ਪੰਜ ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਭਾਜਪਾ ਤੇ ਐੱਨ ਸੀ ਪੀ ਵਿਚਾਲੇ ਗੱਠਜੋੜ ਕਰਾਉਣ ਲਈ ਹੋਈ ਇਕ ਮੀਟਿੰਗ ’ਚ ਦੇਸ਼ ਦਾ ਸਭ ਤੋਂ ਵੱਡਾ ਕਾਰੋਬਾਰੀ ਗੌਤਮ ਅਡਾਨੀ ਵੀ ਸ਼ਾਮਲ ਸੀ। ਇਹ ਇੰਕਸ਼ਾਫ ਸ਼ਰਦ ਪਵਾਰ ਤੋਂ ਅੱਡ ਹੋ ਕੇ ਭਾਜਪਾ ਤੇ ਸ਼ਿਵ ਸੈਨਾ (ਸ਼ਿੰਦੇ) ਦੀ ਸਰਕਾਰ ਵਿੱਚ ਸ਼ਾਮਲ ਹੋਏ ਅਜੀਤ ਪਵਾਰ ਨੇ ਨਿਊਜ਼ ਵੈੱਬਸਾਈਟ ‘ਦੀ ਨਿਊਜ਼ ਮਿੰਟ’ ਨੂੰ ਮਹਾਰਾਸ਼ਟਰ ਵਿਚ ਚੱਲ ਰਹੀਆਂ ਅਸੰਬਲੀ ਚੋਣਾਂ ਦਰਮਿਆਨ ਦਿੱਤੀ ਇੰਟਰਵਿਊ ’ਚ ਕੀਤਾ ਹੈ। ਅਜੀਤ ਪਵਾਰ ਨੇ ਇਹ ਗੱਲ ਉਸ ਘਟਨਾਕ੍ਰਮ ਦੇ ਸੰਦਰਭ ’ਚ ਦੱਸੀ ਹੈ, ਜਦੋਂ ਪੰਜ ਸਾਲ ਪਹਿਲਾਂ ਕਾਂਗਰਸ, ਸ਼ਿਵ ਸੈਨਾ ਤੇ ਐੱਨ ਸੀ ਪੀ ਗੱਠਜੋੜ ਦੀ ਸਰਕਾਰ ਬਣਨੀ ਕਰੀਬ-ਕਰੀਬ ਤੈਅ ਹੋ ਗਈ ਸੀ, ਪਰ ਸਵੇਰੇ ਹੀ ਅਚਾਨਕ ਕੀਤੇ ਗਏ ਸਮਾਰੋਹ ’ਚ ਭਾਜਪਾ ਆਗੂ ਦਵਿੰਦਰ ਫੜਨਵੀਸ ਨੇ ਮੁੱਖ ਮੰਤਰੀ ਤੇ ਖੁਦ ਅਜੀਤ ਪਵਾਰ ਨੇ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਸੀ।
ਹਾਲਾਂਕਿ ਅਜੀਤ ਪਵਾਰ ਦੀ ਬਗਾਵਤ ਤਿੰਨ ਦਿਨ ਹੀ ਚੱਲ ਸਕੀ ਸੀ, ਕਿਉਕਿ ਸ਼ਰਦ ਪਵਾਰ ਨੇ ਉਸ ਦੀ ਹਮਾਇਤ ਨਾ ਕਰਨ ਦਾ ਫੈਸਲਾ ਕੀਤਾ। ਇਸ ਦੇ ਬਾਅਦ ਅਜੀਤ ਪਵਾਰ ਦੇ ਨਾਲ ਗਏ ਬਹੁਤੇ ਵਿਧਾਇਕ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ ਸੀ ਪੀ ’ਚ ਪਰਤ ਆਏ। ਕੁਝ ਦਿਨਾਂ ਬਾਅਦ ਅਣਵੰਡੀ ਐੱਨ ਸੀ ਪੀ ਤੇ ਸ਼ਿਵ ਸੈਨਾ ਨੇ ਕਾਂਗਰਸ ਨਾਲ ਮਿਲ ਕੇ ਮਹਾਂ ਵਿਕਾਸ ਅਘਾੜੀ (ਐੱਮ ਵੀ ਏ) ਸਰਕਾਰ ਬਣਾ ਲਈ ਸੀ। ਇਸ ਸਰਕਾਰ ਦੇ ਗਠਨ ਦੇ ਢਾਈ ਸਾਲ ਬਾਅਦ ਸ਼ਿਵ ਸੈਨਾ ’ਚ ਬਗਾਵਤ ਹੋ ਗਈ ਤੇ ਸਰਕਾਰ ਡਿੱਗ ਗਈ। ਇਸ ਦੇ ਆਗੂ ਏਕਨਾਥ ਸ਼ਿੰਦੇ ਨੇ ਬਹੁਤੇ ਵਿਧਾਇਕ ਨਾਲ ਲਿਜਾ ਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾ ਲਈ। ਬਾਅਦ ’ਚ ਅਜੀਤ ਪਵਾਰ ਐੱਨ ਸੀ ਪੀ ਤੋੜ ਕੇ ਸ਼ਿੰਦੇ ਸਰਕਾਰ ਵਿੱਚ ਉਪ-ਮੁੱਖ ਮੰਤਰੀ ਬਣ ਗਏ।
ਅਜੀਤ ਪਵਾਰ ਨੇ ਪੰਜ ਸਾਲ ਪਹਿਲਾਂ ਭਾਜਪਾ-ਐੱਨ ਸੀ ਪੀ ਗੱਠਜੋੜ ਲਈ ਹੋਣ ਵਾਲੇ ਯਤਨਾਂ ਸੰਬੰਧੀ ਸਵਾਲ ਦੇ ਜਵਾਬ ’ਚ ਕਿਹਾਕੀ ਤੁਹਾਨੂੰ ਨਹੀਂ ਪਤਾ? ਹਰ ਕੋਈ ਜਾਣਦਾ ਹੈ ਕਿ ਮੀਟਿੰਗ ਕਿੱਥੇ ਹੋਈ ਸੀ। ਅਮਿਤ ਸ਼ਾਹ ਉੱਥੇ ਸਨ, ਗੌਤਮ ਅਡਾਨੀ ਉੱਥੇ ਸਨ, ਪ੍ਰਫੁਲ ਪਟੇਲ ਉੱਥੇ ਸਨ, ਦਵਿੰਦਰ ਫੜਨਵੀਸ ਉੱਥੇ ਸਨ, ਪਵਾਰ ਸਾਹਿਬ ਉੱਥੇ ਸਨ, ਮੈਂ ਵੀ ਸੀ। ਇਕ ਪਾਰਟੀ ਕਾਰਕੁਨ ਦੇ ਤੌਰ ’ਤੇ ਮੈਂ ਉਹੀ ਕੀਤਾ, ਜੋ ਮੇਰੇ ਨੇਤਾ (ਸ਼ਰਦ ਪਵਾਰ) ਨੇ ਕਿਹਾ। ਇਹ ਪੁੱਛਣ ’ਤੇ ਕਿ ਸ਼ਰਦ ਪਵਾਰ ਨੇ ਭਾਜਪਾ ਨਾਲ ਗੱਠਜੋੜ ਕਰਕੇ ਸਰਕਾਰ ਕਿਉ ਨਹੀਂ ਬਣਾਈ, ਅਜੀਤ ਪਵਾਰ ਨੇ ਕਿਹਾ ਕਿ ਸ਼ਰਦ ਪਵਾਰ ਅਜਿਹੇ ਵਿਅਕਤੀ ਹਨ, ਜਿਨ੍ਹਾ ਬਾਰੇ ਦੁਨੀਆ ਦਾ ਕੋਈ ਵਿਅਕਤੀ ਭਵਿੱਖਬਾਣੀ ਨਹੀਂ ਕਰ ਸਕਦਾ।
ਸਿਆਸਤਦਾਨ ਸਮੇਂ-ਸਮੇਂ ’ਤੇ ਸਨਸਨੀਖੇਜ਼ ਬਿਆਨ ਦਿੰਦੇ ਰਹਿੰਦੇ ਹਨ, ਪਰ ਉਹ ਅਕਸਰ ਸਿਆਸਤਦਾਨਾਂ ਬਾਰੇ ਹੁੰਦੇ ਹਨ। ਅਜੀਤ ਪਵਾਰ ਦੇ ਗੌਤਮ ਅਡਾਨੀ ਦੀ ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦੀ ਸਰਕਾਰ ਬਣਾਉਣ ਬਾਰੇ ਹੋਈ ਮੀਟਿੰਗ ’ਚ ਸ਼ਾਮਲ ਹੋਣ ਦੇ ਇੰਕਸ਼ਾਫ ਨੇ ਕਾਂਗਰਸ ਤੇ ਦੂਜੀਆਂ ਸਿਆਸੀ ਪਾਰਟੀਆਂ ਦੇ ਇਸ ਦੋਸ਼ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਵੱਡੇ ਕਾਰਪੋਰੇਟ ਘਰਾਣੇ ਭਾਜਪਾ, ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਘਿਓ-ਖਿਚੜੀ ਹਨ। ਇਹ ਘਰਾਣੇ ਚੋਣਾਂ ਤੋਂ ਪਹਿਲਾਂ ਆਪਣੀ ਪਸੰਦ ਦੀ ਪਾਰਟੀ ਨੂੰ ਕਿਵੇਂ ਧਨ ਦਿੰਦੇ ਹਨ, ਇਸ ਦਾ ਖੁਲਾਸਾ ਇਲੈਕਟੋਰਲ ਬਾਂਡ ਸਕੀਮ ਨੂੰ ਸੁਪਰੀਮ ਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਹੋ ਗਿਆ ਸੀ। ਅਡਾਨੀ ਦੀ ਸਿਆਸੀ ਮੀਟਿੰਗ ਵਿਚ ਸ਼ਮੂਲੀਅਤ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਪਸੰਦ ਦੀ ਪਾਰਟੀ ਨੂੰ ਬਹੁਮਤ ਨਾ ਮਿਲਣ ਦੇ ਬਾਅਦ ਉਹ ਕਿਵੇਂ ਜੋੜ-ਤੋੜ ਕਰਕੇ ਲੋਕਤੰਤਰ ਨਾਲ ਖਿਲਵਾੜ ਕਰਦੇ ਹਨ।