ਭਾਰਤ ਸਰਕਾਰ ਨੇ ਕ੍ਰਿਪਾਨ ‘ਤੇ ਕਿਉਂ ਲਾਈ ਪਾਬੰਦੀ

14 ਨਵੰਬਰ – ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਪੰਜ ਕਕਾਰੀ ਰਹਿਤ ਤਹਿਤ ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਦੇ ਕ੍ਰਿਪਾਨ ਧਾਰਨ ਕਰਨ ਦੇ ਬੁਨਿਆਦੀ ਧਾਰਮਿਕ ਹੱਕ ਅਤੇ ਫ਼ਰਜ਼ ‘ਤੇ ਰੋਕ ਲਗਾਉਣੀ ਮੰਦਭਾਗੀ ਅਤੇ ਨਿੰਦਣਯੋਗ ਕਾਰਵਾਈ ਹੈ। ਇਹ ਸਿੱਖੀ ‘ਤੇ ਹਮਲਾ ਹੈ। ਵਿਸ਼ੇਸ਼ ਤੌਰ ‘ਤੇ ਇਹ ਸਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਦਾ ਧਾਰਮਿਕ ਅਕੀਦੇ ਦੀ ਆਜ਼ਾਦੀ ਅਤੇ ਮਨੁੱਖੀ ਬੁਨਿਆਦੀ ਅਧਿਕਾਰਾਂ ਲਈ ਦਿੱਤੀ ਅਦੁੱਤੀ ਸ਼ਹਾਦਤ ਦਾ 350ਵਾਂ ਸਾਲ ਹੈ।

ਨਾਲ ਹੀ ਭਾਰਤ ਸਰਕਾਰ ਇਸ ਸਾਲ ਨੂੰ ਅੰਮ੍ਰਿਤ ਕਾਲ ਦੇ ਤੌਰ ’ਤੇ ਪ੍ਰਚਾਰ ਰਹੀ ਹੈ। ਗੁਰੂ ਸਾਹਿਬਾਨ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ ਜੇਕਰ ਖ਼ਾਲਸਾ ਪੰਥ ਦੂਜਿਆਂ ਦੇ ਧਰਮ ਲਈ ਲੜ ਤੇ ਮਰ ਸਕਦਾ ਹੈ ਤਾਂ ਆਪਣੇ ਧਰਮ ਦੀ ਰਾਖੀ ਕਰਨ ਲਈ ਵੀ ਪੂਰੀ ਤਰ੍ਹਾਂ ਚੇਤੰਨ ਹੈ। ਸਿੱਖ ਰਹਿਤ ਮਰਿਆਦਾ ਦੇ ਅੰਮ੍ਰਿਤ ਸੰਸਕਾਰ ਦੀ ਮਦ (ਟ) ਮੁਤਾਬਕ ਵੀ ਪੰਜਾਂ ਕੱਕਿਆਂ-ਕੇਸ, ਕ੍ਰਿਪਾਨ, ਕਛਹਿਰਾ, ਕੰਘਾ, ਕੜਾ ਨੂੰ ਹਰ ਵੇਲੇ ਅੰਗ-ਸੰਗ ਰੱਖਣਾ। ਕ੍ਰਿਪਾਨ ਦੀ ਲੰਬਾਈ ਦੀ ਕੋਈ ਹੱਦ ਨਹੀਂ ਹੋ ਸਕਦੀ)।

ਕ੍ਰਿਪਾਨ, ਭਗੌਤੀ ਜਾਂ ਸ੍ਰੀ ਸਾਹਿਬ ਪੰਜਾਂ ਕਕਾਰਾਂ ਵਿਚ ਦੂਸਰਾ ਪਾਵਨ ਕਕਾਰ ਹੈ। ਅਲਬੇਲੇ ਸ਼ਾਇਰ ਪ੍ਰੋ. ਪੂਰਨ ਸਿੰਘ ਦਾ ਕਹਿਣਾ ਹੈ ਕਿ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਦੀ ਕ੍ਰਿਪਾਨ ਪਾਉਣੀ ਪੈਂਦੀ ਹੈ। ਇਹ ਕਹਿ ਕੇ ਉਨ੍ਹਾਂ ਨੇ ਕਕਾਰਾਂ ਦੀ ਮਹੱਤਤਾ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ। ਆਮ ਤੌਰ ’ਤੇ ਸੰਵਿਧਾਨ ਕਿਸੇ ਮਦ ਦੀ ਵਿਆਖਿਆ ਜਾਂ ਸਪਸ਼ਟੀਕਰਨ ਨਹੀਂ ਦਿੰਦਾ ਪਰ ਬਾਵਜੂਦ ਇਸ ਦੇ ਭਾਰਤ ਦੇ ਸੰਵਿਧਾਨ ਦੇ ਧਾਰਮਿਕ ਆਜ਼ਾਦੀ ਦੇ ਅਧਿਆਇ ਦੀ ਧਾਰਾ 25 (2) ਦੀ ਵਿਆਖਿਆ ਮੁਤਾਬਕ ਕਿਸੇ ਸਿੱਖ ਵੱਲੋਂ ਕ੍ਰਿਪਾਨ ਪਹਿਨਣਾ ਅਤੇ ਲੈ ਕੇ ਚੱਲਣਾ ਉਸ ਵੱਲੋਂ ਆਪਣੇ ਧਰਮ ਦੀ ਪਾਲਣਾ ਕਰਨਾ ਹੁੰਦਾ ਹੈ।

ਕੋਈ ਵੀ ਕਾਨੂੰਨ, ਨਿਯਮ, ਆਦੇਸ਼ ਜਾਂ ਨਿਰਦੇਸ਼ ਸੰਵਿਧਾਨ ਦੀ ਇਸ ਮਦ ਦੀ ਉਲੰਘਣਾ ਨਹੀਂ ਕਰ ਸਕਦਾ। ਇਹ ਸਰਾਸਰ ਗ਼ੈਰ-ਜ਼ਿੰਮੇਵਾਰਾਨਾ ਤੇ ਗ਼ੈਰ ਸੰਵਿਧਾਨਕ ਹੈ। ਬੜੇ ਜ਼ੋਰ-ਸ਼ੋਰ ਨਾਲ ਇਸ ਮਦ ਨੂੰ ਡਾ. ਅੰਬੇਡਕਰ ਵੱਲੋਂ ਸੰਵਿਧਾਨ ਵਿਚ ਸ਼ਾਮਲ ਕਰਨ ਬਾਰੇ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੌਜੂਦਾ ਕਾਰਵਾਈ ਡਾ. ਅੰਬੇਡਕਰ ਦੀ ਵੀ ਨਿਰਾਦਰੀ ਹੈ। ਸੰਨ 1982 ਵਿਚ ਸਿੱਖ ਯਾਤਰੀ ਵੱਲੋਂ ਬਿਹਾਰ ਸਿੱਖ ਪ੍ਰਤੀਨਿਧੀ ਬੋਰਡ ਨੇ ਪਟਨਾ ਹਾਈ ਕੋਰਟ ਵਿਚ ਭਾਰਤ ਸਰਕਾਰ ਵਿਰੁੱਧ ਸੀਡਬਲਯੂਜੇਸੀ ਨੰ. 1492 ਆਫ 1982 ਮੁਕੱਦਮਾ ਦਰਜ ਕੀਤਾ ਸੀ।

ਉਸ ਤੋਂ ਬਾਅਦ ਭਾਰਤ ਸਰਕਾਰ ਨੇ ਇਕ ਸਰਕੂਲਰ ਜਾਰੀ ਕਰ ਕੇ ਸਿੱਖ ਯਾਤਰੂਆਂ ਵੱਲੋਂ ਹਵਾਈ ਜਹਾਜ਼ ਵਿਚ 9 ਇੰਚ ਤੱਕ ਦੀ ਕ੍ਰਿਪਾਨ (ਬਲੇਡ ਦੀ ਲੰਬਾਈ 6 ਇੰਚ) ਤੱਕ ਲੈ ਕੇ ਜਾਣ ਦਾ ਸਰਕੂਲਰ ਜਾਰੀ ਕੀਤਾ ਸੀ। ਇਸ ਨੂੰ ਕਈ ਵਾਰ ਦੁਹਰਾਇਆ ਗਿਆ ਹੈ ਤੇ ਅੱਜ ਤੱਕ ਲਾਗੂ ਹੈ। ਇਹ ਜ਼ਿਕਰਯੋਗ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵੀ 1922 ਵਿਚ ਅੰਗਰੇਜ਼ ਸਰਕਾਰ ਨੇ ਕ੍ਰਿਪਾਨ ’ਤੇ ਪਾਬੰਦੀ ਲਗਾਈ ਸੀ। ਇਸ ਦੇ ਜਵਾਬ ਵਿਚ ਕ੍ਰਿਪਾਨ ਧਾਰੀਆਂ ਦਾ ਹੜ੍ਹ ਆ ਗਿਆ ਸੀ।

ਸਾਂਝਾ ਕਰੋ

ਪੜ੍ਹੋ

ਲੋਰੀ/ਫ਼ੈਜ਼ ਅਹਿਮਦ ਫ਼ੈਜ਼

*ਫ਼ੈਜ਼ ਅਹਿਮਦ ਫ਼ੈਜ਼:* *ਸਿਮ੍ਰਤੀ ਦਿਵਸ* (20 ਨਵੰਬਰ)’ਤੇ.. *ਲੋਰੀ* *ਫ਼ਿਲਿਸਤੀਨੀ ਬੱਚੇ...