ਕੀ ਮਾਤ ਭਾਸ਼ਾ ਸਿਰਫ ਭਾਵੁਕਤਾ ਦਾ ਮਸਲਾ ਜਾਂ ਇਸਦਾ ਕੋਈ ਵਿਗਿਆਨਕ ਅਧਾਰ ਹੈ? ਆਓ ਮਾਂ ਬੋਲੀ ਦੇ ਦਿਹਾੜੇ ਤੇ ਚਰਚਾ ਕਰੀਏ। ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ ਜਾਓਗੇ’’ ਕੀ ਇਸ ਗੱਲ ਵਿੱਚ ਸੱਚਮੁੱਚ ਐਨਾ ਵਜ਼ਨ ਹੈ ਕਿ ਅਸੀਂ ਪੰਜਾਬੀ ਛੱਡ ਕੇ ਵਾਕਿਆ ਹੀ ਖਤਮ ਹੋ ਜਾਵਾਂਗੇ। ਫਿਰ ਕਿਉ ਅੰਗਰੇਜ਼ੀ ਨੂੰ ਪਹਿਲ ਦੇ ਰਹੇ ਹਾਂ ਅਤੇ ਕਿਉ ਲੱਗਦਾ ਹੈ ਕਿ ਤਰੱਕੀ ਸਿਰਫ ਅੰਗਰੇਜ਼ੀ ਬੋਲ, ਪੜ੍ਹ-ਲਿਖ ਕੇ ਹੀ ਕੀਤੀ ਜਾ ਸਕਦੀ ਹੈ। ਪੰਜਾਬੀ ਪੜ੍ਹ ਕੇ ਕੀ ਹਾਸਿਲ ਹੋਵੇਗਾ, ਕਿਉ ਪੜ੍ਹੀਏ ਵਗੈਰਾ-ਵਗੈਰਾ। ਇਹ ਸਵਾਲ ਜਦੋਂ ਮਾਤਾ ਭਾਸ਼ਾ ਦਾ ਜ਼ਿਕਰ ਛਿੜਦਾ ਹੈ ਤਾਂ ਉਠਦੇ ਹਨ। ਅਸਲ ਵਿੱਚ ਮਾਤ-ਭਾਸ਼ਾ ਦਾ ਮਸਲਾ ਕੀ ਹੈ? ਕੀ ਇਹ ਸਧਾਰਨ ਮਸਲਾ ਹੈ ਜਾਂ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਮਸਲਾ ਹੈ। ਅਤੇ ਇਹ ਵੀ ਸਮਝਣਾ ਜ਼ਰੂਰੀ ਕਿ ਅੰਗਰੇਜ਼ੀ ਦਾ ਦਬਦਬਾ ਕਿਉ? ਤੇ ਕੀ ਹੋਣਾ ਚਾਹੀਦਾ ਹੈ। ਆਓ ਵਿਚਾਰੀਏ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਪੰਜਾਬੀ ’ਚ ਮੰਗੀਆਂ ਸੀ ਤੇ ਸਹੁੰ ਅੰਗਰੇਜ਼ੀ ’ਚ ਚੁੱਕੀ। ਜੇ ਅੰਗਰੇਜ਼ੀ ਐਨੀ ਜਾਨਦਾਰ ਭਾਸ਼ਾ ਹੈ ਤਾਂ ਕੈਪਟਨ ਵੋਟਾਂ ਵੀ ਅੰਗਰੇਜ਼ੀ ’ਚ ਮੰਗ ਲੈਂਦਾ ਤੇ ਪਤਾ ਲੱਗ ਜਾਂਦਾ। ਗੱਲ ਸਪੱਸ਼ਟ ਹੈ ਕਿ ਜਦੋਂ ਤਿੰਨ ਬੰਦੇ ਇੱਕੋ ਭਾਸ਼ਾ ਸਮਝਦੇ ਹੋਣ ਤੇ ਦੋ ਬੰਦੇ ਤੀਜੇ ਨਾਲ ਧੋਖਾ ਕਰਨਾ ਚਾਹੁੰਦੇ ਹਨ ਤਾਂ ਉਹ ਉਹੀ ਭਾਸ਼ਾ ਨਹੀਂ ਬੋਲਣਗੇ ਜੋ ਤੀਜੇ ਨੂੰ ਸਮਝ ਆਉਦੀ ਹੋਵੇ। ਇਸੇ ਤਰ੍ਹਾਂ ਹਾਕਮ ਲੋਕਾਂ ਦੀ ਮਾਤ ਭਾਸ਼ਾ ਨੂੰ ਕਦੇ ਸਰਕਾਰੀ ਭਾਸ਼ਾ ਨਹੀਂ ਬਣਾਉਦੇ, ਜਦੋਂ ਤੱਕ ਪ੍ਰਬੰਧ ਲੁਟੇਰਾ ਹੋਵੇ। ਕਿਉਕਿ ਹਾਕਮ ਸਾਡੀ ਬੋਲੀ ਤੋਂ ਡਰਦੇ ਹਨ ਕਿਉਕਿ ਇਹ ਸਾਡੀ ਤਾਕਤ ਹੁੰਦੀ ਹੈ। ਸਰਕਾਰ, ਰੁਜ਼ਗਾਰ, ਵਪਾਰ ਤੇ ਸਰਕਾਰ ਦੀ ਭਾਸ਼ਾ ਹਮੇਸ਼ਾ ਮਾਤ ਭਾਸ਼ਾ ਹੋਣਾ ਚਾਹੀਦੀ ਹੈ। ਜਦੋਂ ਇਸ ਤਰਾਂ ਨਹੀਂ ਤਾਂ ਲੋਕਾਂ ਨੂੰ ਵੀ ਆਪਣੀ ਭਾਸ਼ਾ ਕਮਜ਼ੋਰ ਲੱਗਦੀ ਹੈ। ਮੌਜੂਦਾ ਸਮੇਂ ਅੰਗਰੇਜ਼ੀ ਨੇ ਦੁਨੀਆਂ ਦੀਆਂ ਦੂਸਰੀਆਂ ਬੋਲੀਆਂ ਦੇ ਮੁਕਾਬਲੇ ਗਾਲਬ ਬੋਲੀ ਦਾ ਰੁਤਬਾ ਹਾਸਲ ਕਰ ਲਿਆ ਹੈ। ਅੰਗਰੇਜ਼ੀ ਹੀ ਵਿਗਿਆਨ, ਤਕਨੌਲਜੀ, ਵਪਾਰ, ਤਰੱਕੀ ਵਿਕਾਸ ਅਤੇ ਇਸ ਤਰ੍ਹਾਂ ਦੀ ਹੋਰ ਖੇਤਰ ਦੀ ਭਾਸ਼ਾ ਮੰਨਿਆ ਜਾਂਦਾ ਹੈ। ਇਸ ’ਤੇ ਵੀ ਅਕਸਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਨੀਆਂ ਬਾਰੇ ਜਿਆਦਾ ਅਤੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਵਿਅਕਤੀ ਨੂੰ ਅੰਗਰੇਜ਼ੀ ਦਾ ਜਾਣੂ ਹੋਣਾ ਜ਼ਰੂਰੀ ਹੈ। ਕੋਈ ਵੀ ਭਾਸ਼ਾ ਇਸ ਕਰਕੇ ਗਾਲਬ ਭਾਸ਼ਾ ਨਹੀਂ ਬਣਦੀ ਕਿਉਕਿ ਉਹ ਖੂਬਸੂਰਤ ਜਾਂ ਉਸ ਵਿੱਚ ਪ੍ਰਗਟਾਵੇ ਦੀ ਵੱਧ ਯੋਗਤਾ ਹੈ। ਨਾ ਹੀ ਕੋਈ ਭਾਸ਼ਾ ਇਸ ਕਰਕੇ ਗਾਲਬ ਭਾਸ਼ਾ ਬਣਦੀ ਹੈ ਕਿ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਜਿਆਦਾ ਹੈ। ਨਾ ਹੀ ਇਸ ਕਰਕੇ ਕਿ ਕੋਈ ਭਾਸ਼ਾ ਕਿੰਨੀ ਪੁਰਾਣੀ ਹੈ। ਮਸਲਨ ਅੰਗਰੇਜ਼ੀ ਦਾ ਪਹਿਲਾ ਕਵੀ ਚੌਸਰ (1343-1400) ਸੀ ਅਤੇ ਪੰਜਾਬੀ ਦਾ ਪਹਿਲਾ ਕਵੀ ਬਾਬਾ ਫ਼ਰੀਦ (1173-1266) ਸੀ। ਯਾਨਿ ਚੌਸਰ ਬਾਬਾ ਫਰੀਦ ਦੇ ਪੜਪੋਤਿਆਂ ਤੋਂ ਵੀ ਛੋਟਾ ਸੀ। ਸਗੋਂ ਇੱਕ ਭਾਸ਼ਾ ਇਸ ਕਰਕੇ ਗਾਲਬ ਭਾਸ਼ਾ ਬਣਦੀ ਹੈ ਕਿਉਕਿ ਉਸਨੂੰ ਬੋਲਣ ਵਾਲਿਆਂ ਕੋਲ ਤਾਕਤ (ਫੌਜੀ, ਆਰਥਿਕ, ਸਿਆਸੀ, ਸੱਭਿਆਚਾਰਕ) ਹੁੰਦੀ ਹੈ। ਬਰਤਾਨੀਆ ਸਾਮਰਾਜ ਨੇ ਆਪਣੇ ਅਧੀਨ ਆਉਦੇ ਇਲਾਕਿਆਂ ਵਿੱਚ ਅਜਿਹੀਆਂ ਵਿੱਦਿਅਕ ਨੀਤੀਆਂ ਬਣਾਈਆਂ ਜੋ ਉਹਨਾਂ ਦੇ ਹਿੱਤ ਪੂਰਦੀਆਂ ਸਨ। ਬਸਤੀਆਂ ਵਿੱਚ ਵਿੱਦਿਆ ਦਾ ਇੱਕ ਮਕਸਦ ਬਸਤੀਆਂ ਦੇ ਲੋਕਾਂ ਵਿੱਚ ਪੜ੍ਹੇ-ਲਿਖੇ ਲੋਕਾਂ ਦੀ ਇੱਕ ਅਜਿਹੀ ਜਮਾਤ ਪੈਦਾ ਕਰਨਾ ਸੀ ਜੋ ਬਸਤੀਵਾਦੀਆਂ ਅਤੇ ਬਸਤੀਆਂ ਦੇ ਲੋਕਾਂ ਵਿਚਕਾਰ ਵਿਚੋਲਿਆਂ ਦਾ ਕੰਮ ਕਰ ਸਕਣ। ਸੰਨ 1835 ਵਿੱਚ ਲਾਰਡ ਮੈਕਾਲੇ ਪਬਲਿਕ ਇਨਫਰਾਸਟਰੱਕਚਰ ਬਾਰੇ ਗਵਰਨਰ ਜਨਰਲ ਦੀ ਕਮੇਟੀ ਦਾ ਚੇਅਰਮੈਨ ਸੀ, ਉਸ ਸਮੇਂ ਹਿੰਦੋਸਤਾਨ ਵਿੱਚ ਅੰਗਰੇਜ਼ੀ ਨੂੰ ਵਿਦਿਅਕ ਮਾਧਿਅਮ ਵਜੋਂ ਵਰਤਣ ਦੇ ਹੱਕ ਵਿੱਚ ਇਹ ਦਲੀਲ ਦਿੰਦਿਆਂ ਉਸ ਨੇ ਕਿਹਾ, ‘‘ਆਪਣੇ ਸੀਮਤ ਵਸੀਲਿਆਂ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸਿੱਖਿਅਤ ਕਰਨਾ ਸਾਡੇ ਲਈ ਮੁਸ਼ਕਿਲ ਹੈ। ਇਸ ਸਮੇਂ ਸਾਨੂੰ ਇੱਕ ਅਜਿਹੀ ਜਮਾਤ ਪੈਦਾ ਕਰਨ ਦੇ ਯਤਨ ਕਰਨੇ ਚਾਹੀਦੇ ਹਨ, ਜੋ ਸਾਡੇ ਅਤੇ ਸਾਡੇ ਸਾਸ਼ਨ ਅਧੀਨ ਆਉਦੇ ਕਰੋੜਾਂ ਲੋਕਾਂ ਵਿਚਕਾਰ ਦੁਭਾਸ਼ੀਏ ਦਾ ਰੋਲ ਅਦਾ ਕਰ ਸਕੇ। ਅਜਿਹੇ ਲੋਕਾਂ ਦੀ ਜਮਾਤ ਜੋ ਰੰਗ ਅਤੇ ਨਸਲ ਦੇ ਅਧਾਰ ਉੱਤੇ ਹਿੰਦੁਸਤਾਨੀ ਹੋਣ ਪਰ ਸੁਆਦਾਂ ਅਤੇ ਨੈਤਿਕ ਕਦਰਾਂ ਕੀਮਤਾਂ ਅਤੇ ਬੌਧਿਕ ਪੱਖੋਂ ਅੰਗਰੇਜ਼ ਹੋਣ। ਬਰਤਾਨੀਆ ਦੀਆਂ ਅਫਰੀਕੀ ਬਸਤੀਆਂ ਵਿੱਚ ਵੀ ਹਾਲਤ ਹਿੰਦੋਸਤਾਨ ਵਰਗੇ ਸਨ। ਅਫਰੀਕਾ ਇਸ ਵਿੱਦਿਆ ਦੀਆਂ ਨੀਤੀਆਂ ਬਣਾਉਣ ਵਾਲਿਆਂ ਦੀ ਸੋਚ ਸੀ ਕਿ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਹਨਾਂ ਦੇ ਮਨਾਂ ਵਿੱਚ ਅਫਰੀਕੀ ਸੱਭਿਆਚਾਰ ਅਤੇ ਗਿਆਨ ਦਾ ਕੋਈ ਆਦਰ ਨਹੀਂ ਸੀ। ਸੰਨ 1873 ਵਿੱਚ ਪੱਛਮੀ ਅਫਰੀਕਾ ਦਾ ਵਿਦਿਅਕ ਇੰਸਪੈਕਟਰ ਰੈਕਵੈਡ ਮੈਟਕਾਫ ਸੰਟਰ ਮਹਿਸੂਸ ਕਰਦਾ ਸੀ ਕਿ, ‘‘ਅਫਰੀਕੀ ਲੋਕਾਂ ਦਾ ਆਪਣਾ ਕੋਈ ਇਤਿਹਾਸ ਨਹੀਂ ਹੈ’’ ਅਤੇ ਉਹ ਸਥਾਨਕ ਬੋਲੀਆਂ ਵਿੱਚ ਵਿੱਦਿਆ ਦੇਣ ਦਾ ਸਖਤ ਵਿਰੋਧੀ ਸੀ। ਇਸ ਤਰ੍ਹਾਂ ਬਰਤਾਨਵੀ ਸਾਮਰਾਜ ਨੇ ਅੰਗਰੇਜ਼ੀ ਨਾ ਬੋਲਣ ਵਾਲੇ ਖਿੱਤਿਆਂ ਵਿੱਚ ਅੰਗਰੇਜ਼ੀ ਨੂੰ ਇੱਕ ਗਲਬੇ ਵਾਲੀ ਬੋਲੀ ਦੇ ਤੌਰ ’ਤੇ ਸਥਾਪਿਤ ਕੀਤਾ। ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ ਨੇ ਅੰਗਰੇਜ਼ੀ ਨਾ ਬੋਲਣ ਵਾਲੇ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਅੰਗਰੇਜ਼ੀ ਦਾ ਪਸਾਰ ਕਰਨ ਲਈ ਬਹੁਤ ਯਤਨ ਕੀਤੇ। ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਕਿ ਉਹ ਸਮਝਦੇ ਸਨ ਕਿ ਅੰਗਰੇਜ਼ੀ ਦੀ ਸਿਖਲਾਈ ਆਪਣੇ ਆਪ ਵਿੱਚ ਉਹਨਾਂ ਲਈ ਇੱਕ ਵੱਡਾ ਵਪਾਰ ਹੈ। ਇਹ ਤੀਜੀ ਦੁਨੀਆਂ ਦੇ ਦੇਸ਼ਾਂ ਨਾਲ ਉਹਨਾਂ ਦੇ ਵਪਾਰ ਵਿੱਚ ਵਾਧਾ ਕਰਨ ਵਿੱਚ ਮੱਦਦਗਾਰ ਹੈ ਅਤੇ ਇਹ ਉਹਨਾਂ ਦੀ ਵਿਦੇਸ਼ ਨੀਤੀ ਦੇ ਉਦੇਸ਼ ਦੀ ਪ੍ਰਫੁੱਲਤਾ ਲਈ ਸਹਾਈ ਹੈ। ਬਰਤਾਨੀਆ ਲਈ ਬਿ੍ਰਟਿਸ਼ ਕੌਂਸਲ ਨਾਂ ਦੀ ਨੀਮ ਸਰਕਾਰੀ ਸੰਸਥਾ ਅੰਗਰੇਜ਼ੀ ਦੇ ਪਸਾਰ ਲਈ ਕੰਮ ਕਰ ਰਹੀ ਹੈ। ਇਹ ਸੰਸਥਾ 1934 ਵਿੱਚ ਬਾਹਰਲੇ ਦੇਸ਼ਾਂ ਵਿੱਚ ਜਰਮਨੀ ਅਤੇ ਇਟਲੀ ਦੇ ਪ੍ਰਾਪੇਗੰਡੇ ਦਾ ਮੁਕਾਬਲਾ ਕਰਨ ਲਈ ਹੋਂਦ ਵਿੱਚ ਆਈ ਸੀ। 1934 ਤੋਂ ਬਾਅਦ ਬਿ੍ਰਟਿਸ਼ ਕੌਂਸਲ ਦਾ ਵੱਡਾ ਪਸਾਰ ਹੋਇਆ ਹੈ। 1935 ਵਿੱਚ ਇਸਦਾ ਬਜਟ 6000 ਪੌਂਡ ਸੀ, 1989-90 ਵਿੱਚ ਵਧ ਕੇ 32 ਕਰੋੜ 10 ਲੱਖ ਹੋ ਗਿਆ। ਸੰਨ 1997-98 ਦੌਰਾਨ ਕੌਂਸਲ ਦੇ 109 ਦੇਸ਼ਾਂ ਵਿੱਚ ਦਫ਼ਤਰ ਸਨ। ਉਸ ਸਮੇਂ ਦੌਰਾਨ ਇਹ ਦੁਨੀਆਂ ਭਰ ਵਿੱਚ 118 ਟੀਚਿੰਗ ਸੈਂਟਰ ਅਤੇ 209 ਲਾਇਬਰੇਰੀਆਂ ਚਲਾ ਰਹੀ ਸੀ। ਕੌਂਸਲ ਦੀ ਸਾਲ 2005-06 ਦੀ ਸਾਲਾਨਾ ਰਿਪੋਰਟ ਮੁਤਾਬਿਕ ਇਹ ਬੱਜਟ ਸਾਲ ਦੌਰਾਨ ਕੌਂਸਲ ਵੱਲੋਂ ਖਰਚੀ ਗਈ ਕੁੱਲ ਰਕਮ 50 ਕਰੋੜ ਪੌਂਡ ਤੋਂ ਵੱਧ ਸੀ। ਇਸ ਵਿੱਚੋਂ ਕੌਂਸਲ ਨੇ ਅੰਗਰੇਜ਼ੀ ਦੀ ਪੜ੍ਹਾਈ ਨੂੰ ਹੱਲਾਸ਼ੇਰੀ ਦੇਣ ਲਈ 18.9 ਕਰੋੜ ਪੌਂਡ ਖਰਚ ਕੀਤੇ। ਅੰਗਰੇਜ਼ੀ ਦੀ ਤਰੱਕੀ ਅਤੇ ਪੜ੍ਹਾਈ ਅਮਰੀਕਾ ਦੀ ਵਿਦੇਸ਼ ਨੀਤੀ ਦਾ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ। ਇਸ ਲਈ ਕਈ ਸਰਕਾਰੀ ਏਜੰਸੀਆਂ ਅਤੇ ਨਿੱਜੀ ਫਾਉਡੇਸ਼ਨਾਂ ਅੰਗਰੇਜ਼ੀ ਦੀ ਤਰੱਕੀ ਲਈ ਕੰਮ ਕਰਦੀਆਂ/ਕਰ ਰਹੀਆਂ ਹਨ। ਇਹ ਏਜੰਸੀਆਂ ਅੰਗਰੇਜ਼ੀ ਦੀ ਤਰੱਕੀ ਲਈ ਕਈ ਖੇਤਰਾਂ ਵਿੱਚ ਕੰਮ ਕਰਦੀਆਂ ਹਨ। ਉਹ ਕਿਤਾਬਾਂ ਦਾਨ ਕਰਦੀਆਂ ਹਨ, ਕਿਤਾਬਾਂ ਨਿਰਯਾਤ ਕਰਨ ਲਈ ਸਬਸਿਡੀਆਂ ਦਿੰਦੀਆਂ ਹਨ, ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਲਾਇਬਰੇਰੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਖੋਲੇ ਸੈਂਟਰਾਂ ਰਾਹੀਂ ਅੰਗਰੇਜ਼ੀ ਦੀ ਪੜ੍ਹਾਈ ਕਰਾਉਦੀਆਂ ਹਨ। ਦੁਨੀਆਂ ਵਿੱਚ ਅੰਗਰੇਜ਼ੀ ਦਾ ਗਲਬਾ ਗੈਰ-ਅੰਗਰੇਜ਼ੀ ਬੋਲਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੇ ਸਮਾਜਿਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਜੀਵਨ ਉੱਪਰ ਵੱਡਾ ਅਸਰ ਪਾ ਰਿਹਾ ਹੈ। ਇਹ ਉਹਨਾਂ ਦੇ ਗਿਆਨ ਪੈਦਾ ਕਰਨ ਅਤੇ ਗਿਆਨ ਨੂੰ ਸੰਭਾਲਣ ਦੇ ਢੰਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸੰਸਾਰ ਪੱਧਰ ਉਪਰ ਅੰਗਰੇਜ਼ੀ ਦੇ ਗਲਬੇ ਨੇ ਪੱਛਮੀ ਦੇਸ਼ਾਂ ਅਤੇ ਤੀਜੀ