May 22, 2024

ਭਾਰਤੀ ਜਲ ਸੈਨਾ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ ਤਿਆਰ ਰਹੇ

ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ. ਤ੍ਰਿਪਾਠੀ ਨੇ ਕਿਹਾ ਕਿ ਹਿੰਦ ਮਹਾਸਾਗਰ ‘ਚ ਚੀਨ ਦੀ ਆਪਣਾ ਅਸਰ ਵਧਾਉਣ ਦੀ ਕੋਸ਼ਿਸ਼ ਅਤੇ ਲਾਲ ਸਾਗਰ ‘ਚ ਸੰਵੇਦਨਸ਼ੀਲ ਸਥਿਤੀ ਦੇ ਮੱਦੇਨਜ਼ਰ ਭਾਰਤੀ ਜਲ ਸੈਨਾ ਨੂੰ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਜਲ ਸੈਨਾ ਹੈੱਡਕੁਆਰਟਰ ਵਿਖੇ ਤਾਇਨਾਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਰਣਨੀਤਕ ਸਮੁੰਦਰੀ ਖੇਤਰ ਵਿੱਚ ਮੌਜੂਦਾ ਸੁਰੱਖਿਆ ਮਾਹੌਲ ਅਤੇ ਜਲ ਸੈਨਾ ਵੱਲੋਂ ਸੰਭਾਵੀ ਕਾਰਵਾਈਆਂ ਬਾਰੇ ਡੂੰਘੀ ਦਿਲਚਸਪੀ ਲਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਜਲ ਸੈਨਾ ਦਾ ਉਦੇਸ਼ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ, ਕਿਸੇ ਵੀ ਸਮੇਂ, ਕਿਤੇ ਵੀ, ਕਿਸੇ ਵੀ ਤਰੀਕੇ ਨਾਲ ਲੜਨ ਲਈ ਤਿਆਰ ਰਹਿਣਾ ਹੈ।

ਭਾਰਤੀ ਜਲ ਸੈਨਾ ਕੌਮੀ ਸਮੁੰਦਰੀ ਹਿੱਤਾਂ ਦੀ ਰੱਖਿਆ ਲਈ ਹਰ ਸਮੇਂ ਤਿਆਰ ਰਹੇ Read More »

ਚੋਣ ਕਮਿਸ਼ਨ ਨੂੰ ਫਟਕਾਰ

  ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਹਰ ਪਾਸਿਓਂ ਸ਼ੱਕ ਦੀ ਨਿਗਾਹ ਨਾਲ ਦੇਖੀ ਜਾ ਰਹੀ ਹੈ। ਨਰਿੰਦਰ ਮੋਦੀ ਦੇ ਪ੍ਰਚਾਰ ਨੂੰ ਸੌਖਾ ਕਰਨ ਲਈ, ਚੋਣ ਪ੍ਰਕਿਰਆ ਨੂੰ ਬੇਲੋੜਾ ਲੰਮਾ ਖਿੱਚਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਭਾਜਪਾ ਆਗੂਆਂ ਦੇ ਫਿਰਕੂ ਭਾਸ਼ਣਾਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਬੇਸ਼ਰਮੀ ਦੀ ਹੱਦ ਤੱਕ ਚੁੱਪ ਵੱਟੀ ਰੱਖੀ ਹੈ। ਵੋਟਾਂ ਪੈਣ ਸਮੇਂ ਵਿਰੋਧੀ ਧਿਰਾਂ ਦੇ ਹਮੈਤੀਆਂ ਨੂੰ ਵੋਟਿੰਗ ਤੋਂ ਰੋਕਣ, ਪ੍ਰਧਾਨ ਮੰਤਰੀ ਦੀਆਂ ਰੈਲੀਆਂ ਲਈ ਸਰਕਾਰੀ ਸਾਧਨਾਂ ਦੀ ਦੁਰਵਰਤੋਂ, ਵੋਟਾਂ ਦੀ ਖਰੀਦੋ-ਫਰੋਖਤ ਤੇ ਵੋਟਿੰਗ ਮਸ਼ੀਨਾਂ ਰਾਹੀਂ ਇੱਕਪਾਸੜ ਵੋਟਿੰਗ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਵੋਟਿੰਗ ਦੇ ਸਮੇਂ ਸਿਰ ਅੰਕੜੇ ਜਾਰੀ ਨਾ ਕਰਕੇ ਚੋਣ ਕਮਿਸ਼ਨ ਨੇ ਚੋਣ ਪ੍ਰਕਿਰਿਆ ਨੂੰ ਸ਼ੱਕੀ ਬਣਾ ਦਿੱਤਾ ਹੈ। ਬਹੁਤ ਸਾਰੇ ਸ਼ਹਿਰਾਂ ਵਿੱਚ ਚੋਣ ਕਮਿਸ਼ਨ ਦੇ ਦਫ਼ਤਰਾਂ ਸਾਹਮਣੇ ਜਨਤਕ ਸੰਗਠਨਾਂ ਨੇ ਮੁਜ਼ਾਹਰੇ ਵੀ ਕੀਤੇ ਹਨ। ਦੇਸ਼-ਵਿਦੇਸ਼ ਦੇ ਮੀਡੀਆ ਵਿੱਚ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਵਿਰੁੱਧ ਖੁੱਲ੍ਹ ਕੇ ਰਿਪੋਰਟਾਂ ਛਪ ਰਹੀਆਂ ਹਨ। ਪਿਛਲੀਆਂ ਸਭ ਚੋਣਾਂ ਦੌਰਾਨ ਇਹ ਆਮ ਵਰਤਾਰਾ ਹੁੰਦਾ ਸੀ ਕਿ ਹਰ ਪੜਾਅ ਬਾਅਦ ਚੋਣ ਕਮਿਸ਼ਨਰ ਪ੍ਰੈੱਸ ਕਾਨਫ਼ਰੰਸ ਕਰਕੇ ਚੋਣ ਪ੍ਰਕਿਰਿਆ ਵਿੱਚੋਂ ਉੱਠ ਰਹੇ ਸਵਾਲਾਂ ਦਾ ਪੱਤਰਕਾਰਾਂ ਨੂੰ ਜਵਾਬ ਦਿੰਦੇ ਸਨ, ਪਰ ਇਸ ਵਾਰ ਪ੍ਰੈੱਸ ਕਾਨਫ਼ਰੰਸ ਤਾਂ ਦੂਰ, ਚੋਣ ਕਮਿਸ਼ਨ ਆਪਣੀ ਹੋ ਰਹੀ ਨੁਕਤਾਚੀਨੀ ਦਾ ਜਵਾਬ ਪ੍ਰੈੱਸ ਨੋਟ ਰਾਹੀਂ ਵੀ ਦੇਣ ਤੋਂ ਕੰਨੀ ਕਤਰਾ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਧਾਰੀ ਗਈ ਇਹ ਚੁੱਪ ਲੱਗ ਰਹੇ ਦੋਸ਼ਾਂ ਦੀ ਪੁਸ਼ਟੀ ਕਰਦੀ ਜਾਪਦੀ ਹੈ। ਇਸ ਦੌਰਾਨ ਕਲਕੱਤਾ ਹਾਈ ਕੋਰਟ ਨੇ ਬੀਤੇ ਸੋਮਵਾਰ ਕੇਂਦਰੀ ਚੋਣ ਕਮਿਸ਼ਨ ਨੂੰ ਚੰਗੀ ਤਰ੍ਹਾਂ ਫਟਕਾਰਾਂ ਪਾਈਆਂ ਹਨ। ਅਸਲ ਮੁੱਦਾ ਇਹ ਸੀ ਕਿ ਭਾਜਪਾ ਨੇ ਤਿ੍ਰਣਮੂਲ ਕਾਂਗਰਸ ਵਿਰੁੱਧ ਅਖ਼ਬਾਰਾਂ ਵਿੱਚ ਅਪਮਾਨਜਨਕ ਭਾਸ਼ਾ ਵਾਲੇ ਇਸ਼ਤਿਹਾਰ ਪ੍ਰਕਾਸ਼ਤ ਕਰਾਏ ਸਨ। ਇਕ ਇਸ਼ਤਿਹਾਰ ਦਾ ਸਿਰਲੇਖ, ‘ਤਿ੍ਰਣਮੂਲ ਭਿ੍ਰਸ਼ਟਾਚਾਰ ਦਾ ਮੁੱਖ ਕਾਰਨ’ ਤੇ ਦੂਜੇ ਦਾ ਸਿਰਲੇਖ ‘ਸਨਾਤਨ ਵਿਰੋਧੀ ਤਿ੍ਰਣਮੂਲ’ ਸੀ। ਇਨ੍ਹਾਂ ਇਸ਼ਤਿਹਾਰ ਸੰਬੰਧੀ ਤਿ੍ਰਣਮੂਲ ਕਾਂਗਰਸ ਨੇ 4 ਮਈ ਨੂੰ ਕੇਂਦਰੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਚੋਣ ਕਮਿਸ਼ਨ ਇਨ੍ਹਾਂ ਸ਼ਿਕਾਇਤਾਂ ਬਾਰੇ ਕੰਨਾਂ ਵਿੱਚ ਤੇਲ ਪਾ ਕੇ ਬੈਠਾ ਰਿਹਾ ਤੇ ਉਸ ਨੇ ਕੋਈ ਕਾਰਵਾਈ ਨਾ ਕੀਤੀ। ਇਸ ਉੱਤੇ ਤਿ੍ਰਣਮੂਲ ਕਾਂਗਰਸ ਨੇ ਕਲਕੱਤਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਦਿੱਤੀ ਸੀ। ਜਦੋਂ ਚੋਣ ਕਮਿਸ਼ਨ ਨੂੰ ਇਹ ਪਤਾ ਲੱਗਾ ਕਿ ਮਾਮਲਾ ਅਦਾਲਤ ਵਿੱਚ ਚਲਾ ਗਿਆ ਹੈ ਤਾਂ ਉਸ ਦੀ 18 ਮਈ ਨੂੰ ਜਾਗ ਖੁੱਲ੍ਹ ਗਈ । ਚੋਣ ਕਮਿਸ਼ਨ ਨੇ ਤੁਰੰਤ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੂੰ ਇਨ੍ਹਾਂ ਇਸ਼ਤਿਹਾਰ ਰਾਹੀਂ ਤਿ੍ਰਣਮੂਲ ਕਾਂਗਰਸ ਵਿਰੁੱਧ ਕੂੜ ਪ੍ਰਚਾਰ ਕਰਨ ਲਈ ਦੋ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ। ਅਦਾਲਤ ਨੇ ਆਪਣੀ ਕਾਰਵਾਈ ਦੌਰਾਨ ਕਿਹਾ ਹੈ ਕਿ ਚੋਣ ਕਮਿਸ਼ਨ ਤਿ੍ਰਣਮੂਲ ਕਾਂਗਰਸ ਦੀਆਂ ਸ਼ਿਕਾਇਤਾਂ ਉਤੇ ਕਾਰਵਾਈ ਕਰਨ ਵਿੱਚ ਅਸਫ਼ਲ ਰਿਹਾ ਹੈ। ਅਦਾਲਤ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਚੋਣ ਕਮਿਸ਼ਨ ਨੇ ਤੈਅ ਸਮੇਂ ਵਿੱਚ ਸ਼ਿਕਾਇਤਾਂ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਅਦਾਲਤ ਨੇ ਅੱਗੇ ਕਿਹਾ ਕਿ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਭਾਜਪਾ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਆਦਰਸ਼ ਚੋਣ ਜ਼ਾਬਤੇ, ਤਿ੍ਰਣਮੂਲ ਕਾਂਗਰਸ ਦੇ ਅਧਿਕਾਰ ਤੇ ਨਾਗਰਿਕਾਂ ਦੇ ਨਿਰਪੱਖ ਚੋਣ ਦੇ ਅਧਿਕਾਰ ਦੀ ਵੀ ਉਲੰਘਣਾ ਹੈ। ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ, ‘‘ਤਿ੍ਰਣਮੂਲ ਕਾਂਗਰਸ ਵਿਰੁੱਧ ਲਾਏ ਗਏ ਦੋਸ਼ ਤੇ ਪ੍ਰਕਾਸ਼ਨ ਪੂਰੀ ਤਰ੍ਹਾਂ ਅਪਮਾਨਜਨਕ ਹੈ ਅਤੇ ਸਪੱਸ਼ਟ ਤੌਰ ਉੱਤੇ ਇਸ ਦਾ ਉਦੇਸ਼ ਵਿਰੋਧੀਆਂ ਦਾ ਅਪਮਾਨ ਤੇ ਨਿੱਜੀ ਹਮਲਾ ਕਰਨਾ ਹੈ। ਇਹ ਇਸ਼ਤਿਹਾਰ ਚੋਣ ਜ਼ਾਬਤੇ ਦੀ ਉਲੰਘਣਾ ਦੇ ਨਾਲ-ਨਾਲ ਭਾਰਤ ਦੇ ਸਾਰੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਅਜ਼ਾਦ, ਨਿਰਪੱਖ ਤੇ ਬੇਦਾਗ ਚੋਣ ਪ੍ਰਕਿਰਿਆ ਲਈ ਅਗਲੇ ਹੁਕਮ ਤੱਕ ਭਾਜਪਾ ਵੱਲੋਂ ਅਜਿਹੇ ਇਸ਼ਤਿਹਾਰ ਪ੍ਰਕਾਸ਼ਤ ਕਰਨ ਉੱਤੇ ਰੋਕ ਲਾਈ ਜਾਂਦੀ ਹੈ।’’

ਚੋਣ ਕਮਿਸ਼ਨ ਨੂੰ ਫਟਕਾਰ Read More »

ਮੋਦੀ ਸਰਕਾਰ ਦਾ ਫੁੱਟਣ ਵਾਲਾ ਹੈ ਪਾਪਾਂ ਦਾ ਘੜਾ

ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ ਦਸ ਸਾਲ ਦੌਰਾਨ ਦੇਸ਼ ਦੇ ਆਮ ਲੋਕਾਂ ’ਤੇ ਜੋ ਵਧੀਕੀਆਂ ਕੀਤੀਆਂ ਹਨ, ਉਸ ਦਾ ਹਿਸਾਬ ਕਰਨ ਦਾ ਵਕਤ ਆ ਗਿਆ ਹੈ ਅਤੇ ਮੋਦੀ ਦੇ ਪਾਪਾਂ ਦਾ ਘੜਾ ਭਰ ਕੇ ਫੁਟਣ ਦੇ ਕੰਢੇ ’ਤੇ ਹੈ। ਹੁਣ ਤੱਕ ਚੋਣਾਂ ਦੇ ਪੰਜ ਗੇੜਾਂ ਤੋਂ ਮੋਦੀ ਸਰਕਾਰ ਦਾ ਜਾਣਾ ਤਹਿ ਹੈ, ਬਸ਼ਰਤੇ ਉਹ ਕੋਈ ਵੱਡੀ ਹੇਰਾ-ਫੇਰੀ ਨਾ ਕਰੇ। ਇਹ ਸ਼ਬਦ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਕਹੇ।ਲੋਕ ਸਭਾ ਹਲਕਾ ਫਰੀਦਕੋਟ ਦੇ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਦੇ ਸਾਂਝੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਦੇ ਹੱਕ ਵਿੱਚ ਪਿੰਡ ਭਾਣਾ, ਚੰਬੇਲੀ, ਕੋਟ ਸੁਖੀਆ, ਔਲਖ਼ ਅਤੇ ਰਾਜੋਵਾਲਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਅਰਸ਼ੀ ਨੇ ਕਿਹਾ ਕਿ ਜਿਵੇਂ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਨੇ ਲਾਲਚ ਜਾਂ ਦਬਾਅ ਹੇਠ ਆਪਣੀਆਂ ਵਫਾਦਾਰੀਆਂ ਬਦਲੀਆਂ ਹਨ, ਲੋਕਾਂ ਵਿਚ ਅਜਿਹੇ ਦਲਬਦਲੂ ਆਗੂਆਂ ਦਾ ਸਤਿਕਾਰ ਖ਼ਤਮ ਹੋ ਗਿਆ ਹੈ। ਇਸ ਗੰਦਲੇ ਸਿਆਸੀ ਮਾਹੌਲ ਵਿੱਚ ਸਿਰਫ ਲਾਲ ਝੰਡੇ ਵਾਲੀਆਂ ਕਮਿਊਨਿਸਟ ਪਾਰਟੀਆਂ ਹੀ ਹਨ, ਜੋ ਆਪਣੇ ਅਸੂਲਾਂ ’ਤੇ ਕਾਇਮ ਰਹਿ ਕੇ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੀਆਂ ਹਨ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਹਲਕਾ ਫਰੀਦਕੋਟ ਦੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਸੰਘਰਸ਼ਾਂ ਦੇ ਪਰਖੇ ਹੋਏ ਬੇਦਾਗ ਆਗੂ ਹਨ, ਜੋ ਵੋਟ ਦੇ ਅਸਲੀ ਹੱਕਦਾਰ ਹਨ। ਜਲਸਿਆਂ ਨੂੰ ਸੀ ਪੀ ਆਈ (ਅੱੈਮ) ਦੇ ਜ਼ਿਲ੍ਹਾ ਸਕੱਤਰ ਅਪਾਰ ਸਿੰਘ ਸੰਧੂ, ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਅਸ਼ਵਨੀ ਕੁਮਾਰ, ਸੁਖਦਰਸ਼ਨ ਸ਼ਰਮਾ ਅਤੇ ਸਿਕੰਦਰ ਸਿੰਘ ਔਲਖ ਨੇ ਵੀ ਸੰਬੋਧਨ ਕਰਦੇ ਹੋਏ ਮਾਸਟਰ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫਲ ਬਣਾਉਣ ਦੀ ਅਪੀਲ ਕੀਤੀ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਨੇ ਸਰੋਤਿਆਂ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਅਪੀਲ ਕੀਤੀ ਕਿ ਵੋਟ ਪਾਉਣ ਲੱਗਿਆਂ ਚੇਤੇ ਰੱਖਣਾ ਕਿ ਤੁਸੀਂ ਉਸ ਲਾਲ ਝੰਡੇ ਦੇ ਉਮੀਦਵਾਰ ਨੂੰ ਵੋਟ ਪਾਉਣੀ ਹੈ, ਜਿਸ ਝੰਡੇ ਦੀ ਸ਼ਾਨ ਲਈ ਕਾਮਰੇਡ ਅਮੋਲਕ, ਕਾਮਰੇਡ ਨਛੱਤਰ ਧਾਲੀਵਾਲ ਅਤੇ ਹੋਰ ਅਨੇਕਾਂ ਆਗੂਆਂ ਨੇ ਸ਼ਹੀਦੀਆਂ ਦਿੱਤੀਆਂ ਹਨ। ਮਾਸਟਰ ਗੁਰਚਰਨ ਸਿੰਘ ਮਾਨ ਨੇ ਸਭ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀਆਂ ਆਸਾਂ, ਉਮੀਦਾਂ ਅਤੇ ਭਰੋਸੇ ’ਤੇ ਖਰਾ ਉਤਰਨ ਦਾ ਵਾਅਦਾ ਕੀਤਾ। ਉਨ੍ਹਾ ਦੱਸਿਆ ਕਿ ਕਮਿਊਨਿਸਟ ਪਾਰਟੀਆਂ ਲੋਕਾਂ ਨੂੰ ਧਰਮਾਂ ਦੇ ਨਾਂਅ ’ਤੇ ਆਪਸ ਵਿੱਚ ਲੜਾਉਣ ਨੂੰ ਸਭ ਤੋਂ ਘਟੀਆ ਸਮਝਦੀਆਂ ਹਨ ਅਤੇ ਸਿਰਫ ਹੱਕ, ਸੱਚ ਅਤੇ ਇਨਸਾਫ ਦੀ ਲੜਾਈ ਵਿੱਚ ਵਿਸ਼ਵਾਸ ਰੱਖਦੀਆਂ ਹਨ। ਇਸ ਮੌਕੇ ਚਰਨਜੀਤ ਸਿੰਘ ਚੰਬੇਲੀ, ਮੁਖਤਿਆਰ ਸਿੰਘ ਭਾਣਾ, ਭੋਲਾ ਸਿੰਘ, ਚਮਕੌਰ ਸਿੰਘ ਕੋਟ ਸੁਖੀਆ, ਵੀਰ ਸਿੰਘ ਕੰਮੇਆਣਾ ਤੇ ਠਾਕਰ ਸਿੰਘ ਵੀ ਹਾਜ਼ਰ ਸਨ।

ਮੋਦੀ ਸਰਕਾਰ ਦਾ ਫੁੱਟਣ ਵਾਲਾ ਹੈ ਪਾਪਾਂ ਦਾ ਘੜਾ Read More »

ਕਵਿਤਾ/ਪਤਾ ਨਹੀਂ ਕਿਉਂ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ

ਜਿਸ ਦਿਨ ਦੀ ਨਵੀਂ ਮੰਡਲੀ ਅਪਨਾਈ ਹੈ, ਭ੍ਰਿਸ਼ਟ ਜ਼ਮੀਰ ਦੀ ਬੋਲੀ ਲਗਾਈ ਹੈ, ਧੋਤੀ ਦੁਪੱਟਾ ਟੋਪੀ ਪਗੜੀ ਵਟਾਈ ਹੈ, ਨੀਲੇ ਮੱਟ ਵਿਚ ਡਿੱਗੇ ਗਿੱਦੜ ਵਾਕਰ ਰੰਗ ਸ਼ਕਲ ਕਾਇਆ ਕਲਪ ਕਰਾਈ ਹੈ, ਸਰਕਾਰੀ ਸਿਫ਼ਤ ਵਿਚ ਰਾਗਣੀ ਗਾਈ ਹੈ, ਕਾਲੇ ਕਰਮਾਂ ਤੇ ਚਿੱਟੀ ਚਾਦਰ ਚੜ੍ਹਾਈ ਹੈ, ਈ. ਡੀ. ਜਾਂਚ ਪੜਤਾਲ ਤੋਂ ਖੱਲ ਬਚਾਈ ਹੈ, ਕਾਂ ਘੂਕੜੇ ਵਾਹੀ ਫੱਟੀ ਤੇ ਗਾਚਨੀ ਲਗਾਈ ਹੈ, ਸੱਤਾ ਪਿੱਛੇ ਨੈਤਿਕ ਸੰਗ ਸ਼ਰਮ ਛਿੱਕੇ ਟੰਗਦੇ ਨੇ, ‘ਦਲ ਬਦਲੂ ਮਾਂ ਬਦਲੂ’ ਟਾਂਚਦੇ ਫ਼ਰੀਕ ਖੰਘਦੇ ਨੇ, ਜਾਗਰੂਕ ਲੋਕ, ਸਵਾਲ ਪੁੱਛਦੇ ਨੇ ਹਿਸਾਬ ਮੰਗਦੇ ਨੇ, ਉਹ ਵੋਟਰਾਂ ਕੋਲ ਜਾਣੋ ਸੰਗਦੇ, ਓਪਰੇ ਜਿਉਂ ਮੁਸਾਫ਼ਰ ਝੰਗਦੇ ਨੇ। ਪਤਾ ਨਹੀਂ ਕਿਉਂ! ਪਤਾ ਨਹੀਂ ਕਿਉਂ! (ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ)

ਕਵਿਤਾ/ਪਤਾ ਨਹੀਂ ਕਿਉਂ/ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ Read More »