੱਸਿਆਂ ਵਿੱਚ ਤਾਜ਼ਾ ਬਰਫ਼ਬਾਰੀ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ। ਇੱਥੇ ਡੋਡਾ ਦੇ ਗੰਡੋਹ ਭਾਲੇਸਾ ਪਹਾੜ ਨੂੰ ਬਰਫ਼ ਦੀ ਚਿੱਟੀ ਨੇ ਢੱਕ ਦਿੱਤਾ ਹੈ, ਜਿਸ ਨਾਲ ਮਨਮੋਨਕ ਦ੍ਰਿਸ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸ੍ਰੀਨਗਰ ਦੀ ਡੱਲ ਝੀਲ ’ਤੇ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਹੋਇਆ ਹੈ। ਹਿਮਾਲਿਆਈ ਖੇਤਰ ਆਪਣੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਸ਼ਾਂਤ ਵਾਤਾਵਰਨ ਦੇ ਨਾਲ ਠੰਢ ਦਾ ਅਨੁਭਵ ਪੇਸ਼ ਕਰ ਰਿਹਾ ਹੈ। ਦੇਸ਼ ਭਰ ਵਿੱਚੋਂ ਸੈਲਾਨੀ ਇਸ ਖ਼ੂਬਸੂਰਤ ਮੌਸਮ ਅਤੇ ਦਿਲ-ਲੁਭਾਵੇਂ ਦ੍ਰਿਸ਼ਾਂ ਦਾ ਆਨੰਦ ਮਾਨਣ ਲਈ ਜੰਮੂ ਕਸ਼ਮੀਰ ਦੀਆਂ ਵਾਦੀਆਂ ਵੱਲ ਚਾਲੇ ਪਾ ਰਹੇ ਹਨ। ਵੱਡੀ ਗਿਣਤੀ ਸੈਲਾਨੀ ਡੱਲ ਝੀਲ ’ਤੇ ਸ਼ਿਕਾਰਾ ਦਾ ਆੰਨਦ ਮਾਣ ਰਹੇ ਹਨ। ਸੈਲਾਨੀਆਂ ਦੀ ਆਮਦ ਨਾਲ ਸਥਾਨਕ ਕਾਰੋਬਾਰੀਆਂ, ਹਾਊਸਬੋਟ ਮਾਲਕਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ।

ਜੰਮੂ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਮਗਰੋਂ ਮੌਸਮ ਆਇਆ ਬਦਲਾਅ Read More »

ਗੁਆਚਾ ਗਿਆ ਹੈ ਪੰਜਾਬ ਸਰਕਾਰ ਦਾ ਮਹਿਕਮਾ

ਚੰਡੀਗੜ੍ਹ, 22 ਫਰਵਰੀ – ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਉਹ ਮਹਿਕਮਾ ਸੌਂਪਿਆ ਹੋਇਆ ਸੀ ਜੋ ਅਸਲ ਵਿੱਚ ਹੈ ਹੀ ਨਹੀਂ। ਕਰੀਬ 20 ਮਹੀਨੇ ਮਗਰੋਂ ਪੰਜਾਬ ਸਰਕਾਰ ਨੂੰ ਪਤਾ ਲੱਗਾ ਕਿ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਦਾ ਤਾਂ ਵਜੂਦ ਹੀ ਨਹੀਂ, ਜਿਸ ਨੂੰ ਕੈਬਨਿਟ ਮੰਤਰੀ ਧਾਲੀਵਾਲ ਹਵਾਲੇ ਕੀਤਾ ਹੋਇਆ ਸੀ। ਮੰਤਰੀ ਧਾਲੀਵਾਲ ਕੋਲ ਪਹਿਲਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੀ ਜੋ ਸਰਕਾਰ ਨੇ ਵਾਪਸ ਲੈ ਲਿਆ ਸੀ। ਪੰਜਾਬ ਸਰਕਾਰ ਨੇ ਫੇਰਬਦਲ ਕਰਕੇ ਕੁਲਦੀਪ ਧਾਲੀਵਾਲ ਨੂੰ ਪਰਵਾਸੀ ਭਾਰਤੀ ਮਾਮਲੇ ਵਿਭਾਗ ਦੇ ਨਾਲ ਪ੍ਰਸ਼ਾਸਨਿਕ ਸੁਧਾਰ ਵਿਭਾਗ ਦਿੱਤਾ ਸੀ। ਪਤਾ ਲੱਗਿਆ ਹੈ ਕਿ ਕੁਲਦੀਪ ਧਾਲੀਵਾਲ ਕਰੀਬ ਵੀਹ ਮਹੀਨੇ ਤੋਂ ‘ਪ੍ਰਸ਼ਾਸਨਿਕ ਸੁਧਾਰ ਵਿਭਾਗ’ ਲੱਭਦੇ ਰਹੇ। ਉਨ੍ਹਾਂ ਨੂੰ ਨਾ ਮਹਿਕਮਾ ਲੱਭਿਆ ਤੇ ਨਾ ਹੀ ਮਹਿਕਮੇ ਦਾ ਕੋਈ ਦਫ਼ਤਰ। ‘ਲਾਪਤਾ’ ਮਹਿਕਮੇ ਕੋਲ ਨਾ ਕੋਈ ਸੇਵਾਦਾਰ ਹੈ ਅਤੇ ਨਾ ਹੀ ਸਕੱਤਰ। ਨਾ ਹੀ ਕਦੇ ਇਸ ਮਹਿਕਮੇ ਦੀ ਕਦੇ ਕੋਈ ਮੀਟਿੰਗ ਹੋਈ। ਪੰਜਾਬ ਸਰਕਾਰ ਨੇ ਹੁਣ ਆਪਣੀ ਗਲਤੀ ’ਚ ਸੁਧਾਰ ਕੀਤਾ ਹੈ ਅਤੇ ਕੈਬਨਿਟ ਮੰਤਰੀ ਧਾਲੀਵਾਲ ਤੋਂ ਉਹ ਮਹਿਕਮਾ ਵਾਪਸ ਲੈ ਲਿਆ ਹੈ, ਜੋ ਅਸਲ ਵਿਚ ਮੌਜੂਦ ਹੀ ਨਹੀਂ ਸੀ। ਹੁਣ ਧਾਲੀਵਾਲ ਕੋਲ ਐੱਨਆਰਆਈ ਵਿਭਾਗ ਹੀ ਰਹੇਗਾ। ਅਜੀਬ ਗੱਲ ਹੈ ਕਿ ਇਹ ਮਹਿਕਮਾ ਸਰਕਾਰੀ ਰਿਕਾਰਡ ’ਚ ਹੀ ਚੱਲਦਾ ਜਾਪ ਰਿਹਾ ਹੈ, ਜਦੋਂ ਹੀ ਸਰਕਾਰ ਨੂੰ ਇਸ ਦੀ ਭਿਣਕ ਪਈ ਤਾਂ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਗਿਆ ਜਿਨ੍ਹਾਂ ਦੀ ਸਲਾਹ ’ਤੇ ਹੁਣ 23 ਸਤੰਬਰ 2024 ਨੂੰ ਜਾਰੀ ਹੋਏ ਨੋਟੀਫ਼ਿਕੇਸ਼ਨ ਵਿਚ ਅੱਜ ਸੋਧ ਕਰ ਦਿੱਤੀ ਗਈ ਹੈ। ਕੈਬਨਿਟ ਮੰਤਰੀ ਧਾਲੀਵਾਲ ਇਸ ਮਹਿਕਮੇ ਦੇ ਕੰਮਕਾਰ ਨੂੰ ਤਲਾਸ਼ਦੇ ਰਹੇ ਹਨ। ਕੁਲਦੀਪ ਸਿੰਘ ਧਾਲੀਵਾਲ ਪੰਜਾਬ ਕੈਬਨਿਟ ਵਿਚ ਸੀਨੀਅਰ ਮੰਤਰੀ ਹਨ ਅਤੇ ਸਿਆਸੀ ਪਿਛੋਕੜ ਹੋਣ ਕਰਕੇ ਚੰਗੀ ਸਿਆਸੀ ਸਮਝ ਵੀ ਰੱਖਦੇ ਹਨ। ਜਦੋਂ ‘ਆਪ’ ਸਰਕਾਰ ਬਣੀ ਸੀ ਤਾਂ ਕੁਲਦੀਪ ਸਿੰਘ ਧਾਲੀਵਾਲ ਨੂੰ ਮੰਤਰੀ ਬਣਾਇਆ ਗਿਆ ਤੇ ਉਨ੍ਹਾਂ ਨੂੰ ਖੇਤੀ ਮਹਿਕਮੇ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਿੱਤਾ ਗਿਆ ਸੀ। ਮਗਰੋਂ ਉਨ੍ਹਾਂ ਤੋਂ ਇਹ ਦੋਵੇਂ ਮਹਿਕਮੇ ਵਾਪਸ ਲੈ ਲਏ ਗਏ ਸਨ।

ਗੁਆਚਾ ਗਿਆ ਹੈ ਪੰਜਾਬ ਸਰਕਾਰ ਦਾ ਮਹਿਕਮਾ Read More »

ਲੋੜੀਂਦੀ ਯੋਗਤਾ ਦਾ ਨਤੀਜਾ ਬਾਅਦ ਵਿਚ ਆਉਣ ਕਰ ਕੇ ਡਿਪਲੋਮੇ ਦਾ ਦਾਖ਼ਲਾ ਕੀਤਾ ਰੱਦ

ਚੰਡੀਗੜ੍ਹ, 22 ਫਰਵਰੀ – ਦਸਵੀਂ ਜਮਾਤ ਵਿਚ ਹਿੰਦੀ ਵਿਸ਼ਾ ਹੋਣ ਦੀ ਲਾਜ਼ਮੀ ਯੋਗਤਾ ਤੋਂ ਬਿਨਾਂ ਕਾਲਜ ਵਿਚ ਦਾਖ਼ਲਾ ਹੋਈ ਇਕ ਵਿਦਿਆਰਥਣ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਰਸ ਪੂਰਾ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਬੈਂਚ ਨੇ ਕਿਹਾ ਕਿ ਵਿਦਿਆਰਥਣ ਨੇ ਦੋ ਸਾਲਾ ਕੋਰਸ ਦੇ ਵਿਚੋਂ ਡੇਢ ਸਾਲ ਪਹਿਲਾਂ ਹੀ ਪੂਰੇ ਕਰ ਲਏ ਹਨ ਅਤੇ ਉਸ ਨੇ ਕੋਈ ਧੋਖਾਧੜੀ ਨਹੀਂ ਕੀਤੀ। ਚੀਫ਼ ਜਸਟਿਸ ਸ਼ੀਲ ਨਾਗੂ ਦੇ ਡਵੀਜ਼ਨ ਬੈਂਚ ਨੇ ਕਿਹਾ, ‘‘ਕਾਨੂੰਨੀ ਨਿਯਮਾਂ ਦਾ ਉਦੇਸ਼ ਨਿਰਪੱਖਤਾ ਨੂੰ ਕਾਇਮ ਰੱਖਣਾ ਹੈ, ਨਾ ਕਿ ਮਹੱਤਵਪੂਰਨ ਨਿਆਂ ਨੂੰ ਹਰਾਉਣ ਲਈ ਮਸ਼ੀਨੀ ਤੌਰ ’ਤੇ ਲਾਗੂ ਕੀਤਾ ਜਾਣਾ। ਜਿੱਥੇ ਇਕ ਧਿਰ, ਭਾਵੇਂ ਸ਼ੁਰੂ ਵਿਚ ਅਯੋਗ ਹੋਵੇ, ਨੇਕ ਨੀਤੀ ਨਾਲ ਅਤੇ ਬਿਨਾਂ ਕਿਸੇ ਧੋਖਾਧੜੀ ਵਾਲੇ ਇਰਾਦੇ ਦੇ ਕੰਮ ਕੀਤਾ ਹੈ ਅਤੇ ਜਿੱਥੇ ਕੋਈ ਵੀ ਪ੍ਰਮੁੱਖ ਜਨਤਕ ਹਿਤ ਪ੍ਰਭਾਵਤ ਨਹੀਂ ਹੁੰਦਾ ਹੈ, ਉੱਥੇ ਸਮਾਨਤਾ ਮੰਗ ਕਰਦੀ ਹੈ ਕਿ ਵਿਅਕਤੀ ਨੂੰ ਸ਼ੁਰੂਆਤ ਵਿਚ ਤਕਨੀਕੀ ਨੁਕਸ ਦੇ ਆਧਾਰ ’ਤੇ ਸਿਰਫ਼ ਅਨੁਪਾਤਕ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪਟੀਸ਼ਨ ਜਸਮੀਨ ਕੌਰ ਨੇ ਡਾਇਰੈਕਟਰ, ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ, ਪੰਜਾਬ ਦੁਆਰਾ ਪਾਸ ਕੀਤੇ ਗਏ ਹੁਕਮ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਦਾਖ਼ਲ ਕੀਤੀ ਸੀ, ਜਿਸ ਵਿਚ ਪਟੀਸ਼ਨਰ ਦਾ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਵਿਚ ਦਾਖ਼ਲਾ ਰੱਦ ਕੀਤਾ ਗਿਆ ਸੀ। ਜਸਮੀਨ ਕੌਰ ਨੂੰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਦੁਆਰਾ ਦਾਖ਼ਲਾ ਦਿਤਾ ਗਿਆ ਸੀ। ਇਸ ਤੋਂ ਬਾਅਦ, ਪਟੀਸ਼ਨਰ ਨੇ ਦਸਵੀਂ ਜਮਾਤ ਵਿਚ ਇਕ ਵਾਧੂ ਪੇਪਰ ਵਜੋਂ ਹਿੰਦੀ ਦੀ ਪ੍ਰੀਖਿਆ ਦਿਤੀ ਤੇ ਉਸ ਦਾ ਨਤੀਜਾ 26 ਮਈ 2023 ਨੂੰ ਐਲਾਨਿਆ ਗਿਆ।

ਲੋੜੀਂਦੀ ਯੋਗਤਾ ਦਾ ਨਤੀਜਾ ਬਾਅਦ ਵਿਚ ਆਉਣ ਕਰ ਕੇ ਡਿਪਲੋਮੇ ਦਾ ਦਾਖ਼ਲਾ ਕੀਤਾ ਰੱਦ Read More »

ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖਕੇ ਮਿਲਣ ਦਾ ਮੰਗਿਆ ਸਮਾਂ

ਨਵੀਂ ਦਿੱਲੀ, 22 ਫਰਵਰੀ – ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਨਵ-ਨਿਯੁਕਤ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖਿਆ ਹੈ। ਆਪਣੇ ਪੱਤਰ ਵਿੱਚ, ਉਸ ਨੇ ਮੁੱਖ ਮੰਤਰੀ ਨੂੰ 23 ਫ਼ਰਵਰੀ ਨੂੰ ‘ਆਪ’ ਵਿਧਾਇਕ ਦਲ ਨਾਲ ਮੁਲਾਕਾਤ ਲਈ ਕਿਹਾ ਹੈ। ਚੋਣ ਵਾਅਦਿਆਂ ਅਨੁਸਾਰ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਸਬੰਧੀ ਸਕੀਮਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਦੇ ਬਾਵਜੂਦ ਪਹਿਲੀ ਕੈਬਨਿਟ ਵਿੱਚ ਇਸ ਸਕੀਮ ਨੂੰ ਪਾਸ ਕਿਉਂ ਨਹੀਂ ਕੀਤਾ ਗਿਆ? ਆਤਿਸ਼ੀ ਨੇ ਆਪਣੇ ਪੱਤਰ ‘ਚ ਲਿਖਿਆ ਕਿ ਸਭ ਤੋਂ ਪਹਿਲਾਂ ਤੁਹਾਨੂੰ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ‘ਤੇ ਹਾਰਦਿਕ ਵਧਾਈ। ਭਾਰਤੀ ਜਨਤਾ ਪਾਰਟੀ ਦੇ ਸਰਵਉੱਚ ਨੇਤਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ 31 ਜਨਵਰੀ 2025 ਨੂੰ ਦਵਾਰਕਾ ਵਿੱਚ ਆਯੋਜਿਤ ਇੱਕ ਰੈਲੀ ਵਿੱਚ ਦਿੱਲੀ ਦੀਆਂ ਮਾਵਾਂ ਅਤੇ ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਉਨ੍ਹਾਂ ਲਈ 2500 ਰੁਪਏ ਪ੍ਰਤੀ ਮਹੀਨਾ ਦੀ ਯੋਜਨਾ ਪਾਸ ਕੀਤੀ ਜਾਵੇਗੀ। ਉਨ੍ਹਾਂ ਕਿਹਾ ਸੀ- ਇਹ ਮੋਦੀ ਦੀ ਗਾਰੰਟੀ ਹੈ। ਭਾਜਪਾ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ 20 ਫ਼ਰਵਰੀ ਨੂੰ ਹੋਈ ਸੀ, ਪਰ ਔਰਤਾਂ ਲਈ 2500 ਰੁਪਏ ਦੀ ਸਕੀਮ ਪਾਸ ਨਹੀਂ ਹੋ ਸਕੀ। ਦਿੱਲੀ ਦੀਆਂ ਮਾਵਾਂ-ਭੈਣਾਂ ਨੇ ਮੋਦੀ ਜੀ ਦੀ ਗਾਰੰਟੀ ‘ਤੇ ਵਿਸ਼ਵਾਸ ਕੀਤਾ ਸੀ ਅਤੇ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਕੱਲ੍ਹ 23 ਫ਼ਰਵਰੀ 2025 ਨੂੰ ਤੁਹਾਨੂੰ ਮਿਲਣਾ ਅਤੇ ਇਸ ਮੁੱਦੇ ‘ਤੇ ਚਰਚਾ ਕਰਨਾ ਚਾਹੁੰਦੀ ਹੈ।

ਆਤਿਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖਕੇ ਮਿਲਣ ਦਾ ਮੰਗਿਆ ਸਮਾਂ Read More »

ਕੈੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚੋਂ ਬਾਹਰ ਹੋਈ ‘ਰੂਬੀ ਢੱਲਾ’

ਵੈਨਕੂਵਰ, 22 ਫਰਵਰੀ – ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ 9 ਮਾਰਚ ਨੂੰ ਹੋਣ ਵਾਲੀ ਚੋਣ ਲਈ ਪਾਰਟੀ ਹਾਈ ਕਮਾਂਡ ਨੇ ਪੰਜਾਬੀ ਮੂਲ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਦੀ ਉਮੀਦਵਾਰੀ ਖਾਰਜ ਕਰ ਦਿੱਤੀ ਹੈ। ਇਸ ਤਰ੍ਹਾਂ ਰੂਬੀ ਢੱਲਾ ਕੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਰੂਬੀ ਢੱਲਾ ਉੱਤੇ ਅਣਐਲਾਨੇ ਤੇ ਬੇਹਿਸਾਬੇ ਖਰਚੇ ਕਰਨ, ਸ਼ੱਕੀ ਚੋਣ ਫੰਡ, ਬਾਹਰੀ ਹਮਾਇਤ ਅਤੇ ਪਾਰਟੀ ਵਲੋਂ ਨਿਰਧਾਰਤ ਚੋਣ ਮਰਿਆਦਾਵਾਂ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ। ਰੂਬੀ ਢੱਲਾ ਨੂੰ ਦੌੜ ’ਚੋਂ ਬਾਹਰ ਕੀਤੇ ਜਾਣ ਮਗਰੋਂ ਹੁਣ ਪਾਰਟੀ ਆਗੂ ਦੀ ਦੌੜ ਵਿਚ ਚਾਰ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ, ਜਿਨ੍ਹਾਂ ਦੀ ਜਨਤਕ ਬਹਿਸ 24 ਤੇ 25 ਫਰਵਰੀ ਨੂੰ ਮੌਂਟਰੀਅਲ ਵਿੱਚ ਅੰਗਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਵਿੱਚ ਹੋਵੇਗੀ। ਕਈ ਸਾਲਾਂ ਤੋਂ ਸਿਆਸਤ ’ਚੋਂ ਲਾਂਭੇ ਹੋ ਕੇ ਆਪਣੇ ਵਪਾਰਕ ਅਦਾਰੇ ਸੰਭਾਲ ਰਹੀ ਰੂਬੀ ਅਚਾਨਕ ਮੁੜ ਸਿਆਸਤ ਵਿੱਚ ਕੁੱਦਣ ਅਤੇ ਪਾਰਟੀ ਦੀ ਸਿਖਰਲੀ ਚੋਣ ’ਚ ਉਮੀਦਵਾਰੀ ਜਤਾਉਣ ਕਰਕੇ ਸ਼ੁਰੂਆਤ ਤੋਂ ਹੀ ਸਵਾਲਾਂ ਵਿੱਚ ਘਿਰ ਗਈ ਸੀ, ਜਿਨ੍ਹਾਂ ਦੀ ਪਾਰਟੀ ਜਾਂਚ ਕਰ ਰਹੀ ਸੀ। ਪਾਰਟੀ ਨੇ ਲੰਘੇ ਸੋਮਵਾਰ ਨੂੰ ਉਸ ਨੂੰ 27 ਸਵਾਲਾਂ ਦੀ ਸੂਚੀ ਭੇਜ ਕੇ ਜਵਾਬ ਮੰਗਿਆ ਸੀ। ਇਹ ਤਾਂ ਪਤਾ ਨਹੀਂ ਲੱਗਾ ਕਿ ਉਸ ਨੇ ਕੋਈ ਜਵਾਬ ਦਿੱਤਾ ਜਾਂ ਨਹੀਂ, ਪਰ ਪਾਰਟੀ ਨੇ ਉਸ ਦੀ ਉਮੀਦਵਾਰੀ ਖਾਰਜ ਕਰਨ ਦਾ ਐਲਾਨ ਕਰ ਦਿੱਤਾ ਹੈ। ਰੂਬੀ ਢੱਲਾ ਨੇ ਪਾਰਟੀ ਦੇ ਇਸ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਵਿਚ ਐਕਸ ’ਤੇ ਪੋਸਟ ਪਾ ਕੇ ਹੈਰਾਨੀ ਪ੍ਰਗਟਾਈ ਹੈ। ਢੱਲਾ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਸੂਚਿਤ ਕਰਨ ਦੀ ਥਾਂ ਪਾਰਟੀ ਹਾਈ ਕਮਾਂਡ ਨੇ ਇਹ ਗੱਲ ਮੀਡੀਆ ਨੂੰ ਲੀਕ ਕਿਵੇਂ ਕਰ ਦਿੱਤੀ ? ਉਸ ਨੇ ਕਿਹਾ ਕਿ ਉਸ ’ਤੇ ਲੱਗੇ ਦੋਸ਼ਾਂ ’ਚੋਂ ਕੋਈ ਵੀ ਸੱਚਾ ਨਹੀਂ ਸੀ, ਜਿਸ ਬਾਰੇ ਉਸ ਨੇ ਪਾਰਟੀ ਨੂੰ ਦੱਸ ਦਿੱਤਾ ਸੀ। ਰੂਬੀ ਨੇ ਕਿਹਾ ਕਿ ਉਸ ’ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ। ਉਸ ਨੇ ਖਦਸ਼ਾ ਜਤਾਇਆ ਕਿ ਵਿਦੇਸ਼ੀ ਮੂਲ ਦੀ ਹੋਣ ਕਰਕੇ ਉਸ ਦੀ ਉਮੀਦਵਾਰੀ ਨਕਾਰੀ ਗਈ ਹੈ। ਰੂਬੀ ਨੇ ਇਸ ਗੱਲ ’ਤੇ ਵਿਸ਼ੇਸ ਜ਼ੋਰ ਦਿੱਤਾ ਕਿ ਪਾਰਟੀ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਲੀਡਰ ਬਣਾਉਣ ਲਈ ਉਸ ਨੂੰ ਮੁਕਾਬਲੇ ’ਚੋਂ ਬਾਹਰ ਕੀਤਾ ਹੈ। ਰੂਬੀਨੇ ਕਿਹਾ ਕਿ ਉਦੀ ਸੋਚ ਪ੍ਰਗਤੀਵਾਦੀ ਹੈ, ਪਰ ਪਾਰਟੀ ਨਹੀਂ ਚਾਹੁੰਦੀ ਕਿ ਅਜਿਹੀ ਸੋਚ ਵਾਲਾ ਕੋਈ ਵਿਅਕਤੀ ਪਾਰਟੀ ਲੀਡਰ ਬਣ ਕੇ ਦੇਸ਼ ਵਿੱਚ ਪ੍ਰਗਤੀਵਾਦੀ ਲਹਿਰ ਖੜੀ ਕਰੇ। ਉਸ ਨੇ ਕਿਹਾ ਕਿ 24 ਫਰਵਰੀ ਨੂੰ ਮੌਂਟਰੀਅਲ ਵਿੱਚ ਉਮੀਦਵਾਰਾਂ ਦੀ ਹੋਣ ਵਾਲੀ ਬਹਿਸ ਵਿੱਚ ਉਸ ਵਲੋਂ ਅਜਿਹੇ ਵਿਚਾਰ ਪ੍ਰਗਟਾਏ ਜਾਣ ਦੇ ਖਦਸ਼ਿਆਂ ਕਾਰਨ ਪਾਰਟੀ ਵਲੋਂ ਉਸ ਨੂੰ ਚੋਣ ’ਚੋਂ ਲਾਂਭੇ ਕੀਤਾ ਗਿਆ ਹੈ। ਰੂਬੀ ਨੇ ਕਿਹਾ ਕਿ ਉਹ ਪਾਰਟੀ ਆਗੂ ਦੀ ਦੌੜ ’ਚੋਂ ਬਾਹਰ ਕੀਤੇ ਜਾਣ ਦੇ ਬਾਵਜੂਦ ਉਹ ਦੇਸ਼ ਦੀ ਬਿਹਤਰੀ ਤੇ ਚੰਗੇ ਭਵਿੱਖ ਲਈ ਕੰਮ ਕਰਦੀ ਰਹੇਗੀ।

ਕੈੈਨੇਡੀਅਨ ਪ੍ਰਧਾਨ ਮੰਤਰੀ ਬਣਨ ਦੀ ਦੌੜ ’ਚੋਂ ਬਾਹਰ ਹੋਈ ‘ਰੂਬੀ ਢੱਲਾ’ Read More »