ਝਾਰਖੰਡ ’ਚ 65 ਫੀਸਦੀ ਤੱਕ ਪਈਆਂ ਵੋਟਾਂ

ਨਵੀ ਦਿੱਲੀ, 14 ਨਵੰਬਰ – ਝਾਰਖੰਡ ਦੀਆਂ 43 ਅਸੰਬਲੀ ਸੀਟਾਂ ਤੋਂ ਇਲਾਵਾ ਦੇਸ਼ ਦੇ 10 ਰਾਜਾਂ ਦੀਆਂ 31 ਅਸੰਬਲੀ ਸੀਟਾਂ ਦੇ ਨਾਲ-ਨਾਲ ਕੇਰਲਾ ਦੀ ਵਾਇਨਾਡ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਬੁੱਧਵਾਰ ਵੋਟਿੰਗ ਹੋਈ। ਵਾਇਨਾਡ ਤੋਂ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਚੋਣ ਮੈਦਾਨ ’ਚ ਹੈ। ਝਾਰਖੰਡ ਅਸੰਬਲੀ ਦੀਆਂ ਰਹਿੰਦੀਆਂ 38 ਸੀਟਾਂ ਲਈ 20 ਨਵੰਬਰ ਨੂੰ ਪੋਲਿੰਗ ਹੋਵੇਗੀ। ਝਾਰਖੰਡ ’ਚ ਸ਼ਾਮ 5 ਵਜੇ ਤੱਕ ਲੱਗਭੱਗ 65 ਫੀਸਦੀ ਵੋਟਿੰਗ ਹੋਈ ਸੀ। ਜਿਨ੍ਹਾਂ ਅਸੰਬਲੀ ਸੀਟਾਂ ਦੀ ਜ਼ਿਮਨੀ ਚੋਣ ਲਈ ਵੋਟਾਂ ਪਈਆਂ, ਉਨ੍ਹਾਂ ’ਚ ਰਾਜਸਥਾਨ ਦੀਆਂ ਸੱਤ, ਪੱਛਮੀ ਬੰਗਾਲ ਦੀਆਂ ਛੇ, ਅਸਾਮ ਦੀਆਂ ਪੰਜ, ਬਿਹਾਰ ਦੀਆਂ ਚਾਰ, ਕਰਨਾਟਕ ਦੀਆਂ ਤਿੰਨ, ਮੱਧ ਪ੍ਰਦੇਸ਼ ਦੀਆਂ ਦੋ ਸੀਟਾਂ ਅਤੇ ਛੱਤੀਸਗੜ੍ਹ, ਗੁਜਰਾਤ, ਕੇਰਲਾ ਅਤੇ ਮੇਘਾਲਿਆ ਦੀ ਇੱਕ-ਇੱਕ ਸੀਟ ਹੈ।

ਸਿੱਕਮ ਦੀਆਂ ਦੋ ਸੀਟਾਂ ਸੋਰੇਂਗ-ਚਕੁੰਗ ਅਤੇ ਨਾਮਚੀ-ਸਿੰਘਿਥਾਂਗ ਲਈ ਵੀ ਪੋਲਿੰਗ ਤੈਅ ਸੀ, ਪਰ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੇ ਉਮੀਦਵਾਰਾਂ ਨੂੰ ਵਿਰੋਧੀਆਂ ਦੇ ਮੈਦਾਨ ਛੱਡ ਜਾਣ ਕਾਰਨ ਜੇਤੂ ਐਲਾਨਿਆ ਜਾ ਚੁੱਕਿਆ ਹੈ। ਪੱਛਮੀ ਬੰਗਾਲ ’ਚ ਉੱਤਰੀ 24 ਪਰਗਨਾ ਜ਼ਿਲੇ ਦੇ ਨੈਹਾਤੀ ਵਿਧਾਨ ਸਭਾ ਹਲਕੇ ਦੇ ਨਾਲ ਲੱਗਦੇ ਜਗਤਦਲ ’ਚ ਗੋਲੀਬਾਰੀ ’ਚ ਜ਼ਖਮੀ ਹੋਏ ਭਾਟਪਾੜਾ ਨਗਰ ਪਾਲਿਕਾ ਦੇ ਵਾਰਡ ਨੰਬਰ 12 ਦੇ ਤਿ੍ਰਣਮੂਲ ਕਾਂਗਰਸ ਦੇ ਸਾਬਕਾ ਵਾਰਡ ਪ੍ਰਧਾਨ ਅਸ਼ੋਕ ਸੌ ਦੀ ਮੌਤ ਹੋ ਗਈ। ਮੌਤ ਦੀ ਖਬਰ ਫੈਲਣ ਦੇ ਬਾਅਦ ਤੋਂ ਹੀ ਇਲਾਕੇ ’ਚ ਤਣਾਅ ਬਣਿਆ ਹੋਇਆ ਹੈ ਅਤੇ ਸਥਿਤੀ ਨੂੰ ਕਾਬੂ ’ਚ ਰੱਖਣ ਲਈ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।

ਸਾਂਝਾ ਕਰੋ

ਪੜ੍ਹੋ