ਥੱਪੜ ਦੀ ਗੂੰਜ

ਇਕ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਦੋਂ ਚੰਡੀਗੜ੍ਹ ਦੇ ਹਵਾਈ ਅੱਡੇ ‘ਤੇ ਕੰਗਣਾ ਰਣੌਤ ਤੇ ਕੁਲਵਿੰਦਰ ਕੌਰ ਵਿਚਕਾਰ ਝਗੜਾ ਹੋਇਆ ਸੀ | ਬੇਸ਼ੱਕ ਇਸ ਝਗੜੇ ਦੀਆਂ ਸਾਹਮਣੇ ਆਈਆਂ ਵੀਡੀਓਜ਼ ਵਿੱਚ ਕਾਰਵਾਈ ਦੀ ਝਲਕ ਨਹੀਂ ਹੈ, ਪਰ ਕੁਲਵਿੰਦਰ ਕੌਰ ਇਸ ਗੱਲ ਤੋਂ ਮੁੱਕਰਦੀ ਨਹੀਂ ਕਿ ਉਸ ਨੇ ਕੰਗਣਾ ਰਣੌਤ ਦੇ ਥੱਪੜ ਮਾਰਿਆ ਸੀ | ਇਸ ਥੱਪੜ ਕਾਂਡ ਤੋਂ ਬਾਅਦ ਇਸ ਦੀ ਗੂੰਜ ਦੂਰ ਤੱਕ ਸੁਣੀ ਜਾਂਦੀ ਰਹੀ ਹੈ | ਵੱਖ-ਵੱਖ ਸਮਾਜਿਕ ਤੇ ਰਾਜਨੀਤਕ ਧਿਰਾਂ ਦੀ ਵੱਖਰੀ-ਵੱਖਰੀ ਪ੍ਰਤੀਕਿਰਿਆ ਆਈ ਹੈ | ਕੁਝ ਕਹਿ ਰਹੇ ਹਨ ਕਿ ‘ਅਜਿਹਾ ਨਹੀਂ ਹੋਣਾ ਚਾਹੀਦਾ ਸੀ’, ਕੁਝ ਕਹਿ ਰਹੇ ਹਨ ‘ਅਸੀਂ ਕੰਗਣਾ ਨਾਲ ਸਹਿਮਤ ਨਹੀਂ, ਪਰ ਅਜਿਹਾ ਨਹੀਂ ਸੀ ਹੋਣਾ ਚਾਹੀਦਾ’, ਤੇ ਕੁਝ ਨੇ ਇਸ ਰਾਹੀਂ ਕਿਸਾਨ ਅੰਦੋਲਨ ਨੂੰ ਭੰਡਣ ਲਈ ਪੰਜਾਬ ਵਿੱਚ ਕਥਿਤ ਅੱਤਵਾਦ ਨਾਲ ਜੋੜ ਕੇ ਮਗਰਮੱਛ ਦੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਹਨ | ਇਨ੍ਹਾਂ ਵਿੱਚ ਕੰਗਣਾ ਖੁਦ ਵੀ ਸ਼ਾਮਲ ਹੈ | ਇਸ ਘਟਨਾ ਬਾਰੇ ਕੱੁਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਤੇ ਲੋਕਜਤਨ ਦੇ ਸੰਪਾਦਕ ਬਾਦਲ ਸਰੋਜ ਨੇ ਇੱਕ ਲੰਮਾ ਲੇਖ ਲਿਖਿਆ ਹੈ, ਜਿਸ ਦਾ ਇੱਕ ਹਿੱਸਾ ਅਸੀਂ ਬਿਨਾਂ ਟਿੱਪਣੀ ਦੇ ਹੇਠਾਂ ਪੇਸ਼ ਕਰ ਰਹੇ ਹਾਂ |

”ਅਸੀਂ ਇਸ ਘਟਨਾ ਨੂੰ ਸਹੀ ਮੰਨਦੇ ਹਾਂ ਜਾਂ ਗਲਤ? ਇਸ ਸਵਾਲ ਤੋਂ ਪਹਿਲਾਂ ਦਾ ਸਵਾਲ ਇਹ ਹੈ ਕਿ ਆਖਰ ਅਸੀਂ ਹੁੰਦੇ ਕੌਣ ਹਾਂ ਫੈਸਲਾ ਸੁਣਾਉਣ ਵਾਲੇ | ਜੇਕਰ ਸਿਆਸੀ ਜੀਵਨ ਵਿੱਚ ਅਜਿਹਾ ਢੰਗ ਅਪਣਾਇਆ ਜਾਂਦਾ ਤਾਂ ਸਾਨੂੰ ਰਾਇ ਬਣਾਉਣੀ ਚਾਹੀਦੀ ਸੀ, ਬੇਧੜਕ ਦੇਣੀ ਵੀ ਚਾਹੀਦੀ ਸੀ, ਬਣਾਉਂਦੇ ਵੀ ਹਾਂ ਤੇ ਦਿੰਦੇ ਵੀ ਹਾਂ | ਨਿੰਦਾ ਵੀ ਕਰਦੇ ਹਾਂ, ਦੁਰਕਾਰਦੇ ਵੀ ਹਾਂ, ਉਸ ਦੇ ਵਿਰੁੱਧ ਖੜ੍ਹੇ ਵੀ ਹੁੰਦੇ ਹਾਂ | ਮਗਰ ਨਾ ਤਾਂ ਕੁਲਵਿੰਦਰ ਜੀ ਰਾਜਨੀਤੀ ਵਿੱਚ ਹਨ ਤੇ ਨਾ ਹੀ ਉਨ੍ਹਾ ਕਿਸੇ ਰਾਜਨੀਤਕ ਮਤਭੇਦ ਜਾਂ ਇਰਾਦੇ ਨਾਲ ਅਜਿਹਾ ਕੀਤਾ ਹੈ |
ਏਧਰ ਬੁੱਧ ਤੇ ਓਧਰ ਕਨਫਿਊਸਿਸ ਕਹਿ ਗਏ ਹਨ ਕਿ ਕਿਸੇ ਵੀ ਘਟਨਾ ਨੂੰ ਉਸ ਦੇ ਸੰਦਰਭ ਨਾਲੋਂ ਵੱਖ ਕਰਕੇ ਨਹੀਂ ਦੇਖਣਾ ਚਾਹੀਦਾ | ਇਸ ਦਾ ਸੰਦਰਭ ਦੋ ਵਾਕ ਹਨ, ਜੋ ਕਿਰਿਆ ਤੋਂ ਬਾਅਦ ਕੁਲਵਿੰਦਰ ਜੀ ਨੇ ਬੋਲੇ ਸਨ | ਉਹ ਕਹਿੰਦੀ ਹੈ, ‘ਇਸ ਨੇ ਬਿਆਨ ਦਿੱਤਾ ਸੀ ਨਾ ਕਿ ਔਰਤਾਂ ਸੌ-ਸੌ ਰੁਪਏ ਲੈ ਕੇ ਬੈਠਦੀਆਂ ਹਨ ਉਥੇ |

ਇਹ ਬੈਠੇਗੀ ਉਥੇ? ਉਸ ਵੇਲੇ ਜਦੋਂ ਇਸ ਨੇ ਬਿਆਨ ਦਿੱਤਾ ਸੀ ਤਦ ਕਿਸਾਨ ਅੰਦੋਲਨ ਵਿੱਚ ਮੇਰੀ ਮਾਂ ਬੈਠੀ ਸੀ |’ ਇਸ ਤਰ੍ਹਾਂ ਸਾਫ ਹੋ ਜਾਂਦਾ ਹੈ ਕਿ ਉਹ ਆਪਣੀ ਮਾਂ ਬਾਰੇ ਏਨੇ ਘਿਨੌਣੇ ਪੱਧਰ ਦੀ ਗੱਲ ਕੀਤੇ ਜਾਣ ਤੇ ਉਸ ਨੂੰ ਅਪਮਾਨਤ ਕੀਤੇ ਜਾਣ ਤੋਂ ਦੁਖੀ ਸੀ | ਕੰਗਣਾ ਜੀ ਦਾ ਇਹ ਬਿਆਨ ਸਿਰਫ ਇੱਕ ਵਾਰ ਦਾ ਨਹੀਂ ਸੀ | ਉਸ ਨੇ ਝੁਕੀ ਕਮਰ ਵਾਲੀ ਬਹੁਤ ਹੀ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਕਿਸਾਨ ਅੰਦੋਲਨ ਦੀ ਇੱਕ ਫੋਟੋ ਨੂੰ ਸ਼ਾਹੀਨ ਬਾਗ ਦੀ ਦਾਦੀ ਬਿਲਕਿਸ ਬਾਨੋ ਦੱਸ ਕੇ ਲਿਖਿਆ ਸੀ, ”ਹਾਂ ਹਾਂ ਹਾਂ, ਇਹ ਉਹੀ ਦਾਦੀ ਹੈ, ਜਿਸ ਨੂੰ ਟਾਈਮ ਮੈਗਜ਼ੀਨ ਨੇ ਮੋਸਟ ਪਾਵਰਫੁੱਲ ਇੰਡੀਅਨ ਵਜੋਂ ਆਪਣੀ ਲਿਸਟ ਵਿੱਚ ਸ਼ਾਮਲ ਕੀਤਾ ਸੀ ਤੇ ਇਹ 100 ਰੁਪਏ ਵਿੱਚ ਮਿਲਦੀ ਹੈ | ਇੱਕ ਜਨਮਜਾਤ ਇਸਤਰੀ ਕੰਗਣਾ ਇੱਕ ਬਜ਼ੁਰਗ ਔਰਤ ਦੇ ਸੌ ਰੁਪਏ ਵਿੱਚ ਮਿਲਣ ਦੀ ਗੱਲ ਕਹਿ ਕੇ ਸਾਰੀਆਂ ਹੱਦਾਂ ਟੱਪ ਰਹੀ ਸੀ ਤੇ ਖੁਦ ਔਰਤ ਹੋਣ ਦੇ ਨਾਤੇ ਹਾਸਲ ਹੋਣ ਵਾਲੇ ਵਿਹਾਰ ਦਾ ਹੱਕ ਗੁਆ ਰਹੀ ਸੀ | ਉਸ ਦੇ ਸਾਂਝੀ ਸੋਚ ਵਾਲੇ ਅਨੁਪਮ ਖੇਰ ਦੀ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਇਹ, ”ਇੱਕ ਔਰਤ ਦੁਆਰਾ ਇੱਕ ਔਰਤ ਉੱਤੇ ਆਪਣੀ ਪੁਜ਼ੀਸ਼ਨ ਦਾ ਲਾਭ ਲੈ ਕੇ ਕੀਤਾ ਗਿਆ ਹਮਲਾ ਹੈ |

ਅਸਲ ਹਿੰਸਾ ਇਹ ਹੈ; ਗੁੱਸੇ ਵਿੱਚ ਤੜਫਾਉਣ ਵਾਲੀ ਘਿ੍ਣਤ ਹਿੰਸਾ | ਹਿੰਸਾ ਸਿਰਫ ਜਿਸਮਾਨੀ ਨਹੀਂ ਹੁੰਦੀ, ਜ਼ੁਬਾਨੀ ਵੀ ਹੁੰਦੀ ਹੈ, ਸਰੀਰ ਨਾਲ ਨਹੀਂ ਹੁੰਦੀ, ਸ਼ਬਦਾਂ ਨਾਲ ਵੀ ਹੁੰਦੀ ਹੈ | ਇਨ੍ਹਾਂ ਸਤਰਾਂ ਦੇ ਲੇਖਕ ਦੀ ਪਰਵਰਿਸ਼ ਚੰਬਲ ਇਲਾਕੇ ਦੀ ਹੈ | ਆਪਣੇ ਰਾਜਨੀਤਕ ਸਰੋਕਾਰਾਂ ਕਾਰਨ ਉਸ ਨੂੰ ਕਰੀਬ ਸਾਢੇ ਤਿੰਨ ਸਾਲ ਉਸ ਜੇਲ੍ਹ ਵਿੱਚ ਰਹਿਣਾ ਪਿਆ, ਜਿੱਥੇ, ਜਿਨ੍ਹਾਂ ਨੂੰ ਡਾਕੂ ਕਿਹਾ ਜਾਂਦਾ ਹੈ, ਉਨ੍ਹਾਂ ਦੀ ਭਰਮਾਰ ਸੀ | ਫੂਲਨ ਦੇਵੀ ਸਮੇਤ ਸਭ ਨਾਲ ਲੰਮੀਆਂ ਚਰਚਾਵਾਂ ਹੋਈਆਂ | ਉਹ ਆਪਣੇ ਆਪ ਨੂੰ ਡਾਕੂ ਨਹੀਂ, ਬਾਗੀ ਕਹਿੰਦੇ ਸਨ ਤੇ 90 ਫੀਸਦੀ ਮਾਮਲਿਆਂ ਵਿੱਚ ਠੀਕ ਸਨ | ਉਨ੍ਹਾਂ ਦੇ ਤਜਰਬਿਆਂ ਦੇ ਅਧਾਰ ‘ਤੇ ਕਹਿ ਸਕਦੇ ਹਾਂ ਕਿ ਜਦੋਂ ਸਮਾਜ ਤੇ ਉਸ ਦੀਆਂ ਸੰਸਥਾਵਾਂ, ਨਿਆਂ ਪ੍ਰਣਾਲੀ ਤੇ ਸਮਾਜਿਕ ਕਦਰਾਂ ਨੂੰ ਬਣਾ ਕੇ ਰੱਖਣ ਦੇ ਜ਼ਿੰਮੇਵਾਰ ਲੋਕ ਆਪਣੀ ਭੂਮਿਕਾ ਨਿਭਾਉਣਾ ਬੰਦ ਕਰ ਦਿੰਦੇ ਹਨ, ਜ਼ੋਰਾਵਰਾਂ, ਅਪਰਾਧੀਆਂ ਤੇ ਉਨ੍ਹਾਂ ਦੀਆਂ ਬੇਹੂਦਗੀਆਂ ਨੂੰ ਅਸ਼ਲੀਲਤਾ ਦੀ ਹੱਦ ਤੱਕ ਸਰਪ੍ਰਸਤੀ ਦੇਣ ਲੱਗ ਜਾਂਦੇ ਹਨ ਤਦ ਵਿਅਕਤੀ/ਵਿਅਕਤੀਆਂ ਵਿੱਚ ਹਤਾਸ਼ਾ ਪੈਦਾ ਹੁੰਦੀ ਹੈ |

ਇਹ ਹਤਾਸ਼ਾ, ਰੋਹ, ਭਿਅੰਕਰ ਗੁੱਸੇ ਤੇ ਅਸਹਾਇਤਾ ਦੀ ਖਿਝ ਦੇ ਅਜਿਹੇ ਵਿਸਫੋਟਾਂ ਵਿੱਚ ਵਿਖਾਈ ਦਿੰਦੀ ਹੈ | ਇਸ ਲਈ ਕੋਈ ਫਤਵਾ, ਉਪਦੇਸ਼ ਤੇ ਮਸ਼ਵਰਾ ਦੇਣ ਤੋਂ ਪਹਿਲਾਂ ਕੁਲਵਿੰਦਰ ਜੀ ਦੀ ਮਨੋਦਸ਼ਾ ਵਿੱਚ ਖੁਦ ਨੂੰ ਰੱਖ ਕੇ ਦੇਖੋ | ਇੱਕ ਕੁੜੀ, ਕਾਨੂੰਨ ਦੇ ਰਾਜ ਵਿੱਚ ਯਕੀਨ ਰੱਖਣ ਵਾਲੀ ਕੁੜੀ, ਕਾਨੂੰਨ ਵਿਵਸਥਾ ਦੀ ਟ੍ਰੇਨਿੰਗ ਲੈ ਚੁੱਕੀ ਭਾਰਤ ਦੀ ਬੇਟੀ ਉਮੀਦ ਰੱਖਦੀ ਹੈ ਕਿ ਉਸ ਦੀ ਮਾਂ ਸਮੇਤ ਦੇਸ਼ ਦੀਆਂ ਔਰਤਾਂ ਬਾਰੇ ਬੇਹੱਦ ਘਟੀਆ ਟਿੱਪਣੀ ਕਰਨ ਵਾਲੇ ਵਿਅਕਤੀ ਨੂੰ ਸਮਾਜ ਅਣਡਿੱਠ ਕਰੇਗਾ | ਉਹ ਵਿਅਕਤੀ ਜਿਸ ਵਿਚਾਰ ਸਮੂਹ, ਜਿਸ ਪਾਰਟੀ ਵਿੱਚ ਹੈ, ਉਹ ਉਸ ਦੀ ਨਿੰਦਾ ਕਰਨਗੇ, ਉਸ ਨੂੰ ਦੂਰ ਕਰਨਗੇ, ਕਾਨੂੰਨ ਉਸ ਨੂੰ ਸਜ਼ਾ ਦੇਵੇਗਾ | ਇੱਕ ਦਿਨ ਉਸ ਨੂੰ ਦਿਸਦਾ ਹੈ ਕਿ ਅਜਿਹਾ ਕੁਝ ਨਹੀਂ ਹੋਇਆ, ਬਲਕਿ ਉਸ ਦੇ ਉਲਟ ਹੋਇਆ ਤੇ ਉਹੀ ਬਦਜ਼ੁਬਾਨ, ਸ਼ਬਦੀ ਹਿੰਸਾ ਦਾ ਆਦਤਨ ਅਪਰਾਧੀ, ਅਸੱਭਿਆ ਤੇ ਅਭੱਦਰ ਵਿਅਕਤੀ ਇਨਾਮੀ ਤੇ ਸਨਮਾਨਤ ਹੋ ਕੇ ਹੈਾਕੜੀ ਦਿਖਾਉਂਦਿਆਂ ਉਸ ਦੇ ਸਾਹਮਣੇ ਆ ਜਾਂਦਾ ਹੈ ਤਾਂ ਜੋ ਨਿਰਾਸ਼ਾ ‘ਤੇ ਖਿਝ ਹੁੰਦੀ ਹੈ, ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਕਾਰਨ ਬਣ ਜਾਂਦੀ ਹੈ |

ਚੰਡੀਗੜ੍ਹ ਹਵਾਈ ਅੱਡੇ ਉੱਤੇ ਉੱਠਿਆ ਹੱਥ ਹਤਾਸ਼ਾ ਵਿੱਚ ਉੱਠਿਆ ਹੱਥ ਸੀ | ਇੱਕ ਬੇਟੀ ਦਾ ਆਪਣੀ ਮਾਂ ਦੇ ਸਨਮਾਨ ਵਿੱਚ ਉੱਠਿਆ ਹੱਥ ਸੀ | ਜਦੋਂ ਮਾਂ ਸਾਹਮਣੇ ਹੋਵੇ ਤਾਂ ਨੌਕਰੀ-ਵੌਕਰੀ, ਸਜ਼ਾ-ਵਜ਼ਾ ਦੀ ਪ੍ਰਵਾਹ ਕੌਣ ਕਰਦਾ | ਸ਼ੁੱਕਰਵਾਰ ਦੀ ਦੁਪਹਿਰ ਉੱਠੇ ਉਸ ਹੱਥ ਦਾ ਥੱਪੜ ਕਿੱਸੇ ਇੱਕ ਗੱਲ੍ਹ ਉੱਤੇ ਨਹੀਂ ਪਿਆ, ਉਹ ਥੱਪੜ ਉਨ੍ਹਾਂ ਸਭ ਦੀਆਂ ਗੱਲ੍ਹਾਂ ਉੱਤੇ ਹੈ ਜੋ ਸਮਾਜਿਕ ਜੀਵਨ ਵਿੱਚ ਭੂਮਿਕਾ ਨਿਭਾਉਣ ਵਾਲੀਆਂ ਔਰਤਾਂ ਉੱਤੇ ਲਾਂਛਣ ਲਾਉਂਦੇ ਤੇ ਅਪਮਾਨਤ ਕਰਦੇ ਹਨ | ਉਨ੍ਹਾਂ ਉੱਤੇ ਵੀ ਹੈ ਜੋ ਅਜਿਹੀਆਂ ਕਾਰਵਾਈਆਂ ਦੀ ਵਡਿਆਈ ਕਰਦੇ ਹਨ, ਗੈਂਗਰੇਪ ਦੇ ਮੁਜਰਮਾਂ ਦੇ ਸਵਾਗਤ ਵਿੱਚ ਜਲੂਸ ਕੱਢਦੇ ਹਨ, ਬਿਲਕਿਸ ਬਾਨੋ ਕਾਂਡ ਦੇ ਅਪਰਾਧੀਆਂ ਨੂੰ ਦੇਸ਼ਭਗਤ ਕਹਿ ਕੇ ਸਮੁੱਚੇ ਹਿੰਦੋਸਤਾਨ ਦੀ ਮਨੁੱਖਤਾ ਨੂੰ ਕਲੰਕਤ ਕਰਦੇ ਹਨ |

ਇਨ੍ਹਾਂ ਕਾਰਨਾਂ ਨੂੰ ਹਟਾ ਦਿਓ, ਇਹੋ ਹੱਥ ਆਪਸ ਵਿੱਚ ਜੁੜ ਕੇ ਪ੍ਰਣਾਮ ਤੇ ਨਮਸਕਾਰ ਵਿੱਚ ਬਦਲ ਜਾਣਗੇ | ਜੇ ਅਜਿਹਾ ਕਹਿਣ ਦੀ ਹਿੰਮਤ ਨਹੀਂ ਤਾਂ ਮਿਹਰਬਾਨੀ ਕਰੋ, ਜ਼ਬਤ ਕਰਨ ਦੀ ਥਾਂ ਵਿਅਕਤ ਕਰਨ ਵਾਲੀ ਕੁਲਵਿੰਦਰ ਕੌਰ ਨੂੰ ਸਦਾਚਾਰ ਦਾ ਪਾਠ ਨਾ ਪੜ੍ਹਾਓ | ਕਿਉਂਕਿ ‘ਸਾਨੂੰ ਕੀ’ ਦੀ ਸੋਚ ਨਾਲ ਬਹੁਤ ਫਰਕ ਪੈਂਦਾ ਹੈ | ਚੋਣ ਨਤੀਜਿਆਂ ਤੋਂ ਬਾਅਦ ਅਯੁੱਧਿਆ ਵਾਸੀਆਂ ਬਾਰੇ ਜੋ ਕਿਹਾ ਜਾ ਰਿਹਾ ਹੈ ਜਾਂ ਖੁਦ ਕੰਗਣਾ ਨੇ ਪੰਜਾਬ ਬਾਰੇ ਗੈਰਜ਼ਿੰਮੇਦਾਰਾਨਾ ਗੱਲ ਕਹੀ ਹੈ, ਇਹ ਇਸ ਦੇ ਉਦਾਹਰਨ ਹਨ | ਕੁਲਵਿੰਦਰ ਵਰਗੇ ਹੱਥ ਭਵਿੱਖ ਵਿੱਚ ਨਾ ਉੱਠਣ, ਇਸ ਲਈ ਜ਼ਰੂਰੀ ਹੈ ਕਿ ਅਜਿਹੀਆਂ ਉਕਸਾਉਣ ਵਾਲੀਆਂ ਗੱਲਾਂ ਵਿਰੁੱਧ ਸਭ ਉੱਠ ਕੇ ਖੜ੍ਹੇ ਹੋਵੋ |

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...