November 20, 2024

ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੀ ਸ਼ੁਰੂਆਤ

ਅੰਮ੍ਰਿਤਸਰ, 19 ਨਵੰਬਰ – ਖ਼ਾਲਸਾ ਕਾਲਜ ਵਿੱਚ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਅੱਜ ਆਗਾਜ਼ ਹੋ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਇਹ ਮੇਲਾ ਪੰਜਾਬ ਤੋਂ ਬਾਹਰ ਦੇ ਇਲਾਕਿਆਂ ਵਿਚ ਵੀ ਆਪਣੀ ਪਛਾਣ ਕਾਇਮ ਕਰ ਚੁੱਕਾ ਹੈ। ਇਹ ਮੇਲਾ ਸੰਨ 1947 ਦੀ ਵੰਡ ਨੂੰ ਸਮਰਪਿਤ ਹੈ ਜਿਸ ਦਾ ਉਦੇਸ਼ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਨਾ ਹੈ। ਚਿੰਤਕ ਅਤੇ ਵਿਦਵਾਨ ਅਮਰਜੀਤ ਸਿੰਘ ਗਰੇਵਾਲ ਨੇ ਤਕਨੀਕੀ ਵਿਕਾਸ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਿੱਖਿਆ ਦੇ ਬੀਜ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੁੜੇ ਹੋਏ ਹਨ। ਆਰਟੀਫ਼ੀਸ਼ੀਅਲ ਟੈਕਨਾਲੋਜੀ ਦੀ ਭੂਮਿਕਾ ਬਾਰੇ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਗਿਆਨ ਵਿੱਚ ਵਾਧਾ ਕਰਨਾ ਅਤੇ ਪਾਠਕ ਦੇ ਹਰ ਪ੍ਰਸ਼ਨ ਦਾ ਉੱਤਰ ਦੇਣਾ ਹੈ। ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦਰਸ਼ਕਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਸਾਡਾ ਸੱਭਿਆਚਾਰ ਸ਼ਬਦ ਗੁਰੂ ਦੀ ਧਾਰਨਾ ’ਤੇ ਟਿਕਿਆ ਹੋਇਆ ਹੈ ਤੇ ਇਸ ਵਾਰ ਦਾ ਇਹ ਪੁਸਤਕ ਮੇਲਾ ਨੌਜਵਾਨ ਪੀੜ੍ਹੀ ਦੇ ਰੁਝਾਨ ਨੂੰ ਸੁਚਾਰੂ ਪਾਸੇ ਲਾਉਣ ਵਿੱਚ ਵਿਸ਼ੇਸ਼ ਮਹੱਤਤਾ ਨਿਭਾਵੇਗਾ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੁਸਤਕਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਡਾ. ਮਹਿਲ ਸਿੰਘ ਵਾਈਸ ਚਾਂਸਲਰ, ਖ਼ਾਲਸਾ ਯੂਨੀਵਰਸਿਟੀ ਨੇ ਕਿਹਾ ਕਿ ਮਨੁੱਖ ਨੂੰ ਆਪਣੀ ਸ਼ਖ਼ਸੀਅਤ ਅਤੇ ਜੀਵਨ ਸ਼ੈਲੀ ਨੂੰ ਨਿਖਾਰਨ ਲਈ ਕਿਤਾਬੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਗੁਰਦੀਪ ਧੀਮਾਨ ਅਤੇ ਉਪ-ਪ੍ਰਧਾਨ ਸੁਮੀਤ ਦੁਆ ਨੇ ਵਿਰਾਸਤੀ ਅਤੇ ਕਲਾਤਮਕ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ। ਇਸ ਦੌਰਾਨ ਆਰੀਆ ਬੱਬਰ, ਹਰਦੀਪ ਗਿੱਲ ਤੇ ਅਨੀਤਾ ਦੇਵਗਨ ਆਪਣੀ ਆਉਣ ਵਾਲੀ ਫ਼ਿਲਮ ‘ਹਾਏ ਸੀਰੀ ਵੇ ਸੀਰੀ’ ਫ਼ਿਲਮ ਦੀ ਪ੍ਰਮੋਸ਼ਨ ਲਈ ਦਰਸ਼ਕਾਂ ਨਾਲ ਰੂਬਰੂ ਹੋਏ। ਮਹਾਨ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ‘ਸੁਖਨ ਦੇ ਸੂਰਜ’ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ਾਂ ਵਿੱਚੋਂ ਆਏ ਪ੍ਰਸਿੱਧ ਕਵੀਆਂ- ਡਾ. ਕੁਲਜੀਤ ਸਿੰਘ ਜੰਜੂਆ ਕੈਨੇਡਾ, ਪਰਮਿੰਦਰ ਸੋਢੀ ਜਾਪਾਨ, ਸੁਰਿੰਦਰ ਗੀਤ ਕੈਨੇਡਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਅਤੇ ਵਿਜੇ ਵਿਵੇਕ, ਅੰਬਰੀਸ਼, ਨੀਤੂ ਅਰੋੜ, ਹਰਮੀਤ ਵਿਦਿਆਰਥੀ, ਜਗਦੀਪ ਸਿੱਧੂ, ਵਿਸ਼ਾਲ, ਰਵਿੰਦਰ ਰਵੀ, ਪ੍ਰਭਜੀਤ ਸੋਹੀ, ਸੇਵਾ ਸਿੰਘ ਭਾਸ਼ੋ, ਬਲਵਿੰਦਰ ਚਹਿਲ, ਜਸਪ੍ਰੀਤ ਲੁਧਿਆਣਾ, ਤਰਸੇਮ, ਰੂਪ ਕੌਰ ਕੂੰਨਰ, ਹਰਪ੍ਰੀਤ ਕੌਰ ਸੰਧੂ ਤੇ ਕੁਲਜੀਤ ਕੌਰ ਮੰਡ ਨੇ ਆਪਣੀ ਸ਼ਾਇਰੀ ਦਾ ਕਲਾਮ ਪੇਸ਼ ਕੀਤਾ। ਗਾਇਕ ਹਰਿੰਦਰ ਸਿੰਘ ਸੋਹਲ ਨੇ ਆਪੋ-ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਝੂਮਣ ਲਾਇਆ।

ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੀ ਸ਼ੁਰੂਆਤ Read More »

ਰਿਕਾਰਡ 94000 ਡਾਲਰ ਦੇ ਪਾਰ ਪਹੁੰਚੀ Bitcoin ਦੀ ਕੀਮਤ

ਨਵੀਂ ਦਿੱਲੀ, 20 ਨਵੰਬਰ – ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਐਸ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੋਸ਼ਲ ਮੀਡੀਆ ਕੰਪਨੀ ਕ੍ਰਿਪਟੋ ਵਪਾਰਕ ਫਰਮ ਬਕਕਟ ਨੂੰ ਹਾਸਲ ਕਰਨ ਲਈ ਗੱਲਬਾਤ ਕਰ ਰਹੀ ਸੀ, ਤੋਂ ਬਾਅਦ ਬਿਟਕੋਇਨ ਨੇ US $94,000 ਦੇ ਸਭ ਤੋਂ ਉੱਚੇ ਪੱਧਰ ਨੂੰ ਪਾਰ ਕਰ ਲਿਆ ਹੈ ਅਤੇ ਇਸ ਰਿਪੋਰਟ ਨੇ ਆਉਣ ਵਾਲੇ ਟਰੰਪ ਕਾਰਜਕਾਲ ਦੌਰਾਨ ਕ੍ਰਿਪਟੋਕੁਰੰਸੀ-ਅਨੁਕੂਲ ਨਿਯਮਾਂ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ, ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਦੀ ਕੀਮਤ ਇਸ ਸਾਲ ਦੌਰਾਨ ਦੁੱਗਣੀ ਤੋਂ ਵੱਧ ਹੋ ਗਈ ਹੈ। ਬੁੱਧਵਾਰ ਨੂੰ ਏਸ਼ੀਆਈ ਵਪਾਰ ‘ਚ ਇਹ 92,104 ਅਮਰੀਕੀ ਡਾਲਰ ਦੇ ਪੱਧਰ ‘ਤੇ ਸੀ ਪਰ ਆਖਰੀ ਸੈਸ਼ਨ ਦੇ ਆਖਰੀ ਪਲਾਂ ‘ਚ ਇਹ 94,078 ਅਮਰੀਕੀ ਡਾਲਰ ਦੇ ਰਿਕਾਰਡ ਉੱਚ ਪੱਧਰ ਨੂੰ ਛੂਹ ਗਿਆ ਸੀ। ਟਰੰਪ ਮੀਡੀਆ ਐਂਡ ਟੈਕਨਾਲੋਜੀ ਗਰੁੱਪ, ਜੋ ਕਿ ਟਰੂਥ ਸੋਸ਼ਲ ਦਾ ਸੰਚਾਲਨ ਕਰਦਾ ਹੈ, ਬਾਕਟ ਦੇ ਆਲ-ਸਟਾਕ ਪ੍ਰਾਪਤੀ ਦੇ ਨੇੜੇ ਹੈ, ਜਿਸ ਨੂੰ NYSE-ਮਾਲਕ ਇੰਟਰਕੌਂਟੀਨੈਂਟਲ ਐਕਸਚੇਂਜ ਰਾਹੀਂ ਸਮਰਥਨ ਪ੍ਰਾਪਤ ਹੈ, ਫਾਈਨੈਂਸ਼ੀਅਲ ਟਾਈਮਜ਼ ਨੇ ਇਸ ਮਾਮਲੇ ਦੀ ਜਾਣਕਾਰੀ ਵਾਲੇ ਦੋ ਲੋਕਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤੀ। ਆਈਜੀ ਮਾਰਕੀਟ ਵਿਸ਼ਲੇਸ਼ਕ ਟੋਨੀ ਸਾਇਕਾਮੋਰ ਨੇ ਕਿਹਾ ਕਿ ਬਿਟਕੋਇਨ ਦੇ ਰਿਕਾਰਡ ਉੱਚੇ ਵਾਧੇ ਨੂੰ ਟਰੰਪ ਦੇ ਸੌਦੇ ਦੀ ਰਿਪੋਰਟ ਦੇ ਨਾਲ-ਨਾਲ ਨਾਸਡੈਕ ‘ਤੇ ਬਲੈਕਰੌਕ ਦੇ ਬਿਟਕੋਇਨ ਈਟੀਐਫ ‘ਤੇ ਵਿਕਲਪ ਵਪਾਰ ਦੇ ਪਹਿਲੇ ਦਿਨ ਦਾ ਫਾਇਦਾ ਲੈਣ ਵਾਲੇ ਵਪਾਰੀਆਂ ਦੁਆਰਾ ਸਮਰਥਨ ਕੀਤਾ ਗਿਆ ਸੀ। 5 ਨਵੰਬਰ ਨੂੰ ਅਮਰੀਕੀ ਚੋਣਾਂ ਤੋਂ ਬਾਅਦ ਕ੍ਰਿਪਟੋਕਰੰਸੀ ਲਗਾਤਾਰ ਵਧ ਰਹੀ ਹੈ, ਕਿਉਂਕਿ ਵਪਾਰੀਆਂ ਦਾ ਮੰਨਣਾ ਹੈ ਕਿ ਡਿਜੀਟਲ ਸੰਪਤੀਆਂ ਲਈ ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਵਾਅਦੇ ਪਾਬੰਦੀਆਂ ਨੂੰ ਘਟਾ ਦੇਣਗੇ ਅਤੇ ਬਿਟਕੋਇਨ ਨੂੰ ਜੀਵਨ ਪ੍ਰਦਾਨ ਕਰਨਗੇ। ਵਿਸ਼ਲੇਸ਼ਣ ਅਤੇ ਡੇਟਾ ਐਗਰੀਗੇਟਰ CoinGecko ਦੇ ਅਨੁਸਾਰ, ਵਪਾਰੀਆਂ ਵਿੱਚ ਵੱਧ ਰਹੇ ਉਤਸ਼ਾਹ ਦੇ ਕਾਰਨ, ਗਲੋਬਲ ਕ੍ਰਿਪਟੋਕਰੰਸੀ ਮਾਰਕੀਟ ਮੁੱਲ US $ 3 ਟ੍ਰਿਲੀਅਨ ਤੋਂ ਉੱਪਰ ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਿਆ ਹੈ।

ਰਿਕਾਰਡ 94000 ਡਾਲਰ ਦੇ ਪਾਰ ਪਹੁੰਚੀ Bitcoin ਦੀ ਕੀਮਤ Read More »

ਔਰਤ ਵਿਰੋਧੀ ਸੋਚ ਵਾਲਿਆਂ ਦਾ ਕਾਂਗਰਸ ਕਰਦੀ ਹੈ ਸਨਮਾਨ – ਅਮਨਜੋਤ ਰਾਮੂਵਾਲੀਆ

ਐੱਸਏਐੱਸ ਨਗਰ (ਮੁਹਾਲੀ), 20 ਨਵੰਬਰ – ਭਾਜਪਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਔਰਤਾਂ ਦੀ ਇੱਜ਼ਤ ਨੂੰ ਉਛਾਲਨ ਵਾਲਿਆਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ, ਜਿਸ ਦੀ ਮਿਸਾਲ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਨੇ ਬੀਤੇ ਦਿਨੀਂ ਗਿੱਦੜਬਾਹਾ ਵਿੱਚ ਔਰਤਾਂ ਖ਼ਿਲਾਫ਼ ਜਿਹੜੀ ਸ਼ਬਦਾਵਲੀ ਵਰਤੀ ਹੈ, ਉਸ ਤੋਂ ਉਨ੍ਹਾਂ ਦਾ ਔਰਤਾਂ ਪ੍ਰਤੀ ਨਜ਼ਰੀਆ ਜ਼ਾਹਰ ਹੁੰਦਾ ਹੈ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਚਰਨਜੀਤ ਚੰਨੀ ਉੱਤੇ ਔਰਤਾਂ ਦੇ ਸ਼ੋਸ਼ਣ ਦੇ ਕਥਿਤ ਦੋਸ਼ ਲਗਦੇ ਰਹੇ ਹਨ ਪਰ ਕਾਂਗਰਸ ਹਾਈ ਕਮਾਨ ਅਜਿਹੇ ਆਗੂਆਂ ਨੂੰ ਮਾਣ ਸਨਮਾਨ ਦੇ ਕੇ ਨਿਵਾਜ ਰਹੀ ਹੈ। ਉਨ੍ਹਾਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੋਂ ਮੰਗ ਕੀਤੀ ਕਿ ਔਰਤਾਂ ਦੀ ਇਸ ਬੇਇੱਜ਼ਤੀ ਲਈ ਸਾਬਕਾ ਮੁੱਖ ਮੰਤਰੀ ਚੰਨੀ ਵਿਰੁੱਧ ਬਣਦੀ ਢੁਕਵੀਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੇ ਨਕਾਰਾਤਮਕ ਸੋਚ ਵਾਲੇ ਵਿਅਕਤੀਆਂ ਨੂੰ ਲੀਡਰ ਵਜੋਂ ਪੇਸ਼ ਕਰਦੀ ਰਹੀ ਹੈ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਕਾਂਗਰਸ ਔਰਤਾਂ ਦੀ ਇੱਜ਼ਤ ਕਰਨਾ ਨਹੀਂ ਜਾਣਦੀ, ਸਿਰਫ਼ ਵੋਟ ਬੈਂਕ ਲਈ ਡਰਾਮੇਬਾਜ਼ੀ ਕਰਦੀ ਹੈ।

ਔਰਤ ਵਿਰੋਧੀ ਸੋਚ ਵਾਲਿਆਂ ਦਾ ਕਾਂਗਰਸ ਕਰਦੀ ਹੈ ਸਨਮਾਨ – ਅਮਨਜੋਤ ਰਾਮੂਵਾਲੀਆ Read More »

ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ

ਚੰਡੀਗੜ੍ਹ, 20 ਨਵੰਬਰ – ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਲਈ ਬੁੱਧਵਾਰ ਨੂੰ ਪਹਿਲੇ ਦੋ ਘੰਟਿਆਂ ਵਿਚ ਅੱਠ ਫੀਸਦੀ ਤੋਂ ਵੱਧ ਵੋਟਿੰਗ ਹੋਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ (ਰਾਖਵੇਂ) ਅਤੇ ਬਰਨਾਲਾ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਨ੍ਹਾਂ ਸੀਟਾਂ ‘ਤੇ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ 8.53 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਸੀਟ ‘ਤੇ 13.1 ਫੀਸਦੀ, ਡੇਰਾ ਬਾਬਾ ਨਾਨਕ ‘ਚ 9.7 ਫੀਸਦੀ, ਬਰਨਾਲਾ ‘ਚ 6.9 ਫੀਸਦੀ ਅਤੇ ਚੱਬੇਵਾਲ ‘ਚ 4.15 ਫੀਸਦੀ ਵੋਟਿੰਗ ਹੋਈ। ਤਿੰਨ ਔਰਤਾਂ ਸਮੇਤ 45 ਉਮੀਦਵਾਰ ਮੈਦਾਨ ਵਿੱਚ ਹਨ। 831 ਪੋਲਿੰਗ ਸਟੇਸ਼ਨਾਂ ‘ਤੇ 3.31 ਲੱਖ ਔਰਤਾਂ ਸਮੇਤ ਕੁੱਲ 6.96 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ 6,400 ਤੋਂ ਵੱਧ ਜਵਾਨ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਜ਼ਿਮਨੀ ਚੋਣ ਵਿੱਚ ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ ਉਨ੍ਹਾਂ ਵਿੱਚ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਸੋਹਣ ਸਿੰਘ ਠੰਡਲ ਅਤੇ ਰਵੀਕਰਨ ਸਿੰਘ ਕਾਹਲੋਂ (ਭਾਜਪਾ), ਕਾਂਗਰਸ ਦੀ ਅੰਮ੍ਰਿਤਾ ਵੜਿੰਗ, ਜਤਿੰਦਰ ਕੌਰ (ਕਾਂਗਰਸ) ਅਤੇ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਡਾ. ਇਸ਼ਾਂਕ ਕੁਮਾਰ ਚੱਬੇਵਾਲ (ਆਪ) ਸ਼ਾਮਲ ਹਨ। ਅੰਮ੍ਰਿਤਾ ਕਾਂਗਰਸ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹਨ। ਜਤਿੰਦਰ ਕੌਰ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਨਹੀਂ ਉਤਾਰੇ ਹਨ।

ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ Read More »

ਇਨਸਾਫ਼ ਕਮੇਟੀ ਨੇ ਐੱਸਐੱਸਪੀ ਦਫ਼ਤਰ ਅੱਗੇ ਦਿੱਤਾ ਧਰਨਾ

ਸ੍ਰੀ ਮੁਕਤਸਰ ਸਾਹਿਬ, 20 ਨਵੰਬਰ – ਬੈਂਕ ਮੈਨੇਜਰ ਸਿਮਰਨਦੀਪ ਬਰਾੜ ਨੂੰ ਨਹਿਰ ’ਚ ਸੁੱਟ ਕੇ ਮਾਰਨ ਦੇ ਮਾਮਲੇ ਵਿੱਚ ਪੁਲੀਸ ਨੇ ਅੱਠ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ ਪਰ ਹਾਲੇ ਤੱਕ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਿਸ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਧਰਨੇ ਦੀ ਅਗਵਾਈ ਕਰ ਰਹੀ ਇਨਸਾਫ਼ ਕਮੇਟੀ ਦੇ ਆਗੂਆਂ ਨੇ ਆਖਿਆ ਕਿ ਪੁਲੀਸ ਘਟਨਾ ਤੋਂ ਇੱਕ ਮਹੀਨੇ ਬਾਅਦ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਇਸ ਦੌਰਾਨ ਐੱਸਐੱਸਪੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠਲੀ ‘ਸਿਟ’ ਵੱਲੋਂ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਭਰੋਸਾ ਦਿੱਤਾ ਗਿਆ ਕਿ 22 ਨਵੰਬਰ ਤੱਕ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ। ਵਫ਼ਦ ਵਿੱਚ ਸ਼ਾਮਲ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਬਰਾੜ, ਭਿੰਦਰ ਸਿੰਘ ਲੰਬੀ ਢਾਬ, ਰਜਿੰਦਰ ਸਿੰਘ ਦੂਹੇਵਾਲਾ, ਗੋਬਿੰਦ ਸਿੰਘ ਕੋਟਲੀ ਦੇਵਨ, ਕਰਮਜੀਤ ਸ਼ਰਮਾ, ਗੁਰਮੀਤ ਲੰਬੀ ਢਬ, ਸਿਮਰਜੀਤ ਸਿੰਘ ਥਾਂਦੇਵਾਲਾ, ਉਪਕਾਰ ਸਿੰਘ, ਵਰਿੰਦਰ ਢੋਸੀਵਾਲ, ਸ਼ਿਵਰਾਜ ਸਿੰਘ ਭੰਗਚੜ੍ਹੀ ਤੇ ਹੋਰਨਾਂ ਨੇ ਦੱਸਿਆ ਕਿ ‘ਸਿਟ’ ਵੱਲੋਂ ਹੁਣ ਤੱਕ ਕੀਤੀ ਕਾਰਵਾਈ ਬਾਰੇ ਦੱਸਿਆ ਗਿਆ ਅਤੇ 22 ਨਵੰਬਰ ਤੱਕ ਦੇ ਸਮੇਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਵਫ਼ਦ ਨੇ ਐੱਸਐੱਸਪੀ ਦੇ ਵਾਰ-ਵਾਰ ਦਿੱਤੇ ਭਰੋਸੇ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਜੇ 22 ਨਵੰਬਰ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਤੇ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਜਾਣਕਾਰੀ ਅਨੁਸਾਰ 19 ਅਕਤੂਬਰ ਨੂੰ ਬੈਂਕ ਮੈਨੇਜਰ ਸਿਮਰਨਦੀਪ ਬਰਾੜ ਦੀ ਪਿੰਡ ਭੁੱਲਰ ਲਾਗਲੀ ਸਰਹਿੰਦ ਫੀਡਰ ਨਹਿਰ ਵਿੱਚੋਂ ਕਾਰ ਸਣੇ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲੀਸ ਨੇ ਮੁਕਤਸਰ ਦੇ 6 ਡਾਕਟਰਾਂ ਸਣੇ 8 ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ‘ਸੰਯੁਕਤ ਕਿਸਾਨ ਮੋਰਚੇ’ ਦੀ ਅਗਵਾਈ ਹੇਠ ਜਥੇਬੰਦੀਆਂ ਵੱਲੋਂ ‘ਇਨਸਾਫ ਕਮੇਟੀ’ ਗਠਿਤ ਕੀਤੀ ਗਈ ਜਿਸਦੀ ਅਗਵਾਈ ਹੇਠ ਅੱਜ ਐੱਸਐੱਸਪੀ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ।

ਇਨਸਾਫ਼ ਕਮੇਟੀ ਨੇ ਐੱਸਐੱਸਪੀ ਦਫ਼ਤਰ ਅੱਗੇ ਦਿੱਤਾ ਧਰਨਾ Read More »

ਸੰਗਰੂਰ ਜ਼ਿਲੇ ਦੇ ਸਕੂਲ ‘ਚ ਰੋਬੋਟ ਅਧਿਆਪਕ ਨੂੰ ਦੇਖ ਕੇ ਵਿਦਿਆਰਥੀ ਹੋਏ ਹੈਰਾਨ

ਸੰਗਰੂਰ, 20 ਨਵੰਬਰ – ਸੰਗਰੂਰ ਜ਼ਿਲੇ ਦੇ ਸਕੂਲ ‘ਚ ਰੋਬੋਟ ਅਧਿਆਪਕ ਨੂੰ ਮਿਲ ਕੇ ਵਿਦਿਆਰਥੀ ਦੰਗ ਰਹਿ ਗਏ। ਜਿਵੇਂ ਹੀ ਸੰਤਰੀ ਸਾੜ੍ਹੀ, ਗੂੜ੍ਹੇ ਨੀਲੇ ਕੋਟ ਅਤੇ ਐਨਕਾਂ ਪਹਿਨੇ ਘੁੰਗਰਾਲੇ ਵਾਲਾਂ ਵਾਲੇ ਅਧਿਆਪਕ ਕਾਨਫਰੰਸ ਹਾਲ ਵਿੱਚ ਦਾਖਲ ਹੋਏ ਤਾਂ ਸਾਰੇ ਵਿਦਿਆਰਥੀ ਆਪਣੀਆਂ ਕੁਰਸੀਆਂ ਤੋਂ ਖੜ੍ਹੇ ਹੋ ਗਏ, ਪਰ ਜਿਵੇਂ ਹੀ ਉਨ੍ਹਾਂ ਦੀ ਨਜ਼ਰ ਅਧਿਆਪਕ ਦੇ ਚਿਹਰੇ ‘ਤੇ ਪਈ ਤਾਂ ਸਾਰੇ ਹੈਰਾਨ ਰਹਿ ਗਏ ਕਿ ਇਹ ਉਨ੍ਹਾਂ ਦੀ ਅਧਿਆਪਕਾ ਨਹੀਂ ਬਲਕਿ ਇੱਕ ਔਰਤ ਰੋਬੋਟ ਸੀ। ਰੋਬੋਟ ਨੇ ਵਿਦਿਆਰਥੀਆਂ ਨੂੰ ‘ਹੈਲੋ ਸਟੂਡੈਂਟਸ’ ਕਹਿ ਕੇ ਬੁਲਾਇਆ। ਅਗਲੇ ਹੀ ਪਲ ਵਿਦਿਆਰਥੀਆਂ ਅਤੇ ਅਰੇਸ਼ ਕੌਰ ਵਿਚਕਾਰ ਸਵਾਲਾਂ-ਜਵਾਬਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵਿਦਿਆਰਥੀਆਂ ਨੇ ਆਪੋ-ਆਪਣੇ ਵਿਸ਼ਿਆਂ ਨਾਲ ਸਬੰਧਤ ਸਵਾਲ ਪੁੱਛੇ ਅਤੇ ਰੋਬੋਟ ਅਧਿਆਪਕ ਨੇ ਇਕ-ਇਕ ਕਰਕੇ ਵਿਦਿਆਰਥੀਆਂ ਦੇ ਹਰ ਸਵਾਲ ਦਾ ਸਹੀ ਜਵਾਬ ਦਿੱਤਾ। ਉਹ ਨਾ ਸਿਰਫ਼ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੀ ਹੈ, ਸਗੋਂ ਉਨ੍ਹਾਂ ਵੱਲ ਹੱਥ ਵਧਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਵੀ ਕਰਦੀ ਹੈ। ਉਹ ਕਲਾਸ ਰੂਮ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਵਿੱਚ ਜਾ ਕੇ ਵਿਦਿਆਰਥੀਆਂ ਦਾ ਮੁਆਇਨਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਇੱਕ ਅਸਲੀ ਅਧਿਆਪਕ ਵਾਂਗ ਕੰਮ ਕਰਨ ਦਾ ਵਿਸ਼ਵਾਸ ਵੀ ਦਿੰਦੇ ਹੋਏ ਦੇਖਿਆ ਗਿਆ। ਵਿਸ਼ੇਸ਼ ਗੱਲ ਇਹ ਹੈ ਕਿ ਉਸਨੇ ਨਾ ਸਿਰਫ਼ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿਤੇ, ਸਗੋਂ ਉਨ੍ਹਾਂ ਵੱਲ ਹੱਥ ਵਧਾ ਕੇ ਉਨ੍ਹਾਂ ਨੂੰ ਉਤਸ਼ਾਹਿਤ ਵੀ ਕਰਦੀ ਹੈ। ਉਹ ਕਲਾਸ ਰੂਮ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਵਿੱਚ ਜਾ ਕੇ ਵਿਦਿਆਰਥੀਆਂ ਦਾ ਮੁਆਇਨਾ ਕਰਦੇ ਹੋਏ ਅਤੇ ਉਨ੍ਹਾਂ ਨੂੰ ਇੱਕ ਅਸਲੀ ਅਧਿਆਪਕ ਵਾਂਗ ਕੰਮ ਕਰਨ ਦਾ ਵਿਸ਼ਵਾਸ ਵੀ ਦਿੰਦੇ ਹੋਏ ਦੇਖਿਆ ਗਿਆ। ਇਹ ਨਜ਼ਾਰਾ ਸੀ ਮਾਡਰਨ ਸੈਕੂਲਰ ਪਬਲਿਕ ਸਕੂਲ, ਧੂਰੀ ਦਾ, ਜਿੱਥੇ ਸਕੂਲ ਦੇ ਡਾਇਰੈਕਟਰ ਡਾ: ਜਗਜੀਤ ਸਿੰਘ ਨੇ ਅਧਿਆਪਕਾਂ ਦੀ ਮਦਦ ਕਰਨ ਅਤੇ ਉੱਚ ਪੱਧਰੀ ਜਾਣਕਾਰੀ ਪ੍ਰਦਾਨ ਕਰਨ ਲਈ ਏ.ਆਈ. ਤਕਨੀਕ ਨਾਲ ਲੈਸ ਇਕ ਨਵਾਂ ਮਹਿਲਾ ਰੋਬੋਟ ਨਿਯੁਕਤ ਕਰਕੇ ਸਿੱਖਿਆ ਦੇ ਖੇਤਰ ਵਿਚ ਇਕ ਕਦਮ ਅੱਗੇ ਵਧਾਇਆ। ਵਿਦਿਆਰਥੀਆਂ ਨੂੰ ਇੱਕ ਅਧਿਆਪਕ ਵਜੋਂ, ਉਸਨੇ ਵਿਦਿਆਰਥੀਆਂ ਨਾਲ ਆਪਣੀ ਜਾਣ-ਪਛਾਣ ਕਰਵਾਈ। ਇਸ ਰੋਬੋਟ ਦਾ ਨਾਮ ਅਰੇਸ਼ ਕੌਰ ਹੈ। ਇਹ ਰੋਬੋਟ ਵਿਦੇਸ਼ ਤੋਂ 5 ਲੱਖ ਰੁਪਏ ਦੀ ਕੀਮਤ ‘ਤੇ ਖਰੀਦਿਆ ਗਿਆ ਹੈ।

ਸੰਗਰੂਰ ਜ਼ਿਲੇ ਦੇ ਸਕੂਲ ‘ਚ ਰੋਬੋਟ ਅਧਿਆਪਕ ਨੂੰ ਦੇਖ ਕੇ ਵਿਦਿਆਰਥੀ ਹੋਏ ਹੈਰਾਨ Read More »

ਸੂਬੇ ਚ ਪਹਿਲੀ ਵਾਰ 3000 ਪੰਚਾਇਤਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ

ਫ਼ਤਹਿਗੜ੍ਹ ਸਾਹਿਬ, 20 ਨਵੰਬਰ – ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਵੀਆਂ ਚੁਣੀਆਂ ਪੰਚਾਇਤਾਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕ ਹਿੱਤ ਵਿੱਚ ਫੈਸਲੇ ਲੈਣ ਨੂੰ ਤਰਜ਼ੀਹ ਦੇਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਖੇਡ ਸਟੇਡੀਅਮ ਸਰਹਿੰਦ ਵਿਖੇ ਨਵੇਂ ਚੁਣੇ ਪੰਚਾਂ ਨੂੰ ਸਹੁੰ ਚੁਕਾਉਣ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਲਣ ਵਾਲੀਆਂ ਗ੍ਰਾਂਟਾ ਦੀ ਪਾਰਦਰਸ਼ੀ ਢੰਗ ਨਾਲ ਵਰਤੋਂ ਕਰਦਿਆਂ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ਤੇ ਸੁਵਿਧਾਵਾਂ ਮੁਹੱਈਆ ਕਰਵਾਈਆ ਜਾਣ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਦਾ ਪਿੰਡ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਅਹਿਮ ਰੋਲ ਹੁੰਦਾ ਹੈ, ਇਸ ਲਈ ਸਮੁੱਚੀ ਪੰਚਾਇਤ ਦਾ ਫ਼ਰਜ਼ ਬਣਦਾ ਹੈ ਕਿ ਲੋਕਾਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਹਰੇਕ ਕਾਰਜ਼ ਨੂੰ ਲੋਕਾਂ ਦੀ ਸਲਾਹ ਨਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਲਗਭਗ 70 ਫੀਸਦੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ, ਜਿਸ ਕਾਰਨ ਪੰਚਾਇਤੀ ਰਾਜ ਸੰਸਥਾਵਾਂ ਨੂੰ ਲੋਕਤੰਤਰ ਦੇ ਚਾਨਣ ਮੁਨਾਰੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਵੱਲੋਂ ਬਣਾਈਆ ਨੀਤੀਆਂ ਅਤੇ ਇਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਸਰਪੰਚਾਂ-ਪੰਚਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਸਮੂਹ ਪੰਚਾਂ ਨੂੰ ਭਰੋਸਾ ਦਿੱਤਾ ਕਿ ਪਿੰਡਾਂ ਦੇ ਵਿਕਾਸ ਕਾਰਜ਼ਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ, ਬਸ ਲੋੜ ਹੈ ਹਰੇਕ ਪੰਚਾਇਤ ਨੂੰ ਆਪਣੇ ਪਿੰਡ ਨੂੰ ਵਿਕਾਸ ਦੀਆਂ ਲੀਹਾਂ ਵੱਲ ਤੋਰਨ ਦੀ ਅਤੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਨ ਦੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਪੰਚਾਂ ਨੂੰ ਅਪੀਲ ਕੀਤੀ ਕਿ ਦਿਨੋਂ ਦਿਨ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਦਾ ਖਾਤਮਾ ਕਰਨ ਵਿੱਚ ਪੰਚਾਇਤਾਂ ਨੂੰ ਵਿਆਪਕ ਯੋਜਨਾ ਬਣਾਉਣੀ ਚਾਹੀਦੀ ਹੈ ਤਾਂ ਜੋ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਹਾ ਕਿ ਪਿੰਡਾਂ ਵਿੱਚ ਵਿਕਾਸ ਅਤੇ ਖ਼ੁਸ਼ਹਾਲੀ ਦੀ ਗਤੀ ਨੂੰ ਹੋਰ ਹੁਲਾਰਾ ਦੇਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਸਰਕਾਰ ਅਤੇ ਪਿੰਡਾਂ ਵਿਚਕਾਰ ਪੁਲ ਦਾ ਕੰਮ ਕਰਦੀਆਂ ਹਨ ਅਤੇ ਪੰਚਾਂ ਤੇ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਨਾ ਚਾਹੀਦਾ ਹੈ। ਉਨ੍ਹਾਂ ਪੰਚਾਂ ਨੂੰ ਪਿੰਡਾਂ ਨੂੰ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਵੀ ਕਿਹਾ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਵੇਂ ਚੁਣੇ ਪੰਚਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਕਾਰਜ ਬਿਨਾਂ ਕਿਸੇ ਭੇਦ-ਭਾਵ ਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਚਾਇਤਾਂ ਸਰਕਾਰ ਦੀਆਂ ਵਿਕਾਸ ਪੱਖੀ ਸਕੀਮਾਂ ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ ਇਸ ਲਈ ਸਰਕਾਰ ਦੀਆਂ ਵਿਕਾਸ ਪੱਖੀ ਤੇ ਲੋਕ ਭਲਾਈ ਸਕੀਮਾਂ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਆਪਸੀ ਝਗੜਿਆਂ ਨੂੰ ਪੰਚਾਇਤ ਵਿੱਚ ਬੈਠ ਕੇ ਹੀ ਹੱਲ ਕਰ ਲਿਆ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਪਰਮਜੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ, ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਮਨਦੀਪ ਕੌਰ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਮਾਰਕੀਟ ਕਮੇਟੀ ਚਨਾਰਥਲ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ, ਮਾਰਕੀਟ ਕਮੇਟੀ ਅਮਲੋਹ ਦੀ ਚੇਅਰਮੈਨ ਸੁਖਵਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸ.ਪੀ. (ਜਾਂਚ) ਰਾਕੇਸ਼ ਯਾਦਵ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਅਰਵਿੰਦ ਗੁਪਤਾ, ਐਸ.ਡੀ.ਐਮ. ਬਸੀ ਪਠਾਣਾ ਹਰਬੀਰ ਕੌਰ, ਐਸ.ਡੀ.ਐਮ. ਅਮਲੋਹ ਮਨਜੀਤ ਸਿੰਘ ਰਾਜਲਾ, ਡੀ.ਡੀ.ਪੀ.ਓ. ਜਸਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ, ਪੰਚ ਤੇ ਹੋਰ ਪਤਵੰਤੇ ਹਾਜਰ ਸਨ।

ਸੂਬੇ ਚ ਪਹਿਲੀ ਵਾਰ 3000 ਪੰਚਾਇਤਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ Read More »

ਮਹਾਰਾਸ਼ਟਰ ਦਾ ਚੋਣ ਮੰਜ਼ਰ

ਪਿਛਲੀ ਵਾਰ ਜਦੋਂ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਦਾ ਗੱਠਜੋੜ ਖੜ੍ਹਾ ਸੀ; ਦੂਜੇ ਪਾਸੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦਾ ਗੱਠਜੋੜ ਮੁਕਾਬਲਾ ਕਰ ਰਿਹਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਾਂਦਰਾ ਵਰਲੀ ਸਾਗਰ ਲਿੰਕ ਦੇ ਪੁਲ ਹੇਠੋਂ ਬਹੁਤ ਸਾਰਾ ਪਾਣੀ ਵਹਿ ਚੁੱਕਿਆ ਹੈ। ਪਿਛਲੇ ਕੁਝ ਸਾਲਾਂ ਦੌਰਾਨ ਮਹਾਰਾਸ਼ਟਰ ਦੇ ਸਿਆਸੀ ਤੇ ਚੁਣਾਵੀ ਖੇਤਰ ਵਿੱਚ ਜਿੰਨੀ ਉਥਲ-ਪੁਥਲ ਹੋਈ ਹੈ, ਸ਼ਾਇਦ ਓਨੀ ਹੋਰ ਕਿਸੇ ਸੂਬੇ ਵਿੱਚ ਨਹੀਂ ਹੋਈ। ਇਸ ਵਾਰ 2024 ਦੇ ਚੋਣ ਯੁੱਧ ਵਿੱਚ ਇੱਕ ਪਾਸੇ ਮਹਾਯੁਤੀ ਗੱਠਜੋੜ ਹੈ ਜਿਸ ਵਿਚ ਭਾਜਪਾ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲਾ ਸ਼ਿਵਸੈਨਾ ਦਾ ਧੜਾ ਤੇ ਅਜੀਤ ਪਵਾਰ ਦੀ ਅਗਵਾਈ ਵਾਲਾ ਐੱਨਸੀਪੀ ਦਾ ਧੜਾ ਸ਼ਾਮਿਲ ਹਨ; ਦੂਜੇ ਪਾਸੇ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਉੱਭਰ ਕੇ ਸਾਹਮਣੇ ਆਇਆ ਹੈ ਜਿਸ ਵਿੱਚ ਕਾਂਗਰਸ, ਊਧਵ ਠਾਕਰੇ ਦੀ ਅਗਵਾਈ ਵਾਲਾ ਸ਼ਿਵਸੈਨਾ ਦਾ ਧੜਾ ਅਤੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਾਮਿਲ ਹਨ। ਮਹਾ ਵਿਕਾਸ ਅਗਾੜੀ ਸਰਕਾਰ ਢਾਈ ਸਾਲ ਕਾਇਮ ਰਹੀ ਜਦੋਂ ਏਕਨਾਥ ਸ਼ਿੰਦੇ ਨੇ ਸ਼ਿਵਸੈਨਾ ਅੰਦਰ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ ਅਤੇ ਭਾਜਪਾ ਨਾਲ ਗੰਢ-ਤੁਪ ਕਰ ਕੇ ਨਵੀਂ ਸਰਕਾਰ ਬਣਾ ਲਈ। ਕੁਝ ਸਮੇਂ ਬਾਅਦ ਅਜੀਤ ਪਵਾਰ ਵੀ ਸ਼ਿੰਦੇ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਸਰਕਾਰ ਵਿੱਚ ਸ਼ਾਮਿਲ ਹੋ ਗਏ। ਹੁਣ ਜਦੋਂ ਦੋਵੇਂ ਗੱਠਜੋੜਾਂ ਨੂੰ ਢਾਈ-ਢਾਈ ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲ ਚੁੱਕਿਆ ਹੈ ਤਾਂ ਵੋਟਰਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਦੋਵਾਂ ਸਰਕਾਰਾਂ ਦਾ ਕੰਮ-ਕਾਜ ਕਿਹੋ ਜਿਹਾ ਰਿਹਾ ਅਤੇ ਉਨ੍ਹਾਂ ਦੇ ਤੌਰ-ਤਰੀਕਿਆਂ ਵਿੱਚ ਕਿੰਨਾ ਕੁ ਫ਼ਰਕ ਹੈ। ਵੋਟਰਾਂ ਨੂੰ ਆਸ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਹੋ ਜਿਹਾ ਸੱਤਾ ਦਾ ਖੇਡ ਹੋਇਆ ਸੀ, ਉਸ ਦਾ ਇਸ ਵਾਰ ਦੁਹਰਾਅ ਨਹੀਂ ਹੋਵੇਗਾ। ਉਦੋਂ ਸ਼ਿਵਸੈਨਾ ਦੇ ਵਿਧਾਇਕਾਂ ਦੀ ਸੰਖਿਆ ਭਾਵੇਂ ਭਾਜਪਾ ਨਾਲੋਂ ਘੱਟ ਸੀ ਪਰ ਸ਼ਿਵਸੈਨਾ ਨੇ ਦਾਅ ਖੇਡ ਕੇ ਸਰਕਾਰ ਵਿੱਚ ਮੋਹਰੀ ਭੂਮਿਕਾ ਅਖ਼ਤਿਆਰ ਕਰ ਲਈ ਸੀ ਜਿਸ ਨੂੰ ਭਾਜਪਾ ਕਦੇ ਭੁੱਲ ਨਹੀਂ ਸਕੀ। ਉਂਝ, ਇਸ ਤਰ੍ਹਾਂ ਦੀ ਪੁਜ਼ੀਸ਼ਨ ਪਿਛਲੀ ਵਾਰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵੀ ਬਣੀ ਸੀ ਜਦੋਂ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਪਰ ਉਸ ਨੇ ਘੱਟ ਸੀਟਾਂ ਵਾਲੀ ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਸਰਕਾਰ ਵਿੱਚ ਜੂਨੀਅਰ ਭਿਆਲ ਬਣ ਕੇ ਰਹਿਣ ਦਾ ਰਾਹ ਅਪਣਾ ਲਿਆ ਸੀ। ਭਾਜਪਾ ਇਸ ਸਭ ਦੌਰਾਨ ਕਾਫੀ ਸਰਗਰਮ ਰਹੀ ਹੈ। ਇਹ ਮਹਾਰਾਸ਼ਟਰ ’ਚ ਮਜ਼ਬੂਤ ਹੋ ਕੇ ਉੱਭਰੀ ਕਿਉਂਕਿ ਇਸ ਨੂੰ ਦੂਜੀਆਂ ਧਿਰਾਂ ਨੂੰ ਕਮਜ਼ੋਰ ਕਰਨ ਦਾ ਤਰੀਕਾ ਆ ਗਿਆ ਹਾਲਾਂਕਿ ਇਹ ਆਪਣੇ ਸਾਥੀ ਦਲਾਂ ’ਤੇ ਮੁਕੰਮਲ ਭਰੋਸਾ ਰੱਖ ਕੇ ਨਹੀਂ ਚੱਲ ਸਕਦੀ। ਪਿਛਲੇ ਕੁਝ ਸਾਲਾਂ ’ਚ ਸੂਬੇ ਦੀ ਸਿਆਸਤ ਕਾਫੀ ਉਥਲ-ਪੁਥਲ ਦਾ ਸ਼ਿਕਾਰ ਰਹੀ ਹੈ ਤੇ ਕਈ ਦਲ ਦੋਫਾੜ ਹੋਏ ਹਨ, ਕਈ ਪ੍ਰਮੁੱਖ ਨੇਤਾ ਵੀ ਪੁਰਾਣੀਆਂ ਧਿਰਾਂ ਨਾਲੋਂ ਟੁੱਟ ਕੇ ਕਦੇ ਸੱਤਾਧਾਰੀ ਗੱਠਜੋੜ ਤੇ ਕਦੇ ਵਿਰੋਧੀ ਧਿਰ ਦਾ ਹਿੱਸਾ ਬਣਦੇ ਰਹੇ ਹਨ। ਇਸ ਤਰ੍ਹਾਂ ਸੂਬੇ ਦਾ ਸਿਆਸੀ ਮਾਹੌਲ ਨਾਟਕੀ ਅਤੇ ਸੰਵੇਦਨਸ਼ੀਲ ਰਿਹਾ ਹੈ। ਜਾਂਚ ਏਜੰਸੀਆਂ ਨੇ ਵੀ ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾਂ ’ਚ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੂੰ ਲਪੇਟੇ ’ਚ ਲਈ ਰੱਖਿਆ ਹੈ। ਸ਼ਿਵਸੈਨਾ ’ਚ ਫੁੱਟ ਪੈਣ ਤੋਂ ਬਾਅਦ ਇਸ ਦੇ ਦੋ ਧੜੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਬਣੇ ਸਨ। ਏਕਨਾਥ ਸ਼ਿੰਦੇ ਨੇ ਮਗਰੋਂ ਭਾਜਪਾ ਨਾਲ ਗੱਠਜੋੜ ਕਰ ਕੇ ਸਰਕਾਰ ਬਣਾਈ ਅਤੇ ਆਪਣੀ ਪੁਰਾਣੀ ਧਿਰ (ਊਧਵ ਗਰੁੱਪ) ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਹੁਣ ਤੱਕ ਉਹ ਇਸ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਵਿਚਰ ਰਹੇ ਸਨ। ਇਸੇ ਤਰ੍ਹਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅੱਨਸੀਪੀ) ਵੀ ਫੁੱਟ ਦਾ ਸ਼ਿਕਾਰ ਹੋਈ ਜਦੋਂ ਅਜੀਤ ਪਵਾਰ ਆਪਣੇ ਚਾਚੇ ਸ਼ਰਦ ਪਵਾਰ ਨਾਲੋਂ ਟੁੱਟ ਕੇ ਵੱਖ ਹੋ ਗਏ। ਇਸ ਤਰ੍ਹਾਂ ਐੱਨਸੀਪੀ ਦੇ ਦੋ ਧੜੇ ਅਜੀਤ ਅਤੇ ਸ਼ਰਦ ਦੀ ਅਗਵਾਈ ਵਿੱਚ ਬਣ ਗਏ ਤੇ ਅਜੀਤ ਧੜਾ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣਿਆ। ਇਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ ਦਾ ਰੇੜਕਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ। ਇਸ ’ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਏਕਾ ਵਰਤਮਾਨ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਥੀਮ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ‘ਏਕ ਹੈਂ ਤੋ ਸੇਫ ਹੈਂ’ ਦਾ ਨਾਅਰਾ ਲਾ ਰਹੇ ਹਨ। ਹਾਲਾਤ ਦਾ ਵਿਅੰਗ ਇਹ ਹੈ ਕਿ ਇਹ ਨਾਅਰਾ ਸਿਰਫ਼ ਵੋਟਰਾਂ ਉੱਤੇ ਲਾਗੂ ਨਹੀਂ ਹੁੰਦਾ ਬਲਕਿ ਦੋਵਾਂ ਗੱਠਜੋੜਾਂ ਲਈ ਵੀ ਪੂਰਾ ਢੁੱਕਵਾਂ ਹੈ। ਦੋਵੇਂ ਗੱਠਜੋੜ ਇਕਜੁੱਟਤਾ ਨਾਲ ਸੱਤਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਝਾਰਖੰਡ ਵਿੱਚ ਭਾਜਪਾ ਦੀ ਸਥਿਤੀ ਥੋੜ੍ਹੀ ਮਜ਼ਬੂਤ ਲੱਗ ਰਹੀ ਹੈ ਜਿੱਥੇ ਨਾਰਾਜ਼ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਵਰਤਮਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਮਾਰ ਸਹਿਣੀ ਪੈ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਕਾਂਗਰਸ ਦੀ ਸਾਖ ਵੀ ਉੱਥੇ ਦਾਅ ਉੱਤੇ ਲੱਗੀ ਹੋਈ ਹੈ ਕਿਉਂਕਿ ਇਹ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਦੋਵੇਂ ਧਿਰਾਂ ਨੇ ਰਾਜ ਵਿੱਚ ਸਫ਼ਲਤਾ ਨਾਲ ਗੱਠਜੋੜ ’ਚ ਪੂਰਾ ਕਾਰਜਕਾਲ ਕੱਢਿਆ ਹੈ। ਇਸੇ ਦੌਰਾਨ ਦੋਹਾਂ ਸੂਬਿਆਂ ਵਿਚ ਭਾਜਪਾ ਆਗੂਆਂ ਦੇ ਭਾਸ਼ਣਾਂ ’ਤੇ ਸਵਾਲੀਆ ਨਿਸ਼ਾਨ ਵੀ ਲੱਗੇ ਹਨ; ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਵੋਟਾਂ ਦੇ ਧਰੁਵੀਕਰਨ ਲਈ ਬਹੁਤ ਉਕਸਾਊ ਬੋਲਬਾਣੀ ਦਾ ਇਸਤੇਮਾਲ ਕੀਤਾ। ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਲਈ ਅਜੇ ਤੱਕ ਇਹ ਸਾਲ ਵਧੀਆ ਹੀ ਰਿਹਾ ਹੈ (ਹਰਿਆਣਾ ਦੇ ਝਟਕੇ ਨੂੰ ਛੱਡ ਕੇ) ਅਤੇ ਇਸ ਨੂੰ ਉਮੀਦ ਹੈ ਕਿ ਹੁਣ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵੀ ਇਹ ਐੱਨਡੀਏ ਨੂੰ ਜੜ੍ਹੋਂ ਪੁੱਟ ਸੁੱਟੇਗਾ। ਇਉਂ ਇਨ੍ਹਾਂ ਦੋਹਾਂ ਸੂਬਿਆਂ ਅੰਦਰ ਭਾਜਪਾ ਅਤੇ ਕਾਂਗਰਸ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੋਹਾਂ ਸੂਬਿਆਂ ਦੇ ਚੋਣ ਨਤੀਜੇ ਇਨ੍ਹਾਂ ਦੋਹਾਂ ਪਾਰਟੀਆਂ ਦੀ ਭਵਿੱਖ ਦੀ ਸਿਆਸਤ ਤੈਅ ਕਰਨਗੇ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਮੁਕਾਬਲਤਨ ਚੰਗੀ ਰਹੀ ਸੀ ਅਤੇ ਭਾਜਪਾ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਮਿਥਿਆ ਟੀਚਾ ਹਾਸਲ ਕਰਨ ਵਿੱਚ ਨਾਕਾਮ ਰਹੀ ਸੀ। ਇਨ੍ਹਾਂ ਚੋਣਾਂ ਨੇ ਸਾਬਿਤ ਕਰ ਦਿੱਤਾ ਸੀ ਕਿ ਕਾਂਗਰਸ ਜੇਕਰ ਵਿਆਪਕ ਰਣਨੀਤੀ ਬਣਾਵੇ ਅਤੇ ਹਮਖਿਆਲ ਧਿਰਾਂ ਨੂੰ ਇੱਕ ਮੰਚ ’ਤੇ ਲੈ ਆਵੇ ਤਾਂ ਮੁਲਕ ਪੱਧਰ ’ਤੇ ਭਾਜਪਾ ਦੇ ਬਰਾਬਰ ਖੜ੍ਹੀ ਹੋ ਸਕਦੀ ਹੈ। ਇਸ ਵੱਲੋਂ ਦੋਹਾਂ ਸੂਬਿਆਂ ਅੰਦਰ ਬਿਠਾਇਆ ਤਾਲਮੇਲ ਅਗਾਮੀ ਚੋਣਾਂ ਲਈ ਮਿਸਾਲ ਬਣ ਸਕਦਾ ਹੈ।

ਮਹਾਰਾਸ਼ਟਰ ਦਾ ਚੋਣ ਮੰਜ਼ਰ Read More »

ਆਪ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ

ਗੁਰਦਾਸਪੁਰ 20 ਨਵੰਬਰ – ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਨਾਂ ਵਿਖੇ ਆਪ ਤੇ ਕਾਂਗਰਸ ਵਰਕਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਐਸਐਸਪੀ ਬਟਾਲਾ ਨੇ ਡੇਰਾ ਪਠਾਨਾਂ ਪਹੁੰਚ ਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਪਿੰਡ ਡੇਰਾ ਪਠਾਨਾਂ ਤੋਂ ਬਾਅਦ ਐਸਐਸਪੀ ਸੋਹੇਲ ਕਾਸਿਮ ਮੀਰ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਵੀ ਕੀਤਾ ਗਿਆ। ਡੇਰਾ ਬਾਬਾ ਨਾਨਕ ਦੇ ਬੂਥ ਨੰਬਰ 56 ਤੇ ਗੱਲਬਾਤ ਕਰਦਿਆਂ ਐਸਐਸਪੀ ਨੇ ਕਿਹਾ ਕਿ ਪੁਲਿਸ ਦੀ ਹਰ ਇਲਾਕੇ ਤੇ ਨਜ਼ਰ ਹੈ ਅਤੇ ਜਿੱਥੋਂ ਵੀ ਛੋਟੀ ਜਿਹੀ ਇਨਪੁੱਟ ਵੀ ਆਉਂਦੀ ਹੈ ਉੱਥੇ ਹੀ ਤੁਰੰਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾ ਰਹੇ ਹਨ। ਉਹਨਾਂ ਕਿਹਾ ਕਿ ਚੌਣਾ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਨਗੀਆਂ ਅਤੇ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ।

ਆਪ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਝੜਪ Read More »

ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਸਫ਼ਲਤਾ ਪੂਰਵਕ ਹੋਇਆ ਸੰਪੰਨ

ਫਾਜ਼ਿਲਕਾ, 20 ਨਵੰਬਰ – ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਜੀ ਦੇ ਉਪਰਾਲੇ ਸਦਕਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਨੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਨਵੀਆਂ ਕਲਮਾਂ ਨਵੀ ਉਡਾਣ ਪ੍ਰੋਜੈਕਟ ਤਹਿਤ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਹਿਆ। ਉਨਾਂ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਸੰਸਥਾ ਵੱਲੋਂ ਬਾਲ ਲੇਖਕਾਂ ਨੂੰ ਪ੍ਰੇਰਿਤ ਕਰਨ ਲਈ ਉਪਰਾਲਾ ਕੀਤਾ ਹੈ। ਉਨ੍ਹਾਂ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੂੰ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੀ ਸਫ਼ਲਤਾ ਦੀ ਵਧਾਈ ਦਿੱਤੀ। ਇਸ ਦੌਰਾਨ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਭਵਨ ਸਰੀ ਕਨੇਡਾ ਤਹਿਤ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਵਿਸ਼ਵ ਪੱਧਰ ਤੇ ਬਾਲ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਤੇ ਬਾਲ ਲੇਖਕਾਂ ਲਈ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਯੋਜਨਾਬੰਦੀ ਕਰ ਲਈ ਹੈ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪ੍ਰਾਇਮਰੀ , ਮਿਡਲ ਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿੱਦਿਅਕ, ਸੱਭਿਆਚਾਰਕ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਸ਼੍ਰੋਮਣੀ ਸਾਹਿਤਕਾਰ ਐਵਾਰਡ ਤੋਂ ਇਲਾਵਾ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ , ਸਨਮਾਨ ਚਿੰਨ੍ਹ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਵਿੱਚ 800 ਦੇ ਕਰੀਬ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਹੈ। ਮਸ਼ਹੂਰ ਐਂਕਰ ਅਤੇ ਪ੍ਰੋਜੈਕਟ ਖਜਾਨਚੀ ਬਲਜੀਤ ਸ਼ਰਮਾ ਵੱਲੋਂ ਵੱਖ-ਵੱਖ ਮੁਕਾਬਲਿਆਂ ਨੂੰ ਸਟੇਜਾਂ ਦੀ ਸੰਚਾਲਨ ਆਪਣੇ ਦੇਖ ਰੇਖ ਵਿੱਚ ਬੱਚਿਆਂ ਕੋਲ ਕਰਵਾਈ। ਸਲਾਹਕਾਰ ਸਤੀਸ਼ ਜੋੜਾ ਜੀ ਅਤੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਅਕਾਲ ਕਾਲਜ ਕਾਉਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਅਤੇ ਉਹਨਾਂ ਦੀ ਟੀਮ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਪ੍ਰੋਜੈਕਟ ਟੀਮ ਦਾ ਸਾਥ ਦਿੱਤਾ। ਇਸ ਮੌਕੇ ਸੁੱਖੀ ਬਾਠ ਦੇ ਫਰਜੰਦ ਅੰਮ੍ਰਿਤਪਾਲ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੋ ਰੋਜ਼ਾ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਦੇ 32 ਵਿਦਿਆਰਥੀ ਨੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗਾਂ ਤਹਿਤ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਇਹਨਾਂ ਪ੍ਰਤੀਯੋਗੀ ਵਿਦਿਆਰਥੀਆਂ ਨਾਲ 9 ਗਾਇਡ ਅਧਿਆਪਕਾਂ ਅਤੇ 9 ਮਾਪੇ ਪੂਰੀ ਕਾਨਫਰੰਸ ਦੌਰਾਨ ਨਾਲ ਰਹੇ। ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ਉਤਰੇਜਾ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਜ਼ਿਲ੍ਹਾ ਸੰਪਾਦਕ ਸ਼੍ਰੀਮਤੀ ਸੋਨੀਆ ਬਜਾਜ ਨੇ ਸ਼ੁਭਕਾਮਨਾਵਾਂ ਦੇ ਕੇ ਮੈਡਮ ਮੀਨਾ ਮਹਿਰੋਕ, ਮੈਡਮ ਨੀਤੂ ਅਰੋੜਾ, ਤਰਨਦੀਪ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਗਿਆ ਸੀ। ਮੈਡਮ ਮੀਨਾ ਮਹਿਰੋਕ, ਮੈਡਮ ਨੀਤੂ ਅਰੋੜਾ, ਸ. ਤਰਨਦੀਪ ਸਿੰਘ ਅਤੇ ਸ. ਸਿਮਲਜੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ (ਮਸਤੂਆਣਾ, ਸੰਗਰੂਰ) ਜੋ ਪੰਜਾਬ ਭਵਨ ਸਰੀ ਕਨੇਡਾ ਵੱਲੋਂ 16 ਅਤੇ 17 ਨਵੰਬਰ 2024 ਨੂੰ ਹੋਈ। ਇਸ ਕਾਨਫਰੰਸ ਵਿੱਚ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗਾਂ ਤਹਿਤ ਸਵ. ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਦਿੱਤੇ ਜਾਣੇ ਸੀ। ਇਸ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੀ ਝੋਲੀ ਵਿੱਚ ਪ੍ਰਾਇਮਰੀ ਵਰਗ ਦੇ ਲੇਖ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਪੁਰਸਕਾਰ ਅੰਜਲੀ ਰਾਣੀ ਪੁੱਤਰੀ ਗੁਰਮੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਜਵਾਹਰ ਸਿੰਘ ਵਾਲਾ (ਬ੍ਰਾਂਚ) ਜਲਾਲਾਬਾਦ-1 ਨੇ ਲੇਖ ਮੇਰੇ ਸੁਪਨਿਆਂ ਦਾ ਸਮਾਜ ਲਿਖ ਪਹਿਲਾਂ ਇਨਾਮ ਜਿੱਤਿਆ ਹੈ। ਜਿਸ ਬੱਚੀ ਪੰਜਾਬ ਭਵਨ ਸਰੀ ਕਨੇਡਾ ਵੱਲੋਂ 11000/- ਰੁਪਏ ਦਾ ਨਗਦ ਰਾਸ਼ੀ । ਇਸ ਤੋਂ ਇਲਾਵਾ ਗੀਤ ਮੁਕਾਬਲਿਆਂ ਦੇ ਸੈਕੰਡਰੀ ਵਰਗ ਤਹਿਤ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਗੁਰਅੰਸ਼ ਸਿੰਘ ਪੁੱਤਰ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲੀ ਨੇ ਜਿੱਤਿਆ ਜਿਸਨੂੰ 7100/- ਨਗਦ ਰਾਸ਼ੀ ਦੇ ਨਾਲ ਨਾਲ ਦੋਵੇਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਸਰਟੀਫਿਕੇਟ ਦੇ ਨਾਲ ਨਾਲ ਸਵ. ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਫ਼ਾਜ਼ਿਲਕਾ ਦੇ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਜੀ ਨੇ ਕਿਹਾ ਕਿ ਇਹਨਾਂ ਦੋਵੇਂ ਜੇਤੂ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਪੱਧਰ ਤੇ ਇਨਾਮ ਜਿੱਤ ਕੇ ਜ਼ਿਲ੍ਹਾ ਫਾਜ਼ਿਲਕਾ ਦਾ ਮਾਣ ਵਧਾਇਆ ਹੈ। ਮੈਂ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਸ਼ੇਸ਼ ਤੌਰ ਤੇ ਸਾਰੇ ਗਾਈਡ ਅਧਿਆਪਕਾਂ ਨੂੰ ਮੁਬਾਰਕਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।ਦੋ ਰੋਜ਼ਾ ਅੰਤਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਅਧਿਆਪਕ ਅਤੇ ਵਿਦਿਆਰਥੀ ਤਰਨਦੀਪ ਸਿੰਘ, ਸਿਮਲਜੀਤ ਸਿੰਘ, ਪਰਮਜੀਤ ਕੁਮਾਰ, ਸੁਨੀਲ ਕੁਮਾਰ ਅਰੋੜਾ, ਮੀਨਾ ਮਹਿਰੋਕ, ਨੀਤੂ ਅਰੋੜਾ, ਸੋਫਿਆ, ਸਾਕਸ਼ੀ ਸ਼ਰਮਾ, ਸੁਰਿੰਦਰ ਕੌਰ, ਸੁਖਪ੍ਰੀਤ ਕੌਰ, ਅਮਨਜੋਤ ਕੌਰ ਗਾਇਡ ਅਧਿਆਪਕ ਦੇ ਤੌਰ ਤੇ ਕਾਨਫਰੰਸ ਵਿੱਚ ਸ਼ਾਮਲ ਹੋਏ। ਅਧਿਆਪਕ ਹਾਜ਼ਰ ਹੋਏ। ਵਿਦਿਆਰਥੀਆਂ ਵਿੱਚ ਅਰਪਣ , ਨਵਜੋਤ ਕੌਰ ਅੰਜਲੀ ਰਾਣੀ, ਗੁਰਸੀਰਤ ਕੌਰ, ਪੂਜਾ ਗੁਪਤਾ, ਅਨੀਤਾ ਰਾਣੀ, ਪ੍ਰਿਯੰਕਾ, ਗੁਰਅੰਸ਼ ਸਿੰਘ , ਸੁਖਮੀਤ ਕੌਰ ਹਰਮਨਪ੍ਰੀਤ ਸਿੰਘ, ਦਵਿੰਦਰ ਸਿੰਘ ਆਦਿ ਵਿਦਿਆਰਥੀਆਂ ਨੇ ਭਾਗ ਲਿਆ।

ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਸਫ਼ਲਤਾ ਪੂਰਵਕ ਹੋਇਆ ਸੰਪੰਨ Read More »