June 15, 2024

ਔਰਤਾਂ ਨੂੰ 60 ਕਰੋੜ ਦੇ ਦਿੱਤੇ ਜਾਣਗੇ ਵਿੱਤੀ ਲਾਭ

ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਚਾਲੂ ਵਿੱਤੀ ਸਾਲ ਦੌਰਾਨ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿੱਤੇ ਜਾਣਗੇ। ਇਸ ਦੀ ਸ਼ੁਰੂਆਤ ਜੂਨ ਮਹੀਨੇ ਵਿੱਚ ਲਗਭਗ 25 ਕਰੋੜ ਰੁਪਏ ਦੇ ਵਿੱਤੀ ਲਾਭ ਔਰਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਕੇ ਕੀਤੀ ਜਾਵੇਗੀ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਇੱਥੇ ਦੱਸਿਆ ਕਿ ਸਰਕਾਰ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਲਗਾਤਾਰ ਕਾਰਜਸ਼ੀਲ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਜੀਵਤ ਬੱਚੇ ਦੇ ਜਨਮ ’ਤੇ 5000 ਰੁਪਏ ਦੋ ਕਿਸ਼ਤਾਂ ਵਿੱਚ (ਰੁਪਏ 3000+2000) ਅਤੇ ਦੂਜਾ ਬੱਚਾ ਲੜਕੀ ਪੈਦਾ ਹੋਣ ’ਤੇ 6000 ਰੁਪਏ ਦਿੱਤੇ ਜਾਂਦੇ ਹਨ।

ਔਰਤਾਂ ਨੂੰ 60 ਕਰੋੜ ਦੇ ਦਿੱਤੇ ਜਾਣਗੇ ਵਿੱਤੀ ਲਾਭ Read More »

ਪੰਜਾਬ ਸਰਕਾਰ ਛੇਤੀ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ

ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 300 ਵੈਟਰਨਰੀ ਅਫ਼ਸਰਾਂ ਦੀ ਭਰਤੀ ਕੀਤੀ ਜਾਵੇਗੀ। ਵੱਖ ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਨੇ ਵੈਟਰਨਰੀ ਅਫ਼ਸਰਾਂ ਦੀਆਂ ਪੋਸਟਾਂ ਲਈ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ 326 ਵੈਟਰਨਰੀ ਅਫ਼ਸਰਾਂ ਅਤੇ 536 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਅਤੇ ਉਪਕਰਨਾਂ ਦੀ ਖ਼ਰੀਦ ਲਈ 93 ਕਰੋੜ ਰੁਪਏ ਦੀ ਕਾਰਜ ਯੋਜਨਾ ਭਾਰਤ ਸਰਕਾਰ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੂੰਹਖੁਰ ਅਤੇ ਗਲਘੋਟੂ ਵਿਰੁੱਧ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਨੂੰ 30 ਜੂਨ 2024 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਰੰਜੀਵ ਬਾਲੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਲਗਪਗ 78 ਫੀਸਦ ਅਤੇ 75 ਫੀਸਦ ਪਸ਼ੂਆਂ ਨੂੰ ਕ੍ਰਮਵਾਰ ਮੂੰਹ ਖੁਰ ਅਤੇ ਗਲਘੋਟੂ ਤੋਂ ਬਚਾਅ ਲਈ ਵੈਕਸੀਨ ਦੀ ਡੋਜ਼ ਲਗਾਈ ਗਈ ਹੈ। ਖੁੱਡੀਆਂ ਨੇ ਦੱਸਿਆ ਕਿ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਕਿੱਤੇ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਵਿਭਾਗ ਵੱਲੋਂ ਦੁਧਾਰੂ ਪਸ਼ੂਆਂ ਦੀ ਖ਼ਰੀਦ ’ਤੇ ਜਨਰਲ ਵਰਗ ਨੂੰ 25 ਫ਼ੀਸਦੀ ਅਤੇ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 33 ਫ਼ੀਸਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਪ੍ਰਤੀ ਪਸ਼ੂ ਨਿਰਧਾਰਿਤ ਰੇਟ 70,000 ਰੁਪਏ ਹੈ। ਵਿਭਾਗ ਨੇ 2023-24 ਦੌਰਾਨ 1,089 ਦੁਧਾਰੂ ਪਸ਼ੂਆਂ ਲਈ ਲਗਭਗ 2 ਕਰੋੜ ਰੁਪਏ ਵਿੱਤੀ ਸਹਾਇਤਾ ਵਜੋਂ ਦਿੱਤੇ ਹਨ।

ਪੰਜਾਬ ਸਰਕਾਰ ਛੇਤੀ ਕਰੇਗੀ 300 ਵੈਟਰਨਰੀ ਅਫ਼ਸਰਾਂ ਦੀ ਭਰਤੀ Read More »

ਸਾਲ ’ਚ ਦੋ ਵਾਰ ਦਾਖ਼ਲੇ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਉਚੇਰੀ ਸਿੱਖਿਆ ਸੰਸਥਾਵਾਂ ਵੱਲੋਂ ਸਾਲ ਵਿੱਚ ਦੋ ਵਾਰ ਦਾਖ਼ਲਾ ਕਰਨ ਦੀ ਤਜਵੀਜ਼ ਦੇ ਐਲਾਨ ਨੂੰ ਲੈ ਕੇ ਬਹੁਤਾ ਉਤਸਾਹ ਵੇਖਣ ਵਿੱਚ ਨਹੀਂ ਆਇਆ ਅਤੇ ਇਸ ਦੀ ਆਸ ਵੀ ਕੀਤੀ ਜਾ ਰਹੀ ਸੀ। ਸਾਲ ਵਿੱਚ ਦੋ ਵਾਰ ਦਾਖ਼ਲੇ ਕਰਨ ਦੀ ਪ੍ਰਕਿਰਿਆ ਲਈ ਨਾ ਕੇਵਲ ਸਿੱਖਿਆ ਸੰਸਥਾਵਾਂ ਨੂੰ ਆਪਣੇ ਬੁਨਿਆਦੀ ਢਾਂਚੇ ਵਿੱਚ ਕਾਫ਼ੀ ਇਜ਼ਾਫ਼ਾ ਕਰਨਾ ਪੈਣਾ ਹੈ ਸਗੋਂ ਪ੍ਰਸ਼ਾਸਕੀ ਅਤੇ ਫੈਕਲਟੀ ਦੇ ਫੇਰਬਦਲ ਦਾ ਲੰਮਾ ਸਿਲਸਿਲਾ ਤਿਆਰ ਕਰਨਾ ਪੈਣਾ ਹੈ। ਇਹ ਕਿਉਂਕਿ ਇੱਕ ਸਵੈ-ਇੱਛਕ ਵਿਵਸਥਾ ਹੈ ਜਿਸ ਕਰ ਕੇ ਬਹੁਤੀਆਂ ਯੂਨੀਵਰਸਿਟੀਆਂ ਨੇ ਹਾਲ ਦੀ ਘੜੀ ‘ਉਡੀਕੋ ਤੇ ਦੇਖੋ’ ਦੀ ਪਹੁੰਚ ਅਪਣਾਉਣੀ ਬਿਹਤਰ ਸਮਝੀ ਹੈ। ਯੂਜੀਸੀ ਦੇ ਚੇਅਰਪਰਸਨ ਐਮ. ਜਗਦੀਸ਼ ਕੁਮਾਰ ਨੂੰ ਆਸ ਹੈ ਕਿ ਇਸ ਨੂੰ ਲੈ ਕੇ ਕੀਤੀ ਜਾ ਰਹੀ ਨੁਕਤਾਚੀਨੀ ਬਹੁਤੀ ਦੇਰ ਬਣੀ ਨਹੀਂ ਰਹੇਗੀ। ਉਨ੍ਹਾਂ ਦੀ ਇਸ ਦਲੀਲ ਵਿੱਚ ਵਜ਼ਨ ਹੈ ਕਿ ਇਸ ਫ਼ੈਸਲੇ ਨਾਲ ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਦੋਵਾਂ ਨੂੰ ਵਧੇਰੇ ਲਚਕਤਾ ਮਿਲ ਸਕੇਗੀ। ਜ਼ਿਆਦਾਤਰ ਵਿਦੇਸ਼ੀ ਯੂਨੀਵਰਸਿਟੀਆਂ ਦੇ ਅਕਾਦਮਿਕ ਕੈਲੰਡਰ ਦੇ ਅਨੁਸਾਰ ਭਾਰਤ ਵਿੱਚ ਵੀ ਹੁਣ ਜਨਵਰੀ-ਫਰਵਰੀ ਅਤੇ ਇਵੇਂ ਹੀ ਜੁਲਾਈ-ਅਗਸਤ ਵਿੱਚ ਦਾਖ਼ਲੇ ਲੈ ਸਕਦੇ ਹਨ। ਯੂਜੀਸੀ ਦੇ ਚੇਅਰਪਰਸਨ ਦਾ ਖਿਆਲ ਹੈ ਕਿ ਇਸ ਨੀਤੀ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਜੋ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਐਲਾਨ ਵਿੱਚ ਦੇਰੀ, ਸਿਹਤ ਦੀ ਖਰਾਬੀ ਜਾਂ ਕਿਸੇ ਜ਼ਾਤੀ ਕਾਰਨਾਂ ਕਰ ਕੇ ਦਾਖ਼ਲਾ ਲੈਣ ਤੋਂ ਖੁੰਝ ਜਾਂਦੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਓਪਨ, ਦੂਰਵਰਤੀ ਸਿੱਖਿਆ ਅਤੇ ਆਨਲਾਈਨ ਪ੍ਰੋਗਰਾਮਾਂ ਲਈ ਸਾਲ ’ਚ ਦੋ ਵਾਰ ਦਾਖ਼ਲੇ ਕਰਨ ਦੀ ਖੁੱਲ੍ਹ ਦੇ ਇਸ ਤਜਰਬੇ ਨਾਲ ਕਰੀਬ ਪੰਜ ਲੱਖ ਵਿਦਿਆਰਥੀਆਂ ਨੂੰ ਹੱਕ ਪੂਰੇ ਅਕਾਦਮਿਕ ਸਾਲ ਦੀ ਉਡੀਕ ਕੀਤੇ ਬਗ਼ੈਰ ਡਿਗਰੀ ਕੋਰਸਾਂ/ਪ੍ਰੋਗਰਾਮਾਂ ਵਿਚ ਦਾਖ਼ਲਾ ਲੈਣ ਵਿਚ ਮਦਦ ਮਿਲੀ ਹੈ। ਇਹ ਸ਼ਲਾਘਾਯੋਗ ਕਦਮ ਤਾਂ ਹੈ ਪਰ ਜੋ ਆਨਲਾਈਨ ਤੇ ਦੂਰਵਰਤੀ ਸਿੱਖਿਆ ਪ੍ਰੋਗਰਾਮਾਂ ਲਈ ਢੁੱਕਵਾਂ ਸਾਬਿਤ ਹੋ ਰਿਹਾ ਹੈ, ਜ਼ਰੂਰੀ ਨਹੀਂ ਕਿ ਆਨ-ਕੈਂਪਸ ਸਿੱਖਿਆ ਲਈ ਵੀ ਸਹੀ ਹੀ ਹੋਵੇ। ਹਾਲਾਂਕਿ ਕਿਸੇ ਵੱਲੋਂ ਨਵੀਂ ਨੀਤੀ ਬਾਰੇ ਖੁੱਲ੍ਹਾ ਮਨ ਰੱਖਣ ਦੀ ਵਕਾਲਤ ਵੀ ਕੀਤੀ ਜਾਵੇਗੀ ਪਰ ਜਿਹੜੀ ਚੀਜ਼ ਰੱਦ ਨਹੀਂ ਕੀਤੀ ਜਾ ਸਕਦੀ ਹੈ, ਉਹ ਹੈ ਵਿਦਿਅਕ ਗੁਣਵੱਤਾ ’ਤੇ ਪੈਣ ਵਾਲੇ ਇਸ ਦੇ ਸੰਭਾਵੀ ਅਸਰ। ਬਰਾਬਰ ਗਿਣਤੀ ’ਚ ਯੋਗ ਅਧਿਆਪਨ ਅਮਲਾ ਰੱਖੇ ਬਿਨਾਂ ਵਿਦਿਆਰਥੀਆਂ ਦੇ ਦਾਖਲੇ ਦੁੱਗਣੇ ਕਰਨ ਦੀ ਪ੍ਰਵਾਨਗੀ ਦੇਣ ਨਾਲ ਅਫ਼ਰਾ-ਤਫਰੀ ਦਾ ਮਾਹੌਲ ਵੀ ਬਣ ਸਕਦਾ ਹੈ। ਯੋਜਨਾ ਨੂੰ ਸੁਧਾਰ ਦੀ ਗੁੰਜ਼ਾਇਸ਼ ਨਾਲ ਪੜਾਅਵਾਰ ਲਾਗੂ ਕਰਨਾ ਹੀ ਆਦਰਸ਼ ਰਣਨੀਤੀ ਜਾਪਦੀ ਹੈ। ਸਾਲ ਵਿਚ ਦੋ ਵਾਰ ਦਾਖ਼ਲਿਆਂ ਦੀ ਆਗਿਆ ਦੇਣ ਦੌਰਾਨ ਯੂਜੀਸੀ ਨੂੰ ਇਹ ਵੀ ਯਕੀਨੀ ਬਣਾਉਣਾ ਪਏਗਾ ਕਿ ਪ੍ਰਕਿਰਿਆ ਦੀ ਦੁਰਵਰਤੋਂ ਨਾ ਹੋਵੇ, ਇਸ ਨੂੰ ਪੈਸਾ ਕਮਾਉਣ ਦਾ ਜ਼ਰੀਆ ਨਾ ਬਣਨ ਦਿੱਤਾ ਜਾਵੇ ਅਤੇ ਵਿਦਿਆਰਥੀ ਇਸ ਕੋਸ਼ਿਸ਼ ਦਾ ਲਾਹਾ ਲੈਣ ਤੋਂ ਖੁੰਝਣੇ ਨਹੀਂ ਚਾਹੀਦੇ।

ਸਾਲ ’ਚ ਦੋ ਵਾਰ ਦਾਖ਼ਲੇ Read More »

ਜੀ-7 ਦੇਸ਼ਾਂ ਵੱਲੋਂ ਈਰਾਨ ਨੂੰ ਧਮਕੀ

ਜੀ-7 ਸਮੂਹ ਨੇ ਇਕ ਡਰਾਫਟ ਸੰਦੇਸ਼ ਰਾਹੀਂ ਈਰਾਨ ਨੂੰ ਆਪਣੇ ਪ੍ਰਮਾਣੂ ਸੋਧ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਖਿਲਾਫ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਰਾਨ ਜੇ ਰੂਸ ਨੂੰ ਬੈਲਿਸਟਿਕ ਮਿਜ਼ਾਈਲਾਂ ਦਿੰਦਾ ਹੈ ਤਾਂ ਉਹ ਉਸ ਵਿਰੁੱਧ ਨਵੇਂ ਕਦਮ ਉਠਾਉਣ ਲਈ ਤਿਆਰ ਹੈ | ਸਮੂਹ ਨੇ ਕਿਹਾ—ਅਸੀਂ ਤਹਿਰਾਨ ਦੀਆਂ ਪ੍ਰਮਾਣੂ ਗਤੀਵਿਧੀਆਂ ਨੂੰ ਵਾਪਸ ਲੈਣ ਅਤੇ ਯੂਰੇਨੀਅਮ ਸੋਧ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕਰਦੇ ਹਾਂ | ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨ ਰਿਪੋਰਟ ‘ਚ ਕਿਹਾ ਗਿਆ ਹੈ ਕਿ ਈਰਾਨ ਨੇ ਆਪਣੇ ਫੋਰਦੋ ਪ੍ਰਮਾਣੂ ਟਿਕਾਣੇ ‘ਤੇ ਯੂਰੇਨੀਅਮ ਸੋਧਣ ਵਾਲੇ ਸੈਂਟਰੀਫਿਊਜ਼ ਸਥਾਪਤ ਕੀਤੇ ਹਨ ਅਤੇ ਹੋਰ ਥਾਵਾਂ ‘ਤੇ ਸਥਾਪਤ ਕਰਨੇ ਸ਼ੁਰੂ ਕੀਤੇ ਹਨ | ਈਰਾਨ ਯੂਰੇਨੀਅਮ ਦੀ 60 ਫੀਸਦੀ ਸ਼ੁੱਧਤਾ ਨਾਲ ਭਰਪੂਰ ਹੈ, ਜੋ ਕਿ ਹਥਿਆਰਾਂ ਦੇ 90 ਫੀਸਦੀ ਗ੍ਰੇਡ ਦੇ ਨਜ਼ਦੀਕ ਹੈ ਅਤੇ ਤਿੰਨ ਪ੍ਰਮਾਣੂ ਹਥਿਆਰਾਂ ਲਈ ਉਨ੍ਹਾਂ ਕੋਲ ਭਰਪੂਰ ਸਮੱਗਰੀ ਹੈ | ਜੀ-7 ਨੇ ਕਿਹਾ ਕਿ ਈਰਾਨ ਨੂੰ ਇਸ ਗੰਭੀਰ ਗੱਲਬਾਤ ‘ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਭਰੋਸਾ ਦੇਣਾ ਚਾਹੀਦਾ ਹੈ ਕਿ ਪ੍ਰਮਾਣੂ ਗਤੀਵਿਧੀਆਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਹਨ | ਈਰਾਨ ਕਹਿ ਚੁੱਕਾ ਹੈ ਕਿ ਉਹ ਪ੍ਰਮਾਣੂ ਗਤੀਵਿਧੀ ਸ਼ਾਂਤੀਪੂਰਵਕ ਉਦੇਸ਼ ਨਾਲ ਕਰ ਰਿਹਾ ਹੈ | ਈਰਾਨ ਵੱਲੋਂ ਰੂਸ ਦੀ ਯੂਕਰੇਨ ਖਿਲਾਫ ਜੰਗ ‘ਚ ਮਦਦ ਲਈ ਬੈਲਿਸਟਿਕ ਮਿਜ਼ਾਈਲ ਸੰਬੰਧੀ ਸੌਦੇ ਬਾਰੇ ਚੇਤਾਵਨੀ ਦਿੰਦਿਆਂ ਜੀ-7 ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਕਾਰਵਾਈ ਕਰੇਗਾ | ਜੀ-7 ਨੇ ਕਿਹਾ—ਅਸੀਂ ਈਰਾਨ ਕੋਲੋਂ ਰੂਸ-ਯੂਕਰੇਨ ਲੜਾਈ ‘ਚ ਰੂਸ ਦੀ ਮਦਦ ਕਰਨਾ ਬੰਦ ਕਰਨ, ਬੈਲਿਸਟਿਕ ਮਿਜ਼ਾਈਲਾਂ ਅਤੇ ਸੰਬੰਧਤ ਸਮੱਗਰੀ ਨਾ ਭੇਜਣ ਦੀ ਮੰਗ ਕਰਦੇ ਹਾਂ | ਈਰਾਨੀ ਯੂਰਪ ਦੀ ਸੁਰੱਖਿਆ ਲਈ ਸਿੱਧਾ ਖਤਰਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਅਪੂਲੀਆ ਖੇਤਰ ‘ਚ ਜੀ 7 ਸਿਖਰ ਸੰਮੇਲਨ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਗੱਲਬਾਤ ਕੀਤੀ | ਪਤਾ ਲੱਗਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਮੋਦੀ ਨੂੰ ਰੂਸ-ਯੂਕਰੇਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ | ਮੋਦੀ ਅਤੇ ਮੈਕਰੌਂ ਨੇ ਰੱਖਿਆ, ਪਰਮਾਣੂ ਅਤੇ ਪੁਲਾੜ ਦੇ ਖੇਤਰਾਂ ਸਮੇਤ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਨੇ ਇਸ ਤੋਂ ਬਾਅਦ ਸੁਨਕ ਨਾਲ ਗੱਲਬਾਤ ਕੀਤੀ | ਦੋਵਾਂ ਨੇਤਾਵਾਂ ਨੇ ਇੱਕ-ਦੂਜੇ ਨੂੰ ਗਲੇ ਲਗਾ ਕੇ ਸਵਾਗਤ ਕੀਤਾ |

ਜੀ-7 ਦੇਸ਼ਾਂ ਵੱਲੋਂ ਈਰਾਨ ਨੂੰ ਧਮਕੀ Read More »

ਪੰਜਾਬ ‘ਚ ਬਿਜਲੀ ਮਹਿੰਗੀ

ਪਾਵਰ ਰੈਗੂਲੇਟਰ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਨੇ ਸ਼ੁੱਕਰਵਾਰ ਬਿਜਲੀ ਦਰਾਂ ‘ਚ ਵਾਧਾ ਕਰ ਦਿੱਤਾ ਹੈ | ਘਰੇਲੂ ਖਪਤਕਾਰਾਂ ਲਈ ਇਹ ਵਾਧਾ 10 ਤੋਂ 12 ਪੈਸੇ ਪ੍ਰਤੀ ਯੂਨਿਟ ਹੈ, ਜਦੋਂ ਕਿ ਉਦਯੋਗ ਲਈ 15 ਪੈਸੇ ਪ੍ਰਤੀ ਯੂਨਿਟ ਹੈ | ਇਹ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ | ਉਦਯੋਗਪਤੀਆਂ ਦਾ ਕਹਿਣਾ ਹੈ ਕਿ ਘਰੇਲੂ ਉਪਭੋਗਤਾਵਾਂ ਨੂੰ 300 ਯੂਨਿਟ ਮੁਫਤ ਦਿੱਤੇ ਜਾ ਰਹੇ ਹਨ ਪਰ ਰੁਜ਼ਗਾਰ ਪੈਦਾ ਕਰਨ ਵਾਲਿਆਂ ਦੀਆਂ ਬਿਜਲੀ ਦਰਾਂ ‘ਚ ਵਾਧਾ ਕੀਤਾ ਜਾ ਰਿਹਾ ਹੈ | ਨਵੀਆਂ ਦਰਾਂ ਅਨੁਸਾਰ 7 ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਤੋਂ ਉੱਪਰ ਬਿਜਲੀ ਖਪਤ ਕਰਨ ‘ਤੇ ਪ੍ਰਤੀ ਯੂਨਿਟ 10 ਤੋਂ 12 ਪੈਸੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ | 7 ਕਿਲੋਵਾਟ ਤੋਂ 100 ਕਿਲੋਵਾਟ ਤੱਕ ਬਿਜਲੀ ਦਰਾਂ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ | 16 ਜੂਨ ਤੋਂ ਕਿਸਾਨਾਂ ਨੂੰ ਵੀ ਬਿਜਲੀ ਮਹਿੰਗੀ ਮਿਲੇਗੀ | ਟਿਊਬਵੈੱਲ ਕੁਨੈਕਸ਼ਨਾਂ ਦੀਆਂ ਦਰਾਂ ‘ਚ 15 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ | ਨਵੀਆਂ ਦਰਾਂ 16 ਜੂਨ ਤੋਂ 31 ਮਾਰਚ 2025 ਤੱਕ ਲਈ ਹਨ | ਪਿਛਲੀਆਂ ਦਰਾਂ 15 ਜੂਨ 2024 ਤੱਕ ਲਈ ਸਨ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਨੇ ਪਾਰਲੀਮਾਨੀ ਚੋਣਾਂ ਖਤਮ ਹੋਣ ਤੋਂ ਬਾਅਦ ਬਿਜਲੀ ਦਰਾਂ ਵਿਚ ਵਾਧਾ ਕਰ ਕੇ ਪੰਜਾਬੀਆਂ ਨਾਲ ਮਜ਼ਾਕ ਕੀਤਾ ਹੈ ਤੇ ਇਹ ਵਾਧਾ ਤੁਰੰਤ ਵਾਪਸ ਲਿਆ ਜਾਵੇ | ਉਨ੍ਹਾ ਕਿਹਾ ਕਿ ਇਸ ਨਾਲ ਪੰਜਾਬ ਵਿਚ ਉਦਯੋਗਾਂ ਲਈ ਕੰਮ ਕਰਨਾ ਔਖਾ ਹੋ ਜਾਵੇਗਾ | ਉਦਯੋਗ ਹਿਜਰਤ ਕਰ ਜਾਣਗੇ | ਸੂਬੇ ਵਿਚ ਪਹਿਲਾਂ ਹੀ ਨਵਾਂ ਨਿਵੇਸ਼ ਨਹੀਂ ਹੋ ਰਿਹਾ ਤੇ ਇਸ ਵਾਧੇ ਮਗਰੋਂ ਸੂਬੇ ਦਾ ਨਿਵੇਸ਼ ਮਾਹੌਲ ਹੋਰ ਖਰਾਬ ਹੋ ਜਾਵੇਗਾ | ਪੰਜਾਬ ਵਿਚ ਉਦਯੋਗਾਂ ਲਈ ਬਿਜਲੀ ਦਰਾਂ ਆਪਣੇ ਗੁਆਂਢੀ ਰਾਜਾਂ ਨਾਲੋਂ ਮਹਿੰਗੀਆਂ ਹਨ |

ਪੰਜਾਬ ‘ਚ ਬਿਜਲੀ ਮਹਿੰਗੀ Read More »

ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ/ਹਰਦੀਪ ਬਿਰਦੀ

ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ। ਬੰਦਾ ਕਿਸਮਤ ਤੋਂ ਜਦ ਹਾਰੇ ਮੰਨਿਆ ਵੀ ਕਰ। ਜਿੰਨਾ ਮਰਜ਼ੀ ਧੰਨ ਕਮਾ ਲਉ ਨਾਲ ਨਾ ਜਾਣਾ ਖਾਲੀ ਹੱਥ ਹੀ ਜਾਂਦੇ ਸਾਰੇ ਮੰਨਿਆ ਵੀ ਕਰ। ਮਿਹਨਤ ਕਰਿਆਂ ਤੈਨੂੰ ਜਦ ਹੈ ਸਭ ਕੁਝ ਮਿਲਦਾ ਕਾਹਤੋਂ ਕਰਨੇ ਪੁੱਠੇ ਕਾਰੇ ਮੰਨਿਆ ਵੀ ਕਰ। ਕੁਦਰਤ ਦੇ ਜੋ ਸਿਰਜੇ ਹੋਏ ਸੱਜਣਾ ਵਧੀਆ ਅਪਣੀ ਥਾਂ ਤੇ ਮੌਸਮ ਚਾਰੇ ਮੰਨਿਆ ਵੀ ਕਰ। ਪਰਦੇਸਾਂ ਤੋਂ ਵਾਪਿਸ ਆ ਕੇ ਸੀਨੇ ਲੱਗ ਕੇ ਪੁੱਤ ਕਲੇਜਾ ਮਾਂ ਦਾ ਠਾਰੇ ਮੰਨਿਆ ਵੀ ਕਰ। ਨੇਤਾਵਾਂ ਨੇ ਪੱਲੇ ਕੁਝ ਨਹੀਂ ਪਾਉਣਾ ਹੁੰਦਾ ਇਹਨਾਂ ਪੱਲੇ ਕੇਵਲ ਲਾਰੇ ਮੰਨਿਆ ਵੀ ਕਰ। ਗੱਲੀਂ ਬਾਤੀਂ ਆਸ਼ਕ ਤਾਰੇ ਤੋੜ ਲਿਆਉਂਦੇ ਕਿਹੜਾ ਤੋੜਨ ਜਾਂਦਾ ਤਾਰੇ ਮੰਨਿਆ ਵੀ ਕਰ। ਇਹ ਜੋ ਲੁੱਟਾਂ ਖੋਹਾਂ ਖੂਨ ਖਰਾਬਾ ਜਗ ਤੇ ਦੌਲਤ ਸ਼ੋਹਰਤ ਦੇ ਸਭ ਕਾਰੇ ਮੰਨਿਆ ਵੀ ਕਰ। ਰੋਟੀ ਤਾਂ ਮਿਲ ਸਕਦੀ ਸਭਨੂੰ ਥੋੜ੍ਹੇ ਨਾਲ਼ ਹੀ ਦੌਲਤ ਸ਼ੋਹਰਤ ਪਿੱਛੇ ਸਾਰੇ ਮੰਨਿਆ ਵੀ ਕਰ। ਹਰਦੀਪ ਬਿਰਦੀ 9041600900

ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ/ਹਰਦੀਪ ਬਿਰਦੀ Read More »

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬੁੱਧ ਸਿਆਂ ਕੀ ਕਹਿਣ

ਇਸ ਸਮੇਂ ਦੇ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੇ ਨਾ ਹੀ ਇਸ ਨੂੰ ਛਾਤੀ ਦੇ ਵਿੱਚ ਦਬਾਇਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਆਪਣੇ ਸੁਨਹਿਰੀ ਭਵਿੱਖ ਦੀ ਕਲਪਨਾ ਕਰਦਿਆਂ ਪੰਜਾਬ ਤੋਂ ਨੌਜਵਾਨਾਂ ਨੇ ਪਰਵਾਸ ਕੀਤਾ ਹੈ। ਇਹ ਪਰਵਾਸ ਉਹਨਾਂ ਦੇ ਸੁਪਨਿਆਂ ਨੂੰ ਕਿਵੇਂ ਖਤਮ ਕਰ ਰਿਹਾ ਹੈ, ਇਸ ਦੀ ਨਾਲ਼ ਵਾਲੀ ਵੀਡੀਓ ਗਵਾਹੀ ਭਰਦੀ ਹੈ। ਇਹ ਵੀਡੀਓ ਇੱਕ ਅੰਗਰੇਜ਼ ਨੇ ਬਣਾਈ ਹੈ। ਇਸ ਕਰਕੇ ਇਸ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਇਸ ਵੀਡੀਓ ਵਿਚਲੇ ਤੱਥ ਤੇ ਪਾਤਰਾਂ ਦੀ ਵਾਰਤਾਲਾਪ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਹ ਵੀਡੀਓ ਨੂੰ ਦੇਖਿਆ ਕੁੱਝ ਸਵਾਲ ਉਠਦੇ ਹਨ ਕਿ ਇਸ ਸੱਚ ਨੂੰ ਸਾਡਾ ਪੰਜਾਬੀ ਮੀਡੀਆ ਕਿਉਂ ਅੱਖੋਂ ਪਰੋਖੇ ਕਰ ਰਿਹਾ ਹੈ। ਇਹ ਵੀ ਇੱਕ ਗੰਭੀਰ ਸਵਾਲ ਐ। ਪੰਜਾਬ ਦੀ ਹੋਣੀ ਤੇ ਅਣਹੋਣੀ ਦਾ ਭਵਿੱਖ ਸੈਂਕੜੇ ਧੀਆਂ ਪੁੱਤਾਂ ਦੇ ਰੋਣ ਕੁਰਲਾਉਣ ਤੇ ਪਰਵਾਸ ਚ ਤੜਪ ਰਿਹਾ ਹੈ। ਰੋਂਦੀਆਂ ਧੀਆਂ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ। ਹਰ ਕੋਈ ਡਾਲਰਾਂ ਦੀ ਝਾਕ ‘ਚ ਕਿਰਤ ਨੂੰ ਲੁੱਟੀ ਜਾ ਰਿਹਾ ਹੈ। ਹਰ ਤਰ੍ਹਾਂ ਦੀ ਆਬਰੂ ਕਨੇਡਾ ਦੀਆਂ ਗਲੀਆਂ ‘ਚ ਰੁਲਦੀ ਹੈ। ਪਾਰਕਾਂ ਤੇ ਹਾਈਵੇ ਹੇਠਾਂ ਸੌਂਦੀ ਹੈ। ਇੱਧਰ ਬੈਂਕਾਂ ਦੇ ਕਰਜ਼ਿਆਂ ਨੇ ਮਾਪਿਆਂ ਦਾ ਬੁਢਾਪਾ ਰੋਲ ਦਿੱਤਾ ਹੈ, ਉੱਥੇ ਪੰਜਾਬ ਨੇ ਜੁਆਨੀ ਗੁਆ ਲਈ ਹੈ। ਦਰਦ ਦੀਆਂ ਪਰਤਾਂ ‘ਚ ਹਰ ਤਰ੍ਹਾਂ ਦੀ ਲੁੱਟ ਸਮੋਈ ਹੈ। ਚਾਹੇ ਕਾਲਜਾਂ ਦੇ ਕਰਿੰਦੇ ਗਲਾ ਕੱਟ ਰਹੇ ਹਨ, ਚਾਹੇ ਸਾਡੇ ਆਪਣੇ ਖੂਨ ਚੋਂ ਪੈਦਾ ਹੋਏ। ਜਿੰਨ੍ਹਾਂ ਦਾ ਹੁਣ ਖੂਨ ਚਿੱਟਾ ਹੋ ਗਿਆ ਹੈ, ਉਹ ਕੀ ਕਰ ਰਹੇ ਹਨ ? ਇਹਨਾਂ ਦੀ ਮਿਹਨਤ ਦੀ ਕਮਾਈ ਨੂੰ ਪੰਜਾਬੀ ਹੀ ਹੜੱਪ ਕਰ ਰਹੇ ਹਨ। ਇਸ ਜਾਲ ਵਿੱਚ ਫਸਾਉਣ ਵਾਲੇ ਚਾਹੇ ਉਹ ਚਮਕਦੇ ਸੁਪਨੇ ਦਿਖਾਉਣ ਵਾਲੇ ਹੋਣ ਤੇ ਆਇਲਟ ਤੇ ਇਮੀਗਰੇਸ਼ਨ ਸੈਂਟਰਾਂ ਦੇ ਮਾਲਕ ਹੋਣ। ਸਭ ਕੋਈ ਲੁੱਟ ਤੇ ਪਲ਼ ਕੇ ਧਨੀ ਹੋਣ ਦੀਆਂ ਲਾਲਾਂ ਤਾਂ ਸੁੱਟਦਾ ਰਿਹਾ। ਹੁਣ ਤਾਂ ਆਬਰੂ ਲੁੱਟਣ ਤੇ ਵੀ ਆ ਗਏ ਹਨ। ਕਿਉਂਕਿ ਇਹਨਾਂ ਪੰਜਾਬ ਦੇ ਭਵਿੱਖ ਦੇ ਵਾਰਸਾਂ ਨੇ ਫੈਕਟਰੀਆਂ, ਹੋਟਲ ਤੇ ਡਰਾਇਵਰੀਆਂ ਚ ਰੁਲ ਜਾਣਾ ਹੈ। ਜੁਆਨੀ ਰੁਲਣ ਦੇ ਨਾਲ ਨਾਲ ਬੁਢਾਪਾ ਵੀ ਸ਼ੁਰੂ ਹੋ ਗਿਆ ਹੈ। ਸਰੀਰਕ ਦਿਖਾਵਾ ਤੇ ਸੁਹੱਪਣ ਵੀ ਵੈਰੀ ਹੋ ਗਿਆ ਹੈ। ਮਨ ਉੱਤੇ ਲਗਾਤਾਰ ਵਧਦੇ ਬੋਝ ਨੇ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਨੌਜਵਾਨ ਉਮਰ ‘ਚ ਮੌਤਾਂ ਦੀ ਦਰ ਲਗਾਤਾਰ ਵੱਧ ਰਹੀ ਹੈ। ਇਸ ਦੀਆਂ ਸਭ ਪਰਤਾਂ ਦੇ ਅੰਦਰ ਜਾਨਣ ਲਈ ਹਕੀਕੀ ਸੱਚੀ ਤੇ ਦਰਦਮਈ ਦਾਸਤਾਨ ਇਸ ਵੀਡੀਓ ਰਾਹੀਂ ਦਿੰਦਿਆਂ ਕਲ਼ੇਜੇ ਧੂਹ ਪੈਂਦੀ ਹੈ। ਇਹ ਕਤਾਰ ਲੰਮੀ ਹੋ ਰਹੀ ਹੈ। ਓਥੇ ਵੀ ਆਪਣੇ ਰਿਜ਼ਕ ਤੇ ਆਬਰੂ ਲੈ ਕੇ ਡੰਡੇ ਚ ਝੰਡਾ ਪਾ ਕੇ ਚੁਰਸਤਿਆਂ ਚ ਖੜ੍ਹਨਾ ਪੈ ਰਿਹਾ ਹੈ। ਦੋ ਡੰਗ ਦੀ ਭੁੱਖ ਮਿਟਾਉਣ ਲਈ ਗੁਰਦਵਾਰਿਆਂ ਵੱਲ ਦੇਖਣਾ ਪੈਂਦਾ ਹੈ। ਇੱਧਰ ਪੰਜਾਬ ਹੁਕਮਰਾਨਾਂ ਨੇ ਲੁੱਟ ਲਿਆ, ਓਧਰ ਸੁਪਨਿਆਂ ਨੇ ਲੁੱਟ ਲਿਆ। ਮੇਰੇ ਕੋਲ ਇੰਨ੍ਹਾਂ ਦੇ ਸਵਾਲਾਂ ਦਾ ਧੀਆਂ ਧਿਆਣੀਆਂ ਅੱਗੇ ਕੋਈ ਜਵਾਬ ਨਹੀਂ। ਮੈਂ ਕਬਰ ਉਤੇ ਬੈਠਾ ਪੰਜਾਬ ਦੀਆਂ ਅਣਹੋਣੀਆਂ ਦੇ ਬੂਹੇ ਤੇ ਖੜ੍ਹਾ ਹਾਂ। ਤੁਹਾਡੇ ਵਾਂਗ ਇੰਨ੍ਹਾਂ ਦਰਦਮੰਦਾਂ ਦਾ ਦਰਦੀ ਹਾਂ। ਦਿਨੋਂ ਦਿਨ ਵੱਧ ਰਹੇ ਇਸ ਦਰਦ ਦੀ ਚੀਸ ਤੇ ਚੀਕ ਕਿਸੇ ਨੂੰ ਵੀ ਸੁਣਾਈ ਨਹੀਂ ਦੇ ਰਹੀ। ਜਿਹੜੀ ਚੀਕ ਮੈਨੂੰ ਸੁਣਦੀ ਹੈ, ਉਹ ਤੁਹਾਨੂੰ ਵੀ ਸੁਣੇ! ਮੈਨੂੰ ਅੰਮ੍ਰਿਤਾ ਪ੍ਰੀਤਮ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ ਜਦੋਂ ਪੰਜਾਬ ਉਜੜਿਆ ਸੀ, ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ! ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਪਾਏ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ। ਹੁਣ ਕੌਣ ਬੋਲੇਗਾ? —– ਬੁੱਧ ਸਿੰਘ ਨੀਲੋਂ 9464370823

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬੁੱਧ ਸਿਆਂ ਕੀ ਕਹਿਣ Read More »

ਅਕਾਲੀ ਦਲ ਨੇ ਦੇਸ਼ ’ਚ ਫਿਰਕੂ ਧਰੁਵੀਕਰਨ ਦੀ ਕੀਤੀ ਸਖ਼ਤ ਨਿਖੇਧੀ

ਚੰਡੀਗੜ੍ਹ, 13 ਜੂਨ, 2024 (ਏ.ਡੀ.ਪੀ.ਨਿਯੂਜ਼)ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਪੜਚੋਲ ਕਰਨ ਸਮੇਤ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਵਿਸਥਾਰਿਤ ਤੇ ਗੰਭੀਰ ਚਰਚਾ ਕੀਤੀ। ਪਾਰਟੀ ਦੇ ਮੁੱਖ ਦਫਤਰ ਵਿਖੇ ਛੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਭਵਿੱਖ ਦੇ ਏਜੰਡੇ ਤੇ ਰਣਨੀਤੀ ਨੂੰ ਤੈਅ ਕਰਨ ਵਾਸਤੇ ਪਾਰਟੀ ਆਗੂਆਂ ਤੋਂ ਇਕੱਲੇ-ਇਕੱਲੇ ਅਤੇ ਸਮੂਹਿਕ ਤੌਰ ’ਤੇ ਫੀਡਬੈਕ ਲੈਣਗੇ। ਮੀਟਿੰਗ ਵਿਚ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਛੇ ਮਹੀਨੇ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਚੜ੍ਹਦੀਕਲਾ ਵਿਚ ਰਹਿੰਦਿਆਂ ਨਿਰਸਵਾਰਥ ਤੇ ਦ੍ਰਿੜ੍ਹ ਲੀਡਰਸ਼ਿਪ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਗਈ। ਕੋਰ ਕਮੇਟੀ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਜਿਸ ਤਰੀਕੇ ਅਕਾਲੀ ਦਲ ਦੇ ਪ੍ਰਧਾਨ ਨੇ ਦਲੇਰਾਨਾ ਰੂਪ ਵਿਚ ਨਿਰਸਵਾਰਥ ਹੋ ਕੇ ਫੈਸਲੇ ਪਾਰਟੀ ਦੇ ਹਿੱਤ ਵਿਚ ਲਏ ਤੇ ਨਿੱਜੀ ਕੁਰਬਾਨੀਆਂ ਦਿੱਤੀਆਂ, ਇਹਨਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਤੇ ਇਹ ਪਾਰਟੀ ਵਾਸਤੇ ਮਾਣ ਵਾਲੀ ਗੱਲ ਹੈ। ਪਾਰਟੀ ਨੇ ਉਹਨਾਂ ਦੀ ਲੀਡਰਸ਼ਿਵ ਵਿਚ ਪੂਰਨ ਵਿਸ਼ਵਾਸ ਪ੍ਰਗਟਾਇਆ ਅਤੇ ਉਹਨਾਂ ਵੱਲੋਂ ਪਾਰਟੀ ਦੇ ਹਿੱਤਾਂ ਵਾਸਤੇ ਇਕੱਲਿਆਂ ਹੀ ਡਟੇ ਰਹਿਣ ਦੀ ਪੁਰਜ਼ੋਰ ਸ਼ਲਾਘਾ ਕੀਤੀ। ਮੀਟਿੰਗ ਨੇ ਸੂਬੇ ਵਿਚ ਆਉਂਦੀਆਂ ਚੋਣਾਂ ਵਾਸਤੇ ਰਣਨੀਤੀ ’ਤੇ ਵੀ ਚਰਚਾ ਕੀਤੀ। ਇਸ ਮਾਮਲੇ ਵਿਚ ਅੰਤਿਮ ਫੈਸਲਾ ਆਉਂਦੇ ਦਿਨਾਂ ਵਿਚ ਲਿਆ ਜਾਵੇਗਾ। ਇਸ ਤੋਂ ਪਹਿਲਾਂ ਕੋਰਕਮੇਟੀ ਨੇ ਪਾਰਟੀ ਅਤੇ ਇਸਦੀ ਲੀਡਰਸ਼ਿਪ ਖਿਲਾਫ ਸੋਚੀ ਸਮਝੀ ਸਾਜ਼ਿਸ਼ ਅਧੀਨ ਜਾਣ ਬੁੱਝ ਕੇ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਪ੍ਰਚਾਰ ਮੁਹਿੰਮ ਚਲਾਉਣ ਦਾ ਗੰਭੀਰ ਨੋਟਿਸ ਲਿਆ। ਮੀਟਿੰਗ ਵਿਚ ਸਰਦਾਰ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ। ਮਤੇ ਵਿਚ ਕਿਹਾ ਗਿਆ ਕਿ ਪਾਰਟੀ ਨੇ ਸਮਾਜ ਵਿਚ ਨਿਰੰਤਰ ਵੱਧ ਰਹੇ ਫਿਰਕੂ ਧਰੁਵੀਕਰਨ ਅਤੇ ਦੇਸ਼ ਵਿਚ ਮਾੜੀ ਭਾਸ਼ਾ ਵਿਚ ਰਾਜਨੀਤੀ ਕਰਨ ਦੇ ਕ੍ਰਮ ਪ੍ਰਤੀ ਗੰਭੀਰ ਚਿੰਤਾ ਜ਼ਾਹਰ ਕੀਤੀ। ਇਸ ਸਬੰਧ ਵਿਚ ਪਾਰਟੀ ਨੇ ਫਿਲਮ ਅਦਾਕਾਰਾ ਤੋਂ ਐਮ ਪੀ ਬਣੀ ਕੰਗਣਾ ਰਣੌਤ ਵੱਲੋਂ ਪੰਜਾਬੀਆਂ ਖਿਲਾਫ ਜ਼ਹਿਰ ਉਗਲਣ ਤੇ ਵੰਡ ਪਾਊ ਬਿਆਨ ਦੇਣ ਦੀ ਸਖਤ ਨਿਖੇਧੀ ਕੀਤੀ। ਪਾਰਟੀ ਨੇ ਮਤੇ ਵਿਚ ਕਿਹਾ ਕਿ ਪਾਰਟੀ ਕਿਸੇ ਵੀ ਤਰੀਕੇ ਦੀ ਹਿੰਸਾ ਦੀ ਹਮਾਇਤ ਨਹੀਂ ਕਰਦੀ ਪਰ ਕੰਗਣਾ ਰਣੌਤ ਨੂੰ ਵੀ ਉਸਦੀ ਮੰਦੀ, ਘਿਰਣਾਯੋਗ ਤੇ ਨਿਰੰਤਰ ਫਿਰਕੂ ਭਾਵਨਾਵਾਂ ਭੜਕਾਊਂਦੀ ਭਾਸ਼ਾ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਜਿਸ ਕਾਰਣ ਭਾਵਨਾਵਾਂ ਭੜਕੀਆਂ ਤੇ ਹਵਾਈ ਅੱਡੇ ’ਤੇ ਮੰਦਭਾਗੀ ਘਟਨਾ ਵਾਪਰੀ। ਪਾਰਟੀ ਨੇ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਦੀ ਕਾਰਵਾਈ ਨੂੰ ਸਿਰਫ ਇਕਪਾਸੜ ਸੋਚ ਅਨੁਸਾਰ ਨਹੀਂ ਬਲਕਿ ਜਿਹੜੇ ਹਾਲਾਤ ਵਿਚ ਘਟਨਾ ਵਾਪਰੀ, ਉਸਨੂੰ ਧਿਆਨ ਵਿਚ ਰੱਖਦਿਆਂ ਵੇਖਿਆ ਜਾਣਾ ਚਾਹੀਦਾ ਹੈ। ਪਾਰਟੀ ਨੇ ਇਹਨਾਂ ਘਟਨਾਵਾਂ ਨੂੰ 1984 ਵਿਚ ਕਾਂਗਰਸ ਦੇ ਸਿੱਖਾਂ ਨੂੰ ਮਾੜਾ ਕਰਾਰ ਦੇਣ ਦੀਆਂ ਘਟਨਾਵਾਂ ਵਾਂਗੂ ਹੀ ਕਰਾਰ ਦਿੱਤਾ ਤੇ ਕੈਥਲ ਵਿਚ ਨੌਜਵਾਨ ਸਿੱਖ ’ਤੇ ਹਮਲੇ ਤੇ ਉਸਨੂੰ ਵੱਖਵਾਦੀ ਕਰਾਰ ਦੇਣ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ। ਪਾਰਟੀ ਨੇ ਇਕ ਦੇਸ਼, ਇਕ ਸਭਿਆਚਾਰ ਦੀ ਸੋਚ ਦਾ ਵੀ ਵਿਰੋਧ ਕੀਤਾ। ਕੋਰ ਕਮੇਟੀ ਨੇ ਪਾਰਟੀ ਦਾ ਸਟੈਂਡ ਮੁੜ ਦੁਹਰਾਇਆ ਕਿ ਭਾਰਤ ਵੱਖ-ਵੱਖ ਸਭਿਆਚਾਰਾਂ, ਧਰਮਾਂ, ਖੇਤਰੀ ਅਤੇ ਭਾਸ਼ਾਈ ਵਿਭਿੰਨਤਾਵਾਂ ਵਾਲਾ ਤੇ ਇਕ ਸੰਘੀ ਢਾਂਚੇ ਵਾਲਾ ਮੁਲਕ ਹੈ ਤੇ ਇਸੇ ਸੋਚ ਸਦਕਾ ਹੀ ਦੇਸ਼ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਮੀਟਿੰਗ ਵਿਚ ਮੁੜ ਦੁਹਰਾਇਆ ਗਿਆ ਕਿ ਅਕਾਲੀ ਦਲ ਦੇ ਖਿਲਾਫ ਇਕ ਡੂੰਘੀ ਸਾਜ਼ਿਸ਼ ਤਹਿਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਜੋ ਸਿੱਖ ਭਾਈਚਾਰਾ ਆਗੂ ਰਹਿਤ ਹੋ ਜਾਵੇ। ਪਾਰਟੀ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਮਕਸਦ ਖਾਲਸਾ ਪੰਥ ਨੂੰ ਵੰਡਣਾ ਤੇ ਕਮਜ਼ੋਰ ਕਰਨਾ ਹੈ ਤੇ ਇਸਦਾ ਅਸਲ ਮੰਤਵ ਸਿੱਖਾਂ ਦੇ ਪਵਿੱਤਰ ਗੁਰਧਾਮਾਂ ਤੇ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨਾ ਹੈ। ਪਾਰਟੀ ਨੇ ਸਿੱਖ ਕੌਮ ਨੂੰ ਇਹਨਾਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਹਰਜਿੰਦਰ ਸਿੰਘ ਧਾਮੀ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਮਨਜੀਤ ਸਿੰਘ ਜੀ.ਕੇ., ਜਨਮੇਜਾ ਸਿੰਘ ਸੇਖੋਂ, ਅਨਿਲ ਜੋਸ਼ੀ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਇਕਬਾਲ ਸਿੰਘ ਝੂੰਦਾ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਡਾ. ਸੁਖਵਿੰਦਰ ਸੁੱਖੀ, ਐਨ ਕੇ ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਮਾਨ, ਮਨਤਾਰ ਸਿੰਘ ਬਰਾੜ, ਹਰਮੀਤ ਸਿੰਘ ਸੰਧੂ, ਸੋਹਣ ਸਿੰਘ ਠੰਢਲ, ਬੀਬੀ ਹਰਗੋਬਿੰਦ ਕੌਰ ਤੇ ਸਰਬਜੀਤ ਸਿੰਘ ਝਿੰਜਰ ਹਾਜ਼ਰ ਸਨ।

ਅਕਾਲੀ ਦਲ ਨੇ ਦੇਸ਼ ’ਚ ਫਿਰਕੂ ਧਰੁਵੀਕਰਨ ਦੀ ਕੀਤੀ ਸਖ਼ਤ ਨਿਖੇਧੀ Read More »

ਥੱਪੜ ਦੀ ਗੂੰਜ

ਇਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਦੋਂ ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਕੰਗਣਾ ਰਣੌਤ ਤੇ ਕੁਲਵਿੰਦਰ ਕੌਰ ਵਿਚਕਾਰ ਝਗੜਾ ਹੋਇਆ ਸੀ | ਬੇਸ਼ੱਕ ਇਸ ਝਗੜੇ ਦੀਆਂ ਸਾਹਮਣੇ ਆਈਆਂ ਵੀਡੀਓਜ਼ ਵਿੱਚ ਕਾਰਵਾਈ ਦੀ ਝਲਕ ਨਹੀਂ ਹੈ, ਪਰ ਕੁਲਵਿੰਦਰ ਕੌਰ ਇਸ ਗੱਲ ਤੋਂ ਮੁੱਕਰਦੀ ਨਹੀਂ ਕਿ ਉਸ ਨੇ ਕੰਗਣਾ ਰਣੌਤ ਦੇ ਥੱਪੜ ਮਾਰਿਆ ਸੀ | ਇਸ ਥੱਪੜ ਕਾਂਡ ਤੋਂ ਬਾਅਦ ਇਸ ਦੀ ਗੂੰਜ ਦੂਰ ਤੱਕ ਸੁਣੀ ਜਾਂਦੀ ਰਹੀ ਹੈ | ਵੱਖ-ਵੱਖ ਸਮਾਜਿਕ ਤੇ ਰਾਜਨੀਤਕ ਧਿਰਾਂ ਦੀ ਵੱਖਰੀ-ਵੱਖਰੀ ਪ੍ਰਤੀਕਿਰਿਆ ਆਈ ਹੈ | ਕੁਝ ਕਹਿ ਰਹੇ ਹਨ ਕਿ ‘ਅਜਿਹਾ ਨਹੀਂ ਹੋਣਾ ਚਾਹੀਦਾ ਸੀ’, ਕੁਝ ਕਹਿ ਰਹੇ ਹਨ ‘ਅਸੀਂ ਕੰਗਣਾ ਨਾਲ ਸਹਿਮਤ ਨਹੀਂ, ਪਰ ਅਜਿਹਾ ਨਹੀਂ ਸੀ ਹੋਣਾ ਚਾਹੀਦਾ’, ਤੇ ਕੁਝ ਨੇ ਇਸ ਰਾਹੀਂ ਕਿਸਾਨ ਅੰਦੋਲਨ ਨੂੰ ਭੰਡਣ ਲਈ ਪੰਜਾਬ ਵਿੱਚ ਕਥਿਤ ਅੱਤਵਾਦ ਨਾਲ ਜੋੜ ਕੇ ਮਗਰਮੱਛ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਹਨ | ਇਨ੍ਹਾਂ ਵਿੱਚ ਕੰਗਣਾ ਖੁਦ ਵੀ ਸ਼ਾਮਲ ਹੈ | ਇਸ ਘਟਨਾ ਬਾਰੇ ਕੱੁਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਤੇ ਲੋਕਜਤਨ ਦੇ ਸੰਪਾਦਕ ਬਾਦਲ ਸਰੋਜ ਨੇ ਇੱਕ ਲੰਮਾ ਲੇਖ ਲਿਖਿਆ ਹੈ, ਜਿਸ ਦਾ ਇੱਕ ਹਿੱਸਾ ਅਸੀਂ ਬਿਨਾਂ ਟਿੱਪਣੀ ਦੇ ਹੇਠਾਂ ਪੇਸ਼ ਕਰ ਰਹੇ ਹਾਂ | ”ਅਸੀਂ ਇਸ ਘਟਨਾ ਨੂੰ ਸਹੀ ਮੰਨਦੇ ਹਾਂ ਜਾਂ ਗਲਤ? ਇਸ ਸਵਾਲ ਤੋਂ ਪਹਿਲਾਂ ਦਾ ਸਵਾਲ ਇਹ ਹੈ ਕਿ ਆਖਰ ਅਸੀਂ ਹੁੰਦੇ ਕੌਣ ਹਾਂ ਫੈਸਲਾ ਸੁਣਾਉਣ ਵਾਲੇ | ਜੇਕਰ ਸਿਆਸੀ ਜੀਵਨ ਵਿੱਚ ਅਜਿਹਾ ਢੰਗ ਅਪਣਾਇਆ ਜਾਂਦਾ ਤਾਂ ਸਾਨੂੰ ਰਾਇ ਬਣਾਉਣੀ ਚਾਹੀਦੀ ਸੀ, ਬੇਧੜਕ ਦੇਣੀ ਵੀ ਚਾਹੀਦੀ ਸੀ, ਬਣਾਉਂਦੇ ਵੀ ਹਾਂ ਤੇ ਦਿੰਦੇ ਵੀ ਹਾਂ | ਨਿੰਦਾ ਵੀ ਕਰਦੇ ਹਾਂ, ਦੁਰਕਾਰਦੇ ਵੀ ਹਾਂ, ਉਸ ਦੇ ਵਿਰੁੱਧ ਖੜ੍ਹੇ ਵੀ ਹੁੰਦੇ ਹਾਂ | ਮਗਰ ਨਾ ਤਾਂ ਕੁਲਵਿੰਦਰ ਜੀ ਰਾਜਨੀਤੀ ਵਿੱਚ ਹਨ ਤੇ ਨਾ ਹੀ ਉਨ੍ਹਾ ਕਿਸੇ ਰਾਜਨੀਤਕ ਮਤਭੇਦ ਜਾਂ ਇਰਾਦੇ ਨਾਲ ਅਜਿਹਾ ਕੀਤਾ ਹੈ | ਏਧਰ ਬੁੱਧ ਤੇ ਓਧਰ ਕਨਫਿਊਸਿਸ ਕਹਿ ਗਏ ਹਨ ਕਿ ਕਿਸੇ ਵੀ ਘਟਨਾ ਨੂੰ ਉਸ ਦੇ ਸੰਦਰਭ ਨਾਲੋਂ ਵੱਖ ਕਰਕੇ ਨਹੀਂ ਦੇਖਣਾ ਚਾਹੀਦਾ | ਇਸ ਦਾ ਸੰਦਰਭ ਦੋ ਵਾਕ ਹਨ, ਜੋ ਕਿਰਿਆ ਤੋਂ ਬਾਅਦ ਕੁਲਵਿੰਦਰ ਜੀ ਨੇ ਬੋਲੇ ਸਨ | ਉਹ ਕਹਿੰਦੀ ਹੈ, ‘ਇਸ ਨੇ ਬਿਆਨ ਦਿੱਤਾ ਸੀ ਨਾ ਕਿ ਔਰਤਾਂ ਸੌ-ਸੌ ਰੁਪਏ ਲੈ ਕੇ ਬੈਠਦੀਆਂ ਹਨ ਉਥੇ | ਇਹ ਬੈਠੇਗੀ ਉਥੇ? ਉਸ ਵੇਲੇ ਜਦੋਂ ਇਸ ਨੇ ਬਿਆਨ ਦਿੱਤਾ ਸੀ ਤਦ ਕਿਸਾਨ ਅੰਦੋਲਨ ਵਿੱਚ ਮੇਰੀ ਮਾਂ ਬੈਠੀ ਸੀ |’ ਇਸ ਤਰ੍ਹਾਂ ਸਾਫ ਹੋ ਜਾਂਦਾ ਹੈ ਕਿ ਉਹ ਆਪਣੀ ਮਾਂ ਬਾਰੇ ਏਨੇ ਘਿਨੌਣੇ ਪੱਧਰ ਦੀ ਗੱਲ ਕੀਤੇ ਜਾਣ ਤੇ ਉਸ ਨੂੰ ਅਪਮਾਨਤ ਕੀਤੇ ਜਾਣ ਤੋਂ ਦੁਖੀ ਸੀ | ਕੰਗਣਾ ਜੀ ਦਾ ਇਹ ਬਿਆਨ ਸਿਰਫ ਇੱਕ ਵਾਰ ਦਾ ਨਹੀਂ ਸੀ | ਉਸ ਨੇ ਝੁਕੀ ਕਮਰ ਵਾਲੀ ਬਹੁਤ ਹੀ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਕਿਸਾਨ ਅੰਦੋਲਨ ਦੀ ਇੱਕ ਫੋਟੋ ਨੂੰ ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਦੱਸ ਕੇ ਲਿਖਿਆ ਸੀ, ”ਹਾਂ ਹਾਂ ਹਾਂ, ਇਹ ਉਹੀ ਦਾਦੀ ਹੈ, ਜਿਸ ਨੂੰ ਟਾਈਮ ਮੈਗਜ਼ੀਨ ਨੇ ਮੋਸਟ ਪਾਵਰਫੁੱਲ ਇੰਡੀਅਨ ਵਜੋਂ ਆਪਣੀ ਲਿਸਟ ਵਿੱਚ ਸ਼ਾਮਲ ਕੀਤਾ ਸੀ ਤੇ ਇਹ 100 ਰੁਪਏ ਵਿੱਚ ਮਿਲਦੀ ਹੈ | ਇੱਕ ਜਨਮਜਾਤ ਇਸਤਰੀ ਕੰਗਣਾ ਇੱਕ ਬਜ਼ੁਰਗ ਔਰਤ ਦੇ ਸੌ ਰੁਪਏ ਵਿੱਚ ਮਿਲਣ ਦੀ ਗੱਲ ਕਹਿ ਕੇ ਸਾਰੀਆਂ ਹੱਦਾਂ ਟੱਪ ਰਹੀ ਸੀ ਤੇ ਖੁਦ ਔਰਤ ਹੋਣ ਦੇ ਨਾਤੇ ਹਾਸਲ ਹੋਣ ਵਾਲੇ ਵਿਹਾਰ ਦਾ ਹੱਕ ਗੁਆ ਰਹੀ ਸੀ | ਉਸ ਦੇ ਸਾਂਝੀ ਸੋਚ ਵਾਲੇ ਅਨੁਪਮ ਖੇਰ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਇਹ, ”ਇੱਕ ਔਰਤ ਦੁਆਰਾ ਇੱਕ ਔਰਤ ਉੱਤੇ ਆਪਣੀ ਪੁਜ਼ੀਸ਼ਨ ਦਾ ਲਾਭ ਲੈ ਕੇ ਕੀਤਾ ਗਿਆ ਹਮਲਾ ਹੈ | ਅਸਲ ਹਿੰਸਾ ਇਹ ਹੈ; ਗੁੱਸੇ ਵਿੱਚ ਤੜਫਾਉਣ ਵਾਲੀ ਘਿ੍ਣਤ ਹਿੰਸਾ | ਹਿੰਸਾ ਸਿਰਫ ਜਿਸਮਾਨੀ ਨਹੀਂ ਹੁੰਦੀ, ਜ਼ੁਬਾਨੀ ਵੀ ਹੁੰਦੀ ਹੈ, ਸਰੀਰ ਨਾਲ ਨਹੀਂ ਹੁੰਦੀ, ਸ਼ਬਦਾਂ ਨਾਲ ਵੀ ਹੁੰਦੀ ਹੈ | ਇਨ੍ਹਾਂ ਸਤਰਾਂ ਦੇ ਲੇਖਕ ਦੀ ਪਰਵਰਿਸ਼ ਚੰਬਲ ਇਲਾਕੇ ਦੀ ਹੈ | ਆਪਣੇ ਰਾਜਨੀਤਕ ਸਰੋਕਾਰਾਂ ਕਾਰਨ ਉਸ ਨੂੰ ਕਰੀਬ ਸਾਢੇ ਤਿੰਨ ਸਾਲ ਉਸ ਜੇਲ੍ਹ ਵਿੱਚ ਰਹਿਣਾ ਪਿਆ, ਜਿੱਥੇ, ਜਿਨ੍ਹਾਂ ਨੂੰ ਡਾਕੂ ਕਿਹਾ ਜਾਂਦਾ ਹੈ, ਉਨ੍ਹਾਂ ਦੀ ਭਰਮਾਰ ਸੀ | ਫੂਲਨ ਦੇਵੀ ਸਮੇਤ ਸਭ ਨਾਲ ਲੰਮੀਆਂ ਚਰਚਾਵਾਂ ਹੋਈਆਂ | ਉਹ ਆਪਣੇ ਆਪ ਨੂੰ ਡਾਕੂ ਨਹੀਂ, ਬਾਗੀ ਕਹਿੰਦੇ ਸਨ ਤੇ 90 ਫੀਸਦੀ ਮਾਮਲਿਆਂ ਵਿੱਚ ਠੀਕ ਸਨ | ਉਨ੍ਹਾਂ ਦੇ ਤਜਰਬਿਆਂ ਦੇ ਅਧਾਰ ‘ਤੇ ਕਹਿ ਸਕਦੇ ਹਾਂ ਕਿ ਜਦੋਂ ਸਮਾਜ ਤੇ ਉਸ ਦੀਆਂ ਸੰਸਥਾਵਾਂ, ਨਿਆਂ ਪ੍ਰਣਾਲੀ ਤੇ ਸਮਾਜਿਕ ਕਦਰਾਂ ਨੂੰ ਬਣਾ ਕੇ ਰੱਖਣ ਦੇ ਜ਼ਿੰਮੇਵਾਰ ਲੋਕ ਆਪਣੀ ਭੂਮਿਕਾ ਨਿਭਾਉਣਾ ਬੰਦ ਕਰ ਦਿੰਦੇ ਹਨ, ਜ਼ੋਰਾਵਰਾਂ, ਅਪਰਾਧੀਆਂ ਤੇ ਉਨ੍ਹਾਂ ਦੀਆਂ ਬੇਹੂਦਗੀਆਂ ਨੂੰ ਅਸ਼ਲੀਲਤਾ ਦੀ ਹੱਦ ਤੱਕ ਸਰਪ੍ਰਸਤੀ ਦੇਣ ਲੱਗ ਜਾਂਦੇ ਹਨ ਤਦ ਵਿਅਕਤੀ/ਵਿਅਕਤੀਆਂ ਵਿੱਚ ਹਤਾਸ਼ਾ ਪੈਦਾ ਹੁੰਦੀ ਹੈ | ਇਹ ਹਤਾਸ਼ਾ, ਰੋਹ, ਭਿਅੰਕਰ ਗੁੱਸੇ ਤੇ ਅਸਹਾਇਤਾ ਦੀ ਖਿਝ ਦੇ ਅਜਿਹੇ ਵਿਸਫੋਟਾਂ ਵਿੱਚ ਵਿਖਾਈ ਦਿੰਦੀ ਹੈ | ਇਸ ਲਈ ਕੋਈ ਫਤਵਾ, ਉਪਦੇਸ਼ ਤੇ ਮਸ਼ਵਰਾ ਦੇਣ ਤੋਂ ਪਹਿਲਾਂ ਕੁਲਵਿੰਦਰ ਜੀ ਦੀ ਮਨੋਦਸ਼ਾ ਵਿੱਚ ਖੁਦ ਨੂੰ ਰੱਖ ਕੇ ਦੇਖੋ | ਇੱਕ ਕੁੜੀ, ਕਾਨੂੰਨ ਦੇ ਰਾਜ ਵਿੱਚ ਯਕੀਨ ਰੱਖਣ ਵਾਲੀ ਕੁੜੀ, ਕਾਨੂੰਨ ਵਿਵਸਥਾ ਦੀ ਟ੍ਰੇਨਿੰਗ ਲੈ ਚੁੱਕੀ ਭਾਰਤ ਦੀ ਬੇਟੀ ਉਮੀਦ ਰੱਖਦੀ ਹੈ ਕਿ ਉਸ ਦੀ ਮਾਂ ਸਮੇਤ ਦੇਸ਼ ਦੀਆਂ ਔਰਤਾਂ ਬਾਰੇ ਬੇਹੱਦ ਘਟੀਆ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਸਮਾਜ ਅਣਡਿੱਠ ਕਰੇਗਾ | ਉਹ ਵਿਅਕਤੀ ਜਿਸ ਵਿਚਾਰ ਸਮੂਹ, ਜਿਸ ਪਾਰਟੀ ਵਿੱਚ ਹੈ, ਉਹ ਉਸ ਦੀ ਨਿੰਦਾ ਕਰਨਗੇ, ਉਸ ਨੂੰ ਦੂਰ ਕਰਨਗੇ, ਕਾਨੂੰਨ ਉਸ ਨੂੰ ਸਜ਼ਾ ਦੇਵੇਗਾ | ਇੱਕ ਦਿਨ ਉਸ ਨੂੰ ਦਿਸਦਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ, ਬਲਕਿ ਉਸ ਦੇ ਉਲਟ ਹੋਇਆ ਤੇ ਉਹੀ ਬਦਜ਼ੁਬਾਨ, ਸ਼ਬਦੀ ਹਿੰਸਾ ਦਾ ਆਦਤਨ ਅਪਰਾਧੀ, ਅਸੱਭਿਆ ਤੇ ਅਭੱਦਰ ਵਿਅਕਤੀ ਇਨਾਮੀ ਤੇ ਸਨਮਾਨਤ ਹੋ ਕੇ ਹੈਾਕੜੀ ਦਿਖਾਉਂਦਿਆਂ ਉਸ ਦੇ ਸਾਹਮਣੇ ਆ ਜਾਂਦਾ ਹੈ ਤਾਂ ਜੋ ਨਿਰਾਸ਼ਾ ‘ਤੇ ਖਿਝ ਹੁੰਦੀ ਹੈ, ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਕਾਰਨ ਬਣ ਜਾਂਦੀ ਹੈ | ਚੰਡੀਗੜ੍ਹ ਹਵਾਈ ਅੱਡੇ ਉੱਤੇ ਉੱਠਿਆ ਹੱਥ ਹਤਾਸ਼ਾ ਵਿੱਚ ਉੱਠਿਆ ਹੱਥ ਸੀ | ਇੱਕ ਬੇਟੀ ਦਾ ਆਪਣੀ ਮਾਂ ਦੇ ਸਨਮਾਨ ਵਿੱਚ ਉੱਠਿਆ ਹੱਥ ਸੀ | ਜਦੋਂ ਮਾਂ ਸਾਹਮਣੇ ਹੋਵੇ ਤਾਂ ਨੌਕਰੀ-ਵੌਕਰੀ, ਸਜ਼ਾ-ਵਜ਼ਾ ਦੀ ਪ੍ਰਵਾਹ ਕੌਣ ਕਰਦਾ | ਸ਼ੁੱਕਰਵਾਰ ਦੀ ਦੁਪਹਿਰ ਉੱਠੇ ਉਸ ਹੱਥ ਦਾ ਥੱਪੜ ਕਿੱਸੇ ਇੱਕ ਗੱਲ੍ਹ ਉੱਤੇ ਨਹੀਂ ਪਿਆ, ਉਹ ਥੱਪੜ ਉਨ੍ਹਾਂ ਸਭ ਦੀਆਂ ਗੱਲ੍ਹਾਂ ਉੱਤੇ ਹੈ ਜੋ ਸਮਾਜਿਕ ਜੀਵਨ ਵਿੱਚ ਭੂਮਿਕਾ ਨਿਭਾਉਣ ਵਾਲੀਆਂ ਔਰਤਾਂ ਉੱਤੇ ਲਾਂਛਣ ਲਾਉਂਦੇ ਤੇ ਅਪਮਾਨਤ ਕਰਦੇ ਹਨ | ਉਨ੍ਹਾਂ ਉੱਤੇ ਵੀ ਹੈ ਜੋ ਅਜਿਹੀਆਂ ਕਾਰਵਾਈਆਂ ਦੀ ਵਡਿਆਈ ਕਰਦੇ ਹਨ, ਗੈਂਗਰੇਪ ਦੇ ਮੁਜਰਮਾਂ ਦੇ ਸਵਾਗਤ ਵਿੱਚ ਜਲੂਸ ਕੱਢਦੇ ਹਨ, ਬਿਲਕਿਸ ਬਾਨੋ ਕਾਂਡ ਦੇ ਅਪਰਾਧੀਆਂ ਨੂੰ ਦੇਸ਼ਭਗਤ ਕਹਿ ਕੇ ਸਮੁੱਚੇ ਹਿੰਦੋਸਤਾਨ ਦੀ ਮਨੁੱਖਤਾ ਨੂੰ ਕਲੰਕਤ ਕਰਦੇ ਹਨ | ਇਨ੍ਹਾਂ ਕਾਰਨਾਂ ਨੂੰ ਹਟਾ ਦਿਓ, ਇਹੋ ਹੱਥ ਆਪਸ ਵਿੱਚ ਜੁੜ ਕੇ ਪ੍ਰਣਾਮ ਤੇ ਨਮਸਕਾਰ ਵਿੱਚ ਬਦਲ ਜਾਣਗੇ | ਜੇ ਅਜਿਹਾ ਕਹਿਣ ਦੀ ਹਿੰਮਤ ਨਹੀਂ ਤਾਂ ਮਿਹਰਬਾਨੀ ਕਰੋ, ਜ਼ਬਤ ਕਰਨ ਦੀ ਥਾਂ ਵਿਅਕਤ ਕਰਨ ਵਾਲੀ ਕੁਲਵਿੰਦਰ ਕੌਰ ਨੂੰ ਸਦਾਚਾਰ ਦਾ ਪਾਠ ਨਾ ਪੜ੍ਹਾਓ | ਕਿਉਂਕਿ ‘ਸਾਨੂੰ ਕੀ’ ਦੀ ਸੋਚ ਨਾਲ ਬਹੁਤ ਫਰਕ ਪੈਂਦਾ ਹੈ | ਚੋਣ ਨਤੀਜਿਆਂ ਤੋਂ ਬਾਅਦ ਅਯੁੱਧਿਆ

ਥੱਪੜ ਦੀ ਗੂੰਜ Read More »

ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜਾਂ ਵਿਚ ਮਹਿੰਗੇ ਕੋਰਸਾਂ ਦੀ ਸ਼ੁਰੂਆਤ

  ਲੋਕ ਮੰਚ ਪੰਜਾਬ ਵਲੋਂ ਫ਼ੈਸਲਾ ਵਾਪਸ ਲੈਣ ਦੀ ਮੰਗ ਜਲੰਧਰ, 15 ਜੂਨ (ਏ.ਡੀ.ਪੀ ਨਿਯੂਜ਼)ਲੋਕ ਮੰਚ ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ‘ਸੇਲਫ਼ ਫ਼ਾਇਨਾਂਸ ਕੋਰਸਾਂ’ ਦੇ ਨਾਮ ਉੱਤੇ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਫ਼ੀਸਾਂ ਲੈ ਕੇ ਨਵੇਂ ਕੋਰਸ     ਸ਼ੁਰੂ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਸਕੀਮ ਵਾਪਸ ਲੈ ਕੇ ਸਰਕਾਰੀ ਫ਼ੀਸਾਂ ਨਾਲ ਹੀ ਨਵੇਂ ਕੋਰਸ ਸ਼ੁਰੂ ਕੀਤੇ ਜਾਣ। ਇਥੋਂ ਜਾਰੀ ਕੀਤੇ ਇਕ ਬਿਆਨ ਵਿਚ ਲੋਕ ਮੰਚ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ ਅਤੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਕਾਲਜ ਸਿਰਫ਼ ਨਾਮ ਦੇ ਹੀ ਸਰਕਾਰੀ ਕਾਲਜ ਬਣ ਕੇ ਰਹਿ ਗਏ ਹਨ। ਨਾ ਤਾਂ ਇਥੇ ਪੂਰੇ ਅਧਿਆਪਕ ਹਨ ਅਤੇ ਨਾ ਹੀ ਸਹੂਲਤਾਂ। ਉਲਟਾ ਨਵੇਂ ਨਵੇਂ ਬਹਾਨਿਆਂ ਨਾਲ ਫ਼ੀਸਾਂ ਵਿੱਚ ਏਨਾ ਵਾਧਾ ਕੀਤਾ ਜਾ ਰਿਹਾ ਹੈ ਕਿ ਗ਼ਰੀਬ ਬੱਚੇ ਮਹਿੰਗੀ ਸਿੱਖਿਆ ਲੈਣ ਤੋਂ ਅਸਰਮਥ ਹਨ। ਉਨ੍ਹਾਂ ਨੇ ਅਜਿਹੀਆਂ ਸਕੀਮਾਂ ਨੂੰ ਗ਼ਰੀਬ ਬੱਚਿਆਂ ਨੂੰ ਮਿਆਰੀ ਅਤੇ ਲੋੜੀਂਦੀ ਸਿੱਖਿਆ ਤੋਂ ਦੂਰ ਰੱਖਣ ਦੀ ਸਾਜ਼ਿਸ਼ ਦੱਸਿਆ। ਉਨ੍ਹਾਂ ਦੱਸਿਆ ਕਿ ਰੋਪੜ ਅਤੇ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜਾਂ ਵਲੋਂ ਪਿਛਲੇ ਦਿਨੀਂ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਹਨ , ਜਿਨ੍ਹਾਂ ਅਨੁਸਾਰ ਬੀ.ਸੀ.ਏ., ਬੀ.ਏ. ਆਨਰਜ਼ (ਪੱਤਰਕਾਰੀ ਅਤੇ ਮੀਡੀਆ ਸਟੱਡੀ) ਬੀ.ਏ., ਬੀ.ਬੀ.ਏ. ਅਤੇ ਬੀ.ਐੱਸ.ਸੀ. (ਟੂਰਿਜ਼ਮ), ਬੀ.ਐੱਸ.ਸੀ. (ਆਨਰਜ਼) ਵਰਗੇ ਕੋਰਸਾਂ ਸਮੇਤ ਬਹੁਤ ਸਾਰੇ ਕੋਰਸ ‘ਸੇਲਫ਼ ਫ਼ਾਇਨਾਂਸ’ ਕੋਰਸਾਂ ਵਿਚ ਸ਼ਾਮਿਲ ਕੀਤੇ ਗਏ ਹਨ। ਸਿਰਫ਼ ਬੀ.ਏ. ਰੈਗੂਲਰ, ਬੀ. ਕਾਮ ਅਤੇ ਬੀ.ਐੱਸ.ਸੀ. ,(ਮੈਡੀਕਲ ਨਾਨ ਮੈਡੀਕਲ) ਆਦਿ ਕੋਰਸ ਹੀ ਸਰਕਾਰੀ ਫ਼ੀਸਾਂ ਨਾਲ ਕੀਤੇ ਜਾ ਸਕਣਗੇ। ਡਾਕਟਰ ਜੌਹਲ ਨੇ ਕਿਹਾ ਕਿ ਅਜੇਹਾ ਫੈਸਲਾ ਸਰਕਾਰੀ ਕਾਲਜਾਂ ਵਿੱਚ ਹੀ ਪ੍ਰਾਈਵੇਟ ਕਾਲਜ ਖੋਲ੍ਹਣ ਵਾਲੀ ਗੱਲ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਆਪਣੇ ਭਰੇ ਹੋਏ ਖਜ਼ਾਨੇ ਵਿੱਚੋਂ ਕੁੱਝ ਹਿੱਸਾ ਸਿੱਖਿਆ ਸੁਧਾਰਾਂ ਉਤੇ ਵੀ ਖਰਚਣਾ ਚਾਹੀਦਾ ਹੈ।

ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜਾਂ ਵਿਚ ਮਹਿੰਗੇ ਕੋਰਸਾਂ ਦੀ ਸ਼ੁਰੂਆਤ Read More »