November 14, 2024

ਕੋਚਿੰਗ ਸੈਂਟਰਾਂ ਦੇ ਗੁਮਰਾਹਕੁੰਨ ਇਸ਼ਤਿਹਾਰ ’ਤੇ ਲੱਗੇਗੀ ਰੋਕ

ਨਵੀਂ ਦਿੱਲੀ, 14 ਨਵੰਬਰ – ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (CCPA) ਨੇ ਭਾਰਤ ਦੇ ਕੋਚਿੰਗ ਸੈਕਟਰ ’ਚ ਗੁਮਰਾਹਕੁੰਨ ਇਸ਼ਤਿਹਾਰਾਂ ਨਾਲ ਨਜਿੱਠਣ ਲਈ ਹਦਾਇਤਾਂ ਪੇਸ਼ ਕੀਤੀਆਂ ਹਨ। ਹਦਾਇਤਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਧੋਖਾਧੜੀ ਵਾਲੇ ਮਾਰਕੀਟਿੰਗ ਅਭਿਆਸਾਂ ਤੋਂ ਬਚਾਉਣਾ, ਪਾਰਦਰਸ਼ਤਾ ਅਤੇ ਨੈਤਿਕ ਅਭਿਆਸਾਂ ਨੂੰ ਯਕੀਨੀ ਬਣਾਉਣਾ ਹੈ। ਪ੍ਰਮੁੱਖ ਪ੍ਰਬੰਧਾਂ ’ਚ ਇਸ਼ਤਿਹਾਰਾਂ ਨੂੰ ਨਿਯਮਤ ਕਰਨਾ, ਸੱਚੀ ਨੁਮਾਇੰਦਗੀ, ਵਿਦਿਆਰਥੀ ਦੀ ਸਫਲਤਾ ਦੀ ਕਹਾਣੀ ਦੀ ਸਹਿਮਤੀ, ਪਾਰਦਰਸ਼ਤਾ ਅਤੇ ਖੁਲਾਸੇ ਸ਼ਾਮਲ ਹਨ। ਕੋਚਿੰਗ ਸੈਂਟਰਾਂ ਨੂੰ ਕੋਰਸਾਂ, ਫੀਸਾਂ, ਫੈਕਲਟੀ ਯੋਗਤਾਵਾਂ, ਸਫਲਤਾ ਦਰਾਂ ਅਤੇ ਨੌਕਰੀ ਦੀ ਸੁਰੱਖਿਆ ਬਾਰੇ ਝੂਠੇ ਦਾਅਵੇ ਕਰਨ ਤੋਂ ਮਨਾਹੀ ਹੈ। ਖਪਤਕਾਰ ਸੁਰੱਖਿਆ ਐਕਟ, 2019 ਦੇ ਤਹਿਤ ਦੇਣਦਾਰੀ ਤੋਂ ਬਚਣ ਲਈ ਸਮਰਥਨ ਕਰਨ ਵਾਲਿਆਂ ਨੂੰ ਦਾਅਵਿਆਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਹਦਾਇਤਾਂ ’ਚ ਨਿਰਪੱਖ ਇਕਰਾਰਨਾਮਿਆਂ ਦੀ ਵੀ ਲੋੜ ਹੁੰਦੀ ਹੈ, ਗਲਤ ਤੁਰਤ ਰਣਨੀਤੀਆਂ ’ਤੇ ਰੋਕ ਲਗਾਈ ਜਾਂਦੀ ਹੈ, ਅਤੇ ਕੌਮੀ ਖਪਤਕਾਰ ਹੈਲਪਲਾਈਨ ਨਾਲ ਸਹਿਯੋਗ ਨੂੰ ਲਾਜ਼ਮੀ ਬਣਾਇਆ ਜਾਂਦਾ ਹੈ। CCPA ਪਹਿਲਾਂ ਹੀ ਗੁਮਰਾਹਕੁੰਨ ਇਸ਼ਤਿਹਾਰਾਂ, ਨੋਟਿਸ ਜਾਰੀ ਕਰਨ ਅਤੇ ਕੋਚਿੰਗ ਸੰਸਥਾਵਾਂ ’ਤੇ ਜੁਰਮਾਨਾ ਲਗਾਉਣ ਵਿਰੁਧ ਕਾਰਵਾਈ ਕਰ ਚੁੱਕਾ ਹੈ। ਹਦਾਇਤਾਂ ਪ੍ਰਭਾਵਸ਼ਾਲੀ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਹਿੱਸੇਦਾਰਾਂ ਨਾਲ ਕੰਮ ਕਰਨ ਲਈ CCPA ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਹਦਾਇਤਾਂ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵਧੇਰੇ ਜਾਣਕਾਰੀ ਲਈ, ਭਾਰਤ ਦੇ ਕੋਚਿੰਗ ਸੈਕਟਰ ’ਚ ਖਪਤਕਾਰ ਸੁਰੱਖਿਆ ਨਿਯਮਾਂ ਬਾਰੇ ਅਪਡੇਟਾਂ ਲਈ ਆਨਲਾਈਨ ਖੋਜ ਕਰਨ ’ਤੇ ਵਿਚਾਰ ਕਰੋ।

ਕੋਚਿੰਗ ਸੈਂਟਰਾਂ ਦੇ ਗੁਮਰਾਹਕੁੰਨ ਇਸ਼ਤਿਹਾਰ ’ਤੇ ਲੱਗੇਗੀ ਰੋਕ Read More »

‘ਦਿਸ਼ਾ’ ਵੱਲੋ ਪੁਸਤਕ ਲੋਕ ਅਰਪਨ ਅਤੇ ਗੋਸ਼ਟੀ ਦੇ ਸ਼ਾਨਦਾਰ ਸਮਾਗਮ

ਬਰੈਂਪਟਨ, 14 ਨਵੰਬਰ – ਬਰੈਂਪਟਨ ਵਿੱਚ ਔਰਤਾਂ ਦੀ ਸਰਗ਼ਰਮ ਸੰਸਥਾ ‘ਦਿਸ਼ਾ ਅਤੇ ‘ਹੈਟਸ-ਅੱਪ ਨਾਟਕ ਟੀਮ ਵੱਲੋਂ ਬੀਤੇ ਸ਼ਨੀਵਾਰ ਨੂੰ ਬਲਜੀਤ ਰੰਧਾਵਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਲੇਖ ਨਹੀਂ ਜਾਣੇ ਨਾਲ਼ ਉੱਪਰ ਸ਼ਾਨਦਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ਅਤੇ ਸੁਰਜੀਤ ਕੌਰ ਵੋੱਲੋਂ ਪੁਸਤਕ ਉੱਪਰ ਪੇਪਰ ਪੇਸ਼ ਕੀਤੇ ਗਏ ਅਤੇ ਕਈ ਹੋਰਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਮਾਗ਼ਮ ਦੇ ਪ੍ਰਧਾਨਗੀ-ਮੰਡਲ ਵਿੱਚ ਪ੍ਰਮੁੱਖ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਪੁਸਤਕ ਲੇਖਿਕਾ ਬਲਜੀਤ ਰੰਧਾਵਾ, ਸੁਰਿੰਦਰ ਨੀਰ ਡਾ. ਕੰਵਲਜੀਤ ਕੌਰ ਢਿੱਲੋਂ ਸ਼ਾਮਲ ਸਨ। ਡਾ. ਕੁਲਦੀਪ ਕੌਰ ਪਾਹਵਾ ਨੇ ਆਪਣੇ ਪੇਪਰ ਵਿੱਚ ਬਲਜੀਤ ਰੰਧਾਵਾ ਅਤੇ ਉਸਦੀ ਲੇਖਣੀ ਦੀ ਸਰਾਹਨਾ ਕਰਦਿਆਂ ਜਿੱਥੇ ਪੁਸਤਕ ਦੇ ਵੱਖ-ਵੱਖ ਲੇਖਾਂ ਵਿਚ ਦਰਸਾਏ ਗਏ ਕੈਨੇਡਾ ਦੇ ਸਮਾਜਿਕ ਜੀਵਨ ਅਤੇ ਇੱਥੇ ਆਉਣ ਵਾਲੇ ਨਵੇਂ ਇਮੀਗਰੈਂਟਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ, ਉੱਥੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਪੁਸਤਕ ਦੇ ਰੂਪਕ ਪੱਖ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ ਕਿ ਬਲਜੀਤ ਨੇ ਇਸ ਪੁਸਤਕ ਵਿੱਚ ਕੈਨੇਡਾ ਬਾਰੇ ਵਿਸਤ੍ਰਿਤ ਜਾਣਕਾਰੀ ਲੇਖਾਂ ਅਤੇ ਪੀੜਤ ਲੜਕੀ ਵੱਲੋ ਚਿੰਨਾਤਮਕ ਰੂਪ ਵਿੱਚ ਆਪਣੀ ਮਾਂ ਨੂੰ ਲਿਖੀ ਗਈ ਚਿੱਠੀ ਕਾਬਲੇ ਤਾਰੀਫ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪੇਪਰ ਵਿੱਚ ਬਲਜੀਤ ਰੰਧਾਵਾ ਦੀ ਇਸ ਪੁਸਤਕ ਨੂੰ ‘ਕੈਨੇਡਾ ਦੇ ਸਮਾਜਿਕ ਜੀਵਨ ਦਾ ਦਰਪਣ’ ਕਰਾਰ ਦਿੰਸਿਆਂ ਕਿਹਾ ਕਿ ਜਿਵੇਂ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ ਅਤੇ ਉਹ ਓਹੀ ਤਸਵੀਰ ਵਿਖਾਉਂਦਾ ਹੈ ਜੋ ਕੁਝ ਉਸ ਦੇ ਸਾਹਮਣੇ ਹੁੰਦਾ ਹੈ, ਬਿਲਕੁਲ ਉਵੇਂ ਵੀ ਬਲਜੀਤ ਦੀ ਇਹ ਪੁਸਤਕ ਕੈਨੇਡਾ ਦੀਆਂ ਕੌੜੀਆਂ ਸੱਚਾਈਆਂ, ਲੋਕਾਂ ਦੀਆਂ ਦੁਸ਼ਵਾਰੀਆਂ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੂ-ਬ-ਹੂ ਪੇਸ਼ ਕਰਦੀ ਹੈ। ਸੁਰਜੀਤ ਕੌਰ ਨੇ ਆਪਣੇ ਪੇਪਰ ਵਿੱਚ ਵਿੱਚ ਦੱਸਿਆ ਕਿ ਬਲਜੀਤ ਰੰਧਾਵਾ ਦੀ ਕੈਨੇਡਾ ਬਾਰੇ ਵੱਡਮੁੱਲੀ ਜਾਣਕਾਰੀ ਨਾਲ ਭਰਪੂਰ ਇਸ ਪੁਸਤਕ ਵਿਚ ਉਸਦੇ ਵੱਲੋਂ ਕੈਨੇਡਾ ਦੇ ਸਮਾਜ, ਇੱਥੋਂ ਦੇ ਵਰਕ ਕਲਚਰ, ਵਾਤਾਵਰਣ, ਕੈਨੇਡਾ ਦੇ ਇਤਿਹਾਸਕ ਪਿਛੋਕੜ ਅਤੇ ਮੌਜੂਦਾ ਹਾਲਾਤ ਬਾਰੇ ਬਾਖ਼ੂਬੀ ਦਰਸਾਇਆ ਗਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਬਲਜੀਤ ਦੀ ਇਸ ਪੁਸਤਕ ਵਿਚਲੇ ਲੇਖਾਂ ਦੇ ਅਧਾਰਿਤ ਨਾਟਕ “ਪੈਰਾਂ ਨੂੰ ਕਰਾ ਦੇ ਝਾਂਜਰਾਂ (ਲੇਖਕ ਨਿਰਦੇਸ਼ਕ ਹੀਰਾ ਰੰਧਾਵਾ) ਦੀਆਂ ਪੇਸ਼ਕਾਰੀਆਂ ਕੈਨੇਡਾ ਅਤੇ ਪੰਜਾਬ ਦੇ ਬਹੁਤ ਸਾਰੇ ਥਾਂਵਾਂ ‘ਤੇ ਹੋਈਆਂ ਹਨ ਜਦ ਕਿ ਏਸੇ ਹੀ ਕਿਤਾਬ ਦੇ ਲੇਖਾਂ ਉੱਤੇ ਅਧਾਰਿਤ ਨਾਟਕ “ਮਾਏ ਨੀ ਮੈਂ ਕੀਹਨੂੰ ਆਖਾਂ?” (ਲੇਖਕ ਨਿਰਦੇਸ਼ਕ ਗੁਰਿੰਦਰ ਮਕਨਾ) ਦੀਆਂ ਪੇਸ਼ਕਾਰੀਆਂ ਵੀ ਪੰਜਾਬ ਵਿੱਚ ਬਹੁਤ ਸਾਰੇ ਥਾਂਵਾਂ ‘ਤੇ ਹੋਈਆਂ ਜਿਨ੍ਹਾਂ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਬਲਜੀਤ ਰੰਧਾਵਾ ਵੱਲੋਂ ਵੀ ਆਪਣੇ ਸੰਬੋਧਨ ਵਿੱਚ ਪੁਸਤਕ ਉੱਪਰ ਪੇਪਰ ਪੇਸ਼ ਕਰਨ ਵਾਲੇ ਬੁਲਾਰਿਆਂ ਅਤੇ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ‘ਢਾਹਾਂ ਪੁਰਸਕਾਰ ਜੇਤੂ ਸੁਰਿੰਦਰ ਨੀਰ ਨੂੰ ‘ਦਿਸ਼ਾ ਦੀਆਂ ਮੈਂਬਰ ਬੀਬੀਆਂ ਵੱਲੋਂ ਸਨਮਾਨ-ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗ਼ਮ ਵਿਚ ਹੀਰਾ ਰੰਧਾਵਾ ਵੱਲੋਂ ਹਿੰਦੀ ਨਾਟਕਾਂ ਦੀ ਪੰਜਾਬੀ ਵਿੱਚ ਅਨੁਵਾਦ ਕੀਤੀ ਗਈ ਪੁਸਤਕ ‘ਸੱਚ ਦੀ ਸਰਦਲ ‘ਤੇ’ ਹੈਟਸ-ਅੱਪ ਦੇ ਕਲਾਕਾਰਾਂ ਅਤੇ ਮੁੱਖ ਮਹਿਮਾਨ ਵੱਲੋਂ ਲੋਕ-ਅਰਪਿਤ ਕੀਤੀ ਗਈ। ਇਸ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ ਤਿੰਨ ਨਾਟਕ ‘ਸੱਚ ਦੀ ਸਰਦਲ ‘ਤੇ, ‘ਜਨਤਾ ਪਾਗਲ ਹੋ ਗਈ ਅਤੇ ‘ਬਾਲ ਭਗਵਾਨ’ ਸ਼ਾਮਲ ਕੀਤੇ ਗਏ ਹਨ ਜੋ ਹਿੰਦੀ ਵਿੱਚ ਕਰਮਵਾਰ ‘ਚੌਰਾਹੇ ਪਰ (ਅੰਮ੍ਰਿਤ ਲਾਲ ਮਦਾਨ), ‘ਪਾਗਲ ਲੋਕ (ਸ਼ਿਵ ਰਾਮ) ਅਤੇ ‘ਬਾਲ ਭਗਵਾਨ (ਸ਼ਵਦੇਸ਼ ਦੀਪਕ) ਵੱਲੋਂ ਲਿਖੇ ਗਏ ਹਨ। ਉਨ੍ਹਾਂ ਵੱਲੋਂ ਸਮਾਗ਼ਮ ਦੇ ਬੁਲਾਰਿਆਂ ਅਤੇ ਸਰੋਤਿਆਂ ਦਾ ਬੜੇ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ ਗਿਆ। ਸਮਾਗ਼ਮ ਦੀ ਪ੍ਰਧਾਨਗੀ ਕਰ ਰਹੇ ਡਾ. ਵਰਿਆਮ ਸਿੰਘ ਸੰਧੂ ਨੇ ‘ਦਿਸ਼ਾ ਦੀਆਂ ਪ੍ਰਬੰਧਕ ਬੀਬੀਆਂ ਵੱਲੋਂ ਆਯੋਜਿਤ ਕੀਤੇ ਗਏ ਇਸ ਸਫ਼ਲ ਸਮਾਗਮ ਦੀ ਸਰਾਹਨਾ ਕਰਦਿਆਂ ਬਲਜੀਤ ਰੰਧਾਵਾ ਨੂੰ ਉਸ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼ ਜਿਸ ਦਾ ਮੁੱਖ-ਬੰਦ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ, ਦੀ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਹੀਰਾ ਰੰਧਾਵਾ ਨੂੰ ਹਿੰਦੀ ਨਾਟਕਾਂ ਦੀ ਪੰਜਾਬੀ ਵਿਚ ਅਨੁਵਾਦ ਕੀਤੀ ਗਈ ਪੁਸਤਕ ‘ਸੱਚ ਦੀ ਸਰਦਲ਼ ‘ਤੇ’ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਹੀਰਾ ਰੰਧਾਵਾ ਜਿੱਥੇ ਨਾਟਕ ਦੇ ਖ਼ੇਤਰ ਵਿੱਚ ਬਾਖ਼ੂਬੀ ਕੰਮ ਕਰ ਰਿਹਾ ਹੈ, ਉੱਥੇ ਬਲਜੀਤ ਨੇ ਇਹ ਵਾਰਤਕ ਪੁਸਤਕ ਲਿਖ ਕੇ ਪੰਜਾਬੀ ਵਾਰਤਕ ਸਾਹਿਤ ਵਿਚ ਆਪਣਾ ਵਧੀਆ ਯੋਗਦਾਨ ਪਾਇਆ ਹੈ ਅਤੇ ਭਵਿੱਖ ਵਿਚ ਉਸ ਕੋਲੋਂ ਹੋਰ ਵੀ ਵਧੀਆ ਲਿਖੇ ਜਾਣ ਦੀ ਆਸ ਹੈ। ਸਮਾਗ਼ਮ ਵਿਚ ‘ਦਿਸ਼ਾ ਵੱਲੋਂ ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਜ਼ਰੂਰੀ ਵਿਸ਼ੇ ਵਜੋਂ ਪੜ੍ਹਾਏ ਜਾਣ ਬਾਰੇ ਅਸੈਂਬਲੀ ਵਿਚ ਸਰਬਸੰਮਤੀ ਨਾਲ ਕੀਤੇ ਗਏ ਫ਼ੈਸਲੇ ਦੀ ਪ੍ਰਸ਼ੰਸਾ, ਇਜ਼ਰਾਈਲ-ਫ਼ਲਸਤੀਨ ਜੰਗ ਵਿੱਚ ਹੋ ਰਹੇ ‘ਜਨ-ਸੰਘਾਰ ਵਿਰੁੱਧ ਆਵਾਜ਼ ਉਠਾਉਣ ਅਤੇ ਬਰੈਂਪਟਨ ਵਿਚ ਬੀਤੇ ਦਿਨੀਂ ਦੋ ਆਪਸ ਵਿਰੋਧੀ ਗਰੁੱਪਾਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਦੀ ਨਿਖੇਧੀ ਕਰਨ ਬਾਰੇ ਤਿੰਨ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਰਛਪਾਲ ਕੌਰ ਗਿੱਲ, ਜਗੀਰ ਕਾਹਲੋਂ, ਬਲਤੇਜ, ਕਰਮਜੀਤ ਗਿੱਲ ਅਤੇ ਰਾਜਵੰਤ ਸੰਧੂ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪਰਮਜੀਤ ਦਿੱਲੀ ਵੱਲੋਂ ‘ਦਿਸ਼ਾ ਵੱਲੋਂ ਸਮਾਗ਼ਮ ਰਚਾਏ ਗਏ ਇਸ ਸਮਾਗ਼ਮ ਵਿੱਚ ਪਧਾਰੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਹ ਸਮਾਗ਼ਮ ਵਿਸ਼ੇਸ਼ ਰੂਪ ਵਿੱਚ ਬੀਬੀਆਂ ਵੱਲੋਂ ਆਯੋਜਿਤ ਕੀਤਾ ਗਿਆ, ਇਸ ਲਈ ਇਸ ਵਿੱਚ ਉਨ੍ਹਾਂ ਦੀ ਗਿਣਤੀ ਵਧੇਰੇ ਹੋਣੀ ਸੁਭਾਵਿਕ ਸੀ ਪਰ ਫਿਰ ਵੀ ਕਈ ‘ਬੀਬਿਆਂ ਨੇ ਵੀ ਇਸ ਸਮਾਗ਼ਮ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਹਰਦਿਆਲ ਝੀਤਾ, ਨਿਰਮਲ ਜਸਵਾਲ, ਮਲਵਿੰਦਰ ਸਿੰਘ, ਤਲਵਿੰਦਰ ਸਿੰਘ ਮੰਡ, ਪ੍ਰੋ. ਨਛੱਤਰ ਸਿੰਘ ਗਿੱਲ, ਦਲਬੀਰ ਸਿੰਘ ਕਥੂਰੀਆ, ਕਰਮਜੀਤ ਸਿੰਘ ਗਿੱਲ ਅਤੇ ‘ਹੈਟਸ-ਅੱਪ ਟੀਮ ਦੇ ਕਲਾਕਾਰ ਸ਼ਿੰਗਾਰਾ ਸਮਰਾ, ਅਮੁੱਕ-ਰਾਬੀਆ, ਸੁੰਦਰਪਾਲ ਰਾਜਾਸਾਂਸੀ, ਰਿੰਟੂ ਭਾਟੀਆ, ਪ੍ਰੀਤ ਗਿੱਲ ਆਦਿ ਸ਼ਾਮਲ ਸਨ।

‘ਦਿਸ਼ਾ’ ਵੱਲੋ ਪੁਸਤਕ ਲੋਕ ਅਰਪਨ ਅਤੇ ਗੋਸ਼ਟੀ ਦੇ ਸ਼ਾਨਦਾਰ ਸਮਾਗਮ Read More »

ਹਰਿਆਣਾ ਨੂੰ ਜ਼ਮੀਨ ਦੇਣ ‘ਤੇ ਸੁਨੀਲ ਜਾਖੜ ਨੇ ਜਤਾਇਆ ਇਤਰਾਜ਼

ਹਰਿਆਣਾ, 14 ਨਵੰਬਰ – ਹਰਿਆਣਾ ਨੂੰ ਚੰਡੀਗੜ੍ਹ ‘ਚ ਵਿਧਾਨ ਸਭਾ ਲਈ ਜ਼ਮੀਨ ਦੇਣ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਉਨ੍ਹਾਂ ਲਈ ਜ਼ਮੀਨ ਦਾ ਟੁਕੜਾ ਨਹੀਂ ਹੈ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਮੇਂ ਵਿੱਚ ਪੰਜਾਬ ਦੇ ਜ਼ਖ਼ਮਾਂ ਨੂੰ ਭਰਨ ਲਈ ਕਈ ਉਪਰਾਲੇ ਕੀਤੇ ਹਨ। ਪਰ ਚੰਡੀਗੜ੍ਹ ਵਿੱਚ ਵਿਧਾਨ ਸਭਾ ਦੀ ਇਮਾਰਤ ਲਈ ਹਰਿਆਣਾ ਨੂੰ ਵੱਖਰੀ ਥਾਂ ਅਲਾਟ ਕਰਨ ਨਾਲ ਲੋਕਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਆਪਣੀ ਰਾਏ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਨੂੰ ਵੀ ਘੇਰਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜਾਖੜ ਨੇ ਲਿਖਿਆ ਹੈ ਕਿ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਤੇ ਚੰਡੀਗੜ੍ਹ ਨਾ ਸਿਰਫ ਜ਼ਮੀਨੀ ਖੇਤਰ ਹੈ ਸਗੋਂ ਇਸ ਨਾਲ ਪੰਜਾਬ ਦੇ ਲੋਕਾਂ ਦੀਆਂ ਡੂੰਘੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ। ਪੰਜਾਬ ਨੂੰ ਬੀਤੇ ਸਮੇਂ ਵਿਚ ਲੱਗੇ ਜਖ਼ਮਾਂ ਤੇ ਮੱਲਮ ਲਗਾਉਣ ਦੀ ਕੋਸ਼ਿਸ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀਆਂ ਦੇ ਸਮਾਜਿਕ ਅਤੇ ਧਾਰਮਿਕ ਚੜ੍ਹਦੀਕਲਾ ਲਈ ਜਿਹੜੇ ਕਦਮ ਚੱਕੇ ਹਨ, ਹਰਿਆਣਾ ਨੂੰ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਲਈ 10 ਏਕੜ ਜ਼ਮੀਨ ਦੇਣ ਨਾਲ ਉਨ੍ਹਾਂ ਦੇ ਇੰਨ੍ਹਾਂ ਉਪਰਾਲਿਆਂ ਨਾਲ ਪੰਜਾਬ ਨਾਲ ਬਣੀ ਨੇੜਤਾ ਨੂੰ ਠੇਸ ਪਹੁੰਚੇਗੀ। ਮੇਰਾ ਮੰਨਨਾ ਹੈ ਕਿ ਪੰਜਾਬ ਤੇ ਕੇਂਦਰ ਦੇ ਮਜਬੂਤ ਸਬੰਧਾਂ ਨੂੰ ਬਣਾਈ ਰੱਖਣ ਲਈ ਇਸ ਫੈਸਲੇ ‘ਤੇ ਪੁਨਰ ਵਿਚਾਰ ਹੋਣਾ ਚਾਹੀਦਾ ਹੈ ਅਤੇ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਨਿੱਜੀ ਦਖਲ ਦੇ ਕੇ ਇਸ ਫੈਸਲੇ ਨੂੰ ਰੱਦ ਕਰਵਾਉਣ। ਉਨ੍ਹਾਂ ਲਿਖਿਆ ਕਿ ਜਿਸ ਮੁੱਦੇ ‘ਤੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕਮਤ ਸਨ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਨਾਸਮਝੀ ਕਾਰਨ ਚੰਡੀਗੜ੍ਹ ਤੇ ਪੰਜਾਬ ਦਾ ਦਾਅਵਾ ਕਮਜ਼ੋਰ ਹੋਇਆ ਹੈ।

ਹਰਿਆਣਾ ਨੂੰ ਜ਼ਮੀਨ ਦੇਣ ‘ਤੇ ਸੁਨੀਲ ਜਾਖੜ ਨੇ ਜਤਾਇਆ ਇਤਰਾਜ਼ Read More »

ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਲਈ ਐਸ.ਅਸ਼ੋਕ ਭੌਰਾ ਦੀ ਅਗਵਾਈ ’ਚ ਸਾਹਿਤਕ ਕਾਫ਼ਲਾ ਲਾਹੌਰ ਪੁੱਜਾ

-ਨਿਊਜ਼ੀਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਸਮੇਤ ਅਮਰੀਕਾ ਅਤੇ ਭਾਰਤ ਤੋਂ ਪ੍ਰਤੀਨਿੱਧ ਵੀ ਪ੍ਰਤੀਨਿੱਧ ਪੁੱਜੇ ਪੰਜਾਬੀਓ ਸਾਡੀ ਮਾਂ ਬੋਲੀ ਪੰਜਾਬੀ ਇਕ ਬੰਨੇ ਕਸੂਰੀ ਦੂਜੇ ਬੰਨੇ ਗੁਰਗਾਬੀ ਲਾਹੌਰ, 14 ਨਵੰਬਰ (ਹਰਜਿੰਦਰ ਸਿੰਘ ਬਸਿਆਲਾ) – ਪੰਜਾਬੀ ਪ੍ਰਚਾਰ ਵੱਲੋਂ ਪੰਜਾਬੀ ਲਹਿਰ ਅਤੇ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ, ਆਰਟ ਐਂਡ ਕਲਚਰ (ਪਿਲਾਕ) ਦੇ ਸਹਿਯੋਗ ਨਾਲ ਲਾਹੌਰ ਦੇ ਕਦਾਫ਼ੀ ਸਟੇਡੀਅਮ ਵਿਚ ਹੋਣ ਵਾਲੀ ਦੂਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਵਿਚ ਭਾਗ ਲੈਣ ਲਈ ਅੱਜ ਪਹਿਲਾ ਕਾਫਲਾ ਸ੍ਰੀ ਐਸ. ਅਸ਼ੋਕ ਭੌਰਾ ਦੀ ਅਗਵਾਈ ਵਿਚ ਲਾਹੋਰ ਪਹੁੰਚਿਆ। ਵਾਹਗਾ ਬਾਰਡਰ ਪੁੱਜਣ ’ਤੇ ਇਸ ਕਾਫਲੇ ਦਾ ਸਵਾਗਤ ਕਰਨ ਦੇ ਲਈ ਸ੍ਰੀ ਅਹਿਮਦ ਰਜਾ ਪੰਜਾਬੀ, ਸ੍ਰੀ ਨਾਸਿਰ ਢਿੱਲੋਂ, ਸ੍ਰੀ ਸਰਵਰ ਭੁੱਟਾ, ਸ੍ਰੀ ਗੋਗੀ ਸ਼ਾਹ, ਸ੍ਰੀ ਅੰਜੁਮ ਗਿੱਲ, ਸ੍ਰੀ ਰਮਜ਼ਾਨ ਗੁੱਜਰ, ਸ੍ਰੀ ਫੈਸਲ ਅਲੀ ਅਤੇ ਉੱਘੀ ਗਾਇਕਾ ਫਲਕ ਇਜਾਜ਼ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਜੀ ਆਇਆਂ ਆਖਿਆ। ਪੰਜਾਬੀ ਪ੍ਰਚਾਰ ਦੇ ਮੁੱਖ ਸੰਚਾਲਕ ਸ੍ਰੀ ਅਹਿਮਦ ਰਜਾ ਪੰਜਾਬੀ ਨੇ ਤਿੰਨ ਦਿਨਾਂ ਪੰਜਾਬੀ ਕਾਨਫਰੰਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ‘‘ਲਹਿੰਦੇ ਪੰਜਾਬ ਦੀ ਮਾਣਯੋਗ ਮੁੱਖ ਮੰਤਰੀ ਮਰੀਅਮ ਸ਼ਾਰੀਫ ਦੀ ਸਰਕਾਰ ਵੱਲੋਂ ਸਕੂਲਾਂ ਦੇ ਵਿਚ ਪੰਜਾਬੀ ਲਾਜ਼ਮੀ ਕਰਨ ਦੇ ਫੈਸਲੇ ਨਾਲ ਜਿੱਥੇ ਪੰਜਾਬੀ ਭਾਸ਼ਾ ਪ੍ਰੇਮੀਆ ਦਾ ਉਤਸ਼ਾਹ ਹੋਰ ਵਧਿਆ ਹੈ, ਉਥੇ ਆਪਸੀ ਸਾਂਝ ਹੋਰ ਪੀਡੀ ਹੋਵੇਗੀ। ਇਸ ਦੂਜੀ ਕਾਨਫਰੰਸ ਦੇ ਵਿਚ ਭਾਗ ਲੈਣ ਲਈ ਦੁਨੀਆ ਦੇ ਵਿਚ ਵਸਦੇ ਪੰਜਾਬੀਆਂ ਦੀ ਉਤਸੁਕਤਾ ਹੋਰ ਵਧੀ ਹੈ।’’ ਸ੍ਰੀ ਐਸ. ਅਸ਼ੋਕ ਭੌਰਾ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਪ੍ਰਤੀ ਇਸ ਮੁਹੱਬਤ ਦਾ ਮੁੱਲ ਨਹੀਂ ਮੋੜਿਆ ਜਾ ਸਕਦਾ। ਲਹਿੰਦੇ ਪੰਜਾਬ ਵਿਚ ਆਪਣੀ ਜ਼ੁਬਾਨ ਅਤੇ ਬੋਲੀ ਲਈ ਵੱਡੀ ਗਿਣਤੀ ਦੇ ਵਿਚ ਪੰਜਾਬੀ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੋਲੀ, ਵਿਰਾਸਤ, ਗੀਤ-ਸੰਗੀਤ ਅਤੇ ਸਭਿਆਚਾਰ ਸਾਂਝਾ ਹੋ ਨਿਬੜੇ। ਅਜਿਹੇ ਉਪਰਾਲੇ ਸਾਰਥਿਕ ਨਤੀਜੇ ਸਾਹਮਣੇ ਲਿਆਉਣਗੇ ਅਜਿਹੀ ਆਸ ਹੈ। ਨਿਊਜ਼ੀਲੈਂਡ ਤੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਪੁੱਜੇ ਸ. ਹਰਜਿੰਦਰ ਸਿੰਘ ਬਸਿਆਲਾ ਨੇ ਉਥੇ ਮਨਾਏ ਗਏ ਪੰਜਵੇਂ ਪੰਜਾਬੀ ਭਾਸ਼ਾ ਹਫਤੇ ਦੀ ਉਦਾਹਰਣ ਦੇ ਕੇ ਆਖਿਆ ਕਿ ਪਾਕਿਸਤਾਨ ਦੇ ਵਿਚ ਪੰਜਾਬੀ ਦੇ ਵਿਕਾਸ ਦਾ ਮਤਲਬ ਹੈ ਕਿ ਸਾਡੀ ਵਿਰਾਸਤ ਦਾ ਵਿਸਥਾਰ ਹੋਰ ਸਾਰਥਿਕ ਹੋ ਨਿਬੜੇਗਾ। ਇਸ ਕਾਨਫਰੰਸ ਦੇ ਵਿਚ ਉਚੇਚੇ ਤੌਰ ’ਤੇ ਅਮਰੀਕਾ ਤੋਂ ਸ਼ਾਇਰਾ ਮਨਜੀਤ ਕੌਰ ਗਿੱਲ, ਸਵ. ਸ. ਜਗਦੇਵ ਸਿੰਘ ਜੱਸੋਵਾਲ ਦੀ ਭਤੀਜੀ ਸ੍ਰੀਮਤੀ ਮਨਜੀਤ ਕੌਰ ਨਾਗਰਾ, ਲੋਕ ਗਾਇਕ ਸੱਤੀ ਪਾਬਲਾ, ਸ੍ਰੀਮਤੀ ਰਾਜਵੰਤ ਕੌਰ, ਸ੍ਰੀਮਤੀ ਕਸ਼ਮੀਰ ਕੌਰ ਭੌਰਾ, ਸ. ਮਨਜੀਤ ਸਿੰਘ ਝਿੱਕਾ-ਸ੍ਰੀਮਤੀ ਹਰਜਿੰਦਰ ਕੌਰ, ਸ. ਜਸਪਾਲ ਸਿੰਘ, ਸ. ਜਰਨੈਲ ਸਿੰਘ ਪੱਲੀ ਝਿੱਕੀ, ਸ. ਜਰਨੈਲ ਸਿੰਘ ਬਣਬੈਤ, ਸ. ਬਲਜਿੰਦਰ ਸਿੰਘ, ਸ੍ਰੀਮਤੀ ਕਸ਼ਮੀਰ ਕੌਰ ਭੌਰਾ, ਵੀ ਪਹੁੰਚੇ। ਇਹ ਕਾਫ਼ਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਦਿਹਾੜੇ ਉਤੇ ਸ੍ਰੀ ਨਨਕਾਣਾ ਸਾਹਿਬ ਦੇ ਸਮਾਗਮਾਂ ਵਿਚ ਹੀ ਸ਼ਿਰਕਤ ਕਰੇਗਾ।

ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਲਈ ਐਸ.ਅਸ਼ੋਕ ਭੌਰਾ ਦੀ ਅਗਵਾਈ ’ਚ ਸਾਹਿਤਕ ਕਾਫ਼ਲਾ ਲਾਹੌਰ ਪੁੱਜਾ Read More »

ਜੰਮੂ-ਕਸ਼ਮੀਰ ‘ਚ ਬੱਚਿਆਂ ਨੂੰ ਪਿਕਨਿਕ ‘ਤੇ ਲਿਜਾਣ ‘ਤੇ ਪਾਬੰਦੀ

ਨਵੀਂ ਦਿੱਲੀ, 14 ਨਵੰਬਰ – ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਸਰਕਾਰੀ ਅਤੇ ਨਿੱਜੀ ਸਕੂਲਾਂ ‘ਚ ਪਿਕਨਿਕ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਹੁਕਮ ਬੁੱਧਵਾਰ ਸ਼ਾਮ ਨੂੰ ਜਾਰੀ ਕੀਤੇ ਗਏ। ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਸਾਵਧਾਨੀ ਵਜੋਂ ਲਿਆ ਗਿਆ ਹੈ। ਰਾਜੌਰੀ ਦੇ ਮੁੱਖ ਸਿੱਖਿਆ ਅਧਿਕਾਰੀ ਵਿਸ਼ਵੰਭਰ ਦਾਸ ਨੇ ਹੁਕਮਾਂ ‘ਚ ਕਿਹਾ ਕਿ ਜੇਕਰ ਕੋਈ ਸਕੂਲ ਵਿਦਿਆਰਥੀਆਂ ਨੂੰ ਪਿਕਨਿਕ ‘ਤੇ ਲੈ ਕੇ ਜਾਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੋਵੇਗੀ।

ਜੰਮੂ-ਕਸ਼ਮੀਰ ‘ਚ ਬੱਚਿਆਂ ਨੂੰ ਪਿਕਨਿਕ ‘ਤੇ ਲਿਜਾਣ ‘ਤੇ ਪਾਬੰਦੀ Read More »

ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਲਈ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਅਤੀ ਜ਼ਰੂਰੀ

ਮਾਨਸਾ, 14 ਨਵੰਬਰ – ਆਰਥਿਕ ਤੇ ਸਮਾਜਿਕ ਨਾ ਬਰਾਬਰੀ ਕਰਕੇ ਦੇਸ਼ ਬਰਬਾਦੀ ਵੱਲ ਵਧ ਰਿਹਾ ਹੈ। ਦੇਸ਼ ਦੇ ਹੁਕਮਰਾਨ ਸਰਮਾਏਦਾਰਾਂ ਦੇ ਝੋਲੀ ਚੁੱਕ ਬਣ ਚੁੱਕੇ ਹਨ। ਸੰਵਿਧਾਨ, ਲੋਕਤੰਤਰ ਤੇ ਧਰਮਨਿਰਪੱਖਤਾ ਖਤਮ ਹੋਣ ਕਿਨਾਰੇ ਹੈ, ਜਿਸ ਦੇ ਬਚਾਅ ਤੇ ਦੇਸ਼ ਦੀ ਆਜ਼ਾਦੀ ਦੀ ਬਹਾਲੀ ਲਈ ਧਰਮਨਿਰਪੱਖਤਾ ਤੇ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਅਤਿ ਜ਼ਰੂਰੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਸ਼ਹਿਰੀ ਕਮੇਟੀ ਦੀ ਮੀਟਿੰਗ ਮੌਕੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਅਰਸ਼ੀ ਨੇ ਚੌਕਸ ਕਰਦਿਆਂ ਕਿਹਾ ਕਿ ਇਸ ਸਮੇਂ ਦੇਸ਼ ਤੇ ਪੰਜਾਬ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਹੁਕਮਰਾਨਾਂ ਦੀ ਮਾੜੀ ਨੀਅਤ ਤੇ ਖੋਟ ਕਰਕੇ ਸਮਾਜ ’ਚ ਵੰਡੀਆਂ ਪੈ ਰਹੀਆਂ ਹਨ, ਜਿਸ ਤੋਂ ਸੱਤਾਧਾਰੀ ਧਿਰ ਦੀ ਵਿਤਕਰੇਬਾਜ਼ੀ ਸਾਫ ਝਲਕ ਰਹੀ ਹੈ।ਉਨ੍ਹਾ ਕਿਹਾ ਕਿ ਪਾਰਟੀ ਦੀ 100ਵੀਂ ਵਰ੍ਹੇਗੰਢ ਨੂੰ ਪੂਰੇ ਦੇਸ਼ ਵਿੱਚ ਹਰ ਪੱਧਰ ’ਤੇ ਮਨਾਉਂਦਿਆਂ ਪਾਰਟੀ ਪ੍ਰੋਗਰਾਮ, ਕੁਰਬਾਨੀ ਨੂੰ ਜਨਤਕ ਕਰਨ ਲਈ ਪੂਰਾ ਸਾਲ ਪ੍ਰੋਗਰਾਮ ਕੀਤੇ ਜਾਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕੀਤਾ ਜਾਵੇਗਾ। ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਮਾਨਸਾ ਵਿਖੇ ਹੋਣ ਵਾਲੀ ਵਿਸ਼ਾਲ ਰਾਜਸੀ ਰੈਲੀ ਇਤਿਹਾਸਕ ਸਿੱਧ ਹੋਵੇਗੀ। ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਅਰੰਭ ਕਰ ਦਿੱਤੀਆਂ ਹਨ। ਆਗੂਆਂ ਨੇ ਰੈਲੀ ਵਿੱਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਅਤੇ ਸਫਲਤਾ ਲਈ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀਆਂ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ।ਰੈਲੀ ਮੌਕੇ ਕਿਸਾਨ-ਮਜ਼ਦੂਰ, ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਦੇ ਕਰਜ਼ਾ ਮੁਆਫ਼ੀ, ਖੇਤੀ, ਰੁਜ਼ਗਾਰ ਅਤੇ ਮਨਰੇਗਾ ਨੂੰ ਲਾਗੂ ਕਰਨ ’ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ ਦਰਸ਼ਨ ਮਾਨਸ਼ਾਹੀਆ ਦੀ ਪ੍ਰਧਾਨਗੀ ਹੇਠ ਹੋਈ। ਸ਼ਹਿਰੀ ਸਕੱਤਰ ਰਤਨ ਭੋਲਾ, ਮੀਤ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ, ਨੌਜਵਾਨ ਆਗੂ ਹਰਪ੍ਰੀਤ ਮਾਨਸਾ, ਮੁਲਾਜ਼ਮ ਆਗੂ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਅਤੇ ਫੰਡ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਮੌਕੇ ਪੰਜਾਬ ਪੁਲਸ ਵੱਲੋਂ ਰਾਏ ਕੇ ਕਲਾਂ ਵਿੱਚ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ ਗਈ।ਨ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਕ੍ਰਿਸ਼ਨ ਜੋਗਾ, ਸਾਧੂ ਰਾਮ ਢਲਾਈ ਵਾਲੇ, ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ, ਜੀਤ ਰਾਮ, ਬਲਵਿੰਦਰ ਸਿੰਘ, ਪੁਸ਼ਪਿੰਦਰ ਚੌਹਾਨ, ਬਲਵੀਰ ਭੋਲਾ, ਰਿੰਕੂ ਮਾਨਸਾ, ਗੁਰਤੇਜ ਸਿੰਘ ਐੱਫ ਸੀ ਆਈ, ਲੀਲਾ ਸਿੰਘ, ਨਿਰਮਲ ਸਿੰਘ ਮਾਨਸਾ, ਗੁਰਦਾਸ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਲਈ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਅਤੀ ਜ਼ਰੂਰੀ Read More »

ਭਾਰਤ ਸਰਕਾਰ ਨੇ ਕ੍ਰਿਪਾਨ ‘ਤੇ ਕਿਉਂ ਲਾਈ ਪਾਬੰਦੀ

14 ਨਵੰਬਰ – ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਪੰਜ ਕਕਾਰੀ ਰਹਿਤ ਤਹਿਤ ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਦੇ ਕ੍ਰਿਪਾਨ ਧਾਰਨ ਕਰਨ ਦੇ ਬੁਨਿਆਦੀ ਧਾਰਮਿਕ ਹੱਕ ਅਤੇ ਫ਼ਰਜ਼ ‘ਤੇ ਰੋਕ ਲਗਾਉਣੀ ਮੰਦਭਾਗੀ ਅਤੇ ਨਿੰਦਣਯੋਗ ਕਾਰਵਾਈ ਹੈ। ਇਹ ਸਿੱਖੀ ‘ਤੇ ਹਮਲਾ ਹੈ। ਵਿਸ਼ੇਸ਼ ਤੌਰ ‘ਤੇ ਇਹ ਸਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਦਾ ਧਾਰਮਿਕ ਅਕੀਦੇ ਦੀ ਆਜ਼ਾਦੀ ਅਤੇ ਮਨੁੱਖੀ ਬੁਨਿਆਦੀ ਅਧਿਕਾਰਾਂ ਲਈ ਦਿੱਤੀ ਅਦੁੱਤੀ ਸ਼ਹਾਦਤ ਦਾ 350ਵਾਂ ਸਾਲ ਹੈ। ਨਾਲ ਹੀ ਭਾਰਤ ਸਰਕਾਰ ਇਸ ਸਾਲ ਨੂੰ ਅੰਮ੍ਰਿਤ ਕਾਲ ਦੇ ਤੌਰ ’ਤੇ ਪ੍ਰਚਾਰ ਰਹੀ ਹੈ। ਗੁਰੂ ਸਾਹਿਬਾਨ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ ਜੇਕਰ ਖ਼ਾਲਸਾ ਪੰਥ ਦੂਜਿਆਂ ਦੇ ਧਰਮ ਲਈ ਲੜ ਤੇ ਮਰ ਸਕਦਾ ਹੈ ਤਾਂ ਆਪਣੇ ਧਰਮ ਦੀ ਰਾਖੀ ਕਰਨ ਲਈ ਵੀ ਪੂਰੀ ਤਰ੍ਹਾਂ ਚੇਤੰਨ ਹੈ। ਸਿੱਖ ਰਹਿਤ ਮਰਿਆਦਾ ਦੇ ਅੰਮ੍ਰਿਤ ਸੰਸਕਾਰ ਦੀ ਮਦ (ਟ) ਮੁਤਾਬਕ ਵੀ ਪੰਜਾਂ ਕੱਕਿਆਂ-ਕੇਸ, ਕ੍ਰਿਪਾਨ, ਕਛਹਿਰਾ, ਕੰਘਾ, ਕੜਾ ਨੂੰ ਹਰ ਵੇਲੇ ਅੰਗ-ਸੰਗ ਰੱਖਣਾ। ਕ੍ਰਿਪਾਨ ਦੀ ਲੰਬਾਈ ਦੀ ਕੋਈ ਹੱਦ ਨਹੀਂ ਹੋ ਸਕਦੀ)। ਕ੍ਰਿਪਾਨ, ਭਗੌਤੀ ਜਾਂ ਸ੍ਰੀ ਸਾਹਿਬ ਪੰਜਾਂ ਕਕਾਰਾਂ ਵਿਚ ਦੂਸਰਾ ਪਾਵਨ ਕਕਾਰ ਹੈ। ਅਲਬੇਲੇ ਸ਼ਾਇਰ ਪ੍ਰੋ. ਪੂਰਨ ਸਿੰਘ ਦਾ ਕਹਿਣਾ ਹੈ ਕਿ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦੀ ਕ੍ਰਿਪਾਨ ਪਾਉਣੀ ਪੈਂਦੀ ਹੈ। ਇਹ ਕਹਿ ਕੇ ਉਨ੍ਹਾਂ ਨੇ ਕਕਾਰਾਂ ਦੀ ਮਹੱਤਤਾ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ। ਆਮ ਤੌਰ ’ਤੇ ਸੰਵਿਧਾਨ ਕਿਸੇ ਮਦ ਦੀ ਵਿਆਖਿਆ ਜਾਂ ਸਪਸ਼ਟੀਕਰਨ ਨਹੀਂ ਦਿੰਦਾ ਪਰ ਬਾਵਜੂਦ ਇਸ ਦੇ ਭਾਰਤ ਦੇ ਸੰਵਿਧਾਨ ਦੇ ਧਾਰਮਿਕ ਆਜ਼ਾਦੀ ਦੇ ਅਧਿਆਇ ਦੀ ਧਾਰਾ 25 (2) ਦੀ ਵਿਆਖਿਆ ਮੁਤਾਬਕ ਕਿਸੇ ਸਿੱਖ ਵੱਲੋਂ ਕ੍ਰਿਪਾਨ ਪਹਿਨਣਾ ਅਤੇ ਲੈ ਕੇ ਚੱਲਣਾ ਉਸ ਵੱਲੋਂ ਆਪਣੇ ਧਰਮ ਦੀ ਪਾਲਣਾ ਕਰਨਾ ਹੁੰਦਾ ਹੈ। ਕੋਈ ਵੀ ਕਾਨੂੰਨ, ਨਿਯਮ, ਆਦੇਸ਼ ਜਾਂ ਨਿਰਦੇਸ਼ ਸੰਵਿਧਾਨ ਦੀ ਇਸ ਮਦ ਦੀ ਉਲੰਘਣਾ ਨਹੀਂ ਕਰ ਸਕਦਾ। ਇਹ ਸਰਾਸਰ ਗ਼ੈਰ-ਜ਼ਿੰਮੇਵਾਰਾਨਾ ਤੇ ਗ਼ੈਰ ਸੰਵਿਧਾਨਕ ਹੈ। ਬੜੇ ਜ਼ੋਰ-ਸ਼ੋਰ ਨਾਲ ਇਸ ਮਦ ਨੂੰ ਡਾ. ਅੰਬੇਡਕਰ ਵੱਲੋਂ ਸੰਵਿਧਾਨ ਵਿਚ ਸ਼ਾਮਲ ਕਰਨ ਬਾਰੇ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੌਜੂਦਾ ਕਾਰਵਾਈ ਡਾ. ਅੰਬੇਡਕਰ ਦੀ ਵੀ ਨਿਰਾਦਰੀ ਹੈ। ਸੰਨ 1982 ਵਿਚ ਸਿੱਖ ਯਾਤਰੀ ਵੱਲੋਂ ਬਿਹਾਰ ਸਿੱਖ ਪ੍ਰਤੀਨਿਧੀ ਬੋਰਡ ਨੇ ਪਟਨਾ ਹਾਈ ਕੋਰਟ ਵਿਚ ਭਾਰਤ ਸਰਕਾਰ ਵਿਰੁੱਧ ਸੀਡਬਲਯੂਜੇਸੀ ਨੰ. 1492 ਆਫ 1982 ਮੁਕੱਦਮਾ ਦਰਜ ਕੀਤਾ ਸੀ। ਉਸ ਤੋਂ ਬਾਅਦ ਭਾਰਤ ਸਰਕਾਰ ਨੇ ਇਕ ਸਰਕੂਲਰ ਜਾਰੀ ਕਰ ਕੇ ਸਿੱਖ ਯਾਤਰੂਆਂ ਵੱਲੋਂ ਹਵਾਈ ਜਹਾਜ਼ ਵਿਚ 9 ਇੰਚ ਤੱਕ ਦੀ ਕ੍ਰਿਪਾਨ (ਬਲੇਡ ਦੀ ਲੰਬਾਈ 6 ਇੰਚ) ਤੱਕ ਲੈ ਕੇ ਜਾਣ ਦਾ ਸਰਕੂਲਰ ਜਾਰੀ ਕੀਤਾ ਸੀ। ਇਸ ਨੂੰ ਕਈ ਵਾਰ ਦੁਹਰਾਇਆ ਗਿਆ ਹੈ ਤੇ ਅੱਜ ਤੱਕ ਲਾਗੂ ਹੈ। ਇਹ ਜ਼ਿਕਰਯੋਗ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵੀ 1922 ਵਿਚ ਅੰਗਰੇਜ਼ ਸਰਕਾਰ ਨੇ ਕ੍ਰਿਪਾਨ ’ਤੇ ਪਾਬੰਦੀ ਲਗਾਈ ਸੀ। ਇਸ ਦੇ ਜਵਾਬ ਵਿਚ ਕ੍ਰਿਪਾਨ ਧਾਰੀਆਂ ਦਾ ਹੜ੍ਹ ਆ ਗਿਆ ਸੀ।

ਭਾਰਤ ਸਰਕਾਰ ਨੇ ਕ੍ਰਿਪਾਨ ‘ਤੇ ਕਿਉਂ ਲਾਈ ਪਾਬੰਦੀ Read More »

ਝਾਰਖੰਡ ’ਚ 65 ਫੀਸਦੀ ਤੱਕ ਪਈਆਂ ਵੋਟਾਂ

ਨਵੀ ਦਿੱਲੀ, 14 ਨਵੰਬਰ – ਝਾਰਖੰਡ ਦੀਆਂ 43 ਅਸੰਬਲੀ ਸੀਟਾਂ ਤੋਂ ਇਲਾਵਾ ਦੇਸ਼ ਦੇ 10 ਰਾਜਾਂ ਦੀਆਂ 31 ਅਸੰਬਲੀ ਸੀਟਾਂ ਦੇ ਨਾਲ-ਨਾਲ ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਬੁੱਧਵਾਰ ਵੋਟਿੰਗ ਹੋਈ। ਵਾਇਨਾਡ ਤੋਂ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਚੋਣ ਮੈਦਾਨ ’ਚ ਹੈ। ਝਾਰਖੰਡ ਅਸੰਬਲੀ ਦੀਆਂ ਰਹਿੰਦੀਆਂ 38 ਸੀਟਾਂ ਲਈ 20 ਨਵੰਬਰ ਨੂੰ ਪੋਲਿੰਗ ਹੋਵੇਗੀ। ਝਾਰਖੰਡ ’ਚ ਸ਼ਾਮ 5 ਵਜੇ ਤੱਕ ਲੱਗਭੱਗ 65 ਫੀਸਦੀ ਵੋਟਿੰਗ ਹੋਈ ਸੀ। ਜਿਨ੍ਹਾਂ ਅਸੰਬਲੀ ਸੀਟਾਂ ਦੀ ਜ਼ਿਮਨੀ ਚੋਣ ਲਈ ਵੋਟਾਂ ਪਈਆਂ, ਉਨ੍ਹਾਂ ’ਚ ਰਾਜਸਥਾਨ ਦੀਆਂ ਸੱਤ, ਪੱਛਮੀ ਬੰਗਾਲ ਦੀਆਂ ਛੇ, ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਕਰਨਾਟਕ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ ਅਤੇ ਛੱਤੀਸਗੜ੍ਹ, ਗੁਜਰਾਤ, ਕੇਰਲਾ ਅਤੇ ਮੇਘਾਲਿਆ ਦੀ ਇੱਕ-ਇੱਕ ਸੀਟ ਹੈ। ਸਿੱਕਮ ਦੀਆਂ ਦੋ ਸੀਟਾਂ ਸੋਰੇਂਗ-ਚਕੁੰਗ ਅਤੇ ਨਾਮਚੀ-ਸਿੰਘਿਥਾਂਗ ਲਈ ਵੀ ਪੋਲਿੰਗ ਤੈਅ ਸੀ, ਪਰ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੇ ਉਮੀਦਵਾਰਾਂ ਨੂੰ ਵਿਰੋਧੀਆਂ ਦੇ ਮੈਦਾਨ ਛੱਡ ਜਾਣ ਕਾਰਨ ਜੇਤੂ ਐਲਾਨਿਆ ਜਾ ਚੁੱਕਿਆ ਹੈ। ਪੱਛਮੀ ਬੰਗਾਲ ’ਚ ਉੱਤਰੀ 24 ਪਰਗਨਾ ਜ਼ਿਲੇ ਦੇ ਨੈਹਾਤੀ ਵਿਧਾਨ ਸਭਾ ਹਲਕੇ ਦੇ ਨਾਲ ਲੱਗਦੇ ਜਗਤਦਲ ’ਚ ਗੋਲੀਬਾਰੀ ’ਚ ਜ਼ਖਮੀ ਹੋਏ ਭਾਟਪਾੜਾ ਨਗਰ ਪਾਲਿਕਾ ਦੇ ਵਾਰਡ ਨੰਬਰ 12 ਦੇ ਤਿ੍ਰਣਮੂਲ ਕਾਂਗਰਸ ਦੇ ਸਾਬਕਾ ਵਾਰਡ ਪ੍ਰਧਾਨ ਅਸ਼ੋਕ ਸੌ ਦੀ ਮੌਤ ਹੋ ਗਈ। ਮੌਤ ਦੀ ਖਬਰ ਫੈਲਣ ਦੇ ਬਾਅਦ ਤੋਂ ਹੀ ਇਲਾਕੇ ’ਚ ਤਣਾਅ ਬਣਿਆ ਹੋਇਆ ਹੈ ਅਤੇ ਸਥਿਤੀ ਨੂੰ ਕਾਬੂ ’ਚ ਰੱਖਣ ਲਈ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਝਾਰਖੰਡ ’ਚ 65 ਫੀਸਦੀ ਤੱਕ ਪਈਆਂ ਵੋਟਾਂ Read More »

ਅਡਾਨੀ ਦਾ ਸਿਆਸੀ ਦਖਲ

ਪੰਜ ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਭਾਜਪਾ ਤੇ ਐੱਨ ਸੀ ਪੀ ਵਿਚਾਲੇ ਗੱਠਜੋੜ ਕਰਾਉਣ ਲਈ ਹੋਈ ਇਕ ਮੀਟਿੰਗ ’ਚ ਦੇਸ਼ ਦਾ ਸਭ ਤੋਂ ਵੱਡਾ ਕਾਰੋਬਾਰੀ ਗੌਤਮ ਅਡਾਨੀ ਵੀ ਸ਼ਾਮਲ ਸੀ। ਇਹ ਇੰਕਸ਼ਾਫ ਸ਼ਰਦ ਪਵਾਰ ਤੋਂ ਅੱਡ ਹੋ ਕੇ ਭਾਜਪਾ ਤੇ ਸ਼ਿਵ ਸੈਨਾ (ਸ਼ਿੰਦੇ) ਦੀ ਸਰਕਾਰ ਵਿੱਚ ਸ਼ਾਮਲ ਹੋਏ ਅਜੀਤ ਪਵਾਰ ਨੇ ਨਿਊਜ਼ ਵੈੱਬਸਾਈਟ ‘ਦੀ ਨਿਊਜ਼ ਮਿੰਟ’ ਨੂੰ ਮਹਾਰਾਸ਼ਟਰ ਵਿਚ ਚੱਲ ਰਹੀਆਂ ਅਸੰਬਲੀ ਚੋਣਾਂ ਦਰਮਿਆਨ ਦਿੱਤੀ ਇੰਟਰਵਿਊ ’ਚ ਕੀਤਾ ਹੈ। ਅਜੀਤ ਪਵਾਰ ਨੇ ਇਹ ਗੱਲ ਉਸ ਘਟਨਾਕ੍ਰਮ ਦੇ ਸੰਦਰਭ ’ਚ ਦੱਸੀ ਹੈ, ਜਦੋਂ ਪੰਜ ਸਾਲ ਪਹਿਲਾਂ ਕਾਂਗਰਸ, ਸ਼ਿਵ ਸੈਨਾ ਤੇ ਐੱਨ ਸੀ ਪੀ ਗੱਠਜੋੜ ਦੀ ਸਰਕਾਰ ਬਣਨੀ ਕਰੀਬ-ਕਰੀਬ ਤੈਅ ਹੋ ਗਈ ਸੀ, ਪਰ ਸਵੇਰੇ ਹੀ ਅਚਾਨਕ ਕੀਤੇ ਗਏ ਸਮਾਰੋਹ ’ਚ ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਮੁੱਖ ਮੰਤਰੀ ਤੇ ਖੁਦ ਅਜੀਤ ਪਵਾਰ ਨੇ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ। ਹਾਲਾਂਕਿ ਅਜੀਤ ਪਵਾਰ ਦੀ ਬਗਾਵਤ ਤਿੰਨ ਦਿਨ ਹੀ ਚੱਲ ਸਕੀ ਸੀ, ਕਿਉਕਿ ਸ਼ਰਦ ਪਵਾਰ ਨੇ ਉਸ ਦੀ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ। ਇਸ ਦੇ ਬਾਅਦ ਅਜੀਤ ਪਵਾਰ ਦੇ ਨਾਲ ਗਏ ਬਹੁਤੇ ਵਿਧਾਇਕ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ ਸੀ ਪੀ ’ਚ ਪਰਤ ਆਏ। ਕੁਝ ਦਿਨਾਂ ਬਾਅਦ ਅਣਵੰਡੀ ਐੱਨ ਸੀ ਪੀ ਤੇ ਸ਼ਿਵ ਸੈਨਾ ਨੇ ਕਾਂਗਰਸ ਨਾਲ ਮਿਲ ਕੇ ਮਹਾਂ ਵਿਕਾਸ ਅਘਾੜੀ (ਐੱਮ ਵੀ ਏ) ਸਰਕਾਰ ਬਣਾ ਲਈ ਸੀ। ਇਸ ਸਰਕਾਰ ਦੇ ਗਠਨ ਦੇ ਢਾਈ ਸਾਲ ਬਾਅਦ ਸ਼ਿਵ ਸੈਨਾ ’ਚ ਬਗਾਵਤ ਹੋ ਗਈ ਤੇ ਸਰਕਾਰ ਡਿੱਗ ਗਈ। ਇਸ ਦੇ ਆਗੂ ਏਕਨਾਥ ਸ਼ਿੰਦੇ ਨੇ ਬਹੁਤੇ ਵਿਧਾਇਕ ਨਾਲ ਲਿਜਾ ਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ। ਬਾਅਦ ’ਚ ਅਜੀਤ ਪਵਾਰ ਐੱਨ ਸੀ ਪੀ ਤੋੜ ਕੇ ਸ਼ਿੰਦੇ ਸਰਕਾਰ ਵਿੱਚ ਉਪ-ਮੁੱਖ ਮੰਤਰੀ ਬਣ ਗਏ। ਅਜੀਤ ਪਵਾਰ ਨੇ ਪੰਜ ਸਾਲ ਪਹਿਲਾਂ ਭਾਜਪਾ-ਐੱਨ ਸੀ ਪੀ ਗੱਠਜੋੜ ਲਈ ਹੋਣ ਵਾਲੇ ਯਤਨਾਂ ਸੰਬੰਧੀ ਸਵਾਲ ਦੇ ਜਵਾਬ ’ਚ ਕਿਹਾਕੀ ਤੁਹਾਨੂੰ ਨਹੀਂ ਪਤਾ? ਹਰ ਕੋਈ ਜਾਣਦਾ ਹੈ ਕਿ ਮੀਟਿੰਗ ਕਿੱਥੇ ਹੋਈ ਸੀ। ਅਮਿਤ ਸ਼ਾਹ ਉੱਥੇ ਸਨ, ਗੌਤਮ ਅਡਾਨੀ ਉੱਥੇ ਸਨ, ਪ੍ਰਫੁਲ ਪਟੇਲ ਉੱਥੇ ਸਨ, ਦਵਿੰਦਰ ਫੜਨਵੀਸ ਉੱਥੇ ਸਨ, ਪਵਾਰ ਸਾਹਿਬ ਉੱਥੇ ਸਨ, ਮੈਂ ਵੀ ਸੀ। ਇਕ ਪਾਰਟੀ ਕਾਰਕੁਨ ਦੇ ਤੌਰ ’ਤੇ ਮੈਂ ਉਹੀ ਕੀਤਾ, ਜੋ ਮੇਰੇ ਨੇਤਾ (ਸ਼ਰਦ ਪਵਾਰ) ਨੇ ਕਿਹਾ। ਇਹ ਪੁੱਛਣ ’ਤੇ ਕਿ ਸ਼ਰਦ ਪਵਾਰ ਨੇ ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਕਿਉ ਨਹੀਂ ਬਣਾਈ, ਅਜੀਤ ਪਵਾਰ ਨੇ ਕਿਹਾ ਕਿ ਸ਼ਰਦ ਪਵਾਰ ਅਜਿਹੇ ਵਿਅਕਤੀ ਹਨ, ਜਿਨ੍ਹਾ ਬਾਰੇ ਦੁਨੀਆ ਦਾ ਕੋਈ ਵਿਅਕਤੀ ਭਵਿੱਖਬਾਣੀ ਨਹੀਂ ਕਰ ਸਕਦਾ। ਸਿਆਸਤਦਾਨ ਸਮੇਂ-ਸਮੇਂ ’ਤੇ ਸਨਸਨੀਖੇਜ਼ ਬਿਆਨ ਦਿੰਦੇ ਰਹਿੰਦੇ ਹਨ, ਪਰ ਉਹ ਅਕਸਰ ਸਿਆਸਤਦਾਨਾਂ ਬਾਰੇ ਹੁੰਦੇ ਹਨ। ਅਜੀਤ ਪਵਾਰ ਦੇ ਗੌਤਮ ਅਡਾਨੀ ਦੀ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੀ ਸਰਕਾਰ ਬਣਾਉਣ ਬਾਰੇ ਹੋਈ ਮੀਟਿੰਗ ’ਚ ਸ਼ਾਮਲ ਹੋਣ ਦੇ ਇੰਕਸ਼ਾਫ ਨੇ ਕਾਂਗਰਸ ਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਇਸ ਦੋਸ਼ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਵੱਡੇ ਕਾਰਪੋਰੇਟ ਘਰਾਣੇ ਭਾਜਪਾ, ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਘਿਓ-ਖਿਚੜੀ ਹਨ। ਇਹ ਘਰਾਣੇ ਚੋਣਾਂ ਤੋਂ ਪਹਿਲਾਂ ਆਪਣੀ ਪਸੰਦ ਦੀ ਪਾਰਟੀ ਨੂੰ ਕਿਵੇਂ ਧਨ ਦਿੰਦੇ ਹਨ, ਇਸ ਦਾ ਖੁਲਾਸਾ ਇਲੈਕਟੋਰਲ ਬਾਂਡ ਸਕੀਮ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹੋ ਗਿਆ ਸੀ। ਅਡਾਨੀ ਦੀ ਸਿਆਸੀ ਮੀਟਿੰਗ ਵਿਚ ਸ਼ਮੂਲੀਅਤ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਪਸੰਦ ਦੀ ਪਾਰਟੀ ਨੂੰ ਬਹੁਮਤ ਨਾ ਮਿਲਣ ਦੇ ਬਾਅਦ ਉਹ ਕਿਵੇਂ ਜੋੜ-ਤੋੜ ਕਰਕੇ ਲੋਕਤੰਤਰ ਨਾਲ ਖਿਲਵਾੜ ਕਰਦੇ ਹਨ।

ਅਡਾਨੀ ਦਾ ਸਿਆਸੀ ਦਖਲ Read More »