
ਸ੍ਰੀ ਗੋਇੰਦਵਾਲ ਸਾਹਿਬ, 29 ਅਪ੍ਰੈਲ – ਜੰਮੂ ਕੱਟੜਾ ਨੈਸ਼ਨਲ ਐਕਸਪ੍ਰੈੱਸ ਹਾਈਵੇਅ ਲਈ ਐਕੁਆਇਰ ਕੀਤੀ ਜ਼ਮੀਨ ਦਾ ਕਬਜ਼ਾ ਲੈਣ ਲਈ ਅੱਜ ਪੁਲੀਸ ਪ੍ਰਸ਼ਾਸਨ ਵੱਲੋਂ ਭਾਰੀ ਫੋਰਸ ਨਾਲ ਹਲਕਾ ਖਡੂਰ ਸਾਹਿਬ ਨਾਲ ਸਬੰਧਤ ਪਿੰਡ ਵੜਿੰਗ ਸੂਬਾ ਸਿੰਘ, ਕੰਗ, ਜਹਾਂਗੀਰ, ਖਡੂਰ ਸਾਹਿਬ, ਖਵਾਸਪੁਰ ਅਤੇ ਝੰਡੇਰ ਮਹਾਂਪੁਰਖ ਵਿਖੇ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਵਿਰੋਧ ਕਰ ਰਹੇ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਉੱਥੇ ਹੀ ਇਸ ਕਾਰਵਾਈ ਦੌਰਾਨ ਪੁਲੀਸ ਵੱਲੋਂ ਕਥਿਤ ਤੌਰ ’ਤੇ ਕਿਸਾਨਾਂ ਦੀ ਖੜ੍ਹੀ ਮੱਕੀ ਦੀ ਫਸਲ ਨੂੰ ਵਾਹ ਦਿੱਤਾ ਗਿਆ ਹੈ।
ਕਾਰਵਾਈ ਦੌਰਾਨ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡ ਪੁਲੀਸ ਛਾਉਣੀ ’ਚ ਤਬਦੀਲ ਹੋਏ ਦਿਖਾਈ ਦਿੱਤੇ। ਪੁਲੀਸ ਕਾਰਵਾਈ ਦਾ ਵਿਰੋਧ ਕਰਨ ਰਹੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਦਿਆਲ ਸਿੰਘ ਮਿਆਵਿੰਡ ਅਤੇ ਹਰਬਿੰਦਰਜੀਤ ਸਿੰਘ ਨੇ ਕਿਹਾ ਕਿ ਪੁਲੀਸ ਪ੍ਰਸਾਸ਼ਨ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਪੰਜਾਬ ਸਰਕਾਰ ਨਾਲ ਰਲ ਕੇ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਕਿਸਾਨ ਦਲਬੀਰ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ ਆਦਿ ਨੇ ਕਿਹਾ ਕਿ ਕੱਟੜਾ ਐਕਸਪ੍ਰੈੱਸ ਹਾਈਵੇਅ ਲਈ ਐਕੁਆਇਰ ਜ਼ਮੀਨ ਦਾ ਸਰਕਾਰ ਵਾਜਿਬ ਮੁੱਲ ਨਹੀਂ ਦੇ ਰਹੀ ਅਤੇ ਹਾਈਵੇਅ ਲਈ ਵੰਡੀ ਗਈ ਜ਼ਮੀਨ ਸਬੰਧੀ ਕਿਸਾਨਾਂ ਨੂੰ ਲਾਂਘੇ ਲਈ ਸਰਵਿਸ ਰੋਡ ਮਹੁੱਈਆ ਨਹੀਂ ਕਰਵਾਇਆ ਜਾ ਰਿਹਾ।