ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ/ਹਰਦੀਪ ਬਿਰਦੀ

ਪੀਣੇ ਪੈਂਦੇ ਹੰਝੂ ਖਾਰੇ ਮੰਨਿਆ ਵੀ ਕਰ।
ਬੰਦਾ ਕਿਸਮਤ ਤੋਂ ਜਦ ਹਾਰੇ ਮੰਨਿਆ ਵੀ ਕਰ।

ਜਿੰਨਾ ਮਰਜ਼ੀ ਧੰਨ ਕਮਾ ਲਉ ਨਾਲ ਨਾ ਜਾਣਾ
ਖਾਲੀ ਹੱਥ ਹੀ ਜਾਂਦੇ ਸਾਰੇ ਮੰਨਿਆ ਵੀ ਕਰ।

ਮਿਹਨਤ ਕਰਿਆਂ ਤੈਨੂੰ ਜਦ ਹੈ ਸਭ ਕੁਝ ਮਿਲਦਾ
ਕਾਹਤੋਂ ਕਰਨੇ ਪੁੱਠੇ ਕਾਰੇ ਮੰਨਿਆ ਵੀ ਕਰ।

ਕੁਦਰਤ ਦੇ ਜੋ ਸਿਰਜੇ ਹੋਏ ਸੱਜਣਾ ਵਧੀਆ
ਅਪਣੀ ਥਾਂ ਤੇ ਮੌਸਮ ਚਾਰੇ ਮੰਨਿਆ ਵੀ ਕਰ।

ਪਰਦੇਸਾਂ ਤੋਂ ਵਾਪਿਸ ਆ ਕੇ ਸੀਨੇ ਲੱਗ ਕੇ
ਪੁੱਤ ਕਲੇਜਾ ਮਾਂ ਦਾ ਠਾਰੇ ਮੰਨਿਆ ਵੀ ਕਰ।

ਨੇਤਾਵਾਂ ਨੇ ਪੱਲੇ ਕੁਝ ਨਹੀਂ ਪਾਉਣਾ ਹੁੰਦਾ
ਇਹਨਾਂ ਪੱਲੇ ਕੇਵਲ ਲਾਰੇ ਮੰਨਿਆ ਵੀ ਕਰ।

ਗੱਲੀਂ ਬਾਤੀਂ ਆਸ਼ਕ ਤਾਰੇ ਤੋੜ ਲਿਆਉਂਦੇ
ਕਿਹੜਾ ਤੋੜਨ ਜਾਂਦਾ ਤਾਰੇ ਮੰਨਿਆ ਵੀ ਕਰ।

ਇਹ ਜੋ ਲੁੱਟਾਂ ਖੋਹਾਂ ਖੂਨ ਖਰਾਬਾ ਜਗ ਤੇ
ਦੌਲਤ ਸ਼ੋਹਰਤ ਦੇ ਸਭ ਕਾਰੇ ਮੰਨਿਆ ਵੀ ਕਰ।

ਰੋਟੀ ਤਾਂ ਮਿਲ ਸਕਦੀ ਸਭਨੂੰ ਥੋੜ੍ਹੇ ਨਾਲ਼ ਹੀ
ਦੌਲਤ ਸ਼ੋਹਰਤ ਪਿੱਛੇ ਸਾਰੇ ਮੰਨਿਆ ਵੀ ਕਰ।

ਹਰਦੀਪ ਬਿਰਦੀ

9041600900

ਸਾਂਝਾ ਕਰੋ