ਨਵੀਂ ਦਿੱਲੀ, 14 ਨਵੰਬਰ – ਕੇਂਦਰ ਸਰਕਾਰ ਨੇ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਆਮਦਨ ਕਰ ਵਿਭਾਗ ਨੇ ਇਸ ਲਈ 31 ਦਸੰਬਰ 2024 ਤੱਕ ਦੀ ਡੈੱਡਲਾਈਨ ਦਿੱਤੀ ਹੈ। ਜੇਕਰ ਤੁਸੀਂ 31 ਦਸੰਬਰ ਤੱਕ ਪੈਨ ਅਤੇ ਆਧਾਰ ਨੂੰ ਲਿੰਕ ਨਹੀਂ ਕਰਦੇ ਤਾਂ ਤੁਹਾਡਾ ਪੈਨ ਕਾਰਡ ਡੀ-ਐਕਟੀਵੇਟ ਹੋ ਜਾਵੇਗਾ। ਇਸ ਕਾਰਨ ਤੁਹਾਨੂੰ ਟੈਕਸ ਅਦਾ ਕਰਨ, ਲੈਣ-ਦੇਣ ਕਰਨ ਆਦਿ ਸਮੇਤ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
ਪੈਨ-ਆਧਾਰ ਨੂੰ ਲਿੰਕ ਕਰਨ ਲਈ ਜੁਰਮਾਨਾ
ਸਰਕਾਰ ਨੇ 30 ਜੂਨ 2023 ਤੱਕ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਹੂਲਤ ਮੁਫ਼ਤ ਦਿੱਤੀ ਸੀ ਪਰ ਹੁਣ ਲੇਟ ਫੀਸ ਵਜੋਂ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਪਹਿਲਾਂ ਜੁਰਮਾਨੇ ਦੀ ਰਕਮ 500 ਰੁਪਏ ਸੀ ਜੋ ਹੁਣ ਵਧਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਤੋਂ ਬਾਅਦ ਹੁਣ ਤੁਹਾਨੂੰ 1,000 ਰੁਪਏ ਜੁਰਮਾਨਾ ਭਰਨਾ ਪਵੇਗਾ।
ਕਿੰਨੇ ਲੋਕਾਂ ’ਤੇ ਲੱਗਾ ਜੁਰਮਾਨਾ
ਦੇਸ਼ ਵਿੱਚ 2 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਮੁਫਤ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਪੈਨ ਨੂੰ ਆਧਾਰ ਨਾਲ ਲਿੰਕ ਕਰਵਾਇਆ ਹੈ। ਸਰਕਾਰ ਨੇ ਉਨ੍ਹਾਂ ਤੋਂ ਜੁਰਮਾਨੇ ਵਜੋਂ 2,125 ਕਰੋੜ ਰੁਪਏ ਵਸੂਲ ਕੀਤੇ ਹਨ। ਇਨਕਮ ਟੈਕਸ ਐਕਟ, 1961 ਦੀ ਧਾਰਾ 234H ਪ੍ਰਦਾਨ ਕਰਦੀ ਹੈ ਕਿ ਕਿਸੇ ਵਿਅਕਤੀ ਨੂੰ ਧਾਰਾ 139AA ਦੀ ਉਪ-ਧਾਰਾ (2) ਅਧੀਨ ਆਧਾਰ ਦੀ ਜਾਣਕਾਰੀ ਦੇਣੀ ਹੋਵੇਗੀ। ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਸਰਕਾਰ ਨੂੰ 1000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ।
ਦੇਸ਼ ’ਚ ਕਿੰਨੇ ਪੈਨ ਕਾਰਡ ਹਨ?
ਜੇਕਰ ਅਸੀਂ ਮਾਰਚ 2024 ਤੱਕ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਦੇਸ਼ ‘ਚ 74 ਕਰੋੜ ਤੋਂ ਜ਼ਿਆਦਾ ਲੋਕਾਂ ਕੋਲ ਪੈਨ ਕਾਰਡ ਸਨ। ਇਨ੍ਹਾਂ ਵਿੱਚੋਂ 60.5 ਕਰੋੜ ਲੋਕਾਂ ਨੇ ਆਪਣੇ ਪੈਨ ਨੂੰ ਆਧਾਰ ਨਾਲ ਜੋੜਿਆ ਸੀ। ਪਿਛਲੇ ਸਾਲ ਨਵੰਬਰ ਵਿੱਚ, ਇੱਕ ਆਰਟੀਆਈ ਦੇ ਜਵਾਬ ਵਿੱਚ, ਸੀਬੀਡੀਟੀ ਨੇ ਕਿਹਾ ਸੀ ਕਿ ਉਸਨੇ 11.5 ਕਰੋੜ ਪੈਨ ਨੂੰ ਆਧਾਰ ਨਾਲ ਲਿੰਕ ਨਾ ਕੀਤੇ ਜਾਣ ਕਾਰਨ ਡੀ-ਐਕਟੀਵੇਟ ਕਰ ਦਿੱਤਾ ਹੈ।
ਪੈਨ ਨੂੰ ਆਧਾਰ ਨਾਲ ਕਿਵੇਂ ਕਰੀਏ ਲਿੰਕ?
ਇਨਕਮ ਟੈਕਸ ਵੈੱਬਸਾਈਟ – eportal.incometax.gov.in ਜਾਂ incometaxindiaefiling.gov.in ‘ਤੇ ਜਾਓ। ਯੂਜ਼ਰ ਆਈਡੀ ਦੀ ਥਾਂ ‘ਤੇ ਪੈਨ ਨੰਬਰ ਭਰ ਕੇ ਰਜਿਸਟਰ ਕਰੋ। ਹੁਣ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਪੌਪ ਵਿੰਡੋ ਦਿਖਾਈ ਦੇਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਪ੍ਰੋਫਾਈਲ ਸੈਟਿੰਗਜ਼ ‘ਤੇ ਜਾਓ ਅਤੇ ਆਧਾਰ ਲਿੰਕ ‘ਤੇ ਕਲਿੱਕ ਕਰੋ। ਇੱਥੇ ਤੁਸੀਂ ਪੈਨ ਕਾਰਡ ਦੀ ਜਾਣਕਾਰੀ ਦੇਖੋਗੇ ਜਿਵੇਂ ਜਨਮ ਮਿਤੀ, ਲਿੰਗ ਅਤੇ ਨਾਮ। ਇਸ ਜਾਣਕਾਰੀ ਨੂੰ ਆਧਾਰ ਨਾਲ ਮਿਲਾਓ। ਫਿਰ Link Now ਬਟਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੀ ਸਕ੍ਰੀਨ ‘ਤੇ ਲਿਖਿਆ ਹੋਵੇਗਾ ਕਿ ਤੁਹਾਡਾ ਪੈਨ ਆਧਾਰ ਨਾਲ ਲਿੰਕ ਹੋ ਗਿਆ ਹੈ