ਪਰਵਾਸ ਦਾ ਵਧਦਾ ਰੁਝਾਨ ਲਾਲਸਾ ਜਾਂ ਫਿਰ ਮਜਬੂਰੀ

ਦੁਨੀਆਂ ਭਰ ’ਚ ਪ੍ਰਵਾਸ ਕਰਨ ਦੀ ਕਾਰਵਾਈ ਪਿਛਲੇ 150 ਕੁ ਸਾਲਾਂ ਤੋਂ ਬੜੀ ਤੇਜ਼ੀ ਨਾਲ ਜਾਰੀ ਹੈ। ਭਾਰਤ ਵਸੋਂ ਦੇ ਭਾਰ ਨਾਲ ਜੂਝ ਰਿਹਾ ਘੱਟ ਵਿਕਸਤ ਦੇਸ਼ ਹੋਣ ਕਰਕੇ ਇੱਥੋਂ ਗਏ ਪ੍ਰਵਾਸੀਆਂ ਦੀ ਗਿਣਤੀ ਦੁਨੀਆ ਭਰ ਵਿਚ ਚੀਨ ਤੋਂ ਬਾਅਦ ਤੀਸਰੇ ਨੰਬਰ ’ਤੇ ਹੈ। ਕਿਸੇ ਵਕਤ ਇੰਗਲੈਂਡ ਤੋਂ ਆਸਟ੍ਰੇਲੀਆ ਅਤੇ ਕੈਨੇਡਾ ’ਚ ਵੀ ਇੰਗਲੈਂਡ ਵਾਸੀ ਉਨ੍ਹਾਂ ਦੇਸ਼ਾਂ ਦੀ ਵਿਸ਼ਾਲਤਾ ਕਾਰਨ ਗਏ ਸਨ ਤੇ ਬਾਅਦ ਵਿਚ ਇੰਗਲੈਂਡ ਨੇ ਉਨ੍ਹਾਂ ਦੇਸ਼ਾਂ ’ਤੇ ਕਬਜ਼ਾ ਹੀ ਕਰ ਲਿਆ ਤੇ ਬੜੇ ਲੰਮੇ ਸਮੇਂ ਬਾਅਦ ਉਹ ਦੇਸ਼ ਫਿਰ ਸੁਤੰਤਰ ਹੋਏ। ਸੰਨ 1960 ਵਿਚ ਅਤੇ ਉਸ ਤੋਂ ਬਾਅਦ ਇੰਗਲੈਂਡ ਨੇ ਆਪ ਹੀ ਦੁਨੀਆ ਭਰ ਤੋਂ ਤਕਨੀਕੀ ਮਾਹਿਰ ਤੇ ਵੱਖ-ਵੱਖ ਪੇਸ਼ਿਆਂ ’ਚ ਯੋਗਤਾ ਪ੍ਰਾਪਤ ਵਿਅਕਤੀਆਂ ਨੂੰ ਇੰਗਲੈਂਡ ਵਿਚ ਸੱਦਿਆ।

ਵਿਦੇਸ਼ ’ਚ ਨੌਕਰੀ

ਸਾਲ 1970 ਤੋਂ ਬਾਅਦ ਭਾਰਤ ਵਿਚ ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ’ਚ ਨੌਕਰੀ ਦਾ ਵਿਭਾਗ ਖੋਲ੍ਹਿਆ ਸੀ, ਜਿਸ ਵਿਚ ਅਫ਼ਰੀਕੀ ਦੇਸ਼ਾਂ ਵੱਲੋਂ ਅਧਿਆਪਕਾਂ ਨੂੰ ਸੱਦਿਆ ਗਿਆ ਸੀ। ਸ਼ਾਇਦ ਹੋਰ ਸਮਰੱਥ ਲੋਕਾਂ ਨੂੰ ਵੀ ਸੱਦਿਆ ਗਿਆ ਹੋਵੇ ਪਰ ਅਧਿਆਪਕਾਂ ਵਾਲਾ ਮੈਨੂੰ ਤਾਂ ਯਾਦ ਹੈ ਕਿ ਮੈਂ ਉਸ ਵਕਤ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪੜ੍ਹਾਉਂਦਾ ਸੀ ਤੇ ਇਸ ਸਕੀਮ ਅਧੀਨ ਮੈਂ ਵੀ ਅਰਜ਼ੀ ਦਿੱਤੀ ਸੀ ਤੇ ਮੈਨੂੰ ਇੰਟਰਵਿਊ ’ਤੇ ਬੁਲਾਇਆ ਵੀ ਗਿਆ ਸੀ। ਅੱਜ-ਕੱਲ੍ਹ ਭਾਰਤ ਹੋਰ ਵਿਕਸਿਤ ਦੇਸ਼ਾਂ ਦੀਆਂ ਕੰਪਨੀਆਂ ਨੂੰ ਆਪਣੇ ਦੇਸ਼ ’ਚ ਫੈਕਟਰੀਆਂ ਲਾਉਣ ਲਈ ਸੱਦੇ ਦਿੰਦਾ ਹੈ। ਉਹ ਕੋਈ ਸਮਾਜਸੇਵੀ ਸੰਸਥਾਵਾਂ ਨਹੀਂ ਸਗੋਂ ਲਾਭ ਕਮਾਉਣ ਲਈ ਆਉਂਦੀਆਂ ਹਨ।

ਕਿਵੇਂ ਸ਼ੁਰੂ ਹੋਇਆ ਵਿਦੇਸ਼ ਜਾਣ ਦਾ ਰੁਝਾਨ

ਭਾਰਤ ’ਚੋਂ ਵਿਦੇਸ਼ਾਂ ਵੱਲ ਪਰਵਾਸ ਦਾ ਸਿਲਸਿਲਾ ਉਦੋਂ ਸ਼ੁਰੂ ਹੋਇਆ, ਜਦੋਂ ਸਾਡਾ ਦੇਸ਼ ਬਰਤਾਨਵੀ ਹਾਕਮਾਂ ਦਾ ਗ਼ੁਲਾਮ ਸੀ। ਉਸ ਵੇਲੇ ਗ਼ੁਲਾਮ ਪ੍ਰਥਾ ਚੱਲਦੀ ਸੀ ਤੇ ਬਰਤਾਨਵੀ ਹਕੂਮਤ ਆਪਣੇ ਅਧੀਨ ਗ਼ੁਲਾਮ ਦੇਸ਼ਾਂ ਦੇ ਲੋਕਾਂ ਨੂੰ ਜਬਰੀ ਆਪਣੇ ਕੰਮਾਂ ਲਈ ਲਿਜਾਂਦੇ ਸਨ। 1833 ’ਚ ਬਰਤਾਨਵੀ ਹਕੂਮਤ ਨੇ ਗ਼ੁਲਾਮ ਪ੍ਰਥਾ ਬੰਦ ਕਰ ਦਿੱਤੀ ਪਰ ਗ਼ੁਲਾਮਾਂ ਨੂੰ ਲਿਜਾਣ ਲਈ ਨਵਾਂ ਢੰਗ ਲੱਭ ਲਿਆ ਤੇ ਭਾਰਤੀਆਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਆਪਣੀ ਲੋੜ ਮੁਤਾਬਿਕ ਬਰਤਾਨੀਆ ਜਾਂ ਆਪਣੇ ਅਧੀਨ ਹੋਰ ਮੁਲਕਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਵੇਲਿਆਂ ਦੇ ਕੁਝ ਅਮੀਰ ਲੋਕ ਆਪਣੇ ਬੱਚਿਆਂ ਨੂੰ ਵਲਾਇਤ ਪੜ੍ਹਨ ਲਈ ਵੀ ਭੇਜਦੇ ਸਨ। ਹੌਲੀ-ਹੌਲੀ ਲੋਕ ਵੱਖ-ਵੱਖ ਢੰਗਾਂ ਰਾਹੀਂ ਵਿਦੇਸ਼ਾਂ ਨੂੰ ਪਰਵਾਸ ਕਰਨ ਲੱਗੇ, ਜਿਨ੍ਹਾਂ ’ਚ ਇਸ ਵੇਲੇ ਵਿਦੇਸ਼ ਜਾਣ ਦਾ ਕਾਨੂੰਨੀ ਢੰਗ ਸਟੱਡੀ ਵੀਜ਼ਾ, ਵਰਕ ਪਰਮਿਟ, ਪੀਆਰ, ਬਿਜ਼ਨੈੱਸ ਵੀਜ਼ਾ ਆਦਿ ਬਣ ਚੁੱਕੇ ਹਨ, ਜਦੋਂਕਿ ਗ਼ੈਰ-ਕਾਨੂੰਨੀ ਢੰਗ ਨਾਲ ਵੀ ਲੋਕ ਯੂਰਪੀ ਦੇਸ਼ਾਂ ਤੇ ਅਮਰੀਕਾ ’ਚ ਪਰਵਾਸ ਕਰ ਰਹੇ ਹਨ। ਹਰ ਸਾਲ ਭਾਰਤ ਤੇ ਵਿਸ਼ੇਸ਼ ਕਰਕੇ ਪੰਜਾਬ ’ਚੋਂ ਲੱਖਾਂ ਨੌਜਵਾਨ ਵਿਦੇਸ਼ਾਂ ’ਚ ਜਾ ਰਹੇ ਹਨ।

ਪਰਵਾਸੀ ਭਾਰਤੀ ਦਿਵਸ ਦਾ ਮਹੱਤਵ

ਪ੍ਰਵਾਸੀ ਭਾਰਤੀ ਦਿਵਸ ਹਰ ਸਾਲ 9 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਹਾਤਮਾ ਗਾਂਧੀ ਦੇ 1915 ਵਿੱਚ ਦੱਖਣੀ ਅਫ਼ਰੀਕਾ ਤੋਂ ਭਾਰਤ ਵਾਪਸੀ ਦੀ ਯਾਦ ’ਚ ਚੁਣਿਆ ਗਿਆ। ਇਸ ਦਿਨ ਨੂੰ ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ (ਪ੍ਰਵਾਸੀਆਂ) ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਇਹ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਦੇ ਅਨੁਭਵਾਂ ਨੂੰ ਸਾਂਝਾ ਕਰਨ ਲਈ ਕਰਵਾਇਆ ਜਾਂਦਾ ਹੈ। ਪਰਵਾਸੀ ਭਾਰਤੀ ਦਿਵਸ ਇਸ ਲਈ ਅਹਿਮ ਹੈ ਕਿਉਂਕਿ ਇਹ ਨਾ ਸਿਰਫ਼ ਐੱਨਆਰਆਈਜ਼ ਨੂੰ ਉਨ੍ਹਾਂ ਦੇ ਮੂਲ ਨਾਲ ਜੋੜਦਾ ਹੈ ਸਗੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੀ ਮਾਨਤਾ ਦਿੰਦਾ ਹੈ। ਇਹ ਦਿਨ ਦੂਜੇ ਦੇਸ਼ਾਂ ਵਿਚ ਕੰਮ ਕਰ ਰਹੇ ਭਾਰਤੀ ਪਰਵਾਸੀਆਂ ਦੁਆਰਾ ਅਨੁਭਵ ਕੀਤੀਆਂ ਚੁਣੌਤੀਆਂ ਨੂੰ ਵੀ ਮਾਨਤਾ ਦਿੰਦਾ ਹੈ।

ਗ਼ੈਰ-ਕਾਨੂੰਨੀ ਪ੍ਰਵਾਸ

ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਠੀਕ ਤਾਂ ਨਹੀਂ ਕਿਹਾ ਜਾ ਸਕਦਾ ਪਰ ਜਿਸ ਢੰਗ ਨਾਲ ਅਮਰੀਕਾ ਸਰਕਾਰ ਨੇ 5 ਫਰਵਰੀ ਨੂੰ 104 ਪ੍ਰਵਾਸੀਆਂ ਨੂੰ ਅੰਮ੍ਰਿਸਤਰ ਹਵਾਈ ਅੱਡੇ ’ਤੇ ਫ਼ੌਜ ਦੇ ਜਹਾਜ਼ ਵਿਚ ਫ਼ੌਜੀਆਂ ਦੀ ਅਗਵਾਈ ’ਚ ਉਨ੍ਹਾਂ ਦੇ ਹੱਥਾਂ-ਪੈਰਾਂ ਨੂੰ ਬੇੜੀਆਂ ਬੰਨ੍ਹ ਕੇ 26 ਘੰਟੇ ਦੇ ਕਠਿਨਦਾਈ ਸਫ਼ਰ ਕਰਵਾ ਕੇ ਲਿਆਂਦਾ, ਉਹ ਬਹੁਤ ਨਿੰਦਣਯੋਗ ਹੈ। ਇਸ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਬਿਲਕੁਲ ਵੀ ਧਿਆਨ ’ਚ ਨਹੀਂ ਰੱਖਿਆ ਗਿਆ ਅਤੇ ਨਾ ਉਨ੍ਹਾਂ ਪ੍ਰਵਾਸੀਆਂ ਦੀ ਮਾਨਸਿਕ ਹਾਲਤ ਦਾ ਧਿਆਨ ਕੀਤਾ, ਜਿਹੜੇ ਕਿਸੇ ਮਜਬੂਰੀ ਵੱਸ ਵੱਖ-ਵੱਖ ਦੇਸ਼ਾਂ ਰਾਹੀਂ ਹੋ ਕੇ ਜਾਨ ਤਲੀ ’ਤੇ ਰੱਖ ਕੇ ਜੰਗਲਾਂ ਤੇ ਬਿਖੜੇ ਰਾਹਾਂ ਅਤੇ ਦਰਿਆਵਾਂ ਨੂੰ ਪਾਰ ਕਰ ਕੇ ਕਿਰਤ ਕਰਨ ਲਈ ਨਾ ਕਿ ਕਿਸੇ ਸਮਗਲਿੰਗ ਜਾਂ ਗ਼ਲਤ ਧੰਦੇ ਲਈ ਪਹੁੰਚੇ ਸਨ। ਉਸ ਅਣਮਨੁੱਖੀ ਵਿਵਹਾਰ ਨੂੰ ਸਾਰੀ ਦੁਨੀਆ ਨੂੰ ਨਿੰਦਣਾ ਚਾਹੀਦਾ ਹੈ। ਇਨ੍ਹਾਂ 104 ਯਾਤਰੀਆਂ ਵਿਚ ਪੰਜਾਬ ਦੇ 30, ਜਦੋਂਕਿ ਗੁਜਰਾਤ ਅਤੇ ਹਰਿਆਣਾ ਦੇ ਵੀ 33/33 ਪ੍ਰਵਾਸੀ ਸਨ। ਇਸ ਤੋਂ ਪਹਿਲਾਂ ਹੀ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀ ਵਾਪਸ ਆਉਂਦੇ ਰਹੇ ਹਨ। ਉਨ੍ਹਾਂ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਸੀ ਭੇਜਿਆ ਗਿਆ। ਗ਼ੈਰ-ਕਾਨੂੰਨੀ ਪ੍ਰਵਾਸ ਕਰਦਿਆਂ ਉਨ੍ਹਾਂ ਵਿੱਚੋਂ ਹਰ ਇਕ ਨੇ ਕਠਿਨ ਸਥਿਤੀਆਂ ਦਾ ਮੁਕਾਬਲਾ ਅਤੇ ਕੈਦਾਂ ਵੀ ਕੱਟੀਆਂ ਸਨ। ਉਨ੍ਹਾਂ ਲੋਕਾਂ ਦੀ ਇਸ ਵੱਡੇ ਜੋਖ਼ਮ ਵਿੱਚ ਪੈਣ ਦੀ ਅਕਲ ਮਾਨਸਿਕ ਸਥਿਤੀ ਨੂੰ ਮਹਿਸੂਸ ਕਰਨ ਦੀ ਲੋੜ ਹੈ, ਜਿਹੜੀ ਉਨ੍ਹਾਂ ਦੀ ਹਮਦਰਦੀ ਦਾ ਕਾਰਨ ਬਣਦੇ ਹਨ। ਜਦੋਂ ਇਨ੍ਹਾਂ ਸਧਾਰਨ ਘਰਾਂ ਦੇ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਨੌਕਰੀ ਨਹੀਂ ਮਿਲਦੀ, ਜਿਸ ਦੇ ਉਹ ਯੋਗ ਹਨ ਤਾਂ ਉਹ ਆਪਣੇ ਮਾਂ-ਬਾਪ ਦਾ ਸਹਾਰਾ ਬਣਨ ਦੀ ਬਜਾਏ ਉਨ੍ਹਾਂ ’ਤੇ ਬੋਝ ਬਣ ਜਾਂਦੇ ਹਨ। ਆਪਣੇ ਖੇਤਰ ਦੇ ਹੋਰ ਪ੍ਰਦੇਸਾਂ ਵਿਚ ਗਏ ਨੌਜਵਾਨ ਉਨ੍ਹਾਂ ਸਾਹਮਣੇ ਉਜਵਲ ਭਵਿੱਖ ਦੀ ਮਿਸਾਲ ਬਣ ਜਾਂਦੇ ਹਨ, ਜਿਸ ਲਈ ਉਹ ਆਪਣੀ ਰਹਿ ਗਈ ਜ਼ਮੀਨ-ਜਾਇਦਾਦ ਵੇਚ ਕੇ ਪਹਿਲਾਂ ਹਰ ਕਾਨੂੰਨੀ ਢੰਗ ਤੇ ਮਗਰੋਂ ਇਸ ਤਰ੍ਹਾਂ ਦਾ ਜੋਖ਼ਮ ਲੈਣ ਲਈ ਵੀ ਤਿਆਰ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਕਾਨੂੰਨੀ ਪ੍ਰਵਾਸ ਕਈ ਦਹਾਕਿਆਂ ਤੋਂ ਹੋ ਰਿਹਾ ਹੈ। ਉਸ ਦਿਨ ਇਧਰ ਲਿਆਂਦੇ ਗਏ ਪ੍ਰਵਾਸੀਆਂ ਨੂੰ ਇਕ ਵਾਰ ਵੀ ਨੋਟਿਸ ਨਹੀਂ ਦਿੱਤਾ ਗਿਆ ਕਿ ਉਹ ਅਮਰੀਕਾ ਛੱਡ ਜਾਣ, ਨਹੀਂ ਤਾਂ ਜ਼ਬਰਦਸਤੀ ਉਹ ਕਿਸੇ ਦੇਸ਼ ਵਿਚ ਨਹੀਂ ਰਹਿ ਸਕਦੇ।

ਮਾਲਟਾ ਕਿਸ਼ਤੀ ਕਾਂਡ

1980 ਦੇ ਕਰੀਬ ਮਾਲਟਾ ਕਿਸ਼ਤੀ ਕਾਂਡ ਵਾਪਰਿਆ ਸੀ, ਜਿਸ ਵਿਚ ਗ਼ਲਤ ਢੰਗ ਨਾਲ ਯੂਰਪ ਜਾਣ ਵਾਲੇ 265 ਪ੍ਰਵਾਸੀ ਇਟਲੀ ਦੇ ਨਜ਼ਦੀਕ ਮਾਲਟਾ ਦੇ ਟਾਪੂ ਨਜ਼ਦੀਕ ਕਿਸ਼ਤੀ ਉਲਟ ਜਾਣ ਨਾਲ ਮਾਰੇ ਗਏ ਸਨ। ਬਲਵੰਤ ਸਿੰਘ ਖੇੜਾ, ਜੋ ਹੁਸ਼ਿਆਰ ਦਾ ਵਸਨੀਕ ਸੀ, ਉਸ ਨੇ ਉਸ ਕੇਸ ਨੂੰ ਚੁੱਕਿਆ। ਸਿਰਫ਼ ਭਾਰਤ ਨਹੀਂ, ਦੁਨੀਆ ਦੇ ਹੋਰ ਗ਼ੈਰ-ਵਿਕਸਿਤ ਦੇਸ਼ਾਂ ਦੇ ਪ੍ਰਵਾਸੀ ਵੀ ਇਸ ਤਰ੍ਹਾਂ ਦੀਆਂ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਉਸ ਕਾਂਡ ਵਿਚ ਭਾਰਤ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਬੰਗਲਾ ਦੇਸ਼ ਦੇ ਤਕਰਬੀਨ 550 ਵਿਅਕਤੀ ਸਨ, ਜਿਹੜੇ ਅੰਤਰਰਾਸ਼ਟਰੀ ਵੱਡੇ ਏਜੰਟਾਂ ਦੇ ਚੁੰਗਲ ਵਿਚ ਫਸ ਗਏ ਸਨ। ਉਨ੍ਹਾਂ ਯਾਤਰੀਆਂ ਨੂੰ ਵੱਖ-ਵੱਖ ਦੇਸ਼ਾਂ ਤੋਂ ਛੋਟੇ ਜਹਾਜ਼ ’ਚ ਚੜ੍ਹਾ ਕੇ ਪੈਸੇ ਬਚਾਉਣ ਦੀ ਖ਼ਾਤਰ ਏਜੰਟਾਂ ਨੇ ਵੱਡੇ ਜਹਾਜ਼ ਵਿਚ ਇਕ ਜਗ੍ਹਾ ਚੜ੍ਹਾ ਲਿਆ। ਜਹਾਜ਼ ’ਚ ਚੜ੍ਹਾਉਣ ਤੋਂ ਬਾਅਦ ਉਹ ਕਿਸੇ ਸੁਰੱਖਿਅਤ ਦੇਸ਼ ਦੇ ਕੰਢੇ ਲਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਕੋਈ ਸੁਰੱਖਿਅਤ ਜਗ੍ਹਾ ਨਹੀਂ ਸੀ ਲੱਭ ਰਹੀ। ਉਹ ਯਾਤਰੀ ਇਕ ਹਫ਼ਤਾ ਨਹੀਂ, ਕਈ ਹਫ਼ਤੇ ਸਮੁੰਦਰ ਵਿਚ ਹੀ ਚੱਕਰ ਕੱਢਦੇ ਰਹੇ। ਉਨ੍ਹਾਂ ਦੀ ਇਕ ਹੋਰ ਸਮੱਸਿਆ ਇਹ ਸੀ ਕਿ ਵੱਡਾ ਜ਼ਹਾਜ ਥੋੜ੍ਹੇ ਪਾਣੀ ਵਿਚ ਚੱਲ ਨਹੀਂ ਸਕਦਾ। ਇਸ ਲਈ ਉਨ੍ਹਾਂ ਯਾਤਰੀਆਂ ਨੂੰ ਫਿਰ ਕਿਸ਼ਤੀਆਂ ਵਿਚ ਚਾੜ੍ਹਨਾ ਪੈਂਦਾ ਸੀ ਤਾਂ ਜੋ ਕਿਸੇ ਬੀਚ (ਸਮੁੰਦਰੀ ਤੱਟ) ’ਤੇ ਉਤਾਰਿਆ ਜਾ ਸਕੇ। ਇਟਲੀ ਦੀ ਬੀਚ ਨੇੜੇ 25 ਦਸੰਬਰ ਨੂੰ ਉਹ ਜਹਾਜ਼ ਪਹੁੰਚ ਗਿਆ। 25 ਦਸੰਬਰ ਨੂੰ ਕ੍ਰਿਸਮਸ ਕਰਕੇ ਢਿੱਲ ਦਾ ਫ਼ਾਇਦਾ ਉਠਾਉਣ ਲਈ ਉਨ੍ਹਾਂ ਨੇ ਕਿਸ਼ਤੀਆਂ ਮੰਗਵਾਈਆਂ। ਇਸ ਕਿਸ਼ਤੀ ਵਿਚ ਲਗਪਗ 125 ਵਿਅਕਤੀ ਜਾ ਸਕਦੇ ਸਨ ਪਰ ਕਈ ਹਫ਼ਤੇ ਸਮੁੰਦਰ ਵਿਚ ਰਹਿ ਕੇ ਉਹ ਯਾਤਰੀ ਤੰਗ ਪਏ ਹੋਏ ਸਨ। ਕਿਸ਼ਤੀ ਦੇ ਨਜ਼ਦੀਕ ਆਉਂਦਿਆਂ ਸਾਰਿਆਂ ਨੇ ਇਕ-ਦੂਜੇ ਤੋਂ ਅੱਗੇ ਵੱਧ ਕੇ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ਕੋਈ 300 ਦੇ ਕਰੀਬ ਵਿਅਕਤੀ ਉਸ ਕਿਸ਼ਤੀ ਵਿਚ ਚੜ੍ਹ ਗਏ। ਕੁਦਰਤੀ ਉਸ ਵਕਤ ਤੂਫ਼ਾਨ ਆ ਗਿਆ। ਭਾਰ ਕਾਰਨ ਕਿਸ਼ਤੀ ਡੁੱਬਣ ਲੱਗੀ। ਕੁਝ ਲੋਕ ਛਾਲਾਂ ਮਾਰ ਕੇ ਤਰ ਕੇ ਕੰਢੇ ’ਤੇ ਪਹੁੰਚ ਗਏ। ਕੁਝ ਕੁ ਫਿਰ ਸੰਗਲ ਫੜ ਕੇ ਪਿਛਲੇ ਜਹਾਜ਼ ’ਚ ਪਹੁੰਚ ਗਏ ਅਤੇ ਬਾਕੀ 265 ਡੁੱਬ ਗਏ, ਜਿਸ ਵਿਚ ਉਨ੍ਹਾਂ ਸਾਰਿਆਂ ਹੀ ਦੇਸ਼ਾਂ ਦੇ ਵਿਅਕਤੀ ਸਨ। ਇਹ ਬਲਵੰਤ ਸਿੰਘ ਖੇੜਾ ਦੀ ਹਿੰਮਤ ਸੀ ਕਿ ਉਸ ਨੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਹਮਦਰਦੀ ਦਿਵਾਈ। ਉਨ੍ਹਾਂ ਮ੍ਰਿਤਕਾਂ ਦੇ ਘਰ ਕਈ ਕਿਸਮ ਦੀਆਂ ਪਰੇਸ਼ਾਨੀਆਂ ’ਚ ਘਿਰੇ ਹੋਏ ਸਨ ਕਿਉਂਕਿ ਕਿਸੇ ਦੀ ਲਾਸ਼ ਨਹੀਂ ਸੀ ਮਿਲੀ। ਫਿਰ ਜਿੱਥੋਂ ਉਹ ਗਏ ਸਨ, ਉਥੋਂ ਗ਼ੈਰ-ਕਾਨੂੰਨੀ ਤੌਰ ’ਤੇ ਜਾਣ ਕਰਕੇ ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਸੀ ਮਿਲਿਆ। ਉਨ੍ਹਾਂ ਦੀ ਮੌਤ ਦਾ ਸਰਟੀਫ਼ਿਕੇਟ ਨਹੀਂ ਸੀ ਮਿਲ ਰਿਹਾ। ਉਨ੍ਹਾਂ ਦੀਆਂ ਵਿਧਵਾ ਔਰਤਾਂ ਲਈ ਹੋਰ ਵੀ ਕਈ ਮੁਸ਼ਕਲਾਂ ਸਨ। ਫਿਰ ਖੇੜਾ ਸਾਬ੍ਹ ਦੀ ਅਗਵਾਈ ’ਚ ਕੋਰਟਾਂ ਵਿਚ ਕੇਸ ਲੜੇ ਗਏ ਅਤੇ ਉਨ੍ਹਾਂ ਨੂੰ ਮੌਤ ਦੇ ਸਰਟੀਫ਼ਿਕੇਟ ਮਿਲੇ ਅਤੇ ਸਰਕਾਰ ਵੱਲੋਂ ਹੋਰ ਵੀ ਮਦਦ ਕੀਤੀ ਗਈ। ਕਈ ਵਾਰ ਹੋਰ ਵੀ ਘਟਨਾਵਾਂ, ਜਿਵੇਂ ਜੰਗਲ, ਸਮੁੰਦਰਾਂ ਵਿਚ ਅਤੇ ਬਾਰਡਰ ਪਾਰ ਕਰਦਿਆਂ ਮਰਨ ਆਦਿ ਅਨੇਕਾਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।

ਗ਼ਦਰ ਲਹਿਰ ਸ਼ੁਰੂ ਕਰਨ ਲਈ ਘੱਤੀਆਂ ਦੇਸ਼ ਵੱਲ ਵਹੀਰਾਂ

ਬਰਤਾਨਵੀ ਹਕੂਮਤ ਦੌਰਾਨ ਗ਼ੁਲਾਮਾਂ ਵਾਲੀਆਂ ਤਰਸਯੋਗ ਹਾਲਤਾਂ ’ਚੋਂ ਨਿਕਲ ਕੇ ਕਈ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਰੁਖ਼ ਕੀਤਾ। ਬਹੁਤੇ ਨੌਜਵਾਨ ਅਮਰੀਕਾ ਤੇ ਕੈਨੇਡਾ ਦੀ ਧਰਤੀ ’ਤੇ ਪਰਵਾਸ ਕਰ ਕੇ ਚਲੇ ਗਏ। ਉਨ੍ਹਾਂ ’ਚੋਂ ਕਈਆਂ ਨੇ ਉਥੋਂ ਦਾ ਰਹਿਣ-ਸਹਿਣ ਤੇ ਵਧੀਆ ਜੀਵਨ ਵੇਖ ਕੇ ਭਾਰਤੀ ਲੋਕਾਂ ਦੇ ਮਾੜੀਆਂ ਹਾਲਤਾਂ ਵਾਲੇ ਜੀਵਨ ਨਾਲ ਤੁਲਨਾ ਕੀਤੀ ਤੇ ਉਨ੍ਹਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਜਾਗਿਆ ਤਾਂ ਉਨ੍ਹਾਂ ਨੇ ਦੇਸ਼ ਨੂੰ ਬਰਤਾਨਵੀ ਹਕੂਮਤ ਦੀ ਗ਼ੁਲਾਮੀ ਦੀਆ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਅੰਗਰੇਜ਼ ਹਾਕਮਾਂ ਵਿਰੁੱਧ ਸੰਘਰਸ਼ ਆਰੰਭਿਆ, ਜਿਸ ਨੂੰ ਗ਼ਦਰ ਲਹਿਰ ਦਾ ਨਾਂ ਦਿੱਤਾ ਗਿਆ। ਇਸ ਤਰ੍ਹਾਂ 20ਵੀਂ ਸਦੀ ਦੇ ਸ਼ੁਰੂਆਤ ’ਚ ਫਰਵਰੀ 1913 ’ਚ ਗ਼ਦਰ ਪਾਰਟੀ ਦਾ ਗਠਨ ਕੀਤਾ ਗਿਆ ਤੇ ਇਸ ਨਾਲ ਜੁੜਨ ਵਾਲੇ ਦੇਸ਼ ਭਗਤਾਂ ਨੂੰ ਗ਼ਦਰੀ ਬਾਬਿਆਂ ਦਾ ਨਾਂ ਦਿੱਤਾ ਗਿਆ। ਇਨ੍ਹਾਂ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਅੰਗਰੇਜ਼ ਹਾਕਮਾਂ ਨਾਲ ਸਿੱਧੀ ਟੱਕਰ ਲੈਣ ਲਈ ਗ਼ਦਰ ਲਹਿਰ ਦੀ ਸ਼ੁਰੂਆਤ ਕਰਨ ਦੇ ਉਦੇਸ਼ ਨਾਲ ਦੇਸ਼ ਵੱਲ ਵਹੀਰਾਂ ਘੱਤ ਲਈਆਂ।

ਘਰ-ਬਾਰ ਛੱਡ ਕੇ ਵਿਦੇਸ਼ ਜਾਣਾ ਕਿੰਨਾ ਔਖਾ

ਭਾਵੇਂ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਇਸ ਗੱਲ ਦੀ ਕਦੇ ਡੂੰਘਾਈ ਨਾਲ ਵਿਚਾਰ ਹੀ ਨਹੀਂ ਕੀਤੀ ਗਈ ਕਿ ਜੇ ਉਹ ਤਕਰੀਬਨ 30 ਲੱਖ ਪੰਜਾਬੀ ਨੌਜਵਾਨ ਜਿਹੜੇ ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਕਰ ਕੇ ਭਾਰਤ ਦੇ ਵਿਦੇਸ਼ੀ ਕਰੰਸੀ ਦੇ ਭੰਡਾਰ ਭਰ ਰਹੇ ਹਨ, ਉਹ ਨੌਕਰੀਆਂ ਚਾਹੁਣ ਵਾਲਿਆਂ ਦੀ ਲਿਸਟ ਵਿਚ ਪੰਜਾਬ ’ਚ ਹੀ ਹੁੰਦੇ ਤਾਂ ਸਥਿਤੀ ਕਿਸ ਤਰ੍ਹਾਂ ਦੀ ਬਣਦੀ? ਇਸ ਤਰ੍ਹਾਂ ਹੀ ਹੋਰ ਸੂਬਿਆਂ ਦੀ ਹਾਲਤ ਹੈ। ਫਿਰ ਇਹ ਸਥਿਤੀ ਬਣੀ ਹੀ ਕਿਉਂ? ਕਦੇ ਵੀ ਇਸ ਗੱਲ ’ਤੇ ਵਿਚਾਰ ਨਹੀਂ ਕੀਤੀ ਗਈ ਕਿ ਵਿਦੇਸ਼ਾਂ ਵਿਚ ਆਪਣਾ ਘਰ-ਬਾਰ, ਪਰਿਵਾਰ ਛੱਡ ਕੇ ਜਾਣਾ ਕਿੰਨਾ ਔਖਾ ਹੈ। ਭਾਰਤ ’ਚ ਹੀ ਦੂਜੇ ਸ਼ਹਿਰ ਜਾਂ ਪ੍ਰਾਂਤ ਵਿਚ ਬੱਚਿਆਂ ਨੂੰ ਛੱਡ ਕੇ ਜਾਣ ਲਈ ਦਿਲ ਨਹੀਂ ਕਰਦਾ ਪਰ ਪ੍ਰਦੇਸ਼ਾਂ ਵਿਚ ਰੋਟੀ ਕਮਾਉਣ ਲਈ ਜਾਣਾ ਜਿਸ ਦੀ ਮਜਬੂਰੀ ਹੈ, ਕੀ ਇਹ ਸਥਿਤੀ ਠੀਕ ਹੋ ਸਕਦੀ ਹੈ?

ਸਾਂਝਾ ਕਰੋ

ਪੜ੍ਹੋ

ਹੁਣ ਬਦਲਣੀ ਚਾਹੀਦੀ ਹੈ ਦਿੱਲੀ ਦੀ ਸੂਰਤ

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਭਾਜਪਾ...