ਮਹਾਰਾਸ਼ਟਰ ਦਾ ਚੋਣ ਮੰਜ਼ਰ

ਪਿਛਲੀ ਵਾਰ ਜਦੋਂ 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਦਾ ਗੱਠਜੋੜ ਖੜ੍ਹਾ ਸੀ; ਦੂਜੇ ਪਾਸੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦਾ ਗੱਠਜੋੜ ਮੁਕਾਬਲਾ ਕਰ ਰਿਹਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਾਂਦਰਾ ਵਰਲੀ ਸਾਗਰ ਲਿੰਕ ਦੇ ਪੁਲ ਹੇਠੋਂ ਬਹੁਤ ਸਾਰਾ ਪਾਣੀ ਵਹਿ ਚੁੱਕਿਆ ਹੈ। ਪਿਛਲੇ ਕੁਝ ਸਾਲਾਂ ਦੌਰਾਨ ਮਹਾਰਾਸ਼ਟਰ ਦੇ ਸਿਆਸੀ ਤੇ ਚੁਣਾਵੀ ਖੇਤਰ ਵਿੱਚ ਜਿੰਨੀ ਉਥਲ-ਪੁਥਲ ਹੋਈ ਹੈ, ਸ਼ਾਇਦ ਓਨੀ ਹੋਰ ਕਿਸੇ ਸੂਬੇ ਵਿੱਚ ਨਹੀਂ ਹੋਈ। ਇਸ ਵਾਰ 2024 ਦੇ ਚੋਣ ਯੁੱਧ ਵਿੱਚ ਇੱਕ ਪਾਸੇ ਮਹਾਯੁਤੀ ਗੱਠਜੋੜ ਹੈ ਜਿਸ ਵਿਚ ਭਾਜਪਾ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲਾ ਸ਼ਿਵਸੈਨਾ ਦਾ ਧੜਾ ਤੇ ਅਜੀਤ ਪਵਾਰ ਦੀ ਅਗਵਾਈ ਵਾਲਾ ਐੱਨਸੀਪੀ ਦਾ ਧੜਾ ਸ਼ਾਮਿਲ ਹਨ; ਦੂਜੇ ਪਾਸੇ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਉੱਭਰ ਕੇ ਸਾਹਮਣੇ ਆਇਆ ਹੈ ਜਿਸ ਵਿੱਚ ਕਾਂਗਰਸ, ਊਧਵ ਠਾਕਰੇ ਦੀ ਅਗਵਾਈ ਵਾਲਾ ਸ਼ਿਵਸੈਨਾ ਦਾ ਧੜਾ ਅਤੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ਼ਾਮਿਲ ਹਨ। ਮਹਾ ਵਿਕਾਸ ਅਗਾੜੀ ਸਰਕਾਰ ਢਾਈ ਸਾਲ ਕਾਇਮ ਰਹੀ ਜਦੋਂ ਏਕਨਾਥ ਸ਼ਿੰਦੇ ਨੇ ਸ਼ਿਵਸੈਨਾ ਅੰਦਰ ਆਪਣੀ ਹੀ ਸਰਕਾਰ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਸੀ ਅਤੇ ਭਾਜਪਾ ਨਾਲ ਗੰਢ-ਤੁਪ ਕਰ ਕੇ ਨਵੀਂ ਸਰਕਾਰ ਬਣਾ ਲਈ। ਕੁਝ ਸਮੇਂ ਬਾਅਦ ਅਜੀਤ ਪਵਾਰ ਵੀ ਸ਼ਿੰਦੇ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਸਰਕਾਰ ਵਿੱਚ ਸ਼ਾਮਿਲ ਹੋ ਗਏ।

ਹੁਣ ਜਦੋਂ ਦੋਵੇਂ ਗੱਠਜੋੜਾਂ ਨੂੰ ਢਾਈ-ਢਾਈ ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲ ਚੁੱਕਿਆ ਹੈ ਤਾਂ ਵੋਟਰਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਦੋਵਾਂ ਸਰਕਾਰਾਂ ਦਾ ਕੰਮ-ਕਾਜ ਕਿਹੋ ਜਿਹਾ ਰਿਹਾ ਅਤੇ ਉਨ੍ਹਾਂ ਦੇ ਤੌਰ-ਤਰੀਕਿਆਂ ਵਿੱਚ ਕਿੰਨਾ ਕੁ ਫ਼ਰਕ ਹੈ। ਵੋਟਰਾਂ ਨੂੰ ਆਸ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਹੋ ਜਿਹਾ ਸੱਤਾ ਦਾ ਖੇਡ ਹੋਇਆ ਸੀ, ਉਸ ਦਾ ਇਸ ਵਾਰ ਦੁਹਰਾਅ ਨਹੀਂ ਹੋਵੇਗਾ। ਉਦੋਂ ਸ਼ਿਵਸੈਨਾ ਦੇ ਵਿਧਾਇਕਾਂ ਦੀ ਸੰਖਿਆ ਭਾਵੇਂ ਭਾਜਪਾ ਨਾਲੋਂ ਘੱਟ ਸੀ ਪਰ ਸ਼ਿਵਸੈਨਾ ਨੇ ਦਾਅ ਖੇਡ ਕੇ ਸਰਕਾਰ ਵਿੱਚ ਮੋਹਰੀ ਭੂਮਿਕਾ ਅਖ਼ਤਿਆਰ ਕਰ ਲਈ ਸੀ ਜਿਸ ਨੂੰ ਭਾਜਪਾ ਕਦੇ ਭੁੱਲ ਨਹੀਂ ਸਕੀ। ਉਂਝ, ਇਸ ਤਰ੍ਹਾਂ ਦੀ ਪੁਜ਼ੀਸ਼ਨ ਪਿਛਲੀ ਵਾਰ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਵੀ ਬਣੀ ਸੀ ਜਦੋਂ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ ਪਰ ਉਸ ਨੇ ਘੱਟ ਸੀਟਾਂ ਵਾਲੀ ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਸਰਕਾਰ ਵਿੱਚ ਜੂਨੀਅਰ ਭਿਆਲ ਬਣ ਕੇ ਰਹਿਣ ਦਾ ਰਾਹ ਅਪਣਾ ਲਿਆ ਸੀ। ਭਾਜਪਾ ਇਸ ਸਭ ਦੌਰਾਨ ਕਾਫੀ ਸਰਗਰਮ ਰਹੀ ਹੈ। ਇਹ ਮਹਾਰਾਸ਼ਟਰ ’ਚ ਮਜ਼ਬੂਤ ਹੋ ਕੇ ਉੱਭਰੀ ਕਿਉਂਕਿ ਇਸ ਨੂੰ ਦੂਜੀਆਂ ਧਿਰਾਂ ਨੂੰ ਕਮਜ਼ੋਰ ਕਰਨ ਦਾ ਤਰੀਕਾ ਆ ਗਿਆ ਹਾਲਾਂਕਿ ਇਹ ਆਪਣੇ ਸਾਥੀ ਦਲਾਂ ’ਤੇ ਮੁਕੰਮਲ ਭਰੋਸਾ ਰੱਖ ਕੇ ਨਹੀਂ ਚੱਲ ਸਕਦੀ।

ਪਿਛਲੇ ਕੁਝ ਸਾਲਾਂ ’ਚ ਸੂਬੇ ਦੀ ਸਿਆਸਤ ਕਾਫੀ ਉਥਲ-ਪੁਥਲ ਦਾ ਸ਼ਿਕਾਰ ਰਹੀ ਹੈ ਤੇ ਕਈ ਦਲ ਦੋਫਾੜ ਹੋਏ ਹਨ, ਕਈ ਪ੍ਰਮੁੱਖ ਨੇਤਾ ਵੀ ਪੁਰਾਣੀਆਂ ਧਿਰਾਂ ਨਾਲੋਂ ਟੁੱਟ ਕੇ ਕਦੇ ਸੱਤਾਧਾਰੀ ਗੱਠਜੋੜ ਤੇ ਕਦੇ ਵਿਰੋਧੀ ਧਿਰ ਦਾ ਹਿੱਸਾ ਬਣਦੇ ਰਹੇ ਹਨ। ਇਸ ਤਰ੍ਹਾਂ ਸੂਬੇ ਦਾ ਸਿਆਸੀ ਮਾਹੌਲ ਨਾਟਕੀ ਅਤੇ ਸੰਵੇਦਨਸ਼ੀਲ ਰਿਹਾ ਹੈ। ਜਾਂਚ ਏਜੰਸੀਆਂ ਨੇ ਵੀ ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾਂ ’ਚ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੂੰ ਲਪੇਟੇ ’ਚ ਲਈ ਰੱਖਿਆ ਹੈ। ਸ਼ਿਵਸੈਨਾ ’ਚ ਫੁੱਟ ਪੈਣ ਤੋਂ ਬਾਅਦ ਇਸ ਦੇ ਦੋ ਧੜੇ ਊਧਵ ਠਾਕਰੇ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਬਣੇ ਸਨ। ਏਕਨਾਥ ਸ਼ਿੰਦੇ ਨੇ ਮਗਰੋਂ ਭਾਜਪਾ ਨਾਲ ਗੱਠਜੋੜ ਕਰ ਕੇ ਸਰਕਾਰ ਬਣਾਈ ਅਤੇ ਆਪਣੀ ਪੁਰਾਣੀ ਧਿਰ (ਊਧਵ ਗਰੁੱਪ) ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਹੁਣ ਤੱਕ ਉਹ ਇਸ ਗੱਠਜੋੜ ਦੇ ਮੁੱਖ ਮੰਤਰੀ ਵਜੋਂ ਵਿਚਰ ਰਹੇ ਸਨ। ਇਸੇ ਤਰ੍ਹਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅੱਨਸੀਪੀ) ਵੀ ਫੁੱਟ ਦਾ ਸ਼ਿਕਾਰ ਹੋਈ ਜਦੋਂ ਅਜੀਤ ਪਵਾਰ ਆਪਣੇ ਚਾਚੇ ਸ਼ਰਦ ਪਵਾਰ ਨਾਲੋਂ ਟੁੱਟ ਕੇ ਵੱਖ ਹੋ ਗਏ। ਇਸ ਤਰ੍ਹਾਂ ਐੱਨਸੀਪੀ ਦੇ ਦੋ ਧੜੇ ਅਜੀਤ ਅਤੇ ਸ਼ਰਦ ਦੀ ਅਗਵਾਈ ਵਿੱਚ ਬਣ ਗਏ ਤੇ ਅਜੀਤ ਧੜਾ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣਿਆ। ਇਨ੍ਹਾਂ ਪਾਰਟੀਆਂ ਦੇ ਚੋਣ ਨਿਸ਼ਾਨਾਂ ਦਾ ਰੇੜਕਾ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ।

ਇਸ ’ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਏਕਾ ਵਰਤਮਾਨ ਚੋਣਾਂ ਦਾ ਸਭ ਤੋਂ ਮਹੱਤਵਪੂਰਨ ਥੀਮ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ‘ਏਕ ਹੈਂ ਤੋ ਸੇਫ ਹੈਂ’ ਦਾ ਨਾਅਰਾ ਲਾ ਰਹੇ ਹਨ। ਹਾਲਾਤ ਦਾ ਵਿਅੰਗ ਇਹ ਹੈ ਕਿ ਇਹ ਨਾਅਰਾ ਸਿਰਫ਼ ਵੋਟਰਾਂ ਉੱਤੇ ਲਾਗੂ ਨਹੀਂ ਹੁੰਦਾ ਬਲਕਿ ਦੋਵਾਂ ਗੱਠਜੋੜਾਂ ਲਈ ਵੀ ਪੂਰਾ ਢੁੱਕਵਾਂ ਹੈ। ਦੋਵੇਂ ਗੱਠਜੋੜ ਇਕਜੁੱਟਤਾ ਨਾਲ ਸੱਤਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਝਾਰਖੰਡ ਵਿੱਚ ਭਾਜਪਾ ਦੀ ਸਥਿਤੀ ਥੋੜ੍ਹੀ ਮਜ਼ਬੂਤ ਲੱਗ ਰਹੀ ਹੈ ਜਿੱਥੇ ਨਾਰਾਜ਼ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਅਤੇ ਵਰਤਮਾਨ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਮਾਰ ਸਹਿਣੀ ਪੈ ਰਹੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਕਾਂਗਰਸ ਦੀ ਸਾਖ ਵੀ ਉੱਥੇ ਦਾਅ ਉੱਤੇ ਲੱਗੀ ਹੋਈ ਹੈ ਕਿਉਂਕਿ ਇਹ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਦੋਵੇਂ ਧਿਰਾਂ ਨੇ ਰਾਜ ਵਿੱਚ ਸਫ਼ਲਤਾ ਨਾਲ ਗੱਠਜੋੜ ’ਚ ਪੂਰਾ ਕਾਰਜਕਾਲ ਕੱਢਿਆ ਹੈ। ਇਸੇ ਦੌਰਾਨ ਦੋਹਾਂ ਸੂਬਿਆਂ ਵਿਚ ਭਾਜਪਾ ਆਗੂਆਂ ਦੇ ਭਾਸ਼ਣਾਂ ’ਤੇ ਸਵਾਲੀਆ ਨਿਸ਼ਾਨ ਵੀ ਲੱਗੇ ਹਨ; ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਵੋਟਾਂ ਦੇ ਧਰੁਵੀਕਰਨ ਲਈ ਬਹੁਤ ਉਕਸਾਊ ਬੋਲਬਾਣੀ ਦਾ ਇਸਤੇਮਾਲ ਕੀਤਾ।

ਵਿਰੋਧੀ ਧਿਰਾਂ ਦੇ ਗੁੱਟ ‘ਇੰਡੀਆ’ ਲਈ ਅਜੇ ਤੱਕ ਇਹ ਸਾਲ ਵਧੀਆ ਹੀ ਰਿਹਾ ਹੈ (ਹਰਿਆਣਾ ਦੇ ਝਟਕੇ ਨੂੰ ਛੱਡ ਕੇ) ਅਤੇ ਇਸ ਨੂੰ ਉਮੀਦ ਹੈ ਕਿ ਹੁਣ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵੀ ਇਹ ਐੱਨਡੀਏ ਨੂੰ ਜੜ੍ਹੋਂ ਪੁੱਟ ਸੁੱਟੇਗਾ। ਇਉਂ ਇਨ੍ਹਾਂ ਦੋਹਾਂ ਸੂਬਿਆਂ ਅੰਦਰ ਭਾਜਪਾ ਅਤੇ ਕਾਂਗਰਸ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਦੋਹਾਂ ਸੂਬਿਆਂ ਦੇ ਚੋਣ ਨਤੀਜੇ ਇਨ੍ਹਾਂ ਦੋਹਾਂ ਪਾਰਟੀਆਂ ਦੀ ਭਵਿੱਖ ਦੀ ਸਿਆਸਤ ਤੈਅ ਕਰਨਗੇ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਮੁਕਾਬਲਤਨ ਚੰਗੀ ਰਹੀ ਸੀ ਅਤੇ ਭਾਜਪਾ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਮਿਥਿਆ ਟੀਚਾ ਹਾਸਲ ਕਰਨ ਵਿੱਚ ਨਾਕਾਮ ਰਹੀ ਸੀ। ਇਨ੍ਹਾਂ ਚੋਣਾਂ ਨੇ ਸਾਬਿਤ ਕਰ ਦਿੱਤਾ ਸੀ ਕਿ ਕਾਂਗਰਸ ਜੇਕਰ ਵਿਆਪਕ ਰਣਨੀਤੀ ਬਣਾਵੇ ਅਤੇ ਹਮਖਿਆਲ ਧਿਰਾਂ ਨੂੰ ਇੱਕ ਮੰਚ ’ਤੇ ਲੈ ਆਵੇ ਤਾਂ ਮੁਲਕ ਪੱਧਰ ’ਤੇ ਭਾਜਪਾ ਦੇ ਬਰਾਬਰ ਖੜ੍ਹੀ ਹੋ ਸਕਦੀ ਹੈ। ਇਸ ਵੱਲੋਂ ਦੋਹਾਂ ਸੂਬਿਆਂ ਅੰਦਰ ਬਿਠਾਇਆ ਤਾਲਮੇਲ ਅਗਾਮੀ ਚੋਣਾਂ ਲਈ ਮਿਸਾਲ ਬਣ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਪ੍ਰਸਾਦ ਦੇ ਸੈਂਪਲ ਫੇਲ੍ਹ ਹੋਣ ’ਤੇ ਬਾਬਾ

ਹਮੀਰਪੁਰ, 20 ਨਵੰਬਰ – ਇੱਥੋਂ ਦੇ ਪ੍ਰਸਿੱਧ ਬਾਬਾ ਬਾਲਕ ਨਾਥ...